ਹਰਜਿੰਦਰ ਦੁਸਾਂਝ
ਆਉਂਦੇ ਮੰਗਲਵਾਰ ਪਤਾ ਲੱਗ ਜਾਵੇਗਾ ਕਿ ਅਮਰੀਕੀ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਹੈ। ਤਾਜ਼ੇ ਸਰਵੇਖਣਾਂ ਅਨੁਸਾਰ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਸਥਿਤੀ ਮੁੜ ਸੁਧਾਰਦਾ ਨਜ਼ਰ ਆਉਂਦਾ ਹੈ। ਰਿਪਬਲੀਕਨ ਪਾਰਟੀ ਓਬਾਮਾ ਦਾ ਰਾਹ ਡੱਕਣ ਲਈ ਪਿਛਲੇ ਚਾਰ ਸਾਲ ਤੋਂ ਉਸ ਉਤੇ ਦੋਸ਼ ਲਾ ਰਹੀ ਹੈ ਕਿ ਓਬਾਮਾ ਪੱਕਾ ਮਾਰਕਸਵਾਦੀ ਹੈ। ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਓਬਾਮਾ ਟੇਢੇ ਢੰਗ ਨਾਲ ਆਪਣਾ ਕਮਿਊਨਿਸਟ ਪ੍ਰੋਗਰਾਮ ਲਾਗੂ ਕਰ ਰਿਹਾ ਹੈ। ਓਬਾਮਾ ਇਸ ਨੂੰ ਨਕਾਰਦੇ ਰਹੇ ਹਨ ਅਤੇ ਨਾਲ ਹੀ ਕਹਿੰਦੇ ਰਹੇ ਹਨ ਕਿ ਉਨ੍ਹਾਂ ਦਾ ਕੋਈ ਲੁਕਵਾਂ ਏਜੰਡਾ ਨਹੀਂ, ਉਹ ਲੋਕ-ਪੱਖੀ ਹਨ ਤੇ ਆਮ ਆਵਾਮ ਦੇ ਭਲੇ ਲਈ ਸੋਚਦੇ ਹਨ; ਇਹੋ ਉਨ੍ਹਾਂ ਦਾ ਏਜੰਡਾ ਹੈ ਅਤੇ ਉਹ ਜਨਤਕ ਤੌਰ ‘ਤੇ ਫੈਸਲੇ ਤੇ ਕੰਮ ਕਰੇ ਰਹੇ ਹਨ।
ਯਾਦ ਰਹੇ ਕਿ ਅਮਰੀਕਾ ਵਿਚ ਜਨਤਕ ਤੌਰ ‘ਤੇ 68 ਰਜਿਸਟਰਡ ਕਮਿਊਨਿਸਟ ਗਰੁਪ ਹਨ, ਪਰ ਇਨ੍ਹਾਂ ਵਿਚੋਂ ਕਿਸੇ ਵੀ ਧੜੇ ਨੇ ਰਾਸ਼ਟਰਪਤੀ ਨੂੰ ਮਾਰਕਸਵਾਦੀ ਨਹੀਂ ਮੰਨਿਆ ਹੈ। ਅਮਰੀਕਾ ਦੀ ਸਭ ਤੋਂ ਵੱਡੀ ਮਾਰਕਸੀ ਪਾਰਟੀ ‘ਕਮਿਊਨਿਸਟ ਪਾਰਟੀ ਆਫ ਯੂæਐਸ਼ਏæ’ ਨੇ ਓਬਾਮਾ ਲਈ ਆਲੋਚਨਾਤਮਕ ਬਿਆਨ ਜਾਰੀ ਕਰ ਕੇ ਓਬਾਮਾ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਸੈਮ ਵੈਬ ਨੇ ਆਖਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੋ-ਪਾਰਟੀ ਪ੍ਰਬੰਧ ਦੇ ਖ਼ਿਲਾਫ਼ ਹੈ ਅਤੇ ਦੋਹਾਂ ਵੱਡੀਆਂ ਪਾਰਟੀਆਂ ਨੂੰ ਸਰਮਾਏ ਵਾਲੀਆਂ ਪਾਰਟੀਆਂ ਮੰਨਦੀ ਹੈ। ਜੇ ਦੋਵਾਂ ਵਿਚੋਂ ਇਕ ਦੀ ਚੋਣ ਕਰਨੀ ਹੋਵੇ ਤਾਂ ਉਨ੍ਹਾਂ ਦੀ ਪਾਰਟੀ ਓਬਾਮਾ ਅਤੇ ਡੈਮੋਕ੍ਰੇਟਿਕ ਪਾਰਟੀ ਨੂੰ ਪਹਿਲ ਦੇਵੇਗੀ। ਕਮਿਊਨਿਸਟ ਪਾਰਟੀ ਵੱਲੋਂ ਓਬਾਮਾ ਦੀ ਸਹਾਇਤਾ ਕਰਨ ਦੇ ਐਲਾਨ ਨਾਲ ਕਈ ਦੂਜੇ ਕਮਿਊਨਿਸਟ ਗਰੁਪ ਅਤੇ ਉਨ੍ਹਾਂ ਦੀ ਪਾਰਟੀ ਦੇ ਕਈ ਮੈਂਬਰ ਇਸ ਤੋਂ ਨਾਰਾਜ਼ ਹਨ।
ਕਾਮਰੇਡ ਸੈਮ ਵੈਬ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਜੇ ਵਰਕਿੰਗ ਕਲਾਸ ਦਾ ਥੋੜ੍ਹਾ ਭਲਾ ਹੋ ਸਕਦਾ ਤਾਂ ਓਬਾਮਾ ਦੀ ਮਦਦ ਕਰਨ ਵਿਚ ਕੋਈ ਹੱਤਕ ਜਾਂ ਘਾਟਾ ਨਹੀਂ। ਇਸ ਲਈ ਕਮਿਊਨਿਸਟ ਪਾਰਟੀ ਦੀ ਕਾਂਗਰਸ ਨੇ ਓਬਾਮਾ ਤੇ ਡੈਮੋਕ੍ਰੇਟਿਕ ਪਾਰਟੀ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਇਤਿਹਾਸਕ ਹੈ। ਡੈਮੋਕ੍ਰੇਟਿਕ ਪਾਰਟੀ ਭਾਵੇਂ ਸਮਾਜਵਾਦ ਦੇ ਵਿਰੁਧ ਹੈ ਪਰ ਓਬਾਮਾ ਦੀ ਜਿੱਤ ਨਾਲ ਮਿਹਨਤਕਸ਼ ਤੇ ਸੰਘਰਸ਼ਮਈ ਜੀਵਨ ਬਸਰ ਕਰ ਰਹੇ ਲੋਕਾਂ ਲਈ ਕੁਝ ਰਾਹਤ ਜ਼ਰੂਰ ਮਿਲੇਗੀ। ਉਨ੍ਹਾਂ ਵਾਲ ਸਟਰੀਟ ਵਿਰੋਧੀ ‘ਆਕਿਊਪਾਈ ਵਾਲ ਸਟਰੀਟ’ ਲਹਿਰ ਜਿਸ ਦੀ ਕਮਿਊਨਿਸਟ ਪਾਰਟੀ ਸ਼ੁਰੂ ਤੋਂ ਹੀ ਹਮਾਇਤ ਕਰਦੀ ਆ ਰਹੀ ਹੈ, ਨੂੰ ਓਬਾਮਾ ਦੇ ਹੱਕ ਵਿਚ ਭੁਗਤਣ ਲਈ ਅਪੀਲ ਕਰਦਿਆਂ ਕਿਹਾ ਕਿ ਓਬਾਮਾ ਦੀਆਂ ਵਿਦੇਸ਼ ਤੇ ਘਰੇਲੂ ਨੀਤੀਆਂ ਨਾਲ ਸਹਿਮਤ ਨਹੀਂ ਪਰ ਜੇ ਹਨ੍ਹੇਰੇ ਵਿਚ ਕੋਈ ਰੋਸ਼ਨੀ ਦੀ ਕਿਰਨ ਦਿਸਦੀ ਹੋਵੇ, ਉਸ ਨੂੰ ਆਉਣ ਦੇਣਾ ਚਾਹੀਦਾ ਹੈ। ਜੇ ਦੋ ਬਿੱਛੂਆਂ ਵਿਚੋਂ ਇਕ ਨੂੰ ਚੁੱਕਣਾ ਹੀ ਪੈਂਦਾ ਹੋਵੇ ਤਾਂ ਫਿਰ ਸਿਆਣਪ ਇਹੋ ਹੁੰਦੀ ਹੈ ਕਿ ਦੋਹਾਂ ਵਿਚੋਂ ਜਿਸ ਦੀ ਜ਼ਹਿਰ ਘੱਟ ਦਰਦ ਕਰਦੀ ਹੋਵੇ, ਉਸ ਨੂੰ ਹੀ ਚੁੱਕਣਾ ਚਾਹੀਦਾ ਹੈ।
ਕਾਮਰੇਡ ਸੈਮ ਵੈਬ ਨੇ ਦੂਜੀਆਂ ਕਮਿਊਨਿਸਟ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਕਮਿਊਨਿਸਟ ਏਕੇ ਦੀ ਅਪੀਲ ਕਰਦਿਆਂ ਆਖਿਆ ਕਿ ਗਰੀਨ ਪਾਰਟੀ ਦੀਆਂ ਨੀਤੀਆਂ ਮਾਰਕਸਵਾਦੀ ਫਲਸਫੇ ਦੇ ਜ਼ਿਆਦਾ ਨੇੜੇ ਹਨ ਪਰ ਜਦੋਂ ਕਮਿਊਨਿਸਟ ਵੋਟਾਂ ਗਰੀਨ ਪਾਰਟੀ ਦੇ ਉਮੀਦਵਾਰਾਂ ਨੂੰ ਭੁਗਤਦੀਆਂ ਹਨ ਤਾਂ ਉਸ ਦਾ ਸਿੱਧਾ ਫਾਇਦਾ ਰਿਪਬਲਿਕਨ ਪਾਰਟੀ ਨੂੰ ਹੀ ਹੁੰਦਾ ਹੈ। ਜੇ ਰਿਪਬਲੀਕਨ ਪਾਰਟੀ ਜਿੱਤਦੀ ਹੈ ਤਾਂ ਮਿਹਨਤਕਸ਼ ਲੋਕਾਂ ਦੇ ਹੱਕਾਂ ਉਤੇ ਹੋਰ ਡਾਕਾ ਪਵੇਗਾ। ਕਮਿਊਨਿਸਟ ਪਾਰਟੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਓਬਾਮਾ ਦੀ ਹਮਾਇਤ ਹੈਲਥ ਨੀਤੀ ਨੂੰ ਬਚਾਉਣ, ਔਰਤਾਂ ਨੂੰ ਬਰਾਬਰ ਤਨਖਾਹ ਦੇਣ, ਬੈਂਕਾਂ ਨੂੰ ਮੁੜ ਰਹੇ ਘਰਾਂ ਨੂੰ ਬਚਾਉਣ, ਆਟੋ-ਇੰਡਸਟਰੀ ਨੂੰ ਲੋਨ ਦੇ ਕੇ ਉਨ੍ਹਾਂ ਦੀਆਂ ਨੌਕਰੀਆਂ ਬਚਾਉਣ, ਵਿਦਿਆਰਥੀਆਂ ਨੂੰ ਸਸਤੇ ਸਰਕਾਰੀ ਲੋਨ ਦੇਣ ਦੀ ਵਿਵਸਥਾ ਕਰਨ ਅਤੇ ਇਰਾਕ ਅਫਗਾਨ ਜੰਗ ਖ਼ਤਮ ਕਰਨ ਵਰਗੇ ਫੈਸਲਿਆਂ ਕਰ ਕੇ ਕਰ ਰਹੇ ਹਨ। ਕਮਿਊਨਿਸਟ ਪਾਰਟੀ ਨੇ ਆਪਣੇ ਅਖ਼ਬਾਰ ‘ਪੀਪਲਜ਼ ਵਾਇਸ’ ਅਤੇ ਪਾਰਟੀ ਦੀ ਵੈਬਸਾਈਟ ਉਤੇ ਵਿਸਥਾਰ ਨੇ ਲੇਖ ਛਾਪੇ ਹਨ ਕਿ ਕਮਿਊਨਿਸਟ ਕਿਉਂ ਓਬਾਮਾ ਦੀ ਮੱਦਦ ਉਤੇ ਆਏ ਹਨ।
Leave a Reply