ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ

ਉਮਾ ਗੁਰਬਖਸ਼ ਸਿੰਘ (27 ਜੁਲਾਈ 1927-23 ਮਈ 2020) ਨੇ ਆਪਣੇ ਪਿਤਾ ਅਤੇ ਉਘੇ ਲਿਖਾਰੀ ਗੁਰਬਖਸ਼ ਸਿੰਘ ਦੇ ਨਾਟਕ ‘ਰਾਜਕੁਮਾਰੀ ਲਤਿਕਾ’ ਵਿਚ ਨਾਇਕਾ ਦਾ ਰੋਲ ਨਿਭਾ ਕੇ ਇਤਿਹਾਸ ਸਿਰਜਿਆ ਅਤੇ ਉਹ ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਬਣ ਗਈ। ਇਹ ਨਾਟਕ ਪ੍ਰੀਤ ਨਗਰ ਦੀ ਧਰਤੀ ‘ਤੇ 7 ਜੂਨ 1939 ਨੂੰ ਖੇਡਿਆ ਗਿਆ ਸੀ। ਬੇਸ਼ੱਕ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਆ ਗਏ, ਪਰ ਉਮਾ ਆਖਰੀ ਸਾਹ ਤੱਕ ਪ੍ਰੀਤ ਨਗਰ ਵਿਚ ਹੀ ਰਹੇ। ਇਸ ਲੇਖ ਵਿਚ ਰੰਗਕਰਮੀ ਕੇਵਲ ਧਾਲੀਵਾਲ ਨੇ ਉਨ੍ਹਾਂ ਦੇ ਜੀਵਨ ‘ਤੇ ਭਰਵੀਂ ਝਾਤ ਪਾਈ ਹੈ।

-ਸੰਪਾਦਕ

ਕੇਵਲ ਧਾਲੀਵਾਲ
ਫੋਨ: +91-98142-99422

ਪੰਜਾਬੀ ਰੰਗਮੰਚ ਨੂੰ ਉਦੋਂ ਨਵਾਂ ਹੁਲਾਰਾ ਮਿਲਿਆ, ਜਦੋਂ ਸੁਪਨਸਾਜ਼ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਨੇ 1938 ਵਿਚ ਪ੍ਰੀਤ ਨਗਰ ਵਸਾਇਆ ਅਤੇ ਉਥੋਂ ਦੇ ਸੁੱਕੇ ਤਾਲਾਬ ਨੂੰ ਓਪਨ-ਏਅਰ ਥੀਏਟਰ ਦਾ ਰੂਪ ਦਿੱਤਾ। ਉਥੇ ਹੀ ਗੁਰਬਖਸ਼ ਸਿੰਘ ਨੇ ਆਪਣਾ ਲਿਖਿਆ ਨਾਟਕ ‘ਰਾਜਕੁਮਾਰੀ ਲਤਿਕਾ’ ਖੇਡਣਾ ਚਾਹਿਆ। ਰਾਜਕੁਮਾਰ ਦਾ ਰੋਲ ਉਦੋਂ ਨੌਜਵਾਨ ਨਵਤੇਜ ਸਿੰਘ (ਨਾਟਕਕਾਰ ਦਾ ਵੱਡਾ ਪੁੱਤਰ, ਜੋ ਪਿੱਛੋਂ ਜਾ ਕੇ ਪ੍ਰਸਿੱਧ ਕਹਾਣੀਕਾਰ ਬਣਿਆ) ਨੂੰ ਦਿੱਤਾ ਗਿਆ, ਪਰ ਹੁਣ ਨਾਟਕ ਦੀ ਮੁੱਖ ਨਾਇਕਾ ‘ਰਾਜਕੁਮਾਰੀ ਲਤਿਕਾ’ ਦਾ ਕਿਰਦਾਰ ਨਿਭਾਉਣ ਲਈ ਕੋਈ ਕੁੜੀ ਅੱਗੇ ਨਹੀਂ ਸੀ ਆ ਰਹੀ। ਗੁਰਬਖਸ਼ ਸਿੰਘ ਅਗਾਂਹਵਧੂ ਵਿਚਾਰਧਾਰਾ ਵਾਲੇ ਸਨ। ਇਸ ਲਈ ਇਹ ਰੋਲ ਕਿਸੇ ਮੁੰਡੇ ਕੋਲੋਂ ਨਹੀਂ ਸੀ ਕਰਵਾਉਣਾ ਚਾਹੁੰਦੇ। ਉਨ੍ਹਾਂ ਨੇ ਤੁਰੰਤ ਫੈਸਲਾ ਕੀਤਾ ਕਿ ਰਾਜਕੁਮਾਰੀ ਲਤਿਕਾ ਦਾ ਰੋਲ ਉਨ੍ਹਾਂ ਦੀ ਵੱਡੀ ਬੇਟੀ ਉਮਾ ਕਰੇਗੀ। ਨਾਟਕ ਤਿਆਰ ਹੋਇਆ, ਖੇਡਿਆ ਵੀ ਬੜੀ ਸਫਲਤਾ ਨਾਲ ਗਿਆ, ਪਰ ਲੋਕਾਂ ਦੀ ਜ਼ੁਬਾਨ ‘ਤੇ ਉਸ ਸਮੇਂ ਇਹ ਚਰਚਾ ਦਾ ਵਿਸ਼ਾ ਸੀ ਕਿ ਨਾਟਕ ਵਿਚ ਕਿਸੇ ਕੁੜੀ ਨੇ ਕੰਮ ਕੀਤਾ ਹੈ, ਤੇ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਸੀ ਕਿ ਹੀਰੋ-ਹੀਰੋਇਨ ਦਾ ਰੋਲ ਸਕੇ ਭੈਣ-ਭਰਾ ਨੇ ਕੀਤਾ। ਪ੍ਰੀਤ ਨਗਰ ਦੀ ਧਰਤੀ ‘ਤੇ 7 ਜੂਨ 1939 ਨੂੰ ਖੇਡੇ ਇਸ ਨਾਟਕ ਨਾਲ ‘ਉਮਾ’ ਦੇ ਰੂਪ ਵਿਚ ਪੰਜਾਬੀ ਰੰਗਮੰਚ ਨੂੰ ਪਹਿਲੀ ਅਭਿਨੇਤਰੀ ਮਿਲੀ।
ਉਮਾ ਜੀ ਦੇ ਰੰਗਮੰਚ ਦੇ ਪਿੜ ਵਿਚ ਆਉਣ ਨਾਲ ਹੋਰ ਕੁੜੀਆਂ ਨੂੰ ਵੀ ਹੱਲਾਸ਼ੇਰੀ ਮਿਲੀ ਤੇ ਫੇਰ ਉਨ੍ਹਾਂ ਨੇ ਵੀ ਪ੍ਰੀਤ ਨਗਰ ਵਿਚ ਖੇਡੇ ਜਾਣ ਵਾਲੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ।
ਪ੍ਰੀਤ ਨਗਰ ਦੇ ਐਕਟਿਵਿਟੀ ਸਕੂਲ ਵਿਚ ਮੰਗਲਵਾਰ ਦੀ ਰਾਤ ‘ਗੋਲਡਨ ਨਾਈਟ’ ਹੁੰਦੀ ਸੀ, ਜਿਥੇ ਬੱਚਿਆਂ ਦੇ ਨਾਟਕ ਤੇ ਹੋਰ ਸੰਗੀਤਕ ਪੇਸ਼ਕਾਰੀਆਂ ਹੁੰਦੀਆਂ। ਉਮਾ ਜੀ ਇਨ੍ਹਾਂ ਵਿਚ ਭਰਪੂਰ ਹਿੱਸਾ ਲੈਂਦੇ। ਉਹ ਗਾਉਂਦੇ ਵੀ ਤੇ ਸਿਤਾਰ ਵੀ ਵਧੀਆ ਵਜਾਉਂਦੇ ਸਨ। ਇਨ੍ਹਾਂ ਸਰਗਰਮੀਆਂ ਨੇ ਉਨ੍ਹਾਂ ਨੂੰ ਸੰਗੀਤ ਤੇ ਨਾਟਕ ਲਈ ਤਜਰਬਾ ਦਿੱਤਾ। ਸੋ, ਜਦੋਂ 23 ਮਈ 1942 ਨੂੰ ਜਵਾਹਰ ਲਾਲ ਨਹਿਰੂ ਪ੍ਰੀਤ ਨਗਰ ਦੇਖਣ ਆਏ, ਉਮਾ ਜੀ ਨੇ ਆਪਣੇ ਸਾਥੀਆਂ-ਸਾਥਣਾਂ ਨਾਲ ਰਲ ਕੇ ਡਾਕਟਰ ਇਕਬਾਲ ਦੀ ਰਾਸ਼ਟਰਵਾਦੀ ਦੀ ਰਚਨਾ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਤੇ ਗੁਰੂ ਨਾਨਕ ਦੇਵ ਜੀ ਦਾ ਰਚਿਆ ਭਾਵਪੂਰਤ ਸ਼ਬਦ ‘ਗਗਨ ਮੈ ਥਾਲੁ’ ਗਾਏ। ਉਸ ਪਿਛੋਂ ਉਮਾ ਜੀ ਨੇ ਲਗਾਤਾਰ ‘ਪ੍ਰੀਤ ਮੁਕਟ’, ‘ਪ੍ਰੀਤ ਮਣੀ’ ਅਤੇ ‘ਸਾਡੀ ਹੋਣੀ ਦਾ ਲਿਸ਼ਕਾਰਾ’ ਨਾਟਕਾਂ ਵਿਚ ਅਦਾਕਾਰੀ ਕੀਤੀ, ਜੋ ਪ੍ਰੀਤ ਨਗਰ ਵਿਚ ਹੁੰਦੀਆਂ ਰਹਿੰਦੀਆਂ ਸਾਲਾਨਾ ਪ੍ਰੀਤ ਮਿਲਣੀਆਂ ਵਿਚ ਖੇਡੇ ਜਾਂਦੇ ਰਹੇ।
