ਆਪਣੇ ਅਤੇ ਬੇਗਾਨਿਆਂ ਦੀ ਮਾਰ ਹੇਠ ‘ਸਿੱਖ’?

ਪਿਛਲੇ ਅੰਕ ਵਿਚ ਅਸੀਂ ਪ੍ਰਭਸ਼ਰਨਬੀਰ ਸਿੰਘ ਦਾ ਲੇਖ ‘ਨਸਲਕੁਸ਼ੀ ਦੀ ਰਾਜਨੀਤੀ, ਬਿਰਤਾਂਤਕ ਹਿੰਸਾ ਅਤੇ ਪੰਥ ਦਾ ਭਵਿੱਖ’ ਛਾਪਿਆ ਸੀ, ਜਿਸ ਵਿਚ ਉਨ੍ਹਾਂ ਨਸਲਕੁਸ਼ੀ ਦੀ ਸਿਆਸਤ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਸਨ। ਲੇਖ ਵਿਚ ਉਨ੍ਹਾਂ ਨੇ ਖੱਬੇਪੱਖੀਆਂ ਨੂੰ ਵੀ ਨਿਸ਼ਾਨੇ ‘ਤੇ ਲਿਆਂਦਾ ਸੀ। ਇਸ ਬਾਰੇ ਸਾਨੂੰ ਅਮਰਜੀਤ ਸਿੰਘ ਮੁਲਤਾਨੀ (ਨਿਊ ਯਾਰਕ) ਦੀ ਟਿੱਪਣੀ ਹਾਸਲ ਹੋਈ ਹੈ, ਜਿਸ ਵਿਚ ਉਨ੍ਹਾਂ ਸਿੱਖਾਂ ਦੇ ਮਾੜੇ ਹਾਲਾਤ ਬਾਰੇ ਵਿਚਾਰ ਰੱਖੇ ਹਨ।

-ਸੰਪਾਦਕ

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
‘ਪੰਜਾਬ ਟਾਈਮਜ਼’ ਦੇ 23 ਮਈ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਸਿੱਖਾਂ ਨਾਲ ਸਬੰਧਿਤ ਕੁਝ ਅਹਿਮ ਮਸਲਿਆਂ ਦਾ ਜ਼ਿਕਰ ਕੀਤਾ ਹੈ ਅਤੇ ਆਮ ਸਿੱਖਾਂ ਨੂੰ ਸਲਾਹਾਂ ਵੀ ਦਿੱਤੀਆਂ ਹਨ। ਸਿੱਖਾਂ ਨੂੰ ਮੇਰੀ ਜਾਚੇ ਸਭ ਤੋਂ ਵੱਧ ਨੁਕਸਾਨ ਅਖੌਤੀ ਧਾਰਮਿਕ ਮੁਖੀਆਂ, ਧਰਮ ‘ਤੇ ਆਧਾਰਿਤ ਸਿਆਸੀ ਪਾਰਟੀਆਂ ਅਤੇ ਸਿੱਖ ਸਮਾਜ ਵਿਚ ਪੱਸਰਿਆ ਹੋਇਆ ਗੱਗੜ ਗਿਆਨੀ ਕਿਸਮ ਦਾ ਪੁਜਾਰੀਵਾਦ ਪਹੁੰਚਾ ਰਿਹਾ ਹੈ। ਇਹ ਸਾਰੇ ਆਪੇ ਬਣੇ ਚੌਧਰੀ ਇਹ ਨਹੀਂ ਸਮਝ ਰਹੇ ਕਿ ਦੁਨੀਆਂ ਅਤੇ ਇਸ ਦੇ ਅਗਾਂਹਵਧੂ ਮੁਲਕਾਂ ਦਾ ਸਮਾਜਕ ਤਾਣਾ-ਬਾਣਾ ਕਿਵੇਂ ਸੁਹਿਰਦ ਤੇ ਨਰਮ ਹੈ; ਕਿਵੇਂ ਇਕ ਦੂਜੇ ਦੇ ਸਹਾਇਕ ਬਣ ਕੇ ਕੌਮ ਤੇ ਦੇਸ਼ ਤਰੱਕੀ ਕਰਦੇ ਹਨ; ਕਿਵੇਂ ਨਾਬਰਾਬਰੀ ਤੇ ਜਾਤ-ਪਾਤ ਤੋਂ ਮੁਕਤ ਹੋ ਕੇ ਇਨਸਾਨੀ ਦਿਮਾਗ ਜ਼ਰਖੇਜ਼ ਬਣਦੇ ਹਨ ਅਤੇ ਉਨ੍ਹਾਂ ਦੀਆਂ ਕੀਤੀਆਂ ਖੋਜਾਂ ਕਿਵੇਂ ਕੌਮ ਤੇ ਦੇਸ਼ ਲਈ ਗੌਰਵ ਦਾ ਕਾਰਨ ਬਣਦੀਆਂ ਹਨ!
