ਕਰੋਨਾ ਨੂੰ ਚੋਣ ਮੁੱਦਾ ਬਣਾਉਣ ਤੁਰ ਪਿਆ ਹੈ ਟਰੰਪ

-ਜਤਿੰਦਰ ਪਨੂੰ
ਪਿਛਲੀ ਇੱਕ ਛਿਮਾਹੀ ਵਿਚ ਦੁਨੀਆਂ ਭਰ ਦੇ ਲੋਕਾਂ ਨੇ ਅਤੇ ਪਿਛਲੇ ਲਗਾਤਾਰ ਦੋ ਮਹੀਨਿਆਂ ਦੌਰਾਨ ਭਾਰਤ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਭੋਗਿਆ ਹੈ। ਇਹ ਦੁੱਖ ਕਈ ਤਰ੍ਹਾਂ ਦਾ ਸੀ ਤੇ ਅਜੇ ਵੀ ਜਾਰੀ ਹੈ। ਪਹਿਲਾ ਦੁੱਖ ਤਾਂ ਕਰੋਨਾ ਵਾਇਰਸ ਦੀ ਬਿਮਾਰੀ ਦਾ ਸੀ, ਜਿਸ ਦੀ ਜੜ੍ਹ ਅੱਜ ਤੱਕ ਪਤਾ ਨਹੀਂ ਲੱਗ ਸਕੀ, ਪਰ ਦੁਨੀਆਂ ਦੇ ਦੋ ਪ੍ਰਮੁੱਖ ਦੇਸ਼ਾਂ ਵਿਚ ਖਹਿਬਾਜ਼ੀ ਚੱਲੀ ਜਾਂਦੀ ਹੈ। ਅਮਰੀਕਾ ਦੇ ਲੋਕ ਤੇ ਖਾਸ ਕਰ ਕੇ ਉਨ੍ਹਾਂ ਦਾ ਰਾਸ਼ਟਰਪਤੀ ਸਿਰਫ ਚੀਨ ਨੂੰ ਸਾਰੇ ਸੰਕਟ ਦਾ ਦੋਸ਼ੀ ਮੰਨ ਕੇ ਆਪਣੀ ਰੱਟ ਲਾਈ ਜਾਂਦੇ ਹਨ। ਜਦੋਂ ਤੱਕ ਇਹ ਗੱਲ ਸਾਬਤ ਨਹੀਂ ਹੁੰਦੀ ਅਤੇ ਇਹ ਛੇਤੀ ਕੀਤੇ ਸਾਬਤ ਹੁੰਦੀ ਵੀ ਨਹੀਂ ਜਾਪਦੀ, ਉਦੋਂ ਤੱਕ ਕਿਸੇ ਇੱਕ ਧਿਰ ਨੂੰ ਦੋਸ਼ੀ ਠਹਿਰਾਉਣਾ ਵੀ ਔਖਾ ਹੈ। ਉਂਜ ਸ਼ੱਕ ਵਾਲੀ ਗੰਢ ਇੱਕ ਵਾਰੀ ਬੱਝ ਜਾਵੇ ਤਾਂ ਛੇਤੀ ਖਹਿੜਾ ਨਹੀਂ ਛੱਡਦੀ ਹੁੰਦੀ।

ਚੀਨ ਖਿਲਾਫ ਇਹ ਦੋਸ਼ ਵੀ ਜ਼ੋਰ ਨਾਲ ਲਾਇਆ ਜਾਂਦਾ ਰਿਹਾ ਕਿ ਉਸ ਦੀ ਮੀਟ ਮਾਰਕੀਟ ਇਸ ਬਿਮਾਰੀ ਦਾ ਮੁਢਲਾ ਕਾਰਨ ਹੋ ਸਕਦੀ ਹੈ ਅਤੇ ਇਹ ਵੀ ਕਿਹਾ ਗਿਆ ਕਿ ਚੀਨ ਦੇ ਲੋਕਾਂ ਦੀਆਂ ਮੀਟ ਖਾਣ ਦੀਆਂ ਆਦਤਾਂ ਨਾਲ ਰੱਫੜ ਪਿਆ ਹੈ। ਫਿਰ ਇਹ ਦੱਸਿਆ ਜਾਣਾ ਸ਼ੁਰੂ ਹੋ ਗਿਆ ਕਿ ਚੀਨ ਦੇ ਲੋਕ ਕੁੱਤਾ ਖਾ ਜਾਂਦੇ ਹਨ ਤੇ ਏਦਾਂ ਦੀਆਂ ਕਈ ਹੋਰ ਚੀਜ਼ਾਂ ਖਾਈ ਜਾਂਦੇ ਹਨ। ਜ਼ਰੂਰ ਖਾਂਦੇ ਹੋਣਗੇ ਤੇ ਸਾਰੀ ਦੁਨੀਆਂ ਵਿਚ ਕੌਣ ਕੀ ਖਾਂਦਾ ਹੈ, ਇਸ ਦੀ ਪਾਬੰਦੀ ਲਾਉਣੀ ਅੱਜ ਦੇ ਯੁੱਗ ਵਿਚ ਮੁਸ਼ਕਿਲ ਹੈ। ਕਿਸੇ ਦੇਸ਼ ਵਿਚ ਗਊ ਦਾ ਮੀਟ ਖਾਣ ਦੀ ਰਵਾਇਤ ਹੈ ਤਾਂ ਕਿਸੇ ਹੋਰ ਦੇਸ਼ ਵਿਚ ਗਊ ਦਾ ਮੀਟ ਖਾਣ ਵਾਲਿਆਂ ਨੂੰ ਪਾਪੀ ਮੰਨਿਆ ਜਾਂਦਾ ਹੈ।
ਕੱਲ੍ਹ ਨੂੰ ਗਊ ਮਾਸ ਖਾਣ ਵਾਲੇ ਲੋਕਾਂ ਦੀ ਵੱਡੀ ਆਬਾਦੀ ਵਾਲੇ ਦੇਸ਼ ਵਿਚ ਕੋਈ ਬਖੇੜਾ ਉਠ ਪਵੇ ਤਾਂ ਭਾਰਤ ਦੇ ਕੁਝ ਲੋਕ ਉਨ੍ਹਾਂ ਬਾਰੇ ਕਈ ਕੁਝ ਕਹਿਣਗੇ। ਇਸਲਾਮੀ ਦੇਸ਼ਾਂ ਵਿਚ ਸੂਰ ਖਾਣਾ ਮਨ੍ਹਾਂ ਹੈ। ਭਾਰਤ ਵਿਚ ਕਈ ਲੋਕ ਸੂਰ ਦਾ ਮਾਸ ਮਜ਼ੇ ਨਾਲ ਖਾਂਦੇ ਹਨ। ਸਿਰਫ ਸੂਰ ਦੀ ਗੱਲ ਨਹੀਂ, ਭਾਰਤ ਦੇ ਲੋਕ ਏਦਾਂ ਦਾ ਕਈ ਕੁਝ ਖਾ ਜਾਂਦੇ ਹਨ, ਜਿਸ ਬਾਰੇ ਚਰਚਾ ਆਮ ਕਰ ਕੇ ਨਹੀਂ ਹੁੰਦੀ। ਸਾਨੂੰ ਇਹ ਦੱਸਣ ਵਿਚ ਹਰਜ ਨਹੀਂ ਜਾਪਦਾ ਕਿ ਜੋ ਚੀਜ਼ਾਂ ਚੀਨੀ ਲੋਕ ਖਾਂਦੇ ਦੱਸੇ ਜਾਂਦੇ ਹਨ, ਉਨ੍ਹਾਂ ਵਿਚੋਂ ਕਈ ਚੀਜ਼ਾਂ ਭਾਰਤ ਦੇ ਕਈ ਲੋਕ ਵੀ ਚਾਅ ਨਾਲ ਖਾਂਦੇ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਦੇ ਇੱਕ ਉਤਰ ਪੂਰਬੀ ਰਾਜ ਤੋਂ ਸਾਡੇ ਪੰਜਾਬ ਵਿਚ ਸੁਰੱਖਿਆ ਡਿਊਟੀ ਵਾਸਤੇ ਆਈ ਫੋਰਸ ਦੇ ਜਵਾਨ ਕੁੱਤੇ ਦਾ ਮਾਸ ਖਾਣ ਵਾਲੇ ਸਨ। ਜਿਸ ਇਲਾਕੇ ਵਿਚ ਉਨ੍ਹਾਂ ਦੀ ਡਿਊਟੀ ਲਾਈ ਗਈ, ਉਸ ਪਾਸੇ ਅਵਾਰਾ ਕੁੱਤੇ ਮੁੱਕ ਗਏ ਸਨ। ਭਾਰਤ ਦੇ ਉਤਰ-ਪੂਰਬੀ ਰਾਜਾਂ ਵਿਚ ਕੁਝ ਲੋਕ ਸੱਪ ਤੇ ਕੋਹੜ ਕਿਰਲੀ ਦਾ ਮਾਸ ਵੀ ਖਾਂਦੇ ਹਨ। ਬਿਹਾਰ ਦੇ ਕੁਝ ਵਰਗਾਂ ਵਿਚ ਚੂਹੇ ਦਾ ਮਾਸ ਖਾਣਾ ਆਮ ਗੱਲ ਹੈ। ਇੱਕ ਵਾਰੀ ਉਥੇ ਥੋੜ੍ਹੇ ਸਮੇਂ ਲਈ ਇੱਕ ਮੁੱਖ ਮੰਤਰੀ ਅਜਿਹਾ ਬਣ ਗਿਆ ਸੀ, ਜੋ ਮਾਣ ਨਾਲ ਕਹਿੰਦਾ ਸੀ ਕਿ ਉਹ ਚੂਹੇ ਦਾ ਮਾਸ ਖਾਂਦਾ ਹੈ ਤੇ ਇਹ ਵੀ ਚਾਹੁੰਦਾ ਸੀ ਕਿ ਚੂਹੇ ਦਾ ਮਾਸ ਖਾਣ ਨੂੰ ਬਾਕਾਇਦਾ ਮਾਨਤਾ ਦਿੱਤੀ ਜਾਵੇ। ਉਤਰ-ਪੂਰਬ ਦੇ ਇੱਕ ਰਾਜ ਦੇ ਲੋਕ ਡੱਡੂ ਖਾ ਜਾਂਦੇ ਹਨ। ਸੋਨੀਆ ਸਰਕਾਰ ਨਾਂ ਦੀ ਪ੍ਰਸਿੱਧ ਲੇਖਕਾ ਨੇ ਇਨ੍ਹਾਂ ਸਾਰੇ ਰਾਜਾਂ ਅਤੇ ਉਨ੍ਹਾਂ ਦੇ ਅਜਿਹਾ ਮਾਸ ਖਾਣ ਵਾਲੇ ਲੋਕਾਂ ਬਾਰੇ ਜਨਵਰੀ 2017 ਵਿਚ ਅਖਬਾਰ ‘ਟੈਲੀਗ੍ਰਾਫ’ ਵਿਚ ਵੇਰਵੇ ਸਹਿਤ ਇੱਕ ਲੇਖ ਲਿਖਿਆ ਸੀ, ਜੋ ਅੱਜ ਵੀ ਸਾਡੇ ਕੋਲ ਸੰਭਾਲਿਆ ਪਿਆ ਹੈ। ਚਰਚਾ ਸਿਰਫ ਚੀਨ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦੀ ਹੋਈ ਜਾ ਰਹੀ ਹੈ।
ਚੀਨ ਅਤੇ ਅਮਰੀਕਾ ਦਾ ਅੱਜ ਕੱਲ੍ਹ ਆਢਾ ਲੱਗਾ ਹੋਇਆ ਹੈ, ਪਰ ਕਿਸੇ ਵਕਤ ਸੰਸਾਰ ਪੂੰਜੀਵਾਦ ਦਾ ਮੁਕਾਬਲਾ ਕਰਨ ਵਾਲੀ ਮਹਾਸ਼ਕਤੀ ਸੋਵੀਅਤ ਰੂਸ ਦੇ ਨਾਲ ਲੜਨ ਲਈ ਏਸੇ ਅਮਰੀਕਾ ਦੇ ਹਾਕਮਾਂ ਦੀ ਸਭ ਤੋਂ ਵੱਡੀ ਯਾਰੀ ਏਸੇ ਚੀਨ ਨਾਲ ਹੋਇਆ ਕਰਦੀ ਸੀ। ਕਿਊਬਾ ਖਿਲਾਫ ਲੜਾਈ ਮੌਕੇ ਵੀ ਚੀਨ ਉਨ੍ਹਾਂ ਦਾ ਸਾਥ ਦਿੰਦਾ ਰਿਹਾ ਅਤੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਦੇ ਉਦੋਂ ਦੇ ਜਨਰਲ ਸੈਕਟਰੀ ਗੱਸ ਹਾਲ ਵੱਲੋਂ ਚੀਨੀ ਕਮਿਊਨਿਸਟ ਪਾਰਟੀ ਵੱਲ ਲਿਖੀ ਗਈ ਖੁੱਲ੍ਹੀ ਚਿੱਠੀ ਵਿਚ ਚੀਨ-ਅਮਰੀਕਾ ਭਾਈਵਾਲੀ ਦਾ ਸਾਰਾ ਕੱਚਾ ਚਿੱਠਾ ਪੇਸ਼ ਕੀਤਾ ਗਿਆ ਸੀ।
ਸੋਵੀਅਤ ਰੂਸ ਦੇ ਢਹਿਣ ਪਿਛੋਂ ਇਕਲੌਤੀ ਮਹਾਸ਼ਕਤੀ ਹੋਣ ਦਾ ਭਰਮ ਪਾਲਣ ਵਾਲੇ ਅਮਰੀਕਾ ਸਾਹਮਣੇ ਜਦੋਂ ਉਹ ਹੀ ਚੀਨ ਸ਼ਰੀਕਾਂ ਵਾਂਗ ਡਾਂਗ ਮੋਢੇ ਰੱਖ ਕੇ ਖੜੋਤਾ ਦਿੱਸ ਪਿਆ ਤਾਂ ਹਰ ਗੱਲ ਵਿਚ ਉਸ ਨਾਲ ਆਢਾ ਲੱਗ ਗਿਆ। ਇਸ ਵੇਲੇ ਉਸ ਨਾਲ ਲੜਾਈ ਦਾ ਕਾਰਨ ਕਰੋਨਾ ਵਾਇਰਸ ਦੀ ਉਠਾਣ ਨਹੀਂ, ਅਮਰੀਕਾ ਦਾ ਸੰਸਾਰ ਮੰਡੀ ਵਿਚ ਚੀਨੀ ਮਾਲ ਨਾਲ ਮੁਕਾਬਲਾ ਹੈ। ਮੈਂ ਨਿਜੀ ਤੌਰ ‘ਤੇ ਚੀਨੀ ਮਾਲ ਦਾ ਕਦੀ ਪ੍ਰਸ਼ੰਸਕ ਨਹੀਂ ਰਿਹਾ, ਕਿਉਂਕਿ ਇਹ ਮਾਲ ਹੰਢਣਸਾਰਤਾ ਦੇ ਪੱਖੋਂ ਬਹੁਤਾ ਵਧੀਆ ਨਹੀਂ ਹੁੰਦਾ, ਪਰ ਇਹ ਗੱਲ ਫਿਰ ਆਪਣੀ ਥਾਂ ਠੀਕ ਹੈ ਕਿ ਜਿਸ ਮਾਲ ਦੀ ਕੋਈ ਗਾਰੰਟੀ ਨਾ ਹੋਣ ਦਾ ਰੌਲਾ ਸਭ ਤੋਂ ਵੱਧ ਪੈਂਦਾ ਹੈ, ਉਹੀ ਮਾਲ ਅਮਰੀਕੀ ਮਾਲ ਨੂੰ ਹਰ ਮੰਡੀ ਵਿਚ ਖੂੰਜੇ ਲਾਈ ਜਾਂਦਾ ਹੈ। ਖੁਦ ਅਮਰੀਕੀ ਲੋਕ ਵੀ ਸਸਤਾ ਹੋਣ ਕਾਰਨ ਚੀਨੀ ਮਾਲ ਖਰੀਦੀ ਜਾਂਦੇ ਹਨ ਤਾਂ ਅਮਰੀਕੀ ਕਾਰਪੋਰੇਟ ਘਰਾਣੇ ਇਸ ਤੋਂ ਚਿੜਨ ਲੱਗਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਰੋਨਾ ਵਾਇਰਸ ਦੇ ਦੌਰ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਜਦੋਂ ਚੀਨ ਦੀ ਭੰਡੀ ਕਰਨ ਰੁੱਝਾ ਹੋਇਆ ਹੈ, ਉਦੋਂ ਵੀ ਅਮਰੀਕਾ ਵਿਚ ਚੀਨ ਦਾ ਮਾਲ ਵਿਕੀ ਜਾ ਰਿਹਾ ਹੈ ਤੇ ਲੋਕ ਆਰਾਮ ਨਾਲ ਖਰੀਦੀ ਜਾਂਦੇ ਹਨ।
