ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦ ਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਉਨ੍ਹਾਂ ਸਫਰ-ਏ-ਜ਼ਿੰਦਗੀ ਦੀ ਬਾਤ ਛੋਹੀ ਸੀ ਕਿ ਸਫਰ ਉਹ ਹੀ ਸੁਹੰਢਣਾ ਹੁੰਦੈ, ਜਿਸ ਵਿਚ ਸੂਰਜੀ ਸੋਚ ਨੂੰ ਪਛਾਣ ਮਿਲਦੀ, ਜਦ ਹਰਫਾਂ ਵਿਚ ਦੀਵਿਆਂ ਦੀ ਡਾਰ ਬਿਰਾਜਮਾਨ ਹੁੰਦੀ। ਉਨ੍ਹਾਂ ਨਸੀਹਤ ਕੀਤੀ ਸੀ, “ਹੁਸੀਨ ਸਫਰ ਦੇ ਹਰ ਪਲ ਨੂੰ ਜ਼ਿੰਦਾਦਿਲੀ ਨਾਲ ਇੰਜ ਜੀਓ,
ਜਿਵੇਂ ਇਹ ਹੀ ਪਹਿਲਾਂ ਅਤੇ ਆਖਰੀ ਪਲ ਹੋਵੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਉਨ੍ਹਾਂ ਵਲਵਲਿਆਂ ਦੀ ਗੱਲ ਕੀਤੀ ਹੈ, ਜੋ ਸਰਘੀ ਵੇਲੇ ਘਾਹ ਉਤੇ ਪਈ ਤਰੇਲ ਵਾਂਗ ਚੰਗੇ ਚੰਗੇ ਲੱਗਦੇ ਹਨ। ਪਰਿੰਦਿਆਂ ਦੀ ਚੋਹਲ-ਮੋਹਲ, ਰੁੰਡ-ਮਰੁੰਡ ਰੁੱਖ ਦੀ ਟਾਹਣੀ ‘ਤੇ ਲਗਰਾਂ ਦਾ ਫੁੱਟਣਾ, ਪੱਤਝੜ ਪਿਛੋਂ ਬਹਾਰ ਦਾ ਆਉਣਾ ਅਤੇ ਪੱਤਿਆਂ ਵਿਚੋਂ ਦੀ ਰੁਮਕਦੀ ਹਵਾ ਦਾ ਜ਼ਿੰਦਗੀ ਦੇ ਗੀਤ ਗਾਉਣਾ ਭਲਾ ਕਿਹਨੂੰ ਚੰਗਾ ਨਹੀਂ ਲੱਗਦਾ! ਡਾ. ਭੰਡਾਲ ਜੀਵਨ ਦੇ ਉਨ੍ਹਾਂ ਰੰਗੀਨ ਪਲਾਂ ਦੀ ਨਿਸ਼ਾਨਦੇਹੀ ਕਰਦੇ ਹਨ, ਜਿਨ੍ਹਾਂ ਨੂੰ ਮਾਣਦਿਆਂ ਮਨ ਖੇੜੇ ਵਿਚ ਆਇਆ ਉਡਾਰੀਆਂ ਭਰਦਾ ਹੈ। ਉਹ ਕਹਿੰਦੇ ਹਨ, “ਚੰਗਾ ਲੱਗਦਾ ਹੈ, ਕਮਰੇ ਦੀ ਇਕੱਲ ਹੰਢਾ ਰਹੇ ਬਜੁਰਗ ਨੂੰ, ਜਦ ਕੋਈ ਬੂਹਾ ਟੱਪਦਾ, ਬੋਲ ਸਾਂਝੇ ਕਰਦਾ, ਉਸ ਦੀ ਬੇ-ਰੌਣਕ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਂਦਾ।…ਚੰਗਾ ਲੱਗਦਾ ਹੈ, ਭੁੱਖ ਨਾਲ ਵਿਲਕਦੇ ਬਾਲ ਨੂੰ, ਜਦ ਕੋਈ ਉਸ ਦੀ ਤਲੀ ‘ਤੇ ਟੁੱਕਰ ਧਰਦਾ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਚੰਗਾ ਲੱਗਦਾ ਹੈ ਘਰ ਨੂੰ, ਘਰ ਤੋਂ ਦੂਰ ਜਾਂਦੀਆਂ ਪੈੜਾਂ ਦਾ ਘਰ ਨੂੰ ਪਰਤਣਾ। ਠੰਢੇ ਚੁੱਲੇ ਦਾ ਮੁੜ ਤੋਂ ਆਲੇ-ਦੁਆਲੇ ‘ਚ ਪਰਿਵਾਰਕ ਮਹਿਫਿਲ ਸਜਾਉਣਾ। ਸੁੱਕੇ ਪਏ ਦਰਾਂ ਵਿਚ ਪਾਣੀ ਦਾ ਡੋਲਣਾ ਅਤੇ ਤੇਲ ਚੋਣਾ, ਕਮਰਿਆਂ ਦੀ ਚੁੱਪ ਦਾ ਟੁੱਟਣਾ ਅਤੇ ਨਿੱਕੀਆਂ-ਨਿੱਕੀਆਂ ਗੱਲਾਂ, ਹਾਸੇ ਤੇ ਚਹਿਲ-ਪਹਿਲ। ਵਿਹੜੇ ਦੀ ਵੈਰਾਨੀ ਨੂੰ ਗੁਫਤਗੁ ਦੇ ਭਾਗ ਲੱਗਣੇ ਅਤੇ ਹੁੰਗਾਰਾ ਉਡੀਕਦੀਆਂ ਕੰਧਾਂ ਨੂੰ ਆਪਣੀ ਸਜੀਵਤਾ ਦਾ ਅਹਿਸਾਸ ਹੋਣਾ।
ਚੰਗਾ ਲੱਗਦਾ ਹੈ, ਬਰੇਤਿਆਂ ਦਾ ਦਰਿਆਂ ਲਈ ਠਾਹਰ ਬਣਨਾ। ਇਸ ਦੇ ਕੰਢਿਆਂ ਦੀ ਉਜਾੜ ਵਿਚ ਜੀਵਨ ਧੜਕਣਾ। ਗੁੰਮ-ਸੁੰਮ ਹੋਈਆਂ ਲਹਿਰਾਂ ਵਿਚ ਮੁੜ ਤੋਂ ਸੰਗੀਤਕ ਲੋਰ ਦਾ ਲਰਜ਼ਣਾ ਅਤੇ ਇਸ ਲੋਰ ਵਿਚ ਹੇਕਾਂ ਦੀ ਪਾਕੀਜ਼ਗੀ ਤੇ ਕਰਤੱਵ ਦਾ ਗੁਣਗਾਨ ਕਰਨਾ।
