ਵੱਡੀ ਕ੍ਰਾਂਤੀ ਦਾ ਆਵੇਸ਼-ਪੰਚਮ ਪਾਤਸ਼ਾਹ ਦੀ ਸ਼ਹਾਦਤ

ਗੱਜਣਵਾਲਾ ਸੁਖਮਿੰਦਰ ਸਿੰਘ
ਫੋਨ: 91-99151-06449
ਸਿੱਖ ਇਤਿਹਾਸ ਦੇ ਪ੍ਰਥਮ ਹਵਾਲਾ ਸਰੋਤ ‘ਮਹਿਮਾ ਪ੍ਰਕਾਸ਼’ ਅਤੇ ‘ਗੁਰ ਪ੍ਰਤਾਪ ਸੂਰਜ ਗੰ੍ਰਥ’ ਹਨ, ਜਿਨ੍ਹਾਂ ਵਿਚ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਿਚ ਚੰਦੂ ਸ਼ਾਹ ਦੀਵਾਨ ਵਲੋਂ ਮੁੱਖ ਭੂਮਿਕਾ ਨਿਭਾਉਣ ਦਾ ਵਿਸ਼ੇਸ਼ ਤਜ਼ਕਰਾ ਹੈ।

ਚੰਦੂ ਸ਼ਾਹ ਦੀਵਾਨ, ਬਾਦਸ਼ਾਹ ਜਹਾਂਗੀਰ ਦੇ ਰਾਜ ਵਿਚ ਮਹਿਕਮਾ ਮਾਲ ਦਾ ਉਚ ਅਧਿਕਾਰੀ ਸੀ। ਉਸ ਨੇ ਆਪਣੀ ਲੜਕੀ ਲਈ ਯੋਗ ਵਰ ਟੋਲਣ ਲਈ ਉਦੋਂ ਦੇ ਰੀਤ-ਰਿਵਾਜ ਅਨੁਸਾਰ ਬ੍ਰਾਹਮਣ ਨੂੰ ਪੰਜਾਬ ਵੱਲ ਭੇਜਿਆ ਸੀ। ਉਹ ਪੁੱਛਦਾ ਪੁਛਾਉਂਦਾ ਸ੍ਰੀ ਅੰਮ੍ਰਿਤਸਰ ਪਹੁੰਚ ਗਿਆ। ਬਿਲ-ਆਖਿਰ ਉਸ ਨੇ ਆਪਣੀ ਸੋਝੀ ਅਨੁਸਾਰ ਹਰ ਪੱਖ ਤੋਂ ਖੋਜ ਪਰਖ ਕੀਤੀ ਤੇ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸ੍ਰੀ ਹਰਿਗੋਬਿੰਦ ਜੀ ਨੂੰ ਸ਼੍ਰੇਸਟ ਵਰ ਵਜੋਂ ਚੁਣ ਲਿਆ। ਫਿਰ ਉਸ ਨੇ ਵਾਪਸ ਦਿੱਲੀ ਜਾ ਕੇ ਗੁਰੂ ਸਾਹਿਬ ਬਾਰੇ ਸਾਰਾ ਵੇਰਵਾ ਦੱਸਿਆ ਤਾਂ ਚੰਦੂ ਸ਼ਾਹ ਨੂੰ ਬ੍ਰਾਹਮਣ ਦੀ ਪਸੰਦ ਚੰਗੀ ਨਾ ਲੱਗੀ। ਉਸ ਦੇ ਤਕੱਬੁਰੀ ਮੁੱਖ ਤੋਂ ਨਿਕਲਿਆ, “ਮੈਂ ਬਡ ਦਿਵਾਨ ਪਾਤਸ਼ਾਹਿ ਕੋ ਜਿਤ ਕਿਤ ਮੇਰਾ ਹੁਕਮ ਅਟਾਲ।” ਭਾਵ ਮੈਂ ਵੱਡੇ ਮੁਰਾਤਬੇ ਵਾਲੇ ਨਾਮੀ-ਗਰਾਮੀ ਬਾਦਸ਼ਾਹ ਦਾ ਦੀਵਾਨ, ਜਿਥੇ ਕਿਥੇ ਮੇਰਾ ਹੁਕਮ ਚੱਲਦਾ ਹੈ, ਵਜ਼ੀਰ ਮੁਸ਼ੀਰ ਮੇਰੇ ਕਹਿਣੇ ਵਿਚ; ਤੂੰ (ਬ੍ਰਾਹਮਣ) ਮੇਰੀ ਹੈਸੀਅਤ ਅਨੁਸਾਰ ਸਹੀ ਪਛਾਨ ਨਹੀਂ ਕਰ ਸਕਿਆ। ਫਿਰ ਵੀ ਮੈਂ (ਪਰੰਪਰਾ ਅਨੁਸਾਰ) ਤੇਰਾ ਲਿਆ ਹੋਇਆ ਫੈਸਲਾ ਮੰਨ ਲੈਂਦਾ ਹਾਂ, ਪਰ ਤੂੰ! ਚੁਬਾਰੇ ਦੀ ਇਟ ਮੋਰੀ ਵਿਚ ਲਾ ਆਇਆਂ।
‘ਗੁਰ ਪ੍ਰਤਾਪ ਸੂਰਜ ਗ੍ਰੰਥ’ ਦਾ ਰਚੈਤਾ ਭਾਈ ਸੰਤੋਖ ਸਿੰਘ ਲਿਖਦਾ ਹੈ, ਚੰਦੂ ਨੇ ਰੀਤੀ ਅਨੁਸਾਰ ਸ਼ਗਨ ਦੀ ਰਸਮ ਕਰਨ ਲਈ ਬ੍ਰਾਹਮਣ ਨੂੰ ਮੁੜ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ। ਉਧਰ ਦਿੱਲੀ ਦੇ ਸਿੱਖਾਂ ਨੇ, ਗੁਰੂ ਘਰ ਪ੍ਰਤੀ ਚੰਦੂ ਦੇ ਕੁਰਖਤ ਬੋਲ ਸੁਣੇ ਸਨ ਤਾਂ ਉਨ੍ਹਾਂ ਤੁਰੰਤ ਮਜਲਸ ਕੀਤੀ ਤੇ ਗੁਰੂ ਸਾਹਿਬ ਵੱਲ ਸੰਦੇਸ਼ਾ ਭੇਜ ਦਿੱਤਾ-ਗੁਰੂ ਸਾਹਿਬ ਜੀ! ਦੀਵਾਨ ਚੰਦੂ ਧਨ-ਸੰਪਦਾ ਦਾ ਅਭਿਮਾਨੀ, ਸਾਕਤ (ਮਨਮੁੱਖ) ਬਿਰਤੀ ਵਾਲਾ ਹੈ। ਗੁਰੂ ਘਰ ਵਿਚ ਇਸ ਦੀ ਕੋਈ ਸ਼ਰਧਾ ਨਹੀਂ ਹੈ। ਉਸ ਨਾਲ ਰਿਸ਼ਤਾ ਜੋੜਨਾ ਸ਼ੋਭਦਾ ਨਹੀਂ ਹੈ। ਸੰਦੇਸ਼ਾ ਪੜ੍ਹ ਕੇ ਗੁਰੂ ਸਾਹਿਬ ਨੇ ਸੂਝਵਾਨ ਦਾਨੇ ਸਿੱਖਾਂ ਨਾਲ ਮਸ਼ਵਰਾ ਕੀਤਾ ਤੇ ਇਹ ਫਰਮਾ ਕੇ ‘ਸਤਿਗੁਰੁ ਕੇ ਘਰ ਮਾਣ ਨਿਮਾਣਨ ਮਾਨੀ ਜਬ ਕਬ ਲਹੈ ਸਜਾਇ।’ (ਸਤਿਗੁਰੂ ਦੇ ਘਰ ਤਾਂ ਨਿਮਾਣਿਆ ਨੂੰ ਮਾਣ ਮਿਲਦਾ ਹੈ, ਅਸੀਂ ਤਾਂ ਨਿਮਰ ਹੋ ਨਿਮਰ (ਨੀਵੇਂ) ਲੋਕਾਂ ਨੂੰ ਮਿਲਦੇ ਹਾਂ।) ਗੁਰੂ ਸਾਹਿਬ ਨੇ ਦਿੱਲੀ ਦੀ ਸੰਗਤ ਦੇ ਸੰਦੇਸ਼ ਦਾ ਪਾਲਣ ਕੀਤਾ ਤੇ ਉਨ੍ਹਾਂ ਨੇ ਚੰਦੂ ਦਾ ਸਾਕ ਲੈਣਾ ਨਾ-ਮਨਜ਼ੂਰ ਕਰ ਦਿੱਤਾ। ਚੰਦੂ ਨੂੰ ਖਬਰ ਹੋਈ ਤਾਂ ਉਸ ਦੀ ਹੰਗਤਾ ਲਾਟ ਬਣ ਕੇ ਭੜਕ ਉਠੀ। ਉਸ ਨੇ ਗੁਰੂਘਰ ਦੀ ਉਚਤਾ ਦੇ ਉਲਟ ਪੈਂਤੜਾ ਲੈ ਲਿਆ। ਦਿਨ-ਬ-ਦਿਨ ਧ੍ਰੋਹੀ ਸ਼ਕਤੀਆਂ ਦਾ ਦੰਭ ਉਭਰਨ ਲੱਗਾ। ਰੰਜਸ਼ੀ ਚੰਦੂ ਨੇ ਤਦ ਤੋਂ ਤੁਅੱਸਬੀ ਬਾਦਸ਼ਾਹ ਜਹਾਂਗੀਰ ਨੂੰ ਗੁਮਰਾਹ ਕਰਨਾ ਸੁਰੂ ਕਰ ਦਿੱਤਾ।
ਮੁਅੱਰਿਖ ਲਿਖਦਾ ਹੈ ਕਿ ਪਹਿਲੇ ਗੁਰੂ ਸਾਹਿਬਾਨ ਤੋਂ ਹੁਣ ਤਕ ਮੁਗਲ ਪ੍ਰਸ਼ਾਸਨ ਦੀ ਗੁਰੂ ਘਰ ਨਾਲ ਕੋਈ ਝੜਪ ਨਹੀਂ ਸੀ ਹੋਈ। ਸਗੋਂ ਬਾਦਸ਼ਾਹ ਅਕਬਰ, ਜੋ ਧਰਮ-ਨਿਰਪੱਖਤਾ ਦਾ ਧਾਰਨੀ, ਕੁਦਰਤੀ ਫਰਾਖਦਿਲ ਸੀ, ਸਿੱਖ ਧਰਮ ਲਈ ਸਹਾਈ ਹੀ ਹੋਇਆ; ਜਦੋਂ ਕਿ ਇਸਲਾਮੀ ਸਰ੍ਹਾ ਦੀ ਨਕਸ਼ਬੰਦੀ ਜਮਾਤ ਦੇ ਕੱਟੜ ਮੁਲਾਣੇ ਅਕਬਰ ਦੀ ਧਰਮ ਨਿਰਪੱਖ ਨੀਤੀ ਦੇ ਮੁੱਢੋਂ ਬਰਖਿਲਾਫ ਸਨ। ਅਕਬਰ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਇਸਲਾਮੀ ਕੱਟੜਵਾਦੀ ਨਕਸ਼ਬੰਦੀਆਂ ਦੀ ਬਦੌਲਤ ਤੁਅੱਸਬੀ ਜਹਾਂਗੀਰ ਦਿੱਲੀ ਤਖਤ ‘ਤੇ ਆ ਬੈਠਾ। ਜਹਾਂਗੀਰ ਦੇ ਕੱਟੜਪੰਥੀ ਪ੍ਰਸ਼ਾਸਨ ਨੂੰ ਪੰਜਵੇਂ ਪਾਤਸ਼ਾਹ ਤਕ ਉਸਰ ਚੁਕੀ ਸਿੱਖ-ਸੰਸਥਾ, ਸਟੇਟ ਅੰਦਰ ਸਟੇਟ ਦਾ ਰੂਪ ਧਾਰਨ ਕਰੀ ਦਿਸਦੀ ਸੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਹੋਂਦ ਵਿਚ ਆ ਚੁਕੀ ਸੀ ਤੇ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਚੁਕਾ ਸੀ। ਖਾਸ ਗੁਪਤ ਰੂਪ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਮੁੱਢ ਬੱਝਣਾ ਲਾਜ਼ਿਮ ਹੋ ਗਿਆ ਸੀ।
ਜਹਾਂਗੀਰ ਤਖਤ ‘ਤੇ ਬੈਠਾ ਹੀ ਸੀ, ਤਾਂ ਉਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਅਕਬਰ ਦੀ ਸਹਿਮਤੀ ਸਦਕਾ ਉਹ ਆਪਣੇ ਆਪ ਨੂੰ ਤਖਤ ਦਾ ਦਾਅਵੇਦਾਰ ਸਮਝਦਾ ਸੀ। ਇਤਿਹਾਸਕਾਰ ਈਸ਼ਵਰੀ ਪ੍ਰਸ਼ਾਦ ਲਿਖਦੇ ਹਨ, ਇਕ ਦਿਨ ਖੁਸਰੋ ਤਿੰਨ ਸੌ ਘੋੜ ਸਵਾਰਾਂ ਦਾ ਲਸ਼ਕਰ ਲੈ ਕੇ ਆਪਣੇ ਦਾਦਾ ਅਕਬਰ ਬਾਦਸ਼ਾਹ ਦੀ ਕਬਰ ਪਰ ਜ਼ਿਆਰਤ ਕਰਨ ਦੇ ਬਹਾਨੇ ਨਿਕਲਿਆ ਤੇ ਬਾਗੀ ਹੋ ਕੇ ਆਗਰੇ ਦੇ ਕਿਲ੍ਹੇ ਤੋਂ ਲਾਹੌਰ ਵੱਲ ਭੱਜ ਪਿਆ। ਰਸਤੇ ‘ਚ ਉਸ ਨਾਲ ਕਈ ਆਹਲਾ ਅਹਿਲਕਾਰ, ਮੁਗਲ ਸਰਦਾਰ ਰਲਦੇ ਗਏ। ਬਾਦਸ਼ਾਹ ਜਹਾਂਗੀਰ ਨੇ ਬਾਗੀ ਸਹਿਜ਼ਾਦੇ ਖੁਸਰੋ ਨੂੰ ਮਾਰਨ/ਪਕੜਨ ਲਈ ਨਜ਼ਦੀਕੀ ਫਰੀਦ ਖਾਂ ਬੁਖਾਰੀ (ਮੁਰਤਜ਼ਾ ਖਾਨ) ਨੂੰ ਭਾਰੀ ਫੌਜ ਦੇ ਕੇ ਉਸ ਦੇ ਪਿੱਛੇ ਲਾ ਦਿਤਾ। ਥੋੜੇ ਸਮੇਂ ਬਾਅਦ ਆਪ ਵੀ ਜਹਾਂਗੀਰ ਫੌਜ ਲੈ ਕੇ ਪਿੱਛੇ ਪਿੱਛੇ ਚੱਲ ਪਿਆ। ਖੁਸਰੋ ਲਾਹੌਰ ਦੇ ਕਿਲ੍ਹੇ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ।