ਕਰੋਨਾ ਵਾਇਰਸ ਦੀ ਦਵਾਈ ਅਜੇ ਤੱਕ ਬਣੀ ਨਹੀਂ, ਬਣਾਉਣ ਵੱਲ ਅਮਰੀਕਾ ਦੀ ਸਰਕਾਰ ਦਾ ਬਹੁਤਾ ਧਿਆਨ ਵੀ ਨਹੀਂ ਜਾਪਦਾ, ਕਦੇ-ਕਦਾਈਂ ਕੋਈ ਅਮਰੀਕੀ ਕੰਪਨੀ ਦਵਾਈ ਬਣਾ ਲੈਣ ਦਾ ਦਾਅਵਾ ਜ਼ਰੂਰ ਕਰ ਦਿੰਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਉਸ ਕੰਪਨੀ ਦੇ ਸ਼ੇਅਰ ਧੜਾ-ਧੜਾ ਚੜ੍ਹਦੇ ਤੇ ਕੰਪਨੀ ਦੀ ਕਮਾਈ ਵਧ ਜਾਂਦੀ ਹੈ, ਪਰ ਸੰਸਾਰ ਭਰ ਵਿਚ ਜਿਸ ਚੀਜ਼ ਦੀ ਲੋੜ ਹੈ, ਉਹ ਦਵਾਈ ਅਜੇ ਤੱਕ ਪੇਸ਼ ਨਹੀਂ ਕੀਤੀ ਗਈ। ਭਾਰਤ ਦੀ ਅਜੋਕੀ ਸਰਕਾਰ ਚਲਾਉਣ ਵਾਲਿਆਂ ਦਾ ਅਮਰੀਕਾ ਨਾਲ ਹੇਜ ਇਥੋਂ ਤੱਕ ਹੈ ਕਿ ਉਹ ਚੀਨ ਦੇ ਵਿਰੁੱਧ ਅਮਰੀਕਾ ਦੇ ਨਾਲ ਖੜੇ ਹਨ ਅਤੇ ਚੀਨ ਦਾ ਸਾਮਾਨ ਇਥੇ ਵੀ ਬਾਜ਼ਾਰਾਂ ਵਿਚ ਭਰਿਆ ਪਿਆ ਹੈ। ਜਿਨ੍ਹਾਂ ਸਾਰੀ ਉਮਰ ਦੇ ਕਾਂਗਰਸੀ ਆਗੂ ਸਰਦਾਰ ਪਟੇਲ ਨਾਲ ਮੋਹ ਦਾ ਵਿਖਾਲਾ ਕਰ ਕੇ ਦੁਨੀਆਂ ਦੀਆਂ ਸਭ ਵੱਡੀਆਂ ਮੂਰਤੀਆਂ ਤੋਂ ਵੱਡੀ ਉਸ ਦੀ ਮੂਰਤੀ ਲਾਉਣ ਦੇ ਨਾਅਰੇ ਲਾਏ ਸਨ ਤੇ ਦੇਸ਼ ਦੀ ਸੱਤਾ ਸੰਭਾਲੀ ਸੀ, ਉਨ੍ਹਾਂ ਵੱਲੋਂ ਬਣਾਈ ਸਰਦਾਰ ਪਟੇਲ ਦੀ ਮੂਰਤੀ ਵੀ ਚੀਨ ਦੀ ਮਦਦ ਨਾਲ ਬਣੀ ਹੈ। ਭਾਰਤ ਦੇ ਹਰ ਧਰਮ ਦੇ ਲੋਕਾਂ ਦੇ ਧਾਰਮਿਕ ਚਿੰਨ੍ਹ ਵੀ ਚੀਨ ਦੇ ਬਣਾਏ ਹੋਏ ਅਤੇ ਭਾਰਤ ਵਿਚ ਬਣੇ ਮਾਲ ਨਾਲੋਂ ਅੱਧੇ ਮੁੱਲ ਉਤੇ ਜਦੋਂ ਗਲੀ-ਗਲੀ ਮਿਲਦੇ ਹੋਣ ਤਾਂ ਲੋਕ ਰਾਜਨੀਤੀ ਵਿਚ ਚੀਨ ਦੇ ਵਿਰੋਧ ਲਈ ਭਾਜਪਾ ਨਾਲ ਹੋ ਸਕਦੇ ਹਨ, ਉਦਾਂ ਚੀਨੀ ਮਾਲ ਲੈਣ ਤੋਂ ਇਨਕਾਰ ਨਹੀਂ ਕਰਦੇ। ਨਿਰੀ ਰਾਜਨੀਤੀ ਦੀਆਂ ਗੋਲੀਆਂ ਚੱਬਣ ਦੇ ਚਸਕੇ ਨਾਲ ਚੀਨ ਦੇ ਵਿਰੋਧ ਵਿਚ ਨਾ ਅਮਰੀਕਾ ਨੂੰ ਕੁਝ ਹਾਸਲ ਹੋ ਸਕਿਆ ਹੈ ਤਾਂ ਨਾ ਭਾਰਤ ਦੀ ਕਿਸੇ ਧਿਰ ਦੇ ਪੱਲੇ ਕੁਝ ਪੈਣ ਵਾਲਾ ਹੈ।
