ਅਣਗੌਲਿਆ ਸ਼ਹਿਰ ਨਾਭਾ

ਰਿਆਸਤੀ ਸ਼ਹਿਰ ਨਾਭਾ ਦਾ ਆਪਣਾ ਰੰਗ ਅਤੇ ਆਪਣਾ ਢੰਗ ਹੈ; ਇਸ ਨੇ ਬੜੇ ਵਕਤ ਹੰਢਾਏ ਹਨ, ਪਰ ਇਸ ਸ਼ਹਿਰ ਨੂੰ ਉਹ ਮਾਣ-ਤਾਣ ਨਹੀਂ ਮਿਲ ਸਕਿਆ, ਜਿਸ ਦਾ ਇਹ ਹੱਕਦਾਰ ਸੀ। ਦਲਬਾਰਾ ਸਿੰਘ ਮਾਂਗਟ ਨੇ ਆਪਣੇ ਇਸ ਲੇਖ ਵਿਚ ਨਾਭਾ ਦੀ ਵਿਰਾਸਤ ਬਾਰੇ ਚਰਚਾ ਛੇੜਦਿਆਂ ਇਸ ਸ਼ਹਿਰ ਨਾਲ ਜੁੜੇ ਕਈ ਵਾਕਿਆਤ ਬਿਆਨ ਕੀਤੇ ਹਨ।

-ਸੰਪਾਦਕ

ਦਲਬਾਰਾ ਸਿੰਘ ਮਾਂਗਟ
ਫੋਨ: 269-267-9621

ਕੁਝ ਮਹੀਨੇ ਪਹਿਲਾਂ ਆਪਣੀ ਪੰਜਾਬ ਫੇਰੀ ਦੌਰਾਨ ਨਾਭਾ ਸ਼ਹਿਰ ਜਾਣ ਦਾ ਮੌਕਾ ਮਿਲਿਆ, ਜਿਥੇ ਕਈ ਅਹਿਮ ਸ਼ਖਸੀਅਤਾਂ ਨਾਲ ਮੁਲਾਕਾਤ ਹੋਈ ਅਤੇ ਡੂੰਘੀਆਂ ਵਿਚਾਰਾਂ ਵੀ ਹੋਈਆਂ। ਨਾਭਾ, ਪਟਿਆਲਾ ਅਤੇ ਜੀਂਦ ਦੇ ਮਹਾਰਾਜਾ ਇਕੋ ਖਾਨਦਾਨ ਵਿਚੋਂ ਸਨ, ਜਿਨ੍ਹਾਂ ਨੂੰ ਫੂਲਕੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਦੋਂ ਦੇਸ਼ ਰਿਆਸਤਾਂ ਵਿਚ ਵੰਡਿਆ ਹੋਇਆ ਸੀ ਅਤੇ ਰਾਜਿਆਂ ਦੀ ਹਕੂਮਤ ਚਲਦੀ ਸੀ ਤਾਂ ਨਾਭਾ ਰਿਆਸਤ ਹੋਣ ਕਰ ਕੇ ਇਥੇ ਵੀ ਰਾਜਿਆਂ ਦਾ ਬੋਲਬਾਲਾ ਹੁੰਦਾ ਸੀ। ਫੂਲਕੀਆ ਖਾਨਦਾਨ ਦੇ 6 ਪੁੱਤਰ ਸਨ। ਵੱਡਾ ਪੁੱਤਰ ਤ੍ਰਿਲੋਕ, ਜੋ ਅੰਮ੍ਰਿਤ ਛਕ ਕੇ ਸਿੱਖ ਇਤਿਹਾਸ ਵਿਚ ਤ੍ਰਿਲੋਕ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਇਆ, ਦੇ ਦੇਹਾਂਤ ਪਿਛੋਂ ਗੁਰਦਿੱਤ ਸਿੰਘ, ਨਾਭਾ ਦਾ ਵਾਰਿਸ ਬਣਿਆ, ਪਰ 1754 ਵਿਚ ਉਨ੍ਹਾਂ ਦੀ ਅਚਾਨਕ ਮੌਤ ਪਿਛੋਂ ਪੋਤਰਾ ਹਮੀਰ ਸਿੰਘ ਗੱਦੀ ‘ਤੇ ਬਿਰਾਜਮਾਨ ਹੋਇਆ। ਉਸ ਨੇ 1755 ਵਿਚ ਨਾਭਾ ਸ਼ਹਿਰ ਦੀ ਨੀਂਹ ਰੱਖੀ ਅਤੇ 1783 ਤੱਕ ਰਾਜ ਕੀਤਾ। ਉਨ੍ਹਾਂ ਪਿਛੋਂ ਉਸ ਦੇ ਬੇਟੇ ਜਸਵੰਤ ਸਿੰਘ ਨੇ 8 ਸਾਲ ਦੀ ਉਮਰ ਵਿਚ ਰਾਜ ਸੰਭਾਲਿਆ ਅਤੇ ਕਾਬਲ ਵਜ਼ੀਰਾਂ ਦੀ ਸਲਾਹ ਨਾਲ 53 ਸਾਲ ਸ਼ਾਸਨ ਕੀਤਾ, ਜਿਨ੍ਹਾਂ ਦੀ ਸਮਾਧ ਵੀ ਸਿਆਮ ਬਾਗ ਵਿਚ ਬਣੀ ਹੋਈ ਹੈ।
