ਔਖੇ ਵੇਲੇ ਅੰਨਦਾਤੇ ਨੇ ਵਧਾਇਆ ਭਾਰਤ ਦਾ ਹੌਸਲਾ

ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ। ਵਾਇਰਸ ਤੋਂ ਬਚਾਅ ਲਈ ਲਾਗੂ ਕੀਤੀ ਤਾਲਾਬੰਦੀ ਨੇ ਵੱਡੇ-ਵੱਡੇ ਮੁਲਕਾਂ ਦੀ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਈ ਮੁਲਕਾਂ ਵਿਚ ਭੁੱਖਮਰੀ ਵਾਲੇ ਹਾਲਾਤ ਬਣਦੇ ਜਾ ਰਹੇ ਹਨ, ਪਰ ਇਸ ਔਖੀ ਘੜੀ ਵਿਚ ਅੰਨਦਾਤਾ (ਕਿਸਾਨਾਂ) ਨੇ ਭਾਰਤ ਨੂੰ ਬੇਫਿਕਰ ਕਰ ਦਿੱਤਾ ਹੈ।

ਭਾਰਤ ‘ਚ ਇਸ ਸਾਲ ਅਨਾਜ ਦਾ ਉਤਪਾਦਨ ਰਿਕਾਰਡ ਕਰੀਬ 29.57 ਕਰੋੜ ਟਨ ਹੋਣ ਦੀ ਉਮੀਦ ਹੈ। ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਜਾਰੀ ਫਸਲ ਸਾਲ 2019-20 ਦੇ ਤੀਜੇ ਅਗੇਤੇ ਉਤਪਾਦਨ ਅਨੁਮਾਨ ਦੇ ਅਨੁਸਾਰ ਦੇਸ਼ ‘ਚ ਇਸ ਸਾਲ ਅਨਾਜਾਂ ਦਾ ਉਤਪਾਦਨ 29.57 ਕਰੋੜ ਟਨ ਤੋਂ ਜ਼ਿਆਦਾ ਹੋ ਸਕਦਾ ਹੈ, ਜੋ ਕਿ ਪਿਛਲੇ ਸਾਲ ਦੇ ਉਤਪਾਦਨ 28.52 ਕਰੋੜ ਟਨ ਤੋਂ 104.6 ਲੱਖ ਟਨ ਜ਼ਿਆਦਾ ਹੈ। ਬੀਤੇ ਪੰਜ ਸਾਲ ਦੇ ਅਨਾਜ ਉਤਪਾਦਨ ਦੀ ਔਸਤ ਨਾਲ ਤੁਲਨਾ ਕਰੀਏ ਤਾਂ ਇਸ ਔਸਤ ਤੋਂ 2019-20 ਵਿਚ ਅਨਾਜ ਦਾ ਉਤਪਾਦਨ 258.9 ਲੱਖ ਟਨ ਜ਼ਿਆਦਾ ਹੈ। ਭਾਰਤ ਦੀ ਸਭ ਤੋਂ ਵੱਧ ਪ੍ਰਮੁੱਖ ਅਨਾਜ ਦੀ ਫਸਲ ਚੌਲ ਦਾ ਉਤਪਾਦਨ 2019-20 ‘ਚ 11.79 ਕਰੋੜ ਟਨ ਹੋਣ ਦਾ ਅਨੁਮਾਨ ਹੈ। ਕਣਕ ਦਾ ਉਤਪਾਦਨ ਇਸ ਸਾਲ ਕਰੀਬ 10.72 ਕਰੋੜ ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਤੋਂ 358 ਲੱਖ ਟਨ ਜ਼ਿਆਦਾ ਹੈ। ਉਥੇ ਹੀ ਕਣਕ ਦੇ ਪਿਛਲੇ ਪੰਜ ਸਾਲ ਦੇ ਔਸਤ 961.6 ਲੱਖ ਟਨ ਦੇ ਮੁਕਾਬਲੇ ਇਸ ਸਾਲ ਉਤਪਾਦਨ ਵਿਚ 110.2 ਲੱਖ ਟਨ ਵਾਧੇ ਦਾ ਅਨੁਮਾਨ ਹੈ। ਮੋਟੇ ਅਨਾਜਾਂ ਦਾ ਉਤਪਾਦਨ ਵੀ ਇਸ ਸਾਲ ਰਿਕਾਰਡ 475.4 ਲੱਖ ਟਨ ਹੋਣ ਦਾ ਅਨੁਮਾਨ ਹੈ। ਦਾਲਾਂ ਦਾ ਉਤਪਾਦਨ 2019-20 ਵਿਚ 230.10 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਦੇ ਔਸਤ 208.2 ਲੱਖ ਟਨ ਤੋਂ 21.9 ਲੱਖ ਟਨ ਜ਼ਿਆਦਾ ਹੈ। ਦਾਲਾਂ ‘ਚ ਇਸ ਸਾਲ ਛੋਲਿਆਂ ਦਾ ਉਤਪਾਦਨ 109 ਲੱਖ ਟਨ ਹੋਣ ਦਾ ਅਨੁਮਾਨ ਹੈ। ਗੰਨੇ ਦਾ ਉਤਪਾਦਨ 2019-20 ਵਿਚ 35.81 ਕਰੋੜ ਟਨ ਅਤੇ ਕਪਾਹ ਦਾ ਉਤਪਾਦਨ ਇਸ ਸਾਲ 360.5 ਲੱਖ ਗੱਠਾਂ ਹੋਣ ਦਾ ਅਨੁਮਾਨ ਹੈ।
ਦੱਸ ਦਈਏ ਕਿ ਭਾਰਤ ਵਿਚ ਇਸ ਸਮੇਂ ਹਾਲਾਤ ਔਖੇ ਬਣੇ ਹੋਏ ਹਨ। ਇਸ ਸਮੇਂ ਜਦੋਂ ਦੇਸ਼ ਬੇਹੱਦ ਸੰਕਟ ਭਰੀ ਸਥਿਤੀ ‘ਚੋਂ ਗੁਜ਼ਰ ਰਿਹਾ ਹੈ ਤਾਂ ਲੱਖਾਂ ਦੀ ਗਿਣਤੀ ਵਿਚ ਪਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਵੱਲ ਹੋ ਰਹੀ ਹਿਜਰਤ ਦਿਲ ਦਹਿਲਾਉਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਾਰੀ ਕੀਤੇ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਵਿਸਥਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਵੱਖ-ਵੱਖ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਲੜੀਵਾਰ ਦਿੱਤੇ ਜਾ ਰਹੇ ਵਿਸਥਾਰ ਵਿਚ ਪਹਿਲੇ ਦਿਨ ਉਨ੍ਹਾਂ ਨੇ ਆਪਣਾ ਵਧੇਰੇ ਧਿਆਨ ਛੋਟੇ ਉਦਯੋਗਾਂ ਅਤੇ ਆਮਦਨ ਟੈਕਸ ਭਰਨ ਵਾਲਿਆਂ ਵੱਲ ਦਿੱਤਾ। ਆਪਣੇ ਲੜੀਵਾਰ ਦੂਸਰੇ ਵਿਸਥਾਰ ਵਿਚ ਉਨ੍ਹਾਂ ਪਰਵਾਸੀ ਮਜ਼ਦੂਰਾਂ, ਰੇਹੜੀ ਫੜ੍ਹੀ ਵਾਲਿਆਂ, ਛੋਟੇ ਕਿਸਾਨਾਂ ਅਤੇ ਮੱਧ ਵਰਗ ਦੇ ਲੋਕਾਂ ਬਾਰੇ ਸਬੰਧਤ ਯੋਜਨਾਵਾਂ ਦਾ ਐਲਾਨ ਕੀਤਾ ਸੀ ਅਤੇ ਤੀਸਰੀ ਕਿਸ਼ਤ ਵਿਚ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਲਈ ਇਕ ਲੱਖ ਕਰੋੜ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨਾਂ ਦੀ ਪ੍ਰਸੰਸਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਕਿਸਾਨਾਂ ਨੇ ਆਪਣਾ ਕੰਮ ਜਾਰੀ ਰੱਖਿਆ। ਆਨਾਜ ਦੀ ਇੰਨੀ ਪੈਦਾਵਾਰ ਸਰਕਾਰ ਲਈ ਹੌਸਲੇ ਵਾਲੀ ਹੈ।