ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਬਾਰੇ ਪਿਛਲੇ ਅੰਕਾਂ ਵਿਚ ਅਸੀਂ ਹਜ਼ਾਰਾ ਸਿੰਘ ਮਿਸੀਸਾਗਾ, ਹਰਜੀਤ ਦਿਓਲ ਬਰੈਂਪਟਨ, ਗੁਰਬਚਨ ਸਿੰਘ, ਡਾ. ਬਲਕਾਰ ਸਿੰਘ ਅਤੇ ਅਮਰਜੀਤ ਸਿੰਘ ਮੁਲਤਾਨੀ ਦੇ ਪ੍ਰਤੀਕਰਮ ਛਾਪ ਚੁਕੇ ਹਾਂ। ਇਨ੍ਹਾਂ ਵਿਚਾਰਕਾਂ ਨੇ ਪੰਜਾਬ ਦੀ ਸਿਆਸਤ ਬਾਰੇ ਕੁਝ ਅਹਿਮ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ। ਇਸ ਵਾਰ ਅਸੀਂ ਕਮਲਜੀਤ ਸਿੰਘ ਬਾਸੀ, ਫਰੀਮਾਂਟ ਦੇ ਵਿਚਾਰ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ। ‘ਪੰਜਾਬ ਟਾਈਮਜ਼’ ਦੇ ਪੰਨਿਆਂ ‘ਤੇ ਪਹਿਲਾਂ ਵੀ ਵੱਖ-ਵੱਖ ਮਸਲਿਆਂ ਬਾਰੇ ਵਿਚਾਰ-ਚਰਚਾ ਦੇ ਜੋੜ ਜੁੜਦੇ ਰਹੇ ਹਨ। ਬੇਨਤੀ ਇਹੀ ਹੈ ਕਿ ਵਿਚਾਰ-ਚਰਚਾ ਦੌਰਾਨ ਤਹੱਮਲ ਤੇ ਸਬਰ ਦਾ ਪੱਲਾ ਫੜ ਕੇ ਰੱਖਿਆ ਜਾਵੇ।
-ਸੰਪਾਦਕ
ਕਮਲਜੀਤ ਸਿੰਘ ਬਾਸੀ, ਫਰੀਮਾਂਟ
ਫੋਨ: 510-284-7106
ਸ਼ ਕਰਮਜੀਤ ਸਿੰਘ ਨੇ ਆਪਣੇ ਲੇਖ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ (2 ਮਈ 2020) ਵਿਚ ਇਹ ਕਬੂਲ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਥਾਪਤ ਕੀਤਾ ਰਾਜ ਪੂਰਨ ਖਾਲਸਾ ਰਾਜ ਸੀ ਅਤੇ ਇਸ ਦੇ ਨਾਲ 1986 ਵਿਚ ਐਲਾਨਿਆ ਖਾਲਿਸਤਾਨ ਵੀ ਖਾਲਸਾ ਰਾਜ ਸਥਾਪਤ ਕਰਨ ਦੀ ਪ੍ਰਚੰਡ ਸਵੇਰ ਸੀ।
ਹੁਣ ਇਨ੍ਹਾਂ ਦੋਹਾਂ ਰਾਜਾਂ ਦੀ ਪੈਰਵੀ ਕਰਨ ਵਾਲਿਆਂ ਦੇ ਰਾਜ ਅਤੇ ਜੀਵਨ ਫਲਸਫਿਆਂ ‘ਤੇ ਝਾਤ ਮਾਰਨ ਦੀ ਲੋੜ ਹੈ। ਮਹਾਰਾਜਾ ਰਣਜੀਤ ਸਿੰਘ ਆਮ ਲੋਕਾਂ ਦਾ ਨੁਮਾਇੰਦਾ ਬਣ ਕੇ ਉਭਰਿਆ। ਉਸ ਨੇ ਕਿਸੇ ਧਰਮ ਜਾਂ ਫਿਰਕੇ ਜਾਂ ਇਲਾਕੇ ਦੇ ਲੋਕਾਂ ਨਾਲ ਕੋਈ ਭੇਦਭਾਵ ਨਹੀਂ ਵਰਤਿਆ। ਕਰਮਜੀਤ ਸਿੰਘ ਇਸ ਨੂੰ ਅਸਲ ਲੋਕ ਰਾਜ ਮੰਨਦੇ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ, ਜਰਨੈਲ ਅਤੇ ਪੁਲਿਸ ਅਫਸਰ ਹਿੰਦੂ, ਸਿੱਖ ਅਤੇ ਮੁਸਲਮਾਨ ਸਨ। ਉਸ ਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦ-ਦੀਨ ਅਤੇ ਵਿੱਤ ਮੰਤਰੀ ਦੀਨਾ ਨਾਥ ਬ੍ਰਾਹਮਣ, ਤੋਪਖਾਨੇ ਦਾ ਜਰਨੈਲ ਮੀਆਂ ਗੌਸਾ ਸਨ। ਉਸ ਦੀਆਂ ਪਤਨੀਆਂ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਔਰਤਾਂ ਵੀ ਸਨ। ਉਸ ਨੇ ਹਰਿਮੰਦਰ ਸਾਹਿਬ ਦੀ ਨਵਉਸਾਰੀ ਅਤੇ ਤਖਤ ਸ੍ਰੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ, ਨਾਂਦੇੜ ਦੀ ਵੀ ਬੜੇ ਪਿਆਰ ਸਤਿਕਾਰ ਨਾਲ ਸੇਵਾ ਕੀਤੀ। ਉਸ ਨੇ ਕਈ ਮੰਦਿਰਾਂ ਅਤੇ ਮਸਜਿਦਾਂ ਦੀ ਵੀ ਉਸਾਰੀ ਕਰਵਾਈ।
ਮਹਾਰਾਜਾ ਰਣਜੀਤ ਸਿੰਘ ਦੀ ਰਾਖੀ ਵਾਸਤੇ ਅਕਾਲੀ ਸਨ, ਜੋ ਰਣਜੀਤ ਸਿੰਘ ਨੂੰ ਸਿੱਖ ਧਰਮ ਦਾ ਪਾਲਕ ਮੰਨਦੇ ਸਨ ਅਤੇ ਫੂਲਾ ਸਿੰਘ, ਜੋ ਉਸ ਵਕਤ ਅਕਾਲ ਤਖਤ ਦਾ ਜਥੇਦਾਰ ਸੀ, ਉਨ੍ਹਾਂ ਦਾ ਜਰਨੈਲ ਸੀ। ਇਨ੍ਹਾਂ ਤੱਥਾਂ ਤੋਂ ਸਾਫ ਜਾਹਰ ਹੈ ਕਿ ਉਸ ਵਕਤ ਦੇ ਸਿੱਖ ਧਰਮ ਦੇ ਸਰਵ ਉਚ ਜਥੇਦਾਰ ਜਾਂ ਰਖਵਾਲੇ, ਰਣਜੀਤ ਸਿੰਘ ਦੇ ਰਾਜ ਜਾਂ ਸਰਕਾਰ ਚਲਾਉਣ ਦੇ ਤਰੀਕਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਰਣਜੀਤ ਸਿੰਘ ਨੇ ਆਪਣੀਆਂ ਮੁਸਲਿਮ ਪਤਨੀਆਂ ਦੇ ਧਰਮ ਤਬਦੀਲ ਨਹੀਂ ਕਰਵਾਏ। ਉਸ ਨੇ ਯੂਰਪੀ ਫੌਜੀ ਜਰਨੈਲਾਂ ਨੂੰ ਆਪਣੀ ਫੌਜ ਵਿਚ ਭਰਤੀ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਖਾਲਿਸਤਾਨ ਨਹੀਂ ਗਰਦਾਨਿਆ।
ਦੂਜੇ ਪਾਸੇ ਪ੍ਰਚੰਡ ਸਵੇਰ ਵਾਲੇ ਯੋਧਿਆਂ ਨੇ ਸਿੱਖ ਰਾਜ ਦੀ ਪਰਿਭਾਸ਼ਾ, ਇਕੋ ਇਕ ਧਰਮ ਅਤੇ ਉਹ ਵੀ ਜ਼ੋਰ-ਜਬਰ ਜ਼ਰੀਏ ਸਥਾਪਤ ਕਰਨਾ ਮੰਨ ਲਈ। ਇਨ੍ਹਾਂ ਯੋਧਿਆਂ ਨੇ ਸਿੱਖਾਂ ਨੂੰ ਕਈ ਕਿਸਮਾਂ ਵਿਚ ਤਰਤੀਬ ਦੇ ਕੇ ਆਪਣੇ ਆਪ ਨੂੰ ਸਰਵੋਤਮ ਜਾਣ ਲਿਆ। ਜਿਥੇ ਮਹਾਰਾਜਾ ਰਣਜੀਤ ਸਿੰਘ ਨੇ ਗੈਰ ਸਿੱਖਾਂ ਨੂੰ ਬਰਾਬਰੀ ਦੇ ਕੇ ਗੁਰੂ ਸਾਹਿਬ ਦੇ ਫਰਮਾਨ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਨੂੰ ਅਮਲੀ ਜਾਮਾ ਪਹਿਨਾਇਆ, ਉਥੇ ਪ੍ਰਚੰਡ ਸਵੇਰ ਵਾਲੇ ਯੋਧਿਆਂ ਨੇ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਪਿੰਡਾਂ ਵਿਚੋਂ ਹਿੰਦੂ ਤਾਂ ਕੀ, ਉਹ ਸਿੱਖ ਜੋ ਇਨ੍ਹਾਂ ਨੂੰ ਫਿਰੌਤੀਆਂ ਨਹੀਂ ਸਨ ਦਿੰਦੇ, ਆਪਣੇ ਨਸਲ-ਸਫਾਈ ਮੁਹਿੰਮ ਅਧੀਨ ਘਰੋਂ ਬੇਘਰ ਕਰ ਦਿੱਤੇ। ਬੇਘਰ ਹੋਏ ਇਹ ਹਿੰਦੂ ਅਤੇ ਸਿੱਖ ਅੱਜ ਦਿੱਲੀ ਦੇ ਨਜਫਗੜ੍ਹ ਰੋਡ ‘ਤੇ ਰਾਜਾ ਗਾਰਡਨ ਜਾਂ ਹੋਰ ਕਾਲੋਨੀਆਂ ਵਿਚ ਕਰਮਜੀਤ ਸਿੰਘ ਨੂੰ ਮਿਲ ਸਕਦੇ ਹਨ, ਜਿਨ੍ਹਾਂ ਨੇ ਆਪਣੇ ਹਸਦੇ-ਵਸਦੇ ਘਰ ਅਤੇ ਕਾਰੋਬਾਰ ਛੱਡ ਕੇ ਆਪਣੀ ਜ਼ਿੰਦਗੀ ਮੁੜ ਦਰਖਤਾਂ ਦੀਆਂ ਛਾਂਵਾਂ ਹੇਠ ਰਹਿ ਕੇ ਸ਼ੁਰੂ ਕੀਤੀ।
ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਮੰਦਿਰਾਂ ਅਤੇ ਮਸਜਿਦਾਂ ਦੀ ਸਥਾਪਨਾ ਕੀਤੀ, ਉਥੇ ਇਨ੍ਹਾਂ ਯੋਧਿਆਂ ਨੇ ਅਕਾਲ ਤਖਤ ਅਤੇ ਹੋਰ ਸਿੱਖ ਸਥਾਨਾਂ ਵਿਚ ਆਪਣੇ ਬਚਾਓ ਵਾਸਤੇ ਮਘੋਰੇ ਕੀਤੇ। ਆਮ ਸ਼ਰਧਾਲੂ ਦੇ ਮਨ ਵਿਚ ਸੁਆਲ ਪੈਦਾ ਹੁੰਦਾ ਹੈ ਕਿ ਇਹ ਲੋਕ ਜਦ ਛੈਣੀਆਂ ਹਥੌੜਿਆਂ ਦੀ ਵਰਤੋਂ ਕਰਕੇ ਉਨ੍ਹਾਂ ਪਵਿਤਰ ਅਸਥਾਨਾਂ ਵਿਚ ਮੋਘ ਕੱਢ ਰਹੇ ਹੋਣਗੇ ਤਾਂ ਕੀ ਇਨ੍ਹਾਂ ਯੋਧਿਆਂ ਦੀ ਜ਼ਮੀਰ ਨਹੀਂ ਜਾਗੀ ਹੋਵਗੀ? ਇੰਦਰਾ ਗਾਂਧੀ ਨੂੰ ਤਾਂ ਇਨ੍ਹਾਂ ਸਥਾਨਾਂ ਨਾਲ ਕੋਈ ਸ਼ਰਧਾ ਭਾਵਨਾ ਨਹੀਂ ਸੀ, ਪਰ ਇਹ ਲੋਕ ਤਾਂ ਆਪਣੇ ਆਪ ਨੂੰ ਸਿੱਖੀ ਦੇ ਸੋਮੇ ਮੰਨਦੇ ਸਨ!
ਸ਼ ਕਰਮਜੀਤ ਸਿੰਘ ਲਈ ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ। ਕਰਮਜੀਤ ਸਿੰਘ ਨੂੰ ਅਪ੍ਰੇਸ਼ਨ ਬਲੈਕ ਥੰਡਰ ਦੀ ਲਾਈਵ ਵੀਡੀਓ ਚੇਤੇ ਹੋਵੇਗੀ। ਉਸ ਵਿਚ ਕੀ ਕਰ ਰਹੇ ਸਨ ਇਹ ਜਰਨੈਲ, ਸਭ ਨੂੰ ਪਤਾ ਹੈ। ਇਹ ਜਰਨੈਲ ਦਿਨੇ ਨਾਮ ਬਦਲ ਕੇ ਸਰਕਾਰੀ ਠੇਕੇਦਾਰੀਆਂ ਵੀ ਕਰਦੇ ਸਨ ਅਤੇ ਲੇਬਰ ‘ਤੇ ਗੋਲੀਆਂ ਵੀ ਚਲਾਉਂਦੇ ਸਨ। ਪਟਿਆਲੇ ਦੇ ਵ੍ਹਾਈਟ ਹਾਊਸ ਦੇ ਸਾਕੇ ਨੂੰ ਯਾਦ ਕਰਨਾ ਕਰਮਜੀਤ ਸਿੰਘ ਵਾਸਤੇ ਕਾਫੀ ਲਾਹੇਵੰਦ ਹੋਵੇਗਾ, ਜਿਥੇ ਇਕ ਜਰਨੈਲ ਯੋਧਾ ਠੇਕੇਦਾਰ ਬਣ ਕੇ ਕਿੰਨੀਆਂ ਕੁ ਧਾਰਮਿਕ ਕਾਰਵਾਈਆਂ ਕਰ ਰਿਹਾ ਸੀ!
ਸ਼ ਕਰਮਜੀਤ ਸਿੰਘ ਪਹਿਲਾਂ ਵੀ ਆਪਣੀਆਂ ਲਿਖਤਾਂ ਵਿਚ ਕਹਿ ਚੁਕੇ ਹਨ ਕਿ ਸਿੱਖ ਸਮਾਜ ਲਾਈਲੱਗ ਹੈ, ਗੁਮਰਾਹ ਹੈ, ਜਿਸ ਕਰਕੇ ਸਿੱਖ ਸਮਾਜ ਕਦੇ ਖਾਲਿਸਤਾਨ ਪੱਖੀ ਪਾਰਟੀਆਂ ਨੂੰ ਵੋਟ ਨਹੀਂ ਦਿੰਦਾ। ਸੋਚਣਾ ਬਣਦਾ ਹੈ ਕਿ ਸਾਰੇ ਸਮਾਜ ਨੂੰ ਹੀ ਲਾਈਲੱਗ, ਗੁਮਰਾਹ ਕਹਿ ਦੇਣਾ ਕਿੰਨੀ ਕੁ ਵਿਦਵਤਾ ਹੈ? ਕਰਮਜੀਤ ਸਿੰਘ ਨੂੰ ਇਹ ਵੀ ਪਤਾ ਹੋਵੇਗਾ ਕਿ ਖਾਲਿਸਤਾਨ ਦੀ ਸਥਾਪਨਾ 1970 ਵਿਚ ਜਗਜੀਤ ਸਿੰਘ ਨੇ ਵੀ ਕੀਤੀ ਸੀ। ਉਸ ਵਕਤ ਪਾਕਿਸਤਾਨੀ ਡਿਕਟੇਟਰ ਯਾਹੀਆ ਖਾਨ ਨੇ ਨਨਕਾਣਾ ਸਾਹਿਬ ਨੂੰ ਵੈਟੀਕਨ ਦਾ ਦਰਜਾ ਦੇਣ ਦਾ ਵਾਅਦਾ ਕਰਦਿਆਂ ਚਾਬੀਆਂ ਜਗਜੀਤ ਸਿੰਘ ਨੂੰ ਸੌਂਪੀਆਂ ਸਨ। ਖਾਲਿਸਤਾਨ ਇਕੱਲੇ ਅਤਿ-ਅਭਿਲਾਸ਼ੀ ਸਿਆਸਤਦਾਨਾਂ ਦਾ ਹੀ ਨਹੀਂ, ਸਗੋਂ ਕੁਝ ਅਖੌਤੀ ਧਾਰਮਿਕ ਬੰਦਿਆਂ ਦੀ ਵੀ ਕਾਢ ਹੈ, ਜਿਸ ਦੀ ਕੌਮਾਂਤਰੀ ਜੜ੍ਹ ਸਰਦ ਜੰਗ ਵਿਚ ਵੀਜ਼ਾ ਹੈ।
ਇਥੇ ਸ਼ ਕਰਮਜੀਤ ਸਿੰਘ ਨੂੰ ਬੀ. ਬੀ. ਸੀ. ਦੇ ਨੁਮਾਇੰਦੇ ਮਾਰਕ ਟੱਲੀ ਅਤੇ ਸਤੀਸ਼ ਜੈਕਬ ਦੀ ਕਿਤਾਬ ‘ਅੰਮ੍ਰਿਤਸਰ: ਮਿਸੇਜ਼ ਗਾਂਧੀ’ਜ਼ ਲਾਸਟ ਬੈਟਲ’ (ਅੰਮ੍ਰਿਤਸਰ: ਸ੍ਰੀਮਤੀ ਗਾਂਧੀ ਦੀ ਆਖਰੀ ਲੜਾਈ) ਦੇ ਸਫਾ 97 ਨਾਲ ਲਗਦੀ ਤਸਵੀਰ ਦੇਖ ਕੇ ਕਾਫੀ ਹੈਰਾਨੀ ਹੋਵੇਗੀ ਕਿ ਕੌਣ ਰਾਜੀਵ ਗਾਂਧੀ ਦੀ ਨੇੜਤਾ ਦਾ ਨਿੱਘ ਮਾਣ ਰਿਹਾ ਸੀ!
ਇਸੇ ਲੜੀ ਵਿਚ ਹੀ ਸ਼ ਗੁਰਬਚਨ ਸਿੰਘ ਦੇ ਵਿਚਾਰ ਵੀ ਪੜ੍ਹਨ ਨੂੰ ਮਿਲੇ। ਉਹ ਮੰਨਦੇ ਹਨ ਕਿ ਗੁਰੂ ਸਾਹਿਬਾਨ ਦਾ ਕਥਨ ਹੈ ਕਿ ਰਾਜਾ ਉਹੀ ਹੋ ਸਕਦਾ ਹੈ, ਜੋ ਗੁਣੀ ਅਤੇ ਪੰਚਾਇਤੀ ਅਸੂਲਾਂ ਦਾ ਧਾਰਨੀ ਹੋਵੇ। ਅਗਾਂਹ ਉਨ੍ਹਾਂ ਸਿਰਦਾਰ ਕਪੂਰ ਸਿੰਘ ਦੇ ਕਥਨ ਨੂੰ ਦੁਹਰਾਇਆ ਹੈ ਕਿ ਖਾਲਸਾ ਪੰਥ ਸਭਨਾਂ ਲਈ ਆਜ਼ਾਦੀ, ਅਨੇਕਤਾ ਮੁਖੀ ਸਮਾਜ ਅਤੇ ਆਪਸੀ ਭਾਈਚਾਰਾ ਬੁਲੰਦ ਰੱਖੇਗਾ। ਉਨ੍ਹਾਂ ਨੇ ਆਪਣੇ ਲੇਖ ਵਿਚ ਬਹੁਤਾ ਤਾਂ ਹੋਰਨਾਂ ਦੇ ਕਥਨ ਹੀ ਦੁਹਰਾਏ ਹਨ।
ਇਥੇ ਕਰਮਜੀਤ ਸਿੰਘ ਦੇ ਜ਼ੋਰ-ਜਬਰ ਵਾਲਾ ਖਾਲਿਸਤਾਨ ਅਤੇ ਸਿਰਦਾਰ ਕਪੂਰ ਸਿੰਘ ਦੇ ਸਭਨਾਂ ਲਈ ਬਰਾਬਰੀ ਵਾਲਾ ਖਾਲਸਾ ਰਾਜ ਆਪਸ ਵਿਚ ਆਹਮੋ-ਸਾਹਮਣੇ ਹਨ। ਨਾਲ ਹੀ ਗੁਰਬਚਨ ਸਿੰਘ ਦੇ ਦਿੱਤੇ ਪੰਚਾਇਤੀ ਰੂਪ ਨੂੰ ਵੀ ਦੇਖਣਾ ਬਣਦਾ ਹੈ। ਜਿਥੇ ਸਿਰਦਾਰ ਕਪੂਰ ਸਿੰਘ ਦੀ ਵਿਆਖਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਢੁਕਦੀ ਹੈ, ਉਥੇ ਹੁਣ ਦੇ ਖਾਲਿਸਤਾਨੀ ਚੌਖਟੇ ਵਿਚ ਉਹ ਫਿਟ ਨਹੀਂ ਬੈਠਦੀ। ਸ਼ ਗੁਰਬਚਨ ਸਿੰਘ ਦੀ ਪੰਚਾਇਤੀ ਧਾਰਨਾ ਕੀ ਲੋਕ ਰਾਇ ਨਹੀਂ ਹੈ? ਜਾਂ ਉਹ ਕਿਹੜਾ ਨਿਜ਼ਾਮ ਪਸੰਦ ਕਰਦੇ ਹਨ?
ਸ਼ ਕਰਮਜੀਤ ਸਿੰਘ ਦੀ ਸੋਚਣੀ ਡਰ ਅਤੇ ਸਹਿਮ ਤੋਂ ਪ੍ਰਭਾਵਿਤ ਹੋ ਕੇ ‘ਸਟਾਕਹੋਮ ਸਿੰਡਰੋਮ’ ਵੱਲ ਚਲ ਪਈ ਹੈ। ਉਹ 1980-90 ਦੇ ਸਹਿਮ ਨੂੰ ਅਜੇ ਭੁਲਾ ਨਹੀਂ ਸਕੇ ਅਤੇ ਨਾ ਹੀ ਨਿਰਪੱਖ ਧਾਰਨਾ ਬਣਾ ਸਕੇ ਹਨ।
ਸ਼ ਕਰਮਜੀਤ ਸਿੰਘ ਅਜੋਕੇ ਖਾਲਿਸਤਾਨੀ ਤੌਰ-ਤਰੀਕਿਆਂ ਨੂੰ ਮੰਨਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੂਰਨ ਖਾਲਸਾ ਸਵੀਕਾਰ ਕੇ ਆਪਣੀ ਵਿਅੰਗਾਤਮਕ ਉਲਝਣ ਦਾ ਸਬੂਤ ਦੇ ਗਏ ਹਨ।