ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਰਵਾਸੀ ਕਾਮਿਆਂ ਨੂੰ ਪੈਦਲ ਚਾਲੇ ਨਾ ਪਾਉਣ ਦੀ ਨਸੀਹਤ ਦਿੱਤੀ ਹੈ ਜੋ ਆਪਣੇ ਘਰੀਂ ਪਰਤਣ ਲਈ ਕਾਹਲੇ ਹਨ। ਹਾਲਾਂਕਿ ਪੰਜਾਬ ‘ਚੋਂ ਪਹਿਲਾਂ ਹੀ ਵੱਡੀ ਗਿਣਤੀ ‘ਚ ਕਾਮੇ ਪੈਦਲ ਜਾਂ ਫਿਰ ਸਾਈਕਲਾਂ ਉਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਹਲੂਣੇ ਮਗਰੋਂ ਪੰਜਾਬ ਸਰਕਾਰ ਦੀ ਜਾਗ ਖੁੱਲ੍ਹੀ ਹੈ।
ਪੰਜਾਬ ਪਿਛਲੇ ਦਿਨੀਂ ਉਦੋਂ ਚਰਚਾ ‘ਚ ਆਇਆ ਸੀ ਜਦੋਂ ਪੰਜਾਬ ਵਿਚੋਂ ਇਕ ਪਰਵਾਸੀ ਮਾਂ ਬੱਚੇ ਨੂੰ ਸੂਟਕੇਸ ‘ਤੇ ਲਿਟਾ ਕੇ ਲਿਜਾਂਦੀ ਹੋਈ ਨਜ਼ਰ ਆਈ ਸੀ। ਕੌਮੀ ਅਧਿਕਾਰ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ 15 ਮਈ ਨੂੰ ਪੰਜਾਬ ਸਰਕਾਰ ਅਤੇ ਉਤਰ ਪ੍ਰਦੇਸ਼ ਸਰਕਾਰ ਤੋਂ ਇਲਾਵਾ ਆਗਰਾ ਦੇ ਡਿਪਟੀ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਔਰਤ ਪੰਜਾਬ ਦੇ ਕਿਸੇ ਜ਼ਿਲ੍ਹੇ ‘ਚੋਂ ਰਵਾਨਾ ਹੋਈ ਸੀ। ਸੂਤਰਾਂ ਮੁਤਾਬਕ ਉਸ ਮਗਰੋਂ ਹੀ ਸਰਕਾਰ ਨੇ ਚੌਕਸੀ ਵਧਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ‘ਚੋਂ ਕੋਈ ਵੀ ਪਰਵਾਸੀ ਕਾਮਾ ਆਪਣੇ ਘਰ ਪੈਦਲ ਵਾਪਸ ਨਾ ਜਾਵੇ ਅਤੇ ਸੂਬੇ ‘ਚ ਰਹਿੰਦਿਆਂ ਕੋਈ ਕਾਮਾ ਭੁੱਖਾ ਵੀ ਨਾ ਸੌਵੇਂ। ਜਿਥੇ ਕਿਤੇ ਵੀ ਪੈਦਲ ਜਾ ਰਹੇ ਕਾਮਿਆਂ ਦੀ ਸੂਚਨਾ ਮਿਲੇ, ਉਨ੍ਹਾਂ ਨੂੰ ਫੌਰੀ ਨੇੜਲੇ ਉਸ ਸ਼ਹਿਰ ‘ਚ ਠਹਿਰਾਇਆ ਜਾਵੇ ਜਿਥੋਂ ਉਹ ਵਾਪਸੀ ਲਈ ਰੇਲ ਗੱਡੀ ਫੜ੍ਹ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਵਾਪਸ ਜਾਣ ਦਾ ਚਾਹਵਾਨ ਕੋਈ ਵੀ ਕਾਮਾ ਕਿਸੇ ਘਬਰਾਹਟ ‘ਚ ਨਾ ਆਵੇ, ਪੰਜਾਬ ਸਰਕਾਰ ਉਨ੍ਹਾਂ ਲਈ ਮੁਫਤ ਭੋਜਨ ਤੇ ਸਫਰ ਦਾ ਪ੍ਰਬੰਧ ਕਰੇਗੀ। ਮੁੱਖ ਮੰਤਰੀ ਨੇ ਦੱਸਿਆ ਪੰਜਾਬ ਤੋਂ ਬਾਹਰ ਜਾਣ ਲਈ ਇੱਛੁਕ 10 ਲੱਖ ਤੋਂ ਵੱਧ ਕਾਮਿਆਂ ਨੇ ਨਾਂ ਦਰਜ ਕਰਾਏ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਪੁੱਛਿਆ ਜਾ ਰਿਹਾ ਹੈ ਕਿ ਉਹ ਵਾਪਸ ਪਰਤਣਾ ਚਾਹੁੰਦੇ ਹਨ ਜਾਂ ਨਹੀਂ ਕਿਉਂਕਿ ਹੁਣ ਪੰਜਾਬ ‘ਚ ਉਦਯੋਗ ਖੁੱਲ੍ਹ ਗਏ ਹਨ। ਉਨ੍ਹਾਂ ਅਨੁਸਾਰ ਪੰਜਾਬ ਵਿਚੋਂ ਰੇਲ ਗੱਡੀਆਂ ਰਾਹੀਂ ਹੁਣ ਤੱਕ 3.90 ਲੱਖ ਪਰਵਾਸੀ ਕਾਮੇ ਵਾਪਸ ਭੇਜੇ ਜਾ ਚੁੱਕੇ ਹਨ।