ਇਤਿਹਾਸਕਾਰ ਮੁਹੰਮਦ ਅਕਬਰ ‘ਪੰਜਾਬ ਅੰਡਰ ਦਾ ਮੁਗਲਜ਼’ ਵਿਚ ਲਿਖਦਾ ਹੈ ਕਿ ਖੁਸਰੋ ਨੇ ਨੌਂ ਦਿਨ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ, ਪਰ ਸਫਲ ਨਾ ਹੋ ਸਕਿਆ। ਪਿਛੋਂ ਚੜ੍ਹੀ ਆਉਂਦੀ ਫਰੀਦ ਖਾਂ ਬੁਖਾਰੀ ਦੀ ਫੌਜ ਨੂੰ ਡੱਕਣ ਲਈ, ਉਹ ਲਾਹੌਰੋਂ ਵਾਪਸ ਮੁੜ ਪਿਆ। ਉਸ ਦੀ ਤਰਨਤਾਰਨ-ਗੋਇੰਦਵਾਲ ਕੋਲ ਭੈਰੋਵਾਲ ਦੇ ਸਥਾਨ ‘ਤੇ ਟੱਕਰ ਹੋ ਗਈ। ਇਥੇ ਖੁਸਰੋ ਦੀ ਹਾਰ ਹੋ ਗਈ ਤੇ ਉਸ ਦੀ ਫੌਜ ਉਥੋਂ ਨੱਸਣ ਲੱਗੀ। ਖੁਸਰੋ ਵੀ ਭੱਜ ਨਿਕਲਿਆ।
ਮਹਿਮਾ ਪ੍ਰਕਾਸ਼ ਦਾ ਰਚੈਤਾ ਸਰੂਪ ਦਾਸ ਭੱਲਾ ਲਿਖਦਾ ਹੈ, ਖੁਸਰੋ ਭਗੌੜਾ ਹੋ ਗਿਆ, ਉਸ ਦਾ ਧਨ-ਮਾਲ ਲੁਟਿਆ ਗਿਆ ਸੀ। ਉਹ ਭੱਜ ਕੇ ਗੁਰੂ ਅਰਜਨ ਦੇਵ ਜੀ ਕੋਲ ਤਰਨਤਾਰਨ ਆ ਗਿਆ। ਗੁਰੂ ਜੀ ਨੇ ਲੋੜਵੰਦ ਤੇ ਉਸ ਦੀ ਦੁਖਦਾਈ ਹਾਲਤ ਵੇਖ ਉਸ ਨੂੰ ਭੋਜਨ ਛਕਾਇਆ, ਕੁਛ ਪੈਸੇ ਟਕੇ ਦੀ ਇਮਦਾਦ ਕੀਤੀ।
ਨਵੀਨ ਖੋਜਕਾਰਾਂ (ਹਿਸਟੋਰੀਅਨਜ਼) ਦੀ ਖੋਜ ਬੰਧਨਮੁਕਤ/ਸੁਤੰਤਰ ਨਹੀਂ ਹੋਇਆ ਕਰਦੀ, ਜਾਣੇ-ਅਣਜਾਣੇ ਉਨ੍ਹਾਂ ਦੀ ਰੀਸਰਚ, ਸਟੇਟ ਦੇ ਉਸਾਰੇ ਨੈਰੇਟਿਵ/ਨਜ਼ਰੀਏ ਦੇ ਅਨੁਸਾਰੀ ਹੀ ਹੋਇਆ ਕਰਦੀ ਹੈ। ਮੁਢਲੇ ਸ੍ਰੋਤ ਅਤੇ ਸੀਨਾ-ਬਸੀਨਾ ਚਲੀਆਂ ਆਉਂਦੀਆਂ ਮੌਖਿਕ ਕਥਾ-ਕਥਾਵਾਂ ਇਤਿਹਾਸਕ ਪ੍ਰਸੰਗ ਦੀ ਅਸਲੀਅਤ ਦੇ ਮਜ਼ੀਦ ਨਜ਼ਦੀਕ ਹੋਇਆ ਕਰਦੀਆਂ।
ਖੁਸਰੋ ਦੀ ਮਦਦ ਕਰਨ ਦੀ ਘਟਨਾ ਸਦਕਾ ਚੰਦੂ ਸ਼ਾਹ ਨੂੰ ਜਹਾਂਗੀਰ ਨੂੰ ਭੜਕਾਉਣ ਦਾ ਸੁੰਦਰ ਮੌਕਾ ਮਿਲ ਗਿਆ। ਚੰਦੂ ਨੇ ਬਾਦਸ਼ਾਹ ਕੋਲ ਜਾ ਚੁਗਲੀ ਕੀਤੀ,
ਇਕ ਦੁਸਟ ਖੱਤਰੀ ਚੰਦੂ ਸ਼ਾਹੀ।
ਤਿਨ ਬਾਦਸ਼ਾਹ ਪੇ ਚੁਗਲੀ ਲਾਈ।
ਸਹਜ਼ਾਦੇ ਜੀ ਭਾਗ ਕਰ ਗਏ ਅਰਜਨ ਪਾਸ।
ਕਛੁ ਮਦਤ ਖਜ਼ਾਨੇ ਕੀ ਕਰੀ ਕੀਨੀ ਬਹੁਤ ਸੁਪਾਸ।੬॥
ਗੁਰੂ ਅਰਜਨ ਦੇਵ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦਾ ਹੈ ਹੋਰ ਕਿਸੇ ਨੂੰ ਕੁਝ ਨਹੀਂ ਸਮਝਦਾ।
ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਬਾਗੀ ਖੁਸਰੋ ਦੀ ਮਦਦ ਕਰਨ ਦੇ ਇਵਜ਼ ਚੰਦੂ ਸ਼ਾਹ ਦੀਵਾਨ ਨੇ ਬਾਦਸ਼ਾਹ ਪਾਸੋਂ ਲਿਖਤੀ ਰੁੱਕਾ (ਪਰਵਾਨਾ) ਹਾਸਲ ਕਰ ਲਿਆ ਕਿ ਗੁਰੂ ਸਾਹਿਬ ਤੋਂ ਦੋ ਲੱਖ ਜੁਰਮਾਨਾ ਵਸੂਲ ਕੀਤਾ ਜਾਵੇ। ਗੁਰੂ ਸਾਹਿਬ ਕੋਲ ਬਾਦਸ਼ਾਹ ਦਾ ਪਰਵਾਨਾ ਪਹੁੰਚਿਆ, ਧਨ ਦੋਇ ਲਾਖ ਸ਼ਾਹੁ ਮੰਗਵਾਯੋ॥ ਸਰੂਪ ਦਾਸ ਭੱਲਾ ਵੀ ਲਿਖਦੇ ਹਨ ਕਿ ਚੰਦੂ ਨੇ ਇਹ ਮਨਜ਼ੂਰੀ ਵੀ ਲੈ ਲਈ ਸੀ ਕਿ ਗੁਰੂ ਸਾਹਿਬ ਨੂੰ ਮੇਰੇ ਸਪੁਰਦ ਕਰ ਦੇਵੋ ਤੇ ਮੇਰੇ ਕੋਲੋਂ ਦੋ ਲੱਖ ਲੈ ਲੈਣੇ-ਜੋ ਸਪੁਰਦ ਹਮਾਰੀ ਕਰ ਦੀਜੈ। ਦੁਇ ਲਾਖ ਰੁਪਯਾ ਮੇਰੇ ਸੇ ਲੀਜੈ।
