ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ ਦਾ ਲੇਖਾ-ਜੋਖਾ

ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ'(2 ਮਈ 2020) ਬਾਰੇ ਪਿਛਲੇ ਅੰਕਾਂ ਵਿਚ ਅਸੀਂ ਹਜ਼ਾਰਾ ਸਿੰਘ ਮਿਸੀਸਾਗਾ, ਹਰਜੀਤ ਦਿਓਲ ਬਰੈਂਪਟਨ ਅਤੇ ਗੁਰਬਚਨ ਸਿੰਘ ਦੇ ਪ੍ਰਤੀਕਰਮ ਛਾਪ ਚੁਕੇ ਹਾਂ। ਇਨ੍ਹਾਂ ਵਿਚਾਰਕਾਂ ਨੇ ਪੰਜਾਬ ਦੀ ਸਿਆਸਤ ਬਾਰੇ ਕੁਝ ਅਹਿਮ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ। ਇਸ ਵਾਰ ਅਸੀਂ ਸਿੱਖ ਚਿੰਤਕ ਡਾ. ਬਲਕਾਰ ਸਿੰਘ ਅਤੇ ਅਮਰਜੀਤ ਸਿੰਘ ਮੁਲਤਾਨੀ ਦੇ ਵਿਚਾਰ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ, ਜਿਸ ਵਿਚ ਉਨ੍ਹਾਂ ਸਵਾਲਾਂ ਦੀ ਤਾਬੜ-ਤੋੜ ਵਾਛੜ ਕੀਤੀ ਹੈ। ‘ਪੰਜਾਬ ਟਾਈਮਜ਼’ ਦੇ ਪੰਨਿਆਂ ‘ਤੇ ਪਹਿਲਾਂ ਵੀ ਵੱਖ-ਵੱਖ ਮਸਲਿਆਂ ਬਾਰੇ ਵਿਚਾਰ-ਚਰਚਾ ਦੇ ਜੋੜ ਜੁੜਦੇ ਰਹੇ ਹਨ।

ਬੇਨਤੀ ਇਹੀ ਹੈ ਕਿ ਵਿਚਾਰ-ਚਰਚਾ ਦੌਰਾਨ ਤਹੱਮਲ ਤੇ ਸਬਰ ਦਾ ਪੱਲਾ ਫੜ ਕੇ ਰੱਖਿਆ ਜਾਵੇ। -ਸੰਪਾਦਕ

ਬਲਕਾਰ ਸਿੰਘ (ਪ੍ਰੋਫੈਸਰ)

29 ਅਪਰੈਲ 1986 ਵਾਲੇ ਦਿਨ ਖਾਲਿਸਤਾਨ ਦੇ ਐਲਾਨਨਾਮੇ ਦਾ ਇਹ ਕਾਵਿਕ ਨਾਮਕਰਨ, ਘਟਗਿਣਤੀ ਸਿੱਖਾਂ ਵਿਚਾਲੇ ਬਿਲਕੁਲ ਹੀ ਘਟਗਿਣਤੀ ਵਾਲਿਆਂ ਦੀ ਸਿੱਖ ਸਿਆਸਤ ਦੇ ਐਲਾਨਨਾਮੇ ਨਾਲੋਂ ਕਿਤੇ ਵੱਧ ਕਰਮਜੀਤ ਸਿੰਘ ਦੀ ਕਲਪਿਤ ਸਿਆਸਤ ਦਾ ਐਲਾਨਨਾਮਾ ਹੋ ਗਿਆ ਹੈ। ਮੇਰੇ ਵਾਂਗ ਜੋ ਕੋਈ ਕਰਮਜੀਤ ਸਿੰਘ ਨੂੰ ਜਾਣਦਾ ਹੈ, ਉਸ ਨੂੰ ਪਤਾ ਹੈ ਕਿ ਇਸ ਮੁੱਦੇ ‘ਤੇ ਗੱਲ ਕਰਨ ਦਾ ਕੋਈ ਲਾਭ ਨਹੀਂ ਹੈ। ਕਰਮਜੀਤ ਸਿੰਘ ਨਾਲ ਸਹਿਮਤ ਹੋਏ ਬਿਨਾ ਨਿਭਣ ਦਾ ਮੇਰਾ ਲੰਮਾ ਅਨੁਭਵ ਹੈ।
