ਜਸਪਾਲ ਭੱਟੀ: ਜਾਣ ਵਾਲਿਆ ਤੇਰੀ ਸੋਚ ਨੂੰ ਸਲਾਮ

-ਸਵਰਨ ਸਿੰਘ ਟਹਿਣਾ
ਫੋਨ: 91-98141-78883
ਇਹ ਦੂਜੀ ਵਾਰ ਹੋਇਆ ਹੈ ਕਿ ਕਿਸੇ ਕਲਾਕਾਰ ਨੂੰ ਮਿਲਣ ਦੀ ਰੀਝ ਹੋਵੇæææਅੱਜ-ਕੱਲ੍ਹ, ਅੱਜ-ਕੱਲ੍ਹ ਕਰਦਿਆਂ ਵੇਲ਼ਾ ਖੁੰਝਦਾ ਰਹੇ ਤੇ ਅਚਾਨਕ ਖ਼ਬਰ ਆ ਮਿਲੇ ਕਿ ਉਹ ਇਸ ਜਹਾਨ ‘ਤੇ ਨਹੀਂ ਰਿਹਾ। ਮੈਂ ਤੇ ਮੇਰੇ ਅਜ਼ੀਜ਼ ਦੋਸਤ ਦੀਪਕ ਬਾਲੀ ਨੇ ਕਈ ਵਾਰ ਕੁਲਦੀਪ ਪਾਰਸ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣਾਇਆ ਪਰ ਰੁਝੇਵਿਆਂ ਕਾਰਨ ‘ਅਗਲੇ ਹਫ਼ਤੇ, ਅਗਲੇ ਹਫ਼ਤੇ’ ਕਰਦਿਆਂ ਕਾਲਜਾ ਵਲੂੰਧਰਨ ਵਾਲੀ ਖ਼ਬਰ ਆ ਗਈ ਕਿ ਉਹ ਤਾਂ ਮੌਤ ਦੀ ਬੁੱਕਲ ‘ਚ ਸਮਾ ਗਏ ਨੇ। ਬੇਹਦ ਦੁਖ ਹੋਇਆ।
ਹੁਣ ਜਦੋਂ ‘ਪਾਵਰ ਕੱਟ’ ਰਿਲੀਜ਼ ਹੋਣ ਤੋਂ ਦੋ ਕੁ ਦਿਨ ਪਹਿਲਾਂ ਮਨ ਬਣਾਇਆ ਕਿ ਜਸਪਾਲ ਭੱਟੀ ਨੂੰ ਫੋਨ ਕਰਕੇ ਫ਼ਿਲਮ ਬਾਰੇ ਜਾਣਕਾਰੀ ਲਵਾਂਗਾ ਤੇ ਬਿਜਲੀ ਕੱਟਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਮਜ਼ਾਹੀਆ ਢੰਗ ਨਾਲ ਪੇਸ਼ ਕਰਦੀ ਇਸ ਫ਼ਿਲਮ ਬਾਰੇ ਕੁਝ ਲਿਖਾਂਗਾ ਤਾਂ ਅਗਲੀ ਸਵੇਰ ਚੈਨਲਾਂ ‘ਤੇ ਖ਼ਬਰਾਂ ਦਿਸਣ ਲੱਗੀਆਂ ਕਿ ‘ਵਿਅੰਗ ਦੇ ਬਾਦਸ਼ਾਹ ਜਸਪਾਲ ਭੱਟੀ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਏæææ।’ ਖ਼ਬਰ ਜਿਉਂ-ਜਿਉਂ ਅੱਗੇ ਵਧ ਰਹੀ ਸੀ, ਸੁਣਨ ਵਾਲਾ ਸੁੰਨ ਹੁੰਦਾ ਜਾਂਦਾ। ਲੋਕ ਦੱਸਦੇ ਨੇ ਕਿ ਜਿਉਂ ਹੀ ਪਹੁ ਫੁਟਾਲੇ ਮੌਕੇ ਖ਼ਬਰ ਮਿਲਣੀ ਸ਼ੁਰੂ ਹੋਈ ਤਾਂ ਕਿਸੇ ਨੂੰ ਇਸ ਦੇ ਸੱਚ ਹੋਣ ‘ਤੇ ਯਕੀਨ ਨਾ ਆਇਆ। ਪਰ ਜਿਵੇਂ-ਜਿਵੇਂ ਖ਼ਬਰ ਦੀ ਪੁਸ਼ਟੀ ਹੁੰਦੀ ਗਈ ਤਾਂ ਚਾਹ ਦੀ ਘੁੱਟ ਵੀ ਅੰਦਰ ਨਾ ਲੰਘੀ, ਯਕੀਨ ਨਹੀਂ ਸੀ ਆ ਰਿਹਾ ਕਿ ਭੱਟੀ ਵਰਗੇ ਫ਼ਨਕਾਰ ਦਾ ਅਚਾਨਕ ਇੰਜ ਵਿਛੋੜਾ ਪੈ ਸਕਦੈ।
