ਕੰਜੂਸ ਯੋਧਾ
ਹਥਲੀ ਕਹਾਣੀ ਵਿਚ ਰਾਜਸਥਾਨੀ ਮੂਲ ਦੇ ਕਹਾਣੀਕਾਰ ਵਿਜੇਦਾਨ ਦੇਥਾ ਨੇ ਮੀਆਂ-ਬੀਵੀ ਦੀ ਨੋਕ-ਝੋਕ ਰਾਹੀਂ ਸਿਰੇ ਦੇ ਕੰਜੂਸ ਬਾਣੀਏ ਦਾ ਚਿੱਤਰ ਉਘਾੜਿਆ ਹੈ, ਜੋ ਇਹ ਕਹਿਣ ਦੀ ਵੀ ਕੰਜੂਸੀ ਨਹੀਂ ਕਰਦਾ ਕਿ ਜਿਸ ਬੰਦੇ ਵਿਚ ਕੰਜੂਸੀ ਦਾ ਗੁਣ ਨਹੀਂ, ਉਸ ਦਾ ਦੁਨੀਆਂ ਵਿਚ ਆਉਣਾ ਤੇ ਜਿਉਣਾ ਫਜ਼ੂਲ ਹੈ। ਉਹ ਤਾਂ ਇਥੋਂ ਤੱਕ ਵੀ ਕਹਿ ਦਿੰਦਾ ਹੈ, “ਮਰਨਾ ਕਬੂਲ, ਆਪਣਾ ਧਰਮ ਨ੍ਹੀਂ ਛੱਡੀਦਾ।…ਆਦਮੀ ਦਾ ਸਭ ਤੋਂ ਵੱਡਾ ਗੁਣ ਕੰਜੂਸੀ ਹੈ। ਇਸ ਤੋਂ ਪਵਿੱਤਰ ਤੇ ਮਹਾਨ ਨਾ ਕੋਈ ਤੀਰਥ, ਨਾ ਧਰਮ, ਨਾ ਮੰਦਿਰ, ਨਾ ਭਗਤੀ, ਨਾ ਭਗਵਾਨ, ਨਾ ਮੁਕਤੀ।”
ਪਾਂਡੇ ਦਾ ਭੇਸ ਵਟਾ ਕੇ ਲੱਛਮੀ ਦੇਵੀ ਬਾਣੀਏ ਤੋਂ ਕੁਝ ਨਾ ਕੁਝ ਦੱਖਣਾ ਲੋੜਦੀ ਹੈ, ਪਰ ਗੱਲ ਨਾ ਬਣਦੀ ਵੇਖ ਜਦੋਂ ਚੁਟਕੀ ਮਿੱਟੀ ਦੀ ਮੰਗ ਕਰਦੀ ਹੈ ਤਾਂ ਬਾਣੀਏ ਦੇ ਇਹ ਬੋਲ ਸਿਰਾ ਲਾ ਦਿੰਦੇ ਹਨ, “ਮੈਂ ਤਾਂ ਕਿਸੇ ਨੂੰ ਗਾਲ੍ਹ ਵੀ ਨਹੀਂ ਦਿੰਦਾ, ਤੁਸੀਂ ਚੁਟਕੀ ਮਿੱਟੀ ਦੀ ਮੰਗਦੇ ਹੋ!” ਪਰ ਕਹਾਣੀ ਦੇ ਅਖੀਰ ਵਿਚ ਜਦ ਲੱਛਮੀ ਨੇ ਮਨ ਚਾਹਿਆ ਵਰਦਾਨ ਮੰਗਣ ਦੀ ਖੁੱਲ ਦਿੱਤੀ ਤਾਂ ਕੰਜੂਸ ਬਾਣੀਏ ਨੇ ਵੱਡਾ ਦਿਲ ਦਿਖਾਉਣ ‘ਚ ਵੀ ਕੰਜੂਸੀ ਨਹੀਂ ਵਿਖਾਈ। ਉਂਜ ਇਸ ਕਹਾਣੀ ਵਿਚ ਫਜ਼ੂਲ ਖਰਚੀਆਂ ਉਤੇ ਲੁਕਵਾਂ ਵਿਅੰਗ ਕੀਤਾ ਗਿਆ ਹੈ, ਜੋ ਧਾਰਮਿਕ ਤੇ ਸਮਾਜਕ ਪੱਧਰ ‘ਤੇ ਸਿਰ ਚੁੱਕੀ ਖੜ੍ਹੀਆਂ ਹਨ। -ਸੰਪਾਦਕ
ਵਿਜੇਦਾਨ ਦੇਥਾ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਇਤਿਹਾਸ ਪੜ੍ਹਨ ਵਾਲਿਆਂ ਨੂੰ ਪਤਾ ਹੈ ਕਿ ਉਸ ਜਿਹਾ ਸੂਰਮਾ ਧਰਤੀ ਉਤੇ ਨਾ ਕਦੇ ਹੋਇਆ, ਨਾ ਹੋਏਗਾ। ਉਹ ਇੱਕੋ ਇੱਕ ਅਵਤਾਰ ਹੈ, ਜਿਸ ਦਾ ਜਨਮ ਤਾਂ ਹੋਇਆ, ਮਰਿਆ ਨਹੀਂ, ਮਨ ਚਾਹੀ ਦੇਹ ਵਿਚ ਹਮੇਸ਼ ਵਸਦਾ ਹੈ। ਉਹ ਸਮਾਂ, ਉਹ ਹਵਾ, ਉਹ ਧੁੱਪ ਕੇਹੀ ਖੁਸ਼ਕਿਸਮਤ ਸੀ, ਜਿਸ ਜ਼ਮਾਨੇ ਵਿਚ ਇਸ ਕੰਜੂਸ ਸੇਠ ਨੇ ਧਰਤੀ ਉਪਰ ਆਪਣੀ ਲੀਲਾ ਰਚੀ!
ਨੇੜਿਉਂ ਦੇਖ ਕੇ ਸੂਰਜ ਨੇ ਉਸ ਦਾ ਹੁਲੀਆ ਕੁਝ ਇਸ ਤਰ੍ਹਾਂ ਬਿਆਨ ਕੀਤਾ-ਦੁਬਲੀ ਪਤਲੀ, ਮਾੜਚੂ, ਕਾਂਗੜੀ ਦੇਹ, ਕਣਕ ਵੰਨਾ ਰੰਗ; ਪਤਾ ਨਾ ਲਗਦਾ ਜਿਉਂਦੈ ਕਿ ਮੁਰਦਾ। ਹਥੇਲੀ ਜਿਹੀ ਸਾਫ ਸ਼ਫਾਫ ਖੋਪੜੀ। ਬਚਪਨ ਵਿਚ ਸਾਰਾ ਸਿਰ ਸੰਘਣੇ ਵਾਲਾਂ ਨੇ ਢਕਿਆ ਹੋਇਆ ਸੀ, ਪਰ ਸੂਰਜ ਨੂੰ ਵੀ ਪਤਾ ਨਹੀਂ ਉਹ ਵਾਲ ਕਦੋਂ ਗਏ, ਕਿੱਧਰ ਗਏ! ਪੈਸਾ ਵਧਦਾ ਗਿਆ, ਵਾਲ ਕਿਨਾਰਾ ਕਰਦੇ ਗਏ। ਸਾਹਮਣੇ ਵਾਲੇ ਅੱਠੇ ਦੰਦ ਸਨ ਤਾਂ ਠੀਕ, ਪਰ ਵਿਰਲੇ। ਮੂੰਹ ਇਸ ਤਰ੍ਹਾਂ ਦਾ, ਜਿਵੇਂ ਕੁਝ ਖਾਣ ਵਾਸਤੇ ਨਹੀਂ, ਗੱਲਾਂ ਕਰਨ ਵਾਸਤੇ ਬਣਿਆ। ਹਿਸਾਬ ਕਿਤਾਬ ਵਿਚ ਬੇਜੋੜ। ਮਧਰਾ ਕੱਦ, ਪਰ ਜੀ ਕਰੇ ਤਾਂ ਆਸਮਾਨ ਦੇ ਤਾਰੇ ਤੋੜ ਲਏ! ਸੂਰਜ ਨੂੰ ਆਪਣੀ ਵਹੀ ਵਿਚ ਲੁਕੋ ਲਵੇ! ਬਦਰੰਗ ਪੁਰਾਣੀ ਪਗੜੀ, ਸੁਣਿਆ ਹੈ ਕਦੇ ਪੀਲੀ ਹੋਇਆ ਕਰਦੀ ਸੀ। ਮਲਮਲ ਦੀ ਬਨੈਣ। ਮਲਮਲ ਦੀ ਧੋਤੀ। ਨੰਗੇ ਪੈਰ।
ਕੱਛ ਵਿਚ ਵਹੀ ਹੋਵੇ, ਇਉਂ ਲੱਗੇ ਜਿਵੇਂ ਸਾਰੇ ਸੰਸਾਰ ਦੇ ਜੀਅ ਜੰਤ ਦੱਬ ਰੱਖੇ ਹੋਣ। ਪਤਾ ਨਹੀਂ ਕੀ ਸੋਚਦਾ ਰੋਅਬਦਾਬ ਨਾਲ ਦੁਕਾਨੋਂ ਬਾਹਰ ਨਿਕਲਿਆ। ਸੇਠਾਣੀ ਚੌਂਕ ਵਿਚ ਭਗਵਾਨ ਪਾਰਸਨਾਥ ਦੀ ਮੂਰਤੀ ਰਾਖ ਨਾਲ ਰਗੜ ਰਗੜ ਮਾਂਜ ਰਹੀ ਦੇਖੀ। ਮਾਂਜ ਮਾਂਜ ਕੇ ਪੂਜਾ ਦੇ ਬਰਤਨ ਲਿਸ਼ਕਾ ਰਹੀ ਸੀ। ਸੇਠ ਦੀਆਂ ਮਿਚੀਆਂ ਮਿਚੀਆਂ ਅੱਖਾਂ ਵਿਚ ਹਰਕਤ ਪੈਦਾ ਹੋਈ। ਸੂਰਜ ਦੀ ਨਿਗ੍ਹਾ ਵਿਚ ਕੁਝ ਛੁਪਿਆ ਰਹਿ ਜਾਏ, ਰਹਿ ਜਾਏ, ਸੇਠ ਦੀਆਂ ਅੱਖਾਂ ਤੋਂ ਕੁਝ ਨ੍ਹੀਂ ਛਿਪ ਸਕਦਾ। ਨੱਕ ਮੂੰਹ ਚਾੜ੍ਹ ਕੇ ਗੁੱਸੇ ਅਤੇ ਘ੍ਰਿਣਾ ਨਾਲ ਬੋਲਿਆ, “ਤੈਨੂੰ ਕਿੰਨੀ ਵਾਰ ਸਮਝਾਇਆ, ਭਾਂਡੇ ਟੀਂਡੇ ਏਨੇ ਰਗੜ ਰਗੜ ਕੇ ਸਾਫ ਨਾ ਕਰਿਆ ਕਰ।”
ਝਿਜਕਦਿਆਂ ਸੇਠਾਣੀ ਨੇ ਉਸ ਵੱਲ ਦੇਖਿਆ। ਇਹ ਤੋਤਾ ਰਟਣ ਸੁਣ ਸੁਣ ਕੇ ਉਸ ਦੇ ਕੰਨ ਪੱਕ ਗਏ ਸਨ, ਪਰ ਉਹ ਕਹਿਣ ਤੋਂ ਨਾ ਹਟਦਾ। ਆਖਰ ਫਰਜ਼ ਤਾਂ ਨਿਭਾਉਣਾ ਹੋਇਆ। ਜਦੋਂ ਤੱਕ ਆਖਾ ਨਹੀਂ ਮੰਨਦੀ, ਹਦਾਇਤਾਂ ਤਾਂ ਦੇਣੀਆਂ ਪੈਣਗੀਆਂ ਹੀ; ਪਰ ਸੇਠਾਣੀ ਉਸ ਦਾ ਸਲੋਕ ਸੁਣ ਕੇ ਸਗੋਂ ਹੋਰ ਜ਼ੋਰ ਨਾਲ ਰਗੜਨ ਲੱਗੀ। ਇੱਕ ਦੋ ਕਦਮ ਨੇੜੇ ਆ ਕੇ ਕੁਝ ਝੁਕਿਆ, ਤਿੱਖੀ ਅਵਾਜ਼ ਵਿਚ ਬੋਲਿਆ, “ਕੰਨ ਖੋਲ੍ਹ ਕੇ ਸੁਣ ਲੈ ਧਿਆਨ ਨਾਲ। ਇਹ ਮੂਰਤੀ ਅਤੇ ਪੂਜਾ ਦੇ ਬਾਕੀ ਬਰਤਨ ਮਾਂਜ ਮਾਂਜ ਕੇ ਜੇ ਘਸਾ ਦਿੱਤੇ, ਫਿਰ ਨਵੇਂ ਮੈਂ ਨ੍ਹੀਂ ਲੈ ਕੇ ਆਉਣੇ।”
ਚਾਹੁੰਦੀ ਨਹੀਂ ਸੀ, ਫਿਰ ਵੀ ਗੁੱਸਾ ਆ ਗਿਆ। ਮੂਰਤੀ ‘ਤੇ ਪਾਣੀ ਪਾਉਂਦੀ ਹੋਈ ਬੋਲੀ, “ਰਾਮ ਰਾਮ, ਸਵੇਰੇ ਸਵੇਰੇ ਭਗਵਾਨ ਬਾਰੇ ਕੀ ਬਕਣ ਲੱਗੇ ਹੋ। ਬੋਲਣ ਤੋਂ ਪਹਿਲਾਂ ਕੁਝ ਸੋਚ ਲਿਆ ਕਰੋ।”
ਸੇਠ ਹੱਸਿਆ, “ਭਗਵਾਨ ਤਾਂ ਬਜ਼ਾਰ ਵਿਚੋਂ ਪੈਸਿਆਂ ਦਾ ਮਿਲ ਜਾਂਦੈ। ਪੈਸਾ ਵੱਡਾ ਹੋਇਆ ਕਿ ਭਗਵਾਨ? ਦੱਸ ਫੇਰ?”
“ਅੱਛਾ ਬਾਬਾ ਅੱਛਾ! ਕੰਮ ਕਰਨ ਦੇਹ। ਤੇਰੇ ਅੱਗੇ ਹੱਥ ਬੰਨ੍ਹੇ।”
ਕਹਿਣ ਕੁਛ ਹੋਰ ਲੱਗੀ ਸੀ ਕਿ ਕੱਛ ਵਿਚ ਦੱਬੀ ਵਹੀ ਦੇਖ ਕੇ ਗੁੱਸੇ ਨਾਲ ਬੋਲੀ, “ਕਿੱਥੇ ਜਾ ਰਹੇ ਹੋ ਅੱਜ?”
“ਕਿੱਥੇ ਜਾਣੈ? ਕਿੰਨੇ ਦਿਨਾਂ ਤੋਂ ਕੰਮ ਕਾਜ ਬੰਦ ਪਿਐ। ਹੁਣ ਠੀਕ ਹਾਂ ਮੈਂ ਬਿਲਕੁਲ।”
ਹੱਥਾਂ ਉਪਰੋਂ ਪਾਣੀ ਝਟਕ ਕੇ ਉਠ ਖਲੋਤੀ। ਉਸ ਦੇ ਮੁਰਦਾਰ ਮੂੰਹ ਵੱਲ ਦੇਖ ਕੇ ਦੁਖੀ ਹੋ ਕੇ ਬੋਲੀ, “ਏਨੀ ਛੇਤੀ ਆਪਣਾ ਵਾਅਦਾ ਭੁੱਲ ਗਏ? ਗੰਗਾ ਨਹਾਏ ਬਿਨਾ ਮੈਂ ਕੰਮ ਵੱਲ ਮੂੰਹ ਵੀ ਨ੍ਹੀਂ ਕਰਨ ਦਿਆਂਗੀ। ਕਿਹੇ ਮਰਦ ਹੋ? ਜ਼ਬਾਨ ਤੋਂ ਮੁੱਕਰਦੇ ਸ਼ਰਮ ਨਹੀਂ ਆਉਂਦੀ?”
ਸੇਠਾਣੀ ਦੀ ਅਕਲ ‘ਤੇ ਉਸ ਨੂੰ ਬੜਾ ਤਰਸ ਆਇਆ। ਹੱਸਦਾ ਬੋਲਿਆ, “ਕਮਾਈ ਤੋੜਨੀ ਵਾਅਦਾ ਤੋੜਨ ਨਾਲੋਂ ਜ਼ਿਆਦਾ ਬੁਰੀ ਹੈ। ਗੰਗਾ ਹੋਵੇ ਜਾਂ ਪਿੰਡ ਦਾ ਤਲਾਬ, ਹੈ ਤਾਂ ਬਾਰਸ਼ ਦਾ ਹੀ ਪਾਣੀ। ਬੇਸਮਝ ਲੋਕ ਫਰਕ ਕਰਦੇ ਨੇ। ਕਹੇਂ ਤਾਂ ਪਿੰਡ ਦੇ ਤਲਾਬ ਵਿਚ ਦਸ ਵਾਰ ਨਹਾ ਲਾਂ? ਜ਼ਿਆਦਾ ਪੁੰਨ ਲੱਗੇਗਾ!”
“ਇਹ ਪੁੰਨ ਆਪਣੇ ਕੋਲ ਰੱਖੋ। ਇੱਕ ਵਾਰ ਹਰਦੁਆਰ ਭੇਜ ਕੇ ਛੱਡੂੰਗੀ। ਏਸ ਸੁੱਖਣਾ ਬਿਨਾ ਤੁਸੀਂ ਕਿਤੇ ਠੀਕ ਹੋ ਸਕਦੇ ਸੀ?”
“ਕੀ ਬਚਗਾਨਾ ਗੱਲਾਂ ਕਰਦੀ ਐਂ। ਗੰਗਾ ਨਹਾਉਣ ਵਾਲੇ ਕਦੇ ਬਿਮਾਰ ਨਹੀਂ ਹੁੰਦੇ?”
“ਕੌਣ ਕਿਵੇਂ ਬਿਮਾਰ ਹੁੰਦੈ, ਮੈਨੂੰ ਨ੍ਹੀਂ ਪਤਾ। ਮੈਨੂੰ ਤਾਂ ਇਹ ਪਤੈ, ਬਈ ਮੈਂ ਸੁੱਖ ਸੁੱਖੀ ਤਾਂ ਤੁਸੀਂ ਰਾਜੀ ਹੋਏ। ਮਨ ਵਿਚ ਖੋਟ ਸੀ ਤਾਂ ਵਾਅਦਾ ਕਿਉਂ ਕੀਤਾ?”
“ਇਸ ਗਲਤੀ ਸਦਕਾ ਤੇਰੇ ਪੈਰੀਂ ਪੈਨਾ। ਮਾਫ ਕਰ ਦੇਹ।”
ਇਹ ਕਹਿੰਦਾ ਕਹਿੰਦਾ ਸੱਚੀਂ ਉਹ ਬੈਠ ਗਿਆ ਤੇ ਪੈਰ ਛੂਹਣ ਵਾਸਤੇ ਹੱਥ ਅੱਗੇ ਵਧਾਏ ਹੀ ਸਨ ਕਿ ਸੇਠਾਣੀ ਨੇ ਘਬਰਾ ਕੇ ਹੱਥ ਫੜ ਲਏ, ਕਿਹਾ, “ਹੇ ਰਾਮ! ਕੀ ਪਾਗਲਪਣ ਕਰ ਰਹੇ ਹੋ? ਕਮਾਈ ਦੇ ਲੋਭ ਵਿਚ ਘਰ ਵਾਲੀ ਦੇ ਪੈਰੀਂ ਪੈਂਦਿਆਂ ਸ਼ਰਮ ਨ੍ਹੀਂ ਆਉਂਦੀ? ਕਿਸੇ ਨੇ ਦੇਖ ਲਿਆ, ਮੇਰੀ ਤਾਂ ਇੱਜਤ ਦੋ ਟਕਿਆਂ ਦੀ ਹੋ ਜਾਏਗੀ।”
ਟਕਾ ਸ਼ਬਦ ਸੁਣਨ ਸਾਰ ਉਸ ਦੇ ਦਿਲ ਦੀ ਕਲੀ ਕਲੀ ਖਿੜ ਗਈ, ਜਿਵੇਂ ਬੁਝਦੇ ਜਾਂਦੇ ਦੀਵੇ ਵਿਚ ਤੇਲ ਪਾ ਦਿੱਤਾ ਹੋਵੇ। ਬੋਝੇ ਵਿਚ ਹੱਥ ਪਾ ਕੇ ਕਹਿਣ ਲੱਗਾ, “ਇੱਜਤ ਦੇ ਟਕੇ ਮਿਲਦੇ ਹੁੰਦੇ ਕਿਆ ਕਹਿਣੇ! ਤੈਨੂੰ ਹਜ਼ਾਰ ਵਾਰ ਸਮਝਾਇਆ ਹੈ ਕਿ ਪੈਸੇ ਤੋਂ ਵੱਡਾ ਰਾਮ ਵੀ ਨਹੀਂ ਹੁੰਦਾ, ਪਰ ਤੇਰੀ ਸਮਝ ਵਿਚ ਕੁਝ ਆਏ, ਤਾਂ ਹੀ ਨਾ! ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ, ਪੈਸਾ ਕਮਾਉਣਾ ਅਤੇ ਆਦਮੀ ਦਾ ਸਭ ਤੋਂ ਵੱਡਾ ਗੁਣ ਹੈ, ਕੰਜੂਸੀ। ਕੰਜੂਸੀ ਨੂੰ ਤੂੰ ਮਾਮੂਲੀ ਚੀਜ਼ ਸਮਝਦੀ ਹੈਂ? ਅੱਜ ਤੱਕ ਕਿਸੇ ਨੇ ਇਸ ਨੂੰ ਨਹੀਂ ਸਰਾਹਿਆ, ਬੁਰਾਈ ਹੀ ਬੁਰਾਈ ਕੀਤੀ ਹੈ, ਫਿਰ ਵੀ ਇਹ ਭਲੇ ਤੇ ਨੇਕ ਮਨੁੱਖਾਂ ਦੇ ਧੁਰ ਅੰਦਰ ਵਸੀ ਹੋਈ ਹੈ। ਬਹਾਦਰੀ, ਸੱਚਾਈ, ਦ੍ਰਿੜ੍ਹਤਾ ਜਿਹੇ ਗੁਣ ਇਸ ਦੇ ਸਾਹਮਣੇ ਫਿੱਕੇ ਪੈ ਜਾਂਦੇ ਹਨ। ਸੁਣ ਕੇ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਬੇਵਕੂਫਾਂ ਨੇ ਕੁਝ ਫਜ਼ੂਲ ਗੁਣਾਂ ਦੀ ਖਾਹਮਖਾਹ ਤਾਰੀਫ ਕੀਤੀ ਹੈ। ਇਸ ਦੇ ਸਾਹਮਣੇ ਭਗਤੀ ਭੁਗਤੀ ਕਰਨੀ ਤਿਣਕੇ ਬਰਾਬਰ ਹੈ!”
ਕੰਨਾਂ ਵਿਚ ਉਂਗਲੀਆਂ ਦੇ ਕੇ ਸੇਠਾਣੀ ਬੋਲੀ, “ਇਹ ਸੁਣਦੀ ਸੁਣਦੀ ਮੈਂ ਤਾਂ ਦੁਖੀ ਹੋ ਗਈ, ਰਾਮ ਕਰੇ ਬੋਲ਼ੀ ਹੋ ਜਾਵਾਂ, ਤੇਰੀ ਬਕ ਬਕ ਤੋਂ ਖਹਿੜਾ ਛੁਟੇ। ਨਫਰਤ ਨਾਲ ਸੇਠ ਵੱਲ ਦੇਖ ਕੇ ਉਸ ਨੇ ਖੂੰਜੇ ਵਿਚ ਥੁੱਕ ਦਿੱਤਾ। ਸ਼ਾਂਤ ਚਿੱਤ ਸੇਠ ਥੁੱਕ ਨਿਗਲਦਿਆਂ ਬੋਲਿਆ, “ਨਿਗਲ ਕੇ ਕੰਮ ਸਰਦਾ ਹੋਵੇ ਫਿਰ ਥੁੱਕ ਵੀ ਬੇਕਾਰ ਕਿਉਂ ਗਵਾਓ? ਇੱਕ ਮਾਮੂਲੀ ਗੱਲ ਤੇਰੇ ਪੱਲੇ ਨ੍ਹੀਂ ਪੈਂਦੀ, ਧਰਮ ਪੁੰਨ ਦੀ ਕੀ ਗੱਲ ਸਮਝੇਂਗੀ?”
“ਮੈਨੂੰ ਨਹੀਂ ਕੁਝ ਸਮਝਣ ਦੀ ਲੋੜ, ਤੁਸੀਂ ਤਾਂ ਸਮਝਦੇ ਹੋ! ਹੋਰ ਮੌਜ ਮੇਲਾ ਤਾਂ ਪਿਆ ਖੂਹ ਵਿਚ, ਰੱਜ ਕੇ ਖਾਣਾ ਵੀ ਨਹੀਂ ਖਾਂਦੇ। ਭੁਖੇ ਰਹਿ ਰਹਿ ਕੇ ਤੁਹਾਡੀਆਂ ਪਸਲੀਆਂ ਨਿਕਲ ਆਈਆਂ। ਸੋਚੋ ਤਾਂ ਮਰਨ ਵੇਲੇ ਇੱਕ ਦਮੜੀ ਨਾਲ ਜਾਏਗੀ?”
“ਕਿਨ੍ਹਾਂ ਬੇਵਕੂਫਾਂ ਦੀਆਂ ਗੱਲਾਂ ਵਿਚ ਆ ਗਈ ਤੂੰ? ਉਨ੍ਹਾਂ ਨੂੰ ਪੁੱਛ, ਮਰਨ ਵੇਲੇ ਔਰਤ ਨਾਲ ਜਾਂਦੀ ਹੈ? ਫਿਰ ਵਿਆਹ ਕਿਉਂ ਕਰਾਉਂਦੇ ਨੇ? ਮਰ ਕੇ ਮਕਾਨ ਨਾਲ ਜਾਂਦੈ? ਮਕਾਨ ਕਿਉਂ ਬਣਾਉਂਦੇ ਨੇ? ਬੱਚੇ ਨਾਲ ਜਾਂਦੇ ਨੇ? ਬੱਚੇ ਕਿਉਂ ਜੰਮਦੇ ਨੇ? ਗਹਿਣੇ ਨਾਲ ਜਾਂਦੇ ਨੇ? ਚੰਗਾ ਖਾਣਾ, ਪੀਣਾ, ਪਹਿਨਣਾ ਨਾਲ ਜਾਂਦੈ? ਨੱਕੋ ਨੱਕ ਪੇਟ ਭਰੀ ਜਾਂਦੇ ਨੇ, ਫਿਰ ਖਾਲੀ ਦਾ ਖਾਲੀ। ਜੇ ਜ਼ਿਆਦਾ ਅੰਨ ਖਾਣਾ ਚੰਗੀ ਗੱਲ ਹੁੰਦੀ, ਫਿਰ ਸੁੱਸਰੀ ਨਾਲ ਕਿਸੇ ਦਾ ਕੀ ਮੁਕਾਬਲਾ, ਜੋ ਦਿਨ ਰਾਤ ਅਨਾਜ ਵਿਚ ਪਈ ਰਹਿੰਦੀ ਹੈ।”
ਖਿਝ ਕੇ ਸੇਠਾਣੀ ਬੋਲੀ, “ਸਮਝ ਗਈ, ਸਮਝ ਗਈ। ਮੇਰਾ ਖਾਣਾ, ਪਹਿਨਣਾ ਤੁਹਾਨੂੰ ਬੁਰਾ ਲਗਦੈ। ਤੁਹਾਡੇ ਨਾਲ ਉਲਝਣਾ ਬੇਕਾਰ ਹੈ, ਪਰ ਹਰਦੁਆਰ ਭੇਜ ਕੇ ਰਹੂੰਗੀ, ਸੁੱਖਣਾ ਸੁੱਖੀ ਹੋਈ ਹੈ। ਮੇਰੀ ਜ਼ਿੱਦ ਤੁਹਾਡੇ ਤੋਂ ਘੱਟ ਨਹੀਂ।”
ਸੇਠ ਨੇ ਮੱਥੇ ‘ਤੇ ਹੱਥ ਮਾਰਿਆ, “ਔਰਤ ਨੂੰ ਦੁਨੀਆਂ ਵਿਚ ਭੇਜ ਕੇ ਈਸ਼ਵਰ ਨੇ ਸਭ ਤੋਂ ਵੱਡੀ ਭੁੱਲ ਕੀਤੀ। ਓ ਮੂਰਖ! ਤੂੰ ਪਾਣੀ ਪਾਣੀ ਵਿਚ ਫਰਕ ਕਰਦੀ ਹੈਂ। ਬਰਸਾਤ ਦਾ ਪਾਣੀ ਇਕੱਠਾ ਹੋਈ ਜਾਂਦੈ ਤਾਂ ਨਦੀਆਂ ਵਗਣ ਲੱਗ ਜਾਂਦੀਆਂ ਨੇ। ਇਸ ਵਿਚ ਖਾਸ ਗੱਲ ਹੈ ਕੀ! ਸ਼ਾਸਤਰਾਂ ਮੁਤਾਬਕ ਪਤੀ ਪਰਮੇਸਰ ਹੁੰਦੈ। ਮੇਰਾ ਕਹਿਣਾ ਮੰਨ, ਹਰਦੁਆਰ ਦੀ ਮੁਹਾਰਨੀ ਪੜ੍ਹਨੀ ਛੱਡ, ਕੰਜੂਸੀ ਦੀ ਮਾਲਾ ਜਪ। ਇਸ ਤੋਂ ਪਵਿੱਤਰ ਤੇ ਮਹਾਨ ਨਾ ਕੋਈ ਤੀਰਥ, ਨਾ ਧਰਮ, ਨਾ ਮੰਦਿਰ, ਨਾ ਭਗਤੀ, ਨਾ ਭਗਵਾਨ, ਨਾ ਮੁਕਤੀ। ਇੱਕ ਵਾਰ ਵਰਤ ਕੇ ਇਸ ਦਾ ਜ਼ਾਇਕਾ ਤਾਂ ਦੇਖ।”
ਹੱਥ ਨਚਾ ਕੇ ਸੇਠਾਣੀ ਬੋਲੀ, “ਤੁਹਾਡੇ ਪਿੱਛੇ ਲੱਗੀ ਹਾਂ ਜਦੋਂ ਦੀ, ਜਾਇਕਾ ਹੀ ਤਾਂ ਚੱਖ ਰਹੀ ਹਾਂ, ਮਰਨ ਤੱਕ ਚੱਖਦੀ ਰਹੂੰਗੀ। ਬਕਵਾਸ ਕਰਨ ਦੀ ਕੰਜੂਸੀ ਕਰ ਲੈਂਦੇ, ਮੇਰੀ ਮੁਸਬੀਤ ਟਲ ਜਾਂਦੀ। ਬਕਵਾਸ ਵੰਡਣ ਦੀ ਦਾਤ ਮੈਨੂੰ ਚੰਗੀ ਨ੍ਹੀਂ ਲਗਦੀ।”
“ਕਿਉਂ? ਬਕਵਾਸ ਕਰਨ ਨਾਲ ਕਿਹੜਾ ਦੰਦ ਘਸਦੇ ਨੇ? ਕਿਹੜਾ ਜੇਬ ਹਲਕੀ ਹੁੰਦੀ ਹੈ? ਤੇਰੇ ਜਿਹੀ ਬੇਸਮਝ ਜਨਾਨੀ ਮੈਨੂੰ ਨ੍ਹੀਂ ਲਗਦਾ ਹੋਰ ਹੋਵੇ ਕੋਈ।”
ਜਾਂਦੀ ਹੋਈ ਸੇਠਾਣੀ ਬੋਲੀ, “ਤੁਹਾਡੇ ਨਾਲ ਤਾਂ ਗੱਲ ਕਰਨ ਵਿਚ ਵੀ ਘਾਟਾ। ਅੱਗੇ ਤੋਂ ਕਦੇ ਹਰਦੁਆਰ ਦੀ ਗੱਲ ਕਰਾਂ, ਕਾਲਾ ਨਾਗ ਲੜ ਜਾਏ। ਤੁਹਾਡੇ ਨਾਲ ਜਿਉਣਾ ਵੀ ਕੋਈ ਜਿਉਣਾ ਹੈ? ਅੱਜ ਤੋਂ ਮੈਂ ਰੋਟੀ ਛੱਡੀ। ਦਸ ਦਿਨ ਬਾਅਦ ਖੂਹ ਵਿਚ ਛਾਲ ਮਾਰ ਦਿਆਂਗੀ, ਤੇਰੀ ਜ਼ਿੰਦਗੀ ਸੁਧਰੇ। ਮੇਰੇ ਮਰਨ ਪਿੱਛੋਂ ਖਰਚ ਘਟੇਗਾ ਤਾਂ ਖੁਸ਼ੀ ਦੀ ਬੰਸਰੀ ਵਜਾਉਂਦੇ ਫਿਰਿਓ!”
“ਸਮਝ ਗਿਆ, ਇਹ ਕਮਲੀ ਸਮਝੇਗੀ ਨਹੀਂ। ਹਾਂ! ਦਸ ਦਿਨ ਰੋਟੀ ਨਾ ਖਾਣ ਵਾਲੀ ਗੱਲ ਜਚਦੀ ਹੈ, ਬੱਚਤ ਹੋਵੇਗੀ। ਇਸ ਤੋਂ ਘੱਟ ਖਰਚੇ ਨਾਲ ਹਰਦੁਆਰ ਚਲਾ ਜਾਊਂਗਾ।”
ਦਸ ਦਿਨ ਆਪਣੀ ਗੱਲ ‘ਤੇ ਅੜਿਆ ਰਿਹਾ ਪਰ ਗਿਆਰਵੇਂ ਦਿਨ ਜਦੋਂ ਸੇਠਾਣੀ ਲੜਖੜਾਉਂਦੀ ਹੋਈ ਛਾਲ ਮਾਰਨ ਵਾਸਤੇ ਖੂਹ ਵੱਲ ਚੱਲੀ ਤਾਂ ਦਬੇ ਸੁਰ ਵਿਚ ਬੋਲਿਆ, “ਚੰਗਾ ਬਾਬਾ, ਤੂੰ ਜਿੱਤੀ ਮੈਂ ਹਾਰਿਆ।”
ਸੇਠਾਣੀ ਵੀ ਮੰਨ ਗਈ। ਉਲਾਂਭਾ ਦਿੱਤਾ, “ਫਿਰ ਮੈਨੂੰ ਭੁੱਖੀ ਮਾਰ ਕੇ ਕੀ ਮਿਲਿਆ? ਪਹਿਲੋਂ ਹੀ ਮੰਨ ਜਾਂਦੇ।”
ਨਾਸਤਕ ਹੋ ਕੇ ਵੀ ਆਸਤਕ ਹੋਣ ਦਾ ਪਖੰਡ ਕਰਦਿਆਂ ਬੋਲਿਆ, “ਮੰਨਣਾ, ਨਾ ਮੰਨਣਾ ਤਾਂ ਭਗਵਾਨ ਦੇ ਹੱਥ ਹੈ। ਉਸ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ। ਉਸ ਦੇ ਹੁਕਮ ਤੋਂ ਪਹਿਲਾਂ ਹਰਦੁਆਰ ਕਿਵੇਂ ਚਲਾ ਜਾਂਦਾ?”
ਸੇਠਾਣੀ ਨੇ ਭਗਵਾਨ ਨੂੰ ਯਾਦ ਕਰਕੇ ਹੱਥ ਜੋੜੇ, ਸਿਰ ਨਿਵਾਇਆ। ਫਿਰ ਲੜਖੜਾਉਂਦੀ ਰਸੋਈ ਵੱਲ ਤੁਰੀ। “ਮੈਂ ਦਲੀਆ ਬਣਾਉਂਦੀ ਹਾਂ, ਤੁਸੀਂ ਤਾਂਗਾ ਤਾਂ ਭਾੜੇ ‘ਤੇ ਕਰ ਲਿਆਉ।”
“ਤਾਂਗਾ! ਤਾਂਗਾ ਕਿਸ ਵਾਸਤੇ?”
