ਮਨਮਤਿ ਹੋਈ ਪ੍ਰਧਾਨ, ਰੋਕੇ ਕੌਣ?

ਤਰਲੋਚਨ ਸਿੰਘ ਦੁਪਾਲਪੁਰ
ਫੋਨ 81950-25579
ਸਾਰੀ ਉਮਰ ਪੁਰਾਤਨ ਸਿੰਘ-ਸਭੀਆਂ ਵਾਂਗ ਅਸੂਲ-ਪ੍ਰਸਤ ਜ਼ਿੰਦਗੀ ਗੁਜਾਰ ਕੇ ਸਾਡੇ ਪਿਤਾ ਜੀ ਸੰਨ 2000 ਵਿਚ ਅਕਾਲ ਚਲਾਣਾ ਕਰ ਗਏ। ਅੰਤਿਮ ਸਸਕਾਰ ਪਿਛੋਂ ਅਸਥ ਚੁਗਣ ਵੇਲੇ ਅਸੀਂ ਤਿੰਨਾਂ ਭਰਾਵਾਂ ਨੇ ਸਲਾਹ ਕੀਤੀ ਕਿ ਭਾਈਆ ਜੀ ਆਖਰੀ ਸਵਾਸ ਤੱਕ ਜਿਸ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਹਵਾਲੇ ਦੇ ਦੇ ਕੇ ਲੋਕਾਂ ਨੂੰ ਸਹਿਜ ਸਾਦਗੀ ਜਾਂ ਗੁਰਮਤਿ ਅਪਨਾਉਣ ਲਈ ਬਹਿਸ ਮੁਬਾਹਿਸੇ ਕਰਦੇ ਰਹਿੰਦੇ ਸਨ, ਹੁਣ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਵੇਲੇ ਵੀ ਅਸੀਂ ਫਜ਼ੂਲ ਦੇ ਕਰਮ ਕਾਂਡ ਬਿਲਕੁਲ ਨਹੀਂ ਕਰਨੇ।

ਖਾਸ ਕਰਕੇ ਜਿਵੇਂ ਉਹ ਸਾਨੂੰ ਦੱਸਦੇ ਹੁੰਦੇ ਸਨ ਕਿ ਆਮ ਰਿਵਾਜ ਦੇ ਉਲਟ ਮੈਂ ਆਪਣੇ ਮਾਂ-ਬਾਪ ਦੀਆਂ ਅਸਥੀਆਂ ‘ਪ੍ਰਵਾਹਿਤ’ ਕਰਨ ਲਈ ਕਿਤੇ ਨਹੀਂ ਸੀ ਗਿਆ, ਸਗੋਂ ਸ਼ਮਸ਼ਾਨ ਘਾਟ ਦੇ ਇਕ ਪਾਸੇ ਹੀ ਟੋਆ ਪੱਟ ਕੇ ਦੱਬ ਦਿੱਤੀਆਂ ਸਨ। ਭੈਣਾਂ ਸਾਥੋਂ ਵੱਡੀਆਂ ਹੋਣ ਕਰਕੇ ਭਾਈਆ ਜੀ ਨੂੰ ਸਾਥੋਂ ਵੀ ਵੱਧ ‘ਜਾਣਦੀਆਂ’ ਸਨ। ਉਹ ਤਾਂ ਸਾਡੇ ਨਾਲ ਝੱਟ ਹੀ ਸਹਿਮਤ ਹੋ ਗਈਆਂ, ਪਰ ਇਕ-ਦੋ ਰਿਸ਼ਤੇਦਾਰ ਅਤੇ ਕੁਝ ਗੁਆਂਢੀ ਸਾਡੇ ‘ਤੇ ਨੱਕ ਬੁੱਲ੍ਹ ਵੱਟਣ ਲੱਗ ਪਏ। ਅਖੇ ਤੁਸੀਂ ‘ਨਵੇਂ ਹੀ ਕੰਮ’ ਕਰਦੇ ਰਹਿੰਨੇ ਓਂ!
