ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਮਨਮਸਤਕ ਵਿਚ ਆਸਥਾ ਹੁੰਦੀ ਹੈ ਕਿ ਸਾਡੇ ਰਹਿੰਦੇ ਕਾਰਜ ਨੇਪਰੇ ਚੜ੍ਹ ਜਾਣਗੇ, ਵਿਗੜੇ ਕਾਰਜ ਸੰਵਰ ਜਾਣਗੇ, ਡਰ ਦੂਰ ਹੋ ਜਾਣਗੇ, ਚਿੰਤਾ ਮੁੱਕ ਜਾਵੇਗੀ ਤੇ ਹਿਰਦੇ ਵਿਚ ਠੰਢ ਵਰਤ ਜਾਵੇਗੀ। ਹੋਰ ਤਾਂ ਹੋਰ, ਅਸੀਂ ਨਫਰਤ ਦੀ ਅੱਗ ਵਿਚ ਸੜਨ ਦੀ ਥਾਂ ਮੁਹੱਬਤ ਦੇ ਮੁਜੱਸਮੇ ਹੋ ਜਾਂਦੇ ਹਾਂ।
ਉਥੇ ਗਿਆਂ ਹਰ ਕਿਸੇ ਨਾਲ ਅਜਿਹਾ ਹੁੰਦਾ ਹੈ, ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਅਸੀਂ ਸਿਰਫ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਬਾਰੇ ਹੀ ਦੱਸ ਸਕਦੇ ਹਾਂ ਕਿ ਅਸੀਂ ਕਿਸ ਹਾਲ ਵਿਚ ਸੱਚਖੰਡ ਵਿਖੇ ਗਏ ਸਾਂ ਤੇ ਕਿਸ ਸੂਰਤ ਵਿਚ ਬਾਹਰ ਆਏ ਹਾਂ। ਕੋਈ ਕੀ ਦੱਸ ਸਕਦਾ ਹੈ!
ਸ੍ਰੀ ਹਰਿਮੰਦਰ ਸਾਹਿਬ ਤੋਂ ਪਹਿਲਾਂ ਹਿੰਦੂਆਂ ਦੇ ਤੀਰਥ ਅਸਥਾਨ ਹੋਰ ਸਨ ਤੇ ਮੁਸਲਮਾਨਾਂ ਦੇ ਮਰਕਜ਼ ਹੋਰ ਸਨ। ਹਿੰਦੂ ਗੰਗਾ ਤੇ ਬਨਾਰਸ ਨੂੰ ਪਵਿੱਤਰ ਮੰਨਦੇ ਸਨ ਅਤੇ ਮੁਸਲਮਾਨ ਕਾਬੇ ਤੇ ਮੱਕੇ ਨੂੰ ਮੁਕੱਦਸ ਮੰਨਦੇ ਸਨ। ਹਿੰਦੂ ਲੋਕ ਦੇਹੁਰਿਆਂ ਵਿਚ ਪੂਜਾ ਅਰਚਾ ਕਰਕੇ ਮੁਕਤੀ ਮਹਿਸੂਸ ਕਰਦੇ ਸਨ ਤੇ ਮੁਸਲਿਮ ਮਸੀਤਾਂ ਵਿਚ ਨਮਾਜ਼ ਅਦਾ ਕਰਕੇ ਸੁਰਖਰੂ ਹੋ ਗਏ ਮਹਿਸੂਸ ਕਰਦੇ ਸਨ।
ਇਨ੍ਹਾਂ ਅਸਥਾਨਾਂ ਦੇ ਚਮਤਕਾਰ ਤੇ ਕਰਾਮਾਤ ਦਾ ਕੁਝ ਹਿੱਸਾ ਅਸੀਂ ਅੱਖਾਂ ਨਾਲ ਦੇਖ ਸਕਦੇ ਹਾਂ ਤੇ ਕੁਝ ਕੰਨਾਂ ਨਾਲ ਸੁਣ ਸਕਦੇ ਹਾਂ। ਇਨ੍ਹਾਂ ਅਸਥਾਨਾਂ ਵਿਖੇ ਅੱਖਾਂ ਨੂੰ ਦਿਖਣ ਵਾਲਾ ਦ੍ਰਿਸ਼ ਅਤੇ ਕੰਨਾਂ ਨਾਲ ਸੁਣਿਆ ਜਾਣ ਵਾਲਾ ਆਦੇਸ਼ ਬੇਸ਼ੱਕ ਅਲੱਗ ਅਲੱਗ ਹੁੰਦਾ ਹੈ, ਪਰ ਸਾਡੇ ਮਨਮਸਤਕ ‘ਤੇ ਪੈਣ ਵਾਲਾ ਅਸਰ ਇੱਕੋ ਜਿਹਾ ਹੁੰਦਾ ਹੈ। ਮੰਦਿਰ ਵੱਲ ਜਾਣ ਸਮੇਂ ਹਿੰਦੂ ਦਾ ਹਿਰਦਾ ਵੀ ਉਹੋ ਜਿਹਾ ਹੁੰਦਾ ਹੈ, ਜਿਹੋ ਜਿਹਾ ਕਿਸੇ ਮੁਸਲਿਮ ਦਾ ਮਸਜਿਦ ਵਿਖੇ ਜਾਣ ਸਮੇਂ ਹੁੰਦਾ ਹੈ। ਇੱਥੋਂ ਤੱਕ ਕਿ ਉਥੋਂ ਬਾਹਰ ਆਉਣ ਸਮੇਂ ਵੀ ਉਨ੍ਹਾਂ ਦੇ ਚਿਹਰਿਆਂ ‘ਤੇ ਉਤਰਿਆ ਇਤਮੀਨਾਨ ਤੇ ਸਹਿਜ ਇੱਕੋ ਜਿਹਾ ਹੁੰਦਾ ਹੈ।
ਸਾਡੀਆਂ ਹਕੂਮਤਾਂ ਦਾ ਇਨ੍ਹਾਂ ਅਸਥਾਨਾਂ ਦੀ ਅਦਿੱਖ ਅਤੇ ਅੰਦਰੂਨੀ ਏਕਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹ ਸਦਾ ਅਲਹਿਦਗੀ ਪਸੰਦ ਹੁੰਦੀਆਂ ਹਨ ਤੇ ਉਨ੍ਹਾਂ ਦਾ ਦਾਰੋਮਦਾਰ ਅਲਹਿਦਗੀ ‘ਤੇ ਹੀ ਮੁਨੱਸਰ ਕਰਦਾ ਹੈ। ਇਸੇ ਕਰਕੇ ਉਨ੍ਹਾਂ ਨੂੰ ਇਨ੍ਹਾਂ ਅਸਥਾਨਾਂ ਵਿਚੋਂ ਕੋਈ ਨਾ ਕੋਈ ਰੜਕਦੀ ਰਹਿੰਦੀ ਹੈ, ਜਿਸ ਕਰਕੇ ਉਹ ਹਮੇਸ਼ਾ ਇਨ੍ਹਾਂ ਵਿਚੋਂ ਕਿਸੇ ਇਕ ਤਰ੍ਹਾਂ ਦੇ ਅਸਥਾਨ ਨੂੰ ਗਿਰਾ ਕੇ ਮਲੀਆਮੇਟ ਕਰਨ ਦੇ ਮਨਸੂਬੇ ਘੜਦੀਆਂ ਰਹਿੰਦੀਆਂ ਹਨ।
