ਹਾਕੀ ਦੇ ‘ਗੋਲ ਕਿੰਗ’ ਦਾ ਦੇਹਾਂਤ
ਪ੍ਰਿੰ. ਸਰਵਣ ਸਿੰਘ
ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖਰੀ ਫਤਿਹ ਬੁਲਾ ਗਿਆ। ਉਸ ਨੇ ਪਹਿਲਾ ਸਾਹ ਆਪਣੇ ਨਾਨਕੇ ਪਿੰਡ ਹਰੀਪੁਰ ਖਾਲਸਾ ਦੀ ਫਿਜ਼ਾ ਵਿਚ 31 ਦਸੰਬਰ 1923 ਦੀ ਰਾਤ ਨੂੰ ਲਿਆ ਸੀ ਤੇ ਆਖਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆ। ਉਸ ਦੀ ਧੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੇ ਦੱਸਿਆ ਕਿ ਰਾਤੀਂ ਜਦ ਉਹ ਮਿਲ ਕੇ ਆਏ ਤਾਂ ਉਹ ਠੀਕ-ਠਾਕ ਸਨ, ਪਰ ਤੜਕਸਾਰ ਦਿਲ ਦਾ ਚੌਥਾ ਦੌਰਾ ਪਿਆ, ਜਿਸ ਨਾਲ ਜੀਵਨ ਦੀ ਖੇਡ ਹੀ ਖਤਮ ਹੋ ਗਈ।
ਪਿਛਲੇ ਸਾਲ ਬਲਬੀਰ ਸਿੰਘ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਚ 108 ਦਿਨ ਇਨਟੈਸਿਵ ਕੇਅਰ ਵਿਚ ਰਹਿਣਾ ਪਿਆ ਸੀ। ਕੁਝ ਮਹੀਨੇ ਪਿਛੋਂ ਫੋਰਟਿਸ ਹਸਪਤਾਲ ਮੁਹਾਲੀ ਵਿਚ ਦਾਖਲ ਹੋਣਾ ਪਿਆ ਜਿਥੇ ਉਹ ਸਿਹਤਯਾਬ ਹੋ ਗਿਆ ਸੀ, ਪਰ ਇਸ ਵਾਰ 8 ਮਾਰਚ ਨੂੰ ਫੋਰਟਿਸ ਹਸਪਤਾਲ ਵਿਚ ਫਿਰ ਦਾਖਲ ਹੋਇਆ ਤਾਂ ਦਿਲ ਦੇ ਚਾਰ ਦੌਰਿਆਂ ਕਾਰਨ ਸਦਾ ਲਈ ਵਿਛੋੜਾ ਦੇ ਗਿਆ।
ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ 1982 ਵਿਚ ਗੁਜ਼ਰ ਗਈ ਸੀ। ਉਸ ਦੇ ਤਿੰਨ ਪੁੱਤਰ ਹਨ ਤੇ ਇਕ ਧੀ। ਤਿੰਨੇ ਪੁੱਤਰ ਇਸ ਵੇਲੇ ਕੈਨੇਡਾ ਵਿਚ ਹਨ। ਧੀ ਦਾ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ 2012 ਵਿਚ ਗੁਜ਼ਰ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਬਲਬੀਰ ਸਿੰਘ ਆਪਣੀ ਧੀ ਤੇ ਦੋਹਤੇ ਪਾਸ ਚੰਡੀਗੜ੍ਹ ਰਹਿ ਰਿਹਾ ਸੀ, ਜੋ ਉਸ ਦੀ ਯੋਗ ਸੇਵਾ ਸੰਭਾਲ ਕਰ ਰਹੇ ਸਨ। ਉਨ੍ਹਾਂ ਨੇ ਇਲਾਜ ਕਰਵਾਉਣ ਤੇ ਸੇਵਾ ਕਰਨ ਦੀ ਕੋਈ ਕਸਰ ਨਹੀਂ ਛੱਡੀ। ਬਲਬੀਰ ਸਿੰਘ ਸਰੀਰਕ ਤੌਰ ‘ਤੇ ਬੇਸ਼ਕ ਨਹੀਂ ਰਿਹਾ, ਪਰ ਉਹਦਾ ਨਾਂ ਸਦਾ ਅਮਰ ਰਹੇਗਾ।
