ਬੇਗਮ ਸਮਰੂ ਬਣੇਗੀ ਚਿੱਤਰਾਂਗਦਾ ਸਿੰਘ

ਖੁਬਸੂਰਤ ਅਦਾਕਾਰਾ ਚਿੱਤਰਾਂਗਦਾ ਸਿੰਘ ਇਤਿਹਾਸਕ ਫਿਲਮ ‘ਬੇਗਮ ਸਮਰੂ’ ਵਿਚ ਨਾਇਕਾ ਦਾ ਰੋਲ ਨਿਭਾਅ ਰਹੀ ਹੈ। ਇਸ ਫਿਲਮ ਲਈ ਪਹਿਲਾਂ ਫਿਲਮਸਾਜ਼ ਤਿਗਮਾਂਸ਼ੂ ਧੂਲੀਆ ਨੇ ਕਰੀਨਾ ਕਪੂਰ ਅਤੇ ਵਿੱਦਿਆ ਬਾਲਨ ਨਾਲ ਗੱਲ ਚਲਾਈ ਸੀ, ਪਰ ਕੁਝ ਕਾਰਨਾਂ ਕਰ ਕੇ ਇਹ ਦੋਵੇਂ ਜਣੀਆਂ ਇਹ ਫਿਲਮ ਨਾ ਕਰ ਸਕੀਆਂ। ਹੁਣ ‘ਬੇਗਮ ਸਮਰੂ’ ਫਿਲਮ ਹਾਸਲ ਕਰ ਕੇ ਚਿੱਤਰਾਂਗਦਾ ਬਹੁਤ ਖੁਸ਼ ਹੈ ਜਿਸ ਨੇ ‘ਹਜ਼ਾਰੋਂ ਖਵਾਹਸ਼ੇਂ ਐਸੀ’, ‘ਯੇ ਸਾਲੀ ਜ਼ਿੰਦਗੀ’, ‘ਦੇਸੀ ਬੁਆeਜ਼’ ਅਤੇ ‘ਇਨਕਾਰ’ ਵਰਗੀਆਂ ਚਰਚਿਤ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਸਿੱਕਾ ਮਨਵਾਇਆ ਹੈ। ਫਿਲਮ ਆਲੋਚਕ ਵੀ ਮੰਨਦੇ ਹਨ ਕਿ ਚਿੱਤਰਾਂਗਦਾ ਬਾਲੀਵੁੱਡ ਹੀਰੋਇਨਾਂ ਵਾਂਗ ਭੇਡ-ਚਾਲ ਵਾਲੀਆਂ ਫਿਲਮਾਂ ਨਹੀਂ ਕਰਦੀ, ਸਗੋਂ ਚੋਣਵੀਆਂ ਫਿਲਮਾਂ ਹੀ ਸਾਈਨ ਕਰਦੀ ਹੈ।  ਸਾਰੇ ਉਸ ਨੂੰ ਸੂਰਤ ਅਤੇ ਸੀਰਤ ਸਦਾ ਸਹੀ ਸੁਮੇਲ ਦੱਸਦੇ ਹਨ। ‘ਬੇਗਮ ਸਮਰੂ’ ਸਰਧਾਨਾ ਦੀ ਸ਼ਾਸਕ ਸੀ। ਇਹ ਇਲਾਕਾ ਮੇਰਠ ਦੇ ਨੇੜੇ ਪੈਂਦਾ ਹੈ। ਇਸ ਫਿਲਮ ਦਾ ਸਮਾਂ 18ਵੀਂ ਸਦੀ ਹੈ। ਸਮਰੂ ਅਸਲ ਵਿਚ ਨੱਚਣ ਵਾਲੀ ਸੀ, ਪਰ ਬਾਅਦ ਵਿਚ ਉਸ ਨੇ ਇਲਾਕੇ ਉਤੇ ਰਾਜ ਕੀਤਾ। ਖੁਸ਼ ਹੋਈ ਚਿੱਤਰਾਂਗਦਾ ਸਿੰਘ ਦੱਸਦੀ ਹੈ, “ਮੇਰਾ ਪਿਛੋਕੜ ਵੀ ਮੇਰਠ ਦਾ ਹੀ ਹੈ। ਆਪਣੇ ਕੈਰੀਅਰ ਖਾਤਿਰ ਮੈਂ ਬਾਅਦ ਵਿਚ ਦਿੱਲੀ ਗਈ ਅਤੇ ਉਸ ਤੋਂ ਬਾਅਦ ਮੁੰਬਈ।”