ਫਿਰ ਅਸੀਂ ਬੇਟ ਦੀ ਸ਼ਮਸ਼ਾਨ ਭੂਮੀ ਵਾਲੀ ਜ਼ਮੀਨ ਬਹੁਤ ਸਖਤ ਹੋਣ ਕਾਰਨ ਟੋਆ ਪੁੱਟਣ ਦੀ ਥਾਂ ਸਾਰੀ ਸੁਆਹ ਥੈਲੇ ਵਿਚ ਪਾ ਲਈ ਅਤੇ ਆਪਣੇ ਪਿੰਡੋਂ ਡੇੜ੍ਹ ਕੁ ਮੀਲ ਦੂਰ ਵਗਦੇ ਸਤਲੁਜ ਦਰਿਆ ਬੁਰਦ ਕਰ ਆਏ। ਇਸ ਪਿਛੋਂ ਸਾਡੇ ਆਂਢੀਆਂ-ਗੁਆਂਢੀਆਂ ਅਤੇ ਕਈ ਸੱਜਣਾਂ ਮਿੱਤਰਾਂ ਨੇ ਫਿਰ ਸਾਨੂੰ ‘ਪੁੱਠੇ ਕੰਮ’ ਕਰਦੇ ਰਹਿਣ ਵਾਲੇ ਗਰਦਾਨਿਆ, ਜਦ ਅਸੀਂ ਮ੍ਰਿਤਕ ਪ੍ਰਾਣੀ ਦੀ ਯਾਦ ਵਿਚ ਬਾਰਾਂ ਵਜੇ ਤੋਂ ਬਾਅਦ ਹੀ ਪਾਠ ਅਰੰਭ ਕਰਨ ਜਾਂ ਭੋਗ ਪਾਉਣ ਵਾਲੇ ਨਿਰੇ ਪੁਰੇ ਵਹਿਮ ਦਾ ਖੰਡਨ ਕਰਨ ਹਿਤ ਖੁਦ ਹੀ ਦਸ ਕੁ ਵਜੇ ਸਹਿਜ ਪਾਠ ਅਰੰਭ ਕਰ ਲਿਆ। ਇਸੇ ਤਰ੍ਹਾਂ ਭੋਗ ਵੀ ਸਵਖਤੇ ਪਾਇਆ ਸੀ। ਭਾਵੇਂ ਉਦੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਕਰਕੇ ਭੋਗ ਪਿਛੋਂ ਬੇਲੋੜਾ ਸ਼ਰਧਾਂਜਲੀ ਸਮਾਗਮ ਇਕ ਦੋ ਵਜੇ ਤੱਕ ਚਲਦਾ ਰਿਹਾ ਸੀ।
ਇਹ ਸਾਰਾ ਬਿਰਤਾਂਤ ਮੈਨੂੰ ਲੰਘੀ 14 ਮਈ ਦੀ ਇਕ ਖਬਰ ਨੇ ਮੁੜ ਯਾਦ ਕਰਵਾ ਦਿੱਤਾ। ਇਸ ਤਰੀਕ ਦੀ ਅਖਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਪੜ੍ਹਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਦੀਵੀ ਵਿਛੋੜਾ ਦੇ ਗਈ ਆਪਣੀ ਧਰਮ ਸੁਪਤਨੀ ਦੀਆਂ ਅਸਥੀਆਂ ਸ੍ਰੀ ਪਤਾਲਪੁਰੀ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹ ਕਰਨ ਲਈ ਪਹੁੰਚੇ। ਠੰਢਾ ਹਉਕਾ ਭਰਦਿਆਂ ਮੈਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦਾ ਕਿਤਾਬਚਾ ਫਰੋਲਣ ਲੱਗਾ! ਇਸ ਦੇ ਸਫਾ 25-26 ਉਤੇ ‘ਮ੍ਰਿਤਕ ਸੰਸਕਾਰ’ ਦੇ ਇੰਦਰਾਜ ਹੇਠ (ਕ) ਅਤੇ (ਖ) ਮਦ ਵਿਚ ਸਪਸ਼ਟ ਲਿਖਿਆ ਹੋਇਆ ਹੈ,
