ਬਲਤੇਜ ਗਿੱਲ
ਪੈਰਾਸਾਈਟ ਨੂੰ ਚਾਰ ਆਸਕਰ ਮਿਲਣ ਕਰਕੇ ਇਹ ਮੁੱਖਧਾਰਾ ‘ਚ ਬੇਹੱਦ ਚਰਚਾ ਵਿਚ ਆ ਗਈ, ਬਹੁ-ਗਿਣਤੀ ਦਰਸ਼ਕਾਂ ਦੇ ਸਵਾਦ ‘ਤੇ ਪਾਤਰ ਦੀ ਕਵਿਤਾ ਢੁਕਦੀ ਹੈ ਕਿ ‘ਕੁਝ ਕੁ ਲੋਕਾਂ ਨੂੰ ਰਾਗ ਦੀ ਸਮਝ ਹੈ, ਇੰਨੀ ਕੁ ਹੀ ਕਿ ਸੋਨੇ ਦੀ ਜੇ ਹੈ, ਬਾਂਸੁਰੀ ਤਾਂ ਬੇਸੁਰੀ ਨਹੀਂ।’ ਖੈਰ, ਜੇ ਇਸ ਬਾਂਸੁਰੀ ਨੂੰ ਸੋਨੇ ਦੀ ਘੋਸ਼ਿਤ ਨਾ ਵੀ ਕੀਤਾ ਜਾਂਦਾ, ਇਹ ਤਾਂ ਵੀ ਬੇਸੁਰੀ ਨਹੀਂ ਸੀ ਹੋਣੀ। ਫਿਲਮ ਬਣਾਉਣ ਵਾਲੇ ਬੋਂਗ ਜੂੰ ਹੋ ਨੂੰ ਪਹਿਲਾਂ ਵੀ ਕੌਮਾਂਤਰੀ ਪੱਧਰ ਦੇ ਕਈ ਅਵਾਰਡ ਆਪਣੀ ਫਿਲਮ ‘ਓਕਜਾ’, ‘ਦ ਹੋਸਟ’, ‘ਮਦਰ’ ਆਦਿ ਫਿਲਮਾਂ ਕਰਕੇ ਮਿਲ ਚੁਕੇ ਹਨ। ਫਿਲਮ ਪੈਰਾਸਾਈਟ ਨੇ ਕੋਰੀਅਨ ਸਿਨੇਮਾ ਦੇ ਸੌਵੇਂ ਵਰ੍ਹੇ ਨੂੰ ਸ਼ਾਨਦਾਰ ਬਣਾ ਦਿੱਤਾ।
ਪੈਰਾਸਾਈਟ ਨੂੰ ਪੰਜਾਬੀ ਵਿਚ ਪਰਜੀਵੀ ਆਖ ਦਿੰਦੇ ਹਨ, ਇਹ ਬਹੁਤ ਹੀ ਛੋਟਾ ਜਿਹਾ ਜੀਵ ਹੁੰਦਾ ਹੈ, ਜੋ ਪੂਰੀ ਤਰ੍ਹਾਂ ਨਾਲ ਕਿਸੇ ਹੋਰ ਜੀਵ ਉਤੇ ਪਲਦਾ ਹੈ। ਪਰਜੀਵੀ ਜਿਸ ਜੀਵ ਉਤੇ ਪਲਦਾ ਹੈ, ਉਸ ਨੂੰ ਪਰਜੀਵੀ ਦੀ ਹੋਂਦ ਦਾ ਕੋਈ ਬਹੁਤਾ ਅਹਿਸਾਸ ਨਹੀਂ ਹੁੰਦਾ। ਪਰਜੀਵੀ ਅੱਗੇ ਕਈ ਤਰ੍ਹਾਂ ਦੇ ਹੁੰਦੇ ਹਨ, ਮੋੜਵਾਂ ਫਾਇਦਾ ਦੇਣ ਵਾਲੇ ਪਰਜੀਵੀ ਵੀ ਹੁੰਦੇ ਹਨ ਤੇ ਸਿਰਫ ਰਕਤ ਚੂਸਣ ਵਾਲੇ ਪਰਜੀਵੀ ਵੀ ਹੁੰਦੇ ਹਨ। ਇਹ ਫਿਲਮ ਵੇਖਣ ਵਾਲਾ ਦਰਸ਼ਕ ਭੰਬਲਭੂਸੇ ਵਿਚ ਪੈ ਜਾਂਦਾ ਹੈ ਕਿ ਪੈਰਾਸਾਈਟ ਕੌਣ ਹੈ? ਵਿਖਾਉਣ ਵਾਲੇ ਨੇ ਕੋਈ ਫੈਸਲਾ ਨਹੀਂ ਸੁਣਾਇਆ, ਉਹਨੇ ਤੁਹਾਡੇ ਸਾਹਮਣੇ ਚੱਲ ਰਹੀ ਦੁਨੀਆਂ ਰੱਖੀ ਹੈ, ਇਸ ਵਿਚ ਚੰਗੇ-ਮਾੜੇ ਦੀ ਪਛਾਣ ਦਾ ਜਿੰਮਾ ਸਰੋਤੇ ‘ਤੇ ਛੱਡ ਦਿੱਤਾ ਹੈ।