ਪਰ ਬਦਕਿਸਮਤੀ ਨਾਲ ਸਿੱਖਾਂ ਨੂੰ ਹਰ ਸੰਭਵ ਮਾੜੀ ਰਵਾਇਤ ਅਤੇ ਅਹਿਲ ਦਰਜੇ ਦੀ ਘਟੀਆ ਰਾਜਨੀਤਕ/ਧਾਰਮਿਕ ਪਹੁੰਚ ਨੇ ਗ੍ਰਸਿਆ ਹੋਇਆ ਹੈ। ਇਸ ਵੇਲੇ ਰਾਜਨੀਤਕ ਤੌਰ ‘ਤੇ ਸਿੱਖ ਬਹੁਤ ਡੂੰਘੀ ਅਸੁਰੱਖਿਅਤਾ ਦੀ ਹੀਣ ਭਾਵਨਾ ਦਾ ਸ਼ਿਕਾਰ ਹੈ। ਉਸ ਨੂੰ ਹਰ ਵਕਤ ਲੱਗਦਾ ਹੈ ਕਿ ਜਿਵੇਂ ਉਸ ਦੀ ਹੋਂਦ ਖਤਰੇ ਵਿਚ ਹੈ ਅਤੇ ਉਹ ਆਪਣਾ ਕਾਫੀ ਸਮਾਂ ਇਸੇ ਚਿੰਤਾ ਤੇ ਉਪਾਵਾਂ ਵਿਚ ਹੀ ਵਿਅਰਥ ਗਵਾ ਦਿੰਦਾ ਹੈ। ਉਸ ਨੂੰ ਇਸ ਬਾਰੇ ਕੋਈ ਵੀ ਹੌਸਲੇ ਦੀ ਬਾਂਹ ਨਹੀਂ ਫੜਾਉਂਦਾ ਸਗੋਂ ਨਸਲਕੁਸ਼ੀ ਦਾ ਬੰਬ ਉਸ ਦੀ ਜੇਬ ਵਿਚ ਪਾ ਦਿੰਦਾ ਹੈ।
ਗੁਰਦੁਆਰੇ ਵੀ ਸਿੱਖਾਂ ਨੂੰ ਮਾਨਸਿਕ ਸਕੂਨ ਨਹੀਂ ਦਿੰਦੇ। ਇਥੇ ਸਿਰਫ ਧਰਮ ਦੀਆਂ ਗੱਲਾਂ ਨਹੀਂ ਹੁੰਦੀਆਂ। ਗੁਰਦੁਆਰਿਆਂ ਵਿਚ ਜ਼ਿਆਦਾਤਰ ਧਾਰਮਿਕ ਬੁਲਾਰੇ ਗੁਰਬਾਣੀ ਤੇ ਕਥਾ ਵਿਆਖਿਆ ਦੌਰਾਨ ਆਪਣੇ ਨਿਜੀ ਵਿਚਾਰਾਂ ਨੂੰ ਬਾਣੀ ਦੀ ਚਾਸ਼ਣੀ ਚੜ੍ਹਾ ਕੇ ਭਾਈਚਾਰੇ ਦੀ ਹੋਣ ਵਾਲੀ ਸੋਚ ਵਜੋਂ ਪੇਸ਼ ਕਰਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦਾ ਮੁੱਖ ਮਕਸਦ ਹੁੰਦਾ ਹੈ, ਸੰਗਤ ਦੀ ਜੇਬ ਹਲਕੀ ਕਰਨੀ। ਉਹ ਅਜਿਹੇ ਪ੍ਰਸੰਗਾਂ ਦੀ ਛਹਿਬਰ ਲਾਉਂਦੇ ਹਨ, ਜੋ ਸਿੱਖਾਂ ਦੀ ਅਸਥਿਰ ਮਾਨਸਿਕਤਾ ਨੂੰ ਟੁੰਬਦੇ ਹਨ। ਫਿਰ ਵਾਰੀ ਆਉਂਦੀ ਹੈ, ਅਖੌਤੀ ਪੰਥ-ਪ੍ਰਸਤ ਸਿਆਸੀ/ਸਮਾਜਕ ਬੁਲਾਰਿਆਂ ਦੀ। ਇਹ ਸਿੱਖਾਂ ਨੂੰ ਇਕ ਨਹੀਂ, ਕਈ ਅਖੌਤੀ ਸਮੱਸਿਆਵਾਂ ਦੇ ਦਰਪੇਸ਼ ਦੱਸਦੇ ਹਨ। ਹਰ ਕੋਈ ਆਪਣੇ ਨਿਜੀ ਮੁਫਾਦ ਅਨੁਸਾਰ ਹੀ ਭੁਗਤਦਾ ਹੈ।