“ਹਰਦੁਆਰ ਪੈਦਲ ਜਾਓਗੇ? ਤੁਹਾਨੂੰ ਤਾਂ ਮੇਰੀ ਪਰਵਾਹ ਨਹੀਂ, ਪਰ ਮੈਨੂੰ ਤਾਂ ਤੁਹਾਡੀ ਹੈ। ਬਿਮਾਰੀ ਤੋਂ ਮਸਾਂ ਉਠੇ ਹੋ। ਕਮਜ਼ੋਰੀ ਅਜੇ ਗਈ ਨਹੀਂ। ਪੈਦਲ ਨਹੀਂ ਜਾਣਾ। ਤਾਂਗਾ ਨਹੀਂ ਤਾਂ ਚੰਗੇ ਬਲਦਾਂ ਵਾਲਾ ਗੱਡਾ ਕਰ ਲਓ, ਆਰਾਮ ਰਹੇਗਾ।”
ਸਿਰ ਹਿਲਾਉਂਦਿਆਂ ਬਾਣੀਆ ਬੋਲਿਆ, “ਇਹ ਗੱਲ ਹੈ! ਫੇਰ ਮੈਂ ਜਾਂਦਾ ਈ ਨ੍ਹੀਂ। ਇਹ ਗੱਲ ਨ੍ਹੀਂ ਮੈਂ ਮੰਨਣੀ। ਤੀਰਥ ਜਾਣ ਵੇਲੇ ਜਿੰਨਾ ਦੁਖ ਉਠਾਓ, ਉਨਾ ਪੁੰਨ ਲਗਿਆ ਕਰਦੈ। ਤੈਨੂੰ ਤਾਂ ਖੁਸ਼ ਹੋਣਾ ਚਾਹੀਦੈ।”
“ਮਨ ਪਿੱਛੇ ਨ੍ਹੀਂ ਪੈਂਦਾ, ਤਾਂ ਕਹਿਨੀ ਆਂ। ਤੁਹਾਨੂੰ ਬੁਰੀ ਲਗਦੀ ਹੈ, ਗੱਲ ਜੋ ਮਰਜ਼ੀ ਕਰੋ। ਪਰ ਅੱਧ ਵਿਚਾਲਿਓਂ ਮੁੜ ਨਾ ਆਇਓ ਰਸਤੇ ਵਿਚੋਂ ਹੀ।”
ਮੋਢੇ ‘ਤੇ ਫਟੀ ਪੁਰਾਣੀ ਕੰਬਲੀ, ਲੱਕ ਪੁਰਾਣਾ ਪਰਨਾ ਬੰਨ੍ਹਿਆ, ਰੱਸੀ ਦੇ ਵੰਗਣੇ ਨਾਲ ਕਟੋਰਾ ਲਟਕਾ ਲਿਆ ਤੇ ਚਲ ਪਿਆ ਪੈਦਲ ਹਰਦੁਆਰ। ਪੈਰ ਜ਼ਮੀਨ ‘ਤੇ, ਜਾਂਦੇ ਜਾਂਦੇ ਨਿਗ੍ਹਾ ਦਰੱਖਤਾਂ ਦੇ ਕੰਦ ਮੂਲ, ਫਲ ਪੱਤਿਆਂ ਉਪਰ। ਤੋੜਦਾ, ਖਾ ਕੇ ਗੁਜ਼ਾਰਾ ਕਰੀ ਜਾਂਦਾ। ਬੋਝੇ ਵਿਚੋਂ ਖਰਚਾ ਕੌਣ ਕਰੇ? ਮੁਫਤ ਦਾ ਮਾਲ ਕੌਣ ਛੱਡੇ? ਪੇਟ ਵਿਚ ਥਾਂ ਨਹੀਂ ਬਚੀ, ਚੀਜ਼ ਪਰਨੇ ਵਿਚ ਬੰਨ੍ਹ ਲੈਂਦਾ।
ਲੱਛਮੀ ਵੀ ਘਰੋਂ ਪਵਣ ਰੂਪ ਹੋ ਕੇ ਸੇਠ ਦੇ ਨਾਲ ਨਾਲ ਤੁਰ ਪਈ। ਉਹ ਆਪਣੇ ਭਗਤ ਨੂੰ ਪਰਖਣਾ ਚਾਹੁੰਦੀ ਸੀ। ਸੋਚਦੀ ਸੀ, ਸੁਣਿਆ ਹੈ ਇਸ ਜਿਹਾ ਭਗਤ ਧਰਤੀ ਉਪਰ ਕੋਈ ਨਹੀਂ। ਇਹ ਤਾਂ ਕੰਜੂਸੀ ਮੁਕਾਬਲੇ ਰੱਬ ਨੂੰ ਵੀ ਕੁਝ ਨਹੀਂ ਜਾਣਦਾ। ਮੀਆਂ-ਬੀਵੀ ਦੀ ਬਹਿਸ ਲੱਛਮੀ ਨੇ ਕੰਨੀ ਸੁਣੀ ਸੀ। ਦੇਖਦੇ ਆਂ ਕਿੱਥੋਂ ਤੱਕ ਨਿਭਦੈ।
ਰਸਤੇ ਵਿਚ ਭੇਡਾਂ ਬੱਕਰੀਆਂ ਘਾਹ ਚਰਦੀਆਂ ਵੇਖੀਆਂ। ਗਿਆਨ ਤਾਂ ਕਦਮ ਕਦਮ ‘ਤੇ ਬਿਖਰਿਆ ਪਿਆ ਹੈ, ਅੱਖ ਖੁੱਲ੍ਹਣ ਦੀ ਦੇਰ ਹੈ ਬਸ। ਸੋਚਣ ਲੱਗਾ, ‘ਭੇਡਾਂ ਵਾਂਗ ਆਦਮੀ ਘਾਹ ਚਰਨ ਲੱਗੇ ਤਾਂ ਕਿੰਨੀ ਬੱਚਤ ਹੋ ਜਾਏ! ਅੰਨ ਖਾ ਖਾ ਪੇਟ ਭਰਨ ਦੀ ਬੁਰੀ ਆਦਤ ਪਤਾ ਨਹੀਂ ਕਦੋਂ ਛੁੱਟੇਗੀ।’
ਲੱਛਮੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦਿਲ ਕੀਤਾ ਭਗਤ ਦੇ ਚਰਨਾਂ ਦੀ ਧੂੜ ਮੱਥੇ ਲਾ ਲਵੇ। ਕੰਜੂਸੀ ਦੀ ਕਦਰ ਅੱਜ ਤੱਕ ਮੂਰਖ ਦੁਨੀਆਂ ਸਮਝੀ ਨਹੀਂ। ਮੇਰੇ ਕਹੇ ਅਨੁਸਾਰ ਚੱਲਣ ਵਾਲਾ ਅਵਤਾਰ ਹੁਣ ਤੱਕ ਪੈਦਾ ਹੀ ਨਹੀਂ ਸੀ ਹੋਇਆ।
ਇੱਕ ਗੱਲ ਦਾ ਸੇਠ ਨੂੰ ਹੋਰ ਗਿਆਨ ਹੋਇਆ। ਸਾਰੇ ਤੀਰਥ, ਮੰਦਿਰ, ਦੇਵੀ-ਦੇਵਤੇ ਇੱਕੋ ਥਾਂ ਹੋਇਆ ਕਰਦੇ, ਕਿੰਨਾ ਚੰਗਾ ਹੁੰਦਾ। ਅੱਡੋ ਅੱਡ ਤੀਰਥਾਂ ਦੀ ਯਾਤਰਾ ਦਾ ਕਿੰਨਾ ਖਰਚ ਬਚਦਾ। ਆਸਤਕਾਂ ਨੂੰ ਬਹੁਤੀ ਅਕਲ ਨ੍ਹੀਂ ਹੁੰਦੀ। ਜਿਸ ਬੰਦੇ ਵਿਚ ਕੰਜੂਸੀ ਦਾ ਗੁਣ ਨਹੀਂ, ਉਸ ਦਾ ਦੁਨੀਆਂ ਵਿਚ ਆਉਣਾ ਤੇ ਜਿਊਣਾ ਫਜ਼ੂਲ ਹੈ।
ਹਰਿਦੁਆਰ ਤੱਕ ਸੇਠ ਆਪਣੇ ਅਸੂਲ ‘ਤੇ ਕਾਇਮ ਰਿਹਾ। ਲੱਛਮੀ ਮੰਨ ਗਈ ਕਿ ਲੋਕਾਂ ਨੇ ਖਾਹ ਮਖਾਹ ਦਾਨ ਪੁੰਨ ਕਰਨ ‘ਤੇ ਭਾਸ਼ਣ ਦਿੱਤੇ। ਜਿਸ ਨਾਲ ਜਸ ਵਧੇ, ਉਹ ਕੰਮ ਤਾਂ ਸਾਰੇ ਈ ਕਰਦੇ ਨੇ; ਧੰਨ ਹੈ ਇਹ ਬਾਣੀਆ, ਦੁਨੀਆਂ ਦੀ ਨਿੰਦਿਆ ਤੇ ਬਦਨਾਮੀ ਤਾਂ ਬਰਦਾਸ਼ਤ ਕਰਦਾ ਹੀ ਹੈ, ਘਰ ਵਾਲੀ ਵੀ ਦਿਨ ਵਿਚ ਦਸ ਵਾਰ ਲਾਹਨਤਾਂ ਪਾਉਂਦੀ ਹੈ ਤਾਂ ਵੀ ਕੰਜੂਸੀ ਵਿਚ ਢਿੱਲ ਨਹੀਂ ਵਰਤਦਾ। ਇਸ ਦੀ ਕਰਨੀ ਦਾ ਮੁਕਾਬਲਾ ਕੌਣ ਕਰ ਸਕਦੈ? ਤਾਂ ਵੀ ਅਜੇ ਹੋਰ ਪਰਖ ਕਰਨੀ ਪਵੇਗੀ।
ਹਰਿਦੁਆਰ ਪੁਜਿਆ, ਵੱਡੇ ਵੱਡੇ ਮੰਦਿਰਾਂ ਨੂੰ ਨਫਰਤ ਨਾਲ ਦੇਖਿਆ। ਮੂਰਖ ਭਗਤਾਂ ਦੀ ਕੁਰਬਲ ਕੁਰਬਲ ਕਰਦੀ ਭੀੜ! ਲਾਲਚੀ ਪਾਂਡਿਆਂ ਦੇ ਪਖੰਡ। ਨਾਸਤਕ ਸੇਠ ਦਾ ਸ਼ੱਕ ਗੰਗਾ ਵਾਂਗ ਉਸ ਦੇ ਦਿਲ ਵਿਚ ਹਲੋਰੇ ਲੈਣ ਲੱਗਾ। ਅੰਨ੍ਹੇ ਇਨਸਾਨ ਨੇ ਧਰਮ, ਭਗਵਾਨ, ਮੰਦਿਰ, ਦੇਵੀ-ਦੇਵਤਿਆਂ ਦੇ ਨਾਂ ‘ਤੇ ਕਿੰਨਾ ਧਨ ਬਰਬਾਦ ਕੀਤਾ ਹੈ! ਇਸ ਮੂਰਖਤਾ ਦਾ ਕਿਤੇ ਅੰਤ ਨਜ਼ਰ ਵੀ ਨਹੀਂ ਆਉਂਦਾ ਦਿਸਦਾ! ਇਨ੍ਹਾਂ ਨਾਲੋਂ ਤਾਂ ਪਸੂ-ਪੰਛੀ ਚੰਗੇ, ਨਾ ਕਿਸੇ ਦੇਵੀ ਦੇਵਤੇ ਨੂੰ ਮੰਨਣ, ਨਾ ਕਿਸੇ ਮੂਰਤੀ ਅੱਗੇ ਮੱਥਾ ਟੇਕਣ!