ਸਾਡੇ ਰਾਜਸੀ ਇਤਿਹਾਸ ਕਿਸੇ ਇਕ ਤਰ੍ਹਾਂ ਦੇ ਅਸਥਾਨਾਂ ਨੂੰ ਉਸਾਰਨ ਦੇ ਇਤਿਹਾਸ ਹਨ ਤੇ ਦੂਜੀ ਤਰ੍ਹਾਂ ਦੇ ਅਸਥਾਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਡੇਗ ਦੇਣ ਦੇ ਇਤਿਹਾਸ ਹਨ। ਇਤਿਹਾਸ ਦੀਆਂ ਅੱਖਾਂ ਨੇ ਕਿਤੇ ਸੋਮਨਾਥ ਦਾ ਮੰਦਿਰ ਢਹਿੰਦਾ ਦੇਖਿਆ ਹੈ, ਕਿਤੇ ਬੁੱਧ ਦੀ ਮੂਰਤ ਟੁੱਟਦੀ ਦੇਖੀ ਹੈ ਤੇ ਕਦੇ ਬਾਬਰੀ ਮਸਜਿਦ ਮਲੀਆਮੇਟ ਹੁੰਦੀ ਦੇਖੀ ਹੈ।
ਕਦੇ ਅਬਦਾਲੀ ਹਰਿਮੰਦਰ ਡੇਗਦਾ ਹੈ ਅਤੇ ਕਦੀ ਰਣਜੀਤ ਸਿੰਘ ਆਪਣੇ ਜੋੜੇ ਤੇ ਘੋੜੇ ਸਮੇਤ ਲਾਹੌਰ ਦੀ ਸ਼ਾਹੀ ਮਸਜਿਦ ਵਿਚ ਜਾ ਵੜਦਾ ਹੈ। ਕਦੇ ਖਾਲਸਾ ਧਾੜਵੀਆਂ ਤੋਂ ਅਬਲਾ ਬੱਚੀਆਂ ਖੋਹ ਕੇ ਘਰ ਘਰ ਪਹੁੰਚਾਉਂਦਾ ਹੈ ਤੇ ਕਦੇ ਰਣਜੀਤ ਸਿੰਘ ਆਪਣੀ ਸ਼ਾਹੀ ਮੰਡਲੀ ਵਿਚ ਜਮਾਂ ਕੀਤੀਆਂ ਸਵਾ ਸੌ ਸੋਹਣੀਆਂ ਸੁਨੱਖੀਆਂ ਲੜਕੀਆਂ ਵਿਚੋਂ ਪੱਚੀ ਸਾਲ ਤੋਂ ਉਪਰ ਵਾਲੀਆਂ ਨੂੰ ਆਪਣੇ ਅਹਿਲਕਾਰਾਂ ਨੂੰ ਤੋਹਫੇ ਵਜੋਂ ਦੇ ਦਿੰਦਾ ਹੈ। ਇਤਿਹਾਸ ਦੇ ਅਜਿਹੇ ਉਤਾਰ-ਚੜ੍ਹਾਅ ਜ਼ਮਾਨੇ ਦੀ ਅੱਖ ਨੇ ਖੁਦ ਦੇਖੇ ਹਨ।
ਸੰਤਾਲੀ ਪਿਛੋਂ ਇਧਰਲੇ ਪਿੰਡਾਂ ਦੀਆਂ ਮਸੀਤਾਂ ਵਿਚ ਬਣੇ ਗੁਰਦੁਆਰੇ ਦੇਖੇ ਹਨ ਤੇ ਉਧਰਲੇ ਪੰਜਾਬ ਦੇ ਪੇਂਡੂ ਗੁਰਦੁਆਰਿਆਂ ਦਾ ਹਸ਼ਰ ਸਾਨੂੰ ਪਤਾ ਨਹੀਂ ਹੈ। ਹੋਰ ਤਾਂ ਹੋਰ ਇਨ੍ਹਾਂ ਗੁਨਾਹਗਾਰ ਅੱਖਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਦਰੜਦੇ ਫੌਜੀ ਟੈਂਕ ਦੇਖੇ ਹਨ, ਚੱਲਦੀਆਂ ਏ. ਕੇ. ਸੰਤਾਲੀਆਂ ਤੇ ਤੋਪਾਂ ਦੀ ਗੜਗੜਾਹਟ ਸੁਣੀ ਹੈ।
