ਪਟਿਆਲਾ: ਕੌਮੀ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਅਤੇ ਤਾਲਾਬੰਦੀ ਦੀਆਂ ਧੱਜੀਆਂ ਉਡਾਉਂਦਿਆਂ ਪੰਜਾਬ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਾਉਣ ਦੇ ਅੰਕੜਿਆਂ ਨੇ ਪਿਛਲੇ ਦੋ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਪੰਜਾਬ ਅੰਦਰ 20 ਮਈ ਸ਼ਾਮ ਤੱਕ 11014 ਥਾਵਾਂ ਉਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਇਕੋ ਦਿਨ 20 ਮਈ ਨੂੰ 734 ਥਾਵਾਂ ਉਤੇ ਕਣਕ ਦੇ ਨਾੜ ਨੂੰ ਅੱਗ ਲਾਈ ਗਈ, ਜਿਸ ਵਿਚ ਸਭ ਤੋਂ ਵੱਧ ਅੱਗਾਂ 103 ਅੰਮ੍ਰਿਤਸਰ ‘ਚ ਲੱਗੀਆਂ।
ਇਹ ਅੰਕੜਾ ਪਿਛਲੇ ਦੋ ਸਾਲਾਂ ‘ਚ ਸਭ ਤੋਂ ਉਪਰਲਾ ਅੰਕੜਾ ਹੈ, ਕਿਉਂਕਿ ਸਾਲ 2019 ਵਿਚ 20 ਮਈ ਤੱਕ 8921 ਅਤੇ ਸਾਲ 2018 ‘ਚ 10832 ਥਾਵਾਂ ਉਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅਜਿਹੇ ਮਾਮਲੇ ਮਿਲੇ ਸਨ। ਇਸ ਵਾਰ ਸਭ ਤੋਂ ਵੱਧ ਅੱਗਾਂ ਬਠਿੰਡਾ ਜ਼ਿਲ੍ਹੇ ਅੰਦਰ ਲੱਗੀਆਂ, ਜਿਥੇ ਹੁਣ ਤੱਕ 1051 ਥਾਵਾਂ ਉਤੇ ਅਜਿਹੇ ਮਾਮਲੇ ਸਾਹਮਣੇ ਆਏ, ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 710 ਸੀ। ਮੋਗਾ ਜ਼ਿਲ੍ਹੇ ‘ਚ 1016, ਫਿਰੋਜ਼ਪੁਰ 972, ਅੰਮ੍ਰਿਤਸਰ 965, ਮੁਕਤਸਰ 911, ਗੁਰਦਾਸਪੁਰ 752 ਤੇ ਤਰਨਤਾਰਨ 742 ਥਾਵਾਂ ‘ਤੇ ਰਹਿੰਦ-ਖੂੰਹਦ ਨੂੰ ਅੱਗ ਲਾਈ ਗਈ, ਇਹ ਸਾਰੇ ਜ਼ਿਲ੍ਹੇ ਅੱਗਾਂ ਲਾਉਣ ‘ਚ ਉਪਰਲੇ ਅੰਕੜੇ ਵਾਲੇ ਹਨ। ਇਸ ਦੇ ਨਾਲ ਹੀ ਬਰਨਾਲਾ ‘ਚ 397, ਫਤਹਿਗੜ੍ਹ ਸਾਹਿਬ 81, ਫਰੀਦਕੋਟ 489, ਹੁਸ਼ਿਆਰਪੁਰ 365, ਜਲੰਧਰ 432, ਕਪੂਰਥਲਾ 310, ਲੁਧਿਆਣਾ 595, ਮਾਨਸਾ 328, ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ 114, ਪਠਾਨਕੋਟ 79, ਪਟਿਆਲਾ 308 ਅਤੇ ਸੰਗਰੂਰ ‘ਚ 547 ਥਾਵਾਂ ਉਤੇ ਅੱਗ ਲਾਈ ਗਈ। ਘੱਟ ਅੱਗ ਲਾਉਣ ਵਾਲਿਆਂ ‘ਚ ਰੋਪੜ 36 ਤੇ ਮੋਹਾਲੀ ‘ਚ ਸਿਰਫ 24 ਥਾਵਾਂ ‘ਤੇ ਅੱਗ ਲਾਈ ਗਈ। ਪਿਛਲੇ ਝੋਨੇ ਦੇ ਸੀਜ਼ਨ ਮੌਕੇ ਸਰਕਾਰ ਨੇ ਅੱਗਾਂ ਨਾ ਲਾਉਣ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਕਿਸਾਨਾਂ ਦੇ ਖਾਤੇ ‘ਚ ਧੇਲਾ ਵੀ ਨਹੀਂ ਆਇਆ। ਪੰਜਾਬ ਅੰਦਰ ਬਹੁਤ ਸਾਰੇ ਕਿਸਾਨਾਂ ‘ਤੇ ਆਦੇਸ਼ਾਂ ਦੀ ਉਲੰਘਣਾ ਦੇ ਮਾਮਲੇ ‘ਚ ਪੁਲਿਸ ਕੇਸ ਵੀ ਦਰਜ ਹੋ ਰਹੇ ਹਨ, ਪਰ ਫਿਰ ਵੀ ਇਹ ਰੁਝਾਨ ਨਹੀਂ ਰੁਕ ਰਿਹਾ। ਸਿਹਤ ਮਾਹਿਰ ਇਸ ਮਹਾਂਮਾਰੀ ਦੌਰਾਨ ਅੱਗਾਂ ਦੇ ਰੁਝਾਨ ਨੂੰ ਮਨੁੱਖੀ ਸਿਹਤ ਲਈ ਘਾਤਕ ਕਰਾਰ ਦੇ ਰਹੇ ਹਨ। ਸਰਕਾਰ ਕਿਸਾਨਾਂ ਨੂੰ ਇਸ ਮਾਮਲੇ ‘ਚ ਜਾਗਰੂਕ ਕਰਨ ‘ਚ ਅਸਮਰਥ ਰਹੀ ਹੈ।