ਇਸ ਪਿਛੋਂ 18 ਸਾਲਾ ਦਵਿੰਦਰ ਸਿੰਘ ਨੇ ਗੱਦੀ ਸੰਭਾਲੀ। ਉਹ ਬਹੁਤ ਘੁਮੰਡੀ ਸੀ ਅਤੇ ਲੋਕ ਉਸ ਤੋਂ ਬਹੁਤ ਦੁਖੀ ਸਨ, ਜਿਸ ਕਰਕੇ ਉਸ ਨੇ ਦੁਸ਼ਮਣ ਪੈਦਾ ਕਰ ਲਏ। ਨਤੀਜਾ ਇਹ ਹੋਇਆ ਕਿ ਉਸ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਰਾਜਾ ਭਰਪੂਰ ਸਿੰਘ ਨੂੰ ਤਖਤ ‘ਤੇ ਬਿਠਾਇਆ ਗਿਆ। ਉਹ ਗੁਰਬਾਣੀ ਦੇ ਪ੍ਰੇਮੀ ਅਤੇ ਰੱਬ ਦਾ ਸਿਮਰਨ ਕਰਨ ਵਾਲੇ ਗੁਰਸਿੱਖ ਸਨ। ਉਸ ਨੇ 1846 ਤੋਂ 1863 ਤੱਕ ਰਾਜ ਕੀਤਾ, ਪਰ ਉਹ ਵੀ ਨਰਮ ਦਿਲ ਹੋਣ ਦੇ ਬਾਵਜੂਦ ਸਫਲ ਪ੍ਰਸ਼ਾਸਕ ਨਾ ਬਣ ਸਕਿਆ। ਤਪਦਿਕ ਨਾਲ ਉਸ ਦੀ ਮੌਤ ਹੋ ਗਈ। ਉਸ ਪਿਛੋਂ ਮਹਾਰਾਜਾ ਹੀਰਾ ਸਿੰਘ ਨੇ ਗੱਦੀ ਸੰਭਾਲੀ ਅਤੇ 1871 ਤੋਂ 1911 ਤੱਕ ਰਾਜ ਕੀਤਾ, ਲੋਕਾਂ ਨੂੰ ਬੜਾ ਸੁੱਖ ਦਿੱਤਾ ਅਤੇ ਸਫਲ ਪ੍ਰਸ਼ਾਸਕ ਤੇ ਲੋਕਪ੍ਰਿਯ ਰਾਜਾ ਸਾਬਤ ਹੋਇਆ। ਉਸ ਦਾ ਯਾਦਗਾਰੀ ਬੁੱਤ ਵੀ ਲੱਗਾ ਹੋਇਆ ਹੈ ਅਤੇ ਅੰਗਰੇਜ਼ਾਂ ਵਲੋਂ 15 ਤੋਪਾਂ ਦੀ ਸਲਾਮੀ ਦੀ ਇੱਜਤ ਮਿਲੀ ਹੋਈ ਹੈ।
ਹੀਰਾ ਸਿੰਘ ਤੋਂ ਬਾਅਦ ਉਸ ਦੇ ਪੁੱਤਰ ਰਿਪੂਦਮਨ ਸਿੰਘ ਨੇ ਰਾਜਭਾਗ ਸੰਭਾਲਿਆ ਅਤੇ 1911 ਤੋਂ 1923 ਤੱਕ ਸ਼ਾਸਨ ਕੀਤਾ। ਉਹ ਪੱਕੇ ਗੁਰਸਿੱਖ ਸਨ। ਉਹ ਅੰਗਰੇਜ਼ਾਂ ਦੀਆਂ ਚਾਲਾਂ ਤੋਂ ਤੰਗ ਸਨ ਅਤੇ ਉਨ੍ਹਾਂ ਨਾਲ ਨਫਰਤ ਕਰਦੇ ਸਨ। ‘ਸਿੱਖ ਅਨੰਦ ਮੈਰਿਜ ਐਕਟ’ ਉਨ੍ਹਾਂ ਦੀ ਹੀ ਦੇਣ ਹੈ। ਇਥੇ ਜ਼ਿਕਰ ਵੀ ਕੀਤਾ ਜਾਂਦਾ ਹੈ ਕਿ ਮਹਾਰਾਜਾ ਪਟਿਆਲਾ ਨਾਲ ਵਧੀਆ ਰਸੂਖ ਨਾ ਹੋਣ ਕਰ ਕੇ ਉਨ੍ਹਾਂ ਨੂੰ ਅੰਗਰੇਜ਼ਾਂ ਵਲੋਂ ਜਲਾਵਤਨ ਕਰ ਕੇ 1923 ਵਿਚ ਰਾਜ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਕੋਡਾਈਕਨਾਲ (ਤਾਮਿਲਨਾਡੂ) ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਨਾਭਾ ਦੇ ਆਖਰੀ ਮਹਾਰਾਜਾ ਪ੍ਰਤਾਪ ਸਿੰਘ ਨੇ 1923 ਵਿਚ ਸ਼ਾਸਨ ਸੰਭਾਲਿਆ ਅਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅਪੀਲ ‘ਤੇ ਨਾਭਾ ਰਿਆਸਤ ਨੂੰ ਭਾਰਤ ਵਿਚ ਸ਼ਾਮਿਲ ਕੀਤਾ। ਇਸ ਤਰ੍ਹਾਂ ਨਾਭਾ ਰਿਆਸਤ ‘ਚ ਵੱਖੋ-ਵੱਖ ਸਮੇਂ ਰਾਜਿਆਂ ਨੇ 192 ਸਾਲ ਸ਼ਾਸਨ ਕੀਤਾ।
ਨਾਭਾ ਸ਼ਹਿਰ ਪਟਿਆਲਾ-ਮਲੇਰਕੋਟਲਾ ਮੁੱਖ ਮਾਰਗ ‘ਤੇ ਵਸਿਆ ਹੋਇਆ ਹੈ। ਇਸ ਦਾ ਆਕਾਰ ਛੋਟਾ ਹੋਣ ਕਰ ਕੇ ਵਸੋਂ ਵੀ ਬਹੁਤੀ ਸੰਘਣੀ ਨਹੀਂ ਹੈ। ਪਟਿਆਲਾ ਵਾਂਗ ਮਹਾਰਾਜਿਆਂ ਦੀ ਨਗਰੀ ਹੋਣ ਕਰ ਕੇ ਸਾਰੀਆਂ ਦਿਸ਼ਾਵਾਂ ਵਲੋਂ ਪ੍ਰਵੇਸ਼ ਹੋਣ ਲਈ ਪੰਜ ਗੇਟ ਬਣੇ ਹੋਏ ਹਨ-ਅਲਹੌਰਾਂ ਗੇਟ, ਪਟਿਆਲਾ ਗੇਟ, ਦੁਲੱਦੀ ਗੇਟ, ਮਹਿਸ ਗੇਟ ਅਤੇ ਬੌਰਾਂ ਗੇਟ। ਇਨ੍ਹਾਂ ਵਿਚੋਂ ਦੁਲੱਦੀ ਗੇਟ ਤੋਂ ਇਲਾਵਾ ਬਾਕੀਆਂ ਦੀ ਹਾਲਤ ਬਹੁਤ ਮਾੜੀ ਹੈ। ਸ਼ਹਿਰ ਦਾ ਬਾਹਰਲਾ ਇਲਾਕਾ ਬੀੜਾਂ-ਢੱਕੀਆਂ ਨਾਲ ਘਿਰਿਆ ਹੋਇਆ ਹੈ, ਜਿਥੇ ਰਾਜੇ ਤੇ ਖਾਨਦਾਨੀ ਮੈਂਬਰ ਸ਼ਿਕਾਰ ਕਰਦੇ ਸਨ। ਨਾਭਾ ਸ਼ਹਿਰ ਹੁਣ ਜਿਥੇ ਵਧੀਆ ਫਰਨੀਚਰ ਅਤੇ ਹਾਰਵੈਸਟ ਕੰਬਾਈਨ ਲਈ ਦੇਸ਼ ਦਾ ਮੱਕਾ ਜਾਣਿਆ ਜਾਂਦਾ ਹੈ, ਦੂਜੇ ਪਾਸੇ ਇਹ ਪੁਰਾਣੇ ਜ਼ਮਾਨੇ ਦੇ ਤਰ੍ਹਾਂ-ਤਰ੍ਹਾਂ ਦੇ ਬਾਗਾਂ ਕਰ ਕੇ ਵੀ ਮਸ਼ਹੂਰ ਸੀ। ਇਨ੍ਹਾਂ ਬਾਗਾਂ ਦੇ ਫਲਾਂ ਤੋਂ ਵਧੀਆ ਸ਼ਰਾਬ ਤਿਆਰ ਕੀਤੀ ਜਾਂਦੀ ਸੀ।
ਇਸ ਸ਼ਹਿਰ ਨੂੰ ਮਾਲਵੇ ਦਾ ਅਮੀਰ ਵਿਰਸਾ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਇਸ ਹਲਕੇ ਤੋਂ ਕੁਝ ਫਿਲਮੀ ਸਿਤਾਰੇ ਤੇ ਗੀਤਕਾਰਾਂ ਨੇ ਧਨ ਦੀ ਤਾਂ ਬਹੁਤ ਕਮਾਈ ਕਰ ਲਈ, ਪਰ ਨਾਭੇ ਦੀ ਢਹਿੰਦੀ ਹਾਲਤ ਨੂੰ ਰੋਕਣ ਲਈ ਕੋਈ ਯੋਗਦਾਨ ਨਹੀਂ ਪਾਇਆ। ਇਹੀ ਨਹੀਂ, ਪੈਪਸੂ ਸਟੇਟ ਸਮੇਂ ਗਿਆਨ ਸਿੰਘ ਰਾੜੇਵਾਲਾ ਦੇ ਮੁੱਖ ਮੰਤਰੀ ਹੁੰਦਿਆਂ ਵੀ ਇਸ ਸ਼ਹਿਰ ਦੀ ਕੋਈ ਤਰੱਕੀ ਨਾ ਹੋ ਸਕੀ।