ਜਦੋਂ ਉਮਾ ਜੀ ਆਪਣੀ ਬੀ. ਏ. ਦੀ ਪੜ੍ਹਾਈ ਲਈ ਫਤਿਹ ਚੰਦ ਮਹਿਲਾ ਕਾਲਜ, ਲਾਹੌਰ ਵਿਚ ਦਾਖਲ ਹੋਏ ਤਾਂ ਉਦੋਂ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਸਾਹਿਤਕ ਤੇ ਕਲਾਤਮਕ ਗੁੜ੍ਹਤੀ ਮਿਲ ਚੁਕੀ ਹੋਈ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਇਕ ਲੇਖਕ ਤੇ ਵਿਚਾਰਵਾਨ ਸਨ ਤੇ ਉਨ੍ਹਾਂ ਦੇ ਵੱਡੇ ਵੀਰ ਇਕ ਉਭਰਦੇ ਕਹਾਣੀਕਾਰ।
ਉਮਾ ਜੀ ਦੇ ਇਸ ਪਿਛੋਕੜ ਨੇ ਉਨ੍ਹਾਂ ਨੂੰ ਕਾਲਜ ਦੇ ਦਿਨਾਂ ਵਿਚ ਸਾਹਿਤ, ਸੰਗੀਤ ਤੇ ਰੰਗਮੰਚ ਦੀਆਂ ਸਰਗਰਮੀਆਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਨੇ ਬੱਚਿਆਂ ਲਈ ਕੁਝ ਕਹਾਣੀਆਂ ਲਿਖੀਆਂ, ਜੋ ‘ਬਾਲ ਸੰਦੇਸ਼’ ਵਿਚ ਛਪੀਆਂ। ਉਨ੍ਹਾਂ ਨੇ ਕੁਝ ਲੇਖ ਵੀ ਲਿਖੇ, ਜੋ ‘ਪ੍ਰੀਤ ਲੜੀ’ ਵਿਚ ਛਪੇ। ਉਮਾ ਭੈਣ ਜੀ ਨੇ ਹੌਲੀ-ਹੌਲੀ ਸ਼ੀਲਾ ਭਾਟੀਆ ਨਾਲ ਮਿਲ ਕੇ ਲਾਹੌਰ ਦੇ ਲਾਰੈਂਸ ਗਰਡਨ (ਜੋ ਹੁਣ ਫਾਤਿਮਾ ਜਿਨਾਹ ਪਾਰਕ ਹੈ) ਵਿਚਲੇ ਓਪਨ-ਏਅਰ ਥੀਏਟਰ ਵਿਚ ਹੁੰਦੇ ਉਪੇਰਿਆਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਉਦੋਂ ਉਨ੍ਹਾਂ ਦੇ ਨਾਲ ਸ਼ੀਲਾ ਭਾਟੀਆ, ਪੈਰਿਨ ਰਮੇਸ਼ ਚੰਦ, ਸੁਤੰਤਰਤਾ ਭਗਤ, ਸਨੇਹ ਲਤਾ ਸਾਨਿਆਲ, ਸ਼ੀਲਾ ਸੰਧੂ, ਸੁਰਜੀਤ ਕੌਰ, ਲਿੱਟੋ ਘੋਸ਼, ਸਵੀਰਾ ਮਾਨ, ਪੂਰਨ ਤੇ ਕਦੀ-ਕਦੀ ਹੋਰ ਵੀ ਕੁੜੀਆਂ ਇਨ੍ਹਾਂ ਨਾਟਕਾਂ ਵਿਚ ਹਿੱਸਾ ਲੈਂਦੀਆਂ। ਇਕ ਵਾਰੀ ਤਾਂ ਇਨ੍ਹਾਂ ਨਾਟਕਾਂ ਨੂੰ ਦੇਖਣ ਲਈ ਭਾਰਤ ਦੀ ਪ੍ਰਸਿੱਧ ਕਵਿੱਤਰੀ ਤੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੀ ਵੀਰਾਂਗਣਾ ਸ਼ਖਸੀਅਤ ਸਰੋਜਨੀ ਨਾਇਡੂ ਅਤੇ ਸਿੱਖ ਰਾਜ ਦੇ ਅੰਤਲੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਰਾਜਕੁਮਾਰੀ ਬਾਂਬਾ ਸਦਰਲੈਂਡ ਵੀ ਆਈਆਂ। ਉਮਾ ਜੀ ਨੂੰ ਇਸ ਗੱਲ ਦਾ ਵੀ ਮਾਣ ਪ੍ਰਾਪਤ ਹੋਇਆ ਕਿ ਲਾਹੌਰ ਦੇ ਲਾਰੈਂਸ ਗਾਰਡਨ ਵਿਚ ਖੇਡੇ ਗਏ ਸੰਗੀਤ ਨਾਟਕ ‘ਅਮਰ ਭਾਰਤ’ ਦੀ ਪੇਸ਼ਕਾਰੀ ਸਮੇਂ, ਉਨ੍ਹਾਂ ਨੇ ਉਸਤਾਦ ਸਰੋਦ-ਵਾਦਕ ਅਲੀ ਅਕਬਰ ਖਾਨ, ਵਿਖਿਆਤ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਤੇ ਉਸ ਸਮੇਂ ਦੇ ਉਘੇ ਰੰਗ-ਮੰਚ ਅਦਾਕਾਰ ਬਿਨੋਏ ਰਾਏ ਨਾਲ ਮੰਚ ਸਾਂਝਾ ਕੀਤਾ। ਉਮਾ ਜੀ ਬਹੁਤ ਵਾਰ ਲਾਹੌਰ ਦੇ ਗਲੀਆਂ ਮੁਹੱਲਿਆਂ ਵਿਚ ਵੀ ਨਾਟਕ ਖੇਡਣ ਜਾਂਦੇ ਰਹੇ। ਬਹੁਤੇ ਨਾਟਕ ਗੀਤ ਤੇ ਨ੍ਰਿਤ ਨਾਟਕ ਹੁੰਦੇ ਸਨ। ਉਹ ਬਹੁਤ ਵਧੀਆ ਤੇ ਬਹੁਤ ਉਚੀ ਅਵਾਜ਼ ਵਿਚ ਗਾਉਂਦੇ ਸਨ। ਉਨ੍ਹਾਂ ਦੀ ਅਵਾਜ਼ ਸੁਣ ਕੇ ਉਦੋਂ ਮੁੰਬਈ ਤੋਂ ਉਸ ਸਮੇਂ ਦੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਪੀ. ਸੀ. ਜੋਸ਼ੀ ਨੇ ਆਪਣੇ ਸਿਰਕਰਦਾ ਆਗੂ ਡਾ. ਗੰਗਾਧਰ ਅਧਿਕਾਰੀ ਰਾਹੀਂ ਪੰਜਾਬ ਤੋਂ ਸੰਗੀਤਕਾਰ ਪ੍ਰੇਮ ਧਵਨ ਅਤੇ ਉਮਾ ਜੀ ਨੂੰ ਬੰਬਈ, ਸਰਬ ਭਾਰਤ ਲੋਕ-ਰੰਗਮੰਚ ਸੰਗਠਨ (ਇਪਟਾ) ਦੀ ਰਾਸ਼ਟਰੀ ਟੋਲੀ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ, ਪਰ ਉਮਾ ਜੀ ਨੂੰ ਪੰਜਾਬੀ ਨਾਟਕ ਤੇ ਰੰਗਮੰਚ ਨਾਲ ਮੋਹ ਸੀ, ਇਸ ਲਈ ਉਹ ਬੰਬਈ ਨਹੀਂ ਗਏ ਤੇ ਪੰਜਾਬ ਵਿਚ ਹੀ ਨਾਟਕ ਖੇਡਦੇ ਰਹੇ।
ਉਨ੍ਹਾਂ ਦਿਨਾਂ ਵਿਚ ਹੀ ਉਘੇ ਕਮਿਊਨਿਸਟ ਆਗੂ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਉਮਾ ਜੀ ਦੀ ਉਚੀ ਅਵਾਜ਼ ਸੁਣ ਕੇ ਕਿਹਾ, “ਕੁੜੀਏ, ਮੈਂ ਤਾਂ ਸੋਚਦਾ ਸੀ ਕਿ ਸਟੇਜਾਂ ‘ਤੇ ਮੈਂ ਹੀ ਸਭ ਤੋਂ ਉਚੀ ਅਵਾਜ਼ ‘ਚ ਭਾਸ਼ਣ ਦੇਂਦਾ ਵਾਂ, ਤੂੰ ਤਾਂ ਮੇਰੇ ਤੋਂ ਵੀ ਉਚੀ ਅਵਾਜ਼ ‘ਚ ਗੀਤ ਗਾਉਂਨੀ ਏਂ।” ਇਹ ਇਕ ਤਰ੍ਹਾਂ ਨਾਲ ਉਮਾ ਜੀ ਨੂੰ ਕਾਮਰੇਡ ਟਪਿਆਲਾ ਦਾ ਅਸ਼ੀਰਵਾਦ ਤੇ ਹੱਲਾਸ਼ੇਰੀ ਹੀ ਸੀ ਕਿ ਉਮਾ ਜੀ ਆਪਣੀਆਂ ਸਾਥਣਾਂ ਦੇ ਨਾਲ ਪਿੰਡਾਂ ਵਿਚ ਵੀ ਨਾਟਕ ਖੇਡਣ ਜਾਂਦੇ ਸੀ। ਉਦੋਂ ਹੀ ਜਦੋਂ ਇਹ ਕੁੜੀਆਂ 1945 ਵਿਚ ਪ੍ਰੀਤ ਨਗਰ ਲਾਗਲੇ ਇਕ ਪਿੰਡ ਚੁਗਾਵਾਂ ਵਿਖੇ ਸੰਗੀਤ ਨਾਟਕ ‘ਹੁੱਲੇ ਹੁਲਾਰੇ’ (ਜਿਸ ਨਾਟਕ ਦੀਆਂ ਉਦੋਂ ਤੱਕ ਲਗਭਗ ਵੀਹ ਪੇਸ਼ਕਾਰੀਆਂ ਲਾਹੌਰ, ਮੋਗਾ, ਅੰਮ੍ਰਿਤਸਰ ਤੇ ਪ੍ਰੀਤ ਨਗਰ ਵਗੈਰਾ ਥਾਂਵਾਂ ‘ਤੇ ਹੋ ਚੁਕੀਆਂ ਸਨ) ਖੇਡ ਰਹੀਆਂ ਸਨ ਤਾਂ ਅੰਗਰੇਜ਼ ਹਕੂਮਤ ਨੂੰ ਤਕਲੀਫ ਹੋਣ ਲੱਗੀ। ‘ਹੁੱਲੇ ਹੁਲਾਰੇ’ ਵਿਚ ਕੁਝ ਸਤਰਾਂ ਸਨ, ‘ਕੱਢ ਦਿਉ ਬਾਹਰ ਫਰੰਗੀ ਨੂੰ, ਕੱਢ ਦਿਉ ਪਾਰ ਫਰੰਗੀ ਨੂੰ।’ ਨਾਟਕ ਦੀਆਂ ਇਹੋ ਸਤਰਾਂ ਅੰਗਰੇਜ਼ ਹਕੂਮਤ ਕੋਲੋਂ ਬਰਦਾਸ਼ਤ ਨਾ ਹੋਈਆਂ ਅਤੇ ਉਹਨੇ ਉਮਾ ਜੀ ਸਮੇਤ ਸੱਤ ਕੁੜੀਆਂ, ਜੋ ਨਾਟਕ ਵਿਚ ਹਿੱਸਾ ਲੈ ਰਹੀਆਂ ਸਨ, ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਵਿਚ ਕੈਦ ਕਰ ਦਿੱਤਾ। ਗ੍ਰਿਫਤਾਰ ਹੋਣ ਵਾਲੀਆਂ ਇਨ੍ਹਾਂ ਸੱਤ ਕੁੜੀਆਂ ਵਿਚ ਉਮਾ, ਉਰਮਿਲਾ, ਪ੍ਰਤਿਮਾ (ਪੁੱਤਰੀਆਂ ਗੁਰਬਖਸ਼ ਸਿੰਘ ‘ਪ੍ਰੀਤ ਲੜੀ’), ਸ਼ਕੁੰਤਲਾ, ਸ਼ੀਲਾ ਸੰਧੂ, ਸੁਰਜੀਤ ਕੌਰ ਤੇ ਇਕ ਹੋਰ ਸਨ (ਨਾਟਕਕਾਰ ਬਲਵੰਤ ਗਾਰਗੀ ਦੀ ਰਿਸ਼ਤੇਦਾਰ, ਜਿਸ ਨੂੰ ਸਾਰੇ ‘ਚਾਚੀ’ ਕਹਿੰਦੇ ਸਨ)। ਇਹ ਸਾਰੀਆਂ ਕੁੜੀਆਂ ਅੰਮ੍ਰਿਤਸਰ ਦੀ ਜੇਲ੍ਹ ਵਿਚ ਜ਼ਨਾਨਾ ਵਾਰਡ ਦੀ ਅਣਹੋਂਦ ਕਾਰਨ ਜਰਾਇਮ ਪੇਸ਼ਾ ਔਰਤਾਂ ਲਈ ਰਾਖਵੇਂ ਵਾਰਡ ਵਿਚ ਇਕ ਮਹੀਨਾ ਕੈਦ ਰਹੀਆਂ, ਪਰ ਉਥੇ ਵੀ ਆਜ਼ਾਦੀ ਦੇ ਗੀਤ ਗਾਉਂਦੀਆਂ ਰਹੀਆਂ। ਫੇਰ ਇਨ੍ਹਾਂ ਦਾ ਮੁਕੱਦਮਾ ਖੁਸ਼ਵੰਤ ਸਿੰਘ (ਉਸ ਸਮੇਂ ਵਕਾਲਤ ਕਰਦੇ, ਪਰ ਪਿਛੋਂ ਲੇਖਕ ਤੇ ਪੱਤਰਕਾਰ ਵਜੋਂ ਮਸ਼ਹੂਰ ਹੋਏ) ਨੇ ਲੜਿਆ ਤੇ ਇਹ ਕੁੜੀਆਂ ਰਿਹਾ ਹੋਈਆਂ।
ਜਦੋਂ 1947 ਵਿਚ ਦੇਸ਼ ਵੰਡਿਆ ਗਿਆ ਤਾਂ ਉਸ ਵੇਲੇ ਪ੍ਰੀਤ ਨਗਰ ਉਜੜ ਗਿਆ। ਇਥੇ ਰਹਿੰਦੇ ਮੁਸਲਮਾਨ ਪਰਿਵਾਰਾਂ ਨੂੰ ਪਹਿਲਾਂ ਇਸ ਵਸੇਬੇ ਦੀ ਮਨੋਰੰਜਨ ਕਲੱਬ, ਜੋ ਬੀਤੇ ਸਮਿਆਂ ਵਿਚ ਮੁਗਲ ਸਮਰਾਟ ਜਹਾਂਗੀਰ ਦੀ ਅਰਾਮਗਾਹ ਹੁੰਦੀ ਸੀ, ਵਿਚ ਪਨਾਹ ਦਿੱਤੀ ਗਈ। ਫਿਰ ਸਮਾਂ ਪਾ ਕੇ ਮਰਦ ਜੀਆਂ ਨੂੰ ਰਖਵਾਲੀ ਕਰ ਕੇ ਸਰਹੱਦੋਂ ਪਾਰ ਸੁਰੱਖਿਅਤ ਪਹੁੰਚਾ ਦਿੱਤਾ ਗਿਆ, ਪਰ ਔਰਤਾਂ ਤੇ ਬੱਚਿਆਂ ਨੂੰ ਇੱਕ ਲੁੱਗੇ ਘਰ ਵਿਚ, ਜੋ ਕਮਾਦ ਦੇ ਖੇਤ ਨਾਲ ਘਿਰਿਆ ਹੋਇਆ ਸੀ, ਲੈ ਆਂਦਾ ਗਿਆ ਤਾਂ ਜੋ ਫਸਾਦੀ ਉਨ੍ਹਾਂ ‘ਤੇ ਹਮਲਾ ਨਾ ਕਰ ਸਕਣ। ਉਨ੍ਹਾਂ ਦਿਨਾਂ ਵਿਚ ਵੀ ਉਮਾ ਜੀ ਆਪਣੇ ਚਾਚਾ ਜੀ ਦੀ ਧੀ ਨਾਲ ਰਲ ਕੇ ਹਿੰਮਤ ਦਿਖਾਉਂਦੇ ਹੋਏ, ਫਸਾਦੀਆਂ ਤੋਂ ਛੁਪ ਕੇ ਉਥੇ ਖਾਣਾ ਪਹੁੰਚਾਉਂਦੇ ਰਹੇ, ਜਿੰਨਾ ਚਿਰ ਉਨ੍ਹਾਂ ਨੂੰ ਪਾਕਿਸਤਾਨੀ ਬਲੋਚ ਫੌਜ ਦੀ ਮਦਦ ਨਾਲ ਪਾਕਿਸਤਾਨ ਸੁਰੱਖਿਅਤ ਨਹੀਂ ਪਹੁੰਚਾਇਆ ਗਿਆ।
