ਮਿਠਤੁ ਨੀਵੀ

ਡਾ. ਅਮਰਜੀਤ ਸਿੰਘ ਟਾਂਡਾ
ਓਹਦੇ ਸ਼ਬਦ ਸਿੱਧੇ ਸਾਦੇ ਹਨ, ਫਿਰ ਵੀ ਉਨ੍ਹਾਂ ਦੀ ਧੁਨੀ, ਤਰੰਗਾਂ, ਸੁਰ, ਰਾਗ ਸਾਡੇ ਕੰਨਾਂ ਤੋਂ ਪਰੇ ਕਿਉਂ ਰਹਿ ਜਾਂਦੇ ਹਨ? ਪਰ ਕਈ ਚੰਨ ਜਿਹੇ ਦੀਪਕ ਇਹਦੀ ਰੋਸ਼ਨੀ ਨਾਲ ਲੋਅ ਵੀ ਵੰਡ ਰਹੇ ਹਨ। ਕਪਟ ਤੇ ਭ੍ਰਿਸ਼ਟ ਰੂਹ ਨੂੰ ਜੋ ਮਰਜ਼ੀ ਪਰੋਸੀ ਜਾਓ, ਉਹਨੂੰ ਨਹੀਂ ਸੁਆਦ ਲੱਗਣਾ, ਨਾਨਕ ਦੇ ਹੱਥਾਂ ਦਾ ਚੋਗਾ। ਨਾਨਕ ਤਾਂ ਵੰਡਦਾ ਹੀ ਰਹੇਗਾ, ਸੋ ਦਿਲ ਕਰਦਾ ਹੈ, ਹਰੇਕ ਦੇ ਘਰ ਤੇ ਮੇਰੀ ਕੁੱਲੀ ‘ਚ ਵੀ ਨਾਨਕ ਸ਼ਬਦ ਜਗਦਾ ਰਹੇ। ਓਹਦੇ ਕਦਮਾਂ ਦੀ ਉਡੀਕ ‘ਚ ਨਾਨਕੀਆਂ ਨਿੱਤ ਬੈਠੀਆਂ ਨੇ, ਉਹਨੂੰ ਕਾਲੂ ਨੇ ਵੀ ਨਾ ਸਮਝਿਆ। ਗੁਰੂ ਨਾਨਕ ਸਾਥੋਂ ਸਿਰਫ ਕਿਰਤ ਕਰਨ, ਨਾਮ ਜਪਣ ਤੇ ਮਿਲ ਬੈਠ ਕੇ ਵੰਡ ਛਕਣ ਦਾ ਵਾਇਦਾ ਮੰਗਦਾ ਹੈ; ਸਿਰਫ ‘ਸਚੁ’ ਹਰੇਕ ਲਈ ਧਰਮ ਬਣਨਾ ਚਾਹੀਦਾ ਹੈ। ਊਚ-ਨੀਚ, ਛੂਤ-ਛਾਤ ਦੀ ਵਿਚਾਰਧਾਰਾ ਦਾ ਖਾਤਮਾ ਕਰਕੇ ਸਿੱਖ ਸਿਧਾਂਤ ਦੀ ਨੀਂਹ ਰੱਖੀ ਗੁਰੂ ਨਾਨਕ ਨੇ। ਨਵੇਂ ਮਨੁੱਖ ਦੀ ਸਿਰਜਣਾ ਦਾ ਨਿਸ਼ਾਨਾ ਮਿੱਥ ਕੇ ਨਵੇਂ ਸਮਾਜ ਦੀ ਰੂਪ-ਰੇਖਾ ਉਲੀਕੀ।

ਹਰਿਮੰਦਰ ਸਾਹਿਬ ਦੀ ਸਿਰਜਣਾ ਕਰਕੇ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਕੇ ਸ਼ਬਦ-ਗੁਰੂ ਮਾਡਲ ਮਨੁੱਖੀ ਸੋਝੀ ਦਾ ਕੇਂਦਰ ਸਿਰਜਿਆ। ਗੁਰਬਾਣੀ ‘ਤੇ ਆਧਾਰਿਤ ਸਿੱਖ ਰਾਜਨੀਤੀ ਦੇ ਵਿਸ਼ੇ ‘ਤੇ ਵਿਚਾਰ ਕਰੀਏ ਤਾਂ ਜੋ ਸਿੱਖ ਰਾਜਨੀਤੀ ਵਿਚ ਆਇਆ ਨਿਘਾਰ ਖਤਮ ਹੋ ਸਕੇ, ਪੰਥ ਦੀ ਚੜ੍ਹਦੀ ਕਲਾ ਹੋਵੇ ਅਤੇ ਸਿੱਖ ਪੰਥ ਦੀ ਰੋਜ਼ਾਨਾ ਅਰਦਾਸ ਮੂਰਤੀਮਾਨ ਹੋ ਨਿਬੜੇ। ਅਕਾਲ ਤਖਤ ਦੀ ਸਿਰਜਣਾ ਕਰਕੇ ਮੀਰੀ-ਪੀਰੀ ਦੀ ਬੁਨਿਆਦ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ।
ਜਪੁਜੀ ਦੀਆਂ ਇੱਕ ਇਕ ਕਰਕੇ ਪਉੜੀਆਂ ਚੜ੍ਹਦਿਆਂ ਨਿੱਤ ਓਹਦੇ ਦੀਵਾਨੇ ਤੇ ਮਿੱਤਰ ਜ਼ਿੰਦਗੀ ਦਾ ਪੂਰਾ ਤੇ ਖੁੱਲ੍ਹਾ ਨਜ਼ਾਰਾ ਮਾਣਦੇ ਹਨ। ਆਤਮ ਰਿਮਝਿਮ ਵਰਸਦੀ ਹੈ, ਓਹਦੇ ਹਰ ਸ਼ਬਦ ‘ਚ। ਆਪਣੀ ਹੀ ਰਵਾਨਗੀ ‘ਚ ਵਹਿੰਦਾ ਉਹ ਇੱਕ ਦਰਿਆ ਹੈ-ਸ਼ਾਂਤ, ਸੀਤਲ, ਠੰਡਾ। ਚੰਨ-ਤਾਰਿਆਂ ਨਾਲ ਭਰਿਆ, ਲੋਕਾਈ ਦੀ ਛੱਤ ਹੈ, ਨਾਨਕ ਇੱਕ ਨੀਲਾ ਅਰਸ਼ ਹੈ। ਨਾਨਕ ਇੱਕ ਸੂਰਜ ਹੈ-ਰਿਸ਼ਮਾਂ ਵੰਡਦਾ, ਨਿੱਘ ਦਿੰਦਾ। ਨਾਨਕ ਇੱਕ ਅਨੋਖਾ ਰਾਹ ਹੈ, ਜਿਸ ‘ਤੇ ਕਦਮ ਰੱਖਦਿਆਂ ਹੀ ਕੁਦਰਤ ਦਿਸਦੀ ਹੈ, ਜਿੱਥੇ ਨਾ ਕੋਈ ਚਿੰਤਾ ਹੈ ਤੇ ਨਾ ਹੀ ਕੋਈ ਤੌਖਲੇ।
ਸੰਗਤ-ਪੰਗਤ ਪਿਛੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਿਰਜ ਕੇ ਖਾਲਸਾ ਰਾਜ ਕਾਇਮ ਕਰਨ ਦਾ ਰਾਹ ਬਣਾਇਆ ਸੀ। ਬਰਾਬਰ ਸਮਾਜ, ਧਾਰਮਿਕ ਤੇ ਰਾਜਸੀ ਅਤਿਆਚਾਰ ਦੇ ਵਿਰੁੱਧ ਨਵੇਂ ਸਮਾਜ ਨੂੰ ਹਥਿਆਰਬੰਦ ਸੰਘਰਸ਼ ਲਈ ਪ੍ਰੇਰਨਾ ਅਤੇ ਖਾਲਸੇ ਵਲੋਂ ਰਾਜਸੀ ਸੱਤਾ ਹਾਸਲ ਕਰਨਾ ਹੀ ਸਿੱਖ-ਲਹਿਰ ਦੀ ਰੂਪ ਰੇਖਾ ਉਲੀਕਣੀ ਇੱਕ ਸਿਧਾਂਤਕ ਮਾਡਲ ਰੋਲ ਦਾ ਸੰਕਲਪ ਹੈ। ਗੁਰੂ ਨਾਨਕ ਦੇਵ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਸਥਾਪਤ ਕਰਨ ਦੇ ਸਮੇਂ ਨੂੰ ਚੜ੍ਹਦੀ ਕਲਾ ਦਾ ਸਮਾਂ ਕਿਹਾ ਜਾ ਸਕਦਾ ਹੈ। ਕਥਿਤ ਦਲਿਤ ਭਾਈਚਾਰੇ ਅਤੇ ਗੈਰ-ਸਿੱਖ, ਛੋਟੇ ਤੇ ਗਰੀਬ ਹਿੰਦੂ ਨੂੰ ਜ਼ਰੂਰ ਨਾਲ ਲੈਣਾ ਪਵੇਗਾ, ਜੇ ਸਾਨੂੰ ਪੰਜਾਬ ਵਿਚ ਕੌਮੀ ਮੁਕਤੀ ਦਾ ਸੰਘਰਸ਼ ਚਲਾਉਣਾ ਹੈ ਤਾਂ। ਇਸ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਬਾਣੀ ਹੀ ਪ੍ਰੇਰਨਾ ਸਰੋਤ ਹੈ। ਓਹਦਾ ਸ਼ਬਦ ਵਿਚਾਰ ਮਰਦਾਨੇ ਜਾਂ ਬਾਲੇ ਜਿਹੇ ਦਿਲ ਨੂੰ ਹੀ ਚੰਗਾ ਲੱਗੇਗਾ। ਸਭਨਾਂ ਵਿਚ ਰਮਿਆ ਹੋਇਆ ਰੱਬ ਇੱਕ ਹੈ-ਸਦੀਵੀ ਹੋਂਦ ਵਾਲਾ, ਜਨਮ ਰਹਿਤ।
ਹਰ ਦਿਨ ਸਰਘੀ ਦਾ ਰੰਗ ਨਵੇਂ ਦਿਨ ਤੇ ਨਵੀਂ ਰਾਹ ਲਿਖਦਾ ਲਿਖਦਾ ਹਰੇਕ ਨੂੰ ਕੁਝ ਨਵਾਂ ਸਿਰਜਣ ਨੂੰ ਆਖਦਾ ਹੈ। ਕਾਲੀ ਜਿਹੀ ਰਾਤ ‘ਚੋਂ ਜਰਾ ਪੈਰ ਜਦੋਂ ਵੀ ਬਾਹਰ ਆਉਂਦੇ ਹਨ ਤਾਂ ਚੰਨ ਦੀ ਕਾਤਰ ਵੱਲ ਵੀ ਤੇ ਨਵੀਂ ਸਵੇਰ ਦੀ ਤਾਂਘ ਵੱਲ ਵੀ, ਆਸ ਚਮਕਦੀ ਹੈ। ਸੱਜਰਾ ਦਿਨ ਕਹਿੰਦਾ ਹੈ ਕਿ ਤੂੰ ਕੋਈ ਉਚੀ ਸੋਚ ਸਿਰਜ, ਸਰਘੀ ਆਪੇ ਖਿੜ੍ਹ ਪਵੇਗੀ; ਦੂਰ ਹੋ ਜਾਣਗੇ ਹਨੇਰੇ, ਸੂਰਜ ਨੂੰ ਚਾਰ ਦਿਨ ਜਗਣ ਲਈ ਕਹਿ ਅਤੇ ਉਠ ਪੱਬਾਂ ਨਾਲ ਕੋਈ ਮੰਜ਼ਿਲ ਬੰਨ੍ਹ, ਰਾਹ ਤਾਂ ਆਪੇ ਹੀ ਉਸਰ ਜਾਂਦੇ ਹਨ; ਪਰ ਸੰਗਰਾਂਦ, ਮੱਸਿਆ, ਪੁੰਨਿਆਂ ਚੰਗੇ-ਮਾੜੇ ਦਿਨਾਂ ਦੀ ਵਿਚਾਰ ਵਾਲੇ ਸਮਝੇ ਜਾਂਦੇ ਹਨ-ਘਰਾਂ ‘ਚ ਤਾਂ ਕੀ, ਗੁਰਦੁਆਰਿਆਂ ਵਿਚ ਵੀ ਇਹ ਰਹਿਤ ਆਮ ਹੈ।
ਗੁਰਦੁਆਰਿਆਂ ਵਿਚ ਵੀ ਆਰਤੀਆਂ ਹੁੰਦੀਆਂ ਹਨ। ਦੇਵੀ-ਦੇਵਤਿਆਂ ਅਤੇ ਪੀਰਾਂ ਦੀ ਕਰੋਪੀ ਤੋਂ ਬਚਣ ਲਈ ਹਵਨ, ਜੱਗ, ਜੋਤਾਂ, ਦਾਨ ਪੁੰਨ ਕਰਨ ਲਈ ਕਿਹਾ ਜਾਂਦਾ ਹੈ-ਦੀਵੇ ਬਾਲੇ ਤੇ ਜੋਤਾਂ ਜਗਾਈਆਂ ਜਾਂਦੀਆਂ, ਧੂਫਾਂ ਹੀ ਧੁਖਾਈਆਂ ਜਾਂਦੀਆਂ, ਮੱਥੇ ਟੇਕੇ ਜਾਂਦੇ ਹਨ ਅਤੇ ਸੁਹਣੇ-ਸੁਹਣੇ ਰੁਮਾਲੇ ਤੇ ਭੇਟਾ ਹੀ ਚੜ੍ਹਾਈਆਂ ਜਾਂਦੀਆਂ ਹਨ। ਔਖੇ-ਔਖੇ ਗਿਣਤੀ ਮਿਣਤੀ ਦੇ ਪਾਠ ਅਤੇ ਜਪ-ਤਪ ਹੀ ਕੀਤੇ ਤੇ ਕਰਾਏ ਜਾ ਰਹੇ ਹਨ। ਸੰਤ-ਸਾਧ ਤੇ ਬਹੁਤੇ ਧਾਰਮਿਕ ਆਗੂ ਅੱਜ ਵੀ ਧਰਮ ਦੇ ਨਾਂ ‘ਤੇ ਜਨਤਾ ਨੂੰ ਲੁੱਟ ਰਹੇ ਹਨ। ਚੁਫੇਰੇ ਰੂੜੀਵਾਦੀ ਰਹੁਰੀਤਾਂ ਦਾ ਜੋਰ ਹੈ।
ਉਜੜੀਆਂ ਖੇਤੀਆਂ ਕਈ ਵਾਰ ਫੁੱਟ ਤਾਂ ਪੈਂਦੀਆਂ ਹਨ, ਪਰ ਪਲਾਂ ‘ਚ ਹਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਤਿੰਨ ਦਿਨ ਤਾਂ ਕੀ, ਪਾਣੀ ਵਿਚ ਤਾਂ 2-4 ਮਿੰਟ ਰਹਿਣਾ ਮੁਸ਼ਕਿਲ ਹੈ, ਜੰਮੇ ਹੋਏ ਪਾਣੀ ਉਤੇ ਲੋਕ ਚੱਲਦੇ ਤਾਂ ਦੇਖੇ ਹਨ, ਪਾਣੀ ‘ਤੇ ਨਹੀਂ; ਦਿਸ਼ਾ ਤਾਂ ਬਦਲੀ ਹੋਊ ਪਰ ਮੱਕੇ ਨੂੰ ਘੁਮਾਉਣਾ ਅਸੰਭਵ ਹੈ। ਪੱਥਰ ‘ਚ ਨਰਮ ਪੰਜਾ ਕਿਵੇਂ ਧਸ ਸਕਦਾ ਹੈ? ਲੋਕਾਂ ਨੇ ਕਰਾਮਾਤਾਂ ਬਾਬੇ ਨਾਲ ਜੋੜ ਦਿੱਤੀਆਂ ਹਨ, ਸੱਚੀ-ਸੁੱਚੀ ਕਿਰਤ ਅਤੇ ਕਰਮ ਕਰਾਮਾਤ ਸਿੱਧ ਹੋ ਸਕਦੇ ਹਨ।
ਨਾਨਕ ਦੇ ਪਿੰਡ ਜਾਣ ਲਈ ਮੋਹ, ਹੰਕਾਰ, ਨਫਰਤ ਨੂੰ ਤਿਲਾਂਜਲੀ ਦੇਣੀ ਹੀ ਪੈਣੀ ਹੈ। ਕਿਸੇ ਦੇ ਦਰ ‘ਤੇ ਬੰਦਾ ਉਦੋਂ ਜਾਂਦਾ ਹੈ, ਜਦੋਂ ਲੋੜ ਪਵੇ ਨਹੀਂ ਤਾਂ ਹੰਕਾਰਿਆ ਰਾਹਾਂ ‘ਚ ਠੇਡੇ ਖਾਂਦਾ ਰਹਿੰਦਾ ਹੈ।
ਜ਼ਿੰਦਗੀ ਦੇ ਦੀਪਕ ਬਾਲਣ ਲਈ ਪਹਿਲਾਂ ਵਧੀਆ ਮਿੱਟੀ ‘ਚੋਂ ਦੀਪਕ ਬਣਾਉਣਾ ਪਏਗਾ, ਚੰਗੀ ਤਰ੍ਹਾਂ ਸ਼ਬਦ ਰੂਪੀ ਲੋਅ ‘ਚ ਪਕਾ ਕੇ ਜੀਵਨ ਰੂਪੀ ਤੇਲ ਲਈ ਜਾਣਾ ਹੀ ਪਏਗਾ, ਜੋ ਮਿਲਾਵਟ ਵਾਲਾ ਨਾ ਹੋਵੇ, ਨਹੀਂ ਤਾਂ ਕੁਝ ਚਿਰ ਬਲ ਕੇ ਦੀਵਾ ਬੁਝ ਜਾਵੇਗਾ। ਬੱਤੀ ਵੱਟਣ ਲਈ ਦੁੱਧ ਚਿੱਟੀ ਕਪਾਹ ਦੀ ਖੋਜ ਕਰਦਿਆਂ ਵੀ ਦੇਰ ਲੱਗ ਸਕਦੀ ਹੈ, ਨਹੀਂ ਤਾਂ ਕਰਮਾਂ ਦਾ ‘ਕੱਠਾ ਕੀਤਾ ਤੇਲ ਬੱਤੀ ਨਹੀਂ ਚੁੱਕੇਗੀ। ਸੋ ਇੱਕ ਇਕ ਕਰਕੇ ਦਿਲਾਂ ‘ਚ ਨਾਨਕ ਰੂਪੀ ਦੀਵਾ ਜਗਾ ਲੈਣ ਨਾਲ ਸ਼ਾਇਦ ਹਨੇਰਾ ਹੌਲੀ ਹੌਲੀ ਦੂਰ ਹੁੰਦਾ ਦਿਸੇ। ਨਾਨਕ ਨੇ ਸ਼ਬਦ ਗਾ ਕੇ ਹੀ ਸਭ ਕੁਝ ਵਰਤਾ ਦਿਤਾ ਸੀ-ਕਈਆਂ ਨੂੰ ਚੰਗਾ ਵੀ ਨ੍ਹੀਂ ਲੱਗਾ, ਕਿਉਂਕਿ ਸੱਚ ਜਰਾ ਕੌੜਾ ਕੁਸੈਲਾ ਤਾਂ ਹੁੰਦਾ ਹੀ ਹੈ। ਨਿੰਮ ਦਾ ਘੋਲ ਪੀਣ ਲੱਗਿਆਂ ਬਹੁਤ ਬੁਰਾ ਲੱਗਦਾ ਹੈ। ਮੈਨੂੰ ਅਜੇ ਵੀ ਯਾਦ ਹੈ ਕਿ ਬੀਜੀ ਨੂੰ ਨਿੰਮ ਦਾ ਘੋਲ ਤਿਆਰ ਕਰਦਿਆਂ ਹੀ ਸਾਡੇ ਮਨ ਨੂੰ ਕੁਝ ਹੋਣ ਲੱਗ ਜਾਂਦਾ ਸੀ, ਪਰ ਤੁਸੀਂ ਸਾਰੇ ਹੀ ਜਾਣਦੇ ਹੋ ਨਾਨਕ ਦਾ ਕਿਹਾ ਤੇ ਔਲ੍ਹੇ ਦਾ ਖਾ ਕੇ ਹੀ ਪਤਾ ਲੱਗੇਗਾ।
ਲੋਕੋ! ਜੇ ਬੰਦਾ ਨਾਨਕ-ਗੋਬਿੰਦ ਦੇ ਅਕਾਸ਼ੀ ਬੁੱਕ ‘ਚੋਂ ਅੰਮ੍ਰਿਤ ਦੀਆਂ ਸ਼ਹਿਦ ਤੋਂ ਵੀ ਮਿੱਠੀਆਂ ਬੂੰਦਾਂ ਪੀ ਕੇ ਕੁੜਿਤਣ ਹੀ ਉਗਲਦਾ ਰਹੇਗਾ ਤਾਂ ਅਗਾਂਹ ਤੋਂ ਕੋਈ ਅਜਿਹਾ ਕਰਕੇ ਨਾਨਕ-ਗੋਬਿੰਦ ਦੇ ਨਾਂ ਦੀ ਤੌਹੀਨ ਨਾ ਕਰੇ, ਨਾ ਹੀ ਉਸ ਨੂੰ ਅਜਿਹਾ ਕੋਈ ਹੱਕ ਹੈ। ਕਈਆਂ ਨੇ ਤਾਂ ਅਜਿਹਾ ਕਰਕੇ ਠੇਕੇ ਲੈ ਲਏ ਹਨ, ਦੂਜਿਆਂ ਦੀ ਬੇਇੱਜਤੀ ਕਰਨ ਦੇ।
ਨਾਨਕ ਦੇ ਦਰ ‘ਤੇ ਕਿਹੜੀ ਸਿਕਿਉਰਿਟੀ ਦੀ ਲੋੜ ਹੈ, ਕਾਹਦੇ ਲਈ ਬਰਛੇ ਕਿਰਪਾਨਾਂ ਤਿਆਰ-ਬਰ-ਤਿਆਰ ਲੈ ਕੇ ਖੜ੍ਹੇ ਹੋ? ਜੇ ਮੇਰੇ ਵਰਗੇ ਦੇ ਮੈਲੇ ਕੁਚੈਲੇ ਕੱਪੜੇ ਹਨ ਤਾਂ ਕੋਈ ਅੰਦਰ ਹੀ ਨਹੀਂ ਲੰਘਣ ਦਿੰਦਾ। ਮੇਰੀ ਤਾਂ ਉਥੇ ਹੀ ਸ਼ਰਧਾ ਖਤਮ ਕਰ ਦਿੱਤੀ ਗਈ, ਪਰ ਨਾਨਕ ਨੂੰ ਤੁਹਾਡੇ ਉਸਾਰੇ ਮਰਮਰੀ ਮਹਿਲ ‘ਚ ਨਹੀਂ, ਕਿਤੇ ਰਸਤੇ ‘ਚ ਮਿਲ ਲਵਾਂਗੇ। ਤੁਸੀਂ ਛਾਤੀਆਂ ਚੌੜ੍ਹੀਆਂ ਕਰਕੇ ਲਾ ਲਓ ਓਹਦੇ ਸ਼ਬਦ ‘ਤੇ ਵੀ ਪਹਿਰੇ! ਯਾਰ ਕਦੇ ਕੋਈ ਸ਼ਬਦ ‘ਤੇ ਵੀ ਪਹਿਰੇ ਲਾਉਂਦਾ ਦੇਖਿਆ ਸੀ?