(ਕ) ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਢਾ ਹੋਣ ‘ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ।
(ਖ) ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਂਵਾਂ ਵਿਚ ਜਾ ਕੇ ਪਾਉਣੇ ਮਨਮਤਿ ਹੈ।
ਮ੍ਰਿਤਕਾਂ ਦੇ ਫੁੱਲ ਚੁਗ ਕੇ ਕਿਤੇ ਲੈਜਾ ਕੇ ਪਾਉਣ ਨੂੰ ਮਨਮਤਿ ਦੱਸ ਰਹੀ ਇਸ ਪੰਥਕ ਮਰਿਆਦਾ ਦਾ ਲਗਭਗ ਨੌਂ ਦਸ ਦਹਾਕਿਆਂ ਤੋਂ ਕੇਂਦਰੀ ਪੰਥਕ ਜਥੇਬੰਦੀ ਸ਼੍ਰੋਮਣੀ ਕਮੇਟੀ ਡਟ ਕੇ ਪ੍ਰਚਾਰ-ਪਸਾਰ ਕਰਦੀ ਆ ਰਹੀ ਹੈ, ਪਰ ਇਸ ਦੇ ਮੌਜੂਦਾ ਪ੍ਰਧਾਨ ਸਾਹਿਬ ਖੁਦ ਹੀ ਲਿਖਤ ਮਰਿਆਦਾ ਨੂੰ ਪਿੱਠ ਦੇ ਕੇ ਮਨਮਤਿ ਕਰ ਰਹੇ ਹਨ! ਖਬਰ ਅਨੁਸਾਰ ਅਸਥ ਪਾਉਣ ਮੌਕੇ ਪ੍ਰਧਾਨ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਜੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਕੁਝ ਸੀਨੀਅਰ ਮੈਂਬਰ ਅਤੇ ਕਮੇਟੀ ਦੇ ਕਈ ਉਚ ਅਧਿਕਾਰੀ ਵੀ ਮੌਜੂਦ ਸਨ। ਇਨ੍ਹਾਂ ‘ਚੋਂ ਕਿਸੇ ‘ਮਾਈ ਦੇ ਲਾਲ’ ਵੱਲੋਂ ਮਨਮਤਿ ਵੱਲ ਧਿਆਨ ਦਿਵਾਉਣ ਦਾ ਖਬਰ ਵਿਚ ਕੋਈ ਜ਼ਿਕਰ ਨਹੀਂ ਸੀ। ਹਾਂ, ਇਹ ਜ਼ਰੂਰ ਉਚੇਚੇ ਤੌਰ ‘ਤੇ ਲਿਖਿਆ ਹੋਇਆ ਸੀ, ਅਖੇ ਪ੍ਰਧਾਨ ਲੌਂਗੋਵਾਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਖਬਰ ਲਿਖਣ ਵਾਲੇ ਪੱਤਰਕਾਰ ਵੀਰ ਨੂੰ ਸ਼ਾਇਦ ਇਹ ਜਾਣਕਾਰੀ ਨਾ ਹੋਵੇਗੀ ਕਿ ‘ਮਾਣਯੋਗ ਪ੍ਰਧਾਨ ਸਾਬ੍ਹ’ ਨੇ ‘ਕੱਲੇ ਮੀਡੀਏ ਤੋਂ ਹੀ ਦੂਰੀ ਨਹੀਂ ਬਣਾਈ, ਸਗੋਂ ਕੌਮ ਦੀ ਰਹਿਤ ਮਰਿਆਦਾ ਨੂੰ ਵੀ ਅਣਡਿੱਠ ਕਰ ਦਿੱਤਾ!
ਚਿ: ਕੁਫਰ ਅਜ ਕਾਅਬਾ ਬਰਖੇਜਦ।
ਕੁਜਾ ਮਾਨਦ ਮੁਸਲਮਾਨੀ। (ਫਾਰਸੀ ਕਹਾਵਤ)
(ਅਰਥਾਤ, ਜੇ ਮੱਕੇ ਵਿਚ ਹੀ ਕੁਫਰ ਹੋਣ ਲੱਗ ਪਵੇ ਤਾਂ ਇਸਲਾਮ ਕਿੱਥੇ ਰਹੇਗਾ?)
