ਪੰਚ ਪਰਵਾਣ ਪੰਚ ਪਰਧਾਨੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-231
18ਵੀਂ ਸਦੀ ਦੇ ਅੰਤਲੇ ਦਹਾਕੇ ਵਿਚ ਜਦੋਂ ਸੈਮੂਅਲ ਹੈਨੀਮੈਨ ਨੇ ਹੋਮਿਓਪੈਥੀ ਇਜ਼ਾਦ ਕੀਤੀ ਤਾਂ ਪੁਰਾਣੇ ਸਕੂਲ ਦੇ ਇਕ ਡਾਕਟਰ ਨੇ ਉਸ ਨੂੰ ਆ ਕੇ ਪੁੱਛਿਆ, “ਤੁਹਾਡੀ ਹੋਮਿਓਪੈਥੀ ਤੇ ਸਾਡੀ ਐਲੋਪੈਥੀ ਵਿਚ ਕੀ ਫਰਕ ਹੈ?” ਹੈਨੀਮੈਨ ਨੇ ਝੱਟ ਜਵਾਬ ਦਿੱਤਾ, “ਤੁਹਾਡੀ ਪ੍ਰਣਾਲੀ ਸਿਰ ਪਰਨੇ ਖੜੀ ਹੈ, ਇਸ ਨੂੰ ਉਲਟਾ ਕੇ ਸਿੱਧੀ ਕਰ ਦਿਓ ਤਾਂ ਸਾਡੀ ਹੋਮਿਓਪੈਥੀ ਬਣ ਜਾਵੇਗੀ।” ਉਸ ਨੇ ਪੁਛਿਆ, “ਉਹ ਕਿਵੇਂ?” ਹੈਨੀਮੈਨ ਨੇ ਸਮਝਾਇਆ, “ਤੁਸੀਂ ਬੀਮਾਰੀ ਦਾ ਇਲਾਜ ਕਰਦੇ ਹੋ, ਅਸੀਂ ਬੀਮਾਰ ਦਾ, ਤੁਸੀਂ ਬਿਮਾਰੀ ਦਾ ਨਾਂ ਲੱਭ ਕੇ ਦਵਾਈ ਦਿੰਦੇ ਹੋ, ਅਸੀਂ ਬਿਮਾਰੀ ਦੀਆਂ ਨਿਸ਼ਾਨੀਆਂ ਦੇਖ ਕੇ।

ਤੁਹਾਡੀ ਦਵਾਈ ਹਰ ਰੋਜ਼ ਕਈ ਵਾਰ ਲੈਣੀ ਪੈਂਦੀ ਹੈ, ਸਾਡੀ ਹਫਤਿਆਂ ਵਿਚ ਇਕ ਵਾਰੀ; ਤੁਹਾਡੀ ਦਵਾਈ ਵਿਚ ਦਵਾਈ ਭੌਤਿਕ ਮਾਤਰਾ ਵਿਚ ਹਾਜਰ ਹੁੰਦੀ ਹੈ, ਸਾਡੀ ਵਿਚ ਉਸ ਦੀ ਸ਼ਕਤੀ। ਤੁਹਾਡੀ ਦਵਾਈ ਉਪਰੋਂ ਉਪਰੋਂ ਅਰਾਮ ਦਿੰਦੀ ਹੈ, ਸਾਡੀ ਧੁਰ ਅੰਦਰੋਂ; ਤੁਹਾਡੀ ਦਵਾਈ ਵਿਚ ਦਵਾ ਦੀ ਮਿਕਦਾਰ ਵਧਾਉਣ ਨਾਲ ਦਵਾ ਦਾ ਅਸਰ ਵਧਦਾ ਹੈ, ਸਾਡੀ ਵਿਚ ਘਟਾਉਣ ਨਾਲ; ਤੁਹਾਡੀ ਦਵਾਈ ਦਾ ਸਵਾਦ ਕੌੜਾ ਹੁੰਦਾ ਹੈ, ਸਾਡੀ ਦਾ ਮਿੱਠਾ…।” ਉਹ ਵਿਚੋਂ ਟੋਕ ਕੇ ਬੋਲਿਆ, “ਬਸ ਬਸ, ਚਲ ਮੈਨੂੰ ਆਪਣਾ ਚੇਲਾ ਬਣਾ।”
19ਵੀਂ ਸਦੀ ਦੇ ਅੱਧ ਵਿਚ ਜਦੋਂ ਇਕ ਪੁਰਾਣੇ ਹੀਗਲਵਾਦੀ ਨੇ ਕਾਰਲ ਮਾਰਕਸ ਨੂੰ ਪੁੱਛਿਆ, “ਕੀ ਤੂੰ ਹੀਗਲ ਦੇ ਡਾਇਲੈਕਟਿਕਸ (ਧਅਿਲeਚਟਚਿਸ) ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈਂ।” ਤਾਂ ਉਸ ਨੇ ਜਵਾਬ ਦਿੱਤਾ, “ਨਹੀਂ ਨਹੀਂ, ਇਹ ਸਿਰ ਪਰਨੇ ਖੜ੍ਹਿਆ ਸੀ, ਮੈਂ ਤਾਂ ਇਸ ਨੂੰ ਸਿੱਧਾ ਖੜ੍ਹਾ ਕੀਤਾ ਹੈ।” ਪੁਰਾਤਨ ਯੂਨਾਨ ਵਿਚ ਓਰੇਕਲ ਆਫ ਡੈਲਫੀ (ੌਰਅਚਲe ਾ ਧeਲਪਹ)ਿ ਨੇ ਭਵਿਖਵਾਣੀ ਕੀਤੀ ਕਿ ਸੁਕਰਾਤ ਦੇਸ਼ ਦਾ ਸਭ ਤੋਂ ਸਿਆਣਾ ਮਨੁੱਖ ਹੈ। ਦਰਸ਼ਨ ਕਰਨ ਆਏ ਲੋਕਾਂ ਨੇ ਉਸ ਨੂੰ ਪੁੱਛਿਆ, “ਕੀ ਤੂੰ ਸੱਚੀ ਮੁੱਚੀਂ ਸਭ ਤੋਂ ਸਿਆਣਾ ਹੈ?” ਸੁਕਰਾਤ ਨੇ ਕਿਹਾ, “ਜੀ ਨਹੀਂ, ਸਿਆਣਪ ਮੇਰੇ ਵਿਚ ਕੋਈ ਨਹੀਂ। ਦੂਜਿਆਂ ਦੇ ਵਿਚਾਰ ਉਲਟੇ ਹਨ, ਮੈਂ ਤਾਂ ਉਨ੍ਹਾਂ ਨੂੰ ਸਿੱਧਾ ਕਰ ਦਿੰਦਾ ਹਾਂ। ਉਹ ਐਨੇ ‘ਚ ਈ ਮੈਨੂੰ ਸਿਆਣਾ ਸਮਝਣ ਲੱਗ ਪੈਂਦੇ ਹਨ।”
ਕਈ ਵਾਰ ਇੰਜ ਲਗਦਾ ਹੈ ਕਿ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਉਨ੍ਹਾਂ ਦੇ ਸੰਗੀ ਸਾਥੀਆਂ ਨੇ ਸਿੱਖੀ ਵਿਚਾਰਧਾਰਾ ਦੇ ਅਰਥ ਵੀ ਉਲਟੇ ਕਰ ਦਿੱਤੇ ਹਨ ਤੇ ਅਸਲ ਸਿੱਖੀ ਸਮਝਣ ਲਈ ਇਨ੍ਹਾਂ ਨੂੰ ਵੀ ਸਿੱਧੇ ਖੜਾ ਕਰਨਾ ਪੈਣਾ ਹੈ। ਮਿਸਾਲ ਵਜੋਂ ਗੁਰੂ ਸਾਹਿਬ ਨੇ ਸਿੱਖੀ ਦਾ ਰਾਹ ਦੱਸਦਿਆਂ ਕਿਹਾ ਕਿ ਸੁਣੀ ਸੁਣਾਈ ਗੱਲ ਤੇ ਭਰੋਸਾ ਕਰਨਾ ਅਕਲਮੰਦੀ ਨਹੀਂ। ਉਨ੍ਹਾਂ ਅਨੁਸਾਰ ਕਿਸੇ ਦੀ ਕਹੀ ਗੱਲ ਨੂੰ ਬਿਨਾ ਪਰਖਿਆਂ ਸੱਚ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੇ ਲੋਕਾਂ ਦੀਆਂ ਕਹੀਆਂ ਹੋਈਆਂ, ਪਰ ਜਾਹਰਾ ਤੌਰ ‘ਤੇ ਨਾ ਮੰਨੀਆਂ ਜਾਣ ਵਾਲੀਆਂ ਗੱਲਾਂ ਦੀਆਂ ਮਿਸਾਲਾਂ ਵੀ ਦਿੱਤੀਆਂ।
ਸਿੱਖ ਪੁਜਾਰੀਆਂ ਤੇ ਪ੍ਰਚਾਰਕਾਂ ਨੇ ਇਹ ਫੈਲਾਇਆ ਕਿ ਸੁਣਨਾ ਫਲਦਾਇਕ ਤੇ ਗਿਆਨ-ਵਧਾਊ ਕਾਰਜ ਹੈ, ਇਸ ਲਈ ਸੁਣ ਕੇ ਅਮਲ ਕਰੋ। ਫਲਸਰੂਪ ਅਜੋਕੇ ਸਿੱਖ ਈਸਰ, ਬਰਮਾ, ਇੰਦਰ, ਪਾਰਵਤੀ ਮਾਂ ਦੀ ਹੋਂਦ ਮੰਨਦੇ ਹਨ ਤੇ ਤੀਰਥ ਇਸ਼ਨਾਨਾਂ ਨੂੰ ਵੀ ਮਹਤੱਵ ਦਿੰਦੇ ਹਨ। ਉਹ ਸਿੱਧਾਂ, ਪੀਰਾਂ, ਸੁਰਾਂ, ਨਾਥਾਂ, ਜਮਦੂਤਾਂ, ਪਾਤਾਲਾਂ, ਵੇਦਾਂ ਤੇ ਸਿਮਰਤੀਆਂ ਤੋਂ ਵੀ ਇਨਕਾਰ ਨਹੀਂ ਕਰਦੇ। ਇਸੇ ਤਰ੍ਹਾਂ ‘ਮੰਨੇ’ ਦੀਆਂ ਚਾਰ ਪਉੜੀਆਂ ਵਿਚ ਗੁਰੂ ਸਾਹਿਬ ਨੇ ਬੁੱਧੀ ਤੋਂ ਕੰਮ ਲੈਣ ਨੂੰ ਭਾਵ ‘ਮਨਨ’ ਕਰਨ ਨੂੰ ‘ਸੁਣਿਐ’ ਦੇ ਦੋਸ਼ ਠੀਕ ਕਰਨ ਦੀ ਵਿਧੀ ਵਜੋਂ ਪੇਸ਼ ਕੀਤਾ। ਇਹੀ ਨਹੀਂ ਉਨ੍ਹਾਂ ਨੇ ਇਸ ਨੂੰ ਸੱਚ ਪ੍ਰਾਪਤੀ ਦੀ ਸਰਵੋਤਮ ਵਿਧੀ ਦੱਸ ਕੇ ਬੜੇ ਉਚੇ ਸ਼ਬਦਾਂ ਵਿਚ ਮਹਿਮਾ ਕੀਤੀ, ਪਰ ਵਿਦਵਾਨ ਬਣੇ ਪੁਜਾਰੀਆਂ ਨੇ ਇਸ ਦੇ ਅਰਥ ‘ਮੰਨਣਾ’ ਭਾਵ ਵਿਸ਼ਵਾਸ ਕਰਨਾ ਦੱਸ ਕੇ ਸਿੱਖਾਂ ਲਈ ਦਿਮਾਗ ਦਾ ਕੰਮ ਰੋਕ ਦਿੱਤਾ। ਗੱਲ ਇੱਥੇ ਹੀ ਨਹੀਂ ਰੁਕੀ, 16ਵੀਂ ਪਉੜੀ ਦੇ ਅਰਥਾਂ ਵਿਚ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਦਾ ਵਿਗਾੜ ਪਾ ਦਿੱਤਾ।
ਉਨ੍ਹਾਂ ਦੇ ਸਿੱਧੇ ਪੁੱਠੇ ਅਰਥਾਂ ਦਾ ਜਾਇਜ਼ਾ ਲੈਣ ਲਈ ਸਭ ਪਾਠਕ ਇਕ ਪ੍ਰਯੋਗ ਕਰਨ। ਉਹ ਆਪਣੇ ਨੇੜੇ ਤੇੜੇ ਦੇ ਪੰਜ ਚਾਰ ਵਿਦਵਾਨਾਂ, ਪੁਜਾਰੀਆਂ ਜਾਂ ਪ੍ਰਚਾਰਕਾਂ ਨੂੰ ਇਹ ਸਵਾਲ ਪੁੱਛਣ ਕਿ ਗੁਰੂ ਸਾਹਿਬ ‘ਸੁਣਿਐ’ ਤੇ ‘ਮੰਨੇ’ ਦੀਆਂ ਪਉੜੀਆਂ ਪਿਛੋਂ ਅਚਾਨਕ ‘ਪੰਚਾਂ’ ‘ਤੇ ਕਿਉਂ ਪਹੁੰਚ ਗਏ? ਇਨ੍ਹਾਂ ਤਿੰਨਾਂ ਵਿਚ ਐਸੀ ਕੀ ਸਾਂਝੀ ਜਾਂ ਖਾਸ ਚੀਜ਼ ਹੈ, ਜਿਸ ਕਾਰਨ ਉਨ੍ਹਾਂ ਨੇ ‘ਮੰਨੇ’ ਤੋਂ ਤੁਰਤ ਪਿਛੋਂ ‘ਪੰਚਾਂ’ ‘ਤੇ ਵਿਚਾਰ ਕਰਨਾ ਜਰੂਰੀ ਸਮਝਿਆ? ਫਿਰ ਉਹ ਉਨ੍ਹਾਂ ਦੇ ਉਤਰ ਨੋਟ ਕਰਨ। ਕੋਈ ਕਹੇਗਾ ਕਿ ਗੁਰੂ ਸਾਹਿਬ ਦੀ ਜਿਵੇਂ ਮੌਜ ਸੀ, ਉਨ੍ਹਾਂ ਉਵੇਂ ਕੀਤਾ, ਕਿਸੇ ਕੀ ਲੈਣਾ ਐ। ਕੋਈ ਕਹੇਗਾ ਕਿ ਉਨ੍ਹਾਂ ਨੇ ਪੁਰਾਣੇ ਮੁੱਦੇ ਛੱਡ ਕੇ ਨਵੀਂ ਗੱਲ ਕੀਤੀ ਹੈ। ਕੋਈ ਕਹੇਗਾ ਕਿ ਸੁਣਨ ਤੇ ਮੰਨਣ ਵਾਲੇ ਮਨੁੱਖਾਂ ਦਾ ਦਰਜਾ ‘ਪੰਚਾਂ’ ਜਿਹਾ ਹੋ ਜਾਂਦਾ ਹੈ ਤੇ ਉਹ ਗਲਤ-ਠੀਕ ਦੇ ਜੱਜ ਬਣ ਜਾਂਦੇ ਹਨ। ਕਈ ਕਹਿਣਗੇ ਕਿ ਪਰਮਾਤਮਾ ਨੂੰ ਮੰਨਣ ਵਾਲੇ ਹਰ ਕਚਹਿਰੀ ਤੇ ਹਰ ਦਰਬਾਰ ਵਿਚ ਮਾਨਤਾ ਪਾਉਂਦੇ ਹਨ। ਕਈ ਕਹਿਣਗੇ ਕਿ ਗੁਰੂ ਦੀ ਸੁਣ ਕੇ ਮੰਨਣ ਵਾਲਾ ਬੰਦਾ ਸਿਆਣਾ ਗਿਣਿਆ ਜਾਂਦਾ ਹੈ ਤੇ ਲੋਕ ਉਸ ਨੂੰ ਪੰਚਾਂ ਵਾਂਗ ਉਚਾ ਸਮਝ ਕੇ ਸਲਾਹ ਲੈਂਦੇ ਹਨ। ਜਿੰਨੇ ਵਿਦਵਾਨ, ਉਨੇ ਸਪਸ਼ਟੀਕਰਣ। ਹਾਲਾਂ ਕਿ ਬਹੁਤ ਸਿੱਧਾ ਉਤਰ ਹੈ, ਪਰ ਕੋਈ ਵਿਰਲਾ ਵੀ ਇਸ ਨੂੰ ਸਹੀ ਨਹੀਂ ਦੱਸ ਸਕੇਗਾ। ਕਿਉਂ? ਕਿਉਂਕਿ ਉਹ ਮਨ ਅੰਦਰ ਲੱਖਣ ਨਹੀਂ ਲਾਉਂਦੇ। ਉਹ ਉਹੀ ਮੰਨਦੇ ਹਨ, ਜੋ ਕੁਝ ਉਨ੍ਹਾਂ ਸਿੱਖ ਵਿਦਵਾਨਾਂ ਤੇ ਪੁਜਾਰੀਆਂ ਤੋਂ ਸੁਣਿਆ ਹੁੰਦਾ ਹੈ। ਅਰਥਾਤ ਉਹ ‘ਸੁਣਨ’ ਤੇ ‘ਮੰਨਣ’ ਦੇ ਸੌਦਾਗਰ ਹਨ, ‘ਮੰਨੇ’ ਜਾਂ ਮਨਨ ਦੇ ਨਹੀਂ।
ਇਸ ਪ੍ਰਯੋਗ ਦਾ ਮਨੋਰਥ ਕਿਸੇ ਦੀ ਪ੍ਰੀਖਿਆ ਲੈਣਾ ਨਹੀਂ, ਸਗੋਂ ਇਹ ਸਿੱਟਾ ਪ੍ਰਮਾਣਿਤ ਕਰਨਾ ਹੈ ਕਿ ਮੁੱਢੋਂ ਘੁੱਥੇ ਰਾਹੀ ਸੌਖਿਆਂ ਸਹੀ ਰਾਹ ‘ਤੇ ਨਹੀਂ ਪੈਂਦੇ। ਇਹ ਕੁਰਾਹਤ ਭਰੀ ਸਥਿਤੀ ਅਜੋਕੇ ਸਿੱਖ ਵਿਦਵਾਨਾਂ ਦੇ 16ਵੀਂ ਪਉੜੀ ਦੇ ਅਰਥਾਂ ਤੋਂ ਪਤਾ ਲੱਗ ਜਾਂਦੀ ਹੈ। ਹੇਠ ਇਸ ਪਉੜੀ ਦਾ ਉਤਾਰਾ ਤੇ ਮਿਸਾਲ ਲਈ ਨਾਲ ਉਘੇ ਸਿੱਖ ਵਿਦਵਾਨ ਖੁਸ਼ਵੰਤ ਸਿੰਘ ਦੇ ਕੀਤੇ ਹੋਏ ਅਰਥ।
ਪੰਚ ਪਰਵਾਣ ਪੰਚ ਪਰਧਾਨੁ॥
ਪੰਚੇ ਪਾਵਹਿ ਦਰਗਹਿ ਮਾਨੁ॥
ਪੰਚੇ ਸੋਹਹਿ ਦਰਿ ਰਾਜਾਨੁ॥
ਪੰਚਾ ਕਾ ਗੁਰੁ ਏਕੁ ਧਿਆਨੁ॥
ਜੇ ਕੋ ਕਹੈ ਕਰੈ ਵੀਚਾਰੁ॥
ਕਰਤੇ ਕੈ ਕਰਣੈ ਨਾਹੀ ਸੁਮਾਰੁ॥
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥
ਜੀਅ ਜਾਤਿ ਰੰਗਾ ਕੇ ਨਾਵ॥
ਸਭਨਾ ਲਿਖਿਆ ਵੁੜੀ ਕਲਾਮ॥
ਏਹੁ ਲੇਖਾ ਲਿਖਿ ਜਾਣੈ ਕੋਇ॥
ਲੇਖਾ ਲਿਖਿਆ ਕੇਤਾ ਹੋਇ॥
ਕੇਤਾ ਤਾਣੁ ਸੁਆਲਿਹੁ ਰੂਪੁ॥
ਕੇਤੀ ਦਾਤਿ ਜਾਣੈ ਕੌਣੁ ਕੂਤੁ॥
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥੧੬॥
ਸੁਣ ਕੇ ਮੰਨਣ ਤੇ ਪਰਮਾਤਮਾ ਵਿਚ ਅਥਾਹ ਭਰੋਸਾ ਕਰਨ ਵਾਲਿਆਂ ਦਾ ਹਵਾਲਾ ਦਿੰਦਿਆਂ ਖੁਸ਼ਵੰਤ ਸਿੰਘ ਇਸ ਪਉੜੀ ਦਾ ਟੀਕਾ ਇਸ ਤਰ੍ਹਾਂ ਕਰਦਾ ਹੈ, “ਉਨ੍ਹਾਂ (ਭਰੋਸਾ ਕਰਨ ਵਾਲਿਆਂ) ਵਿਚੋਂ ਹੀ ਮਨੁੱਖਤਾ ਦੇ ਆਗੂ ਚੁਣੇ ਜਾਂਦੇ ਹਨ। ਇਹ ਉਹ ਪੁਰਸ਼ ਹੁੰਦੇ ਹਨ, ਜੋ ਪਰਮਾਤਮਾ ਦੀਆਂ ਨਜ਼ਰਾਂ ਵਿਚ ਚੜ੍ਹੇ ਹੁੰਦੇ ਹਨ ਤੇ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿਚ ਸੁਸ਼ੋਭਿਤ ਹੁੰਦੇ ਹਨ। ਉਨ੍ਹਾਂ ਦੇ ਮਨ ਪਵਿਤਰ ਭਗਤੀ ਵਿਚ ਰੱਤੇ ਹੁੰਦੇ ਹਨ। ਉਨ੍ਹਾਂ ਦੀ ਗੱਲਬਾਤ ਵਿਚੋਂ ਤਰਕ ਡੁਲ੍ਹ ਡੁਲ੍ਹ ਪੈਂਦਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਪਰਮਾਤਮਾ ਅਣਗਿਣਤ ਕਾਰਜਾਂ ਦਾ ਕਰਤਾ ਹੈ। ਜਿਸ ਹੁਕਮ ਦਾ ਪ੍ਰਿਥਵੀ ਨੂੰ ਧੌਲੇ ਬਲਦ ਦੇ ਸਿੰਗ ਜਿਹਾ ਸਹਾਰਾ ਹੈ, ਉਹ ਦਇਆ ਤੇ ਧਰਮ ਵਿਚੋਂ ਪੈਦਾ ਹੋਇਆ ਨਿਯਮ ਹੈ। ਚਾਹੇ ਦਇਆ ਤੇ ਧਰਮ ‘ਚੋਂ ਨਿਕਲੇ ਇਸ ਹੁਕਮ ਦੀਆਂ ਤੰਦਾਂ ਬਹੁਤ ਬਾਰੀਕ ਤੇ ਕਮਜ਼ੋਰ ਹਨ, ਫਿਰ ਵੀ ਇਸ ਨੇ ਸੰਸਾਰ ਨੂੰ ਇਕਸੁਰਤਾ ਦੇ ਬੰਧਨ ਵਿਚ ਬੰਨਿਆ ਹੋਇਆ ਹੈ। ਜੇ ਕੋਈ ਸੱਚ ਜਾਣਨਾ ਚਾਹੇ, ਉਹ ਧਵਲੇ ਅਤੇ ਇਸ ਉਤੇ ਪਏ ਭਾਰ ਦਾ ਵਿਚਾਰ ਕਰੇ। ਧਰਤੀਆਂ ਤਾਂ ਸਾਡੀ ਧਰਤੀ ਤੋਂ ਬਿਨਾ ਵੀ ਕਈ ਹਨ ਤੇ ਉਨ੍ਹਾਂ ਤੋਂ ਅੱਗੇ ਕਈ ਹੋਰ ਵੀ ਹਨ। ਫਿਰ ਉਨ੍ਹਾਂ ਦਾ ਭਾਰ ਕੌਣ ਚੁੱਕਦਾ ਹੈ ਅਤੇ ਹੇਠੋਂ ਧਵਲਾ ਬੌਲਦ ਕਿਹੜੀ ਸ਼ਕਤੀ ‘ਤੇ ਟਿਕਿਆ ਹੈ? ਸਦਾ ਤੋਂ ਵਗਦੀਆਂ ਕਲਮਾਂ ਨੇ ਸੰਸਾਰ ਦੇ ਰੰਗ ਬਿਰੰਗੇ ਜੀਵ ਜੰਤੂਆਂ ਬਾਰੇ ਲਿਖਿਆ ਹੈ। ਕੀ ਕੋਈ ਇੰਨਾ ਕੁਝ ਲਿਖ ਜਾਂ ਕਹਿ ਸਕਦਾ ਹੈ, ਜੋ ਇਸ ਨੇ ਇੰਨੇ ਸਮੇਂ ਵਿਚ ਲਿਖਿਆ ਜਾਂ ਕਿਹਾ ਹੈ? ਕੀ ਕਿਸੇ ਨੇ ਸੋਚਿਆ ਹੈ ਕਿ ਇਹ ਕਿੱਡਾ ਵੱਡਾ ਕੰਮ ਹੈ? ਫਿਰ ਇਸ ਨੂੰ ਕਰਨ ਵਾਲੇ ਦੀ ਸੁੰਦਰਤਾ ਤੇ ਸ਼ਕਤੀ ਦਾ ਅੰਦਾਜ਼ਾ ਕਿਵੇਂ ਲਾਇਆ ਜਾਵੇ? ਉਸ ਬਾਰੇ ਕੋਈ ਕੀ ਕਹੇ, ਜਿਸ ਨੇ ਇਕ ਸ਼ਬਦ ਨਾਲ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਤੇ ਉਸ ਵਿਚ ਹਜ਼ਾਰਾਂ ਦਰਿਆ ਚਲਾ ਦਿੱਤੇ? ਗੁਰੂ ਜੀ ਪਰਮਾਤਮਾ ਨੂੰ ਕਹਿੰਦੇ ਹਨ, ਮੇਰੀ ਕੀ ਹਸਤੀ ਹੈ ਕਿ ਮੈਂ ਤੁਹਾਡੀ ਪ੍ਰਸ਼ੰਸਾ ਕਰ ਸਕਾਂ? ਤੁਹਾਡੀ ਉਸਤਤ ਕਰਨ ਲਈ ਮੇਰੇ ਕੋਲ ਕੋਈ ਸ਼ਕਤੀ ਹੀ ਨਹੀਂ। ਜੋ ਆਪ ਜੀ ਨੂੰ ਭਾਉਂਦਾ ਹੈ, ਸੋਈ ਕਰਦੇ ਹੋ। ਤੁਸੀਂ ਹਮੇਸ਼ਾ ਇਸੇ ਤਰ੍ਹਾਂ ਬਣੇ ਰਹੋ, ਸ਼ਰੀਰ-ਰਹਿਤ ਜੀਓ!”
ਖੁਸ਼ਵੰਤ ਸਿੰਘ ਦਾ ਟੀਕਾ ਅੰਗਰੇਜ਼ੀ ਵਿਚ ਹੈ। ਇਸ ਨੂੰ ਪੜ੍ਹ ਕੇ ਇੱਦਾਂ ਲਗਦਾ ਹੈ, ਜਿਵੇਂ ਉਹ ਪੰਚਾਂ ਅਤੇ ਧਵਲੇ ਉਤੇ ਇਕ ਰਟਿਆ ਰਟਾਇਆ ਹਾਈ ਸਕੂਲ ਦਾ ਪ੍ਰਸਤਾਵ ਲਿਖ ਰਿਹਾ ਹੋਵੇ। ਉਹ ਜਪੁਜੀ ਦਾ ਟੀਕਾ ਕਰਦਾ ਨਹੀਂ ਜਾਪਦਾ, ਸਗੋਂ ਇਸ ਉਤੇ ਆਪਣੀ ਇਕ ਖੁਲ੍ਹੀ ਕਵਿਤਾ ਲਿਖ ਰਿਹਾ ਨਜ਼ਰ ਆਉਂਦਾ ਹੈ। ਉਹ ਨਹੀਂ ਪ੍ਰਵਾਹ ਕਰਦਾ ਕਿ ਗੱਲ ਕੀ ਹੈ ਤੇ ਗੱਲ ਦਾ ਸੰਦਰਭ ਕੀ ਹੈ? ਉਹ ਤਾਂ ਆਪਣੀ ਕਾਵਿ ਕਲਾ ਨੂੰ ਚਮਕਾਉਣ ਦੀ ਧੁਨ ਵਿਚ ਮਗਨ ਹੈ। ਗੁਰੂ ਸਾਹਿਬ ਕਹਿ ਕੀ ਰਹੇ ਹਨ ਤੇ ਕਿਉਂ ਕਹਿ ਰਹੇ ਹਨ, ਇਸ ਨਾਲ ਉਸ ਦਾ ਕੋਈ ਵਾਸਤਾ ਨਹੀਂ। ਉਸ ਨੂੰ ਤਾਂ ਬਸ ਸਿੱਖ ਹੋਣ ਨਾਤੇ ਜਪੁਜੀ ਦਾ ਟੀਕਾ ਕਰ ਕੇ ਇਕ ਪਿਤਰੀ ਆਭਾਰ (ਘeਨeਰਅਟਿਨਅਲ ੋਬਲਗਿਅਟਿਨ) ਲਾਹੁਣ ਦੀ ਕਾਹਲ ਹੈ। ਜੇ ਇੱਦਾਂ ਨਾ ਹੁੰਦਾ ਤਾਂ ਉਹ ਇਹ ਨਾ ਲਿਖਦਾ ਕਿ ਪਰਮਾਤਮਾ ਵਿਚ ਵਿਸ਼ਵਾਸ ਕਰਨ ਵਾਲਿਆਂ ਵਿਚੋਂ ਆਗੂ ਚੁਣੇ ਜਾਂਦੇ ਹਨ। ਉਹ ਸੋਚਦਾ ਤਾਂ ਸਹੀ ਕਿ ਉਹ ਆਗੂ ਕਿੱਥੇ ਚੁਣੇ ਜਾਂਦੇ ਹਨ ਤੇ ਉਨ੍ਹਾਂ ਨੂੰ ਕੌਣ ਚੁਣਦਾ ਹੈ? ਉਹ ਦੱਸਦਾ ਤਾਂ ਸਹੀ ਕਿ ਉਹ ਰਾਜੇ ਮਹਾਰਾਜਿਆਂ ਦੇ ਦਰਬਾਰ ਕਿੱਥੇ ਹਨ, ਜਿੱਥੇ ਉਨ੍ਹਾਂ ਨੂੰ ਸਨਮਾਨ ਮਿਲਦਾ ਹੈ? ਅੱਜ ਰਾਜਿਆਂ ਦੇ ਦਰਬਾਰ ਨਹੀਂ ਰਹੇ, ਪਰ ਸਰਕਾਰੇ ਦਰਬਾਰੇ ਸਨਮਾਨ ਹਮੇਸ਼ਾ ਚਾਪਲੂਸੀ ਤੇ ਘਟੀਆ ਰਾਜਨੀਤੀ ਕਰਨ ਵਾਲਿਆਂ ਨੂੰ ਮਿਲਦਾ ਹੈ। ਇਸ ਤਰ੍ਹਾਂ ਦੀ ਹਵਾਈ ਗੱਲ ਕਰਕੇ ਕੀ ਉਹ ਇਹ ਸਿੱਧ ਕਰਦਾ ਨਹੀਂ ਜਾਪਦਾ ਕਿ ਗੁਰੂ ਸਾਹਿਬ ਨੇ ਐਵੇਂ ਗੱਪ ਮਾਰੀ ਸੀ? ਪੰਚਾਂ ਵਿਚੋਂ ਨਿਕਲ ਕੇ ਧੌਲੇ ਦੀਆਂ ਸ਼ੁਰੂ ਕਰ ਦਿੰਦਾ ਹੈ; ਧੌਲੇ ਦੀਆਂ ਛੱਡ ਧਰਤੀ ਦੀਆਂ; ਧਰਤੀ ਦੀਆਂ ਸੁੱਟ ਜੀਵ ਜੰਤੂਆਂ ਦੀਆਂ ਤੇ ਇਹ ਸਭ ਕੁਝ ਛੱਡ ਛਡਾ ਉਹ ਨਿਰੰਕਾਰ ਨੂੰ ਲੰਮੀ ਉਮਰ ਦੀਆਂ ਦੁਆਵਾਂ ਦੇਣ ਵਲ ਨਿਕਲ ਜਾਂਦਾ ਹੈ। ਉਹ ਵਿਸ਼ਿਆਂ ਦਾ ਤਤਕਰਾ ਲੰਮਾ ਕਰਦਾ ਚਲਾ ਜਾਂਦਾ ਹੈ, ਪਰ ਇਨ੍ਹਾਂ ਨਾਲ ਇਨਸਾਫ ਬਿਲਕੁਲ ਨਹੀਂ ਕਰਦਾ। ਇਕ ਬੁਧੀਜੀਵੀ ਦਾ ਫਰਜ਼ ਹੈ ਕਿ ਜੋ ਉਸ ਨੂੰ ਸਮਝ ਪਵੇ, ਉਸ ਦੀ ਵਿਸਥਾਰਪੂਰਵਕ ਵਿਆਖਿਆ ਕਰੇ ਤੇ ਜੋ ਸਮਝ ਵਿਚ ਨਾ ਪਵੇ, ਉਸ ਬਾਰੇ ਪ੍ਰਸ਼ਨ ਪੁੱਛੇ; ਪਰ ਉਸ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ।
ਇਸ ਪਉੜੀ ਦੀ ਬਣਦੀ ਵਿਆਖਿਆ ਇਹ ਹੈ ਕਿ ਗੁਰੂ ਸਾਹਿਬ ਸੱਚ ਪ੍ਰਾਪਤੀ ਦੀ ਵਿਧੀ ਦਾ ਜ਼ਿਕਰ ਕਰਦਿਆਂ ਸੁਣੀਆਂ ਗੱਲਾਂ ਨੂੰ ਬੁੱਧੀ ਦੀ ਵਰਤੋਂ ਰਾਹੀਂ ਪੜਤਾਲਣ ਦੀ ਸਲਾਹ ਦਿੰਦੇ ਹਨ। ਆਪਣੇ ਸਿਧਾਂਤ ਦੀ ਪ੍ਰੋੜਤਾ ਵਿਚ ਉਹ ਕੁਝ ਮਿਸਾਲਾਂ ਪੇਸ਼ ਕਰਦੇ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਮਝਾਇਆ ਹੈ ਕਿ ਉਹ ਉਨ੍ਹਾਂ ਦੇ ਦੱਸੇ ‘ਮੰਨੇ’ ਭਾਵ ਮਨਨ ਦੇ ਗੁਰ ਨੂੰ ਕਿਵੇਂ ਲਾਗੂ ਕਰਨ। ਜਿਵੇਂ ਉਨ੍ਹਾਂ ਦੇ ਕਹਿਣ ਦਾ ਢੰਗ ਹੈ, ਪਹਿਲਾਂ ਉਹ ਬਿਨਾ ਕੁਝ ਕਹੇ ਕੁਝ ਤੁਕਾਂ ਲਿਖ ਕੇ ਡੈਟਾ ਪੇਸ਼ ਕਰਦੇ ਹਨ। ਫਿਰ ਪੁੱਛਦੇ ਹਨ, “ਸੋਚ ਕੇ ਦੇਖੋ ਕੀ ਇਹ ਠੀਕ ਹੈ?” ਉਹ ਲਿਖਦੇ ਹਨ ਕਿ ਪੰਜ ਦਾ ਅੰਕ ਲੋਕਾਂ ਦੇ ਬੜਾ ਸਿਰ ਚੜ੍ਹਿਆ ਹੈ ਭਾਵ ਉਹ ਪੰਜ ਨੂੰ ਸ਼ੁਭ ਮੰਨ ਕੇ ਹਰ ਥਾਂ ਪਰਵਾਨ ਕਰਦੇ ਹਨ। ਪੰਜ ਹੀ ਪਰਧਾਨ ਬਣਾਉਂਦੇ ਹਨ, ਪੰਜ ਮਿਲ ਕੇ ਹੀ ਰਾਜੇ ਦੇ ਦਰਬਾਰ ਜਾਂਦੇ ਹਨ ਅਤੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ‘ਤੇ ਵੀ ਪੰਜਾਂ ਦੀ ਹਾਜ਼ਰੀ ਨੂੰ ਮਾਣ ਦਿੱਤਾ ਜਾਂਦਾ ਹੈ। ਸਭਨਾਂ ਨੇ ਇਕ ਪੰਜਾਂ ਦੀ ਗਿਣਤੀ ਦਾ ਸੂਤਰ (ਫਾਰਮੂਲਾ) ਧਿਆਨ ਵਿਚ ਰੱਖਿਆ ਹੋਇਆ ਹੈ, ਜਿਸ ਨੂੰ ਗੁਰ ਵਾਂਗ ਹਰ ਥਾਂ ਵਰਤ ਲੈਂਦੇ ਹਨ; ਪਰ ਜੇ ਕੋਈ ਇੱਦਾਂ ਕਹਿੰਦਾ ਹੈ ਜਾਂ ਕਰਦਾ ਹੈ, ਭਾਵ ਹਰ ਗੱਲ ਵਿਚ ਪੰਜਾਂ ‘ਤੇ ਹੀ ਵਿਸ਼ਵਾਸ ਕਰਦਾ ਹੈ, ਤਾਂ ਉਹ ਮਨ ਵਿਚ ਵਿਚਾਰ (ਮਨਨ) ਕਰੇ ਕਿ ਸ੍ਰਿਸ਼ਟੀ ਦੇ ਰਚੈਤਾ ਨੇ ਪੰਜ ਨਹੀਂ, ਬੇਸ਼ੁਮਾਰ ਚੀਜ਼ਾਂ ਬਣਾਈਆਂ ਹਨ। ਅਜਿਹਾ ਅੰਧ ਵਿਸ਼ਵਾਸ ਕਰਨ ਵਾਲਾ ਸੋਚੇ ਕਿ ਕੁਦਰਤ ਤਾਂ ਪੰਜਾਂ ‘ਤੇ ਰੁਕੀ ਨਹੀਂ, ਫਿਰ ਉਸ ਦੀ ਆਪਣੀ ਸੂਈ ਹਰ ਵਾਰ ਪੰਜ ‘ਤੇ ਕਿਉਂ ਅਟਕ ਜਾਂਦੀ ਹੈ?
ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਆਹ ਚਿੱਟੇ ਬਲਦ ਦੀ ਹੀ ਗੱਲ ਲੈ ਲਓ, ਜਿਸ ਨੂੰ ਧਰਮ ਦਇਆ ਦਾ ਪੁੱਤਰ ਦੱਸ ਕੇ ਕਿਹਾ ਜਾਂਦਾ ਹੈ ਕਿ ਇਸ ਨੇ ਪ੍ਰਿਥਵੀ ਨੂੰ ਸਿਰੜ ਸਾਧਨਾ ਨਾਲ ਚੁੱਕ ਕੇ ਰੱਖਿਆ ਹੋਇਆ ਹੈ। ਜੇ ਕੋਈ ਧੌਲੇ ਦੀ ਮਿੱਥ-ਕਥਾ ਨੂੰ ਮੰਨਦਾ ਹੈ ਤਾਂ ਜਰਾ ਇਸ ਦਾ ਹਿਸਾਬ ਕਰ ਕੇ ਦੇਖੇ। ਧਰਤੀ ਅੱਗੇ ਤੋਂ ਅੱਗੇ ਪਈ ਹੈ, ਭਾਵ ਤੁਰਦੇ ਚਲੇ ਜਾਓ, ਇਹ ਅੱਗੋਂ ਹੋਰ ਆਉਂਦੀ ਰਹਿੰਦੀ ਹੈ। ਆਪਣੇ ਭਾਰ ਤੋਂ ਇਲਾਵਾ ਇਸ ਉਤੇ ਹੋਰ ਵੀ ਬਹੁਤ ਕੁਝ ਲੱਦਿਆ ਹੋਇਆ ਹੈ। ਜਰਾ ਲੱਖਣ ਲਾਓ, ਉਸ ਧਵਲੇ ‘ਤੇ ਕਿੰਨਾ ਭਾਰ ਹੋ ਜਾਵੇਗਾ? ਇਹ ਪੰਜਾਂ ਦੀ ਗਿਣਤੀ ਵਿਚ ਆਉਣ ਵਾਲਾ ਨਹੀਂ, ਸਗੋਂ ਅਸੰਖ ਮਾਨ ਦਾ ਹੋਵੇਗਾ। ਅਜਿਹਾ ਕਿਹੜਾ ਧਵਲਾ ਹੈ, ਜੋ ਇੰਨਾ ਭਾਰ ਚੁੱਕ ਕੇ ਆਦਿ ਕਾਲ ਤੋਂ ਖੜਾ ਰਹਿ ਸਕਦਾ ਹੈ? ਫਿਰ ਇਸ ਇੰਨੇ ਭਾਰ ਅਤੇ ਨਾਲ ਧਵਲੇ ਦੇ ਆਪਣੇ ਭਾਰ ਹੇਠ ਕਿਹੜਾ ਜੋਰ ਹੈ, ਜੋ ਇਨ੍ਹਾਂ ਸਾਰਿਆਂ ਨੂੰ ਚੁੱਕ ਕੇ ਰੱਖ ਰਿਹਾ ਹੋਵੇ? ਦਿਮਾਗ ਤੋਂ ਕੰਮ ਲੈ ਕੇ ਸੋਚੋ ਕਿ ਪ੍ਰਿਥਵੀ ਨੂੰ ਚੁੱਕਣ ਵਾਲਾ ਧੌਲਾ ਕਿਸ ਚੀਜ਼ ‘ਤੇ ਖੜ੍ਹਾ ਹੈ? ਜੇ ਧਿਆਨ ਨਾਲ ਸੋਚੋਗੇ ਤਾਂ ਇਸ ਸੁਣੀ ਸੁਣਾਈ ਮਨਘੜਤ ਕਹਾਣੀ ਵਿਚ ਉਸੇ ਵੇਲੇ ਵਿਸ਼ਵਾਸ ਉਡ ਜਾਵੇਗਾ।
ਫਿਰ ਇਸ ਧਰਤੀ ਉਤੇ ਵਿਚਰਦੇ ਜੀਵ ਜੰਤੂਆਂ ਦੀ ਗੱਲ ਲਵੋ। ਜੀਵ ਜਾਤੀਆਂ, ਪਰਜਾਤੀਆਂ ਅਤੇ ਉਨ੍ਹਾਂ ਦੇ ਰੰਗਾਂ ਤੇ ਨਾਂਵਾਂ ਦਾ ਵੇਰਵਾ ਲਿਖਣ ਲਈ ਸਾਰੀ ਦੁਨੀਆਂ ਦੇ ਲੇਖਕਾਂ ਦੀਆਂ ਕਲਮਾਂ ਸਦੀਆਂ ਤੋਂ ਚਲ ਰਹੀਆਂ ਹਨ। ਇਹ ਲੇਖਾ ਬਹੁਤ ਵੱਡਾ ਹੋ ਗਿਆ ਹੈ, ਪਰ ਹਾਲੇ ਪੂਰਾ ਨਹੀਂ ਹੋਇਆ। ਇੰਨੀ ਗੁੰਜਾਇਸ਼ ਕਿਸ ਵਿਚ ਹੈ, ਜੋ ਵੱਖ ਵੱਖ ਕਿਸਮਾਂ ਦਾ ਜਾਇਜ਼ਾ ਵੀ ਲਾ ਸਕੇ। ਉਤਪਤੀ ਦੀ ਸੰਖਿਆ ਜਾਣਨ ਦੀ ਤਾਕਤ ਕਿਸੇ ਕੋਲ ਨਹੀਂ। ਇਹ ਕੋਈ ਪੰਜਾਂ ਦੀ ਖੇਡ ਨਹੀਂ ਕਿ ਕੋਈ ਗਿਣ ਸਕੇ। ਗਿਣੇ ਤਾਂ ਕੋਈ ਤਦ, ਜੇ ਸ੍ਰਿਸ਼ਟੀ ਦੀਆਂ ਇਹ ਜਿਣਸਾਂ ਇਕ ਇਕ ਕਰਕੇ ਬਣੀਆਂ ਹੋਣ। ਇਹ ਤਾਂ ਥੋਕ ਦੇ ਭਾ ਬਣੀਆਂ ਹਨ। ਬਸ ਇਕੋ ਝਟਕੇ ਵਿਚ ਸਾਰਾ ਖਿਲਾਰਾ ਰਚਿਆ ਗਿਆ ਤੇ ਉਸੇ ਵੇਲੇ ਲੱਖਾਂ ਧਾਰਾਵਾਂ ਦੇ ਵਹਿਣ ਫੁੱਟ ਨਿਕਲੇ। ਕੀ ਕੋਈ ਇਸ ਕੁਦਰਤ ਦੇ ਵਿਸਥਾਰ ਦਾ ਵਿਚਾਰ ਕਰ ਸਕਦਾ ਹੈ? ਵਾਰ ਵਾਰ ਤਾਂ ਕੀ, ਕੋਈ ਇਕ ਵਾਰ ਵੀ ਨਹੀਂ ਕਰ ਸਕਦਾ। ਜੋ ਕੁਝ ਨਿਯਮਾਂ (ਹੁਕਮਾਂ) ਅਨੁਸਾਰ ਹੋ ਸਕਦਾ ਹੈ, ਉਹੀ ਠੀਕ ਹੈ। ਅਦਿੱਖ ਸਦੀਵੀ ਵਰਤਾਰੇ ਦੀ ਇਹੀ ਖੇਡ ਹੈ।