ਜੇ ਪ੍ਰਧਾਨ ਮੰਤਰੀ ਤੋਂ ਲੈ ਕੇ ਰਿਕਸ਼ਾ ਚਾਲਕ ਤੱਕ ਸਭ ਨੇ ਜਸਪਾਲ ਭੱਟੀ ਦੀ ਮੌਤ ‘ਤੇ ਇੱਕੋ ਜਿੰਨਾ ਦੁੱਖ ਪ੍ਰਗਟਾਇਆ ਹੈ, ਤਾਂ ਇਸ ਦਾ ਇੱਕੋ ਕਾਰਨ ਹੈ ਕਿ ਉਹ ਆਪਣੇ ਫ਼ਨ ਵਿਚ ਮਾਹਿਰ ਸੀ ਤੇ ਉਸ ਨੇ ਆਪਣੀ ਕਲਾ ਜ਼ਰੀਏ ਇਕ ਨੁਕਾਤੀ ਮਿਸ਼ਨ ਪੈਸਾ ਕਮਾਉਣਾ ਨਹੀਂ ਰੱਖਿਆ, ਸਗੋਂ ਸਮਾਜਿਕ ਮਸਲਿਆਂ ਪ੍ਰਤੀ ਵੀ ਪੂਰਾ ਜੀਵਨ ਬਣਦਾ-ਸਰਦਾ ਜ਼ਿੰਮਾ ਨਿਭਾਇਆ। ਮੇਰੀ ਜਾਚੇ ਉਹ ਪਹਿਲਾ ਅਜਿਹਾ ਕਾਮੇਡੀਅਨ ਹੋ ਨਿੱਬੜਿਆ, ਜਿਸ ਨੇ ਇਸ ਵਿਧਾ ਨੂੰ ਪੜ੍ਹੇ-ਲਿਖੇ ਤੇ ਵੱਡੇ ਸ਼ਹਿਰਾਂ ਵਿਚ ਵਸਦੇ ਲੋਕਾਂ ਤੱਕ ਵੀ ਅੱਪੜਦਾ ਕੀਤਾ, ਕਿਉਂਕਿ ਲੰਮਾ ਸਮਾਂ ਕਾਮੇਡੀ ਕਲਾਕਾਰ ਪੈਰੋਡੀ ਕਲਾਕਾਰ ਵਜੋਂ ਵਿਚਰਦੇ ਰਹੇ। ਤਰ੍ਹਾਂ-ਤਰ੍ਹਾਂ ਦੇ ਚਿਹਰੇ ਬਣਾ ਕੇ ਤੇ ਅਵਾਜ਼ਾਂ ਕੱਢ ਕੇ ਉਹ ਦੇਹਾਤੀ ਲੋਕਾਂ ਨੂੰ ਤਾਂ ਹਸਾਉਂਦੇ ਰਹੇ, ਪਰ ਉਚ ਵਰਗ ਦੇ ਲੋਕਾਂ ਨੂੰ ਇਨ੍ਹਾਂ ਕਲਾਕਾਰਾਂ ਦੀਆਂ ਗੱਲਾਂ ‘ਚੋਂ ਬਹੁਤਾ ਹਾਸਾ ਨਹੀਂ ਸੀ ਲੱਭਦਾ। ਭੱਟੀ ਨੇ ਪੇਂਡੂ, ਸ਼ਹਿਰੀ ਤੇ ਮੈਟਰੋ ਖੇਤਰਾਂ ਨਾਲ ਜੁੜੇ ਲੋਕਾਂ ਦੇ ਦਿਲਾਂ ਤੱਕ ਇਕੋ ਜਿੰਨੀ ਪਹੁੰਚ ਕੀਤੀ, ਜਿਸ ਕਰਕੇ ਉਹ ਸਭ ਵਰਗਾਂ ਦਾ ਇਕੋ ਜਿੰਨਾ ਮਹਿਬੂਬ ਕਲਾਕਾਰ ਸਾਬਤ ਹੋਇਆ।