_______________
ਵਿੱਦਿਆ ਬਾਲਨ ਬਣੀ ਪੰਜਾਬਣ
ਫਿਲਮ ‘ਘਨਚੱਕਰ’ ਵਿਚ ਵਿੱਦਿਆ ਬਾਲਨ ਨੇ ਪੰਜਾਬੀ ਘਰੇਲੂ ਸੁਆਣੀ ਦਾ ਕਿਰਦਾਰ ਨਿਭਾਇਆ ਹੈ। ਇਹ ਕਮੇਡੀ ਫਿਲਮ ਹੈ ਜਿਸ ਵਿਚ ਨਾਇਕ ਇਮਰਾਨ ਹਾਸ਼ਮੀ ਹੈ। ਵਿੱਦਿਆ ਇਸ ਫਿਲਮ ਬਾਰੇ ਦੱਸਦੀ ਹੈ, “ਜਦੋਂ ਮੈਨੂੰ ਇਸ ਕਿਰਦਾਰ ਦੀ ਪੇਸ਼ਕਸ਼ ਹੋਈ ਤਾਂ ਮੈਨੂੰ ਲੱਗਿਆ ਕਿ ਮੈਂ ਇਹ ਕਿਰਦਾਰ ਨਿਭਾਅ ਨਹੀਂ ਸਕਾਂਗੀ, ਪਰ ਇਸ ਫਿਲਮ ਦੇ ਡਾਇਰੈਕਟਰ ਰਾਜ ਕੁਮਾਰ ਗੁਪਤਾ ਨੇ ਇਸ ਕਿਰਦਾਰ ਬਾਰੇ ਜਿਸ ਤਰ੍ਹਾਂ ਨਾਲ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਜਿਸ ਤਰ੍ਹਾਂ ਕਿਰਦਾਰ ਬਾਰੇ ਸਮਝਾਇਆ, ਤਾਂ ਮੈਂ ਜੱਕੋ-ਤੱਕੀ ਛੱਡ ਕੇ ਹਾਂ ਕਰ ਦਿੱਤੀ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਇਹ ਕਿਰਦਾਰ ਬਹੁਤ ਖੁੱਭ ਕੇ ਨਿਭਾਇਆ ਹੈ।” ਇਸ ਫਿਲਮ ਵਿਚ ਰੋਲ ਕਰਨ ਲਈ ਵਿੱਦਿਆ ਨੇ ਪੰਜਾਬੀ ਵੀ ਸਿੱਖੀ। ਪੰਜਾਬੀ ਸਿੱਖਣ ਲਈ ਉਸ ਨੇ ਪਹਿਲਾਂ ਪੰਜਾਬੀ ਦੇ ਆਮ ਪ੍ਰਚਲਤ ਅਤੇ ਖੜਕਵੇਂ ਸ਼ਬਦ ਸਿੱਖੇ। ਉਸ ਤੋਂ ਬਾਅਦ ਫਿਰ ਚੱਲ ਸੋ ਚੱਲ। ਇਹ ਫਿਲਮ ਜੂਨ ਮਹੀਨੇ ਦੇ ਅਖੀਰ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਵਿਚ ਵਿੱਦਿਆ ਬਾਲਨ ਅਤੇ ਇਮਰਾਨ ਹਾਸ਼ਮੀ ਤੋਂ ਇਲਾਵਾ ਰਾਜੇਸ਼ ਸ਼ਰਮਾ ਅਤੇ ਨਮਿਤ ਦਾਸ ਨੇ ਅਦਾਕਾਰੀ ਕੀਤੀ ਹੈ। ਫਿਲਮ ਦੀ ਕਹਾਣੀ ਸਿਰਫ ਇੰਨੀ ਹੈ ਕਿ ਤਿੰਨ ਜਣੇ ਡਾਕਾ ਮਾਰਦੇ ਹਨ, ਪਰ ਜਿਸ ਕੋਲ ਡਾਕੇ ਦਾ ਪੇਸਾ ਪਿਆ ਹੈ, ਉਹ ਹਾਦਸੇ ਤੋਂ ਬਾਅਦ ਆਪਣੇ ਨਾਲਦਿਆਂ ਨੂੰ ਪਛਾਣ ਨਹੀਂ ਸਕਦਾ। ਬਾਕੀ ਦੋਵੇਂ ਜਣੇ ਫਿਰ ਡਾਕੇ ਵਾਲੇ ਪੈਸਿਆਂ ਦਾ ਪਤਾ ਲਾਉਣ ਲਈ ਨਾਇਕ ਸੰਜੇ (ਇਮਰਾਨ ਹਾਸ਼ਮੀ) ਅਤੇ ਉਸ ਦੀ ਪਤਨੀ ਨੀਤੂ (ਵਿੱਦਿਆ ਬਾਲਨ) ਦੇ ਕੋਲ ਹੀ ਰਹਿੰਦੇ ਹਨ। ਵਿੱਦਿਆ ਪਿਛਲੇ ਸਾਲ ‘ਕਹਾਨੀ’ ਫਿਲਮ ਨਾਲ ਧੁੰਮਾਂ ਪਾ ਚੁੱਕੀ ਹੈ। ‘ਘਨਚੱਕਰ’ ਤੋਂ ਵੀ ਉਸ ਨੂੰ ਇਹੀ ਆਸ ਹੈ। ਉਸ ਦੀ ਅਗਲੀ ਫਿਲਮ ‘ਸ਼ਾਦੀ ਕੇ ਸਾਈਡ ਇਫੈਕਟ’ ਤੇਜ਼ੀ ਨਾਲ ਬਣ ਰਹੀ ਹੈ ਜੋ ਇਸੇ ਸਾਲ ਰਿਲੀਜ਼ ਹੋਵੇਗੀ।
___________________________
ਲਾਰਾ ਦੱਤਾ ਦੀ ਵਾਪਸੀ
ਲਾਰਾ ਦੱਤਾ ਇਕ ਵਾਰ ਫਿਰ ਫਿਲਮੀ ਦੁਨੀਆਂ ਵਿਚ ਪੈੜਾਂ ਛੱਡਣ ਲਈ ਪਰ ਤੋਲ ਰਹੀ ਹੈ। ਟੈਨਿਸ ਸਟਾਰ ਮਹੇਸ਼ ਭੂਪਤੀ ਨਾਲ ਵਿਆਹ ਤੋਂ ਬਾਅਦ ਉਹ ਫਿਲਮਾਂ ਤੋਂ ਲਾਂਭੇ ਹੋ ਗਈ ਸੀ। ਪਿਛਲੇ ਸਾਲ ਜਨਵਰੀ ਵਿਚ ਉਸ ਨੇ ਬੱਚੀ ਨੂੰ ਜਨਮ ਦਿੱਤਾ ਹੈ। ਹੁਣ ਉਹ ਫਿਲਮਾਂ ਵਿਚ ਵਾਪਸੀ ਲਈ ਤਿਆਰੀ ਕਰ ਰਹੀ ਹੈ ਅਤੇ 2005 ਵਿਚ ਆਈ ਕਮੇਡੀ ਫਿਲਮ ‘ਨੋ ਐਂਟਰੀ’ ਦਾ ਅਗਲਾ ਭਾਗ ‘ਨੋ ਐਂਟਰੀ ਮੇਂ ਐਂਟਰੀ’ ਸ਼ੁਰੂ ਹੋਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਇਹ ਫਿਲਮ ਬੋਨੀ ਕਪੂਰ ਨੇ ਬਣਾਉਣੀ ਹੈ ਅਤੇ ਇਸ ਦੇ ਡਾਇਰੈਕਟਰ ਅਨੀਸ ਬਜ਼ਮੀ ਹੋਣਗੇ।

Be the first to comment

Leave a Reply

Your email address will not be published.