ਹਕੂਮਤਾਂ ਕੋਈ ਵੀ ਹੋਣ, ਉਹ ਜਦ ਤੱਕ ਵੀ ਰਹਿਣਗੀਆਂ, ਅਜਿਹੇ ਕਾਰੇ ਕਰਦੀਆਂ ਹੀ ਰਹਿਣਗੀਆਂ ਤੇ ਆਪਣੇ ਅਜਿਹੇ ਕੁਕਰਮਾਂ ਤੋਂ ਕਦੇ ਬਾਜ ਨਹੀਂ ਆਉਣਗੀਆਂ। ਤਮਾਮ ਹਕੂਮਤਾਂ ਦੀ ਇੱਕ ਹੀ ਪਰਿਭਾਸ਼ਾ ਹੈ, ‘ਪਾੜੋ ਤੇ ਰਾਜ ਕਰੋ।’
ਇਹ ਤਾਂ ਜੁੜੇ ਹੋਏ ਲੋਕਾਂ ਨੂੰ ਪਾੜ ਦਿੰਦੀਆਂ ਹਨ ਤੇ ਜੋ ਪਹਿਲੋਂ ਹੀ ਪਾਟੇ ਹੋਏ ਹੋਣ, ਉਥੇ ਤਾਂ ਇਨ੍ਹਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ, ਮੁਫਤੋ ਮੁਫਤੀ ਕੰਮ ਸੌਰ ਜਾਂਦਾ ਹੈ। ਹਕੂਮਤਾਂ ਅਸਲ ਕੈਚੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੂਈ-ਧਾਗੇ ਨਾਲ ਅੰਦਰੋਂ ਈਰਖਾ ਹੁੰਦੀ ਹੈ।
ਗੁਰੂ ਸਾਹਿਬਾਨ ਨੇ ਮਾਨਵੀ ਆਸਥਾ ਦੇ ਇਨ੍ਹਾਂ ਅਸਥਾਨਾਂ ਵਿਚ ਕੋਈ ਸਾਂਝ ਦਾ ਸੂਤਰ ਦੇਖਿਆ, ਜਿਹਦੇ ਆਧਾਰ ‘ਤੇ ਉਨ੍ਹਾਂ ਨੇ ਇਨ੍ਹਾਂ ਦੀ ਅਲਹਿਦਗੀ ਵਿਚ ਕਿਸੇ ਅੰਦਰੂਨੀ ਅਤੇ ਅਦਿੱਖ ਏਕਤਾ ਦੀ ਦੱਸ ਪਾਈ। ਅਲਹਿਦਗੀ ਤੋਂ ਪਾਰ ਜਾ ਚੁਕੇ ਸੱਜਣ ਪੁਰਸ਼ਾਂ ਨੂੰ ਉਨ੍ਹਾਂ ਨੇ ਸਿੱਖ ਆਖਿਆ ਤੇ ਉਨ੍ਹਾਂ ਲਈ ਅਜਿਹੇ ਧਰਮ ਅਸਥਾਨ ਦਾ ਨਿਰਮਾਣ ਕੀਤਾ, ਜਿਹਦੀ ਪਛਾਣ ਅਲਹਿਦਗੀ ਵਿਚ ਨਹੀਂ, ਸਗੋਂ ਸਾਂਝੀਵਾਲਤਾ ਵਿਚ ਹੈ; ਜਿੱਥੇ ਤਮਾਮ ਦੂਰੀਆਂ ਸਿਮਟ ਜਾਂਦੀਆਂ ਹਨ ਤੇ ਭੇਦ ਭਾਵ ਮਿਟ ਜਾਂਦੇ ਹਨ। ਜਿੱਥੇ ਜੋ ਵੀ ਆਵੇ, ਉਹ ਹਿੰਦੂ ਜਾਂ ਮੁਸਲਿਮ ਨਹੀਂ ਰਹਿੰਦਾ, ਸਗੋਂ ਗੁਰੂ ਕਾ ਸਿੱਖ ਹੁੰਦਾ ਹੈ। ਜਿਸ ਅੱਖ ਨੂੰ ਇੱਥੇ ਆਇਆ ਕੋਈ ਵੀ ਤੀਰਥ ਯਾਤਰੀ ਹਿੰਦੂ ਜਾਂ ਮੁਸਲਿਮ ਦਿਖਦਾ ਹੈ, ਉਹ ਅੱਖ ਕਿਸੇ ਸਿੱਖ ਦੀ ਨਹੀਂ ਹੋ ਸਕਦੀ।