ਇਥੇ ਇੱਕ ਪੁਰਾਣਾ ਦੁਰਗਾ-ਸ਼ਿਵ ਮੰਦਿਰ ਅਤੇ ਇਤਿਹਾਸਕ ਡੇਰਾ ਬਾਬਾ ਸਾਹਿਬ ਗੁਰਦੁਆਰਾ ਹੈ, ਜਿਸ ਦਾ ਇਤਿਹਾਸ ਦਸਮ ਗੁਰੂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਦੋ ਮਸ਼ਹੂਰ ਫੈਕਟਰੀਆਂ ਹਨ-ਇਨਡੇਨ ਗੈਸ ਕੰਪਨੀ ਅਤੇ ਗਲੈਕਸੋ ਸਮਿਥ ਕਲਾਈਨ, ਜੋ ਹੋਰਲਿਕਸ ਫੂਡ ਸਪਲਾਈ ਵਜੋਂ ਜਾਣੀ ਜਾਂਦੀ ਹੈ। ਇਥੇ ਕੋ-ਐਜੂਕੇਸ਼ਨ ਰਿਪੂਦਮਨ ਕਾਲਜ ਹੈ, ਜੋ ਮਹਾਰਾਜਾ ਪ੍ਰਤਾਪ ਸਿੰਘ ਨੇ 1945 ਵਿਚ ਕਾਇਮ ਕੀਤਾ ਸੀ। ਇਥੇ ਸਥਿਤ ਪੰਜਾਬ ਪਬਲਿਕ ਸਕੂਲ ਨੂੰ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦੂਰ-ਅੰਦੇਸ਼ੀ ਦੀ ਦੇਣ ਕਿਹਾ ਜਾਂਦਾ ਹੈ।
ਸਿੱਖ ਸਕਾਲਰ ਜਾਂ ਐਨਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਨਾਂ ਨਾਲ ਜਾਣੇ ਜਾਂਦੇ ਭਾਈ ਕਾਹਨ ਸਿੰਘ ਨਾਭਾ, ਜਿਨ੍ਹਾਂ ਮਹਾਨ ਕੋਸ਼ ਦੀ ਸਥਾਪਨਾ ਕੀਤੀ, ਦਾ ਸਬੰਧ ਇਸ ਸ਼ਹਿਰ ਨਾਲ ਡੂੰਘਾ ਜੁੜਿਆ ਹੋਇਆ ਹੈ। ਉਨ੍ਹਾਂ ਦੇ ਘਰ ਜਾਣ ਦਾ ਮੌਕਾ ਵੀ ਮਿਲਿਆ ਅਤੇ ਰਾਇਲ ਪਰਿਵਾਰ ਦੇ ਮੈਂਬਰ ਮੇਜਰ ਟੀ. ਐਸ਼ ਮੰਕੂ ਨਾਲ ਵੀ ਮੁਲਾਕਾਤ ਹੋਈ। ਉਨ੍ਹਾਂ ਦੱਸਿਆ ਕਿ ਨਾਭਾ ਭਾਈ ਕਾਹਨ ਸਿੰਘ ਦਾ ਜੱਦੀ ਪਿੰਡ ਹੈ। ਇਹ ਸ਼ਹਿਰ ਮਹਾਰਾਜਾ ਦਾ ਸੈਕਟਰੀਏਟ ਹੋਣ ਕਰਕੇ ਇਥੇ ਕੁਝ ਇਤਿਹਾਸਕ ਇਮਾਰਤਾਂ ਹਨ, ਜਿਵੇਂ ਹੀਰਾ ਮਹਿਲ (ਰਾਜੇ ਦੀ ਰਿਹਾਇਸ਼), ਨਾਭਾ ਹਾਊਸ, ਕਿਲ੍ਹਾ ਮੁਬਾਰਕ ਆਦਿ ਮੌਜੂਦ ਹਨ, ਜਿਨ੍ਹਾਂ ਦੀ ਹਾਲਤ ਬੜੀ ਤਰਸਯੋਗ ਹੈ। ਉਨ੍ਹਾਂ ਇਹ ਚਾਨਣਾ ਵੀ ਪਾਇਆ ਕਿ ਨਾਭਾ ਸ਼ਹਿਰ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ ਨਾਭਾ ਫਾਊਂਡੇਸ਼ਨ ਬਣਾਈ ਗਈ ਹੈ ਅਤੇ ਪਟਿਆਲਾ ਨਿਵਾਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ।
ਵਰਣਨਯੋਗ ਹੈ ਕਿ ਨਾਭਾ ਤੋਂ ਥੋੜ੍ਹੀ ਦੂਰ ਨਵਾਬੀ ਸ਼ਹਿਰ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੀ ਪਹਿਲੀ ਮਹਿਲਾ ਮੈਂਬਰ ਰਜ਼ੀਆ ਸੁਲਤਾਨ, ਜੋ 2002, 2007 ਅਤੇ 2017 ਵਿਚ ਵਿਧਾਇਕ ਬਣੀ ਅਤੇ ਹੁਣ ਕੈਬਨਿਟ ਮੰਤਰੀ ਹਨ, ਨੇ ਮੰਤਰੀ ਬਣਨ ਸਾਰ ਆਪਣੇ ਸ਼ਹਿਰ ਵਿਚ ਪਾਸਪੋਰਟ ਦਫਤਰ ਬਣਵਾ ਦਿੱਤਾ। ਇਸ ਨਾਲ ਕਸਬੇ ਦਾ ਸੁਧਾਰ ਹੋਇਆ, ਲੋਕਾਂ ਦੀ ਆਵਾਜਾਈ ਵੀ ਵਧ ਗਈ ਹੈ, ਪਰ ਨਾਭਾ ਵਿਚ ਅਜੇ ਅਜਿਹਾ ਦੇਖਣ ਨੂੰ ਨਹੀਂ ਮਿਲਿਆ।
ਇਸ ਸ਼ਹਿਰ ਵਿਚ ਪਿਛਲੇ 45 ਸਾਲਾਂ ਤੋਂ ਲਿਬਰਲਜ਼ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਜਿਸ ਦੇ ਫਾਊਂਡਰ ਪ੍ਰਧਾਨ ਗੁਰਮੇਲ ਸਿੰਘ ਬੈਂਸ ਦਾ ਇਹ ਤਕੜਾ ਉਪਰਾਲਾ ਸੀ। ਟੂਰਨਾਮੈਂਟ ਕਮੇਟੀ ਦੀ ਆਪਣੀ ਕੋਈ ਗਰਾਊਂਡ ਨਹੀਂ ਅਤੇ ਹਰ ਸਾਲ ਰਿਪੂਦਮਨ ਕਾਲਜ ਦੇ ਮੈਦਾਨ ਵਿਚ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਜਿਸ ਵਿਚ ਦੇਸ਼ ਦੀਆਂ ਚੋਟੀ ਦੀਆਂ ਟੀਮਾਂ ਤੋਂ ਇਲਾਵਾ ਬੰਗਲਾਦੇਸ਼ ਤੇ ਪਾਕਿਸਤਾਨ ਦੀਆਂ ਟੀਮਾਂ ਵੀ ਹਿੱਸਾ ਲੈ ਚੁਕੀਆਂ ਹਨ। ਇਹੋ ਵਜ੍ਹਾ ਹੈ ਕਿ ਹਾਕੀ ਇੰਡੀਆ ਨੇ ਵੀ ਇਸ ਟੂਰਨਾਮੈਂਟ ਨੂੰ ‘ਏ’ ਗਰੇਡ ਦਿੱਤਾ ਹੈ। ਇਹ ਪੈਪਸੂ ਯੂਨੀਅਨ ਹਾਕੀ ਐਸੋਸੀਏਸ਼ਨ ਵਲੋਂ ਵੀ ਮਾਨਤਾ ਪ੍ਰਾਪਤ ਹੈ। ਨਾਭਾ ਦੀ ਆਪਣੀ ਹਾਕੀ ਟੀਮ ਵੀ ਹੈ, ਜੋ ਲਿਬਰਲਜ਼ ਚਿਲੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹ ਇਸ ਟੂਰਨਾਮੈਂਟ ਵਿਚ ਹਰ ਸਾਲ ਹਿੱਸਾ ਲੈਂਦੀ ਹੈ।
