ਦਿਲਾਂ ‘ਚ ਡੂੰਘੀ ਲਹਿ ਜਾਣ ਵਾਲੀ ਕਹਾਣੀ ‘ਸ਼ਾਨੇ ਪੰਜਾਬ’

ਪੰਜਾਬ ਟਾਈਮਜ਼’ ਦੇ ਪਹਿਲੀ ਜੂਨ ਦੇ ਅੰਕ ਵਿਚ ਛਪੀ ਰਘੁਬੀਰ ਢੰਡ ਦੀ ਕਹਾਣੀ ‘ਸ਼ਾਨੇ ਪੰਜਾਬ’ ਜਿਨ੍ਹਾਂ ਜਿਨ੍ਹਾਂ ਨੇ ਵੀ ਪੜ੍ਹੀ ਹੋਵੇਗੀ, ਉਨ੍ਹਾਂ ਦੇ ਮਨ-ਮਸਤਕ ਵਿਚ ਜ਼ਰੂਰ ਜਵਾਰ-ਭਾਟੇ ਆਏ ਹੋਣਗੇ। ਇਸ ਕਹਾਣੀ ਦਾ ਬਿਰਤਾਂਤ ਬੇਸ਼ਕ ਧੀਮੀ ਗਤੀ ਨਾਲ ਰਵਾਂ-ਰਵੀਂ ਚਲਦਾ ਹੈ, ਲੇਕਿਨ ਪਰਤ-ਦਰ-ਪਰਤ ਜਿਵੇਂ ਲੜੀ ਨਾਲ ਲੜੀ ਮਿਲਦੀ ਜਾਂਦੀ ਹੈ, ਤਿਵੇਂ ਤਿਵੇਂ ਜਜ਼ਬਾਤ ਦੀ ਸੁੱਤੀ ਜ਼ਮੀਨ ਵਿਚ ਇਸ ਦੇ ਪਾਤਰ ਆਪੋ-ਆਪਣੇ ਚਰਿੱਤਰ ਦਾ ਡੂੰਘਾ ਹਲ ਚਲਾਈ ਤੁਰੇ ਜਾਂਦੇ ਹਨ। ਕਿਸੇ ਸਿਆੜ ਵਿਚ ਵਲਾਇਤੀ ਇੰਡੀਅਨ ਦਾ ਟੌਹਰ-ਟੱਪਾ ਦਿਖਾਈ ਦਿੰਦਾ ਹੈ, ਕਿਤੇ ਸ਼ਰੀਕੇਦਾਰੀ ਦਾ ਸਾੜਾ, ਕਿਤੇ ਜਾਤ-ਪਾਤ ਦੇ ਮਜ਼ਬੂਤ ਸੰਗਲਾਂ ਨਾਲ ਨੂੜੇ ਹੋਏ ਉਚ ਬੰਸੀਏ, ਕਿਤੇ ਮਾਖਿਓਂ ਮਿੱਠੀ ਮਾਂ ਦੀ ਮਮਤਾ ਛਲਕਦੀ ਹੈ ਅਤੇ ਕਿਤੇ ਸਿਦਕ-ਸਬੂਰੀ, ਸਵੈ-ਵਿਸ਼ਵਾਸ ਤੇ ਖੁਦ-ਦਾਰੀ ਦਾ ਭਰਿਆ ਦਰਿਆ ਦਿਖਾਈ ਦਿੰਦਾ ਹੈ।
ਕਹਾਣੀ ਦਾ ਮੁੱਖ ਸੂਤਰਧਾਰ ਭਾਵੇਂ ਵਲਾਇਤੀ ਇੰਡੀਅਨ ਹੈ, ਪਰ ਕਥਾ ਪਾਠ ਦੇ ਅਖੀਰ ਤੱਕ ਪਹੁੰਚਦਿਆਂ ਪਾਠਕ ਦੇ ਜ਼ਿਹਨ ਵਿਚ ਸਿਦਕ ਤੇ ਸਿਰੜ ਦਾ ਮੁਜੱਸਮਾ ਜਸਵੰਤ ਸਿੰਘ ਹੀ ਛਾ ਜਾਂਦਾ ਹੈ। ਨਾਲ ਹੀ ਉਸ ਦੀ ਸੁਘੜ ਸਿਆਣੀ ਪਤਨੀ ਸੀਮਾ ਜਿਸ ਨੂੰ ਜਾਤ-ਜਨਮ ਪੱਖੋਂ ਸੁਨਿਆਰੀ ਹੋਣ ਦੇ ‘ਗੁਨਾਹ’ ਕਰ ਕੇ, ਸ੍ਰੀਮਤੀ ਸੋਢੀ ਬਣਨ ਲਈ ਦਕੀਆਨੂਸੀ ਸੋਚ ਦੇ ਹਥੌੜਿਆਂ ਦੀ ਮਾਰ ਸਹਿਣੀ ਪੈਂਦੀ ਹੈ; ਜਾਂ ਫਿਰ ਉਸ ਦੀ ਬਾਲੀ-ਭੋਲੀ, ਪਰ ਵੱਡੀ ਉਮਰ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਵਰਗੀਆਂ ਗੱਲਾਂ ਮਾਰਨ ਵਾਲੀ ਰਾਮੋਨਾ ਸੋਢੀ ਦੇ ਤੋਤਲੇ ਜਿਹੇ ਬੋਲ ਪਾਠਕ ਦੇ ਕੰਨਾਂ ਵਿਚ ਗੂੰਜਣ ਲੱਗ ਪੈਂਦੇ ਹਨ। ਆਪਣੀ ਮਾਤ ਭੂਮੀ ਨਾਲ ਅੰਤਾਂ ਦਾ ਮੋਹ ਕਰਨ ਵਾਲੇ ਜਸਵੰਤ ਸਿੰਘ ਦੇ ਜ਼ਿੰਦਗੀ ਜਿਉਣ ਦੇ ਢੰਗ ਨੇ ਇਹ ਮਨੌਤ ਵੀ ਤੋੜ ਦਿੱਤੀ ਹੈ ਕਿ ਧਰਮੀ ਲੋਕ ਹੀ ਅਸੂਲਾਂ ਜਾਂ ਸਿਧਾਂਤਾਂ ਨੂੰ ਪ੍ਰਣਾਏ ਹੁੰਦੇ ਹਨ। ਧੰਨ ਹੈ ਜਸਵੰਤ ਦਾ ਜ਼ੇਰਾ ਜੋ ਪੰਜਾਬ ਵਿਚ ਬੀਤੇ ਦੀ ਕਹਾਣੀ ਬਣ ਚੁੱਕੀ ਨਕਸਲੀ ਲਹਿਰ ਦੇ ਸਿਧਾਂਤਕ ਪੱਖ ਦਾ ਹਾਲੇ ਵੀ ਝੰਡਾ ਬਰਦਾਰ ਬਣਿਆ ਬੈਠਾ ਹੈ। ਉਸ ਦੇ ਇਹ ਬੋਲ “ਤਾਰੀਖ ਮੈਨੂੰ ਬੜਾ ਹੌਂਸਲਾ ਦਿੰਦੀ ਹੈæææਜੰਗ ਐ, ਕੋਈ ਖੇਡ ਤਾਂ ਹੈ ਨਹੀਂ। ਹਾਰਾਂ ਵੀ ਹੋਣਗੀਆਂ, ਪਰ ਅੰਤ ਨੇਕੀ ਨੇ ਹੀ ਜਿੱਤਣਾ ਹੈ।” ਤਬਦੀਲੀ ਲਿਆਉਣ ਦੇ ਪਾਂਧੀਆਂ ਲਈ ਚਾਨਣ ਮੁਨਾਰਾ ਹਨ।