ਖੈਰ, ਫਿਲਮ ਦੋ ਵੱਖ-ਵੱਖ ਵਰਗਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਦੀ ਕਹਾਣੀ ਹੈ। ਇੱਕ ਪਰਿਵਾਰ, ਜੋ ਜ਼ਮੀਨ ਤੋਂ ਹੇਠਾਂ ਰਹਿੰਦਾ ਹੈ ਤੇ ਜਿਸ ਦੀ ਫੁੱਟ ਕੁ ਦੀ ਖਿੜਕੀ, ਜੋ ਚਾਨਣ ਲਈ ਰੱਖੀ ਹੈ, ਵਿਚੋਂ ਦੀ ਕਦੇ ਕੋਈ ਮੂਤ ਜਾਂਦਾ ਹੈ, ਕਦੇ ਪੈਰਾਸਾਈਟ ਨੂੰ ਮਾਰਨ ਵਾਲੀ ਦਵਾਈ ਆਉਂਦੀ ਹੈ ਤੇ ਕਦੇ ਦੁਨੀਆਂ ਭਰ ਦਾ ਗੰਦ ਮੀਂਹ ਦੇ ਪਾਣੀ ਨਾਲ ਨਿਰਵਿਘਨ ਆ ਵੜਦਾ ਹੈ।
ਇੱਕ ਦੂਜਾ ਪਰਿਵਾਰ ਹੈ, ਉਸ ਦੀ ਜ਼ਿੰਦਗੀ ਦੀ ਕਹਾਣੀ ਬਿਲਕੁਲ ਵੱਖਰੀ ਹੈ। ਉਸ ਦਾ ਘਰ ਜ਼ਮੀਨ ਤੋਂ ਉਪਰ ਹੈ, ਇੰਨਾ ਉਪਰ ਕਿ ਹੇਠਲੇ ਵਰਗ ਨੂੰ ਪਹੁੰਚਣ ਲਈ ਬਹੁਤ ਸਾਰੀਆਂ ਪੌੜੀਆਂ, ਬਹੁਤ ਸਾਰੇ ਚੜ੍ਹਾਅ ਚੜ੍ਹ ਕੇ ਆਉਣਾ ਪੈਂਦਾ ਹੈ। ਇਨ੍ਹਾਂ ਚੜ੍ਹਾਵਾਂ, ਪੌੜੀਆਂ ਤੋਂ ਬਾਅਦ ਇੱਕ ਵੱਡੇ ਸਾਰੇ ਸ਼ੀਸ਼ੇ ਦੇ ਪਿੱਛੇ ਘਰ ਹੈ, ਜਿਸ ਵਿਚ ਨਿਰਵਿਘਨ ਚਾਨਣ ਆਉਂਦਾ ਹੈ। ਜਿਸ ਮੀਂਹ ਨਾਲ ਉਸ ਸ਼ਹਿਰ ਦੇ ਕਈ ਪਰਿਵਾਰ ਬੇਘਰ ਹੋ ਜਾਂਦੇ ਹਨ, ਉਸ ਮੀਂਹ ਦਾ ਨਜ਼ਾਰਾ ਵੱਡੇ ਘਰ ਦੇ ਸ਼ੀਸ਼ੇ ਤੋਂ ਬਹੁਤ ਹੀ ਰੁਮਾਂਚਿਕ ਦਿਖਦਾ ਹੈ।