ਜਸਪਾਲ ਭੱਟੀ ਜਨਮਜਾਤ ਕਲਾਕਾਰ ਸੀ। ਸਕਰਿਪਟ ਲਿਖਣ, ਅਦਾਕਾਰੀ ਤੇ ਨਿਰਦੇਸ਼ਨ ਦਾ ਢੰਗ ਉਸ ਨੂੰ ਬਾਖੂਬੀ ਆਉਂਦਾ ਸੀ। ਸਮੇਂ ਦੀ ਹਾਲ ਬਿਆਨੀ ਵਾਲੇ ਮਸ਼ਕੂਲਿਆਂ ਕਰਕੇ ਉਹ ਲੋਕਾਂ ਨੂੰ ਹਸਾ ਛੱਡਦਾ ਤੇ ਹਾਲ ਬਿਆਨੀ ਦੇ ਕਾਰਨ ਗਿਣਾ ਕੇ ਲੋਕਾਂ ਨੂੰ ਰੁਆ ਦਿੰਦਾ। ਸੀਰੀਅਲਾਂ, ਪੰਜਾਬੀ-ਹਿੰਦੀ ਫ਼ਿਲਮਾਂ, ਟੀæਵੀæ ਸ਼ੋਆਂ ਤੇ ਨੁੱਕੜ ਨਾਟਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਮੌਕੇ ਉਸ ਨੇ ਆਪਣੇ ਕੰਮ ਅਤੇ ਸਿੱਖੀ ਸਰੂਪ ਨਾਲ ਕਦੇ ਸਮਝੌਤਾ ਨਾ ਕੀਤਾ।
ਪਿਛਲੇ ਸਾਲ ਜਸਪਾਲ ਭੱਟੀ ਜਦੋਂ ਕੈਨੇਡਾ ਆਪਣੀ ਨਾਟਕ ਮੰਡਲੀ ਲੈ ਕੇ ਗਿਆ ਤਾਂ ਕਈ ਰੇਡੀਓ ਸੰਚਾਲਕਾਂ ਨੂੰ ਉਸ ਨੇ ਦੱਸਿਆ ਸੀ ਕਿ ਮੈਨੂੰ ਦੋ ਗੱਲਾਂ ‘ਤੇ ਸਭ ਤੋਂ ਵੱਧ ਮਾਣ ਹੈ। ਪਹਿਲਾ ਇਸ ‘ਤੇ ਕਿ ਮੈਂ ਪੰਜਾਬੀ ਹਾਂ ਤੇ ਦੂਜਾ ਇਸ ‘ਤੇ ਕਿ ਮੈਂ ਸਿੱਖ ਹਾਂ।
ਜਸਪਾਲ ਭੱਟੀ ਹਰ ਖੇਤਰ ਵਿਚ ਕੁਝ ਨਵਾਂ ਕਰਨ ਦੇ ਸਮਰੱਥ ਸੀ, ਭਾਵੇਂ ਅਖ਼ਬਾਰਾਂ ਲਈ ਕਾਰਟੂਨ ਬਣਾਉਣ ਤੇ ਭਾਵੇਂ ਅਦਾਕਾਰੀ ਦਾ ਹੋਵੇ। ਉਸ ਨੂੰ ਨਵੀਂ ਪੀੜ੍ਹੀ ਦੀ ਪਸੰਦ ਦਾ ਪੂਰਾ ਖਿਆਲ ਸੀ। ਉਹ ਹਮੇਸ਼ਾ ਭਖਦੇ ਮੁੱਦਿਆਂ ਨੂੰ ਵਿਅੰਗ ਦਾ ਆਧਾਰ ਬਣਾਉਂਦਾ। ਜਦੋਂ ਕੇਂਦਰ ਦੇ ਕਿਸੇ ਮੰਤਰੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਤਾਂ ਉਹ ਆਪਣੇ ਵੱਖਰੇ ਢੰਗ ਨਾਲ ਚੇਤਨਾ ਮਾਰਚ ਕੱਢਦਾ ਤੇ ਬੈਨਰਾਂ ‘ਤੇ ਲਿਖਿਆ ਹੁੰਦਾ, ‘ਭ੍ਰਿਸ਼ਟਾਚਾਰ ਮਹਾਰਾਜ ਦੀ ਜੈ ਹੋਵੇ।’ ਜੇ ਪਿਆਜ਼ ਦੀਆਂ ਕੀਮਤਾਂ ਸਿਖਰ ਛੂੰਹਦੀਆਂ ਤਾਂ ਉਹ ਚੰਡੀਗੜ੍ਹ ਦੀਆਂ ਸੜਕਾਂ ‘ਤੇ ਆਪਣੀ ਮੰਡਲੀ ਨਾਲ ਲੋਕਾਂ ਨੂੰ ਪਿਆਜ਼ ਤੋਹਫ਼ੇ ਵਜੋਂ ਦਿੰਦਾ। ਜੇ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਤਾਂ ਲੋਕਾਂ ਨੂੰ ਆਖਦਾ ਕਿ ਤੁਸੀਂ ਆਪਣੇ ਸੱਜਣਾਂ-ਸਨੇਹੀਆਂ ਨੂੰ ਯਾਦਗਾਰੀ ਦਿਨਾਂ ‘ਤੇ ਸਿਲੰਡਰ ਕੁਨੈਕਸ਼ਨ ਦੇ ਦਿਆ ਕਰੋ। ਉਹ ਹਰ ਲੋਕ ਮੁੱਦੇ ‘ਤੇ ਆਪਣੇ ਨਿਵੇਕਲੇ ਕਾਟਵੇਂ ਢੰਗ ਨਾਲ ਵਿਅੰਗ ਕੱਸਦਾ।
ਜਸਪਾਲ ਭੱਟੀ ਦੀ ਪੰਜਾਬੀ ਫ਼ਿਲਮ ‘ਮਾਹੌਲ ਠੀਕ ਹੈ’ ਨੇ ਪੰਜਾਬੀ ਸਿਨੇਮੇ ਦਾ ਨਵੇਂ ਸਿਰਿਓਂ ਮਾਰਗ ਦਰਸ਼ਨ ਕੀਤਾ। ਜੱਟਾਂ ਤੇ ਵੱਟ-ਬੰਨ੍ਹਿਆਂ ਦੁਆਲੇ ਘੁੰਮਦੀਆਂ ਫ਼ਿਲਮਾਂ ਦੇ ਦੌਰ ਵਿਚ ‘ਮਾਹੌਲ ਠੀਕ ਹੈ’ ਨੇ ਪਿਆਰ ਤੇ ਵਪਾਰ ਪੱਖੋਂ ਅਜਿਹਾ ਮਾਅਰਕਾ ਮਾਰਿਆ ਕਿ ਚੰਗੇ-ਚੰਗੇ ਫ਼ਿਲਮ ਨਿਰਮਾਤਾਵਾਂ ਨੂੰ ਸੋਚਣਾ ਪਿਆ ਕਿ ਜੇ ਕਹਾਣੀ ਚੰਗੀ ਹੋਵੇ, ਅਦਾਕਾਰੀ ਚੰਗੀ ਹੋਵੇ ਤਾਂ ਪੰਜਾਬੀ ਫ਼ਿਲਮਾਂ ਨੂੰ ਕਾਮਯਾਬ ਹੋਣੋਂ ਕੋਈ ਨਹੀਂ ਰੋਕ ਸਕਦਾ।
ਇਹ ਜਸਪਾਲ ਭੱਟੀ ਦੀ ਕਾਬਲੀਅਤ ਹੀ ਸੀ ਕਿ ਸੁਪਨਿਆਂ ਦੀ ਦੁਨੀਆਂ ਮੁੰਬਈ ਮਹਾਂਨਗਰੀ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਤੇ ਵੱਡੇ-ਵੱਡੇ ਸਿਤਾਰਿਆਂ ਨਾਲ ਕਈ ਹਿੰਦੀ ਫ਼ਿਲਮਾਂ ਵਿਚ ਉਸ ਦੀ ਅਦਾਕਾਰੀ ਨੇ ਸਭ ਨੂੰ ਪ੍ਰਭਾਵਤ ਕੀਤਾ। ਬਾਲੀਵੁੱਡ ਦਾ ਰੰਗ ਆਮ ਤੌਰ ‘ਤੇ ਕਲਾਕਾਰਾਂ ਨੂੰ ਜ਼ਮੀਨ ਨਾਲੋਂ ਤੋੜ ਛੱਡਦਾ ਹੈ, ਪਰ ਭੱਟੀ ਨੇ ਪੰਜਾਬ ਤੇ ਪੰਜਾਬੀਅਤ ਨੂੰ ਕਦੇ ਦਿਲੋ-ਦਿਮਾਗ਼ ‘ਚੋਂ ਨਾ ਕੱਢਿਆ ਤੇ ਉਥੋਂ ਵਿਹਲਾ ਹੋਣ ਸਾਰ ਉਹ ਮੁੜ ਪੰਜਾਬੀ ਫ਼ਿਲਮਾਂ, ਸੀਰੀਅਲਾਂ ਜਾਂ ਹੋਰ ਸਮਾਜਿਕ ਮੁੱਦਿਆਂ ਬਾਰੇ ਚਿੰਤਨ ਕਰਨ ਲੱਗ ਜਾਂਦਾ।