ਕਈ ਵਿਦਵਾਨ ਕਹਿਣਗੇ ਕਿ ਇਹ ਵਿਆਖਿਆ ਤਰੁਟੀ ਭਰਪੂਰ ਹੈ। ਜੀ ਹਾਂ, ਤਰੁਟੀਆਂ ਤਾਂ ਇਸ ਵਿਚ ਬੜੀਆਂ ਭਾਰੀਆਂ ਹਨ। ਇਸ ਨੂੰ ਕੋਈ ਸੁਣਨਾ ਪਸੰਦ ਨਹੀਂ ਕਰੇਗਾ, ਕਿਉਂਕਿ ਇਸ ਵਿਚ ਕੋਈ ਕਰਾਮਾਤੀ ਗਾਥਾ ਨਹੀਂ ਪ੍ਰੋਈ ਹੋਈ। ਇਸ ਨੂੰ ਕੋਈ ਆਪਣੇ ਸਮਾਜ ਵਿਚ ਲਾਗੂ ਨਹੀਂ ਕਰੇਗਾ, ਕਿਉਂਕਿ ਇਸ ਦੀਆਂ ਖਾਰਜ ਕੀਤੀਆਂ ਮਾਨਤਾਵਾਂ ਪਹਿਲਾਂ ਹੀ ਪੰਜ ਪੰਜ ਦੀਆਂ ਪਿਰਤਾਂ ਬਣ ਚੁਕੀਆਂ ਹਨ। ਇਸ ਨੂੰ ਕੋਈ ਪੜ੍ਹੇਗਾ ਨਹੀਂ, ਕਿਉਂਕਿ ਇਸ ਵਿਚ ਕੋਈ ਰੱਬੀ ਗੱਲ ਨਹੀਂ ਹੈ। ਇਸ ਨਾਲ ਸੰਗਤ ਇੱਕਠੀ ਨਹੀਂ ਹੋਵੇਗੀ, ਕਿਉਂਕਿ ਇਸ ਨੂੰ ਗਾ ਕੇ ਰਸੀਲਾ ਕੀਰਤਨ ਨਹੀਂ ਕੀਤਾ ਜਾ ਸਕਦਾ। ਇਸ ਵਿਚ ਨਿਯਮਾਂ ਤੇ ਹੁਕਮਾਂ ਦੀ ਗੱਲ ਹੈ, ਅਰਦਾਸਾਂ ਤੇ ਬਖਸ਼ਿਸ਼ਾਂ ਦੀ ਕੋਈ ਨਹੀਂ, ਇਸ ਲਈ ਇਹ ਚੜ੍ਹਾਵੇ ਇੱਕਠੇ ਕਰਨ ਲਈ ਕਾਰਆਮਦ ਨਹੀਂ। ਇਹ ਹਰ ਇਕ ਦੀ ਸਮਝ ਵਿਚ ਭਲੀਭਾਂਤ ਆ ਜਾਂਦੀ ਹੈ, ਇਸ ਲਈ ਇਸ ਨੂੰ ਸਮਝਾਉਣ ਲਈ ਕਿਸੇ ਪੁਜਾਰੀ ਜਾਂ ਪ੍ਰਚਾਰਕ ਦੀ ਲੋੜ ਨਹੀਂ। ਇਸ ਵਿਚ ਤਾਂ ਪਾਂਡੇ ਨੂੰ ਜਨੇਊ ਸਮੇਤ ਮੋੜਨ ਜਿਹਾ ਸਿੱਧਾ ਤੇ ਸੁਖਾਲਾ ਤਰਕ ਹੈ, ਜੋ ਮਨੁੱਖੀ ਸੋਚ ਵਿਚ ਗੰਢਾਂ ਪਾਉਣ ਦੀ ਥਾਂ ਉਨ੍ਹਾਂ ਨੂੰ ਖੋਲ੍ਹਦਾ ਹੈ। ਅਜਿਹੇ ਤਰਕ ਨੂੰ ਤਾਂ ਉਸ ਵੇਲੇ ਦੇ ਬ੍ਰਾਹਮਣ ਵਾਦੀਆਂ ਨੇ ਅੱਜ ਤੀਕ ਸਵੀਕਾਰ ਨਹੀਂ ਕੀਤਾ, ਫਿਰ ਅਜੋਕੇ ਸਿੱਖ ਵਿਦਵਾਨਾਂ ਵਿਚ ਛੁਪਿਆ ਬ੍ਰਾਹਮਣਵਾਦ ਇਸ ਵਿਆਖਿਆ ਨੂੰ ਕਿਵੇਂ ਸਹੀ ਕਹੇਗਾ? ਹਾਂ, ਇਹ ਵਿਆਖਿਆ ਵਿਸ਼ਵਾਸ ਦਾ ਭਰਮ ਮਿਟਾ ਕੇ ਬੁੱਧੀ ਦਾ ਲੇਖ ਜਰੂਰ ਲਿਖਦੀ ਹੈ। ਇਹ ਇਸ ਪਉੜੀ ਨੂੰ ਉਸੇ ਸੰਵਾਦ ਦੀ ਅਗਲੀ ਕੜੀ ਵਜੋਂ ਦਰਸਾਉਂਦੀ ਹੈ, ਜੋ ਗੁਰੂ ਸਾਹਿਬ ਨੇ ਜਪੁਜੀ ਦੀਆਂ ਪਹਿਲੀਆਂ ਪਉੜੀਆਂ ਵਿਚ ਰਚਾਇਆ ਹੈ। ਇਹ ਗਿਆਨ ਦੇ ਰਾਹ ਦਾ ਅਗਲਾ ਮੀਲ ਪੱਥਰ ਹੈ, ਜੋ ਗੁਰੂ ਸਾਹਿਬ ਦੀ ਸੇਧ ‘ਤੇ ਪੂਰਾ ਉਤਰਦਾ ਹੈ। ਸੰਖੇਪ ਵਿਚ, ਇਹ ਵਿਆਖਿਆ ਉਹੀ ਗੱਲ ਕਹਿੰਦੀ ਹੈ, ਜੋ ਗੁਰੂ ਸਾਹਿਬ ਨੇ ਇਸ ਪਉੜੀ ਵਿਚ ਕਹਿਣੀ ਚਾਹੀ ਹੈ।
ਅੱਜ ਗੁਰੂ ਸਾਹਿਬ ਦੇ ਸੁਝਾਏ ਤਰਕ ‘ਤੇ ਚਲਦਾ ਵਿਗਿਆਨ ਬਹੁਤ ਅੱਗੇ ਨਿਕਲ ਚੁਕਾ ਹੈ। ਅੱਗੇ ਤੋਂ ਅੱਗੇ ਪਸਰੀ ਪਈ ਧਰਤੀ ਦਾ ਬਿਓਰਾ ਮਿਲ ਗਿਆ ਹੈ। ਅੱਜ ਪਤਾ ਹੈ ਕਿ ਇਸ ਦਾ ਆਕਾਰ ਗੋਲਾਕਾਰ ਹੈ ਤੇ ਖੇਤਰਫਲ 196.9 ਮਿਲੀਆਨ ਵਰਗ ਮੀਲ ਹੈ। ਅੱਜ ਇਹ ਵੀ ਮਾਲੂਮ ਹੋ ਚੁਕਾ ਹੈ ਕਿ ਇਸ ਦੀ ਮਿੱਟੀ, ਪਾਣੀ ਤੇ ਬਨਾਸਪਤੀ ਦਾ ਸਾਂਝਾ ਭਾਰ 5।972ਣ10²⁴ ਕਿਲੋਗਰਾਮ ਹੈ ਤੇ ਇਸ ਉਤਲੇ ਵਾਯੂਮੰਡਲ ਦਾ ਭਾਰ 5।2×1018 ਕਿਲੋ ਹੈ। ਇਹ ਵੀ ਜਾਣ ਚੁਕੇ ਹਾਂ ਕਿ ਇਸ ਦੇ ਕੁਲ ਅਣੂਆਂ (Aਟੋਮਸ) ਦੀ ਗਿਣਤੀ 1।3ਣ10⁵¹ ਹੈ ਤੇ ਇਸ ਤੋਂ ਪੂਰੀ ਦਿਸਦੀ ਗਲੈਕਸੀ ਵਿਚ ਅਣੂਆਂ ਦੀ ਗਿਣਤੀ 1।1ਣ1082 ਹੈ। ਇਹ ਕੋਈ ਆਮ ਸੰਖਿਆਵਾਂ ਨਹੀਂ ਹਨ। ਜੇ 1।