ਹੋਰ ਤਾਂ ਹੋਰ ਨਾਨਕ ਦੇ ਘਰ, ਓਹਦੀ ਹੀ ਵਡਿਆਈ ਦੇ ਗੀਤ ਗਾਉਣ ‘ਤੇ ਵੀ ਪਾਬੰਦੀਆਂ ਨੇ। ਇਹ ਆਪ ਉਥੋਂ ਲੋਕਾਂ ਨੂੰ ਸਿਰੋਪਿਆਂ ਦਾ ਬਿਜਨਸ ਕਰ ਕਰ ਆਪਣੇ ਕਾਰੋਬਾਰ ‘ਚ ਵਾਧੇ ਕਰ ਰਹੇ ਹਨ। ਕਿਸੇ ਨੂੰ ਬੋਲਣ ਲਈ ਅਰਜ਼ੀਆਂ ਭਰਨੀਆਂ ਪੈਂਦੀਆਂ ਹਨ। ਸੱਚ ਬੋਲਣ ‘ਤੇ ਫਤਵੇ ਸੁਣਾ ਦਿੱਤੇ ਜਾਂਦੇ ਹਨ, ਖਤ ਪਾ ਪਾ ਡਰਾਇਆ, ਧਮਕਾਇਆ ਜਾਂਦਾ ਹੈ, ਜਿਵੇਂ ਇਨ੍ਹਾਂ ਦੀ ਪ੍ਰਾਈਵੇਟ ਕੰਪਨੀ ਹੋਵੇ। ਹੁਣ ਹਰ ਥਾਂ, ਹਰ ਦੇਸ਼ ‘ਚ ਨਾਨਕ-ਗੋਬਿੰਦ ਦੇ ਨਹੀਂ, ਲੋਕਾਂ ਦੇ ਨਾਂ ‘ਤੇ ਗੁਰਦੁਆਰੇ ਵੱਜਦੇ ਨੇ, ਕਿਉਂਕਿ ਉਨ੍ਹਾਂ ਆਪਣੇ ਨਾਂਵਾਂ ਦੇ ਟਰਸਟ ਬਣਾ ਬਣਾ ਲੰਗਰ ਤੇ ਮਾਇਆ ਦੀਆਂ ਸੇਜਾਂ ਦਾ ਪੱਕਾ ਪ੍ਰਬੰਧ ਕਰ ਲਿਆ ਹੈ। ਇਹ ਫਲਾਣੇ ਦਾ ਗੁਰਦੁਆਰਾ, ਅਹੁ ਫਲਾਣੇ ਦਾ ਗੁਰਦੁਆਰਾ। ਕੱਲ ਨੂੰ ਸ਼ਾਇਦ ਇਹ ਅਸਲੀ ਬਾਪੂ ਦਾ ਨਾਂ ਵੀ ਭੁੱਲ ਜਾਣ, ਮੇਰੇ ਦਿਲ ਨੂੰ ਪੂਰਾ ਡਰ ਹੈ।
ਹੁਣ ਤਾਂ ਇਹ ਨਾਨਕ ਨੂੰ ਕਿਸ਼ਤੀਆਂ ‘ਚ ਵੀ ਸੈਰ ਤੇ ਟੂਰਾਂ ‘ਤੇ ਲੈ ਕੇ ਜਾਣ ਲੱਗ ਪਏ ਹਨ। ਓਹਦੀਆਂ ਪੀੜ੍ਹੀਆਂ ਨੂੰ ਘੁੱਟਦੇ, ਵਿਖਾਵੇ ‘ਚ ਨੱਕ ਰਗੜਦੇ ਦਿਸ ਪੈਣਗੇ, ਪਰ ਹੰਕਾਰ ਨਹੀਂ ਤਿਆਗਣਗੇ। ਅਡੰਬਰ ਤਾਂ ਨਿੱਤ ਇਨ੍ਹਾਂ ਤੋਂ ਸਿੱਖੇ ਕੋਈ! ਕਿਸੇ ਦਿਨ ਇਹ ਨਾਨਕ ਵਰਗੇ ਚੰਨ ਨੂੰ ਚੰਦ ‘ਤੇ ਲਿਜਾ ਕੇ ਓਹਦੇ ਸਿਰ ਬੇਅੰਤ ਅਹਿਸਾਨ ਕਰਨਗੇ।
