ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 23 ਮਈ ਦੇ ਅੰਕ ਵਿਚ ਪ੍ਰੋ. ਬਲਕਾਰ ਸਿੰਘ ਨੇ ਕਰਮਜੀਤ ਸਿੰਘ ਦੇ ‘ਖਾਲਿਸਤਾਨੀ ਐਲਾਨਨਾਮੇ’ ਦਾ ਜੋ ਲੇਖਾ-ਜੋਖਾ ਕੀਤਾ ਹੈ, ਵਿਚਾਰਨਯੋਗ ਤਾਂ ਹੈ ਹੀ, ਇਸ ਵਿਸ਼ੇ ਦਾ ਇੱਕ ਸੰਤੁਲਿਤ ਅਤੇ ਸੰਜੀਦਾ ਦਸਤਾਵੇਜ਼ ਹੋ ਨਿਬੜਿਆ ਹੈ। ਪਤਾ ਨਹੀਂ ਕਿਉਂ ਵਿਦਵਾਨ ਕਰਮਜੀਤ ਸਿੰਘ ਇਹ ਮੰਨਣ ਤੋਂ ਇਨਕਾਰੀ ਹਨ ਕਿ ਬਿੱਲੀ ਦੇ ਅੱਖਾਂ ਮੀਟ ਲੈਣ ਨਾਲ ਕਬੂਤਰ ਨੇ ਗਾਇਬ ਹੋ ਜਾਣਾ ਹੈ।
ਕੁਝ ਸਮਾਂ ਪਹਿਲਾਂ ਲਾਇਬਰੇਰੀ ਬੈਠਿਆਂ ‘ਪ੍ਰੀਤਲੜੀ’ (ਸ਼ਾਇਦ ਫਰਵਰੀ ਅੰਕ) ਦੇ ਵਰਕੇ ਫਰੋਲ ਰਿਹਾ ਸਾਂ ਕਿ ਅਖੀਰਲੇ ਸਫੇ ‘ਤੇ ਕੁਝ ਅਸਪਸ਼ਟ ਜਿਹਾ ਲਿਖਿਆ ਦੇਖਿਆ। ਇਸ ਦਾ ਭਾਵ ਸੀ ਕਿ ਪੰਜਾਬ ‘ਚ ਕਾਲੇ ਦੌਰ ਦੌਰਾਨ ਜਿਨ੍ਹਾਂ ਪੰਥ ਰੱਖਿਆ ਦੇ ਨਾਂ ‘ਤੇ ਮਜਲੂਮਾਂ ਦਾ ਕਤਲੇਆਮ ਹੋਇਆ, ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਮੂੰਹ ‘ਤੇ ਕਾਲਖ ਅਵੱਸ਼ ਮਲਣਗੀਆਂ। ਸ਼ਾਇਦ ਫਰਵਰੀ ਦੇ ਹੀ ਕਿਸੇ ਦਿਨ ਪ੍ਰੀਤਲੜੀ ਦੇ ਨੌਜਵਾਨ ਸੰਪਾਦਕ ਸੁਮੀਤ ਸਿੰਘ ਦਾ ਕਤਲ ਹੋਇਆ ਸੀ। ਜੋ ਸੰਦੇਸ਼ ਇਸ ਰਸਾਲੇ ਨੇ ਮੁੱਖ ਪੰਨੇ ‘ਤੇ ਦੇਣਾ ਸੀ, ਬੜੀ ਮਜਬੂਰੀ ਜਿਹੀ ਵਿਚ ਅਖੀਰੀ ਸਫੇ ‘ਤੇ ਦਿੱਤਾ ਜਾਣਾ ਦਰਸਾਉਂਦਾ ਹੈ ਕਿ ਦਹਿਸ਼ਤ ਦਾ ਸੰਤਾਪ ਹੰਢਾ ਚੁਕੀ ਸੂਝਵਾਨਾਂ ਦੀ ਚਹੇਤੀ ‘ਪ੍ਰੀਤਲੜੀ’ ਅੱਜ ਵੈਂਟੀਲੇਟਰ ‘ਤੇ ਪਈ ਕਿਉਂ ਜਾਪਦੀ ਹੈ! ਅਸਹਿਮਤੀ ਰੱਖਣ ਵਾਲਿਆਂ ਨੂੰ ਗੱਡੀ ਚਾੜ੍ਹ ਦਿਓ। ਮਹਾਰਾਜਾ ਰਣਜੀਤ ਸਿੰਘ ਨੇ ਤਾਂ ਇਸ ਫਲਸਫੇ ਨਾਲ ਲੰਮਾ ਸਮਾਂ ਰਾਜ ਨਹੀਂ ਸੀ ਕੀਤਾ। ਨਾ ਹੀ ਅੱਗੇ ਕਦੀ ਕੀਤਾ ਜਾ ਸਕਦਾ ਹੈ।
ਪੰਜਾਬ ਟਾਈਮਜ਼ ਦੇ ਇਸੇ ਅੰਕ ਵਿਚ ਅਮਰਜੀਤ ਸਿੰਘ ਮੁਲਤਾਨੀ ਨੇ ਪਾਠਕਾਂ ਨੂੰ ਜਿਨ੍ਹਾਂ ਹਕੀਕਤਾਂ ਦੇ ਰੂਬਰੂ ਕਰਵਾਇਆ ਹੈ, ਉਸ ਨੂੰ ਜਾਣਦਿਆਂ-ਸਮਝਦਿਆਂ ਜੇ ਕੁਝ ਲੋਕ ਬੇਮਤਲਬ ਸੁਆਹ ਵਿਚ ਫੂਕਾਂ ਮਾਰਨਾ ਜਾਰੀ ਰੱਖਦੇ ਹਨ ਤਾਂ ਇਹੀ ਕਿਹਾ ਜਾ ਸਕਦਾ ਹੈ, ‘ਲਗੇ ਰਹੋ ਮੁੰਨਾ ਭਾਈ।’
-ਹਰਜੀਤ ਦਿਓਲ, ਬਰੈਂਪਟਨ
ਫੋਨ: 905-676-9242