ਪਾਂਡਿਆਂ ਦੇ ਕਾਰਨਾਮੇ ਦੇਖ ਕੇ ਜ਼ਿਆਦਾ ਸਮਾ ਖਲੋ ਨਾ ਸਕਿਆ। ਉਨ੍ਹਾਂ ਦੇ ਡਰੋਂ ਸਿੱਧਾ ਮੁਰਦਘਾਟ ਪੁੱਜਿਆ। ਉਸ ਨੂੰ ਪਰਖਣ ਲਈ ਲੱਛਮੀ ਪਾਂਡਾ ਬਣ ਕੇ ਪਿੱਛੇ ਪਹੁੰਚ ਗਈ। ਬਾਣੀਏ ਨੂੰ ਕਿਧਰੇ ਪਾਂਡਾ ਨਹੀਂ ਦਿਖਾਈ ਦਿੱਤਾ। ਕੱਪੜੇ ਪੌੜੀਆਂ ਵਿਚ ਰੱਖੇ, ਪਰਨਾ ਲੱਕ ਨਾਲ ਵਲੇਟ ਕੇ ਪਾਣੀ ਵਿਚ ਉਤਰ ਗਿਆ। ਇਸ ਅਵਤਾਰ ਦੀ ਚਰਨਛੁਹ ਪ੍ਰਾਪਤ ਕਰਕੇ ਗੰਗਾ ਜਲ ਪਵਿੱਤਰ ਹੋ ਗਿਆ। ਠੰਢੇ ਪਾਣੀ ਨਾਲ ਸਰੀਰ ਵਿਚ ਕਾਂਬਾ ਛਿੜਿਆ। ਫਿਰ ਵੀ ਪਾਣੀ ਦੀ ਛੁਹ ਚੰਗੀ ਲੱਗੀ। ਪਤਾ ਨਹੀਂ ਕਿੰਨੀਆਂ ਜੜੀਆਂ-ਬੂਟੀਆਂ ਦੀ ਛੋਹ ਇਸ ਵਿਚ ਘੁਲੀ ਹੋਈ ਹੈ। ਛੋਟੀ ਮੋਟੀ ਬਿਮਾਰੀ ਤਾਂ ਇਸੇ ਤਰ੍ਹਾਂ ਗਾਇਬ ਹੋ ਜਾਏਗੀ। ਹਿੰਮਤ ਕਰਕੇ ਪਾਣੀ ‘ਚ ਲੱਕ ਤੱਕ ਅੰਦਰ ਚਲਾ ਗਿਆ। ਤਿੰਨ ਚਾਰ ਡੁਬਕੀਆਂ ਲਾ ਕੇ ਅੱਖਾਂ ਖੋਲ੍ਹੀਆਂ। ਸਾਹਮਣੇ ਪਾਂਡਾ ਖੜ੍ਹਾ ਦੇਖ ਕੇ ਚੌਂਕ ਗਿਆ, ਪਰ ਫਿਰ ਸੰਭਲ ਗਿਆ, ਪਾਂਡਾ ਆਪਣਾ ਕੰਮ ਕਰ ਰਿਹੈ, ਕਰੇਗਾ ਈ ਕਰੇਗਾ। ਬਾਣੀਆਂ ਮੁਸਕਾਂਦਾ ਬੋਲਿਆ, “ਤੈਥੋਂ ਡਰਦਾ ਮੈਂ ਮੁਰਦਘਾਟ ਆਇਆ, ਪਰ ਤੂੰ ਇੱਥੇ ਵੀ ਮੇਰਾ ਖਹਿੜਾ ਨਹੀਂ ਛੱਡਦਾ। ਇਹ ਖੁਸ਼ੀ ਦੀ ਹੀ ਗੱਲ ਹੈ…!”
“ਪੀੜ੍ਹੀਆਂ ਦੇ ਪਾਂਡੇ ਨੂੰ ਦੇਖ ਕੇ ਤੁਹਾਡੇ ਵਰਗੇ ਜਜਮਾਨ ਖੁਸ਼ ਨਾ ਹੋਣਗੇ, ਹੋਰ ਕੌਣ ਹੋਵੇਗਾ?”
“ਲੱਛਮੀ ਦੀ ਇਸ ਭਗਤੀ ਦੀ ਮੈਂ ਸ਼ਲਾਘਾ ਕਰਦਾ ਹਾਂ, ਪਰ ਮੈਂ ਵੀ ਤੁਹਾਥੋਂ ਕਿਸੇ ਤਰ੍ਹਾਂ ਘੱਟ ਨਹੀਂ। ਤੁਸੀਂ ਵੀ ਮੇਰੀ ਲੱਛਮੀ ਭਗਤੀ ਦੇ ਬਲਿਹਾਰ ਜਾਓਗੇ।”
“ਲੱਛਮੀ ਭਗਤਾਂ ਦਾ ਹੀ ਤਾਂ ਸਾਨੂੰ ਸਹਾਰਾ ਹੈ। ਦਾਨਵੀਰ ਮੇਰੇ ਜਜਮਾਨ, ਸੱਜੇ ਹੱਥ ਨਾਲ ਮੈਨੂੰ ਸੋਨੇ ਦੀ ਮੋਹਰ ਦਾਨ ਕਰੋ। ਕਲਿਆਣ ਹੋਵੇਗਾ।”
“ਸੱਜੇ ਨਾਲ ਜਾਂ ਖੱਬੇ ਨਾਲ, ਜੋ ਆਪਣੇ ਹੱਥੀਂ ਆਪ ਮੋਹਰ ਦਾਨ ਕਰੇ, ਉਹ ਲੱਛਮੀ ਦਾ ਹਰਗਿਜ਼ ਭਗਤ ਨਹੀਂ, ਘੋਰ ਨਾਸਤਕ ਹੈ!”
“ਜੋ ਮਰਜ਼ੀ ਹੋਵੇ, ਮੈਂ ਤੁਹਾਡੇ ਹੱਥੋਂ ਸੋਨੇ ਦੀ ਮੋਹਰ ਲੈ ਕੇ ਰਹਾਂਗਾ।”
ਦਿਲ ਖੋਲ੍ਹ ਕੇ ਬਾਣੀਏ ਨੂੰ ਗੱਲ ਕਰਨ ਦਾ ਮੌਕਾ ਪਹਿਲੀ ਵਾਰ ਮਿਲਿਆ। ਬੋਲਿਆ, “ਪਾਗਲ ਤਾਂ ਨਹੀਂ ਹੋ ਗਿਆ? ਮੈਂ ਤਾਂ ਇੱਕ ਕੰਕਰ ਨਹੀਂ ਦਿੰਦਾ ਕਿਸੇ ਨੂੰ। ਮੰਗਣਾ ਤੇਰਾ ਧਰਮ, ਇਨਕਾਰ ਕਰਨਾ ਮੇਰਾ। ਦੋਹਾਂ ਨੂੰ ਇੱਕ ਦੂਜੇ ਦਾ ਆਦਰ ਕਰਨਾ ਚਾਹੀਦੈ। ਤੁਹਾਨੂੰ ਦੇਖ ਕੇ ਮੈਂ ਖੁਸ਼ ਹੋਇਆਂ, ਮੈਨੂੰ ਦੇਖ ਕੇ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ।”
ਪਾਂਡੇ ਦੇ ਰੂਪ ਵਿਚ ਲੱਛਮੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ! ਪਰ ਉਸ ਨੇ ਆਪਣੀ ਖੁਸ਼ੀ ਜਾਹਰ ਨਹੀਂ ਹੋਣ ਦਿੱਤੀ। ਨਿਮਰਤਾ ਨਾਲ ਕਹਿਣ ਲੱਗਾ, “ਕੋਰੀ ਖੁਸ਼ੀ ਨਾਲ ਢਿੱਡ ਨਹੀਂ ਭਰਦਾ ਜਜਮਾਨ! ਕੁਝ ਨਾ ਕੁਝ ਲਏ ਬਿਨਾ ਮੈਂ ਕਿਹੜਾ ਜਾਣ ਵਾਲਾ ਹਾਂ। ਚਲ ਸੋਨੇ ਦੀ ਮੋਹਰ ਨਾ ਸਹੀ, ਚਾਂਦੀ ਦਾ ਰੁਪੱਈਆ ਦੇ ਦੇਹ। ਜੇ ਇਸ ਦਾ ਵੀ ਮਨ ਨ੍ਹੀਂ ਮੰਨਦਾ, ਤਾਂਬੇ ਦਾ ਹੀ ਦੇ ਦੇਹ।”
ਪਾਂਡੇ ਨੂੰ ਥਾਪੀ ਦੇ ਕੇ ਬਾਣੀਆ ਬੋਲਿਆ, “ਸ਼ਾਬਾਸ਼! ਡਟੇ ਰਹੋ ਇਸੇ ਤਰ੍ਹਾਂ। ਜਦ ਤੱਕ ਮੂੰਹ ‘ਚ ਜ਼ਬਾਨ ਚਲਦੀ ਹੈ, ਚਲਾਈ ਚੱਲੋ, ਮੰਗੀ ਜਾਓ। ਗੰਗਾ ਦੇ ਪਵਿੱਤਰ ਘਾਟ ਉਪਰ ਤੁਹਾਡੀ ਲੱਛਮੀ ਭਗਤੀ ਦੇਖ ਕੇ ਮਨ ਦੀ ਕਲੀ ਕਲੀ ਖਿੜ ਗਈ। ਮੈਨੂੰ ਤਾਂ ਲਗਦੈ ਸਾਰੇ ਤੀਰਥ, ਧਾਮ, ਧਰਮ ਦਾ ਸਾਰ ਪੈਸੇ ਦੀ ਲੁੱਟ ਖਸੁੱਟ ਹੈ, ਹੋਰ ਕੱਖ ਨਹੀਂ।”
“ਭਗਤੀ ਤੇ ਧਰਮ ਦੀ ਨਿੰਦਿਆ ਕਰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਪਤਾ ਨਹੀਂ, ਮੈਂ ਸਿੱਧ ਪਾਂਡਾ ਹਾਂ।”
“ਧੰਨ ਹੋ। ਮੇਰਾ ਵੀ ਤੁਹਾਨੂੰ ਪਤਾ ਨਹੀਂ, ਸਿੱਧ ਬਾਣੀਆ ਹਾਂ।”
“ਤੇਰੀ ਜਾਤ ਹੀ ਨਿਕੰਮੀ ਹੈ। ਡਰ ਬਿਨਾ ਤੇਰੇ ਪੇਚ ਢਿੱਲੇ ਨਹੀਂ ਹੋਣੇ।”
“ਗੰਗਾ ਦਾ ਵਗਦਾ ਪਾਣੀ ਡਰਦਾ ਹੋਵੇ ਕਿਸੇ ਤੋਂ, ਤਾਂ ਬਾਣੀਆ ਡਰੇ!”
ਚਿਹਰੇ ਉਪਰ ਡਰ ਦਾ ਪਰਛਾਵਾਂ ਤੱਕ ਕਿੱਧਰੇ ਨਹੀਂ। ਆਪਣੇ ਭਗਤ ਦੀ ਦ੍ਰਿੜ੍ਹਤਾ ਦੇਖ ਕੇ ਲੱਛਮੀ ਬੜੀ ਖੁਸ਼ ਹੋਈ, ਪਰ ਇਹਨੂੰ ਅਜੇ ਤਾਂ ਆਖਰੀ ਸਾਹ ਤੱਕ ਪਰਖਣਾ ਹੈ। ਮੇਰੀ ਭਗਤੀ ਵਿਚ ਕੀ ਇਹ ਜਾਨ ਤੱਕ ਵਾਰ ਸਕਦਾ ਹੈ? ਗੁੱਸੇ ਵਿਚ ਅੱਖਾਂ ਲਾਲ ਕਰਕੇ ਪੰਡਿਤ ਨੇ ਪਾਣੀ ਦੀ ਉਂਗਲੀ ਭਰੀ, ਗੱਜ ਕੇ ਕਿਹਾ, “ਇਹ ਪਾਣੀ ਤੇਰੇ ਉਪਰ ਸੁੱਟਾਂਗਾ, ਤੂੰ ਭਸਮ ਹੋ ਜਾਏਗਾ…ਬੋਲ ਕੁਝ ਦਏਂਗਾ ਕਿ ਨਹੀਂ?”
