ਪੰਜਾਬ ਸਰਕਾਰ ‘ਚ ਅੰਦਰੂਨੀ ਕਲੇਸ਼ ਫਿਰ ਸਿਖਰਾਂ ‘ਤੇ ਪੁੱਜਾ

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਮਾਮਲੇ ‘ਤੇ ਘਮਸਾਨ ਮੱਚਿਆ ਹੋਇਆ ਹੈ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਆਪਣੇ ਮੰਤਰੀਆਂ ਅੱਗੇ ਝੁਕੇ ਦਿਖਾਈ ਦਿੱਤੇ, ਜਦੋਂ ਉਨ੍ਹਾਂ ਨੇ ਪਹਿਲਾਂ ਮੰਤਰੀਆਂ ਦੇ ਦਬਾਅ ਅਧੀਨ ਬਿਨਾਂ ਮੁੱਖ ਸਕੱਤਰ ਤੋਂ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਅਤੇ ਫਿਰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਸ਼ਰਾਬ ਨਾਲ ਸਬੰਧਤ ਕਰ ਤੇ ਆਬਕਾਰੀ ਮਹਿਕਮੇ ਤੋਂ ਵੀ ਵੱਖ ਕਰ ਦਿੱਤਾ।

ਪਰ ਹੁਣ ਸਰਕਾਰ ਦੇ ਮੰਤਰੀ ਵੀ ਆਪਸ ਵਿਚ ਉਲਝ ਪਏ ਹਨ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਖੁੱਲ੍ਹ ਕੇ ਆਹਮੋ-ਸਾਹਮਣੇ ਆ ਗਏ ਹਨ। ਪੰਜਾਬ ਦੇ ਮੁੱਖ ਸਕੱਤਰ ਦਾ ਮਸਲਾ ਨਿੱਬੜਨ ਤੋਂ ਪਹਿਲਾਂ ਦੋ ਵਜ਼ੀਰਾਂ ਦਾ ਆਪਸ ਵਿਚ ਇੱਟ ਖੜਕਾ ਹਕੂਮਤ ਲਈ ਸ਼ੁਭ ਸੰਕੇਤ ਨਹੀਂ ਹੈ। ਚੰਨੀ ਦਾ ਇਲਜ਼ਾਮ ਹੈ ਕਿ ਬਾਜਵਾ ਨੇ ਮੁੱਖ ਸਕੱਤਰ ਦੇ ਮਾਮਲੇ ਵਿਚ ਉਨ੍ਹਾਂ ਨੂੰ ਪਿਛਾਂਹ ਹਟਣ ਲਈ ਕਿਹਾ ਸੀ ਅਤੇ ਉਨ੍ਹਾਂ (ਚੰਨੀ) ਖਿਲਾਫ ਪੁਰਾਣੇ ਕੇਸ ਖੋਲ੍ਹਣ ਦੀ ਧਮਕੀ ਦਿੱਤੀ ਸੀ। ਦੋਵੇਂ ਵਜ਼ੀਰਾਂ ਨੇ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉਤੇ ਛੱਡ ਦਿੱਤਾ ਹੈ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰ ਕੇ ਸਰਕਾਰੀ ਖਜਾਨੇ ਨੂੰ ਆਬਕਾਰੀ ਦੇ ਤਿੰਨ ਵਰ੍ਹਿਆਂ ਦੇ ਪਏ ਘਾਟੇ ਦੀ ਪੜਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਰਾਜਾ ਵੜਿੰਗ ਦੇ ਬਿਆਨਾਂ ਦੀ ਪ੍ਰੋੜਤਾ ਕਰਦਿਆਂ ਆਬਕਾਰੀ ਘਾਟੇ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਉਧਰ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਆਬਕਾਰੀ ਘਾਟੇ ਦੇ ਬਹਾਨੇ ਹੁਣ ਮੁੱਖ ਮੰਤਰੀ ਨੂੰ ਨਿਸ਼ਾਨੇ ਉਤੇ ਰੱਖਣ ਦਾ ਮੌਕਾ ਮਿਲ ਗਿਆ ਹੈ। ਉਨ੍ਹਾਂ ਮੁੜ ਟਵੀਟ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਮੁੱਖ ਸਕੱਤਰ ਨਾਲ ਉੱਠੇ ਹਿੱਤਾਂ ਦੇ ਟਕਰਾਅ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ। ਦੱਸਣਯੋਗ ਹੈ ਕਿ ਲੰਘੇ ਦਿਨੀਂ ਰਾਜਾ ਵੜਿੰਗ ਨੇ ਉਪਰੋਥਲੀ ਟਵੀਟ ਕਰ ਕੇ ਮੁੱਖ ਸਕੱਤਰ ਦੇ ਲੜਕੇ ਦੇ ਕਾਰੋਬਾਰ ਉਤੇ ਉਂਗਲ ਉਠਾਈ ਸੀ। ਇਸੇ ਦੌਰਾਨ ਵਿਧਾਇਕ ਰਾਜਕੁਮਾਰ ਵੇਰਕਾ ਨੇ ਵੀ ਆਖ ਦਿੱਤਾ ਹੈ ਕਿ ਅਗਰ ਤਿੰਨ ਵਰ੍ਹਿਆਂ ਤੋਂ ਆਬਕਾਰੀ ਘਾਟੇ ਪੈ ਰਹੇ ਹਨ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹੋਰ ਕਾਂਗਰਸੀ ਵਿਧਾਇਕ ਵੀ ਵਜ਼ੀਰਾਂ ਦੀ ਪਿੱਠ ਉਤੇ ਖੜ੍ਹਨ ਲੱਗੇ ਹਨ। ਦੂਸਰੀ ਤਰਫ ਦੋ ਵਜ਼ੀਰਾਂ ਵਿਚ ਵੀ ਮੁੱਖ ਸਕੱਤਰ ਦਾ ਮਾਮਲਾ ਦਰਾੜ ਬਣਨ ਲੱਗਾ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਜਾਣ ਨਾਲ ਮਾਮਲਾ ਨਵੀਂ ਰੰਗਤ ਲੈ ਗਿਆ ਹੈ। ਚਰਚੇ ਛਿੜੇ ਹਨ ਕਿ ਬਾਜਵਾ ਵੱਲੋਂ ਚੰਨੀ ਨੂੰ ਮੁੱਖ ਸਕੱਤਰ ਦੇ ਮਾਮਲੇ ਉਤੇ ਥੋੜ੍ਹਾ ਠੰਢਾ ਰਹਿਣ ਵਾਸਤੇ ਦਬਾਅ ਪਾਇਆ ਗਿਆ ਹੈ। ਚੰਨੀ ਇਸ ਗੱਲੋਂ ਨਾਖੁਸ਼ ਹਨ। ਉਂਜ ਪੰਚਾਇਤ ਮੰਤਰੀ ਬਾਜਵਾ ਨੇ ਕਿਹਾ ਕਿ ਮੁੱਖ ਸਕੱਤਰ ਦੇ ਮਾਮਲੇ ਉਤੇ ਉਹ ਪੂਰੀ ਤਰ੍ਹਾਂ ਵਜ਼ੀਰ ਸਾਥੀਆਂ ਨਾਲ ਖੜ੍ਹੇ ਹਨ।
_________________________________
ਗਲਤਫਹਿਮੀ ਦੂਰ ਕਰਵਾਈ ਜਾਵੇਗੀ: ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੋ ਵਜ਼ੀਰਾਂ ‘ਚ ਪੈਦਾ ਹੋਈ ਖਟਾਸ ਕਾਂਗਰਸ ਵਾਸਤੇ ਠੀਕ ਨਹੀਂ ਹੈ ਪਰ ਦੋਵੇਂ ਮੰਤਰੀ ਸਤਿਕਾਰ ਦੇ ਪਾਤਰ ਹਨ। ਉਨ੍ਹਾਂ ਫੋਨ ਉਤੇ ਦੋਵੇਂ ਆਗੂਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਗਲਤਫਹਿਮੀ ਪੈਦਾ ਹੋਈ ਹੈ, ਉਸ ਨੂੰ ਬੈਠ ਕੇ ਦੂਰ ਕਰ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਵੀ ਦੋਵੇਂ ਵਜ਼ੀਰਾਂ ਨਾਲ ਗੱਲ ਕੀਤੀ ਹੈ।
______________________________________
ਸਰਕਾਰ ਦਾ ਕਲੇਸ਼ ਖਤਮ ਕਰਨ ਲਈ ਅੱਗੇ ਆਈ ‘ਆਪ’
ਚੰਡੀਗੜ੍ਹ: ਸੂਬੇ ਵਿਚ ਸ਼ਰਾਬ ਮਾਫੀਆ ਨੂੰ ਲੈ ਕੇ ਵਜ਼ੀਰਾਂ ਅਤੇ ਅਫਸਰਾਂ ਵਿਚਕਾਰ ਛਿੜੀ ਜੰਗ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਤੋਂ ਸੂਬੇ ਵਿਚ ਸਰਕਾਰੀ ਸ਼ਰਾਬ ਨਿਗਮ ਰਾਹੀਂ ਆਬਕਾਰੀ ਨੀਤੀ ਲਾਗੂ ਕਰਵਾਉਣ, ਜਿਸ ਨਾਲ ਨਾ ਸਿਰਫ ਸਰਕਾਰੀ ਖਜਾਨੇ ਨੂੰ ਵਰਤਮਾਨ 6200 ਕਰੋੜ ਰੁਪਏ ਦੇ ਟੀਚੇ ਮੁਕਾਬਲੇ 18000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਵੇਗੀ, ਸਗੋਂ ਸ਼ਰਾਬ ਮਾਫੀਆ ਵੀ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਮੰਤਰੀ ਅਤੇ ਉੱਚ ਅਧਿਕਾਰੀ ਪੰਜਾਬ ਨੂੰ ਕੋਰੋਨਾ ਮਹਾਮਾਰੀ ਅਤੇ ਆਰਥਿਕ ਐਮਰਜੈਂਸੀ ਵਿਚੋਂ ਕੱਢਣ ਦੀ ਥਾਂ ਸ਼ਰਾਬ ਮਾਫੀਆ ਨਾਲ ਲੁੱਟੇ ਜਾ ਰਹੇ ਕਰੋੜਾ ਅਰਬਾਂ ਰੁਪਏ ਦੀ ਹਿੱਸਾ-ਪੱਤੀ ਲਈ ਲੜ ਰਹੇ ਹਨ।