ਅਸਲ ਵਿਚ ਕਹਾਣੀਕਾਰ ਰਘੁਬੀਰ ਢੰਡ ਨੇ ਆਪਣੀ ਇਸ ਸ਼ਾਹਕਾਰ ਰਚਨਾ ਵਿਚ ਸਮਾਜ ਦੀਆਂ ਕਈ ਪਰਤਾਂ ਛੋਹੀਆਂ ਹਨ। ਰਾਜਸੀ ਧੱਕੇਸ਼ਾਹੀ ਅਤੇ ਕਿਸੇ ਮਿਸ਼ਨ ਨੂੰ ਲੈ ਕੇ ਤੁਰੇ ਜੁਝਾਰੂ ਕਾਫ਼ਲਿਆਂ ਵੱਲੋਂ ਦਿਲ ਛੱਡ ਜਾਣ ਦੇ ਨੁਕਤਿਆਂ ਨੂੰ ਬਾਖੂਬੀ ਚਿਤਰਿਆ ਗਿਆ ਹੈ। ਇਹ ਤੱਥ ਇਸ ਕਹਾਣੀ ਤੋਂ ਹੀ ਸਾਹਮਣੇ ਆਇਆ ਹੈ ਕਿ ਖਾਲਿਸਤਾਨੀ ਅਭਿਲਾਸ਼ੀਆਂ ਵਾਂਗ, ਕਿਸੇ ਮੌਕੇ ਕ੍ਰਾਂਤੀ ਲਿਆਉਣ ਤੁਰੇ ਨਕਸਲੀ ਲਹਿਰ ਵਾਲੇ ਨੌਜਵਾਨਾਂ ਵਿਚੋਂ ਵੀ ਅਨੇਕਾਂ ਵਿਦੇਸ਼ੀਂ ਉਡਾਰੀ ਮਾਰ ਗਏ ਸਨ। ਜਸਵੰਤ ਦੇ ਇਹ ਸ਼ਬਦ ਬਹੁਤ ਹੀ ਭਾਵਪੂਰਤ ਹਨ, “ਇਹ ਲੋਕਾਂ ਦੀ ਲਹਿਰ ਨਹੀਂ ਸੀ। ਗਰਮੀ ਤੇ ਨਿਖੇਧ ਦੀਆਂ ਗੱਲਾਂ ਪੈਟੀ-ਬੁਰਜਵਾ ਨੂੰ ਕੀਲ ਲੈਂਦੀਆਂ ਨੇ। ਸੋ ਇਹ ਪੈਟੀ-ਬੁਰਜਵਾ ਤੀਕ ਹੀ ਸੀਮਿਤ ਰਹੀ। ਲੋਕਾਂ ਦੀ ਸਰਗਰਮ ਭਾਈਵਾਲੀ ਤੋਂ ਬਿਨਾਂ ਹਾਕਮ ਜਮਾਤ ਦੀ ਸਰਦਾਰੀ ਖੋਹਣੀ ਸੰਭਵ ਨਹੀਂ। ਉਂਜ ਵੀ ਇਸ ਲਹਿਰ ਦੇ ਸੰਚਾਲਕਾਂ ਦੇ ਧੜ ਹਿੰਦੁਸਤਾਨੀ ਸਨ, ਸਿਰ ਚੀਨੀ।” ਕਹਾਣੀ ਵਿਚ ਕਈ ਮੌਕੇ ਐਸੇ ਆਉਂਦੇ ਹਨ, ਜਦੋਂ ਅੱਖਾਂ ਵਿਚ ਆਪ ਮੁਹਾਰੇ ਹੰਝੂ ਆ ਜਾਂਦੇ ਹਨ। ਇਹ ਕਹਾਣੀ ਲੰਮਾ ਚਿਰ ਤੱਕ ਪਾਠਕਾਂ ਦੇ ਚੇਤਿਆਂ ਵਿਚ ਵਸੀ ਰਹੇਗੀ। ਇਹੋ ਜਿਹੀਆਂ ਮਾਰਮਿਕ ਕਹਾਣੀਆਂ ਪਾਠਕਾਂ ਤੱਕ ਪਹੁੰਚਾਉਣ ਲਈ ਅਦਾਰਾ ‘ਪੰਜਾਬ ਟਾਈਮਜ਼’ ਦੇ ਤਹਿ ਦਿਲੋਂ ਧੰਨਵਾਦੀ ਹਾਂ।
-ਫ਼ਕੀਰ ਚੰਦ ਸੈਂਪਲਾ, ਐਲ਼ਏæ

Be the first to comment

Leave a Reply

Your email address will not be published.