ਉਰਦੂ ਸ਼ਾਇਰਾਂ ਦੀ ਜ਼ੱਨਤ ਤੇ ਜਹੱਨਮ

ਗੁਲਜ਼ਾਰ ਸਿੰਘ ਸੰਧੂ
ਨਰਕ ਤੇ ਸੁਰਗ ਕੀ ਹੈ, ਇਹਦੇ ਬਾਰੇ ਸਾਰੇ ਹੀ ਧਰਮਾਂ ਨੇ ਆਪੋ ਆਪਣੇ ਵਿਚਾਰ ਰੱਖੇ ਹਨ। ਸ਼ਰਮ ਦੇ ਲੂਇਆਂ ਨੇ ਅੰਤ ਨਹੀਂ ਛੱਡਿਆ ਨਰਕੇ ਦੀਆਂ ਪੀੜਾਂ ਦਾ ਵੀ। ਕਰੋਨਾ ਵਾਇਰਸ ਤੇ ਤਾਲਾਬੰਦੀ ਬਾਰੇ ਵੀ ਲੋਕਾਂ ਦੀ ਇੱਕ ਰਾਇ ਨਹੀਂ। ਜਿੱਥੇ ਆਮ ਜਨਤਾ ਘਰਾਂ ਵਿਚ ਬੰਦ ਹੈ ਤੇ ਕਸਟ ਭੋਗ ਰਹੀ ਹੈ, ਭਾਰਤ ਦਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਇਸ ਨੇ ਆਤਮ ਨਿਰਭਰਤਾ ਦਾ ਸਬਕ ਦਿੱਤਾ ਹੈ। ਤਾਲਾਬੰਦੀ ਦੇ ਨਫੇ-ਨੁਕਸਾਨ ਦੀ ਗੱਲ ਤਾਂ ਪਤਾ ਨਹੀਂ ਕਿੰਨੀ ਦੇਰ ਚਲਣੀ ਹੈ, ਆਪਾਂ ਵਕਤ ਕਟੀ ਲਈ ਉਰਦੂ ਸ਼ਾਇਰਾਂ ਦੀ ਜ਼ੱਨਤ ਤੇ ਜਹੱਨਮ ਉਤੇ ਝਾਤੀ ਮਾਰ ਸਕਦੇ ਹਾਂ।

ਮਿਰਜ਼ਾ ਗਾਲਿਬ ਨੇ ਵੀ ਦੋ ਟੁੱਕ ਫੈਸਲਾ ਨਹੀਂ ਦਿੱਤਾ। ਖੁਲਦ (ਜ਼ੱਨਤ) ਨੂੰ ਦਿਲ ਦਾ ਭਰਮ ਕਿਹਾ ਹੈ ਤੇ ਜਹੱਨਮ ਨੂੰ ਸੈਰਸਾਹ। ਉਹ ਇਸ ਤੋਂ ਮੁਨਕਰ ਹੈ ਵੀ ਤੇ ਨਹੀਂ ਵੀ। ਜਿਨ੍ਹਾਂ ਪਰੀਜ਼ਾਦਿਆਂ ਨੇ ਉਸ ਦਾ ਇਸ ਧਰਤੀ ਉਤੇ ਪੱਲਾ ਨਹੀਂ ਫੜਿਆ, ਉਨ੍ਹਾਂ ਤੋਂ ਖੁਲਦ ਭਾਵ ਸੁਰਗ ਵਿਚ ਬਦਲਾ ਲੈਣ ਦੀ ਗੱਲ ਕਰਦਾ ਹੈ। ਖੂਬੀ ਇਹ ਕਿ ਉਸ ਨੇ ਖੁਦ ਲਈ ਸੁਰਗ ਦੀ ਟਿਕਟ ਆਪਣੇ ਆਪ ਹੀ ਕੱਟ ਰੱਖੀ ਹੈ। ਉਸ ਦੇ ਤਿੰਨ ਸ਼ਿਅਰ ਪੇਸ਼ ਹਨ:
1. ਹਮਕੋ ਮਾਲੂਮ ਹੈ ਜ਼ੱਨਤ ਕੀ ਹਕੀਕਤ, ਲੇਕਿਨ
ਦਿਲ ਕੋ ਖੁਸ਼ ਰਖਨੇ ਕੋ ਗਾਲਿਬ, ਯੇ ਖਯਾਲ ਹੱਛਾ ਹੈ।

2. ਕਿਉਂ ਨਾ ਫਿਰਦੌਸ ਮੇਂ ਦੋਜਖ ਕੋ ਮਿਲਾ ਲੇ ਯਾ ਰੱਬ
ਸੈਰ ਕੇ ਵਾਸਤੇ ਥੋੜ੍ਹੀ ਸੀ ਜਗਹ ਔਰ ਸਹੀ।

3. ਇਕ ਪਰੀਜ਼ਾਦੇ ਸੇ ਲੇਂਗੇ ਖੁਲਦ ਮੈਂ ਹਮ ਇੰਤਕਾਮ
ਕੁਦਰਤ ਏ ਹੱਕਿ ਸੇ ਯਹੀ ਹੂਰੇਂ ਅਗਰ ਵਹਾਂ ਹੋਗੀਂ।
ਜਿਥੋਂ ਤੱਕ ਜ਼ੱਨਤ ਦੀ ਜ਼ਿੰਦਗੀ ਉਤੇ ਵਿਅੰਗ ਕੱਸਣ ਦਾ ਸਬੰਧ ਹੈ, ਦਾਗ ਦਿਹਲਵੀ ਸੁਰਗ ਦੀਆਂ ਹੂਰਾਂ ਤੋਂ ਉਕਾ ਹੀ ਪ੍ਰਭਾਵਤ ਨਹੀਂ। ਉਹ ਬੇਅੰਤ ਬੱਚੀਆਂ ਤੇ ਬੇਕਾਰ ਹੋ ਚੁੱਕੀਆਂ ਹਨ। ਅਜਿਹੇ ਸੁਰਗ ਤੋਂ ਉਸ ਨੇ ਕੀ ਲੈਣਾ ਹੈ, ਜਿੱਥੋਂ ਦੀਆਂ ਹੂਰਾਂ ਦੀ ਉਮਰ ਲੱਖਾਂ ਵਰ੍ਹੇ ਹੈ,
ਐਸੀ ਜ਼ੱਨਤ ਕਾ ਕਯਾ ਕਰੇ ਕੋਈ
ਜਿਸ ਮੇਂ ਲਾਖੋਂ ਬਰਸ ਕੀ ਹੂਰੇਂ ਹੋਂ।
ਜ਼ੱਨਤ ਨੂੰ ਆਪਣੇ ਵਿਅੰਗ ਦਾ ਵਿਸ਼ਾ ਬਣਾਉਣ ਵਾਲੇ ਹੋਰ ਵੀ ਸ਼ਾਇਰ ਹਨ। ਮੌਲਾਨਾ ਅਬਦੁਲ ਸਲਾਮ ਨਕਵੀ ਜ਼ੱਨਤ ਤੋਂ ਖੁਦ ਹੀ ਬਾਹਰ ਨਿਕਲ ਆਉਂਦਾ ਹੈ, ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਥੇ ਸ਼ੇਖ ਸਾਹਿਬ ਨੂੰ ਹੂਰ ਮਿਲ ਗਈ ਹੈ। ਉਸ ਦਾ ਮੱਤ ਹੈ ਕਿ ਇਸ ਨਾਲ ਹੂਰ ਦਾ ਅਤਿਅੰਤ ਨਿਰਾਦਰ ਹੋਇਆ ਹੈ।
ਮੈਨੇ ਜੱ.ਨਤ ਹੀ ਕੋ ਛੋੜਾ, ਜੋ ਮਿਲੀ ਸ਼ੇਖ ਕੋ ਹੂਰ
ਮੁਝ ਸੇ ਦੇਖਾ ਨਾ ਗਯਾ ਹੁਸਨ ਕਾ ਰੁਸਵਾ ਹੋਨਾ।