ਇਨ੍ਹਾਂ ਦੋਹਾਂ ਤੋਂ ਬਿਨਾ ਇੱਕ ਹੋਰ ਤਰ੍ਹਾਂ ਦੀ ਜ਼ਿੰਦਗੀ ਵੀ ਹੈ, ਜੋ ਬਿਲਕੁਲ ਹੀ ਚਾਨਣ ਤੋਂ ਵਿਹੂਣੀ ਹੈ, ਜੋ ਅਮੀਰ ਲੋਕਾਂ ਨੂੰ ਭੂਤਾਂ ਵਾਂਗ ਦਿਸਦੀ ਹੈ। ਉਹ ਉਨ੍ਹਾਂ ਬਾਰੇ ਸਭ ਕੁਝ ਜਾਣਦੀ ਬੁਝਦੀ ਹੈ, ਪਰ ਅਮੀਰ ਉਹਦੀ ਹੋਂਦ ਤੋਂ ਵੀ ਅਣਜਾਣ ਜਿਉਂਦਾ ਆਪਣੀ ਨਿੱਜਤਾ ਦੀ ਦੁਹਾਈ ਦਿੰਦਾ ਹੈ।
ਫਿਲਮ ਵਿਚ ਉਨ੍ਹਾਂ ਦ੍ਰਿਸ਼ਾਂ ਵਿਚ ਬਹੁਤ ਸਾਰੀ ਬੇਚੈਨੀ ਵਿਖਾਈ ਗਈ ਹੈ, ਜਦ ਦੋ ਗਰੀਬ ਪਰਿਵਾਰ ਇਕੱਠੇ ਹੁੰਦੇ ਹਨ, ਉਨ੍ਹਾਂ ਵਿਚ ਨੌਕਰੀ ਲੈਣ ਦਾ ਮੁਕਾਬਲਾ ਜਾਂ ਕਹਿ ਲਓ ਜਿਉਂਦੇ ਰਹਿਣ ਦਾ ਮੁਕਾਬਲਾ ਇੰਨਾ ਜਿਆਦਾ ਹਿੰਸਕ ਹੈ ਕਿ ਉਹ ਕਦੇ ਇੱਕ ਦੂਜੇ ਦੀ ਮਦਦ ਕਰਦੇ ਨਹੀਂ ਦਿਸਦੇ। ਫਿਲਮ ਵਿਚ ਅਮੀਰ ਪਰਿਵਾਰ ਆਪਣੇ ਹਰ ਕੰਮ ਲਈ ਗਰੀਬ ‘ਤੇ ਨਿਰਭਰ ਹੈ, ਆਪਣੇ ਕੱਪੜੇ ਧਵਾਉਣ ਤੋਂ ਲੈ ਕੇ ਆਉਣ-ਜਾਣ ਦੇ ਹਰ ਕੰਮ ਲਈ। ਗਰੀਬ ਉਨ੍ਹਾਂ ਦੇ ਬਹੁਤ ਨੇੜੇ ਰਹਿ ਕੇ ਵੀ ਬਹੁਤ ਦੂਰ ਹਨ। ਇਹ ਫਰਕ ਇੰਨਾ ਵੱਧ ਹੈ ਕਿ ਅਮੀਰ ਪਰਿਵਾਰ ਨੂੰ ਕਦੇ ਉਨ੍ਹਾਂ ਦੀ ਹੋਂਦ ਮਹਿਸੂਸ ਨਹੀਂ ਹੁੰਦੀ, ਘਰ ਦੀਆਂ ਪੌੜੀਆਂ ਚੜ੍ਹਦੇ ਉਹ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ ਦੇ ਅੰਦਰ ਵੜਦਿਆਂ ਬੱਤੀਆਂ ਕੌਣ ਚਲਾ ਦਿੰਦਾ ਹੈ (ਇਹ ਦ੍ਰਿਸ਼ ਅਸਲ ਵਿਚ ਤਕਨਾਲੋਜੀ ਦੇ ਪਿੱਛੇ ਕੰਮ ਕਰ ਰਹੇ ਕਾਮਿਆਂ ਦੀ ਗੱਲ ਕਰਦਾ ਹੈ)। ਹਰ ਵੇਲੇ ਆਪਣੀ ਨਿੱਜਤਾ ਦਾ ਰੋਣਾ ਰੋਂਦਾ ਅਮੀਰ ਪਰਿਵਾਰ ਕਦੇ ਨਹੀਂ ਜਾਣਦਾ ਕਿ ਉਹ ਆਪਣੇ ਹਰ ਛੋਟੇ ਕੰਮ ਲਈ ਗਰੀਬਾਂ ‘ਤੇ ਨਿਰਭਰ ਹੋਣ ਲਈ ਨਿੱਜਤਾ ਦਾ ਸਿਰਫ ਵਿਖਾਵਾ ਕਰਦੇ ਹਨ।