ਚੰਗਾ ਲੱਗਦਾ ਹੈ, ਰੁੰਡ-ਮਰੁੰਡ ਰੁੱਖ ਦੀ ਟਾਹਣੀ ‘ਤੇ ਲਗਰਾਂ ਦਾ ਫੁੱਟਣਾ। ਫੁੱਲਾਂ ਅਤੇ ਫਲਾਂ ਦੀ ਲੰਮੇਰੀ ਉਡੀਕ ਨੂੰ ਉਮੀਦਾਂ ਦੇ ਜਾਗ ਲੱਗਣੇ। ਸੱਥਾਂ ਦੀ ਪਰਵਾਸ ਦਾ, ਵਾਪਸ ਪਰਤਣ ਦੀ ਆਸ; ਪੱਤਿਆਂ ਵਿਚ ‘ਵਾ ਰੁਮਕਣੀ ਦਾ ਪੈਦਾ ਹੋਣਾ। ਪਰਿੰਦਿਆਂ ਦੀ ਚੋਹਲ-ਮੋਹਲ। ਪੱਤਝੜ ਵਿਚ ਬਹਾਰਾਂ ਦਾ ਆਉਣਾ ਅਤੇ ਜ਼ਿੰਦਗੀ ਦਾ ਗੀਤ ਗਾਉਣਾ।
ਚੰਗਾ ਲੱਗਦਾ ਹੈ, ਜਦ ਆਲ੍ਹਣਿਆਂ ਨੂੰ ਤੋੜਨ ਵਾਲੇ ਹੱਥ, ਫਿਰ ਆਲ੍ਹਣਾ ਬਣਾਉਣ ਦੇ ਕਾਰਜ ਵਿਚ ਰੁੱਝਦੇ, ਪਰਿੰਦਿਆਂ ਨੂੰ ਵਾਪਸ ਪਰਤਣ ਲਈ ਪ੍ਰੇਰਦੇ ਅਤੇ ਬੋਟਾਂ ਦੀ ਤੰਦਰੁਸਤੀ ਲਈ ਅਜ਼ਾਨ ਪੜ੍ਹਦੇ।
ਚੰਗਾ ਲੱਗਦਾ ਹੈ ਕੁਦਰਤ ਨੂੰ, ਜਦ ਕੁਦਰਤ ਤੋਂ ਦੂਰ ਜਾ ਰਹੇ ਮਨੁੱਖ ਵਲੋਂ ਕੁਦਰਤੀ ਸਾਂਝ ਲਈ ਹੱਥ ਵਧਾਉਣਾ, ਰੁੱਖ ਉਗਾਉਣਾ ਅਤੇ ਕਾਇਨਾਤ ਦੀ ਰੰਗੀਨੀ ਨੂੰ ਵਧਾਉਣਾ। ਕੁਦਰਤ ਦੀਆਂ ਅਨਾਇਤਾਂ ਨੂੰ ਹੋਰ ਹੰਡਣਸਾਰ ਬਣਾਉਣ ਲਈ ਆਪਣਾ ਮਾਨਵੀ ਕਰਤੱਵ ਨਿਭਾਉਣਾ। ਕੁਦਰਤ ਤਾਂ ਉਡੀਕਦੀ ਹੈ ਕਿ ਉਸ ਦਾ ਆਪਣਾ ਜਾਇਆ, ਹੋਂਦ ਦੀ ਸਦੀਵਤਾ ਲਈ ਖੁਦ ਕੁਦਰਤ ਦੀ ਗੋਦ ਵਿਚ ਖੇਡੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਖਿਡਾਵੇ ਅਤੇ ਸਾਹ-ਸੰਗਤੀ ‘ਚ ਹਰਦਮਤਾ ਗੁਣਗੁਣਾਵੇ।
ਚੰਗਾ ਲੱਗਦਾ ਹੈ, ਪਰਦੇਸ ਵਿਚ ਤੁਰੇ ਜਾਂਦੇ ਕਿਸੇ ਉਦਾਸ ਅਤੇ ਨਿਰਾਸ਼ ਵਿਅਕਤੀ ਨੂੰ, ਉਸ ਦੇ ਮੋਢੇ ‘ਤੇ ਕਿਸੇ ਬਜੁਰਗ ਦੀ ਥਪਕੀ। ਉਸ ਦੀ ਤੰਦਰੁਸਤੀ, ਤਮੰਨਾਵਾਂ ਤੇ ਜੀਵਨ ਵਿਚਲੀ ਤਰੱਕੀ ਅਤੇ ਨਵੀਆਂ ਰਾਹਾਂ ਸਿਰਜਣ ਲਈ ਅਸ਼ੀਰਵਾਦ ਦੇਣਾ। ਇਹ ਹੱਲਾਸ਼ੇਰੀ ਔਕੜਾਂ ਨੂੰ ਮਿਟਾਉਂਦੀ, ਪੈਰਾਂ ਵਿਚ ਸਫਰ ਉਗਾਉਣ ਲਈ ਕਦਮਾਂ ਵਿਚ ਨਵਾਂ ਉਤਸ਼ਾਹ ਅਤੇ ਉਦਮ ਬਣ ਜਾਂਦੀ।
ਚੰਗਾ ਲੱਗਦਾ ਹੈ, ਮਨ ਨੂੰ ਜਦ ਇਸ ਦੇ ਅੰਦਰ ਬੈਠੀ ਉਦਾਸ ਜੂਹ ‘ਚ ਕੋਈ ਸੁਖਨਵਰ ਪਲ ਦਸਤਕ ਦਿੰਦਾ। ਨੈਣਾਂ ਵਿਚ ਸੁਪਨਿਆਂ ਦੀ ਆਮਦ ਕਿਆਸਦਾ, ਸੰਦਲੀ ਸੁਪਨੇ ਤਰਜ਼ੀਹਾਂ ਬਣਦੇ। ਤਕਦੀਰ ਨੂੰ ਤਦਬੀਰਾਂ ਨਾਲ ਨਵੇਂ ਸਿਰੇ ਤੋਂ ਵਿਉਂਤਦਾ। ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿਚ ਅਜਿਹੀ ਅਚਨਚੇਤੀ ਦਸਤਕ ਬਹੁਤ ਅਹਿਮ ਹੁੰਦੀ ਅਤੇ ਮਨ, ਸੂਰਜ ਵੰਨੀਂ ਮੋੜ ਕੱਟਦਾ।
ਚੰਗਾ ਲੱਗਦਾ ਹੈ, ਖਾਲੀ ਵਰਕਿਆਂ ਨੂੰ ਜਦ ਉਨ੍ਹਾਂ ਦੇ ਖਾਲੀਪਣ ਨੂੰ ਕੋਈ ਕਲਾ-ਕਿਰਤ, ਕਵਿਤਾ ਜਾਂ ਸ਼ਬਦ-ਸਾਧਨਾ, ਵਰਣਮਾਲਾ ਦਾ ਰੂਪਧਾਰ ਇਸ ‘ਤੇ ਫੈਲ, ਸੁੱਖਦ-ਸੁਨੇਹਿਆਂ ਨੂੰ ਵਰਕਿਆਂ ‘ਤੇ ਰੂਪਮਾਨ ਕਰਦੀ ਹੈ। ਇਨ੍ਹਾਂ ਸੁਨੇਹਿਆਂ ਵਿਚ ਜੀਵਨ ਦੇ ਰੰਗੀਨ ਪਲਾਂ ਦੀ ਨਿਸ਼ਾਨਦੇਹੀ ਹੁੰਦੀ। ਭਵਿੱਖ-ਮੁਖੀ ਸੋਚ ਦਾ ਮੁਹਾਂਦਰਾ ਵੀ ਲਿਸ਼ਕਦਾ। ਖਾਲੀ ਵਰਕਿਆਂ ਨੂੰ ਪੂਰਨਤਾ ਮਿਲਦੀ। ਇਹ ਇਬਾਰਤ ਹਨੇਰੀਆਂ ਜੂਹਾਂ ਰੁਸ਼ਨਾਉਂਦੀ, ਚਾਨਣ ਭਰੀਆਂ ਰਾਹਾਂ ਬਣਦੀਆਂ। ਵਰਕੇ ਦੀ ਹੋਣੀ ਸਾਰਥਕ ਹੁੰਦੀ।