ਜੀਵਨ ਪਰਿਭਾਸ਼ਾ ਦੇ ਲੱਛਣ ਏਦਾਂ ਨਹੀਂ ਕਦੇ ਬਦਲਦੇ ਹੁੰਦੇ! ਇੱਕ-ਦੂਜੇ ਨੂੰ ਫਿੱਕਾ ਬੋਲ ਕੇ ਸ਼ਹਿਦ ਨਹੀਂ ਕਦੇ ਸਿੰਮਦੇ। ਕੌੜ ਤੁੰਮਿਆਂ ‘ਚੋਂ ਕਦੇ ਮਿੱਠੇ ਰਸ ਨਹੀਂ ਉਪਜਦੇ। ਕੀ ਅਸੀਂ ਗੁਰੂ ਨਾਨਕ ਦੀ ਇੱਕ ਵੀ ਮੰਨੀ ਹੈ ਕਦੇ? ਅਸੀਂ ਸਿੱਖਿਆ ਹੈ, ਸਦਾ ਦੂਜੇ ਨੂੰ ਆਪ ਤੋਂ ਨੀਂਵਾਂ ਰੱਖਣਾ। ਫਿਰ ਕਿੱਥੋਂ ਪਿਆਰ ਭਾਲੋਗੇ? ਮੁਹੱਬਤ ਦੀਆਂ ਨਜ਼ਮਾਂ ਤਿੱਖੜ ਦੁਪਹਿਰਾਂ ‘ਚ ਨਹੀਂ ਰਚੀਆਂ ਜਾਂਦੀਆਂ, ਸਦਾ ਰਮਣੀਕ ਸ਼ਾਮਾਂ ‘ਚੋਂ ਹੀ ਵਰ੍ਹਦੀਆਂ ਹਨ, ਪੌਣਾਂ ਬਣ ਉਤਰਦੀਆਂ ਹਨ। ਜਿੰਨਾ ਚਿਰ ਹਓਮੈ ਰਹੇਗੀ, ਬੰਦਾ ਜਾਂ ਜਾਨਵਰ ਵੀ ਨੇੜੇ ਨਹੀਂ ਢੁੱਕੇਗਾ। ਮਿਠਤੁ ਨੀਵੀ ਨਾਨਕਾ-ਸਦਾ ਮਿੱਠੇ ਬੋਲਾਂ ਦੀ ਮਿਠਾਸ ਹੀ ਢਾਣੀਆਂ ‘ਕੱਠੀਆਂ ਕਰਦੀ ਹੈ, ਹਰ ਹਿਰਦੇ ਨੂੰ ਨਚਾ ਸਕਦੀ ਹੈ, ਪਿਆਰ ਦੀ ਗਲਵੱਕੜੀ ‘ਚ ਬਿਠਾ ਸਕਦੀ ਹੈ-ਨਿੱਤ ਜਿੱਤ ਸਕਦੀ ਹੈ, ਜਦੋਂ ਕਿ ਕੌੜੇ ਕੁਸੈਲੇ ਬੋਲਾਂ ਨਾਲ ਅਸੀਂ ਰੁੱਖਾਂ ਨੂੰ ਵੀ ਵੈਰੀ ਬਣਾ ਲਿਆ ਹੈ।