ਇੱਥੋਂ ਤੱਕ ਲਿਖੀ ਹੋਈ ਉਕਤ ਇਬਾਰਤ ਕਈ ਦਿਨ ਮੇਰੇ ਮਨ ਮਸਤਕ ਵਿਚ ਰਿੜਕ ਹੁੰਦੀ ਰਹੀ, ਪਰ ਇਸ ਨੂੰ ਲਿਖਤੀ ਰੂਪ ਵਿਚ ਕਾਗਜ਼ ‘ਤੇ ਉਤਾਰਨ ਲਈ ਮੇਰਾ ਹੌਸਲਾ ਨਹੀਂ ਸੀ ਪੈਂਦਾ। ਜਦੋਂ ਦਾ ਸਿਰਸੇ ਵਾਲੇ ਰਾਮ ਰਹੀਮ ਨੂੰ ਮੁਆਫ ਕਰਨ ਵਾਲਾ ਹੁਕਮਨਾਮਾ ਜਾਰੀ ਕਰਕੇ ਫਿਰ ਰੱਦ ਕਰਨ ਦਾ ਸਿਆਸੀ ਡਰਾਮਾ ਖੇਡ ਕੇ ਪੰਥਕ ਕੇਂਦਰ ਦੀ ਜੱਗ ਹਸਾਈ ਕਰਵਾਈ ਗਈ ਸੀ, ਮੈਂ ਉਦੋਂ ਦਾ ਹੀ ਮਾਯੂਸੀ ਕਾਰਨ ਸਿੱਖ ਮਸਲਿਆਂ, ਖਾਸ ਕਰਕੇ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਮੁੱਦਿਆਂ ਬਾਬਤ ਲਿਖਣ ਤੋਂ ਕਿਨਾਰਾ ਕਰੀ ਬੈਠਾ ਹਾਂ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਕਰਤਿਆਂ-ਧਰਤਿਆਂ ਦੇ ਕੰਨਾਂ ਉਤੇ ਲਿਖਤਾਂ-ਲੁਖਤਾਂ ਦਾ ਕੋਈ ਅਸਰ ਨਹੀਂ ਹੁੰਦਾ।
ਪਰ 18 ਮਈ 2020 ਦੀ ‘ਪੰਜਾਬੀ ਟ੍ਰਿਬਿਊਨ’ ਦੀ ਹੀ ਇਕ ਖਬਰ ਨੇ ਮੈਨੂੰ ਇਹ ਲੇਖ ਲਿਖਣ ਲਈ ਮਜਬੂਰ ਕਰ ਦਿੱਤਾ।
ਇਸ ਦਿਨ ਦੀ ਅਖਬਾਰ ਦੇ ਸਫਾ ਤਿੰਨ ਉਤੇ ਛਪੀ ਖਬਰ ਵਿਚ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਗੁਰਦਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਬਾਰੇ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਸਪੁੱਤਰ ਮਨਪ੍ਰੀਤ ਸਿੰਘ ਬਾਦਲ (ਖਜਾਨਾ ਮੰਤਰੀ ਪੰਜਾਬ) ਨੇ ਸ਼ਮਸ਼ਾਨ ਘਾਟ ਵਿਖੇ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਕਿਤੇ ਲੈਜਾ ਕੇ ਜਲ-ਪ੍ਰਵਾਹ ਕਰਨ ਦੀ ਥਾਂ ਪਿੰਡ ਬਾਦਲ ਦੀ ਰਿਹਾਇਸ਼ ਅੰਦਰ ਖੇਤ ਵਿਚ ਮਿੱਟੀ ਹੇਠਾਂ ਦੱਬ ਕੇ ਉਸ ਉਪਰ ਟਾਹਲੀ ਦਾ ਬੂਟਾ ਲਾਇਆ। ਇਸ ਤੋਂ ਪਹਿਲਾਂ ਬੀਤੇ 19 ਮਾਰਚ ਨੂੰ ਫੌਤ ਹੋਏ ਖਜਾਨਾ ਮੰਤਰੀ ਦੇ ਮਾਤਾ ਬੀਬੀ ਹਰਮਿੰਦਰ ਕੌਰ ਦੀਆਂ ਅਸਥੀਆਂ ਨੂੰ ਵੀ ਮਿੱਟੀ ‘ਚ ਦੱਬ ਕੇ ਉਸ ‘ਤੇ ਵੀ ਟਾਹਲੀ ਲਾਈ ਗਈ ਸੀ। ਖਬਰ ਵਿਚ ਇਹ ਵੀ ਜ਼ਿਕਰ ਹੈ ਕਿ ਮਾਤਾ-ਪਿਤਾ ਦੀਆਂ ਅਸਥੀਆਂ ਉਪਰ ਲਾਏ ਗਏ ਟਾਹਲੀਆਂ ਦੇ ਬੂਟੇ ਨੇੜੇ-ਨੇੜੇ ਹੀ ਹਨ।