ਬੜਾ ਚੰਗਾ ਲੱਗਦਾ ਹੈ, ਮੇਲੇ ਵਿਚ ਗੁਆਚੇ ਬੱਚੇ ਨੂੰ ਜਦ ਆਪਣਿਆਂ ਦੀ ਉਂਗਲ, ਉਸ ਦਾ ਸਹਾਰਾ ਬਣਦੀ। ਬੱਚੇ ਦਾ ਭੀੜ ਵਿਚ ਇਕੱਲੇ ਹੋਣ ਤੋਂ ਫਿਰ ਭੀੜ ਬਣ ਜਾਣਾ ਹੀ ਬੱਚੇ ਦੀ ਦੁਨੀਆਂ ਨੂੰ ਨਵੀਂ ਦਿਸ਼ਾ ਅਤੇ ਪਰਵਾਜ਼ ਦਿੰਦਾ।
ਚੰਗਾ ਲੱਗਦਾ ਹੈ, ਰਾਹ ਭੁੱਲ ਚੁਕੇ ਰਾਹੀ ਨੂੰ ਕਿਸੇ ਰਾਹਗੀਰ ਦਾ ਮਿਲਣਾ, ਜੋ ਉਸ ਦੀ ਮੰਜ਼ਿਲ ਦਾ ਥਹੁ-ਟਿਕਾਣਾ ਦੱਸਦਾ। ਔਝੜ ਰਾਹਾਂ ਵਿਚ ਸਹਾਰਾ ਤੇ ਸਾਥ ਬਣ ਕੇ, ਜੀਵਨ-ਪੈਂਡਿਆਂ ਨੂੰ ਸੁਖਾਵਾਂ ਬਣਾਉਂਦਾ।
ਚੰਗਾ ਲੱਗਦਾ ਹੈ, ਅੰਦਰ ਬੈਠੀ ਸੁੰਨ ਨੂੰ, ਜਦ ਉਸ ਵਿਚ ਬੋਲ ਉਗਦੇ। ਇਨ੍ਹਾਂ ਬੋਲਾਂ ਦੀ ਸੰਗਤ ਵਿਚੋਂ ਹੀ ਨਵੀਂ ਲੈਅ ਤੇ ਰੂਹਾਨੀ ਨੂੰ ਪਛਾਣ ਅਤੇ ਪਹਿਲਕਦਮੀ ਮਿਲਦੀ, ਜੋ ਆਤਮਕ ਉਡਾਣ ਨੂੰ ਨਵੇਂ ਅੰਬਰ ਦਾ ਸਿਰਨਾਂਵਾਂ ਦੱਸਦੀ ਅਤੇ ਇਸ ਨੂੰ ਪਾਉਣ ਦਾ ਵੱਲ ਵੀ। ਸੁੰਨ ਤੋਂ ਸੰਗੀਤ ਤੀਕ ਦਾ ਸਫਰ ਹੀ ਆਤਮਕ ਆਵੇਸ਼ ਅਤੇ ਅਸੀਮਤਾ ਨੂੰ ਪ੍ਰਭਾਸ਼ਿਤ ਕਰਨ ਵਿਚ ਸਭ ਤੋਂ ਅਹਿਮ।
ਚੰਗਾ ਲੱਗਦਾ ਹੈ, ਲੰਮੇ ਸਮੇਂ ਤੋਂ ਬੀਜ ਦਾ ਪੁੰਗਾਰਾ ਲੋਚਦੀ ਕੁੱਖ ਨੂੰ, ਜਦ ਇਸ ਵਿਚ ਪੁੰਗਾਰੇ ਦੀ ਧੜਕਣ ਮਹਿਸੂਸ ਹੁੰਦੀ, ਜੋ ਨਵੇਂ ਜੀਵਨ ਦਾ ਸ਼ੁਭ-ਅਰੰਭ ਹੁੰਦਾ। ਨਵੀਂ ਆਸ, ਅਰਮਾਨ ਅਤੇ ਅੰਦਾਜ਼ ਨੂੰ ਜੀਵਨ ਦੇ ਨਾਮ ਕਰਦੀ। ਕੁੱਖ ਨੂੰ ਆਪਾ ਚੰਗਾ ਲੱਗਦਾ, ਕਿਉਂਕਿ ਕੁੱਖ ਦਾ ਧਰਮ ਹੀ ਬੀਜ-ਪੁੰਗਾਰਿਆਂ ਵਿਚੋਂ ਨਰੋਈ ਆਮਦ ਦਾ ਸਬੱਬ ਹੁੰਦਾ।
ਚੰਗਾ ਲੱਗਦਾ ਹੈ ਰੱਕੜ ਨੂੰ, ਜਦ ਉਸ ਦੀ ਮਿੱਟੀ ਵਿਚੋਂ ਕੋਈ ਬੂਟਾ ਉਗਦਾ। ਇਸ ਦੇ ਵਿਗਸਣ, ਫਲਣ ਅਤੇ ਫੁਲਣ ਵਿਚੋਂ ਹੀ ਰੱਕੜ ਨੂੰ ਜ਼ਰਖੇਜ਼ਤਾ ਦਾ ਖਿਤਾਬ ਮਿਲਦਾ। ਫਸਲਾਂ ਦੇ ਝੂਮਣ ਦੀ ਅਵਾਰਗੀ ਅਤੇ ਇਨ੍ਹਾਂ ਸੰਗ ਲਹਿਰਾਉਣ ਤੇ ਮਸਤੀ ਮਨਾਉਣ ਦਾ ਨਿਵੇਕਲਾ ਅੰਦਾਜ਼, ਰੱਕੜ ਦੀ ਕਿਸਮਤ ਹੀ ਬਦਲ ਦਿੰਦਾ।
ਚੰਗਾ ਲੱਗਦਾ ਹੈ ਕਿ ਖੇਤਾਂ ਵਿਚ ਛਾਈ ਹੋਈ ਮੁਰਦੇਹਾਣੀ ਨੂੰ ਜਦ ਕੋਈ ਜਿਉਣ ਦੀ ਗੱਲ ਕਰਦਾ ਹੈ, ਨਵੀਆਂ ਸੋਚਾਂ ਨਾਲ ਫਸਲਾਂ ਨੂੰ ਆਂਦਰਾਂ ਬਣਾ, ਨਵੀਂ ਤਰਕੀਬ ਨੂੰ ਖੇਤਾਂ ਦੇ ਨਾਮ ਕਰਦਾ, ਇਨ੍ਹਾਂ ‘ਚੋਂ ਸੋਨਾ ਉਗਾਉਣ ਦਾ ਖਿਤਾਬ ਹਾਸਲ ਕਰਦਾ ਹੈ।
ਚੰਗਾ ਲੱਗਦਾ ਹੈ, ਇਕ ਬੂੰਦ ਲਈ ਲਿਲਕਦੇ ਮਾਰੂਥਲ ਨੂੰ, ਜਦ ਕੋਈ ਉਸ ਦੀ ਹਿੱਕ ‘ਤੇ ਪਾਣੀ ਤ੍ਰੌਂਕਦਾ ਏ। ਉਹ ਕਈ ਸਦੀਆਂ ਦੀ ਪਿਆਸ ਮਿਟਾਉਂਦਾ, ਇਕ ਨਵੀਂ ਸ਼ੁਰੂਆਤ ਦਾ ਆਗਾਜ਼ ਕਰਦਾ, ਜਿਸ ਨਾਲ ਬੰਦਿਆਈ ਅਤੇ ਚੰਗਿਆਈ ਦਾ ਕਾਫਲਾ ਦਿਨੋ ਦਿਨ ਵਧਦਾ ਹੀ ਜਾਂਦਾ।