ਉਮਾ ਜੀ ਨੇ ਦਿੱਲੀ ਰਹਿ ਕੇ ਉਥੇ ਗੰਧਰਵ ਮਹਾਂਵਿਦਿਆਲੇ ਤੋਂ ਗਾਇਨ ਦੀ ਵਿੱਦਿਆ ਹਾਸਲ ਕੀਤੀ। ਫਿਰ ਜਦੋਂ ਉਨ੍ਹਾਂ ਦਾ ਪਰਿਵਾਰ ਮੁੜ ਪ੍ਰੀਤ ਨਗਰ ਆ ਗਿਆ ਤਾਂ ਉਮਾ ਭੈਣ ਜੀ ਉਦੋਂ ਰੰਗਮੰਚ ਦੇ ਨਾਲ-ਨਾਲ ਪੰਜਾਬੀ ਦੇ ਪ੍ਰਸਿੱਧ ਪੰਜਾਬੀ ਰਸਾਲੇ ‘ਪ੍ਰੀਤ ਲੜੀ’ (ਇਸ ਰਸਾਲੇ ਦੀ ਮੈਨੇਜਰ ਹੋਣ ਨਾਤੇ) ਪੋਸਟ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸਨ। ਉਦੋਂ ‘ਪ੍ਰੀਤ ਲੜੀ’ ਦੀ ਛਪਣ-ਗਿਣਤੀ 50,000 (ਪੰਜਾਹ ਹਜ਼ਾਰ) ਸੀ। ਉਮਾ ਜੀ ਆਪਣੇ ਸਾਥੀਆਂ/ਸਾਥਣਾਂ ਨਾਲ ਬੈਠ ਕੇ ਰਸਾਲੇ ਦੀਆਂ ਪ੍ਰਤੀਆਂ ‘ਤੇ ਪਤਾ-ਪਰਚੀਆਂ ਤੇ ਡਾਕ-ਟਿਕਟਾਂ ਲਗਾਉਂਦੇ ਅਤੇ ਫਿਰ ਗੱਡੇ ‘ਤੇ ਲੱਦਵਾ ਕੇ ਪੋਸਟ ਆਫਿਸ ਭਿਜਵਾਉਂਦੇ।
ਫਿਰ ਇਨ੍ਹਾਂ ਦਿਨਾਂ ਵਿਚ ਭਾਰਤੀ ਲੋਕ ਰੰਗਮੰਚ ਸੰਗਠਨ (ਇਪਟਾ) ਦੀ ਪੰਜਾਬ ਸ਼ਾਖਾ ਨੂੰ ਸੁਰਜੀਤ ਕੀਤਾ ਗਿਆ ਤੇ ਪ੍ਰੀਤ ਨਗਰ ਨੂੰ ਹੀ ਇਸ ਦੀਆਂ ਸਰਗਰਮੀਆਂ ਦਾ ਕਾਰਜਕਾਰੀ ਖੇਤਰ ਬਣਾਇਆ ਗਿਆ। ਉਦੋਂ ਵੀ ਉਮਾ ਜੀ ਨੇ ਪੰਜਾਬੀ ਰੰਗਮੰਚ ਤੇ ਸੰਗੀਤ ਦਾ ਪੱਲਾ ਫੜੀ ਰੱਖਿਆ। ਉਨ੍ਹਾਂ ਨੇ ਤੇਰਾ ਸਿੰਘ ਚੰਨ ਦੇ ਲਿਖੇ ਅਤੇ ਉਨ੍ਹਾਂ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ ‘ਲੱਕੜ ਦੀ ਲੱਤ’ ਤੇ ‘ਅਮਰ ਪੰਜਾਬ’ ਉਪੇਰੇ ਨਾਟਕਾਂ ਦੇ ਸ਼ੋਅ ਕੀਤੇ। ਜੋਗਿੰਦਰ ਬਾਹਰਲਾ ਦੇ ਲਿਖੇ ਨਾਟ ਉਪੇਰੇ ‘ਹਾੜ੍ਹੀਆਂ ਸੌਣੀਆਂ’ ਵਿਚ ਵੀ ਕੰਮ ਕੀਤਾ। ਉਸ ਸਮੇਂ ਉਨ੍ਹਾਂ ਨੇ ਅਮਰਜੀਤ ਗੁਰਦਾਸਪੁਰੀ, ਨਿਰੰਜਨ ਸਿੰਘ ਮਾਨ, ਜਗਦੀਸ਼ ਫਰਿਆਦੀ, ਹੁਕਮ ਚੰਦ ਖਲੀਲੀ, ਪ੍ਰਿਤਪਾਲ ਸਿੰਘ ਮੈਣੀ, ਸਵਰਨ ਸਿੰਘ, ਗੁਰਚਰਨ ਸਿੰਘ ਬੋਪਾਰਾਏ ਤੇ ਕੰਵਲਜੀਤ ਸਿੰਘ ਸੂਰੀ ਅਤੇ ਕੁਝ ਇਕ ਹੋਰ ਸਾਥੀਆਂ ਨਾਲ, ਜੋ ਸਮੇਂ-ਸਮੇਂ ਸ਼ਾਮਿਲ ਹੁੰਦੇ ਗਏ, ਨਾਲ ਕੰਮ ਕੀਤਾ। ਉਦੋਂ ਹੀ ਉਨ੍ਹਾਂ ਨੇ ਮੁੱਖ ਗਾਇਕਾ ਸੁਰਿੰਦਰ ਕੌਰ ਦਾ ਨਾਟ-ਉਪੇਰਿਆਂ ਵਿਚ ਸਾਥ ਦਿੱਤਾ। ਉਨ੍ਹਾਂ ਨਾਲ ਇਹ ਸਾਥ ਦੇਣ ਵਾਲੀਆਂ ਸਾਥਣਾਂ ਸਨ: ਰਾਜਵੰਤ ਮਾਨ ‘ਪ੍ਰੀਤ’ (ਨਿਰੰਜਨ ਸਿੰਘ ਮਾਨ ਦੀ ਪਤਨੀ), ਸ਼ੀਲਾ ਦੀਦੀ (ਉਘੀ ਸਮਾਜ ਸੇਵਿਕਾ), ਮਹਿੰਦਰ ਕੌਰ (ਨਵਤੇਜ ਸਿੰਘ ਦੀ ਪਤਨੀ), ਆਸ਼ਾ (ਜਗਦੀਸ਼ ਫਰਿਆਦੀ ਦੀ ਪਤਨੀ), ਦੀਪ (ਅਮਰਜੀਤ ਗੁਰਦਾਸਪੁਰੀ ਦੀ ਪਤਨੀ), ਇਕਬਾਲ ਕੌਰ (ਉਘੀ ਇਸਤਰੀ ਆਗੂ ਬਲਜੀਤ ਕੌਰ ਕਲਸੀ ਦੀ ਭੈਣ), ਦਲਬੀਰ ਕੌਰ (ਬਾਬਾ ਗੁਰਮੁੱਖ ਸਿੰਘ ਲਲਤੋਂ ਦੀ ਭਤੀਜੀ), ਰਜਿੰਦਰ ਕੌਰ (ਪੰਜਾਬੀ ਲੇਖਕ ਪ੍ਰੀਤਮ ਬੇਲੀ ਦੀ ਭੈਣ), ਭਗਵੰਤ ਗਿੱਲ (ਸਿਹਤ ਵਿਗਿਆਨ ਬਾਰੇ ਪੰਜਾਬੀ ਵਿਚ ਲਿਖਣ ਦੀ ਪਿਰਤ ਪਾਉਣ ਵਾਲੀ ਲੇਖਕਾ ਜਸਵੰਤ ਗਿੱਲ ਦੀ ਭਤੀਜੀ) ਤੇ ਕੁਝ ਹੋਰ। ਇਹ ਪ੍ਰੋਗਰਾਮ ਬਠਿੰਡਾ, ਮੋਗਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਵਿਖੇ ਲਗਾਤਾਰ ਖੇਡੇ ਗਏ। ਇਨ੍ਹਾਂ ਨੇ ਪੰਜਾਬੀ ਰੰਗਮੰਚ ‘ਤੇ ਅਮਿੱਟ ਛਾਪ ਛੱਡੀ।
1953 ਵਿਚ ਉਮਾ ਜੀ ਨੇ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਵਿਚ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਵਿਚਾਲੇ ਅਮਨ ਅਤੇ ਦੋਸਤੀ ਨੂੰ ਸਮਰਪਿਤ ਚੌਥੇ ਕੌਮਾਂਤਰੀ ਮੇਲੇ ਵਿਚ ਹਿੱਸਾ ਲਿਆ। ਉਹ ਸੋਵੀਅਤ ਯੂਨੀਅਨ ਮੁਲਕਾਂ, ਚੀਨ, ਹਾਂਗਕਾਂਗ, ਆਸਟਰੀਆ, ਸਵਿਟਰਜ਼ਰਲੈਂਡ ਵੀ ਗਏ। ਰੂਸ ਵਿਚ ਮਾਸਕੋ ਵਿਖੇ ਬੈਲੇ ‘ਸਵਾਨ ਲੇਕ’ ਤੇ ਉਜ਼ਬੇਕਿਸਤਾਨ ਵਿਚ ਉਪੇਰਾ ‘ਡਾਨ ਕਿਖੋਟੇ’ ਦੇਖੇ। ਫਿਰ ਆਪਣੇ ਦਾਰ ਜੀ ਸ਼ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਨਾਲ ਉਹ ਕੈਨੇਡਾ, ਵੈਨਜ਼ੁਏਲਾ, ਇੰਗਲੈਂਡ, ਅਮਰੀਕਾ ਵੀ ਗਏ। ਪਿਛੋਂ ਉਹ ਦੋ ਵਾਰ ਅਮਰੀਕਾ ਤੇ ਇਕ ਵਾਰ ਫਰਾਂਸ ਵੀ ਗਏ।