‘ਗੋਲਡਨ ਹੈਟ ਟ੍ਰਿਕ’ ਐਜ਼ ਟੋਲਡ ਟੂ ਸੈਮੂਅਲ ਬੈਨਰਜੀ, ਬਲਬੀਰ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਆਟੋਗਰਾਫੀ ਹੈ, ਜੋ 1977 ਵਿਚ ਛਪੀ ਸੀ। ‘ਗੋਲਡਨ ਗੋਲ’ ਮੇਰੇ ਵੱਲੋਂ ਪੰਜਾਬੀ ਵਿਚ ਲਿਖੀ ਉਹਦੀ ਜੀਵਨੀ ਹੈ, ਜੋ 2015 ਵਿਚ ਪ੍ਰਕਾਸ਼ਿਤ ਹੋਈ। ਉਹ ਜੀਵਨੀ ਮੈਂ ਬਲਬੀਰ ਸਿੰਘ ਦੇ ਇਸ ਕਥਨ ਨਾਲ ਸਮਾਪਤ ਕੀਤੀ ਸੀ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਰਾ ਟਾਈਮ ਵਿਚ ਵੀ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ ‘ਗੋਲਡਨ ਗੋਲ’ ਹੋ ਗਿਆ ਤਾਂ ਖੇਡ ਖਤਮ ਹੋ ਜਾਵੇਗੀ।”
ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ ਪਿਛਲੇ ਸਾਲ ਪੀ. ਜੀ. ਆਈ. ਚੰਡੀਗੜ੍ਹ ਵਿਚ ਜ਼ੇਰੇ ਇਲਾਜ ਰਿਹਾ। ਜੀਵਨ ਖੇਡ ਦੇ ਮੈਚ ਦਾ ਸੰਘਰਸ਼ ਚਲਦਾ ਰਿਹਾ। ਉਸ ਦੀ ਚੜ੍ਹਦੀ ਕਲਾ ਵਾਲੀ ਖੇਡ ਭਾਵਨਾ ਨੇ ਗੋਲ ਨਾ ਹੋਣ ਦਿੱਤਾ। ਐਕਸਟਰਾ ਟਾਈਮ ਵਿਚ ਵੀ ਮੈਚ ਸਾਵਾਂ ਰਿਹਾ। ਗੋਲਡਨ ਗੋਲ ਦੇ ਐਕਸਟਰਾ ਟਾਈਮ ਵਿਚ ਉਸ ਨੂੰ ਫੋਰਟਿਸ ਹਸਪਤਾਲ ਮੁਹਾਲੀ ਵਿਚ ਦਾਖਲ ਕਰਾਉਣਾ ਪਿਆ। ਕਰੋਨਾ ਵਾਇਰਸ ਦੇ ਟੈਸਟ ਵਿਚ ਤਾਂ ਉਹ ਠੀਕ-ਠਾਕ ਨਿਕਲਿਆ, ਪਰ ਦਿਲ ਦੇ ਵਾਰ ਵਾਰ ਪੈਂਦੇ ਦੌਰਿਆਂ ਨੇ ਆਖਰ ਗੋਲਡਨ ਗੋਲ ਕਰ ਹੀ ਦਿੱਤਾ, ਜਿਸ ਨਾਲ ਉਹਦੀ ਜੀਵਨ ਖੇਡ ਖਤਮ ਹੋ ਗਈ।
ਮੈਂ ‘ਗੋਲਡਨ ਗੋਲ’ ਦੇ ਸਰਵਰਕ ਉਤੇ ਲਿਖਿਆ ਸੀ, “ਹਾਕੀ ਦੇ ਯੁਗ ਪੁਰਸ਼ ਬਲਬੀਰ ਸਿੰਘ ਨੇ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤੇ, ਜਿਸ ਕਰਕੇ ਉਸ ਨੂੰ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕਸ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਉਸ ਦੀ ਹਾਕੀ ਨਾਲ ਹੋਏ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ‘ਚੋਂ ਉਸ ਦੇ 5 ਗੋਲ ਸਨ, ਜੋ ਓਲੰਪਿਕਸ ਖੇਡਾਂ ਦਾ ਹੁਣ ਤਕ ਅਟੁੱਟ ਰਿਕਾਰਡ ਹੈ।