ਮਰਿਆਦਾ ਅਤੇ ਮਨਮਤਿ ਦੇ ਜ਼ਿਕਰ ਪਿਛੋਂ ਹੁਣ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬਜੁਰਗਾਂ ਦੀਆਂ ਅਸਥੀਆਂ ਉਤੇ ਦਰਖਤ ਲਾਉਣ ਲਈ ਸਿਰਫ ਟਾਹਲੀ ਦੀ ਹੀ ਚੋਣ ਕਿਉਂ ਕੀਤੀ ਹੋਵੇਗੀ? ਇਹਦੇ ਬਾਰੇ ਵੀ ਵਿਚਾਰ ਕਰ ਲਈਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮਨਪ੍ਰੀਤ ਸਿੰਘ ਬਾਦਲ ਬਾਰੇ ਕਿਹਾ ਸੀ ਕਿ ਉਹ ਲੀਡਰ ਨਾਲੋਂ ਕਿਤੇ ਵੱਧ ‘ਰੀਡਰ’ ਹੈ। ਉਸ ਦੇ ਰੀਡਰ ਮਤਲਬ ਪੜ੍ਹਾਕੂ ਹੋਣ ਬਾਰੇ ਸਭ ਜਾਣਦੇ ਨੇ ਕਿ ਉਹ ਸਾਹਿਤ ਅਤੇ ਇਤਿਹਾਸ ਵਿਚ ਡੂੰਘੀ ਦਿਲਚਸਪੀ ਰੱਖਦਾ ਹੈ।
ਸੋ, ਅਸਥੀਆਂ ਉਤੇ ਦਰਖਤ ਲਾਉਣ ਵੇਲੇ ਜਾਂ ਤਾਂ ਉਸ ਦੇ ਜ਼ਿਹਨ ਵਿਚ ‘ਮੜ੍ਹੀ ਦਾ ਦੀਵਾ’ ਵਾਲੀ ਟਾਹਲੀ ਘੁੰਮਣ ਲੱਗ ਪਈ ਹੋਵੇਗੀ ਜਾਂ ਫਿਰ ‘ਉਚੀਏ ਲੰਮੀਏ ਟਾਹਲੀਏ ਨੀ…!’ ਜਿਹਾ ਕੋਈ ਲੋਕ ਗੀਤ ਤੈਰਨ ਲੱਗ ਪਿਆ ਹੋਵੇ ਗਿਆ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਦਾ ਧਿਆਨ ਮਾਲਵੇ ਦੇ ‘ਟਾਹਲੀਆਂ ਫੱਤੂ ਸੰਮੂ ਦੀ’ ਇਤਿਹਾਸਕ ਪਿੰਡ ਵੱਲ ਵੀ ਚਲਾ ਗਿਆ ਹੋ ਸਕਦਾ ਹੈ। ਸ੍ਰੀ ਮੁਕਤਸਰ ਸਾਹਿਬ ਲਾਗੇ ਦੇ ਇਸ ਪਿੰਡ ਬਾਰੇ ‘ਮਹਾਨ ਕੋਸ਼’ ਦੇ ਸਫਾ 550 ਉਤੇ ਲਿਖਿਆ ਹੋਇਆ ਹੈ ਕਿ ਫੱਤੂ ਅਤੇ ਸੰਮੂ ਨਾਂ ਦੇ ਦੋ ਡੋਗਰ ਭਰਾਵਾਂ ਨੇ ਇਹ ਪਿੰਡ ਵਸਾਇਆ ਹੋਇਆ ਹੈ। ਜਾਣਕਾਰੀ ਵਿਚ ਇਹ ਵੀ ਦਰਜ ਹੈ ਕਿ ਇਨ੍ਹਾਂ ਦੋਹਾਂ ਭਰਾਵਾਂ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਮਾ ਭਾਵ ਨਾਲ ਸੇਵਾ ਕੀਤੀ ਸੀ ਅਤੇ ਵਿਦਾਇਗੀ ਵੇਲੇ ਮਲਵਈ ਰਿਵਾਜ ਮੁਤਾਬਿਕ ਗੁਰੂ ਸਾਹਿਬ ਨੂੰ ਲੁੰਗੀ ਅਤੇ ਖੇਸ ਅਰਪਿਆ ਸੀ।