ਗੁਰੂ ਸਾਹਿਬ ਨੇ ਇਸ ਅਸਥਾਨ ਦਾ ਨੀਂਹ-ਪੱਥਰ ਉਸ ਹਸਤੀ ਤੋਂ ਰਖਵਾਇਆ, ਜੋ ਹਕੂਮਤ ਦੀ ਨਜ਼ਰ ਵਿਚ ਮੁਸਲਮਾਨ ਸੀ, ਪਰ ਗੁਰੂ ਦੀ ਨਜ਼ਰ ਵਿਚ ਸਿੱਖ ਸੀ। ਇਸ ਅਸਥਾਨ ਵਿਖੇ ਕੀਰਤਨ ਦੀ ਸੇਵਾ ਉਨ੍ਹਾਂ ਨੂੰ ਬਖਸ਼ੀ ਗਈ, ਜੋ ਹਕੂਮਤ ਦੀ ਨਜ਼ਰ ਵਿਚ ਮੁਸਲਿਮ ਸਨ, ਪਰ ਸੱਚੇ ਪਾਤਸ਼ਾਹ ਲਈ ਸੱਚੇ ਸਿੱਖ ਸਨ।
ਮੁਸਲਮਾਨਾਂ ਨੂੰ ਸੱਚੇ ਸੁੱਚੇ ਸਿੱਖ ਸਮਝਣ ਵਾਲੇ ਪਾਤਸ਼ਾਹ ਬਾਦਸ਼ਾਹਾਂ ਦੀ ਨਜ਼ਰ ਵਿਚ ਕਾਫਰ ਸਨ ਤੇ ਉਨ੍ਹਾਂ ਨੇ ਉਨ੍ਹਾਂ ਨਾਲ ਕਾਫਰਾਂ ਵਾਲਾ ਸਲੂਕ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕੜਾਕੇ ਦੀ ਧੁੱਪ ਵਿਚ ਤੱਤੀ ਤਵੀ ‘ਤੇ ਬਹਾ ਕੇ ਸ਼ਹੀਦ ਕਰ ਦਿੱਤਾ ਗਿਆ। ਨੌਵੇਂ ਪਾਤਸ਼ਾਹ ਦੇ ਸਿਦਕੀ ਅਤੇ ਸੂਰਮੇ ਸਿੱਖਾਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਕਿਸੇ ਨੂੰ ਦੋ ਫੱਟਿਆਂ ਵਿਚਾਲੇ ਨਰੜ ਕੇ ਚੀਰ ਦਿੱਤਾ ਗਿਆ, ਕਿਸੇ ਨੂੰ ਲੋਗੜ ਵਿਚ ਲਪੇਟ ਕੇ ਸਾੜ ਦਿੱਤਾ ਗਿਆ ਤੇ ਕਿਸੇ ਨੂੰ ਦੇਗ ਵਿਚ ਬਹਾਲ ਕੇ ਉਬਾਲ ਦਿੱਤਾ ਗਿਆ। ਅਖੀਰ ਅਡੋਲ ਪਾਤਸ਼ਾਹ ਦਾ ਸੀਸ ਕਲਮ ਕਰ ਦਿੱਤਾ ਗਿਆ।