ਪਿਛਲੇ ਸਾਲ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਵਿਚ ਗਿਆ ਅਤੇ ਉਥੇ ਹੋਏ ਇੱਕ ਸਮਾਗਮ ਵਿਚ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦੇ ਆਇਆ ਸੀ, ਉਦੋਂ ਜਿਹੜੀ ਗੱਲ ਸਾਨੂੰ ਸਮਝ ਪਈ ਸੀ, ਉਹ ਇਹ ਕਿ ਸਾਡੇ ਲੋਕ ਅਮਰੀਕਾ ਤੋਂ ਭਾਵੇਂ ਕੁਝ ਨਾ ਸਿੱਖਣ, ਅਮਰੀਕੀ ਰਾਜਨੀਤੀ ਨੂੰ ਭਾਰਤ ਦਾ ਤੜਕਾ ਲੱਗ ਗਿਆ ਹੈ। ਭਾਰਤ ਦੇ ਤੜਕੇ ਦੀ ਖਾਸ ਵੰਨਗੀ ਇਹੋ ਹੈ ਕਿ ਆਪਣੇ ਵਿਰੋਧੀ ਨੂੰ ਜਦੋਂ ਭੰਡਣਾ ਹੋਵੇ ਤਾਂ ਆਪਣੇ ਕੁਚੱਜ ਨਾਲ ਪਏ ਪੁਆੜਿਆਂ ਲਈ ਵੀ ਭਾਰਤੀ ਲੋਕਾਂ ਵਿਚ ਦੁਸ਼ਮਣ ਮੰਨੇ ਜਾ ਚੁੱਕੇ ਪਾਕਿਸਤਾਨ ਦਾ ਏਜੰਟ ਕਹਿ ਸਕਦੇ ਹਨ। ਅਮਰੀਕਾ ਦੀ ਰਾਜਨੀਤੀ ਵਿਚ ਵੀ ਇਹ ਦੌਰ ਆ ਗਿਆ ਸਾਫ ਦਿਖਦਾ ਹੈ। ਲੋਕ ਕਰੋਨਾ ਵਾਇਰਸ ਦੀ ਮਾਰ ਨਾਲ ਮਰ ਰਹੇ ਹਨ ਅਤੇ ਉਥੇ ਸਰਕਾਰ ਦੀ ਨਾਲਾਇਕੀ ਸਾਫ ਨਜ਼ਰ ਆਉਂਦੀ ਹੈ, ਪਰ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਇਹ ਕਹਿੰਦਾ ਹੈ ਕਿ ਇਹ ਸਾਰਾ ਕੁਝ ਚੀਨ ਨੇ ਮੈਨੂੰ ਰਾਸ਼ਟਰਪਤੀ ਦੀ ਚੋਣ ਲਗਾਤਾਰ ਦੂਜੀ ਵਾਰੀ ਜਿੱਤਣ ਤੋਂ ਰੋਕਣ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਜੋਅ ਬਿਡਨ ਨੂੰ ਜਿਤਾਉਣ ਲਈ ਕੀਤਾ ਹੈ। ਅਮਰੀਕਾ ਵਿਚ ਹੋਈਆਂ ਮੌਤਾਂ ਲਈ ਉਹ ਚੀਨ ਵੱਲੋਂ ਆਪਣੀ ਚੋਣ ਦੇ ਵਿਰੋਧ ਦਾ ਦੋਸ਼ ਲਾ ਸਕਦਾ ਹੈ, ਬਰਤਾਨੀਆ ਵਿਚ ਮੌਤਾਂ ਦੀ ਗਿਣਤੀ ਚਾਲੀ ਹਜ਼ਾਰ ਦੇ ਨੇੜੇ ਪਹੁੰਚ ਗਈ ਹੈ, ਇਟਲੀ ਵਿਚ ਲੱਖ ਦਾ ਤੀਸਰਾ ਹਿੱਸਾ ਪਾਰ ਕਰ ਗਈ ਹੈ, ਸਪੇਨ ਅਤੇ ਫਰਾਂਸ ਵਿਚ ਵੀ ਤੀਹ-ਤੀਹ ਹਜ਼ਾਰ ਦਾ ਪੜਾਅ ਪਾਰ ਕਰਦੀ ਪਈ ਹੈ, ਉਥੇ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਚੋਣਾਂ ਹਰਾਉਣ ਲਈ ਕਰੋਨਾ ਪੈਦਾ ਹੋਇਆ ਹੈ।
ਭਾਰਤੀ ਲੀਡਰਾਂ ਉਤੇ ਜਿੰਨੀ ਕਿਸਮ ਦੇ ਦੋਸ਼ ਲੱਗਦੇ ਹਨ, ਉਹ ਹੀ ਸਾਰੇ ਦੋਸ਼ ਡੋਨਲਡ ਟਰੰਪ ਉਤੇ ਲੱਗੀ ਜਾਂਦੇ ਹਨ ਅਤੇ ਜੋ ਦਾਅ ਭਾਰਤ ਵਿਚ ਵਰਤੇ ਜਾਂਦੇ ਹਨ, ਜਦੋਂ ਉਹੀ ਦਾਅ ਉਹ ਵਰਤਣ ਲੱਗ ਪਿਆ ਹੈ ਤਾਂ ਸਾਨੂੰ ਭਾਰਤੀ ਲੋਕਾਂ ਨੂੰ ਭਾਰਤ ਤੋਂ ਦੂਰ ਹਰ ਪੱਖੋਂ ਇੱਕ ਹੋਰ ਭਾਰਤ ਉਗ ਪਿਆ ਜਾਪਦਾ ਹੈ। ਅਮਰੀਕੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਖੇਡਾਂ ਨੇ ਅੱਜ ਤੱਕ ਭਾਰਤ ਨੂੰ ਉਠਣ ਨਹੀਂ ਦਿੱਤਾ, ਉਹੋ ਖੇਡਾਂ ਅਮਰੀਕਾ ਵਿਚ ਚੱਲਣਗੀਆਂ ਤਾਂ ਕਰੋਨਾ ਨਾਲ ਲੜਨ ਦੀ ਲੋੜ ਨਹੀਂ ਰਹਿਣੀ, ਸਿਰਫ ਉਸ ਆਗੂ ਦੀ ਡੁਗਡੁਗੀ ਸੁਣਿਆ ਕਰੇਗੀ, ਜਿਸ ਨੂੰ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਤੇ ਕਰੋਨਾ ਜਿਹੇ ਅਸਲੀ ਮਾਮਲੇ ਦੀ ਥਾਂ ਛਣਕਣੇ ਛਣਕਾਉਣੇ ਆਉਂਦੇ ਹੋਣਗੇ। ਉਦੋਂ ਅਮਰੀਕਾ ਕਿੱਦਾਂ ਦਾ ਹੋਵੇਗਾ, ਕਹਿਣ ਦੀ ਲੋੜ ਨਹੀਂ!