ਨਾਭਾ ਸ਼ਹਿਰ ਨੇ ਕੌਮਾਂਤਰੀ ਪੱਧਰ ਦੇ ਕਈ ਖਿਡਾਰੀ ਪੈਦਾ ਕੀਤੇ। ਇਥੇ ਸਾਰਿਆਂ ਦੀ ਚਰਚਾ ਤਾਂ ਨਹੀਂ ਕੀਤੀ ਜਾ ਸਕਦੀ, ਪਰ ਰੁਪਿੰਦਰ ਸਿੰਘ ਗਰੇਵਾਲ (ਕਿਟੂ) ਅਤੇ ਜੋਤੀ ਸ਼ਰਮਾ ਦਾ ਹਵਾਲਾ ਜ਼ਰੂਰੀ ਹੈ। ਇਸ ਟੂਰਨਾਮੈਂਟ ਵਿਚ ਪਦਮਸ੍ਰੀ ਐਵਾਰਡ ਪ੍ਰਾਪਤ ਕਰਨ ਵਾਲੇ ਖਿਡਾਰੀ ਸੰਦੀਪ ਸਿੰਘ ਵੀ ਹਿੱਸਾ ਲੈ ਚੁਕੇ ਹਨ, ਜੋ ਅੱਜ ਕੱਲ੍ਹ ਹਰਿਆਣਾ ਸਰਕਾਰ ਵਿਚ ਖੇਡ ਮੰਤਰੀ ਹਨ। ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਬੈਂਸ ਪੰਜਾਬ ਖੇਡ ਮਹਿਕਮੇ ਦੇ ਡਾਇਰੈਕਟਰ ਰਹਿ ਚੁਕੇ ਹਨ, ਪਰ ਉਨ੍ਹਾਂ ਦੀਆਂ ਬੇਅੰਤ ਕੋਸਿਸ਼ਾਂ ਦੇ ਬਾਵਜੂਦ ਟੂਰਨਾਮੈਂਟ ਲਈ ਨਾ ਕੋਈ ਗਰਾਂਟ ਅਤੇ ਨਾ ਹੀ ਐਸਟਰੋਟਰਫ ਲੱਗ ਸਕੀ ਹੈ, ਜੋ ਸਮੇਂ ਦੀ ਲੋੜ ਹੈ।
ਆਜ਼ਾਦੀ ਪਿਛੋਂ ਇਸ ਰਿਆਸਤੀ ਨਗਰੀ ਦਾ ਵਿਕਾਸ ਤਾਂ ਕੀ ਹੋਣਾ ਸੀ, ਸਗੋਂ ਸਮੇਂ ਦੀਆਂ ਸਰਕਾਰਾਂ ਨੇ ਵਿਨਾਸ਼ ਹੀ ਕੀਤਾ। ਮਿਸਾਲ ਵਜੋਂ 1993 ਵਿਚ ਨਾਭਾ ਤਹਿਸੀਲ ਵਿਚੋਂ ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਨੂੰ ਵੱਖ ਕਰਕੇ ਨਵੇਂ ਬਣੇ ਜਿਲੇ ਫਤਿਹਗੜ੍ਹ ਸਾਹਿਬ ਵਿਚ ਸ਼ਾਮਿਲ ਕਰ ਦਿੱਤਾ ਗਿਆ। ਇਥੇ ਗੱਲ ਇਹ ਨਹੀਂ ਕਿ ਫਤਿਹਗੜ੍ਹ ਸਾਹਿਬ ਜਿਲਾ ਕਿਉਂ ਬਣਿਆ, ਸਗੋਂ ਇਹ ਤਾਂ ‘ਦੇਰ ਆਇਦ ਦਰੁਸਤ ਆਇਦ’ ਵਾਲੀ ਵਧੀਆ ਗੱਲ ਹੋਈ ਕਿ ਸ਼ਹੀਦਾਂ ਦੀ ਧਰਤੀ ਨੂੰ ਮਾਣ ਮਿਲਿਆ, ਪਰ ਇਤਰਾਜ਼ ਵਾਲੀ ਗੱਲ ਇਹ ਹੈ ਕਿ ਨਾਭਾ ਹਲਕੇ ਨੂੰ ਪੰਜਾਬੀ ਸੂਬੇ ਵਾਂਗ ਲੂਲਾ ਲੰਗੜਾ ਕਰ ਦਿੱਤਾ ਗਿਆ।