ਦਸਮੇਸ਼ ਪਿਤਾ ਨੂੰ ਉਜਾੜ ਦਿੱਤਾ ਗਿਆ, ਪਰਿਵਾਰ ਵਿਛੋੜ ਦਿੱਤਾ ਗਿਆ, ਪਿਆਰੇ ਸਿੱਖ ਤੇ ਵੱਡੇ ਬੇਟੇ ਮੈਦਾਨ-ਏ-ਜੰਗ ਵਿਚ ਕਤਲ ਕਰ ਦਿੱਤੇ ਗਏ ਤੇ ਨਿਕੜੇ ਮਾਸੂਮ ਬਾਲ ਨੀਂਹਾਂ ‘ਚ ਚਿਣ ਕੇ ਮਾਰ ਦਿੱਤੇ ਗਏ। ਹਕੂਮਤ ਲਈ ਇਹ ਸਾਰੇ ਭਿਆਨਕ ਕਤਲ ਸਨ, ਪਰ ਸਾਡੇ ਲਈ ਇਹ ਲਾਮਿਸਾਲ ਸ਼ਹਾਦਤ ਦੇ ਪੁੰਜ ਸਨ।
ਜਿਸ ਤਰ੍ਹਾਂ ਹਿੰਦੂ ਤੇ ਮੁਸਲਮਾਨ ਨੂੰ ਅਲਹਿਦਗੀ ਵਿਚ ਦੇਖਿਆ ਜਾਂਦਾ ਹੈ, ਅੱਜ ਸਿੱਖ ਨੂੰ ਵੀ ਉਸੇ ਤਰ੍ਹਾਂ ਦੀ ਅਲਹਿਦਗੀ ਵਿਚ ਦੇਖਿਆ ਜਾਣ ਲੱਗ ਪਿਆ ਹੈ। ਸਿੱਖ ਹੁਣ ਸਾਂਝੀਵਾਲਤਾ ਤੇ ਵੰਨ-ਸੁਵੰਨਤਾ ਦਾ ਪਰਿਆਇ ਨਹੀਂ ਰਿਹਾ, ਸਗੋਂ ਅਲਹਿਦਗੀ ਪਸੰਦ ਅਤੇ ਵੱਖਵਾਦੀ ਰੁਚੀਆਂ ਦਾ ਧਾਰਨੀ ਹੋ ਗਿਆ ਹੈ। ਕਿਸੇ ਭਲੇ ਵਕਤ ਹਿੰਦੂ-ਮੁਸਲਿਮ ਦੀ ਕਾਣ ਮੇਟਣ ਦਾ ਸਬੱਬ ਬਣਿਆ ਸਿੱਖ ਅੱਜ ਖੁਦ ਉਸ ਕਾਣ ਦਾ ਸ਼ਿਕਾਰ ਹੋ ਗਿਆ ਹੈ। ਆਮ ਸਿੱਖਾਂ ਦੀ ਗੱਲ ਛੱਡੋ, ਉਹ ਕਾਣ ਵਿਦਵਾਨ ਸਿੱਖਾਂ ਦੀ ਅੱਖ ਵਿਚ ਵੀ ਆ ਚੁਕੀ ਹੈ।
ਸਾਂਝੀਵਾਲਤਾ ਮਹਿਜ਼ ਇਕ ਜੁਮਲਾ ਬਣ ਕੇ ਰਹਿ ਗਿਆ ਹੈ ਤੇ ‘ਸਰਬੱਤ ਦਾ ਭਲਾ’ ਅਰਦਾਸ ਦੇ ਆਖਰੀ ਵਾਕੰਸ਼ ਤੋਂ ਵੱਧੇ ਕੋਈ ਮਹੱਤਵ ਨਹੀਂ ਰੱਖਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੁਣ ਸੇਵਾ ਨਹੀਂ ਰਹੀ, ਪ੍ਰਬੰਧ ਹੋ ਚੁਕੀ ਹੈ। ਇੱਥੋਂ ਦੀ ਸੇਵਾ ਹੁਣ ਸੇਵਾਦਾਰਾਂ ਦੇ ਹੱਥਾਂ ਵਿਚੋਂ ਖਿਸਕ ਕੇ ਪ੍ਰਬੰਧਕ ਕਮੇਟੀ ਦੇ ਮੈਨੇਜਰਾਂ ਦੇ ਹੱਥ ਵਿਚ ਜਾ ਚੁਕੀ ਹੈ ਤੇ ਉਥੇ ਹੁਣ ਸਭ ਕੁਝ ਮੈਨੇਜ ਹੁੰਦਾ ਹੈ।