ਸ਼ੌਕ ਬਹਿਰਾਇਚ ਦੀ ਜ਼ੱਨਤ ਉਤੇ ਦਲੀਲ ਦਾ ਕੋਈ ਮੁਕਾਬਲਾ ਨਹੀਂ। ਉਸ ਨੇ ਉਸ ਕਥਾ ਦੀ ਸ਼ਰਨ ਲਈ ਹੈ, ਜੋ ਕਹਿੰਦਾ ਹੈ ਕਿ ਆਦਮ ਨੂੰ ਰੱਬ ਨੇ ਉਸ ਦੀ ਖੁਨਾਮੀ ਕਾਰਨ ਸੁਰਗ ਵਿਚੋਂ ਧੱਕ ਦੇ ਕੇ ਬਾਹਰ ਸੁੱਟ ਦਿੱਤਾ ਸੀ। ਉਹ ਧੱਕੇ ਨਾਲ ਸੁਰਗ ਦੀ ਦਹਿਲੀਜ਼ ਪਾਰ ਕਰ ਸਕਦਾ ਹੈ:
ਮੈਂ ਘੁਸ ਜਾਊਂਗਾ ਜ਼ੱਨਤ ਮੇ, ਖੁਦਾ ਸੇ ਬੱਸ ਯਹੀ ਕਹਿ ਕਰ
ਯਹੀਂ ਸੇ ਆਏ ਥੇ ਆਦਮ, ਯੇ ਮੇਰੇ ਬਾਪ ਕਾ ਘਰ ਹੈ।
ਸਿੱਧਾ ਤੇ ਸਪਾਟ ਵਿਅੰਗ ਕੱਸਣ ਵਿਚ ਬੋਗਸ ਹੈਦਰਾਬਾਦੀ ਦਾ ਮੁਕਾਬਲਾ ਨਹੀਂ,
ਮੈਂ ਜਿਸਕੋ ਲਗਾ ਦੂੰ ਵਹੀ ਜ਼ੱਨਤ ਮੇ ਚਲਾ ਜਾਏ
ਲਾਯਾ ਹੂੰ ਨਸ਼ਾ ਜੂਤਾ, ਮਸਜਿਦ ਸੇ ਚੁਰਾ ਕੇ।
ਉਰਦੂ ਸ਼ਾਇਰ ਤੇ ਸ਼ਾਇਰੀ ਜ਼ਿੰਦਾਬਾਦ!
ਸੁੰਨੀਆਂ ਸੜਕਾਂ ‘ਤੇ ਸਾਹਿਬਾਂ ਦਾ ਮਿਰਜ਼ਾ: ਕਰੋਨਾ ਵਾਇਰਸ ਤੇ ਤਾਲਾਬੰਦੀ ਨੇ ਜਰਨੈਲੀ ਸੜਕ ਦੀ ਆਵਾਜਾਈ ਠੱਪ ਕਰਵਾ ਕੇ ਪੀਲੂ ਦਾ ਮਿਰਜ਼ਾ ਚੇਤੇ ਕਰਵਾ ਦਿੱਤਾ ਹੈ। ਸਾਹਿਬਾਂ ਦੇ ਮਿਲਾਪ ਵਿਚ ਆਉਣ ਵਾਲੀਆਂ ਸੰਭਾਵੀ ਔਕੜਾਂ ਚਿਤਵ ਕੇ ਉਹ ਮਿਰਜੇ ਲਈ ਰਾਹ ਖੋਲ੍ਹਦਾ ਹੈ,
ਕੁੱਤੀ ਮਰੇ ਫਕੀਰ ਦੀ, ਜੋ ਚਊਂ ਚਊਂ ਨਿੱਤ ਕਰੇ
ਪੰਜ ਸੱਤ ਮਰਨ ਗਵਾਂਢਣਾ ਤੇ ਰਹਿੰਦੀਆਂ ਨੂੰ ਤਾਪ ਚੜ੍ਹੇ
ਗਲੀਆਂ ਹੋ ਜਾਣ ਸੁੰਞੀਆਂ ਵਿਚ ਮਿਰਜ਼ਾ ਯਾਰ ਫਿਰੇ।