ਚੰਗਾ ਲੱਗਦਾ ਹੈ, ਕਮਰੇ ਦੀ ਇਕੱਲ ਹੰਢਾ ਰਹੇ ਬਜੁਰਗ ਨੂੰ, ਜਦ ਕੋਈ ਬੂਹਾ ਟੱਪਦਾ, ਬੋਲ ਸਾਂਝੇ ਕਰਦਾ, ਉਸ ਦੀ ਬੇ-ਰੌਣਕ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਂਦਾ। ਬਜੁਰਗ ਨੂੰ ਵੀ ਨੀਰਸ ਜੀਵਨ ਵਿਚੋਂ ਜਿੰ.ਦਾਦਿਲੀ ਦਿਖਾਈ ਦਿੰਦੀ, ਜਿਸ ਨਾਲ ਡੁੱਬਦੇ ਸੂਰਜ ਵਿਚੋਂ ਵੀ ਲਿਸ਼ਕੋਰ ਪੈਦਾ ਹੁੰਦੀ।
ਚੰਗਾ ਲੱਗਦਾ ਹੈ, ਭੁੱਖ ਨਾਲ ਵਿਲਕਦੇ ਬਾਲ ਨੂੰ, ਜਦ ਕੋਈ ਉਸਦੀ ਤਲੀ ‘ਤੇ ਟੁੱਕਰ ਧਰਦਾ, ਉਸ ਦੇ ਖਾਲੀ ਦੀਦਿਆਂ ਵਿਚ ਝਾਕਦਾ ਏ, ਜੋ ਉਸ ਦੇ ਸਾਹਾਂ ਦੀ ਅਉਧ ਵਧਾਉਣ ਦਾ ਸਬੱਬ ਬਣਦਾ।
ਚੰਗਾ ਲੱਗਦਾ ਹੈ ਧਾਰਮਿਕ ਆਸਥਾ ਨੂੰ, ਜਦ ਅਧਰਮੀ ਵਕਤਾਂ ਵਿਚ ਕੋਈ ਧਰਮ ਦੀ ਬਾਤ ਪਾਉਂਦਾ, ਮਨੁੱਖਤਾ ਲਈ ਹਾਅ ਦਾ ਨਾਹਰਾ ਮਾਰਦਾ, ਪ੍ਰੇਮ-ਭਾਵ ਦਾ ਹੋਕਰਾ ਦਿੰਦਾ, ਭਾਈਚਾਰਕ ਸਾਂਝ ਨੂੰ ਵਧਾਉਣ ਲਈ ਪਹਿਲ-ਕਦਮੀ ਕਰਦਾ। ਰੇਜ਼ਾ-ਰੇਜ਼ਾ ਹੋ ਗਈ ਧਾਰਮਿਕ ਆਸਥਾ ਫਿਰ ਜਿਉਣਾ ਅਤੇ ਮੌਲਣਾ ਲੋਚਦੀ। ਅਰਦਾਸ, ਅਜ਼ਾਨ ਅਤੇ ਆਰਤੀ ਇਕਸੁਰ ਹੁੰਦੇ।
ਚੰਗਾ ਲੱਗਦਾ ਹੈ ਮਾਯੂਸ ਬੱਚੇ ਨੂੰ, ਜਦ ਕੋਈ ਉਸ ਦਾ ਹਾਣੀ ਉਸ ਨੂੰ ਬੁਲਾਉਂਦਾ, ਤੋਤਲੀਆਂ ਗੱਲਾਂ ਕਰਦਾ, ਬੱਚਿਆਂ ਵਾਲੀਆਂ ਖੇਡਾਂ ਖੇਡਦਾ, ਭੋਲੀਆਂ ਸ਼ਰਾਰਤਾਂ ਵਿਚੋਂ ਜ਼ਿੰਦਗੀ ਦੀ ਬੇਲਾਗਤਾ ਤੇ ਬੇਫਿਕਰੀ ਮਾਣਦਾ, ਵਿਕੋਲਿਤਰਾ ਸੰਸਾਰ ਸਿਰਜਦਾ। ਕਦੇ ਬੱਚਿਆਂ ਦੇ ਸੰਸਾਰ ਨੂੰ ਦੇਖਣਾ, ਮਨੁੱਖ ਨੂੰ ਵੱਡਾ ਹੋਣ ‘ਤੇ ਗਿਲਾਨੀ ਹੋਣੀ ਸ਼ੁਰੂ ਹੋ ਜਾਵੇਗੀ। ਬੱਚਾ, ਬੱਚੇ ਦੇ ਸਾਥ ਵਿਚ ਹੀ ਬਹੁਤ ਕੁਝ ਸਿੱਖਦਾ। ਇਸ ‘ਚੋਂ ਉਮਰ ਭਰ ਦੀਆਂ ਸਾਝਾਂ ਤੇ ਸਿਮਰਤੀਆਂ ਸਿਰਜ ਹੁੰਦੀਆਂ।
ਚੰਗਾ ਲੱਗਦਾ ਹੈ, ਜੀਵਨ ਦੀ ਢਲਦੀ ਸ਼ਾਮ ਵਿਚ ਸਹਾਰਾ ਲੋਚਦੇ ਪਤੀ-ਪਤਨੀ ਦਾ ਇਕ ਦੂਜੇ ਦਾ ਹੱਥ ਫੜਨਾ, ਮਿੱਠੀਆਂ ਤੇ ਬੀਤੀਆਂ ਗੱਲਾਂ ਨੂੰ ਚੇਤਿਆਂ ਵਿਚ ਨਵਿਆਉਣਾ, ਪਿਆਰੀਆਂ ਯਾਦਾਂ ਵਿਚ ਗੁਆਚਣਾ ਅਤੇ ਵਰਤਮਾਨ ਨੂੰ ਹੋਰ ਸੁਹੰਢਣਾ ਤੇ ਸ਼ਾਨਦਾਰ ਬਣਾਉਣ ਲਈ ਸਾਹਾਂ ਦੀ ਸਾਂਝ ਅਤੇ ਸਰਦਾਰੀ ਨੂੰ ਬਰਕਰਾਰ ਰੱਖਣਾ।
ਚੰਗਾ ਲੱਗਦਾ ਹੈ, ਬੁੱਢੇ ਮਾਪਿਆਂ ਦੀ ਸੀਮਤ ਜਿਹੀ ਜ਼ਿੰਦਗੀ ਵਿਚ ਬੱਚਿਆਂ ਦਾ ਫੋਨ ਆਉਣਾ, ਨਿੱਕੀਆਂ ਬਾਤਾਂ ਵਿਚ ਵਿਹਲ ਨੂੰ ਸਾਰਥਕ ਬਣਾਉਣਾ। ਕਦੇ ਅਚਨਚੇਤੀ ਬੱਚਿਆਂ ਦਾ ਆ ਕੇ ਅਚੰਭਿਤ ਕਰਨਾ, ਬੁੱਕਲ ਵਿਚ ਲੈਣਾ ਅਤੇ ਮਾਂ ਦੇ ਹੱਥਾਂ ਦੀ ਰੋਟੀ ਖਾਣ ਲਈ ਰਿਹਾੜ ਕਰਨੀ। ਬਾਪੂ ਕੋਲੋਂ ਉਸ ਦੀਆਂ ਜੀਵਨ-ਯਾਦਾਂ ਨੂੰ ਸੁਣਨਾ। ਬਜੁਰਗਾਂ ਨੂੰ ਤਾਂ ਇਹ ਵੀ ਚੰਗਾ ਲੱਗਦਾ, ਜਦ ਉਨ੍ਹਾਂ ਦੇ ਜਨਮ ਦਿਨ ਜਾਂ ਵਿਆਹ ਦੀ ਭੁੱਲੀ ਹੋਈ ਤਾਰੀਕ ਨੂੰ ਬੱਚੇ ਯਾਦ ਕਰਵਾਉਂਦੇ, ਜਸ਼ਨ ਮਨਾਉਂਦੇ। ਜਾਂ ਕਦੇ ਕਦਾਈਂ ਬੱਚਿਆਂ ਵਲੋਂ ਭੇਜਿਆ ਕੇਕ ਜਾਂ ਫੁੱਲਾਂ ਦੇ ਗੁਲਦਸਤੇ ਦਾ ਘਰ ਦੀਆਂ ਬਰੂਹਾਂ ‘ਤੇ ਆਉਣਾ ਅਤੇ ਹੁਸੀਨ ਤੇ ਯਾਦਗਾਰੀ ਦਿਨਾਂ ਦੀ ਯਾਦ ਦਿਵਾਉਣਾ।