ਬਾਣੀਆ ਕਿੱਥੇ ਡਰਨ ਵਾਲਾ! ਕਹਿਣ ਲੱਗਾ, “ਸਾਰਿਆਂ ਨੇ ਮਰਨਾ ਹੈ ਇੱਕ ਦਿਨ, ਘਬਰਾਉਣਾ ਕਿਸ ਵਾਸਤੇ? ਜਿਉਂਦੇ ਜੀਅ ਆਦਮੀ ਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਅਸੀਂ ਬਾਣੀਏ ਜਿਹੋ ਜਿਹੇ ਵੀ ਹਾਂ, ਸੋ ਹਾਂ, ਪਰ ਤੁਸੀਂ ਬਾਹਮਣ ਕਿਹੜਾ ਘੱਟ ਹੋ? ਪੈਸੇ ਵਾਸਤੇ ਤੁਸੀਂ ਆਦਮੀ ਨੂੰ ਮਾਰ ਸਕਦੇ ਹੋ, ਪੈਸੇ ਵਾਸਤੇ ਮੈਂ ਮਰਨ ਲਈ ਤਿਆਰ ਹਾਂ। ਕਿਸੇ ਨੂੰ ਮਾਰਨ ਦੀ ਥਾਂ ਮੈਂ ਮਰਨਾ ਪਸੰਦ ਕਰਦਾ ਹਾਂ।”
“ਅੱਛਾ, ਖੈਰ ਕੋਈ ਗੱਲ ਨਹੀਂ। ਆਪਾਂ ਦੋਵੇਂ ਇੱਕੋ ਜਿਹੇ ਹਾਂ। ਲਿਆ ਇੱਕ ਚੁਟਕੀ ਮਿੱਟੀ ਦੇ ਦੇਹ। ਮੇਰੇ ਲਈ ਇਹੋ ਬਹੁਤ। ਆਪਣਾ ਦੋਹਾਂ ਦਾ ਧਰਮ ਨਿਭ ਜਾਏਗਾ।”
“ਪਾਗਲ ਹੋਏ ਹੋ? ਦੇਣ ਦੀ ਗੱਲ ਕਰਦੇ ਹੋ? ਮੈਂ ਤਾਂ ਕਿਸੇ ਨੂੰ ਗਾਲ੍ਹ ਵੀ ਨਹੀਂ ਦਿੰਦਾ, ਤੁਸੀਂ ਚੁਟਕੀ ਮਿੱਟੀ ਦੀ ਮੰਗਦੇ ਹੋ! ਇਹ ਤਾਂ ਵੱਡੀ ਮੰਗ ਕਰ ਲਈ ਹੈ।”
ਪਾਂਡੇ ਦੀ ਹਾਲਤ ਖਰਾਬ ਹੋ ਗਈ। ਹੁਣ ਕੀ ਕਰੇ? ਹੱਥ ਜੋੜ ਕੇ ਬੋਲਿਆ, “ਸੇਠ ਸਵੇਰੇ ਸਵੇਰੇ ਨਾਂਹ ਨਾ ਕਰੋ। ਬੋਹਣੀ ਦਾ ਵੇਲਾ ਹੈ। ਅੱਛਾ, ਇੱਥੇ ਤਾਂ ਇੱਕ ਚੁਟਕੀ ਮਿੱਟੀ ਦੀ ਵੀ ਨਹੀਂ ਦੇਣੀ, ਪਰ ਪਿੰਡ ਜਾ ਕੇ ਤਾਂ ਇੱਕ ਸੀਧਾ (ਰਾਸ਼ਣ) ਦੇ ਦਿਉਗੇ? ਇੱਕ ਸੀਧੇ ਦੀ ਹਾਮੀ ਭਰ ਦਿਉ। ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਮਨਜ਼ੂਰ ਕਰੋ।”
ਪਾਂਡੇ ਦਾ ਹਠ ਦੇਖ ਕੇ ਬਾਣੀਆਂ ਖੁਸ਼ ਹੋਇਆ। ਸੋਚਿਆ, ਇੱਕ ਸੀਧਾ ਲੈਣ ਵਾਸਤੇ ਕੌਣ ਸੌ ਕੋਹ ਦੂਰ ਪਿੰਡ ਆਊਗਾ? ਜੇ ਹਾਂ ਕਰ ਦਿਆਂ ਤਾਂ ਮੇਰੀ ਜੇਬ ਵਿਚੋਂ ਕੀ ਜਾਂਦਾ ਹੈ? ਏਡੀ ਦੂਰ ਆਉਣ-ਜਾਣ ਵਿਚ ਹੀ ਇਸ ਦੇ ਸੌ ਸੀਧੇ ਲੱਗ ਜਾਣਗੇ। ਪਾਂਡੇ ਨੂੰ ਥਾਪੀ ਦੇ ਕੇ ਕਹਿੰਦਾ, “ਸਾਰੀ ਉਮਰ ਪਹਿਲੀ ਵਾਰ ਕਿਸੇ ਆਦਮਜਾਤ ਨੇ ਖੁਸ਼ ਕੀਤਾ। ਸਿਰਫ ਸੀਧਾ ਲੈਣ ਮੇਰੇ ਪਿੰਡ ਆਏਂ, ਸੀਧਾ ਜ਼ਰੂਰ ਦਿਆਂਗਾ।”
ਪੂਰਾ ਯਕੀਨ ਸੀ ਕਿ ਇੰਨੀ ਦੂਰ ਮਗਜ਼ ਮਾਰਦਾ, ਪੈਂਡਾ ਕੱਟਦਾ ਕਿਹੜਾ ਪਿੰਡ ਆਏਗਾ? ਬੋਹਣੀ ਵਾਸਤੇ ਵਿਚਾਰਾ ਤਰਲੇ ਕਰਕੇ ਹਾਂ ਕਰਵਾਉਣੀ ਚਾਹ ਰਿਹਾ ਹੈ। ਇਸ ਵਾਸਤੇ ਕੀ ਇਨਕਾਰ ਕਰਨਾ? ਹਾਂ ਹਾਂ ਕਰਦੇ ਦੋਵੇਂ ਖੁਸ਼ ਹੋ ਗਏ। ਫਿਰ ਵੀ ਬਾਣੀਏ ਨੇ ਕਿਹਾ, “ਮੈਂ ਸੀਧਾ ਦੇਣ ਦੀ ਹਾਂ ਕੀਤੀ ਹੈ, ਦਿੱਤਾ ਨਹੀਂ। ਮੈਨੂੰ ਤਾਂ ਇਸ ‘ਦੇਣ’ ਸ਼ਬਦ ਤੋਂ ਖਿਝ ਚੜ੍ਹ ਜਾਂਦੀ ਹੈ।”
ਪਾਂਡਾ ਅਸੀਸ ਦਿੰਦਾ ਬੋਲਿਆ, “ਇੱਕੋ ਗੱਲ ਹੈ। ਮੈਂ ਵੀ ਤੁਹਾਡੇ ਤੋਂ ਹਾਂ ਲਈ ਹੈ। ਸੱਚ ਕਹਾਂ, ਲੈਣ ਸ਼ਬਦ ਤੋਂ ਵੱਧ ਮਿੱਠਾ ਤਾਂ ਮੈਨੂੰ ਰਾਮ ਦਾ ਨਾਮ ਵੀ ਨਹੀਂ ਲਗਦਾ। ਰਾਮ ਦੀ ਮਹਿਮਾ ਇਸ ਲਈ ਗਾਉਂਦੇ ਹਾਂ, ਉਸ ਦੇ ਨਾਮ ‘ਤੇ ਲੋਕ ਕੁਝ ਦੇ ਦਿੰਦੇ ਹਨ।”
ਪਾਂਡੇ ਤੋਂ ਖਹਿੜਾ ਛੁਡਾ ਕੇ ਕੰਦਮੂਲ, ਫਲ ਆਦਿਕ ਤੋੜ ਤੋੜ ਖਾਂਦਾ ਖਾਂਦਾ ਬਾਣੀਆ ਪਿੰਡ ਵੱਲ ਤੁਰ ਪਿਆ। ਤੀਰਥ ਯਾਤਰਾ ਦੇ ਨਵੇਂ ਤਜਰਬੇ ਨਾਲ ਉਸ ਦਾ ਮਾਇਆ ਵਿਚ ਵਿਸ਼ਵਾਸ ਹੋਰ ਪੱਕਾ ਹੋ ਗਿਆ।
ਦੇਖਿਆ, ਰਸਤੇ ਵਿਚ ਮਰੇ ਪਸ਼ੂ ਨੂੰ ਗਿਰਝਾਂ ਨੋਚ ਰਹੀਆਂ ਸਨ। ਹੋਠਾਂ ‘ਤੇ ਮੁਸਕਾਨ ਤੈਰ ਆਈ, ਜਿਵੇਂ ਸੂਰਜ ਚੜ੍ਹ ਗਿਆ ਹੋਵੇ, ਇਹੋ ਜਿਹੀ ਅਜੀਬ ਮੁਸਕਾਨ! ਭੋਜਨ ਕਰਨ ਵਾਸਤੇ ਆਦਮੀ ਕਿੰਨੀਆਂ ਮੁਸੀਬਤਾਂ ਝਲਦਾ ਹੈ। ਖੇਤੀਬਾੜੀ, ਪੀਹਣਾ, ਪਕਾਣਾ, ਮਿਰਚ ਮਸਾਲਾ, ਪਤਾ ਨਹੀਂ ਕੀ ਕੀ। ਕੇਹਾ ਚੰਗਾ ਹੁੰਦਾ ਇਨ੍ਹਾਂ ਪੰਛੀਆਂ ਵਾਂਗ ਆਦਮੀ ਆਪਣਾ ਪੇਟ ਭਰ ਸਕਦਾ। ਸਾਰਾ ਪੈਸਾ ਰਸੋਈ ਦੇ ਧੂੰਏਂ ਵਿਚ ਦੀ ਉਡ ਜਾਂਦੈ।
ਤੀਰਥ ਯਾਤਰਾ ਪੂਰੀ ਕਰਕੇ ਆਖਰ ਘਰ ਪੁੱਜਾ। ਸੇਠਾਣੀ ਥਾਲ ਵਿਚ ਨਾਰੀਅਲ, ਸੰਧੂਰ, ਗੁੜ ਅਤੇ ਘਿਉ ਦਾ ਦੀਵਾ ਬਾਲ ਕੇ ਆਰਤੀ ਉਤਾਰਨ ਅੱਗੇ ਵਧੀ। ਬਾਣੀਏ ਨੇ ਅੱਖਾਂ ਕੱਢ ਕੇ ਕਿਹਾ, “ਰਾਮ ਜਾਣੇ ਤੈਨੂੰ ਕਦੇ ਅਕਲ ਆਏਗੀ ਵੀ ਕਿ ਨਹੀਂ। ਇਸ ਤਰ੍ਹਾਂ ਬੇਕਾਰ ਘਿਉ ਜਲਾਣ ਦਾ ਕੀ ਫਾਇਦਾ? ਅਰ ਆਹ ਸੰਧੂਰ…!”
ਸੇਠਾਣੀ ਦੇ ਹੱਥ ਕੰਬੇ, “ਬੱਸ ਕਰੋ ਬੱਸ। ਤੀਰਥ ਯਾਤਰਾ ਦਾ ਵੀ ਕੋਈ ਅਸਰ ਨਹੀਂ? ਹੇ ਭਗਵਾਨ!”
“ਭਗਵਾਨ ਦੀ ਮਾਸੀ, ਤੂੰ ਨਾਲ ਜਾਂਦੀ, ਖੁਦ ਦੇਖ ਲੈਂਦੀ, ਸਾਰੇ ਪਾਸੇ ਪੈਸੇ ਬਟੋਰਨ ਦਾ ਜਾਲ ਵਿਛਿਆ ਹੋਇਆ ਹੈ। ਗੰਗਾ ਜਾਣੈ, ਜਾਓ, ਠੀਕ ਹੈ, ਪਰ ਹਰ ਪਾਸੇ ਪੈਸੇ ਦੀ ਲੁੱਟ ਖਸੁੱਟ। ਤੀਰਥ, ਧਰਮ, ਭਗਵਾਨ, ਮੁਕਤੀ, ਸਭ ਬਹਾਨੇ। ਸੇਠਾਣੀ ਦਾ ਮੱਥਾ ਠਣਕਿਆ, ਬੋਲੀ, “ਪਾਂਡਿਆਂ ਨੂੰ ਕੁਝ ਦੱਖਣਾ ਬੱਖਣਾ ਦਿੱਤੀ ਕਿ ਨਹੀਂ?”
“ਤੈਨੂੰ ਪਤਾ ਨਹੀਂ ਕੁਝ ਦੇਣਾ ਮੇਰੇ ਵਾਸਤੇ ਕਿੱਡਾ ਪਾਪ ਹੈ? ਫੇਰ ਵੀ ਇਹ ਸੋਚ ਕੇ ਕਿ ਤੂੰ ਬੁੜਬੁੜ ਕਰੇਂਗੀ, ਲਿਹਾਜ ਸਦਕਾ ਪਾਂਡੇ ਨੂੰ ਇੱਕ ਸੀਧੇ ਦੀ ਹਾਂ ਕਰ ਆਇਆਂ।”
ਉਹ ਦੰਗ ਰਹਿ ਗਈ, “ਇੰਨੀ ਦੂਰ ਸੀਧਾ ਲੈਣ ਲਈ ਅਕਲ ਦਾ ਅੰਨ੍ਹਾ ਹੀ ਆਏਗਾ। ਚਲੋ ਹਾਂ ਕਰਨ ਨਾਲ ਤੁਹਾਡਾ ਕੀ ਘਟਿਆ।”
ਪਰ ਉਸ ਅਕਲ ਦੇ ਅੰਨ੍ਹੇ ਪਾਂਡੇ ਨੂੰ ਕਿਤੇ ਆਉਣ-ਜਾਣ ਦੀ ਲੋੜ ਹੀ ਨਹੀਂ ਸੀ। ਉਹ ਤਾਂ ਉਸ ਦੇ ਘਰ ਵਿਚ ਹੀ ਵਸਦਾ ਸੀ! ਪੰਜਵੇਂ ਦਿਨ ਪਾਂਡਾ ਆ ਧਮਕਿਆ। ਬਾਹਰ ਚਬੂਤਰੇ ‘ਤੇ ਬੈਠੀ, ਚਿਲਮ ਦੀ ਰਾਖ ਨਾਲ ਸੇਠਾਣੀ ਦੰਦਾਂ ‘ਤੇ ਮੰਜਨ ਕਰ ਰਹੀ ਸੀ। ਰਾਮ ਰਾਮ ਕਰਨ ਬਾਅਦ ਪਾਂਡੇ ਨੇ ਪੁੱਛਿਆ, “ਸੇਠ ਜੀ ਕਿੱਥੇ ਨੇ?”