ਫਿਲਮ ਕਈ ਥਾਂਵਾਂ ‘ਤੇ ਬੋਲਦੀ ਕੁਝ ਹੋਰ ਹੈ, ਦਿਖਾਉਂਦੀ ਕੁਝ ਹੋਰ ਹੈ। ਇਹ ਅਸਲ ਵਿਚ ਮਨੁੱਖਾਂ ਦਾ ਦੋਗਲਾਪਣ ਦਰਸਾਉਂਦੀ ਹੈ, ਇੱਕ ਦ੍ਰਿਸ਼ ਹੈ, ਪਿਛਲੀ ਸੀਟ ‘ਤੇ ਬੈਠਾ ਕਾਰ ਦਾ ਮਾਲਕ ਨਵੇਂ ਰੱਖੇ ਡਰਾਈਵਰ ਨੂੰ ਪਹਿਲੇ ਦਿਨ ਕਹਿੰਦਾ ਹੈ ਕਿ ਤੈਨੂੰ ਘਬਰਾਉਣ ਦੀ ਲੋੜ ਨਹੀਂ, ਇਹ ਤੇਰਾ ਕੋਈ ਟੈਸਟ ਨਹੀਂ ਹੈ, ਪਰ ਇਹ ਕਹਿੰਦਿਆਂ ਜਦੋਂ ਗੱਡੀ ਮੁੜ ਰਹੀ ਹੁੰਦੀ, ਉਹ ਹੱਥ ਵਿਚ ਫੜੀ ਕੌਫੀ ਦੀ ਹਿਲਜੁਲ ਵੱਲ ਵੀ ਧਿਆਨ ਰੱਖਦਾ ਹੈ ਕਿ ਇਹ ਮੋੜ ਕਿੰਨਾ ਕੁ ਆਰਾਮਦੇਹ ਮੁੜਿਆ?
ਇੰਜ ਹੀ ਇੱਕ ਥਾਂ ਮਾਲਕ ਤੇ ਮਾਲਕਣ ਆਪਣੇ ਪੁਰਾਣੇ ਡਰਾਈਵਰ ਸਬੰਧੀ ਗੱਡੀ ਦੀ ਸੀਟ ‘ਤੇ ਸੰਭੋਗ ਕਰਨ ਜਾਂ ਨਸ਼ਾ ਲੈਣ ਬਾਰੇ ਨਫਰਤ ਨਾਲ ਬੋਲਦੇ ਹਨ, ਪਰ ਅਗਲੇ ਦ੍ਰਿਸ਼ਾਂ ਵਿਚ ਉਹ ਆਪ ਆਪਣੇ ਘਰ ਦੇ ਸੋਫੇ ‘ਤੇ ਸੰਭੋਗ ਕਰ ਰਹੇ ਹੁੰਦੇ ਹਨ, ਜਿਸ ਵਿਚ ਉਹਦੀ ਘਰ ਵਾਲੀ ‘ਮੈਨੂੰ ਨਸ਼ਾ ਚਾਹੀਦਾ, ਮੈਨੂੰ ਨਸ਼ਾ ਚਾਹੀਦਾ’ ਕਹਿੰਦੀ ਹੈ। ਇਹ ਸਭ ਉਹ ਗਰੀਬ ਪਰਿਵਾਰ ਦੀ ਐਨ ਮੌਜੂਦਗੀ ਵਿਚ ਕਰਦੇ ਹਨ, ਜਿਸ ਦਾ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ।
ਆਖਰੀ ਦ੍ਰਿਸ਼ ਵਿਚ ਵੀ ਜਦੋਂ ਅਮੀਰ ਪਰਿਵਾਰ ਕਲਪਿਤ ਹਿੰਸਾ ਕਰਨੀ ਚਾਹੁੰਦੇ ਹੁੰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਅਨੰਦ ਆਉਣਾ ਹੁੰਦਾ ਹੈ ਤਾਂ ਗਰੀਬ ਪਰਿਵਾਰ ਸੋਚੀ ਹੋਈ ਹਿੰਸਾ ਨੂੰ ਅਸਲੀਅਤ ਵਿਚ ਬਦਲ ਦਿੰਦੇ ਹਨ ਤੇ ਅਮੀਰਾਂ ਦਾ ਕਾਲਪਨਿਕ ਨਾਇਕ ਤਾਂ ਇਹ ਸਭ ਵੇਖ ਹੀ ਨਹੀਂ ਪਾਉਂਦਾ। ਅਮੀਰਾਂ ਨੂੰ ਗਰੀਬਾਂ ਤੋਂ ਆਉਂਦੀ ਬੋਅ ਵੀ ਇੱਕ ਅਣਮਨੁੱਖੀ ਬਿੰਬ ਹੈ, ਜੋ ਹਿੰਸਾ ਨੂੰ ਜਨਮ ਦਿੰਦਾ ਹੈ। ਅਮੀਰ ਸਾਰੀ ਜ਼ਿੰਦਗੀ ਜਿਨ੍ਹਾਂ ‘ਤੇ ਨਿਰਭਰ ਰਹਿੰਦੇ ਹਨ, ਉਨ੍ਹਾਂ ਤੋਂ ਕ੍ਰਹਿਤ ਮਹਿਸੂਸ ਕਰਦੇ ਹਨ। ਆਖਰੀ ਦ੍ਰਿਸ਼ ਦੀ ਹਿੰਸਾ ਵੀ ਅਮੀਰ ਦੀ ਆਪਣੇ ਨਿਆਣੇ ਪ੍ਰਤੀ ਬੇਹੱਦ ਮੋਹ ਤੇ ਦੂਜੇ ਨੂੰ ਮਰਨ ਲਈ ਛੱਡ ਦੇਣ ਦਾ ਪ੍ਰਗਟਾਵਾ ਹੈ। ਆਖਰੀ ਦ੍ਰਿਸ਼ ਦੱਸਦਾ ਹੈ ਕਿ ਗਰੀਬ ਬੰਦੇ ਜਿਨ੍ਹਾਂ ਲੋਕਾਂ ਦੀ ਬਹੁਤ ਇੱਜਤ ਕਰਦੇ ਨੇ, ਉਹ ਗਰੀਬਾਂ ਦੀ ਜਾਨ ਤੱਕ ਦੀ ਪ੍ਰਵਾਹ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਤਾਂ ਗਰੀਬਾਂ ਤੋਂ ਬੋਅ ਆਉਂਦੀ ਏ।
ਫਿਲਮ ਇਸ ਤੋਂ ਅੱਗੇ ਵੀ ਸੋਚਦੀ ਹੈ; ਅਮੀਰ ਪਰਿਵਾਰ ਦੇ ਦੋ ਜਵਾਕਾਂ ਵਿਚੋਂ ਕੁੜੀ ਦਾ ਨਜ਼ਰੀਆ ਵੱਖਰਾ ਹੁੰਦਾ ਹੈ, ਉਹ ਆਪਣੇ ਪਿਆਰ ਦੇ ਵਿਖਾਵੇ ਨੂੰ ਨਫਰਤ ਕਰਦੀ ਹੈ, ਆਪਣੇ ਭਰਾ ਦੇ ਵਿਖਾਵੇ ਦੀ ਕਲਾ ਨੂੰ ਤੇ ਪਾਰਟੀਆਂ ਨੂੰ। ਫਿਲਮ ਦਾ ਹਰ ਦ੍ਰਿਸ਼ ਇੱਕ ਨਵੀਂ ਗੱਲਬਾਤ ਖੋਲ੍ਹ ਕੇ ਦੱਸਦਾ ਤੁਰਿਆ ਜਾਂਦਾ ਹੈ। ਜਿਵੇਂ ਇੱਕ ਅਮੀਰ ਪਰਿਵਾਰ ਦੀ ਥਾਂ ਦੂਜਾ ਅਮੀਰ ਪਰਿਵਾਰ ਆ ਜਾਂਦਾ ਹੈ, ਉਵੇਂ ਹੀ ਜ਼ਮੀਨ ਤੋਂ ਥੱਲੇ ਬੰਕਰ ਵਿਚ ਰਹਿਣ ਵਾਲੇ ਬਦਲ ਜਾਂਦੇ ਹਨ। ਤੇ ਜ਼ਿੰਦਗੀ ਇਵੇਂ ਹੀ ਇੱਕ ਹੋਰ ਉਮੀਦ ਨਾਲ ਇੱਕ ਨਵਾਂ ਗੇੜਾ ਸ਼ੁਰੂ ਕਰ ਲੈਂਦੀ ਹੈ, ਇੱਕ ਸੁੰਨ-ਮਸੁੰਨ ਜਿਹਾ ਗੇੜਾ!