ਲੰਡਨ ਓਲੰਪਿਕ-2012 ਮੌਕੇ ਓਲੰਪਿਕ ਖੇਡਾਂ ਦੇ ਇਤਿਹਾਸ ‘ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ, ਉਨ੍ਹਾਂ ‘ਚ ਬਲਬੀਰ ਸਿੰਘ ਵੀ ਸ਼ਾਮਲ ਹੈ। ਸਾਰੀ ਦੁਨੀਆਂ ‘ਚੋਂ ਹਾਕੀ ਦਾ ਸਿਰਫ ਉਹੀ ਖਿਡਾਰੀ ਹੈ, ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਮਰਦ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਭਾਰਤੀ ਉਪ ਮਹਾਂਦੀਪ ਦਾ ‘ਕੱਲਾ ਬਲਬੀਰ ਸਿੰਘ ਹੀ ਹੈ। ਕੌਮਾਂਤਰੀ ਓਲੰਪਿਕਸ ਕਮੇਟੀ ਨੇ ਤਾਂ ਉਸ ਨੂੰ ਓਲੰਪਿਕਸ ਰਤਨ ਬਣਾ ਹੀ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?
ਓਲੰਪਿਕਸ ਖੇਡਾਂ ਦੇ ਗੋਲਡਨ ਹੈਟ ਟ੍ਰਿਕ ਤੋਂ ਬਿਨਾ ਉਸ ਨੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਜਿਤਾਇਆ ਅਤੇ ਛੇ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ। ਹਾਕੀ ਦੀ ਕੋਚਿੰਗ ਬਾਰੇ ‘ਦੀ ਗੋਲਡਨ ਯਾਰਡ ਸਟਿੱਕ’ ਪੁਸਤਕ ਵੀ ਲਿਖੀ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕਸ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਸਾਰੀਆਂ ਖੇਡ ਨਿਸ਼ਾਨੀਆਂ ਸਾਈ ਦੇ ਸਪੁਰਦ ਕਰ ਦਿੱਤੀਆਂ, ਜੋ ਸਾਈ ਨੇ ਪਤਾ ਨਹੀਂ ਕਿਥੇ ‘ਗੁਆ’ ਛੱਡੀਆਂ…?”
ਪੁਸਤਕ ਦੀਆਂ ਅੰਤਲੀਆਂ ਸਤਰਾਂ ਸਨ: ਕੀ ਸਰਕਾਰਾਂ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ? ਭਾਰਤੀ ਖਿਡਾਰੀਆਂ ‘ਚੋਂ ਸਚਿਨ ਤੇਂਦੁਲਕਰ ਨੂੰ ਜੀਂਦੇ ਜੀਅ ਭਾਰਤ ਰਤਨ ਦੇ ਦਿੱਤਾ ਗਿਆ। ਵੇਖਦੇ ਹਾਂ ਬਲਬੀਰ ਸਿੰਘ ਨੂੰ ਭਾਰਤ ਰਤਨ ਜਿਉਂਦੇ ਜੀਅ ਮਿਲਦਾ ਹੈ ਜਾਂ ਜੀਵਨ ਉਪਰੰਤ?
ਕਾਸ਼! ਹਾਕੀ ਦਾ ਸਰਬੋਤਮ ਖਿਡਾਰੀ 20 ਸਾਲਾਂ ਤੋਂ ਵੱਧ ਖੇਡ ਕੇ ਤੇ 96 ਸਾਲਾਂ ਤੋਂ ਵੱਧ ਜੀਅ ਕੇ ‘ਓਲੰਪਿਕ ਰਤਨ’ ਦੇ ਨਾਲ ‘ਭਾਰਤ ਰਤਨ’ ਦਾ ਖਿਤਾਬ ਲੈ ਕੇ ਦੁਨੀਆ ਤੋਂ ਵਿਦਾ ਹੁੰਦਾ!
ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਇਹ ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਉਸ ਦਾ ਦਾਦਕਾ ਗੋਤ ਦੁਸਾਂਝ ਹੈ ਤੇ ਨਾਨਕਾ ਗੋਤ ਧਨੋਆ। ਉਹਦੇ ਸਹੁਰੇ ਲਹੌਰੀਏ ਸੰਧੂ ਹਨ, ਜਿਨ੍ਹਾਂ ਦਾ ਪਿਛਲਾ ਪਿੰਡ ਭੜਾਣਾ ਸੀ। ਉਸ ਦੇ ਤਿੰਨੇ ਪੁੱਤਰ ਹੁਣ ਕੈਨੇਡੀਅਨ ਹਨ ਜਿਨ੍ਹਾਂ ਦੀਆਂ ਪਤਨੀਆਂ ਸਿੰਘਾਪੁਰ, ਚੀਨ ਤੇ ਯੂਕਰੇਨ ਤੋਂ ਹਨ। ਧੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਭੋਮੀਆ ਹਨ। ਬਲਬੀਰ ਸਿੰਘ ਦੇ ਪੁਰਖਿਆਂ ਦੀ ਬੰਸਾਵਲੀ ਵਿਚ ਦਸਵਾਂ ਪੁਰਖਾ ਭਾਈ ਬਿਧੀ ਚੰਦ ਸੀ। ਇਹ ਬੰਸਾਵਲੀ ਬਲਬੀਰ ਸਿੰਘ ਤੋਂ ਉਪਰ ਨੂੰ ਤੁਰਦੀ ਦਲੀਪ ਸਿੰਘ, ਬਸੰਤ ਸਿੰਘ, ਜੈਮਲ ਸਿੰਘ, ਦਲ ਸਿੰਘ, ਚੜ੍ਹਤ ਸਿੰਘ, ਗੁਰ ਸਿੰਘ, ਜੱਸੂ, ਦਲਪਤ, ਬਿਧੀ ਚੰਦ, ਡੱਲਾ, ਰਜਾਣੀਆਣ, ਸਾਬਾ ਤੇ ਦੁਸਾਂਝ ਤੋਂ ਹੁੰਦੀ ਹੋਈ ਸਰੋਇਆ ਤਕ ਜਾਂਦੀ ਹੈ।
ਬਲਬੀਰ ਸਿੰਘ ਕਿਹਾ ਕਰਦਾ ਸੀ, “ਮੈਂ ਪਿੱਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। ਉਥੇ ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਪੰਜ ਕੁ ਸਾਲ ਦਾ ਸਾਂ, ਜਦੋਂ ਮੋਗੇ ਗਿਆ। ਉਥੇ ਮੇਰੇ ਪਿਤਾ ਜੀ ਅਧਿਆਪਕ ਸਨ। ਮੈਂ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੈਸਮਰਾਈਜ਼ ਕਰ ਦਿੰਦੀ ਤੇ ਮੈਨੂੰ ਸੁਰਤ ਨਾ ਰਹਿੰਦੀ ਕਿ ਧੁੱਪੇ ਬੈਠਾ ਹਾਂ ਜਾਂ ਛਾਂਵੇਂ? ਫਿਰ ਮੇਰਾ ਜਨਮ ਦਿਨ ਆਇਆ। ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ, ਜੋ ਮੈਨੂੰ ਜਨਮ ਦਿਨ ਦੇ ਤੋਹਫੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਹੈ…। ਮੇਰੇ ‘ਤੇ ਰੱਬ ਦੀ ਰਹਿਮਤ ਹੈ, ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇੱਜਤ ਕਰਨੀ ਸਿਖਾਈ। ਮੈਨੂੰ ਅਨੁਸ਼ਾਸਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਦੇ ਸਾਥੀਆਂ, ਦੋਸਤਾਂ ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਪਿਛੋਂ ਦੀਆਂ ਹਨ। ਮੈਂ ਅਕਸਰ ਆਖਦਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ; ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।”
ਪੁਸਤਕ ‘ਗੋਲਡਨ ਗੋਲ’ ਦੇ ਕੁਝ ਅੰਸ਼:
-1947 ਦੇ ਖੂਨੀ ਦਿਨ ਸਨ। ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰੀ। ਜੇ ਰਾਈਫਲ ‘ਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਹਤੋਂ ਓਲੰਪਿਕਸ ਖੇਡਾਂ ਦਾ ‘ਗੋਲਡਨ ਹੈਟ ਟ੍ਰਿਕ’ ਵੱਜਦਾ, ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ, ਜੋ ਲੰਮੀ ਉਮਰ ਜਿਉਣ ਲਈ ਮੌਤ ਦੇ ਹੱਥ ਆਉਣੋਂ ਬਚ ਗਿਆ। ਗੋਲੀ ਉਹਦੇ ਮੱਥੇ ਉਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚ ਦੀ ਨਿਕਲ ਗਈ ਸੀ!
-ਬਲਬੀਰ ਸਿੰਘ ਠਾਣੇਦਾਰ ਬਣਿਆ ਪੁਲਿਸ ਪਾਰਟੀ ਨਾਲ ਬੱਦੋਵਾਲ ਗਿਆ। ਉਥੇ ਇਕ ਹਾਦਸਾ ਵਾਪਰਿਆ ਸੀ। ਇਕ ਔਰਤ ਆਪਣੇ ਦੋ ਬੱਚਿਆਂ ਨਾਲ ਬੱਸ ਤੋਂ ਉਤਰੀ ਸੀ। ਬੱਚਿਆਂ ਦਾ ਬਾਪ ਬਾਰ ਦੇ ਇਲਾਕੇ ਵਿਚ ਜਨੂੰਨੀਆਂ ਹੱਥੋਂ ਮਾਰਿਆ ਗਿਆ ਸੀ। ਔਰਤ ਬੱਚਿਆਂ ਨੂੰ ਬਚਾ ਕੇ ਕਿਵੇਂ ਨਾ ਕਿਵੇਂ ਆਪਣੇ ਪੇਕਿਆਂ ਕੋਲ ਬੱਦੋਵਾਲ ਪਹੁੰਚ ਗਈ ਸੀ। ਉਸ ਨੇ ਭੁੱਖ ਨਾਲ ਬੇਹਾਲ ਹੋਏ ਬੱਚਿਆਂ ਨੂੰ ਰੁੱਖ ਦੀ ਛਾਂਵੇਂ ਬਹਾ ਕੇ ਰੋਟੀ ਖੁਆਈ। ਫਿਰ ਸਮਾਨ ਦੀ ਗੱਠੜੀ ਸਿਰ ‘ਤੇ ਰੱਖੀ ਤੇ ਬੱਚਿਆਂ ਨੂੰ ਉਂਗਲ ਲਾ ਕੇ ਸੜਕ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਉਹ ਬਾਰ ‘ਚੋਂ ਉੱਜੜ ਕੇ ਆਏ ਸਨ। ਤੀਜੇ ਦਿਨ ਔਰਤ ਦੇ ਮਾਪੇ ਠਾਣੇ ਆਏ ਤੇ ਦੱਸਿਆ ਕਿ ਉਨ੍ਹਾਂ ਦੀ ਅਭਾਗੀ ਧੀ ਤੇ ਬੱਚਿਆਂ ਨੇ ਉਨ੍ਹਾਂ ਕੋਲ ਹੀ ਆਉਣਾ ਸੀ। ਉਹ ਮਾਰ ਧਾੜ ‘ਚੋਂ ਤਾਂ ਬਚ ਆਏ ਸਨ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੋਣੀ ਪੇਕਿਆਂ ਕੋਲ ਵੀ ਸ਼ਹਿ ਲਾ ਕੇ ਬੈਠੀ ਸੀ!