ਮੰਜਨ ਕਰਦੀ ਕਰਦੀ ਬੋਲੀ, “ਕੀ ਕੰਮ ਹੈ?”
ਸੀਧੇ ਦੀ ਗੱਲ ਸੁਣਨ ਸਾਰ ਉਸ ਦੀਆਂ ਅੱਖਾਂ ਅਸਮਾਨੀ ਚੜ੍ਹ ਗਈਆਂ। ਗੌਰ ਨਾਲ ਦੇਖਦੀ ਹੋਈ ਹੈਰਾਨੀ ਨਾਲ ਪੁੱਛਣ ਲੱਗੀ, “ਹਰਿਦੁਆਰ ਤੋਂ ਸੀਧਾ ਲੈਣ ਆਏ ਹੋ? ਧੰਨ ਹੋ! ਤੁਸੀਂ ਕਿਹੜਾ ਸੇਠ ਤੋਂ ਘੱਟ ਹੋ!”
ਸੇਠਾਣੀ ਵਾੜੇ ਵਿਚ ਗਈ, ਜਿੱਥੇ ਸੇਠ ਨੇਰ੍ਹੀ ਵਿਚ ਉਡ ਕੇ ਆਇਆ ਘਾਹ ਫੂਸ ਰਸੋਈ ਵਾਸਤੇ ਇਕੱਠਾ ਕਰਨ ਲੱਗਾ ਹੋਇਆ ਸੀ। ਸੇਠਾਣੀ ਦੀ ਕੰਬਦੀ ਅਵਾਜ਼ ਸੁਣੀ, “ਗੱਲ ਸੁਣਦੇ ਹੋ? ਸੀਧਾ ਲੈਣ ਵਾਸਤੇ ਤੁਹਾਡਾ ਉਹ ਪਾਂਡਾ ਦਰਵਾਜੇ ‘ਤੇ ਖੜ੍ਹਾ ਹੈ। ਬੇਚਾਰਾ ਕਿੰਨੀ ਦੂਰੋਂ ਲੱਤਾਂ ਘਸੀਟਦਾ ਆਇਐ। ਜਲਦੀ ਸੀਧਾ ਦਿਉ ਤੇ ਵਿਦਾ ਕਰੋ।”
ਲਾਲਾ ਹੱਕਾ-ਬੱਕਾ! ਦਿਲ ਵਿਚ ਆਇਆ ਕਿ ਇਸ ਫਰਿਸ਼ਤੇ ਦੇ ਦਰਸ਼ਨ ਕੀਤੇ ਜਾਣ, ਪਰ ਫੇਰ ਸੀਧਾ ਦੇਣਾ ਪੈਣੈ। ਹਾਰ ਕਿਵੇਂ ਮੰਨੇ? ਭੋਲਿਆ, “ਕਹਿ ਦੇ ਸੇਠ ਦੇ ਪੇਟ ਵਿਚ ਜਬਰਦਸਤ ਦਰਦ ਹੋ ਰਿਹੈ। ਕੱਲ੍ਹ ਆਈਂ। ਸਾਡੀ ਜਾਨ ਨਿਕਲ ਰਹੀ ਹੈ ਤੈਨੂੰ ਸੀਧੇ ਦੀ ਪਈ ਹੈ!”
“ਮਾਮੂਲੀ ਸੀਧੇ ਵਾਸਤੇ ਕਿਉਂ ਬਹਾਨੇ ਘੜਦੇ ਹੋ? ਬੇਚਾਰਾ ਸੌ ਕੋਹ ਤੋਂ ਆਸ ਲੈ ਕੇ ਆਇਆ ਹੈ। ਨਾਲੇ ਖਾਨਦਾਨੀ ਪਾਂਡਾ ਹੈ, ਉਸ ਨਾਲ ਧੋਖਾ ਠੀਕ ਨਹੀਂ।:
ਤੀਲੇ ਡੱਕੇ ਚੁਗਦਾ ਚੁਗਦਾ ਸੇਠ ਬੋਲਿਆ, “ਤੈਨੂੰ ਸਮਝ ਨਹੀਂ। ਜੋ ਕਹੀ ਜਾਨਾ ਕਰੀ ਚੱਲ। ਤੈਂ ਵਾਦਾ ਕੀਤਾ ਸੀ ਕਿ ਹਰਿਦੁਆਰ ਤੋਂ ਆਉਣ ਬਾਅਦ ਤੂੰ ਮੇਰਾ ਆਖਾ ਮੰਨਿਆ ਕਰੇਂਗੀ। ਬੇਕਾਰ ਬਹਿਸ ਨਾ ਕਰ। ਜੋ ਮੈਂ ਦੱਸਿਆ, ਕਹਿ ਦੇ। ਤੈਨੂੰ ਲਗਦੈ ਸੀਧਾ ਮਾਮੂਲੀ ਚੀਜ਼ ਹੁੰਦੀ ਐ। ਜਿਸ ਸੀਧੇ ਖਾਤਰ ਉਹ ਸੌ ਕੋਹ ਚੱਲ ਕੇ ਆਇਐ, ਤੇਰਾ ਖਿਆਲ ਐ ਮੈਂ ਘਰ ਬੈਠਾ ਬੈਠਾ ਫੜਾ ਦਿਆਂ? ਪਾਗਲ ਨ੍ਹੀਂ ਹੋਇਆ ਮੈਂ। ਦੋ ਅਵਤਾਰਾਂ ਦੀ ਲੜਾਈ ਹੋਣ ਲੱਗੀ ਹੈ, ਦੇਖੀ ਚੱਲ ਕਿ ਕੌਣ ਜਿਤਦਾ, ਕੌਣ ਹਾਰਦਾ। ਦੁਨੀਆਂ ਫਤਿਹ ਕਰਨ ਨਾਲੋਂ ਔਖਾ ਕੰਮ ਐ ਇਹ! ਕਿਤੇ ਅੰਦਰ ਈ ਨਾ ਲੰਘ ਆਏ!”
ਪੇਟ ਦਰਦ ਦੀ ਗੱਲ ਸੁਣ ਕੇ ਪਾਂਡਾ ਕਹਿੰਦਾ, “ਚਿੰਤਾ ਦੀ ਕੀ ਗੱਲ? ਇਸ ਦਾ ਇਲਾਜ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ। ਇੱਕ ਚੁਟਕੀ ਨਾਲ ਠੀਕ ਕਰ ਦਿੰਨਾ।”
ਸੇਠਾਣੀ ਬੋਲੀ, “ਸੇਠ ਜੀ ਕਿਸੇ ਹੋਰ ਤੋਂ ਇਲਾਜ ਨ੍ਹੀਂ ਕਰਵਾਉਂਦੇ, ਚਾਹੇ ਧਨਵੰਤਰੀ ਵੈਦ ਆ ਜਾਵੇ।”
“ਕੋਈ ਗੱਲ ਨ੍ਹੀਂ, ਰਾਮ ਖੈਰ ਵਰਤਾਉਣ, ਮੈਂ ਕੱਲ੍ਹ ਨੂੰ ਪਤਾ ਲੈਣ ਆ ਜਾਊਂਗਾ।”
ਅਗਲੇ ਦਿਨ ਪਾਂਡਾ ਪਤਾ ਲੈਣ ਆਇਆ। ਘਰ ਵਿਚ ਰੋਣ, ਪਿਟ ਸਿਆਪਾ ਹੋ ਰਿਹਾ ਸੀ। ਛਾਤੀ ਕੁਟਦੀ ਸੇਠਾਣੀ ਉਚੀ ਉਚੀ ਰੋ ਰਹੀ ਸੀ। ਸੇਠ ਦੇ ਆਪਣੀ ਤਾਂ ਕੋਈ ਔਲਾਦ ਨਹੀਂ ਸੀ, ਭਤੀਜਾ ਭੱਜਾ ਆਇਆ। ਆਉਣ ਸਾਰ ਮੌਤ ਦਾ ਭੇਦ ਖੁੱਲ੍ਹ ਗਿਆ। ਸੇਠ ਨੇ ਸਮਝਾਇਆ, “ਬੇਟੇ ਮੇਰੀ ਇੱਜਤ ਹੁਣ ਤੇਰੇ ਹੱਥ। ਕਿਤੇ ਪਾਂਡੇ ਤੋਂ ਹਰਾ ਨਾ ਦੇਈਂ। ਮਰਨਾ ਕਬੂਲ, ਆਪਣਾ ਧਰਮ ਨ੍ਹੀਂ ਛੱਡੀਦਾ। ਆਪਣੇ ਘਰਾਣੇ ਦਾ ਨੱਕ ਨਾ ਕਟ ਜਾਵੇ। ਆਦਮੀ ਦਾ ਸਭ ਤੋਂ ਵੱਡਾ ਗੁਣ ਕੰਜੂਸੀ ਹੈ।”
ਭਤੀਜਾ ਰੋਂਦਾ ਰੋਂਦਾ ਬਾਹਰ ਆਇਆ, ਬੋਲਿਆ, “ਚਾਚਾ ਜੀ ਚੱਲ ਵਸੇ।” ਧਾਹਾਂ ਮਾਰ ਮਾਰ ਰੋਣ ਲੱਗਾ। ਫਿਰ ਪਾਂਡੇ ਨੂੰ ਕਿਹਾ, “ਤੁਹਾਨੂੰ ਬੜੀ ਤਕਲੀਫ ਹੋਈ, ਪਰ ਮੌਤ ਅੱਗੇ ਕਿਸ ਦਾ ਜ਼ੋਰ? ਹੁਣ ਸੀਧਾ ਕਿਵੇਂ ਦੇਈਏ? ਹਰਿਦੁਆਰ ਜਾਓ, ਉਥੇ ਦੇ ਆਵਾਂਗੇ ਫੁੱਲ ਪਾਉਣ ਗਏ ਤਾਂ।”
ਅੱਖਾਂ ਵਿਚ ਹੰਝੂ ਲਟਕਾ ਕੇ ਪਾਂਡਾ ਬੋਲਿਆ, “ਇਹ ਕਿਵੇਂ ਹੋ ਸਕਦੈ? ਸੇਠ ਮੇਰਾ ਖਾਸ ਜਜਮਾਨ ਸੀ। ਸੀਧੇ ਨੂੰ ਮਾਰੋ ਗੋਲੀ। ਉਹ ਮਰ ਗਏ, ਮੈਨੂੰ ਏਨਾ ਨੀਚ ਸਮਝਦੇ ਹੋ ਕਿ ਦਾਹ ਸਸਕਾਰ ਕਰਵਾਏ ਬਿਨਾ ਚਲਾ ਜਾਵਾਂ? ਕਿਰਿਆ ਕਰਕੇ ਜਾਊਂਗਾ।”
ਭਤੀਜਾ ਰੋਂਦਾ ਰੋਂਦਾ ਅੰਦਰ ਗਿਆ। ਸਾਰੀ ਗੱਲ ਦੱਸੀ। ਸੁਣ ਕੇ ਸੇਠ ਜੋਸ਼ ਵਿਚ ਆ ਗਿਆ, ਬੋਲਿਆ, “ਬੇਟੇ ਡਰਦਾ ਕਿਉਂ ਹੈਂ? ਪਾਂਡੇ ਦੇ ਕਹੇ ਕਹਾਏ ਸੀਧਾ ਦੇ ਦਿਆਂ, ਮਾਂ ਦੇ ਦੁੱਧ ਨੂੰ ਲਾਜ ਲੱਗੇਗੀ। ਤੂੰ ਫਿਕਰ ਨਾ ਕਰ। ਮੈਨੂੰ ਜਿਉਂਦੇ ਨੂੰ ਅੱਗ ਲਾ ਦਿਉ, ਪਰਵਾਹ ਨੀ, ਪਰ ਮੇਰਾ ਸਿਰ ਇਸ ਪਾਂਡੇ ਅੱਗੇ ਝੁਕਣਾ ਨ੍ਹੀਂ ਚਾਹੀਦਾ। ਮੈਂ ਦੁਨੀਆਂ ਨੂੰ ਦਸ ਦਊਂਗਾ, ਮੈਂ ਕੀ ਹੁੰਨਾਂ। ਤੁਸੀਂ ਕਿਰਿਆ ਦੀ ਤਿਆਰੀ ਕਰਕੇ ਰੋਂਦੇ ਰੋਂਦੇ ਮੈਨੂੰ ਸ਼ਮਸ਼ਾਨਘਾਟ ਲੈ ਚੱਲੋ। ਰਸਤੇ ਵਿਚ ਕੋਈ ਗੱਲ ਪੁੱਛਣ ਨਾ ਲੱਗ ਜੀਂ ਕਿਤੇ। ਪਾਂਡੇ ਨੂੰ ਸ਼ੱਕ ਹੋ ਜਾਣੈ ਫਿਰ।”
ਚਾਚੇ ਦੀ ਜ਼ਿੱਦ ਅੱਗੇ ਭਤੀਜੇ ਦੀ ਕੀ ਔਕਾਤ? ਅਰਥੀ ‘ਤੇ ਲਿਟਾ ਕੇ ਭਤੀਜਾ ਉਪਰ ਚਾਦਰ ਪਾਉਣ ਵਾਸਤੇ ਨਵਾਂ ਥਾਨ ਪਾੜਨ ਲੱਗਾ ਹੀ ਸੀ ਕਿ ਸੇਠ ਨੂੰ ਗੁੱਸਾ ਆ ਗਿਆ, “ਓ ਪਾਗਲ, ਕੋਈ ਪੁਰਾਣਾ ਕੱਪੜਾ ਪਾ ਦੇਹ। ਨਵਾਂ ਖਰਾਬ ਕਰਨੈ?”