ਪੈਪਸੂ ਸਮੇਂ ਇਸ ਹਲਕੇ ਦੇ ਵਿਧਾਇਕ ਜਨਰਲ ਸ਼ਿਵਦੇਵ ਸਿੰਘ ਸਿਹਤ ਮੰਤਰੀ ਸਨ ਅਤੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਰਕਾਰ ਸਮੇਂ ਮੰਤਰੀ ਰਹਿ ਚੁਕੇ ਗੁਰਦਰਸ਼ਨ ਸਿੰਘ ਵੀ ਇਸ ਹਲਕੇ ਤੋਂ 1962, 1972, 1977 ਅਤੇ 1980 ਵਿਚ ਵਿਧਾਇਕ ਚੁਣੇ ਗਏ ਸਨ। ਰਾਜਾ ਨਰਿੰਦਰ ਸਿੰਘ 1967, 1969, 1985 ਅਤੇ 1997 ਵਿਚ ਵਿਧਾਇਕ ਚੁਣੇ ਗਏ ਅਤੇ ਤਿੰਨ ਵਾਰੀ ਮੰਤਰੀ ਵੀ ਰਹੇ। ਨਾਭਾ ਹਲਕੇ ਤੋਂ ਹੀ ਕਾਕਾ ਰਣਦੀਪ ਸਿੰਘ ਅਤੇ ਸਾਧੂ ਸਿੰਘ ਧਰਮਸੋਤ ਦੋ-ਦੋ ਵਾਰੀ ਵਿਧਾਇਕ ਚੁਣੇ ਗਏ। ਧਰਮਸੋਤ ਮੌਜੂਦਾ ਪੰਜਾਬ ਸਰਕਾਰ ਵਿਚ ਮੰਤਰੀ ਹਨ। ਰਮੇਸ਼ ਸਿੰਗਲਾ, ਜਿਨ੍ਹਾਂ ਨੇ ਕਈ ਵਾਰ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ, ਵੀ ਵਿਧਾਇਕ ਰਹਿ ਚੁਕੇ ਹਨ।
ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਆਰਮੀ ਚੀਫ ਜਨਰਲ ਬਿਕਰਮ ਸਿੰਘ, ਸਾਬਕਾ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ ਸਮੇਤ ਅਨੇਕਾਂ ਮਹਾਨ ਹਸਤੀਆਂ ਦਾ ਬਚਪਨ ਇਥੇ ਬਤੀਤ ਹੋਇਆ। ਸੇਵਾ ਮੁਕਤ ਚੀਫ ਸਕੱਤਰ ਪੰਜਾਬ ਜੈ ਸਿੰਘ ਗਿੱਲ ਨਾਭਾ ਦੇ ਜੰਮਪਲ ਹੋਣ ਦੇ ਬਾਵਜੂਦ ਨਾਭਾ ਲਾਵਾਰਿਸ ਹੀ ਰਿਹਾ ਅਤੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਜਿਵੇਂ ਸ਼ਾਹੀ ਕਿਲਾ ਮੁਬਾਰਕ ਢਹਿ-ਢੇਰੀ ਹੋ ਰਹੀਆਂ ਹਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇਥੇ 1923 ਵਿਚ ਜੈਤੋ ਮੋਰਚੇ ਸਮੇਂ ਜੇਲ੍ਹ ਕੱਟੀ ਅਤੇ ਅਨੇਕਾਂ ਦੇਸ਼ ਭਗਤ ਪੈਦਾ ਹੋਏ, ਪਰ ਇਸ ਰਿਆਸਤੀ ਨਗਰੀ ਵਿਚ ਜੈਤੋਂ ਮੋਰਚੇ ਸਬੰਧੀ ਸ਼ਹੀਦਾਂ ਦੀ ਯਾਦਗਾਰ ਨਾ ਬਣ ਸਕੀ। ਸਿਆਸਤਦਾਨਾਂ ਨੇ ਵਕਤ ਦੀਆਂ ਸਰਕਾਰਾਂ ਸਮੇਂ ਆਪਣੀਆਂ ਰੋਟੀਆਂ ਸੇਕਣ ਤੋਂ ਬਿਨਾ ਇਸ ਹਲਕੇ ਅਤੇ ਸ਼ਹਿਰ ਲਈ ਕੁਝ ਵੀ ਨਹੀਂ ਕੀਤਾ।