ਸਿੱਖ ਧਰਮ ਦੇ ਵਿਰੋਧੀਆਂ ਦੀ ਅੱਜ ਕੱਲ੍ਹ ਚੜ੍ਹ ਮੱਚੀ ਹੋਈ ਹੈ। ਹੁਣ ਉਨ੍ਹਾਂ ਨੂੰ ਖੁਦ ਆਪਣੇ ਹੱਥੀਂ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ। ਜ਼ਰਾ ਜਿਹੇ ਸਿਆਸੀ ਲਾਭ ਵਾਲਾ ਲੌਲੀਪੌਪ ਦਿਖਾਉ, ਇਕ ਨਹੀਂ, ਦਰਜਨਾਂ ਦੇ ਦਰਜਨ ਸਿੱਖ ਉਸ ਲੌਲੀਪੌਪ ਦੀ ਪ੍ਰਾਪਤੀ ਖਾਤਰ ਇਕ ਦੂਜੇ ਦਾ ਘਾਣ ਕਰਨ ਲਈ ਤਿਆਰ ਹੋ ਜਾਣਗੇ। ਸਿੱਖਾਂ ਵਿਚ ਵੱਡੇ ਪੱਧਰ ‘ਤੇ ਫੈਲੀ ਹੋਈ ਅਨੁਸ਼ਾਸਨ ਹੀਣਤਾ ਇਸ ਦਾ ਇਕ ਮੁੱਖ ਕਾਰਨ ਹੈ। ਅਨੁਸ਼ਾਸਨ ਨਾਲ ਹੀ ਸਿੱਖ ਤਰੱਕੀ ਕਰ ਸਕਦੇ ਹਨ, ਨਹੀਂ ਤਾਂ ਆਸਾਰ ਕੋਈ ਚੰਗੇ ਸੰਕੇਤ ਨਹੀਂ ਦੇ ਰਹੇ।
ਪ੍ਰਭਸ਼ਰਨਬੀਰ ਸਿੰਘ ਨੇ ਹੋਰ ਕਈ ਛਿੱਟ-ਪੁੱਟ ਸਿਆਸੀ ਦ੍ਰਿਸ਼ਟਾਂਤਾਂ ਦਾ ਜ਼ਿਕਰ ਕੀਤਾ ਹੈ। ਮੇਰੇ ਵਿਚਾਰ ਵਿਚ ਸਿੱਖ ਦੁਨੀਆਂ ਵਿਚ ਜਿੱਥੇ ਕਿਤੇ ਵੀ ਹੈ, ਉਸ ਨੂੰ ਨਿਜੀ ਪੱਧਰ ‘ਤੇ ਆਪਣੇ ਆਪ ਨੂੰ ਗਿਆਨਵਾਨ ਤੇ ਚਰਿੱਤਰਵਾਨ ਬਣਾਉਣਾ ਪਵੇਗਾ, ਉਹ ਵੀ ਬਿਨਾ ਕਿਸੇ ਨਾਮ ਧਰੀਕ ਧਾਰਮਿਕ/ਸਿਆਸੀ ਵਿਦਵਾਨ ਦੀ ਮਦਦ ਦੇ। ਸਿੱਖਾਂ ਨੂੰ ਹਰ ਵੇਲੇ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਹਿਬਰ ਗੁਰੂ ਨਾਨਕ ਨੇ ਕੁਦਰਤ ਦੇ ਬਖਸ਼ੇ ਗਿਆਨ ਨਾਲ ਹੀ ਉਸ ਵਕਤ ਪ੍ਰਚਲਿਤ ਸਾਰੇ ਵੱਖ-ਵੱਖ ਧਰਮਾਂ ਦੇ ਸਮਕਾਲੀ ਧਾਰਮਿਕ ਮੁਖੀਆਂ ਨੂੰ ਚਿੱਤ ਕੀਤਾ ਸੀ। ਹਰ ਸਿੱਖ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਿੱਖ ਹੋਣ ਦੇ ਨਾਤੇ ਉਸ ਵਿਚ ਵੀ ਗਿਆਨ ਦੀ ਉਹੋ ਸਮਰੱਥਾ ਹੈ, ਪਰ ਸ਼ਾਇਦ ਉਸ ਕੋਲੋਂ ਆਤਮ ਚਿੰਤਨ ਨਹੀਂ ਹੋ ਰਿਹਾ ਜਾਂ ਉਸ ਨੂੰ ਅਜਿਹਾ ਕਰਨ ਤੋਂ ਹਟਕਾਰਿਆ ਜਾ ਰਿਹਾ ਹੈ ਤਾਂ ਜੋ ਗੁਰੂ ਨਾਨਕ ਦੇ ਕਥਨ ਅਨੁਸਾਰ ‘ਘਰ ਘਰ ਅੰਦਰ ਧਰਮਸਾਲ’ ਨਾ ਬਣ ਸਕੇ ਅਤੇ ਸਿੱਖਾਂ ਨੂੰ ਭੇਡਾਂ ਵਿਚ ਤਬਦੀਲ ਕੀਤਾ ਜਾ ਸਕੇ।
ਪ੍ਰਭਸ਼ਰਨਬੀਰ ਸਿੰਘ ਨੇ ਇਹ ਕਾਮਨਾ ਵੀ ਕੀਤੀ ਹੈ ਕਿ ਸਿੱਖ ਹਰ ਖੇਤਰ ਵਿਚ ਉਚਕੋਟੀ ਦੇ ਸਿਰਨਾਵੇਂ ਸਥਾਪਿਤ ਕਰਨ। ਹਰ ਸਿੱਖ ਦੀ ਵੀ ਇਹੋ ਚਾਹਤ ਹੋਣੀ ਚਾਹੀਦੀ ਹੈ, ਪਰ ਜਦੋਂ ਤੁਸੀਂ ਸਿੱਖਿਆ ਦੇ ਪਿੜ ਵਿਚ ਉਚੇ ਮੁਕਾਮ ਹਾਸਿਲ ਕਰ ਲੈਂਦੇ ਹੋ ਤਾਂ ਕੁਦਰਤੀ ਜਦੋਂ ਤੁਹਾਡੇ ਗਿਆਨ ਦੇ ਅੰਜਨ ਖੁਲ੍ਹਦੇ ਹਨ ਤਾਂ ਅਨਪੜ੍ਹਾਂ ਜਿਹੇ ਧਾਰਮਿਕ ਲੀਡਰਾਂ ਨੂੰ ਤੁਹਾਡੀ ਗੱਲ ਸਮਝ ਨਹੀਂ ਆਉਂਦੀ ਤੇ ਤੁਸੀਂ ਪੰਥ ਵਿਚੋਂ ਛੇਕ ਦਿੱਤੇ ਜਾਂਦੇ ਹੋ। ਧਾਰਮਿਕ ਉਚ ਅਹੁਦਿਆਂ ‘ਤੇ ਵੀ ਵਿਸ਼ਾਲ ਦੂਰ-ਦ੍ਰਿਸ਼ਟੀ ਵਾਲੇ ਉਚ ਸਿੱਖਿਅਤ ਲੋਕ ਹੀ ਹੋਣ, ਤਾਂ ਹੀ ਤੁਹਾਡੀ ਇਸ ਕਾਮਨਾ ਤੋਂ ਸਿੱਖ ਲਾਹਾ ਲੈ ਸਕਦੇ ਹਨ।