ਅਗਮ ਅਗੋਚਰ ਗੁਰੂ ਸਾਹਿਬ ਪਰਵਾਨਾ ਪੜ੍ਹ ਕੇ ਆਉਣ ਵਾਲੇ ਕੱਲ੍ਹ ਦੀ ਸਾਰੀ ਗੁਪਤ ਕਹਾਣੀ ਜਾਣ ਗਏ। ਉਨ੍ਹਾਂ ਨੂੰ ਸ਼ਹਾਦਤ ਵੱਲ ਜਾਂਦਾ ਮਾਰਗ ਨਜ਼ਰ ਆਉਣ ਲੱਗਾ। ਉਨ੍ਹਾਂ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੂੰ ਬੁਲਾਇਆ। ਬਾਬਾ ਬੁੱਢਾ ਜੀ ਨੂੰ ਮੁਖਾਤਿਬ ਹੁੰਦਿਆਂ ਫਰਮਾਇਆ, ਅਸੀਂ ਆਪਣਾ ਅੰਤਿਮ ਸਮਾਂ ਆਇਆ ਜਾਣ ਲਿਆ ਹੈ। ਸ਼੍ਰੀ ਹਰਿਗੋਬਿੰਦ ਜੀ ਬਲ ਸਹਿਤ ਸਮਰਥਾਵਾਨ ਹੋ ਗਏ ਹਨ। ਗੁਰੂਭਾਰੀ ਪਰਗਟ ਹੋਣਗੇ। ਆਗਿਆ ਪਾ ਬਾਬਾ ਬੁੱਢਾ ਜੀ ਨੇ ਗੁਰਤਾ-ਪਦ ਦੀ ਰਸਮ ਨਿਭਾਉਂਦਿਆਂ ਸ਼੍ਰੀ ਹਰਿਗੋਬਿੰਦ ਜੀ ਦੇ ਮੱਥੇ ਪਰ ਤਿਲਕ ਲਗਾ ਦਿਤਾ।
ਮੁਅੱਰਿਖ ਲਿਖਦਾ ਹੈ, ਗੁਰਤਾ-ਪਦ ਬਖਸ਼ਣ ਵੇਲੇ ਪੰਚਮ ਪਾਤਸ਼ਾਹ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਫਰਮਾਇਆ, ਇਹ ਗੁਰੂ ਨਾਨਕ ਜੀ ਦੀ ਗੱਦੀ ਹੈ,
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ’
ਇਤਿ ਮਾਰਗਿ ਪੈਰ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
ਹੁਣ ਜ਼ੁਲਮ ਦਾ ਟਾਕਰਾ ਕਰਨ ਲਈ ਤਲਵਾਰ ਚੁੱਕਣੀ ਲਾਜ਼ਿਮ ਹੈ। ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ। ਭਗਤੀ ਤੇ ਸ਼ਕਤੀ ਦੀਆਂ ਸ਼ਮਸ਼ੀਰਾਂ/ਤੇਗਾਂ ਦੀ ਚਮਕ ਨੇ ਗੁਰੂ ਨਾਨਕ ਮਾਰਗ ਦੇ ਪ੍ਰਕਾਸ਼ ਨੂੰ ਕੁੱਲ ਆਲਮ ‘ਤੇ ਲਿਸ਼ਕੋਰਨਾ ਹੈ।