ਨਾਭਾ ਪਟਿਆਲਾ ਜਿਲੇ ਦਾ ਹਿੱਸਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਵੀ ਇਸ ਨਗਰੀ ਨਾਲ ਮਤਰੇਈ ਮਾਂ ਜਿਹਾ ਸਲੂਕ ਕਰ ਰਹੀ ਹੈ। ਹੁਣ ਉਮੀਦਾਂ ਦੀ ਗਤੀ ਵੀ ਧੀਮੀ ਪੈ ਗਈ ਹੈ, ਪਰ ਕਿਹਾ ਜਾਂਦਾ ਕਿ ਆਸ ਨਹੀਂ ਛਡਣੀ ਚਾਹੀਦੀ, ਭਾਵ ਕੋਈ ਐਸਾ ਸਿਆਸਤਦਾਨ ਤੇ ਸੂਝਵਾਨ ਸ਼ਾਇਦ ਆਵੇ, ਜੋ ਇਸ ਇਤਿਹਾਸਕ ਨਗਰ ਦੀ ਸਾਰ ਲਵੇ। ਇਸ ਨਗਰ ਦੇ ਸੁਧਾਰ ਲਈ ਕੁਝ ਸੁਝਾਓ ਇਸ ਪ੍ਰਕਾਰ ਹਨ:
1. ਨਾਭਾ ਸ਼ਹਿਰ ਪਟਿਆਲਾ ਜਿਲੇ ਦਾ ਹਿੱਸਾ ਹੋਣ ਕਰਕੇ ਕੁਝ ਦਫਤਰ ਇਥੇ ਤਬਦੀਲ ਕੀਤੇ ਜਾਣ ਤਾਂ ਜੋ ਰੋਜ਼ਾਨਾ ਆਵਾਜਾਈ ਵਿਚ ਵਾਧਾ ਹੋਵੇ।
2. ਇਸ ਰਿਆਸਤੀ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਕਰਕੇ ਇਸ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਇਆ ਜਾਵੇ।
3. ਲਿਬਲਰਜ਼ ਹਾਕੀ ਟੂਰਨਾਮੈਂਟ ਚਾਲੂ ਰੱਖਣ ਲਈ ਐਸਟਰੋਟਰਫ ਗਰਾਊਂਡ ਦਾ ਪ੍ਰਬੰਧ ਸਮੇਂ ਦੀ ਮੰਗ ਹੈ ਅਤੇ ‘ਸਾਈ’ ਖੇਡ ਸੈਂਟਰ ਖੋਲ੍ਹਿਆ ਜਾਵੇ ਤਾਂ ਜੋ ਨਵੀਂ ਪੀੜ੍ਹੀ ਦੇ ਬੱਚੇ ਤਕਨੀਕੀ ਸਿਖਲਾਈ ਲੈ ਕੇ ਦੇਸ਼ ਲਈ ਯੋਗਦਾਨ ਪਾ ਸਕਣ।
4. ਦਿੱਲੀ ਤੋਂ ਅੰਮ੍ਰਿਤਸਰ ‘ਖੇਲ ਐਕਸਪ੍ਰੈਸ’ ਰੇਲਗੱਡੀ, ਵਾਇਆ ਪਟਿਆਲਾ-ਨਾਭਾ ਚਾਲੂ ਕੀਤੀ ਜਾਵੇ ਤਾਂ ਕਿ ਖਿਡਾਰੀਆਂ ਨੂੰ ਕਿਸੇ ਔਕੜ ਦਾ ਸਾਹਮਣਾ ਨਾ ਕਰਨਾ ਪਵੇ।
5. ਨਾਭਾ ਨਗਰ ਕੌਂਸਲ ਅਤੇ ਇੰਪਰੂਵਮੈਂਟ ਟਰੱਸਟ ਭਾਵੇਂ ਸ਼ਹਿਰ ਦੀ ਤਰੱਕੀ ਲਈ ਕੰਮ ਕਰ ਰਹੇ ਹਨ, ਪਰ ਸਫਲਤਾ ਉਮੀਦ ਤੋਂ ਕੋਹਾਂ ਦੂਰ ਹੈ। ਇਥੇ ਲੋੜ ਹੈ, ਰੁਜ਼ਗਾਰ ਲਈ ਸਨਅਤਾਂ ਲਾਈਆਂ ਜਾਣ।
6. ਇਸ ਸਦੀ ਨੂੰ ਹਾਈਟੈਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਲਈ ਇਥੇ ਸਾਇੰਟੇਫਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਥੇ ਮਿਨੀ ਯੂਨੀਵਰਸਿਟੀ ਖੋਲ੍ਹਣਾ ਸ਼ਲਾਘਾਯੋਗ ਕਦਮ ਹੋਵੇਗਾ।