ਚੰਗਾ ਲੱਗਦਾ ਹੈ ਪਰਦੇਸੀ ਪੁੱਤ ਨੂੰ ਉਡੀਕਦੀ ਮਾਂ ਨੂੰ, ਜਦ ਉਸ ਦਾ ਲਾਡਲਾ ਅਚਨਚੇਤੀ ਘਰ ਦੀ ਸਰਦਲ ਟੱਪ, ਕੰਧਾਂ ਨੂੰ ਘਰ ਬਣਾਉਂਦਾ। ਮਾਂ ਦੀਆਂ ਖੁਸ਼ੀਆਂ ਨੂੰ ਖੰਬ ਲਾਉਂਦਾ ਤੇ ਉਸ ਦੀਆਂ ਦੁਆਵਾਂ ਦੀਆਂ ਨਿਆਮਤਾਂ ਝੋਲੀ ਪਵਾਉਂਦਾ। ਮਾਂਵਾਂ ਨੇ ਸਦਾ ਬੈਠੇ ਨਹੀਂ ਰਹਿਣਾ। ਉਨ੍ਹਾਂ ਨੂੰ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਦਾ ਮੁਖੜਾ ਨਿਹਾਰਨ ਅਤੇ ਉਸ ਦੀ ਸਲਾਮਤੀ ਲਈ ਅਰਦਾਸ ਕਰਨ ਦਾ ਬਹੁਤ ਚਾਅ ਹੁੰਦਾ।
ਚੰਗਾ ਲੱਗਦਾ ਹੈ, ਮਨ ਦੀ ਨੁੱਕਰੇ ਬੈਠੀ ਸੂਰਤ ਨੂੰ, ਜਦ ਉਸ ਨੂੰ ਯਾਦ ਕੀਤਾ ਜਾਂਦਾ। ਵਕਤ ਦੀਆਂ ਤਹਿਆਂ ਫਰੋਲਦਿਆਂ ਬਹੁਤ ਕੁਝ ਚੇਤੇ ਆ ਜਾਂਦਾ, ਜੋ ਪਤਾ ਨਹੀਂ ਕਿਸ ਮੋੜ ‘ਤੇ ਜੀਵਨ ਵਿਚੋਂ ਕਿਰਿਆ ਜਾਪਦਾ।
ਚੰਗਾ ਲੱਗਦਾ ਹੈ ਥੱਕੇ ਹੋਏ ਪੈਰਾਂ ਨੂੰ, ਜਦ ਕੋਈ ਉਨ੍ਹਾਂ ਲਈ ਉਤਸ਼ਾਹ ਦਾ ਨਿਉਂਦਾ ਪਾ ਕੇ ਸਿਰੜ, ਸਾਧਨਾ ਤੇ ਸਮਰਪਣ ਨਾਲ ਨਵੇਂ ਪੈਂਡਿਆਂ ਦਾ ਰਾਹੀ ਬਣਨ ਲਈ ਪ੍ਰੇਰਤ ਕਰਦਾ।
ਚੰਗਾ ਲੱਗਦਾ ਹੈ ਸੁਪਨ-ਹੀਣ ਅੱਖਾਂ ਨੂੰ, ਜਦ ਕੋਈ ਇਨ੍ਹਾਂ ਵਿਚ ਸੁਪਨਾ ਧਰਦਾ ਜਾਂ ਇਨ੍ਹਾਂ ਲਈ ਸੁਪਨਾ ਬਣਦਾ। ਸੁਪਨੇ ਲੈਣ ਦੀ ਤਮੰਨਾ ਹਰ ਅੱਖ ਦੀ ਹੁੰਦੀ ਅਤੇ ਜਦ ਸੋਚ ਦੇ ਹਾਣੀ ਦਾ ਸੁਪਨਾ ਅੱਖਾਂ ਦਾ ਹਾਸਲ ਬਣ ਜਾਂਦਾ ਤਾਂ ਜੀਵਨ ਚੰਗਾ ਚੰਗਾ ਲੱਗਦਾ।
ਚੰਗਾ ਲੱਗਦਾ ਹੈ, ਆਪਣੇ ਆਪ ਤੋਂ ਦੂਰ ਜਾ ਰਹੇ ਵਿਅਕਤੀ ਨੂੰ, ਜਦ ਉਹ ਆਪਣੇ ਅੰਤਰੀਵ ਵੰਨੀਂ ਪਰਤਦਾ। ਖੁਦ ਦੇ ਰੂਬਰੂ ਹੁੰਦਾ, ਆਪਣੀਆਂ ਤਰਜ਼ੀਹਾਂ ਤੇ ਤਮੰਨਾਵਾਂ ਨੂੰ ਆਪਣੀ ਤਕਦੀਰ ਬਣਾਉਂਦਾ। ਆਪਣੀਆਂ ਕਮੀਆਂ ਤੇ ਕੁਤਾਹੀਆਂ ਦੀ ਨਿਸ਼ਾਨਦੇਹੀ ਕਰਦਾ ਅਤੇ ਨਵੀਂ ਤਕਦੀਰ ਘੜਦਾ।
ਚੰਗਾ ਲੱਗਦਾ ਹੈ, ਸਫਲਤਾ ਦੀ ਟੀਸੀ ‘ਤੇ ਪਹੁੰਚੇ ਸੁਖਮ-ਭਾਵੀ ਮਨੁੱਖ ਨੂੰ, ਜਦ ਉਹ ਆਪਣੇ ਤੱਪੜਾਂ ਵਾਲੇ ਸਕੂਲ ਨੂੰ ਨਤਮਸਤਕ ਹੁੰਦਾ। ਪੁਰਾਣੇ ਕਮਰਿਆਂ ਅਤੇ ਅਧਿਆਪਕਾਂ ਨੂੰ ਯਾਦ ਕਰਦਾ ਅਤੇ ਉਨ੍ਹਾਂ ਨੂੰ ਅਕੀਦਤ ਭੇਟ ਕਰਦਾ, ਸਮੁੱਚੀਆਂ ਸਫਲਤਾਵਾਂ ਨੂੰ ਉਨ੍ਹਾਂ ਦੇ ਪੈਰਾਂ ਵਿਚ ਧਰਦਾ।
ਚੰਗਾ ਲੱਗਦਾ ਹੈ ਸਾਹ ਦੇ ਪਿੰਜਰ ਨੂੰ, ਜਦ ਕੋਈ ਸਾਹਾਂ ਨੂੰ ਸੰਵੇਦਨਾ, ਸ਼ੁਭ-ਚਿੰਤਨ ਅਤੇ ਸੁਖਨ-ਸਬੂਰੀ ਦੇ ਲੜ ਲਾ, ਇਸ ਦੀ ਹੋਂਦ ਤੇ ਹਸਤੀ ਨੂੰ ਨਵੇਂ ਅਰਥ ਦਿੰਦਾ। ਸਾਹ-ਸਰੰਗੀ ਬਣ ਜਾਂਦੀ ਹੈ, ਸਾਹ-ਸਾਜ਼।