ਪ੍ਰਬੰਧਕ ਕਮੇਟੀ ਦੀ ਚੋਣ ਵੀ ਉਸ ਤਰ੍ਹਾਂ ਨਹੀਂ ਹੁੰਦੀ, ਜਿਸ ਤਰ੍ਹਾਂ ਕਿਸੇ ਵਕਤ ਸ੍ਰੀ ਕੇਸਗੜ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਹੋਈ ਸੀ। ਹੁਣ ਇਸ ਪ੍ਰਬੰਧਕ ਕਮੇਟੀ ਦੀ ਚੋਣ ਐਨ ਉਸੇ ਤਰ੍ਹਾਂ ਹੁੰਦੀ ਹੈ, ਜਿਸ ਤਰ੍ਹਾਂ ਹਕੂਮਤ ਚੁਣੀ ਜਾਂਦੀ ਹੈ; ਜਿਸ ਤਰ੍ਹਾਂ ਪੰਚ, ਸਰਪੰਚ, ਐਮ. ਐਲ਼ ਏ. ਜਾਂ ਐਮ. ਪੀ. ਚੁਣੇ ਜਾਂਦੇ ਹਨ; ਜਿਸ ਤਰ੍ਹਾਂ ਮੰਤਰੀ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਚੋਣ ਹੁੰਦੀ ਹੈ। ਇਸ ਤਰ੍ਹਾਂ ਚੁਣੇ ਹੋਏ ਲੋਕ ਹਰ ਕੰਮ ਉਸੇ ਤਰ੍ਹਾਂ ਕਰਦੇ ਹਨ ਤੇ ਉਸੇ ਤਰ੍ਹਾਂ ਦੇ ਸਕੈਂਡਲ ਕਰਦੇ ਹਨ। ਇੱਥੋਂ ਦੀ ਪ੍ਰਬੰਧਕ ਕਮੇਟੀ ਹੁਣ ਹਕੂਮਤ ਦਾ ਰੂਪ ਵਟਾ ਚੁਕੀ ਹੈ ਤੇ ਉਹੀ ਕਿਰਦਾਰ, ਅਨਾਚਾਰ ਤੇ ਦੁਰਾਚਾਰ ਅਪਨਾ ਚੁਕੀ ਹੈ, ਜਿਹਦਾ ਕਿਸੇ ਨੂੰ ਹੱਲ ਵੀ ਨਜ਼ਰ ਨਹੀਂ ਆਉਂਦਾ।
ਹੁਣ ਇਸ ਪ੍ਰਬੰਧਕ ਕਮੇਟੀ ਲਈ ਵੀ ਕੋਈ ਹਿੰਦੂ-ਮੁਸਲਿਮ ਕੋਈ ਸਿੱਖ ਹੁੰਦਾ ਹੈ। ਹੁਣ ਇੱਥੇ ਮਰਦਾਨਾ ਰਬਾਬ ਨਹੀਂ ਵਜਾ ਸਕਦਾ ਤੇ ਨੰਦਲਾਲ ਪਾਠ ਨਹੀਂ ਕਰ ਸਕਦਾ। ਹੁਣ ਮਰਦਾਨੇ ਨੂੰ ਰਬਾਬ ਵਜਾਉਣੀ ਆਵੇ ਜਾ ਨਾ ਆਵੇ, ਪਰ ਉਹਨੂੰ ਮਰਦਾਨਾ ਸਿੰਘ ਹੋਣਾ ਪਵੇਗਾ ਤੇ ਗੁਰੂ ਕੇ ਲਾਲ, ਭਾਈ ਨੰਦ ਲਾਲ ਜੀ ਨੂੰ ਨੰਦਲਾਲ ਸਿੰਘ ਹੋਣਾ ਪਵੇਗਾ।