-1984 ਦੀਆਂ ਲਾਸ ਏਂਜਲਸ ਓਲੰਪਿਕਸ ਖੇਡਾਂ ਵਿਚ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਹੋਰੀਂ ਸਟੇਜ ਉਪਰ ਬੈਠੇ ਸਨ ਤੇ ਬਲਬੀਰ ਸਿੰਘ ਇਕ ਕਤਾਰ ਹੇਠਾਂ ਬੈਠਾ ਸੀ। ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹਿਆ ਤੇ ਪੈਰਾਂ ਹੇਠ ਮਿੱਧਣ ਲੱਗਾ। ਬਲਬੀਰ ਸਿੰਘ ਤਿਰੰਗੇ ਝੰਡੇ ਦੀ ਬੇਅਦਬੀ ਨਾ ਸਹਿ ਸਕਿਆ, ਜੋ ਉਹ ਓਲੰਪਿਕਸ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ। ਉਸ ਨੇ ਦੌੜ ਕੇ ਝੰਡਾ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਖਾਲਿਸਤਾਨੀ ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਨਾ ਚਾਹਿਆ। ਤਦ ਤਕ ਪੁਲਿਸ ਆ ਗਈ, ਜਿਸ ਨੇ ਸਥਿਤੀ ਸੰਭਾਲ ਲਈ।
-ਲਾਸ ਏਂਜਲਸ ਤੋਂ ਉਹ ਆਪਣੇ ਪੁੱਤਰਾਂ ਨੂੰ ਮਿਲਣ ਵੈਨਕੂਵਰ ਗਿਆ ਤਾਂ ਕੁਝ ਸ਼ੁਭਚਿੰਤਕਾਂ ਨੇ ਕਿਹਾ ਕਿ ਉਸ ਨੇ ਤਿਰੰਗੇ ਝੰਡੇ ਲਈ ਐਵੇਂ ਐਡਾ ਵੱਡਾ ਰਿਸਕ ਲੈ ਲਿਆ। ਕੈਨੇਡਾ/ਅਮਰੀਕਾ ਵਿਚ ਖਾਲਿਸਤਾਨੀ ਹਵਾ ਹੈ। ਇਥੇ ਬਚ ਕੇ ਰਹਿਣਾ ਪਵੇਗਾ। ਉਹ ਭਾਰਤ ਪਰਤਣ ਲਈ ਹਵਾਈ ਜਹਾਜ ਚੜ੍ਹਿਆ। 2 ਨਵੰਬਰ 1984 ਦਾ ਦਿਨ ਸੀ। ਟੋਕੀਓ ਦੇ ਹਵਾਈ ਅੱਡੇ ‘ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬਾਡੀ ਗਾਰਡਾਂ ਨੇ ਕਤਲ ਕਰ ਦਿੱਤੈ। ਦਿੱਲੀ ਵਿਚ ਸਿੱਖਾਂ ਦੀ ਜਾਨ ਖਤਰੇ ਵਿਚ ਹੈ। ਕੁਝ ਸਿੱਖ ਮੁਸਾਫਿਰ ਟੋਕੀਓ ਰੁਕ ਗਏ, ਪਰ ਬਲਬੀਰ ਸਿੰਘ ਨਾ ਰੁਕਿਆ। ਜਿਹੋ ਜਿਹਾ ਖਤਰਾ ਲਾਸ ਏਂਜਲਸ ਵਿਚ ਸਹੇੜਿਆ ਸੀ, ਉਹੋ ਜਿਹਾ ਖਤਰਾ ਸਹੇੜਨ ਲਈ ਉਹ ਦਿੱਲੀ ਨੂੰ ਚੱਲ ਪਿਆ। ਉਸ ਨੇ ਆਪਣੀ ਧੀ ਸੁਸ਼ਬੀਰ ਤੇ ਜੁਆਈ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਪਾਸ ਦਿੱਲੀ ਆਉਣਾ ਸੀ। ਮਲਵਿੰਦਰ ਸਿੰਘ ਦਾ ਛੋਟਾ ਭਰਾ ਗੁਰਿੰਦਰਜੀਤ ਸਿੰਘ ਬੀ. ਐਸ਼ ਐਫ਼ ਵਿਚ ਅਫਸਰ ਸੀ। ਉਸ ਦੀ ਡਿਊਟੀ ਲਾਈ ਗਈ ਕਿ ਉਹ ਹਵਾਈ ਅੱਡੇ ‘ਤੇ ਜਾਵੇ ਅਤੇ ਬਲਬੀਰ ਸਿੰਘ ਨੂੰ ਸੁਰੱਖਿਅਤ ਘਰ ਲਿਆਵੇ। ਕੈਸੇ ਦਿਨ ਆ ਗਏ ਸਨ? ਉਹ ਓਲੰਪਿਕ ਮੈਡਲ ਜਿੱਤ ਕੇ ਮੁੜਦਾ ਸੀ ਤਾਂ ਨਾਇਕਾਂ ਵਾਲਾ ਸਵਾਗਤ ਹੁੰਦਾ ਸੀ। ਪਰ ਅੱਜ? ਪੱਗ ਦਾੜ੍ਹੀ ਕਰਕੇ ਉਹਦੀ ਜਾਨ ਖਤਰੇ ਵਿਚ ਸੀ!
-ਸਿਰੋਂ ਮੋਨੇ ਗੁਰਿੰਦਰਜੀਤ ਨੇ ਬਲਬੀਰ ਸਿੰਘ ਨੂੰ ਗੱਡੀ ਵਿਚ ਬਿਠਾ ਕੇ ਪਰਦਾ ਤਾਣਨਾ ਤੇ ਪੱਗ ਢਕਣੀ ਚਾਹੀ ਤਾਂ ਬਲਬੀਰ ਸਿੰਘ ਨੇ ਰੋਕਿਆ ਕਿ ਇਥੇ ਮੈਨੂੰ ਕਾਹਦਾ ਖਤਰਾ? ਤਿਰੰਗੇ ਦੀ ਇੱਜਤ ਤੇ ਸਨਮਾਨ ਲਈ ਖਤਰੇ ਸਹੇੜਨ ਵਾਲੇ ਜ਼ਿੰਦਾਦਿਲ ਖਿਡਾਰੀ ਨੂੰ ਨਹੀਂ ਸੀ ਪਤਾ ਕਿ ਲਾਸ ਏਂਜਲਸ ਤੇ ਵੈਨਕੂਵਰ ਵਿਚਲੇ ਖਤਰਿਆਂ ਤੋਂ ਤਾਂ ਉਹ ਬਚ ਆਇਆ ਸੀ, ਪਰ ਦਿੱਲੀ ਵਿਚਲਾ ਖਤਰਾ ਉਸ ਨੂੰ ਬਰੂਹਾਂ ਉਤੇ ਉਡੀਕ ਰਿਹਾ ਸੀ! ਇਹ ਤਾਂ ਗੁਰਿੰਦਰਜੀਤ ਦੀ ਹਿੰਮਤ ਸੀ ਕਿ ਉਹ ਬਲਬੀਰ ਸਿੰਘ ਨੂੰ ਜੀਂਦੇ ਜੀਅ ਧੀ ਦੇ ਘਰ ਲੈ ਆਇਆ।
-ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤ ਲਿਆ ਸੀ। ਪਾਕਿਸਤਾਨ ਨੇ ਕਰਾਚੀ ਵਿਚ ਓਲੰਪਿਕ ਜੇਤੂ ਟੀਮ ਦਾ ਰੈਸਟ ਆਫ ਵਰਲਡ ਟੀਮ ਨਾਲ ਮੈਚ ਕਰਾਉਣਾ ਸੀ। ਬਲਬੀਰ ਸਿੰਘ ਨੂੰ ਕਰਾਚੀ ਸੱਦਿਆ ਗਿਆ ਤੇ ਰੈਸਟ ਆਫ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ, ਜਿਸ ਵਿਚ ਪੰਜ ਮੁਲਕਾਂ ਦੇ ਖਿਡਾਰੀ ਸ਼ਾਮਲ ਸਨ। ਪਾਕਿਸਤਾਨ ਦਾ ਸਦਰ ਜਨਰਲ ਜ਼ਿਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਦਿਆਂ ਕਿਹਾ, “ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਪਿੰਡ ਦੇ ਹਾਂ। ਤੁਸੀਂ ਵੀ ਜਿਲਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।”
-ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਜ਼ਿਆ ਉੱਲ ਹੱਕ ਕੋਲ ਜਾ ਬੈਠਾ। ਹਾਫ ਟਾਈਮ ਵੇਲੇ ਬਲਬੀਰ ਸਿੰਘ ਮੈਦਾਨ ‘ਚ ਆਪਣੀ ਟੀਮ ਕੋਲ ਗਿਆ ਤਾਂ ਸਟੈਂਡਾਂ ਤੋਂ ‘ਬਲਬੀਰ ਸਿੰਘ ਜ਼ਿੰਦਾਬਾਦ’ ਦੇ ਨਾਹਰੇ ਲੱਗਣ ਲੱਗੇ। ਉਸ ਨੇ ਹੱਥ ਹਿਲਾ ਕੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਮੈਦਾਨ ‘ਚੋਂ ਬਾਹਰ ਆਉਣ ਲੱਗਾ ਤਾਂ ਜਨੂੰਨੀ ਹਜ਼ੂਮ ਨੇ ‘ਇੰਡੀਆ ਮੁਰਦਾਬਾਦ’ ਦਾ ਨਾਹਰਾ ਲਾ ਦਿੱਤਾ, ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਰਨੋ ਰੋਕਿਆ। ਬਾਹਰ ਆਇਆ ਤਾਂ ਉਨ੍ਹਾਂ ਨੇ ਕਿਹਾ, “ਸਰਦਾਰ ਜੀ, ਅਸੀਂ ਤਾਂ ਤੁਹਾਨੂੰ ਖਾਲਿਸਤਾਨ ਦੇ ਰਹੇ ਹਾਂ, ਤੁਸੀਂ ਪਸੰਦ ਨਹੀਂ ਕਰ ਰਹੇ।” ਬਲਬੀਰ ਸਿੰਘ ਦਾ ਜਵਾਬ ਸੀ, “ਤੁਸੀ ਖਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾ ਦੇਸ਼ ਨਾ ਖੁਹਾਉਂਦੇ!”
ਅਫਸੋਸ ਹੈ! ਬਲਬੀਰ ਸਿੰਘ ਵਰਗੇ ਦੇਸ਼ ਭਗਤ ਇਨਸਾਨ ਅਤੇ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਦੀ ਭਾਰਤ ਦੀਆਂ ਕੌਮੀ ਸਰਕਾਰਾਂ ਉਹ ਕਦਰ ਨਹੀਂ ਪਾ ਸਕੀਆਂ, ਜਿਸ ਦਾ ਉਹ ਹੱਕਦਾਰ ਸੀ। ਸ਼ੁਕਰ ਹੈ, ਵਿਸ਼ਵ ਦੀ ਸੁਪਰੀਮ ਖੇਡ ਬੌਡੀ ਇੰਟਰਨੈਸ਼ਨਲ ਓਲੰਪਿਕਸ ਕਮੇਟੀ ਨੇ ਉਸ ਨੂੰ ‘ਆਈਕੋਨਿਕ ਓਲੰਪੀਅਨ’ ਯਾਨਿ ਓਲੰਪਿਕ ਰਤਨ ਦੇ ਖਿਤਾਬ ਨਾਲ ਨਿਵਾਜਿਆ। ਅਮਰ ਰਹੇ ਸਾਡਾ ਜੋਧਾ ਖਿਡਾਰੀ ਬਲਬੀਰ ਸਿੰਘ!