ਚੰਗਾ ਲੱਗਦਾ ਹੈ ਬੁੱਸੇ ਹੋਏ ਸਾਹਾਂ ਨੂੰ, ਜਦ ਕੋਈ ਇਨ੍ਹਾਂ ‘ਚ ਸੁਗੰਧ ਦੀ ਜਾਗ ਲਾਉਂਦਾ। ਬੰਦਾ ਜਿਉਣਾ ਲੋਚਦਾ। ਮਹਿਕੀਲੇ ਪਲ ਜੀਵਨ ਦਾ ਸੁੰਦਰ ਸਰੂਪ ਸਿਰਜਦੇ। ਦੁਰਗੰਧ ਤੋਂ ਸੁਗੰਧ ਤੀਕ ਦਾ ਸਫਰ ਜਦ ਕਿਸੇ ਦਾ ਹਾਸਲ ਹੁੰਦਾ ਤਾਂ ਸਾਹਾਂ ਨੂੰ ਸੁਰਸਾਜ਼ੀ ਅਤੇ ਸੰਜੀਦਗੀ ਨੂੰ ਸਦਭਾਵਨਾ ਮਿਲਦੀ।
ਚੰਗਾ ਲੱਗਦਾ ਹੈ ਬਸਤਿਆਂ ਨੂੰ, ਜਦ ਬਸਤਿਆਂ ਦੇ ਹਰਫਾਂ ਨੂੰ ਮਸਤਕ ਵਿਚ ਉਗਣਾ ਨਸੀਬ ਹੁੰਦਾ। ਬਸਤਿਆਂ ਨੂੰ ਭਾਗ ਲੱਗਦੇ ਅਤੇ ਹਰਫ-ਹੀਣਾਂ ਨੂੰ ਸ਼ਬਦ-ਜੋਤ ਵਿਚ ਤਬਦੀਲ ਕਰਨ ਵਾਲੇ ਲੋਕ ਸ਼ੁਭ-ਨਸੀਬੀ ਦਾ ਫਖਰ ਹੁੰਦੇ।
ਚੰਗਾ ਲੱਗਦਾ ਹੈ, ਆਪੋ-ਆਪਣੇ ਘੁਰਨਿਆਂ ਵਿਚ ਬੰਦ, ਖੁਦ ਨਾਲ ਯੁੱਧ ਕਰ ਰਹੇ ਲੋਕਾਂ ਨੂੰ, ਜਦ ਉਹ ਪੁਰਾਣੇ ਸਾਥੀਆਂ ਨਾਲ ਮਿਲ ਬੈਠਦੇ। ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ, ਬੀਤੇ ਨੂੰ ਚੇਤੇ ਕਰਕੇ ਹੱਸਦੇ। ਆਪਣੀਆਂ ਬੇਵਕੂਫੀਆਂ ‘ਤੇ ਆਪਣੇ ਆਪ ਨੂੰ ਕੋਸਦੇ ਅਤੇ ਲੰਘ ਰਹੇ ਸਮੇਂ ਨੂੰ ਭੁਲਾ ਬਹਿੰਦੇ।
ਚੰਗਾ ਲੱਗਦਾ ਹੈ ਸਾਹਾਂ ਦੀ ਬੇਰੁਖੀ ਨੂੰ, ਜਦ ਕੋਈ ਸਾਹ-ਸਾਥੀ ਬਣ ਕੇ ਤੁਹਾਡੀਆਂ ਪੈੜਾਂ ‘ਚ ਪੈੜ ਬਣਦਾ। ਛਾਂ ਬਣ ਕੇ ਇਕ ਦੂਜੇ ਲਈ ਅਰਪਿੱਤ ਹੋਣਾ ਅਤੇ ਗੁੰਮ ਖੁਸ਼ੀਆਂ ਤੇ ਖੇੜਿਆਂ ਨੂੰ ਮਨਾਉਣ ਦੀ ਤਾਂਘ ਪਾਲਣਾ।
ਚੰਗਾ ਲੱਗਦਾ ਹੈ, ਆਪਣਿਆਂ ਤੋਂ ਹੀ ਦੂਰ ਹੋ ਗਏ ਆਪਣਿਆਂ ਨੂੰ, ਜਦ ਉਹ ਪਰਾਇਆਂ ਦੇ ਫੁਸਲਾਏ ਆਖਰ ਨੂੰ ਆਪਣਿਆਂ ਵੰਨੀਂ ਪਰਤਦੇ। ਗਲੇ ਲਾਉਂਦੇ ਅਤੇ ਮਨ ਦੀਆਂ ਦੱਬੀਆਂ ਪਰਤਾਂ ਫਰੋਲਦੇ।
ਚੰਗਾ ਲੱਗਦਾ ਹੈ, ਮਾਰੂਥਲ ਵਿਚ ਉਗੀ ਥੋਹਰ ਨੂੰ, ਜਦ ਉਸ ਦੀ ਹਿੱਕ ‘ਤੇ ਫੁੱਲ ਖਿੜਦਾ। ਰੰਗ ਤੇ ਮਹਿਕ ਦਾ ਵਣਜ ਕਰਦਾ ਅਤੇ ਕੰਡਿਆਲੀ ਥੋਹਰ ਨੂੰ ਵੀ ਸੁਹੱਪਣ ਭਰੀ ਪਛਾਣ ਮਿਲਦੀ।
ਚੰਗਾ ਲੱਗਦਾ ਹੈ, ਵਿਅਕਤੀ ਦੇ ਅੰਦਰ ਬੈਠੇ ਬਚਪਨੇ ਨੂੰ, ਜਦ ਉਹ ਅਚਾਨਕ ਕਾਰ ਰੋਕਦਾ। ਸੜਕ ਕਿਨਾਰੇ ਭੁੰਨੀਆਂ ਛੱਲੀਆਂ ਖਰੀਦਦਾ। ਮਰੂੰਡਾ ਲੈਣ ਲਈ ਰੇਹੜੀ ਵਾਲੇ ਨੂੰ ਹਾਕ ਮਾਰਦਾ। ਖੜੇ ਹੋ ਕੇ ਗੋਲਗੱਪੇ ਖਾਂਦਿਆਂ ਲਜ਼ੀਜ਼ਤਾ ਮਹਿਸੂਸ ਕਰਦਾ ਜਾਂ ਕ੍ਰਿਕਟ ਖੇਡਦੇ ਬੱਚਿਆਂ ਵਿਚ ਬੱਚਾ ਬਣ ਕੇ ਖੇਡਦਾ ਅਤੇ ਬਚਪਨ ਨੂੰ ਮੋੜ ਲਿਆਉਂਦਾ।
ਚੰਗਾ ਲੱਗਦਾ ਹੈ, ਮਾਪਿਆਂ ਦੇ ਅਨੁਸ਼ਾਸਨੀ ਜੀਵਨ ਤੋਂ ਉਕਤਾਏ ਬੱਚਿਆਂ ਨੂੰ, ਜਦ ਉਹ ਆਪਣੇ ਦਾਦਕੇ ਜਾਂ ਨਾਨਕੇ ਘਰ ਵਿਚ ਮਨ-ਮਰਜੀਆਂ ਕਰਦੇ। ਖਲਾਰਾ ਪਾਉਂਦੇ ਅਤੇ ਆਪਣੇ ਹਿੱਸੇ ਦੀ ਰੁੱਸੀ ਹੋਈ ਜ਼ਿੰਦਗੀ ਜਿਉਂਦੇ।