ਮੈਨੂੰ ਆਮ ਤੇ ਜਰਨੈਲੀ ਸੜਕਾਂ ਦੇ ਸੁੰਨੇ ਹੋਣ ਦੀ ਤਾਂ ਕੋਈ ਖਬਰ ਨਹੀਂ, ਪਰ ਚੰਡੀਗੜ੍ਹ ਵਿਖੇ ਕਰਫਿਊ ਹੱਟਣ ਉਤੇ ਸਵੇਰੇ ਸੈਰ ਲਈ ਨਿਕਲਿਆ ਤਾਂ ਗਲੀਆਂ ਸੁੰਨੀਆਂ ਸਨ ਤੇ ਪੈਰਾਂ ਥਲੇ ਰੁੱਖਾਂ ਦੇ ਪੱਤੇ, ਹਰ ਤਰ੍ਹਾਂ ਦਾ ਕੂੜ ਕਬਾੜ ਪੈਰ ਪੈਰ ‘ਤੇ ਵੇਖਣ ਨੂੰ। ਦਿਨ ਵੇਲੇ ਆਪਣੇ ਭਾਣਜੇ ਅਮਰਪ੍ਰੀਤ ਲਾਲੀ ਨੂੰ ਟੈਲੀਫੋਨ ਉਤੇ ਸੜਕਾਂ ਦਾ ਹਾਲ ਪੁੱਛਿਆ ਤਾਂ ਪਤਾ ਲੱਗਾ ਕੇ ਉਥੇ ਸ਼ਹਿਰ ਦੀ ਗਲੀਆਂ ਨਾਲੋਂ ਵੀ ਬੁਰਾ ਹਾਲ ਹੈ। ਲਾਲੀ ਯੂਥ ਕਾਂਗਰਸ ਦਾ ਲੀਡਰ ਹੈ ਅਤੇ ਗੰਨਮੈਨਾਂ ਤੇ ਬਾਡੀ ਗਾਰਡਾਂ ਨਾਲ ਦੋ ਵਾਰੀ ਬਾਹਰ ਗਿਆ ਹੈ।
ਅੰਤਿਕਾ: ਅੰਮਾਰ ਕੰਬਰੀ
ਯਹਾਂ ਕੋਈ ਭੀ ਸੱਚੀ ਬਾਤ ਅਬ ਮਾਨੀ ਨਹੀਂ ਜਾਤੀ
ਮੇਰੀ ਅਵਾਜ਼ ਇਸ ਬਸਤੀ ਮੇਂ ਪਹਿਚਾਨੀ ਨਹੀਂ ਜਾਤੀ
ਬੜ੍ਹੋ ਆਗੇ ਕਰੋ ਰੌਸ਼ਨ ਦਿਸ਼ਾਓਂ ਕੋ ਚਿਤਾਓਂ ਸੇ
ਅਕਾਰਥ ਦੋਸਤੋ ਕੋਈ ਭੀ ਕੁਰਬਾਨੀ ਨਹੀਂ ਜਾਤੀ
ਮਹਲ ਹੈ, ਭੀੜ ਹੈ, ਮੰਦਿਰ ਹੈ, ਮਸਜਿਦ ਹੈ, ਮਸ਼ੀਨੇਂ ਹੈਂ
ਮਗਰ ਫਿਰ ਭੀ ਸ਼ਹਿਰ ਸੇ ਦੂਰ ਵੀਰਾਨੀ ਨਹੀਂ ਜਾਤੀ
ਕਹੀਂ ਬੋਤਲ, ਕਹੀਂ ਸਾਗਰ, ਕਹੀਂ ਮੀਨਾ, ਕਹੀਂ ਸਾਕੀ
ਯੇ ਮਹਿਫਿਲ ਐਸੀ ਬਿਖਰੀ ਹੈ ਪਹਿਚਾਨੀ ਨਹੀਂ ਜਾਤੀ
ਸੇ ਝੂਟੇ ਆਸ਼ਵਾਸਨ ਆਪ ਅਪਨੇ ਪਾਸ ਹੀ ਰੱਖੀਏ
ਦਹਿਕਤੀ ਆਗ ਪੇ ਚਾਦਰ ਕਭੀ ਤਾਨੀ ਨਹੀਂ ਜਾਤੀ
ਜ਼ੁਬਾਂ ਵੇਚੀ, ਕਲਾ ਵੇਚੀ, ਯਹਾਂ ਤੱਕ ਕਲਪਨਾ ਵੇਚੀ
ਨੀਯਤ ਫਨਕਾਰ ਕੀ ਅਬ ਕੰਬਰੀ ਜਾਨੀ ਨਹੀਂ ਜਾਤੀ।