ਭਤੀਜਾ ਹੰਝੂ ਪੂੰਝਦਾ ਬੋਲਿਆ, “ਠੀਕ ਐ ਚਾਚਾ।”
ਸੇਠਾਣੀ ਗੁੱਸੇ ਵਿਚ ਬੋਲੀ, “ਤੈਨੂੰ ਲਗਦੈ ਮੁੰਡਿਆ ਇਹ ਮੁਫਤ ਦਾ ਮਾਲ ਤੇਰਾ ਹੀ ਹੈ, ਸੋ ਇਹੋ ਜਿਹੀ ਗੱਲ ਮੰਨੇਗਾ ਹੀ ਤੂੰ।”
ਸੇਠ ਦਾ ਹਠ ਦੇਖ ਕੇ ਘਰ ਵਾਲੇ ਸਾਰੇ ਰੋਣ ਲੱਗੇ। ਉਸ ਨੇ ਵੀ ਇੱਜਤ ਰੱਖਣ ਲਈ ਜਿਉਂਦੇ ਜੀਅ ਸੜਨ ਦਾ ਫੈਸਲਾ ਕਰ ਲਿਆ, ਪਰ ਮਨ ਨੂੰ ਕਿਵੇਂ ਸਮਝਾਏ? ਘਰਦਿਆਂ ਨੂੰ ਪਹਿਲੋਂ ਹੀ ਧਮਕੀ ਦੇ ਰੱਖੀ ਸੀ ਕਿ ਜੇ ਕਿਸੇ ਨੇ ਮੇਰੇ ਪ੍ਰਣ ਵਿਚ ਵਿਘਨ ਪਾਉਣ ਦੀ ਸੋਚੀ, ਮੈਂ ਖੂਹ ਵਿਚ ਛਾਲ ਮਾਰ ਦਿਆਂਗਾ। ਜਿਊਣ ਦਾ ਧਿਰਗ ਤਾਂ ਫਿਰ ਰਹੇਗਾ ਈ ਨਹੀਂ! ਉਸ ਸੂਰਬੀਰ ਦੇ ਹਠ ਅੱਗੇ ਕਿਸੇ ਦੀ ਇੱਕ ਨਾ ਚੱਲੀ।
ਸੇਠ ਨੇ ਸਾਹ ਉਪਰ ਚੜ੍ਹਾ ਲਿਆ। ਅਰਥੀ ਚੁੱਕਣ ਵੇਲੇ ਸੇਠਾਣੀ ਨੇ ਕਿਹਾ, “ਮੇਰੀ ਸਹੁੰ, ਅਜੇ ਵੀ ਮੰਨ ਜਾਓ। ਇੱਕ ਸੀਧੇ ਖਾਤਰ ਕਿਉਂ ਜਾਨ ਗਵਾਉਣ ਲੱਗੇ ਹੋ! ਸਾਨੂੰ ਰੋਂਦੇ ਦੇਖ ਕੇ ਤਰਸ ਨਹੀਂ ਆਉਂਦਾ?”
ਸੇਠ ਦਾ ਇੱਕੋ ਜਵਾਬ, “ਮੈਂ ਦੁਨੀਆਂ ਵਿਚ ਐਵੇਂ ਨੀ ਆਇਆ। ਕੰਜੂਸੀ ਦਾ ਨਾਮ ਰੌਸ਼ਨ ਕਰਾਂਗਾ। ਮੇਰੇ ਪਿੱਛੋਂ ਤੁਸੀਂ ਵੀ ਮੇਰੀ ਆਨ ਰੱਖਿਓ! ਕਿਤੇ ਮੇਰੇ ਨਾਂ ਨੂੰ ਕਲੰਕ ਨਾ ਲਾ ਦਿਓ। ਲੱਕੜਾਂ ਦੀ ਬੱਚਤ ਕਰਿਓ। ਸੁਕਿਆ ਹੋਇਆ ਤਾਂ ਹਾਂ ਮੈਂ। ਅੱਧੀਆਂ ਲੱਕੜਾਂ ਨਾਲ ਕੰਮ ਚੱਲ ਜੂ। ਹੁਣ ਦੇਰ ਨਾ ਕਰੋ। ਗੱਲ ਦੀ ਭਾਫ ਨਾ ਨਿਕਲੇ।”
ਜਿਉਂਦੇ ਪਤੀ ਦੀ ਅਰਥੀ ਉਠਦੀ ਦੇਖ ਕੇ ਸੇਠਾਣੀ ਦੁਹੱਥੜੇ ਪਿੱਟਣ ਲੱਗੀ। ਇੰਨਾ ਦਰਦ ਮੌਤ ਦੇ ਮਾਤਮ ਦਾ ਨਹੀਂ ਹੋਇਆ ਕਰਦਾ, ਜਿੰਨਾ ਜਿਉਂਦੇ ਦਾ; ਪਰ ਇਹ ਯੋਧਾ ਬਿਲਕੁਲ ਬੇਚੈਨ ਨਹੀਂ। ਜਿਵੇਂ ਅਰਥੀ ਉਪਰ ਕਾਹਨੂੰ, ਪਲੰਘ ‘ਤੇ ਲੇਟਿਆ ਹੋਵੇ! ਸ਼ਮਸ਼ਾਨਘਾਟ ਤੱਕ ਹਿੱਲਿਆ ਤੱਕ ਨਹੀਂ। ਅਰਥੀ ਚਿਖਾ ਉਪਰ ਰੱਖੀ ਤਾਂ ਵੀ ਅਡੋਲ। ਰੋਣ ਬਹਾਨੇ ਭਤੀਜੇ ਨੇ ਕੰਨ ਨੇੜੇ ਮੂੰਹ ਲਿਜਾ ਕੇ ਕਿਹਾ, “ਚਾਚਾ ਹੁਣ ਵੀ ਮੰਨ ਜਾ। ਲੋਕ ਕਿਹਾ ਕਰਨਗੇ ਪੈਸੇ ਦੇ ਲੋਭ ਵਿਚ ਭਤੀਜੇ ਨੇ ਚਾਚਾ ਜਿਉਂਦਾ ਜਲਾ ਦਿੱਤਾ।”
“ਲੋਕ ਕਹਿੰਦੇ ਨੇ ਬੇਟੇ ਕਹੀ ਜਾਣ, ਲੋਕਾਂ ਦੀ ਜ਼ਬਾਨ ਕੋਈ ਨ੍ਹੀਂ ਫੜ ਸਕਿਆ। ਮੇਰੇ ਮਰਨ ਪਿਛੋਂ ਤੂੰ ਪੁੰਨ ਦਾਨ ਉਪਰ ਇੱਕ ਕੌਡੀ ਵੀ ਖਰਚ ਕੀਤੀ ਤਾਂ ਮੇਰੀ ਗਤੀ ਨ੍ਹੀਂ ਹੋਣੀ। ਤੂੰ ਪਾਪ ਵਿਚ ਡੁੱਬ ਜਾਏਂਗਾ। ਹੁਣ ਸੋਚਦਾ ਕੀ ਐਂ? ਅੱਗ ਲਾਉਣ ਦੀ ਕਰ।”
ਹੁਣ ਹੋਰ ਕੀਤਾ ਵੀ ਕੀ ਜਾ ਸਕਦੈ? ਅਗਨੀ ਦੇਣੀ ਪਈ। ਚਿਤਾ ਲਟ ਲਟ ਕਰਕੇ ਬਲ ਉਠੀ। ਕੰਜੂਸ ਸੇਠ ਹਿੱਲਿਆ ਤੱਕ ਨਹੀਂ…!
ਹੈਰਾਨ ਹੋਏ ਲੋਕ ਕੀ ਦੇਖਦੇ ਹਨ, ਅਚਾਨਕ ਆਸਮਾਨ ਵੱਲੋਂ ਫੁੱਲਾਂ ਦੀ ਬਾਰਸ਼ ਹੋਣੀ ਸ਼ੁਰੂ ਹੋ ਗਈ! ਚਿਤਾ ਦੀ ਅੱਗ ਉਪਰ ਫੁੱਲ ਡਿੱਗਣ ਲੱਗੇ, ਅੱਗ ਬੁਝਦੀ ਗਈ। ਦੇਖਦੇ ਦੇਖਦੇ ਚਿਤਾ ਠੰਢੀ ਹੋ ਗਈ। ਲੱਕੜਾਂ ਆਪੇ ਪਰ੍ਹੇ ਸਰਕ ਗਈਆਂ। ਕੰਜੂਸ ਸੂਰਮਾ ਕੱਪੜੇ ਝਾੜਦਾ ਝਾੜਦਾ ਖੜ੍ਹਾ ਹੋ ਗਿਆ। ਦੇਵਤੇ ਚੌਰ ਕਰਨ ਲੱਗੇ, ਪਰੀਆਂ ਆਰਤੀ ਉਤਾਰਨ ਲੱਗੀਆਂ, ਲੱਛਮੀ ਸਾਖਿਆਤ ਦੇਹ ਧਾਰ ਕੇ ਪ੍ਰਗਟ ਹੋ ਗਈ! ਸੇਠ ਦੇ ਸਿਰ ਉਪਰ ਹੱਥ ਧਰਕੇ ਬੋਲੀ, “ਬੇਟੇ, ਮੈਂ ਤੇਰੀ ਪਰਖ ਕਰ ਲਈ। ਤੇਰੇ ਜਿਹਾ ਬੀਰ ਅੱਜ ਤੱਕ ਜੰਮਿਆ ਨਹੀਂ ਕਿਤੇ ਕੋਈ। ਤੇਰਾ ਵੀ ਨਾਮ ਅਮਰ ਹੋਇਆ, ਤੇਰੇ ਕਰਕੇ ਮੇਰਾ ਵੀ। ਮੈਂ ਬਹੁਤ ਖੁਸ਼ ਹਾਂ, ਤੇਰੇ ‘ਤੇ ਮਿਹਰਬਾਨ ਹਾਂ। ਤੇਰੀ ਹਰ ਕਾਮਨਾ ਹੁਣ ਪੂਰੀ ਹੋਇਆ ਕਰੇਗੀ। ਬੋਲ ਤੇਰੀ ਕੀ ਇੱਛਾ ਹੈ? ਸੁਰਗ ਦਾ ਰਾਜ ਸਿੰਘਾਸਨ? ਕੁਬੇਰ ਦਾ ਖਜਾਨਾ ਕਿ ਦੁਨੀਆਂ ਦਾ ਚੱਕਰਵਰਤੀ ਰਾਜ ਹਮੇਸ਼ਾਂ ਹਮੇਸ਼ ਲਈ? ਹਰ ਮੰਗ ਪੂਰੀ ਕਰਕੇ ਲੋਪ ਹੋਵਾਂਗੀ।”
ਹੱਥ ਜੋੜ ਕੇ ਧੀਰਜ ਨਾਲ ਬਾਣੀਏ ਨੇ ਕਿਹਾ, “ਮੈਨੂੰ ਕੁਝ ਨਹੀਂ ਚਾਹੀਦਾ ਮਾਂ। ਮਿਹਰਬਾਨ ਹੋਈ ਹੈਂ ਤਾਂ ਪਾਂਡੇ ਦਾ ਸੀਧਾ ਮਾਫ ਕਰਵਾ ਦੇਹ। ਉਹਨੂੰ ਹਰਿਦੁਆਰ ਭੇਜ ਦੇ। ਮੈਂ ਸਮਝੂੰਗਾ ਸਭ ਕੁਝ ਪਾ ਲਿਆ।”