ਚੰਗਾ ਲੱਗਦਾ ਹੈ ਹੰਝੂਆਂ ਨੂੰ, ਜਦ ਉਨ੍ਹਾਂ ਨੂੰ ਹਾਸਿਆਂ ਦੀ ਨੇੜਤਾ ਨਸੀਬ ਹੁੰਦੀ। ਦੁੱਖਾਂ ਨੂੰ, ਜਦ ਸੁੱਖ ਢੁੱਕ ਢੁੱਕ ਕੋਲ ਬਹਿੰਦੇ ਜਾਂ ਰੁਆਂਸੇ ਵਕਤਾਂ ਨੂੰ, ਜਿਨ੍ਹਾਂ ਨੂੰ ਰੁਮਾਂਸ ਅਤੇ ਹੁਲਾਸ ਵਿਚੋਂ ਜੀਵਨ ਦਾ ਲੁਤਫ ਅਤੇ ਲੈਆਤਮਕਤਾ ਮਿਲਦੀ।
ਚੰਗਾ ਲੱਗਦਾ ਹੈ, ਆਲ੍ਹੇ ਵਿਚ ਧਰੇ ਹੋਏ ਚਿਰਾਗ ਨੂੰ, ਜਦ ਕੋਈ ਕੋਮਲ ਹੱਥਾਂ ਨਾਲ ਇਸ ਵਿਚ ਤੇਲ ਪਾਉਂਦਾ, ਬੱਤੀ ਟਿਕਾਉਂਦਾ ਅਤੇ ਜਗਾ ਕੇ ਘਰ ਦੀ ਆਰਤੀ ਕਰਦਾ। ਘਰ ਦੀਆਂ ਸੁੰਨੀਆਂ ਬਰੂਹਾਂ ਦੇ ਭਾਗ ਜਗਾਉਂਦਾ। ਚਿਰਾਗ ਜਗਦੇ ਤਾਂ ਹੀ ਘਰ ਵੱਸਦੇ।
ਚੰਗਾ ਲੱਗਦਾ ਹੈ ਅਰਥਹੀਣ ਸ਼ਬਦਾਂ ਨੂੰ, ਜਦ ਇਸ ਵਿਚ ਅਰਥਾਂ ਦੇ ਜੁਗਨੂੰ ਟਿਮਟਿਮਾਉਂਦੇ। ਕਿਸੇ ਮਨਮਸਤਕ ਵਿਚ ਗਿਆਨ ਦੀ ਕਾਤਰ ਟਿਕਾਉਂਦੇ। ਹਨੇਰਿਆਂ ਨੂੰ ਹੂੰਝ, ਚਾਨਣ-ਵਿਛਾਈ ਕਰਦੇ ਅਤੇ ਰਾਹਾਂ ਨੂੰ ਮੰਜ਼ਿਲ-ਪ੍ਰਾਪਤੀ ਦਾ ਸ਼ਿਲਾਲੇਖ ਬਣਾਉਂਦੇ।
ਚੰਗਾ ਲੱਗਦਾ ਹੈ ਚਿਰਾਗਹੀਣ ਬਨੇਰੇ ਨੂੰ, ਜਦ ਇਸ ਦੇ ਮੁੱਖ ‘ਤੇ ਮੋਮਬੱਤੀਆਂ ਦੀ ਡਾਰ, ਚਾਨਣ ਦੀ ਸੱਦ ਲਾਉਂਦੀ। ਇਹ ਧੁੱਪ-ਰੰਗਾ ਚਾਨਣ ਹੌਲੀ ਹੌਲੀ ਪੌੜੀਆਂ ਉਤਰਦਾ ਵਿਹੜੇ ਅਤੇ ਘਰ ਨੂੰ ਰੁਸ਼ਨਾਉਂਦਾ। ਚੰਗਾ ਲੱਗਦਾ ਹੈ ਬਦਹਵਾਸੀ ਪੌਣ ਨੂੰ, ਜਦ ਕੋਈ ਤਾਜੀ ਅਤੇ ਸੁਗੰਧਤ ਹਵਾ ਦਾ ਬੁੱਲਾ ਇਸ ਦੀ ਜੂਹੇ ਫੇਰੀ ਪਾਉਂਦਾ।
ਚੰਗਾ ਲੱਗਦਾ ਹੈ ਵਿਯੋਗੀ ਨੂੰ, ਕਿਸੇ ਦਾ ਸਹਿਲਾਉਣਾ ਤੇ ਗਲ ਨਾਲ ਲਾਉਣਾ। ਤਲਿਸਮੀ ਖਾਮੋਸ਼ੀ ਵਿਚ ਸੰਦਲੀ ਬਹਾਰਾਂ ਦੀ ਆਮਦ ਨੂੰ ਜੀਵਨ-ਦਰ ‘ਤੇ ਕਿਆਸਣਾ ਅਤੇ ਸੁਹਜਮਈ ਸੋਚਾਂ ਨੂੰ ਸਤਰੰਗੀ ਆਭਾ ਵਿਚ ਰੰਗਣਾ।
ਕਲਮ ਤਾਂ ਸੋਚਦੀ ਰਹਿੰਦੀ ਕਿ
ਬੜਾ ਚੰਗਾ ਲੱਗਦਾ ਹੈ
ਅੰਬਰ ਦੇ ਵਿਹੜੇ ਵਿਚ
ਤਾਰਿਆਂ ਦੀ ਫਸਲ ਉਗਾਉਣਾ
ਬੱਦਲਾਂ ਦੇ ਪਿੰਡੇ ਉਤੇ
ਵਾਸ਼ਪਾਂ ਦੀ ਕੀਰਤੀ ਦਾ
ਨਿਵੇਕਲਾ ਹੀ ਨਕਸ਼ ਬਣਾਉਣਾ।
ਬਹੁਤ ਚੰਗਾ ਲੱਗਦਾ ਹੈ
ਸਾਹੀਂ ਵੱਸੇ ਹਾਵਿਆਂ ਦੀ
ਮਰਜਾਣੀ ਸਾਂਝ ਨੂੰ ਮਿਟਾਉਣਾ
ਹੰਝੂਆਂ ਨਾਲ ਕੀਤੇ ਹੋਏ
ਫਿਕੜੀ ਜਿਹੀ ਰੰਗ-ਜੂਹੇ
ਸੂਹਾ ਰੰਗ ਹਾਸਿਆਂ ਦਾ ਲਾਉਣਾ।
ਬਹੁਤ ਚੰਗਾ ਲੱਗਦਾ ਹੈ
ਦਰਦਾਂ ਦੇ ਮੁੱਢ ਬਹਿ ਕੇ
ਹੌਲੇ ਹੌਲੇ ਚੁੱਪ ਸਹਿਲਾਉਣਾ
ਸੁੰਨੇ ਸੁੰਨੇ ਵਕਤਾਂ ਦੀ
ਸੁੰਨ ਹੋਈ ਵਾਰਤਾ ਨੂੰ
ਕੋਸੇ ਬੋਲਾਂ ਰਲ ਕੇ ਬੁਲਾਉਣਾ।
ਚੰਗਾ ਚੰਗਾ ਲੱਗਦਾ ਹੈ
ਅਰਥਹੀਣ ਵਾਅ ਦੇ ਪਿੰਡੇ
ਕਰਮ ਦਾ ਭਾਵ ਉਪਜਾਣਾ
ਮੁੱਦਤਾਂ ਦੀਆਂ ਰੁੱਸੀਆਂ
ਮਹਿਕੀਲੀਆਂ ਫਿਜ਼ਾਵਾਂ ਨੂੰ
ਮਸਤਕ ਦੀ ਵਾਦੀਏ ਫੈਲਾਉਣਾ।
ਬਹੁਤ ਚੰਗਾ ਲੱਗਦਾ ਹੈ
ਸਹਿਕਦੇ ਦਰਿਆਵਾਂ ਨੂੰ
ਹੋਂਦ ਦਾ ਅਹਿਸਾਸ ਕਰਾਉਣਾ
ਭੁੱਲ ਚੁੱਕਾ ਚੇਤਿਆਂ ‘ਚੋਂ
ਰਹਿਮਤਾਂ ਦਾ ਰਾਗ
ਸੋਚ-ਬਰੂਹੀਂ ਉਕਰਾਉਣਾ।
ਚੰਗਾ ਚੰਗਾ ਲੱਗਦਾ ਹੈ
ਹੱਥ ਦੀਆਂ ਰੇਖਾਵਾਂ ਨੂੰ