‘ਕਾਲਾ ਸਾਮਰਾਜ’, ‘ਜਾਨਮ ਸਮਝਾ ਕਰੋ’, ‘ਆ ਅਬ ਲੌਟ ਚਲੇਂ’, ‘ਕਾਰਤੂਸ’, ‘ਖੌਫ਼’, ‘ਹਮਾਰਾ ਦਿਲ ਆਪਕੇ ਪਾਸ ਹੈ’, ‘ਸ਼ਕਤੀ: ਦ ਪਾਵਰ’, ‘ਜਾਨੀ ਦੁਸ਼ਮਣ’, ‘ਕੋਈ ਮੇਰੇ ਦਿਲ ਸੇ ਪੂਛੇ’, ‘ਕੁਛ ਨਾ ਕਹੋ’, ‘ਕੁਛ ਮੀਠਾ ਹੋ ਜਾਏ’, ‘ਮੌਸਮ’, ‘ਏਕ: ਦ ਪਾਵਰ ਆਫ਼ ਵੰਨ’ ਹਿੰਦੀ ਫ਼ਿਲਮਾਂ ਸਮੇਤ ‘ਮਾਹੌਲ ਠੀਕ ਹੈ’, ‘ਜੀਜਾ ਜੀ’, ‘ਨਲਾਇਕ’, ‘ਚੱਕ ਦੇ ਫੱਟੇ’, ‘ਪਾਵਰ ਕੱਟ’ ਸਮੇਤ ਕਈ ਹੋਰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਜਸਪਾਲ ਭੱਟੀ ਨੇ ‘ਉਲਟਾ ਪੁਲਟਾ’, ‘ਫ਼ਲਾਪ ਸ਼ੋਅ’, ‘ਫੁੱਲ ਟੈਨਸ਼ਨ’, ‘ਥੈਂਕ ਯੂ ਜੀਜਾ ਜੀ’, ‘ਹਾਏ ਜ਼ਿੰਦਗੀ, ਬਾਏ ਜ਼ਿੰਦਗੀ’ ਵਿਚ ਆਪਣੀ ਦਮਦਾਰ ਅਦਾਕਾਰੀ ਦਾ ਅਜਿਹਾ ਜਲਵਾ ਦਿਖਾਇਆ ਕਿ ਗ਼ੈਰ ਪੰਜਾਬੀ ਲੋਕਾਂ ਨੂੰ ਵੀ ਉਸ ਦੇ ਸਰੂਪ ਅਤੇ ਅਦਾਇਗੀ ‘ਤੇ ਬੇਹੱਦ ਮਾਣ ਹੋਇਆ।
1955 ਦੀ 3 ਮਾਰਚ ਨੂੰ ਜਨਮੇ ਭੱਟੀ ਦੀ ਆਖਰੀ ਫ਼ਿਲਮ ‘ਪਾਵਰ ਕੱਟ’ ਨੂੰ ਦੇਖਣ ਸਿਨੇਮਾ ਘਰਾਂ ਵਿਚ ਗਏ ਲੋਕਾਂ ਦੀਆਂ ਗਿੱਲੀਆਂ ਅੱਖਾਂ ਇਸ ਗੱਲ ਦੀਆਂ ਗਵਾਹ ਬਣੀਆਂ ਕਿ ਉਹ ਆਮ ਲੋਕਾਂ ਲਈ ਕਲਾਕਾਰ ਨਹੀਂ, ਸਗੋਂ ਘਰ ਦਾ ਮੈਂਬਰ ਹੀ ਸੀ। ‘ਪਾਵਰ ਕੱਟ’ ਦੀ ਪ੍ਰਮੋਸ਼ਨ ਮੌਕੇ ਮੌਤ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਪੁੱਤਰ ਜਸਰਾਜ ਭੱਟੀ, ਫ਼ਿਲਮ ਦੀ ਹੀਰੋਇਨ ਤੇ ਮੈਨੇਜਰ ਨਾਲ ਬਠਿੰਡੇ ਪ੍ਰਮੋਸ਼ਨ ਕਰਨ ਲਈ ਪਹੁੰਚਿਆ। ਭੱਟੀ ਦਾ ਤਰਕ ਸੀ ਕਿ ਸਾਡੀ ਫ਼ਿਲਮ ਬਿਜਲੀ ਨਾਲ ਜੁੜੀਆਂ ਸਮੱਸਿਆਵਾਂ ‘ਤੇ ਆਧਾਰਤ ਹੈ, ਏਸੇ ਕਰਕੇ ਉਹ ਥਰਮਲ ਪਲਾਂਟ ਨੂੰ ਮੱਥਾ ਟੇਕਣ ਆਏ ਨੇ ਕਿ ਇਹ ਗਰਮੀਆਂ ਦੇ ਮਹੀਨਿਆਂ ਵਿਚ ਲੋਕਾਂ ‘ਤੇ ਕ੍ਰਿਪਾ ਕਰਿਆ ਕਰੇ, ਕਿਉਂਕਿ ਲੋਕਾਂ ਨੂੰ ਰੱਬ ਨਾਲੋਂ ਵੱਧ ਯਕੀਨ ਗਰਮੀਆਂ ਮੌਕੇ ਇਹਦੇ ‘ਤੇ ਹੀ ਹੁੰਦਾ ਏ।
