ਫਿਲਮਸਾਜ਼ ਅਮਜਦ ਖਾਨ ਹੁਣ ਦਰਸ਼ਕਾਂ ਨੂੰ ਪਾਕਿਸਤਾਨ ਦੀ ਦਲੇਰ ਕੁੜੀ ਮਲਾਲਾ ਯੂਸਫਜ਼ਈ ਦੀ ਕਹਾਣੀ ਸੁਣਾਏਗਾ ਜਿਸ ਨੇ ਪਾਕਿਸਤਾਨ ਦੇ ਕਬਾਇਲੀ ਖੇਤਰ ਵਿਚ ਕੁੜੀਆਂ ਦੀ ਪੜ੍ਹਾਈ ਦੇ ਹੱਕ ਵਿਚ ਡਟਦਿਆਂ ਕੱਟੜ ਤਾਲਿਬਾਨ ਦਾ ਟਾਕਰਾ ਕੀਤਾ ਸੀ। ਇਸ ਫਿਲਮ ਵਿਚ ਮਲਾਲਾ ਦਾ ਕਿਰਦਾਰ ਢਾਕਾ (ਬੰਗਲਾਦੇਸ਼) ਦੀ 16 ਸਾਲਾ ਵਿਦਿਆਰਥਣ ਫਾਤਮਾ ਸ਼ੇਖ ਨਿਭਾਅ ਰਹੀ ਹੈ। ਫਾਤਿਮਾ ਬਾਰੇ ਅਜੇ ਬਹੁਤਾ ਕੁਝ ਦੱਸਿਆ ਨਹੀਂ ਗਿਆ ਅਤੇ ਨਾ ਹੀ ਕੋਈ ਫੋਟੋ ਰਿਲੀਜ਼ ਕੀਤੀ ਗਈ ਹੈ। ਅਮਜਦ ਖਾਨ ਦੱਸਦਾ ਹੈ ਕਿ ਫਾਤਮਾ ਸਕੂਲ ਵਿਚ ਪੜ੍ਹ ਰਹੀ ਹੈ, ਦੇਖਣ ਨੂੰ ਉਹ ਐਨ ਮਲਾਲਾ ਵਰਗੀ ਲੱਗਦੀ ਹੈ। ਸੁਰੱਖਿਆ ਕਾਰਨਾਂ ਕਰ ਕੇ ਫਿਲਹਾਲ ਫਾਤਮਾ ਅਤੇ ਫਿਲਮ ਬਾਰੇ ਕੁਝ ਦੱਸਣਾ ਮੁਸ਼ਕਿਲ ਹੈ। ਉਸ ਮੁਤਾਬਿਕ ਇਸ ਫਿਲਮ ਦੀ ਸ਼ੂਟਿੰਗ ਵਲਾਇਤ, ਪਾਕਿਸਤਾਨ, ਇਰਾਨ ਅਤੇ ਭਾਰਤ ਵਿਚ ਹੋਵੇਗੀ। ਅੰਗਰੇਜ਼ੀ ਵਿਚ ਬਣਨ ਵਾਲੀ ਇਸ ਫਿਲਮ ਦਾ ਨਾਂ ‘ਗੁਲ ਮਕਈ’ ਰੱਖਿਆ ਗਿਆ ਹੈ। ਇਹ ਮਲਾਲਾ ਦਾ ਕਲਮੀ ਨਾਮ ਹੈ ਜਦੋਂ ਉਹ ਬੀæਬੀæਸੀæ ਦੀ ਉਰਦੂ ਸਰਵਿਸ ਲਈ ਇਸੇ ਨਾਂ ਹੇਠ ਆਪਣੇ ਇਲਾਕੇ ਬਾਰੇ ਲਿਖਦੀ ਰਹੀ ਸੀ। ਇਨ੍ਹਾਂ ਲਿਖਤਾਂ ਕਾਰਨ ਹੀ ਤਾਲਿਬਾਨ ਉਸ ਦੀ ਜਾਨ ਦੇ ਵੈਰੀ ਬਣੇ ਸਨ। ਅਮਜਦ ਖਾਨ ਦਾ ਕਹਿਣਾ ਹੈ ਕਿ ਮਲਾਲਾ ਦੀ ਦਲੇਰੀ ਨੇ ਉਸ ਨੂੰ ਬਹੁਤ ਪ੍ਰੇਰਿਆ ਹੈ। ਕਿੰਨੇ ਔਖੇ ਹਾਲਾਤ ਵਿਚ ਵੀ ਇਹ ਕੁੜੀ ਤਾਲਿਬਾਨ ਦੇ ਖ਼ਿਲਾਫ਼ ਡਟੀ ਰਹੀ। ਇਸ ਫਿਲਮ ਦੀ ਸ਼ੂਟਿੰਗ ਜੁਲਾਈ ਵਿਚ ਸ਼ੁਰੂ ਹੋ ਰਹੀ ਹੈ ਅਤੇ ਛੇਤੀ ਹੀ ਇਹ ਫਿਲਮ ਮੁਕੰਮਲ ਕਰ ਲਈ ਜਾਵੇਗੀ। ਯਾਦ ਰਹੇ ਕਿ ਤਾਲਿਬਾਨ ਦੇ ਹਮਲੇ ਵਿਚ ਸਖ਼ਤ ਜ਼ਖ਼ਮੀ ਹੋਈ ਮਲਾਲਾ ਦੀ ਖੋਪੜੀ ਅਤੇ ਗਲ ਵਿਚ ਦੋ ਗੋਲੀਆਂ ਲੱਗੀਆਂ ਸਨ, ਪਰ ਉਸ ਦੀ ਜਾਨ ਬਚ ਗਈ। ਉਸ ਦਾ ਇਲਾਜ ਵਲਾਇਤ ਦੇ ਮਹਾਰਾਣੀ ਐਲਿਜ਼ਬਥ ਹਸਪਤਾਲ (ਬਰਮਿੰਘਮ) ਵਿਖੇ ਹੋਇਆ ਜਿਥੇ ਉਸ ਦੇ ਕਈ ਅਪ੍ਰੇਸ਼ਨ ਕੀਤੇ ਗਏ। ਅੱਜਕੱਲ੍ਹ ਉਹ ਸੁੱਖੀਂ-ਸਾਂਦੀ ਆਪਣੇ ਘਰ ਆਪਣੇ ਅੱਬਾ-ਅੰਮੀ ਅਤੇ ਭਰਾਵਾਂ ਨਾਲ ਰਹਿ ਰਹੀ ਹੈ। ਉਹ ਬਾਕਾਇਦਾ ਬਰਮਿੰਘਮ ਦੇ ਐਜਬਾਸਟਨ ਹਾਈ ਸਕੂਲ ਪੜ੍ਹਨ ਜਾਂਦੀ ਹੈ। ਇਸੇ ਸਾਲ ਮਲਾਲਾ ਯੂਸਫਜ਼ਈ ਦੀ ਜੀਵਨੀ ‘ਆਈ ਐਮ ਮਲਾਲਾ’ ਵੀ ਛਪ ਰਹੀ ਹੈ ਜਿਸ ਲਈ ਉਸ ਨੂੰ ਵਾਹਵਾ ਮੋਟੀ ਰਕਮ ਰਾਇਲਟੀ ਵਜੋਂ ਮਿਲ ਰਹੀ ਹੈ।
Leave a Reply