ਉਮਾ ਜੀ ਅੱਜ ਸਾਡੇ ਵਿਚਾਲੇ ਨਹੀਂ ਰਹੇ। ਉਹ ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਸੀ। ਉਹ ਪੰਜਾਬੀ ਰੰਗਮੰਚ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਪਹਿਲੀ ਮਹਿਲਾ ਅਦਾਕਾਰਾ ਹੈ, ਜਿਸ ਨੇ ਸੰਗੀਤ ਤੇ ਅਦਾਕਾਰੀ ਨੂੰ ਉਨ੍ਹਾਂ ਸਮਿਆਂ ਵਿਚ ਅਪਨਾਇਆ, ਜਦੋਂ ਕੁੜੀਆਂ ਦਾ ਸਟੇਜ ‘ਤੇ ਆਉਣਾ ਤਾਂ ਦੂਰ, ਘਰੋਂ ਨਿਕਲਣਾ ਵੀ ਮੁਸ਼ਕਿਲ ਸੀ। ਉਮਾ ਜੀ ਨੇ ਲੰਮੀ ਤੇ ਭਰਵੀਂ ਉਮਰ ਗੁਜ਼ਾਰੀ ਅਤੇ 93 ਸਾਲ (ਜਨਮ 27 ਜੁਲਾਈ 1927, ਖਨਾਈ, ਬਲੋਚਿਸਤਾਨ, ਹੁਣ ਪਾਕਿਸਤਾਨ ਵਿਚ) ਦੀ ਉਮਰ ਤੱਕ ਪ੍ਰੀਤ ਨਗਰ ਦੀ ਰੰਗਮੰਚ ਪਰੰਪਰਾ ਨੂੰ ਜ਼ਿੰਦਾ ਰੱਖਿਆ।
ਉਮਾ ਜੀ ਪੰਜਾਬੀ, ਹਿੰਦੀ, ਅੰਗਰੇਜ਼ੀ ਜ਼ੁਬਾਨਾਂ ਦੀ ਚੰਗੀ ਜਾਣਕਾਰੀ ਰੱਖਦੇ ਸਨ। ਇਸ ਦੇ ਨਾਲ ਹੀ ਉਹ ਹਮੇਸ਼ਾ ਸਾਫ ਸਫਾਈ, ਸਲੀਕੇ, ਅਨੁਸ਼ਾਸਨ ਅਤੇ ਮਿਹਨਤ ਵਿਚ ਯਕੀਨ ਰੱਖਦੇ ਸਨ। ਹਰ ਮਹੀਨੇ ਹੋਣ ਵਾਲੇ ਨਾਟਕ ਦੀ ਆਈ ਟੀਮ ਲਈ, ਉਹਦੇ ਠਹਿਰਨ ਦੇ ਇੰਤਜ਼ਾਮ ਤੋਂ ਲੈ ਕੇ ਉਹਦੀ ਪੇਸ਼ਕਾਰੀ ਦੇ ਇੰਤਜ਼ਾਮ ਤੱਕ ਨਾਲ ਹੀ ਟੀਮ ਦੇ ਖਾਣ-ਪੀਣ ਦਾ ਇੰਤਜ਼ਾਮ ਆਪਣੀ ਨਿਗਰਾਨੀ ਹੇਠ ਕਰਦੇ ਸਨ। ਉਨ੍ਹਾਂ ਨੂੰ ਇਸ ਉਮਰ ਵਿਚ ਵੀ ਮੈਂ ਕਦੇ ਵੀ ਥੱਕਿਆ ਜਾਂ ਉਦਾਸ ਨਹੀਂ ਵੇਖਿਆ। ਮੈਂ ਤਾਂ ਇਹ ਦੇਖਿਆ ਕਿ ਉਹ ਬੇਹੱਦ ਮਿਲਾਪੜੇ ਸੁਭਾਅ ਦੇ ਸਨ, ਕਦੇ ਵੀ ਉਨ੍ਹਾਂ ਦੇ ਮੱਥੇ ‘ਤੇ ਸ਼ਿਕਨ ਨਹੀਂ ਸੀ ਆਉਂਦੀ। ਹਮੇਸ਼ਗ ਪਿੱਛੇ ਰਹਿ ਕੇ, ਸਭਨਾਂ ਦਾ ਸਾਥ ਦਿੰਦੇ ਸਨ।
ਬੇਸ਼ੱਕ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਆ ਗਏ, ਪਰ ਉਮਾ ਜੀ ਆਖਰੀ ਸਾਹ ਤੱਕ ਪ੍ਰੀਤ ਨਗਰ ਵਿਚ ਹੀ ਰਹਿੰਦੇ ਰਹੇ। ਉਨ੍ਹਾਂ ਨੂੰ ਰੰਗਮੰਚ ਦਾ ਏਨਾ ਸ਼ੌਕ ਸੀ ਕਿ ਉਹ ਆਪਣੇ ਛੋਟੇ ਭਰਾ ਹਿਰਦੇਪਾਲ ਸਿੰਘ ਤੇ ਭਾਬੀ ਪਰਵੀਨ ਦੇ ਨਾਲ ਅੰਮ੍ਰਿਤਸਰ ਸ਼ਹਿਰ ਵਿਚ ਹੋਣ ਵਾਲੇ ਨਾਟਕ ਦੇਖਣ ਲਈ ਅਕਸਰ ਆਉਂਦੇ ਰਹਿੰਦੇ। ਉਹ ਨੌਜਵਾਨ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਪੰਜਾਬੀ ਰੰਗਮੰਚ ਦੇ ਲੰਮੇ ਸਫਰ ਵਿਚ ਇਤਿਹਾਸਕ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਉਮਾ ਗੁਰਬਖਸ਼ ਸਿੰਘ ਨੂੰ ਸਲਾਮ!