ਰੱਟਣਾਂ ਦੀ ਭਾਸ਼ਾ ਬਣਾਉਣਾ
ਤੁਰਨ ਤੋਂ ਆਕੀ ਪੈਰੀਂ
ਫੱਟੀਆਂ ਬਿਆਈਆਂ ਦੀ
ਸੰਦਲੀ ਜਹੀ ਛਾਪ ਲਗਾਉਣਾ
ਬਹੁਤ ਚੰਗਾ ਲੱਗਦਾ ਹੈ
ਸੋਚਾਂ ਦੀਆਂ ਝੀਤਾਂ ਵਿਚੋਂ
ਚੱਲਦਾ ਰਹੇ ਵਿਚਾਰ-ਪ੍ਰਵਾਹ
ਕਰਮ ਦੀ ਧਰਾਤਲ ‘ਤੇ
ਕੀਰਤੀ ਦੀ ਜਾਚਨਾ ਦਾ
ਵਹਿੰਦਾ ਰਹੇ ਅਰੋਕ ਵਹਾਅ।
ਚੰਗਾ ਲੱਗਦਾ ਹੈ, ਲੋਕ-ਮਨਾਂ ਵਿਚ ਮਨਫੀ ਹੋਏ ਵਿਅਕਤੀ ਨੂੰ, ਜਦ ਕੋਈ ਉਸ ਨੂੰ ਉਸ ਦਾ ਨਾਮ ਲੈ ਕੇ ਪਿਛਿਉਂ ‘ਵਾਜ ਮਾਰਦਾ। ਉਸ ਦਾ ਹਾਲ-ਚਾਲ ਪੁੱਛਦਾ ਅਤੇ ਪੁਰਾਣੀ ਸਾਂਝ ਨੂੰ ਪੁਨਰ-ਸੰਜੀਵ ਕਰਦਾ।
ਚੰਗਾ ਲੱਗਦਾ ਹੈ, ਕਮਰੇ ਦੀ ਸੁੰਨਸਾਨ ਵਿਚ ਮੰਜੇ ‘ਤੇ ਲੇਟੇ ਬਜੁਰਗ ਨੂੰ ਕੋਈ ਬੱਚਾ ਅਛੋਪਲੇ ਜਿਹੇ ਆਪਣੀ ਡਿੱਗੀ ਗੇਂਦ ਚੁੱਕਣ ਲਈ ਅੰਦਰ ਆ ਵੜਦਾ। ਉਸ ਨੂੰ ਯਾਦ ਆਉਂਦਾ, ਜਦ ਹਰ ਘਰ ਹੀ ਆਪਣਾ ਘਰ ਹੁੰਦਾ ਸੀ, ਹਰ ਔਰਤ ਹੀ ਮਾਂ ਹੁੰਦੀ ਸੀ ਅਤੇ ਕਿਸੇ ਵੀ ਘਰ ਵਿਚੋਂ ਕੁਝ ਵੀ ਖਾ ਲਿਆ ਜਾਂਦਾ ਸੀ।
ਚੰਗਾ ਲੱਗਦਾ ਹੈ, ਜਦ ਰਿਸ਼ਤਿਆਂ ਦੀ ਬੇਰੁਖੀ ਹੰਢਾ ਰਹੇ ਆਦਮੀ ਨੂੰ ਜਦ ਉਮਰਾਂ ਪਿਛੋਂ ਕੋਈ ਆਪਣਾ ਧਾਅ ਕੇ ਮਿਲਦਾ। ਹਿੱਕ ਨਾਲ ਲਾਉਂਦਾ ਅਤੇ ਦੀਦਿਆਂ ਵਿਚੋਂ ਵਗਦਾ ਨੀਰ ਪੁਰਾਣੀ ਨਾਰਾਜ਼ਗੀ ਅਤੇ ਉਦਾਸੀਨਤਾ ਨੂੰ ਧੋਅ ਦਿੰਦਾ।
ਚੰਗਾ ਲੱਗਦਾ ਹੈ, ਕਿਸੇ ਲੜਖੜਾਂਦੇ ਬਜੁਰਗ ਨੂੰ, ਜਦ ਉਸ ਦੀ ਡਿੱਗੀ ਹੋਈ ਐਨਕ ਜਾਂ ਡੰਗੋਰੀ ਨੂੰ ਕੋਈ ਰਾਹਗੀਰ ਚੁੱਕ ਕੇ ਫੜਾਉਂਦਾ। ਉਸ ਦੀ ਜੀਵਨ-ਯਾਤਰਾ ਨੂੰ ਸਾਂਵੀਂ ਕਰਨ ਵਿਚ ਕਰਮਯੋਗਤਾ ਨਿਭਾਉਂਦਾ।
ਚੰਗਾ ਲੱਗਦਾ ਹੈ ਆਪੇ ਨੂੰ, ਜਦ ਅਸੀਂ ਆਪੇ ਨੂੰ ਪਿਆਰ ਕਰਦੇ। ਖੁਦ ਨੂੰ ਅਪਨਾਉਂਦੇ। ਮਿਲੀਆਂ ਰਹਿਮਤਾਂ ਦੀ ਸ਼ੁਕਰਗੁਜ਼ਾਰੀ ਵਿਚੋਂ ਖੁਦ ਨੂੰ ਨਵੀਂ ਦਿਸ਼ਾ ਦਿੰਦੇ। ਕਿਸੇ ਨਾਲ ਪਿਆਰ ਕਰਨ ਤੋਂ ਪਹਿਲਾਂ ਜਰੂਰੀ ਹੈ ਕਿ ਖੁਦ ਨਾਲ ਪਿਆਰ ਕਰੋ। ਦੁਨੀਆਂ ਚੰਗੀ ਲੱਗੇਗੀ।
ਚੰਗਾ ਲੱਗਦਾ ਹੈ ਰਾਤਾਂ ਨੂੰ, ਜਦ ਉਹ ਹਨੇਰੀਆਂ ਰਾਤਾਂ ਤੋਂ ਅੱਕੀ ਪੁੰਨਿਆਂ ਦੀ ਰਾਤ ਦਾ ਹਾਣ ਮਾਣਦੀ। ਚੰਨ ਦਾ ਪੂਰਨ ਵਜੂਦ ਧਰਤੀ ‘ਤੇ ਉਤਰਦਾ ਅਤੇ ਚਾਨਣ-ਰੰਗੀ ਚਾਦਰ ਨਾਲ ਇਸ ਨੂੰ ਲਪੇਟ ਲੈਂਦਾ।
ਚੰਗਾ ਲੱਗਦਾ ਹੈ, ਮਨ ਦੀ ਬੇਰੁਖੀ ਦੀਆਂ ਤਲੀਆਂ ‘ਤੇ ਕਿਸੇ ਦਾ ਹੋਣ ਅਤੇ ਕਿਸੇ ਨੂੰ ਅਪਨਾਉਣ ਦੀ ਮਹਿੰਦੀ ਲਾਉਣਾ ਅਤੇ ਰੰਗਾਂ ਨੂੰ ਰੂਹ-ਰਮਤਾ ਬਣਾਉਣਾ।
ਚੰਗਾ ਲੱਗਦਾ ਹੈ, ਬੰਦੇ ਦੀ ਕ੍ਰਿਆਸ਼ੀਲਤਾ ਨੂੰ, ਜਦ ਇਹ ਵਰਕਿਆਂ ‘ਤੇ ਫੈਲ, ਤਵਾਰੀਖ ਨੂੰ ਨਵੀਂ ਤਕਦੀਰ ਅਤੇ ਪਛਾਣ ਦਿੰਦੀ। ਅੰਤਰ-ਆਤਮਾ ਨੂੰ ਕਾਗਜ਼ ਦੀ ਹਿੱਕ ‘ਤੇ ਉਕਰਨ ਵਾਲੇ ਮਨ ਦਾ ਭਾਰ ਨਹੀਂ ਢੋਂਦੇ। ਉਹ ਜੀਵਨ-ਸੁਖਨਤਾ ਨੂੰ ਜੀਵਨ-ਸਿਧਾਂਤ ਬਣਾਉਂਦੇ।