ਮੇਰਾ ਇਕ ਮਲਵਈ ਦੋਸਤ ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂ ਫਿਲਾਸਫੀ ‘ਚ ਪੀਐਚ.ਡੀ. ਕਰਕੇ ਮੇਰੇ ਕੋਲ ਆਇਆ ਤੇ ਚਾਰ ਪੰਜ ਦਿਨ ਮੇਰੇ ਕੋਲ ਰਿਹਾ। ਇਕ ਦਿਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਚਲਾ ਗਿਆ। ਵਾਪਸ ਆਇਆ ਤਾਂ ਉਹਦੇ ਮੱਥੇ ‘ਤੇ ਸ਼ਿਕਨ ਦੇ ਨਿਸ਼ਾਨ ਉਭਰੇ ਹੋਏ ਸਨ। ਮੈਂ ਹੈਰਾਨ ਹੋਇਆ ਤੇ ਉਹਨੂੰ ਕਾਰਨ ਪੁੱਛਿਆ। ਕਹਿਣ ਲੱਗਾ, “ਉਹ ਤਾਂ ਗਡੋਡੂਆਂ ਨਾਲ ਭਰਿਆ ਪਿਆ।” ਮੈਂ ‘ਗਡੋਡੂਆਂ’ ਦਾ ਅਰਥ ਪੁੱਛਿਆ ਤਾਂ ਉਹਨੇ ‘ਹਿੰਦੂ’ ਦੱਸਿਆ। ਉਹਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਿੰਦੂਆਂ ਦੀ ਹਾਜ਼ਰੀ ਬੜੀ ਹੀ ਦੁਖਦਾਇਕ ਸੀ। ਜੇ ਕਿਤੇ ਉਹ ਚਾਰ ਮੁਸਲਮਾਨ ਵੀ ਦੇਖ ਲੈਂਦਾ ਤਾਂ ਸ਼ਾਇਦ ਉਥੇ ਹੀ ਪਾਟ ਕੇ ਖਿੱਲਰ ਜਾਂਦਾ ਤੇ ਕਦੀ ਵਾਪਸ ਨਾ ਆਉਂਦਾ।
ਉਸ ਦੋਸਤ ਦਾ ਹਾਲ ਦੇਖ ਕੇ ਮੇਰੀਆਂ ਅੱਖਾਂ ਵਿਚ ਲਹੂ ਦੇ ਅੱਥਰੂ ਉਤਰ ਆਏ। ਮੇਰਾ ਜੀ ਤਾਂ ਕਰੇ ਕਿ ਇਹਨੂੰ ਹੁਣੇ ਘਰੋਂ ਕੱਢ ਦੇਵਾਂ, ਪਰ ਮੈਂ ਅਜਿਹਾ ਨਾ ਕਰ ਸਕਿਆ, ਕਿਉਂਕਿ ਅਜਿਹਾ ਕਰਕੇ ਉਹਦੇ ਤੇ ਮੇਰੇ ਵਿਚ ਕੋਈ ਫਰਕ ਨਹੀਂ ਸੀ ਰਹਿਣਾ। ਮੇਰੀਆਂ ਅੱਖਾਂ ‘ਚ ਉਤਰੇ ਲਹੂ ਦੇ ਅੱਥਰੂ ਉਹ ਦੇਖ ਨਾ ਸਕਿਆ ਤੇ ਉਸੇ ਤਰ੍ਹਾਂ ਮੇਰੇ ਸਾਹਮਣੇ ਦੋ ਦਿਨ ਆਪਣੇ ਸ਼ਿਕਨ ਦੀਆਂ ਦੰਦੀਆਂ ਕੱਢਦਾ ਰਿਹਾ। ਉਹ ਇਸੇ ਤਰ੍ਹਾਂ ਮੇਰਾ ਮੂੰਹ ਚਿੜਾਉਂਦਾ ਰਿਹਾ ਤੇ ਮੈਂ ਫਰਾਖਦਿਲੀ ਦੀ ਸੂਲੀ ‘ਤੇ ਟੰਗਿਆ ਰਿਹਾ।