ਦੁਸਹਿਰੇ ਵਾਲਾ ਦਿਨ ਹੋਣ ਕਰਕੇ ਭੱਟੀ ਆਪਣੀ ਟੀਮ ਸਮੇਤ ਇੱਕ-ਦੋ ਉਨ੍ਹਾਂ ਥਾਂਵਾਂ ‘ਤੇ ਗਿਆ, ਜਿੱਥੇ ਦੁਸਹਿਰਾ ਮਨਾਇਆ ਜਾ ਰਿਹਾ ਸੀ ਤੇ ਬਿਨਾਂ ਕੋਈ ਅਗਾਊਂ ਸੂਚਨਾ ਦਿੱਤਿਆਂ ਜਦੋਂ ਭੱਟੀ ਅਚਾਨਕ ਭੀੜ ਮੂਹਰੇ ਆਇਆ ਤਾਂ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਸਭ ਨੂੰ ਹੈਰਾਨ ਕਰਕੇ ਜਦੋਂ ਉਹ ਅਗਲੇ ਦਿਨ ਜਲੰਧਰ ਪ੍ਰੈਸ ਕਾਨਫਰੰਸ ਕਰਨ ਲਈ ਅੱਧੀ ਰਾਤ ਤੋਂ ਬਾਅਦ ਟੀਮ ਸਮੇਤ ਸਫ਼ਰ ਕਰ ਰਿਹਾ ਸੀ ਤਾਂ ਹਾਦਸੇ ਨੇ ਭੱਟੀ ਦੀ ਜਾਨ ਲੈ ਲਈ।
ਭੱਟੀ ਸਾਡੇ ਦਰਮਿਆਨ ਨਹੀਂ ਰਿਹਾ, ਪਰ ਉਸ ਦੀਆਂ ਯਾਦਾਂ ਸਦਾ ਸਾਡੇ ਅੰਗ-ਸੰਗ ਰਹਿਣਗੀਆਂ। ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਉਭਾਰਨ ਵਾਲੀ ਉਸ ਦੀ ਅਦਾ ਨੂੰ ਕਦੇ ਨਹੀਂ ਭੁੱਲਿਆ ਜਾ ਸਕੇਗਾ। ਭੱਟੀ ਸਿਰਫ਼ ਪੰਜਾਬ ਦਾ ਨਹੀਂ, ਸਗੋਂ ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਦੇ ਪੰਜਾਬੀਆਂ ਤੇ ਗ਼ੈਰ ਪੰਜਾਬੀਆਂ ਦਾ ਵੀ ਮਾਣ ਸੀ। ਉਮੀਦ ਹੈ, ਪੁੱਤਰ ਜਸਰਾਜ ਭੱਟੀ ਆਪਣੇ ਪਿਤਾ ਦੀ ਕਲਾ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੇਗਾ, ਪਤਨੀ ਸਵਿਤਾ ਭੱਟੀ ਤੇ ਧੀ ਇਸ ਗ਼ਮ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੀਆਂ ਤਾਂ ਹੀ ਜ਼ਿੰਦਗੀ ਦਾ ਅਗਲੇਰਾ ਸਫ਼ਰ ਤੈਅ ਹੋ ਸਕੇਗਾ।

Be the first to comment

Leave a Reply

Your email address will not be published.