3ਣ10⁵¹ ਦੀ ਸਾਇੰਟਿਫਿਕ ਨੋਟੇਸ਼ਨ ਨੂੰ ਹੀ ਖੋਲ੍ਹਿਆ ਜਾਵੇ ਤਾਂ ਇਹ ਇਕ ਏਕੇ ਪਿਛੇ 82 ਸਿਫਰਾਂ ਲੱਗਣ ਵਾਲੀ ਸੰਖਿਆ ਤੋਂ ਵੀ ਵੱਧ ਬਣਦੀ ਹੈ। ਇਹ ਸ਼ਬਦਾਂ ਵਿਚ ਨਹੀਂ ਦੱਸੀ ਜਾ ਸਕਦੀ। ਇਸ ਦੀ ਕਲਪਨਾ ਕਰਨਾ ਵੀ ਅਸੰਭਵ ਹੈ, ਕਿਉਂਕਿ ਮਨੁੱਖੀ ਦਿਮਾਗ ਇਸ ਸੰਖਿਆ ਤੀਕ ਕਦੇ ਖੁਲ੍ਹਿਆ ਹੀ ਨਹੀਂ। ਇਸ ਨੂੰ ਸੋਚ ਕੇ ਦਿਮਾਗ ਦੇ ਤੰਤੂਆਂ ਨੂੰ ਮੋਚ ਆ ਸਕਦੀ ਹੈ ਤੇ ਸੋਚਣ ਵਾਲੇ ਨੂੰ ਗਸ਼ੀ! ਜੇ ਗੁਰੂ ਸਾਹਿਬ ਅੱਜ ਆਉਣ ਤਾਂ ਸੋਚ ਕੇ ਨਿਹਾਲ ਹੋਣ ਕਿ ਚਲੋ ਉਨ੍ਹਾਂ ਦੇ ਕੁਝ ਸਿੱਖ ਤਾਂ ਅਸੰਖ ਦੇ ਨੇੜੇ ਪੁੱਜੇ ਹਨ! ਪਰ ਉਹ ਹੈਰਾਨ ਵੀ ਹੋਣ ਕਿਉਂਕਿ ਉਨ੍ਹਾਂ ਦੇ ਵਧੇਰੇ ਨੇੜਲੇ ਤਾਂ ਹਾਲੇ ਵੀ ਪੰਜ ਦੀ ਰਟ ਵਿਚ ਹੀ ਫਸੇ ਹੋਏ ਹਨ।
ਚਲੋ, ਅੰਕੜੇ ਤਾਂ ਹੋਰ ਵੀ ਬਹੁਤ ਸਾਰੇ ਪਤਾ ਹਨ ਤੇ ਜੋ ਨਹੀਂ ਪਤਾ, ਉਹ ਸਮੇਂ ਨਾਲ ਪਤਾ ਲੱਗ ਜਾਣਗੇ; ਪਰ ਇਨ੍ਹਾਂ ਸਭ ਜਾਣਕਾਰੀਆਂ ਦੇ ਬਾਵਜੂਦ ਗੁਰੂ ਸਾਹਿਬ ਦੀ ਸਿੱਖਿਆ ਦਾ ਮਹੱਤਵ ਘੱਟ ਨਹੀਂ ਹੋਣਾ। ਕਿਉਂ? ਕਿਉਂਕਿ ਇਹ ਜਾਣਕਾਰੀਆਂ ਤਾਂ ਵਿਗਿਆਨ ਦਾ ਸਿੱਟਾ ਹਨ, ਵਿਗਿਆਨ ਦਾ ਸਿਰਾ ਨਹੀਂ। ਵਿਗਿਆਨਕ ਸਿਧਾਂਤ ਦਾ ਨਾ ਕੋਈ ਆਦਿ ਅੰਤ ਹੁੰਦਾ ਹੈ ਤੇ ਨਾ ਹੀ ਇਹ ਕਦੇ ਪੁਰਾਣਾ ਪੈਂਦਾ ਹੈ। ਇਹ ਕੁਦਰਤ ਨਾਲ ਜੁੜਿਆ ਕੁਦਰਤ ਦਾ ਨਿਯਮ ਹੈ, ਇਸ ਲਈ ਜਦੋਂ ਤੀਕ ਕੁਦਰਤ ਰਹੇਗੀ, ਇਹ ਨਾਲ ਰਹੇਗਾ। ਬੇਅੰਤ ਜਾਣਕਾਰੀ ਹੋਣ ‘ਤੇ ਵੀ ਧਰਤੀ ਹਾਲੇ ‘ਹੋਰ ਪਰੈ ਹੋਰ ਹੋਰ’ ਲਗਦੀ ਹੈ ਤੇ ਬ੍ਰਹਮ-ਗਿਆਨ ਹਾਲੇ ਵੀ ਦਰਬਾਰ ਦੇ ਝੰਡੇ ਵਾਂਗ ਦੂਰ ਦਿਖਾਈ ਦਿੰਦਾ ਹੈ। ਕੁਦਰਤ ਇੰਨੀ ਵਿਸ਼ਾਲ ਹੈ ਕਿ ਇਸ ਦਾ ਭੇਤ ਪਾਉਣਾ ਸੰਭਵ ਹੋਣ ‘ਤੇ ਵੀ ਪਾਇਆ ਨਹੀਂ ਜਾ ਸਕੇਗਾ। ਮਨੁੱਖ ਇਵੇਂ ਹੀ ਗਿਆਨ ਲਈ ਮੁਸ਼ੱਕਤਾਂ ਘਾਲਦਾ ਰਹੇਗਾ, ਪਰ ਗਿਆਨ ਦੀ ਮੰਜ਼ਿਲ ਅੱਗੇ ਹੀ ਅੱਗੇ ਵਧਦੀ ਰਹੇਗੀ। ਇਸੇ ਲਈ ਲਗਦਾ ਹੈ ਕਿ ਹਾਲੇ ਤਾਂ ਸਭ ਕੁਝ ਪਾਉਣ ਵਾਲਾ ਹੀ ਪਿਆ ਹੈ।
ਹਾਲੇ ਤਾਂ ਖਿਆਲ ਦੀ ਸਪੀਡ ਵਾਲਾ ਰਾਕਟ ਨਹੀਂ ਬਣਿਆ, ਗਲੈਕਸੀਆਂ ਦੇ ਆਰ-ਪਾਰ ਉਡਾਰੀਆਂ ਨਹੀਂ ਭਰੀਆਂ, ਪੁਲਾੜ ਦਾ ਖਾਲੀ ਪਾਸਾ ਨਹੀਂ ਵੇਖਿਆ, ਬਲੈਕ ਹੋਲਾਂ ਦੇ ਵਿਚ ਵੜ ਕੇ ਨਹੀਂ ਦੇਖਿਆ, ਐਂਟੀ-ਮੈਟਰ ਦੇ ਦਰਸ਼ਨ ਨਹੀਂ ਕੀਤੇ ਤੇ ਕਿਸੇ ਪਰਾਈ ਪੁਲਾੜੀ ਸਭਿਅਤਾ ਨਾਲ ਮੇਲ ਨਹੀਂ ਹੋਇਆ। ਹੋਰ ਤਾਂ ਹੋਰ ਹਾਲੇ ਤਾਂ ਗੂਗਲ ਤੋਂ ਰੋਟੀ ਵੀ ਡਾਊਨਲੋਡ ਨਹੀਂ ਹੋਈ। ਮੁੱਖ ਗੱਲ, ਹਾਲੇ ਤਾਂ ਸ੍ਰਿਸ਼ਟੀ ਦੇ ਕਾਦਰ ਦਾ ਸਤਿ ਨਾਮ ਭਾਵ ਅਸਲ ਨਾਓਂ ਵੀ ਪਤਾ ਕਰਨ ਵਾਲਾ ਰਹਿੰਦਾ ਹੈ। ਕੁਦਰਤ ਦੇ ਦਿਸਦੇ, ਅਣਦਿਸਦੇ ਸਭ ਪਹਿਲੂ ਜਾਣ ਕੇ ਹੀ ਇਹ ਨਾਮ ਪਤਾ ਚਲਣਾ ਹੈ। ਇਹ ਸਭ ਪ੍ਰਾਪਤੀਆਂ ਅੰਧ-ਵਿਸ਼ਵਾਸਾਂ ਤੇ ਪੰਜ ਦੇ ਪਹਾੜੇ ਨਾਲ ਨਹੀਂ ਹੋਣੀਆਂ, ਪਰ ਇਹ ਉਪਲਭਦੀਆਂ ਜਦੋਂ ਵੀ ਹੋਈਆਂ ਤੇ ਜਿਵੇਂ ਵੀ ਹੋਈਆਂ, ਇਨ੍ਹਾਂ ਦੀ ਪ੍ਰਾਪਤੀ ਪਿੱਛੇ ਗੁਰੂ ਸਾਹਿਬ ਦੀ ਬਾਣੀ ਦੇ ਸ਼ਬਦ ਜਰੂਰ ਗੂੰਜ ਰਹੇ ਹੋਣਗੇ। ਇਸੇ ਲਈ ਉਨ੍ਹਾਂ ਦੀ ਬਾਣੀ ਨੂੰ ਅਮਰ ਕਿਹਾ ਜਾਂਦਾ ਹੈ ਤੇ ਉਨ੍ਹਾਂ ਦੇ ਜਪੁਜੀ ਨੂੰ ਵਿਗਿਆਨ!