ਗੁਰੂ ਸਾਹਿਬ ਕੁਝ ਸਿੱਖਾਂ ਨਾਲ ਲਾਹੌਰ ਪਹੁੰਚ ਗਏ ਸਨ। ਇੰਤਹਾਈ ਗਰਮ, ਜੇਠ ਦਾ ਭੀਸ਼ਮ ਮਹੀਨਾ ਸੀ। ਆਪਣੀ ਨਿਗਰਾਨੀ ਹੇਠ ਚੰਦੂ ਸ਼ਾਹੀ ਨੇ ਸਖਤ ਤਸੀਹੇ ਦਿੱਤੇ। ਗੁਰੂ ਸਾਹਿਬ ਨੂੰ ਉਬਲਦੀ ਦੇਗ ਵਿਚ ਬਿਠਾਇਆ ਗਿਆ, ਸੀਸ ਉਪਰ ਤੱਤੀ ਰੇਤ ਪਾਈ ਗਈ। ਗੁਰੂ ਜੀ ਗਰਮ ਲੋਹ ‘ਤੇ ਸ਼ਾਂਤ ਚਿਤ ਬੈਠੇ ਰਹੇ। ਚੰਦੂ ਵਾਰ ਵਾਰ ਰਿਸ਼ਤੇ ਦੀ ਮੰਗ ਦੁਹਰਾਉਂਦਾ ਰਿਹਾ। ਸਾਹਿਬ ਦਾ ਸਰੀਰ ਫਲੂਹਿਆ ਗਿਆ, ਚਮੜੀ ਜਲ ਗਈ ਸੀ, ਪਰ ਅਡੋਲ ਸਮਾਧੀ ਅਭੰਗਤ ਰਹੀ।
ਬਿਲ-ਆਖਿਰ ਪਵਿੱਤਰ ਪ੍ਰਭਾਤ ਆਈ, ਸਾਹਿਬ ਨੇ ਰਾਵੀ ਦੇ ਪਾਣੀਆਂ ਨੂੰ ਯਾਦ ਕੀਤਾ। ਬਦਬਖਤ, ਜ਼ਾਲਿਮ ਚੰਦੂ ਵੱਲੋਂ ਆਗਿਆ ਹੋਈ। ਰਾਵੀ ਦੀਆਂ ਲਹਿਰਾਂ ਨੇ ਗੁਰੂ ਨੂੰ ਗੋਦ ਵਿਚ ਲੈ ਲਿਆ। ਸਾਹਿਬ ਸ਼ਹਾਦਤ ਪਾ ਗਏ, ਸਿੱਖ ਪੰਥ ਦੇ ਪਹਿਲੇ ਸ਼ਹੀਦ ਹੋਣ ਦਾ ਮੁਰਾਤਬਾ ਹਾਸਲ ਕਰ ਗਏ।
ਬਿਲਾ-ਸ਼ੱਕ ਸ਼ਹਾਦਤ ਵਾਲੀ ਰਾਤ ਸ਼ਦੀਦ ਉਦਾਸ ਰਾਤ ਸੀ, ਪਰ ਅਥਾਹ ਤਸੀਹਿਆਂ ਦੇ ਦੁਖਦ ਵਰਤਾਰੇ ਅਤੇ ਜਰਨ ਦੇ ਭਾਣੇ ਨੇ ਸਿੱਖ-ਮਨਾਂ ਅੰਦਰ ਅਸਚਰਜ ਧਰਵਾਸ ਦੀ ਬਖਸ਼ਿਸ਼ ਕਰ ਦਿੱਤੀ। ਗੁਰੁ ਸਾਹਿਬ ਦੀ ਸ਼ਹਾਦਤ ਵੱਡੀ ਕ੍ਰਾਂਤੀ ਦਾ ਆਵੇਸ਼ ਸੀ, ਕੁਲ-ਆਲਮ ਵਿਚ ਨਵੇਂ ਅਧਿਆਇ ਦੀ ਸ਼ੁਰੂਆਤ ਸੀ। ਜੰਗ ਦੇ ਮੈਦਾਨ ਸਜਣੇ ਸਨ ਤੇ ਇਤਿਹਾਸਕ ਜੰਗਾਂ ਵਿਚ ਸ਼ਹੀਦਾਂ ਦੀ ਬੇਮਿਸਾਲ ਪ੍ਰਭੁਤਾ ਨੇ ਪ੍ਰਕਾਸ਼ਮਾਨ ਹੋਣਾ ਸੀ। ਛੇਵੇਂ ਨਾਨਕ ਨੇ ਅਜਬ ਰੂਪ ਵਿਚ ਸੰਗਤ ਦੇ ਸਨਮੁੱਖ ਹੋਣਾ ਸੀ।