ਇਸੇ ਦੀ ਨਿਰੰਤਰਤਾ ਵਿਚ ਆਪਣੀ ਗੱਲ ਇਥੋਂ ਸ਼ੁਰੂ ਕਰਨੀ ਚਾਹੁੰਦਾ ਹਾਂ ਕਿ ਖਾਲਿਸਤਾਨੀ ਸਿਆਸਤ ਦੇ ਮੁਹੱਬਤੀ ਉਲਾਰ ਵਿਚ ਕਰਮਜੀਤ ਸਿੰਘ ਨੇ ਕਦੇ ਕਿਉਂ ਨਹੀਂ ਸੋਚਿਆ ਕਿ ਗੁਰਮਤਿ ਦੇ ਸਫਲ ਕੀਰਤਨੀਏ ਭਾਈ ਬਖਸ਼ੀਸ਼ ਸਿੰਘ ਪਟਿਆਲਾ ਨੂੰ ਕਿਸ ਕਸੂਰ ਦੀ ਸਜ਼ਾ ਵਜੋਂ ਕਤਲ ਕੀਤਾ ਗਿਆ ਸੀ? ਜਦੋਂ ਖਾਲਿਸਤਾਨ ਦਾ ਐਲਾਨਨਾਮਾ ਨਸ਼ਰ ਹੋ ਰਿਹਾ ਸੀ, ਉਨ੍ਹਾਂ ਦਿਨਾਂ ਵਿਚ ਮੈਂ ਆਪਣੀ ਨਾਨੀ ਨੂੰ ਅਟਾਰੀ ਨੇੜੇ ਬੱਚੀਵਿੰਡ ਮਿਲਣ ਗਿਆ ਹੋਇਆ ਸੀ। ਉਸ ਨੂੰ ਉਪਰ ਦੀ ਕਿਰਪਾਨ ਪਾਈ ਦੇਖ ਕੇ ਮੈਂ ਪੁੱਛਿਆ ਕਿ ਨਾਨੀ ਨੇ ਕਦੋਂ ਅੰਮ੍ਰਿਤ ਛਕ ਲਿਆ? ਉਸ ਨੇ ਹੱਥ ਦੇ ਇਸ਼ਾਰੇ ਦੇ ਨਾਲ-ਨਾਲ ਭੇਤਭਰੀ ਆਵਾਜ਼ ਵਿਚ ਕਿਹਾ, “ਚੁਪ ਕਰ! ਬਾਬੇ ਪਤਾ ਨਹੀਂ ਕਿਹੜੇ ਵੇਲੇ ਆ ਜਾਣ! ਗਾਤਰੇ ਨੂੰ ਦੇਖ ਕੇ ਕੁਝ ਤਾਂ ਸ਼ਰਮ ਕਰਨਗੇ।”
86 ਸਾਲ ਦੀ ਮੇਰੀ ਨਾਨੀ ਦੀ ਪੀੜਾ ਨੂੰ ਧਿਆਨ ਵਿਚ ਰੱਖ ਕੇ ਖਾਲਿਸਤਾਨੀ ਐਲਾਨਨਾਮੇ ਦਾ ਲੇਖਾ ਜੋਖਾ ਕੌਣ ਕਰੇਗਾ? ਖਾਂਦੇ-ਪੀਂਦੇ ਮੱਧਵਰਗ ਦੇ ਉਜਾੜੇ ਦੀ ਦਾਸਤਾਨ ਲੋੜ ਪੈਣ ‘ਤੇ ਦੁਹਰਾਈ ਜਾ ਸਕਦੀ ਹੈ। ਕਰਮਜੀਤ ਸਿੰਘ ਨੂੰ ਪਤਾ ਹੈ ਕਿ ਸ਼ਾਂਤਮਈ ਅਕਾਲੀ ਮੋਰਚੇ ਦੀ ਕਮਾਂਡ ਤੱਤੀਆਂ ਧਿਰਾਂ ਦੇ ਹੱਥ ਆ ਜਾਣ ਪਿਛੋਂ ਪੂਰਾ ਸਿੱਖ ਭਾਈਚਾਰਾ, ਖਾਸ ਕਰ ਮਾਣ-ਮੱਤੇ ਮਝੈਲ ਕਿਵੇਂ 12-14 ਵਰ੍ਹੇ ਤਰਾਸ-ਤਰਾਸ ਕਰਦੇ ਰਹੇ ਸਨ। ਵਰਿਆਮ ਸੰਧੂ ਦੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਅਤੇ ਮਨਿੰਦਰ ਕਾਂਗ ਦੀ ਕਹਾਣੀ ‘ਭਾਰ’ ਜਿਨ੍ਹਾਂ ਨੇ ਪੜ੍ਹੀਆਂ ਹਨ, ਉਨ੍ਹਾਂ ਨੂੰ ਸਾਰਾ ਪਤਾ ਹੈ। ਖੁਦ ਮੈਂ ਆਪ ਅਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਹੋਰ ਲੋਕ ਉਨ੍ਹਾਂ ਨੇ ਉਨ੍ਹਾਂ ਨਾਲ ਜ਼ਰਾ ਵੀ ਅਸਹਿਮਤੀ ਰੱਖਣ ਵਾਲੇ ਲਗਾਤਾਰ ਕਿਵੇਂ ਦਬਕਾਏ ਹੋਏ ਸਨ। ਇਹ ਕਿਹੋ ਜਿਹੀ ਪੰਥਕ ਸਿਆਸਤ ਸੀ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਦੀ ਬਲੀ ਦੀ ਲੋੜ ਪੈ ਗਈ ਸੀ? ਆਪਣਿਆਂ ਹੱਥੋਂ ਮਰਨ ਦੀ ਚਸਕ ਕਰਮਜੀਤ ਨੂੰ ਮੇਰੇ ਵਾਂਗ ਕਦੇ ਵੀ ਕਿਉਂ ਮਹਿਸੂਸ ਨਹੀਂ ਹੋਈ? ਸਿਰ ‘ਤੇ ਕੱਫਨ ਬੰਨ੍ਹੀ ਫਿਰਦੇ ਖਾੜਕੂਆਂ ਨਾਲ ਮਿਲਦਿਆਂ-ਗਿਲਦਿਆਂ ਮੈਂ ਦੱਸਦਾ ਰਿਹਾ ਹਾਂ ਕਿ ਮੈਂ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕਿਉਂ ਹਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਕਿਉਂ ਨਹੀਂ ਹਾਂ?
ਕਰਮਜੀਤ ਸਿੰਘ ਦੇ ਹਵਾਲੇ ਨਾਲ ਹੁਣ ਉਹ ਗੱਲਾਂ ਰਿਕਾਰਡ ‘ਤੇ ਲਿਆਉਣ ਦੀ ਲੋੜ ਇਸ ਕਰ ਕੇ ਪੈ ਗਈ ਹੈ, ਕਿਉਂਕਿ ਮੈਨੂੰ ਖਾਲਿਸਤਾਨੀ ਸਿਆਸਤ ਦਾ ਹਾਸਲ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਲੱਗਦਾ ਹੈ ਅਤੇ ਵਿਦੇਸ਼ਾਂ ਵਿਚ ਰੈਫਰੈਂਡਮ 2020 ਵਾਲੇ ਲੱਗਦੇ ਹਨ। ਪਹਿਲਾਂ ਵੀ ਅਜਮੇਰ ਸਿੰਘ ਦੀ ਇਕ ਪੁਸਤਕ ਦੇ ਮੇਰੇ ਵਲੋਂ ਕੀਤੇ ਰੀਵੀਊ ਨੂੰ ਲੈ ਕੇ ਚੱਲੇ ਸੰਵਾਦ ਵਿਚੋਂ ਇਕ ਪੂਰੀ ਪੁਸਤਕ (ਸਿੱਖ ਕੌਮ: ਹਸਤੀ ਤੇ ਹੋਣੀ, 2012) ਨਿਕਲੀ ਅਤੇ ਛਪੀ ਹੋਈ ਹੈ। ‘ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ’ ਨੂੰ ਲੈ ਕੇ ਵੀ ਸੰਵਾਦ ਰਚਾਏ ਜਾਣ ਦੀ ਇਸ ਕਰ ਕੇ ਲੋੜ ਹੈ, ਕਿਉਂਕਿ ਇਹ ਸਾਹਮਣੇ ਲਿਆਂਦੇ ਜਾਣ ਦਾ ਸਮਾਂ ਆ ਗਿਆ ਹੈ ਕਿ ਜਿਸ ਐਲਾਨਨਾਮੇ ਦੇ ਪੰਜਾਂ ਵਿਚੋਂ ਤਿੰਨ ਮੈਂਬਰ ਮੁੱਕਰ ਚੁਕੇ ਹਨ, ਜਿਸ ਦੀ ਆੜ ਵਿਚ ਹਜ਼ਾਰਾਂ ਸਿੱਖ ਸ਼ਹੀਦੀਆਂ ਪਾ ਚੁਕੇ ਹਨ ਅਤੇ ਜਿਸ ਦੀ ਕਲਪਿਤ ਸਿਆਸਤ ਨੂੰ ਲਾਗੂ ਕਰਨ ਵਾਸਤੇ ਕਿਧਰੇ ਸੰਭਾਵਨਾ ਨਜ਼ਰ ਨਹੀਂ ਆ ਰਹੀ, ਉਸ ਦੇ ਕਰਮਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਰੁਮਾਂਚਕ ਉਸਾਰ ਦਾ ਲੇਖਾ-ਜੋਖਾ ਤਾਂ ਹੋਣਾ ਹੀ ਚਾਹੀਦਾ ਹੈ।
ਕਰਮਜੀਤ ਸਿੰਘ ਵਾਸਤੇ ਸਵਾਲ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਮ ਸਿੱਖ ਨੂੰ ਤਿਆਰ ਕੀਤੇ ਬਿਨਾ ਜਿਹੋ ਜਿਹੇ ਸਿਆਸੀ ਭੇੜ ਵਿਚ ਆਮ ਸਿੱਖ ਨੂੰ ਫਸਾ ਦਿੱਤਾ ਸੀ, ਉਸ ਦੇ ਸਾਹਮਣੇ ਆ ਚੁੱਕੇ ਨਤੀਜਿਆਂ ਲਈ ਜ਼ਿੰਮੇਵਾਰ ਕੌਣ ਹੈ? ਉਹ ਕਿਹੜੀ ਕਸਰ ਰਹਿ ਗਈ ਹੈ, ਜਿਸ ਨੂੰ ਪੂਰਾ ਕਰਨ ਲਈ ਕਰਮਜੀਤ ਸਿੰਘ ਕਲਪਨਾ ਦੇ ਘੋੜੇ ਬੇਲਗਾਮ ਦੌੜਾਈ ਜਾ ਰਿਹਾ ਹੈ? ਇਸੇ ਨਾਲ ਇਹ ਸਵਾਲ ਵੀ ਜੁੜਿਆ ਹੋਇਆ ਹੈ ਕਿ ਧਰਮ ਅਤੇ ਸਿਆਸਤ ਨੂੰ ਲੈ ਕੇ ਜਿਹੋ ਜਿਹਾ ਸਿਆਸੀ ਘੜਮੱਸ ਸਿੱਖ ਸਿਆਸਤ ਦੇ ਰੂਪ ਵਿਚ ਸਾਹਮਣੇ ਆ ਚੁਕਾ ਹੈ, ਉਸ ਵਿਚ ਕਰਮਜੀਤ ਕਿਹੋ ਜਿਹੀ ਸਿਆਸਤ ਦਾ ਵਾਧਾ ਕਰਨਾ ਚਾਹੁੰਦਾ ਹੈ? ਇਕ ਪਾਸੇ ਕਰਮਜੀਤ ਨੂੰ ਹਰ ਸਿੱਖ ਖਾੜਕੂ ਜਦੋਜਹਿਦ ਦਾ ਹਿੱਸਾ ਲੱਗਦਾ ਹੈ; ਦੂਜੇ ਪਾਸੇ ਉਹ ਖਾੜਕੂ ਲਹਿਰ ਦੇ ਮੁੱਦਈਆਂ ਵਿਚ ਸਿਰਫ ਅਖੰਡ ਕੀਰਤਨੀ ਜਥੇ ਅਤੇ ਭਿੰਡਰਾਂ ਵਾਲੀ ਟਕਸਾਲ ਨੂੰ ਹੀ ਕੇਵਲ ਮਾਤਰ ਮੁੱਦਈ ਮੰਨਦਾ ਹੈ। ਇਸ ਲਹਿਰ ਵਿਚ ਅਖੰਡ ਕੀਰਤਨੀ ਜਥੇ ਦੀ ਪ੍ਰਤੀਨਿਧਤਾ ਭਾਈ ਫੌਜਾ ਸਿੰਘ ਦੀ ਅਗਵਾਈ ਵਿਚ ਬੱਬਰ ਕਰਦੇ ਸੀ ਅਤੇ ਬੱਬਰਾਂ ਦੀ ਨੇੜਤਾ ਸੰਤ ਭਿੰਡਰਾਂਵਾਲੇ ਨਾਲੋਂ ਸੰਤ ਲੌਂਗੋਵਾਲ ਨਾਲ ਵੱਧ ਕਿਉਂ ਸੀ? ਏਧਰ ਓਧਰ ਖਿਲਰੇ ਅਜਿਹੇ ਸਵਾਲਾਂ ਦੇ ਜਵਾਬ ਤਾਂ ਖਾਲਿਸਤਾਨੀ ਦਾਨਸ਼ਵਰਾਂ ਨੂੰ ਦੇਣੇ ਹੀ ਚਾਹੀਦੇ ਹਨ।
ਸਿੱਖ ਸਿਆਸਤ ਵਿਚ ਖਾਲਿਸਤਾਨੀ ਸਿਆਸਤ ਦੇ ਦਖਲ ਨਾਲ ਹੀ ਇਹ ਸਵਾਲ ਵੀ ਪੈਦਾ ਹੋ ਗਿਆ ਸੀ ਕਿ ਜੋ ਅੰਮ੍ਰਿਤਧਾਰੀ ਨਹੀਂ ਹੈ, ਉਸ ਨੂੰ ਸਿੱਖ ਮੰਨਣਾ ਹੈ ਕਿ ਨਹੀਂ? ਜੇ ਕਰਮਜੀਤ ਸਿੰਘ ਨੂੰ ਖਾਲਿਸਤਾਨੀ ਐਲਾਨਨਾਮੇ ਦਾ ਦਿਨ ‘ਜ਼ਮੀਰ ਦੇ ਸਨਮੁਖ’ ਹੋਣ ਦਾ ਦਿਨ ਲੱਗਦਾ ਹੈ ਤਾਂ ਇਸ ਦੀ ਧਰਾਤਲ ਸੁਲਤਾਨ ਬਾਹੂ ਵਿਚੋਂ ਨਹੀਂ, ਬਾਣੀ ਵਿਚੋਂ ਲੱਭਣੀ ਚਾਹੀਦੀ ਸੀ। ਇਹ ਵੀ ਦੱਸਣਾ ਪੈਣਾ ਹੈ ਕਿ ਐਲਾਨਨਾਮਾ 1986 ‘ਭੁੱਲੀ ਵਿਸਰੀ ਹਥਿਆਰਬੰਦ ਜੰਗ ਸ਼ੁਰੂ ਕਰਨ ਦਾ ਵੇਲਾ’ ਕਿਵੇਂ ਹੋਇਆ? ਆਪਣੀ ਇਸ ਧਾਰਨਾ ਨਾਲ ਉਹ ਬੀਤੇ ਦੇ ਜਲੌਅ ਵਾਂਗ ਕਿਉਂ ਜੁੜਿਆ ਹੋਇਆ ਹੈ ਅਤੇ ਇਸ ਦਾ ਵਰਤਮਾਨ ਕਿਉਂ ਅਤੇ ਕਿਥੇ ਗੁਆਚ ਗਿਆ ਹੈ? ਉਦਰੇਵਿਆਂ ਦੇ ਜੰਗਲ ਵਿਚ ਭਟਕਦਿਆਂ ਤਾਂ ਇੱਛਤ ਪਗਡੰਡੀਆਂ ਨਹੀਂ ਲੱਭਣੀਆਂ। ਖਾਲਸਾ ਰਾਜ ਕਾਇਮ ਕਰਨ ਦੀ ਵਿਵਸਥਾ ਵਾਸਤੇ ਲੋੜੀਂਦਾ ਖਿੱਤਾ ਪੰਜਾਬ ਹੀ ਹੋ ਸਕਦਾ ਹੈ। ਪੰਜਾਬੀ ਸੂਬਾ ਪੰਜਾਬਾਂ ਵਿਚੋਂ ਇਕ ਪੰਜਾਬ ਹੈ। ਕਿਸੇ ਵੀ ਪੰਜਾਬ ਦੀ ਸਿਆਸੀ ਵਿਵਸਥਾ ਸਬੰਧਤ ਦੇਸ਼ ਦੀ ਵਿਧਾਨਿਕਤਾ ਦੇ ਅੰਤਰਗਤ ਹੀ ਸੰਭਵ ਹੋ ਸਕਦੀ ਹੈ। ਭਾਰਤ ਵਿਚ ਅਜਿਹੀ ਸੰਭਾਵਨਾ ਪੰਜਾਬੀ ਸੂਬੇ ਜਿਹੀ ਹੀ ਹੋ ਸਕਦੀ ਸੀ/ਹੈ। ਪਾਕਿਸਤਾਨ ਵਿਚ ਕੀ ਹੋ ਸਕਦਾ ਸੀ/ਹੈ, ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਕ ਹੋਰ ਸਿੱਖ ਸਿਆਸਤ ਦੀ ਮਿਸਾਲ ਕੈਨੇਡਾ ਜਿਹੀ ਹੋ ਸਕਦੀ ਹੈ। ਇਸ ਸਾਰੇ ਕੁਝ ਵਿਚ ਕਰਮਜੀਤ ਸਿੰਘ ਦਾ ‘ਖਾਲਸਾ ਰਾਜ’ ਕਿਹੋ ਜਿਹੀ ਸਿਆਸਤ ਹੈ, ਇਸ ਦਾ ਲੇਖਾ ਜੋਖਾ ਵੀ ਤਾਂ ਹੋਣਾ ਹੀ ਚਾਹੀਦਾ ਹੈ?
ਸਿੱਖ ਧਰਮ ਦੇ ਵਿਦਿਆਰਥੀ ਵਜੋਂ ਮੈਨੂੰ ਤਾਂ ‘ਖਾਲਿਸਤਾਨੀ ਸਿਆਸਤ’ ਗੁਰਮਤਿ ਰਾਹੀਂ ਗੁਰੂ-ਚਿੰਤਨ ਵਲੋਂ ਬਖਸ਼ੀ ਹੋਈ ਪ੍ਰਭੂਸੱਤਾ ਨਹੀਂ ਲੱਗਦੀ, ਕਿਉਂਕਿ ਜਿਸ ਖਿੱਤਾ ਮੂਲਕ ਪ੍ਰਭੂਸਤਾ ਦੀ ਸਿਆਸਤ ਵੱਲ ਇਸ਼ਾਰਾ ਕਰਮਜੀਤ ਸਿੰਘ ‘ਐਲਾਨਨਾਮਾ 1986’ ਰਾਹੀਂ ਕਰ ਰਿਹਾ ਹੈ, ਇਸ ਨਾਲ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਅਹਿਮ ਭੂਮਿਕਾ ਨਿਭਾ ਰਹੇ ਗੁਰੂਕਿਆਂ ਵਾਸਤੇ ਮੁਸ਼ਕਿਲਾਂ ਪੈਦਾ ਹੋ ਜਾਣਗੀਆਂ। ਸਿੱਖੀ ਨੂੰ ਜੇ ਇਸੇ ਤਰ੍ਹਾਂ ਦੇ ਪੰਥਕ ਸ਼ਿਕੰਜਿਆਂ ਵਿਚ ਕੱਸਦੇ ਜਾਵਾਂਗੇ ਤਾਂ ਕਲਪਿਤ ਸਿਆਸਤ ਦੀ ਬਲੀ ਸਿੱਖੀ ਨੂੰ ਚੜ੍ਹਾ ਰਹੇ ਹੋਵਾਂਗੇ। ਪਹਿਲਾਂ ਹੀ ਇਸ ਦਾ ਅਰੰਭ ਹਿੰਦੂ-ਵਿਰੋਧੀ ਸਿਆਸਤ ਨਾਲ ਹੋ ਚੁਕਾ ਹੈ ਅਤੇ ਪੁਸਤਕਾਂ ਦੁਆਰਾ ਇਸ ਦਾ ਗੁਰਜ ਅਜਮੇਰ ਸਿੰਘ ਨੇ ਸਾਂਭਿਆ ਹੋਇਆ ਹੈ। ਸਿੱਖ ਰਾਜ ਤੋਂ ਖਾਲਿਸਤਾਨੀ ਸਿਆਸਤ ਦੇ ਪੰਥਕ ਸਫਰ ਨੂੰ ਸਮਝਣ ਲਈ ਮੈਂ ਆਪਣੇ ਅਧਿਆਪਕ ਪ੍ਰੋ. ਧਰਮਾਨੰਤ ਸਿੰਘ ਦੀ ਇਕ ਪੁਸਤਕ ਦੇ ਅਰੰਭਕ ਸ਼ਬਦਾਂ ‘ਤੇ ਆਧਾਰਤ ਇਹ ਟੂਕ, ਇਸ ਕਰ ਕੇ ਸਾਂਝੀ ਕਰਨਾ ਚਾਹੁੰਦਾ ਹਾਂ ਤਾਂ ਕਿ ਇਹ ਸਾਹਮਣੇ ਲਿਆਂਦਾ ਜਾ ਸਕੇ ਕਿ ਗੁਰੂਕੇ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਹਨ, “ਸ਼ੁਭ ਸੰਮਤ 1856 ਬਿਕ੍ਰਮੀ, ਸੰਨ 1488 ਈ., ਅੱਜ ਸੰਨ 1862 (ਇਸ ਨੂੰ 20ਵੀਂ ਸਦੀ ਦੇ ਆਖਰੀ ਦੋ ਦਹਾਕੇ ਪੜ੍ਹਿਆ ਜਾਣ ਦਾ ਸੁਝਾਅ ਹੈ) ਦੇ ਮੁਕਾਬਲੇ ਵਿਚ ਸਚਮੁਚ ਸਤਜੁਗ ਸੀ, ਅਵਿੱਦਿਆ ਦੇ ਪੂਰਨ ਅੰਧਕਾਰ ਵਿਚ ਲੋਕੀਂ ਅੱਜ ਕੱਲ੍ਹ ਦੇ ਵਿਦਵਾਨਾਂ ਤੋਂ ਵਧੀਕ ਜਤੀ, ਸਤੀ, ਸੰਤੋਖੀ ਸਨ, ਦੁਰਾਚਾਰ ਨਾਲ ਲਿਬੜੇ ਹੋਏ ਉਦੋਂ ਦੇ ਪ੍ਰਗਟ ਦੁਰਾਚਾਰੀ ਇਸ ਸਮੇਂ ਦੇ ਦੰਭੀ ਮੋਮਨਾ ਤੋਂ ਅਮਿਤ ਉਚ ਆਚਾਰਵੰਤ ਸਨ, ਗੁਰਬਤ ਤੋਂ ਬੁਰੀ ਤਰ੍ਹਾਂ ਮਾਰੇ ਹੋਏ ਦਰਿਦ੍ਰੀ ਕੰਗਾਲਾਂ ਦੇ ਹਿਰਦੇ ਉਦੋਂ ਅੱਜ ਕਲ ਦੇ ਰਈਸਾਂ ਤੋਂ ਬੇਓੜਕ ਹੱਦ ਤੱਕ ਵਿਸ਼ਾਲ ਸਨ। ਉਹ ਅਤਿਥੀ ਸੇਵੀ ਸਨ, ਮਿਤ੍ਰ ਵਤਸਲ ਸਨ, ਤੇ ਧਰਮ ਹਿਤਕਾਰੀ ਸਨ। ਉਦੋਂ ਜਾਤਿ, ਗੋਤ, ਵਰਣ ਸਭ ਕੁਝ ਸੀ; ਪਰ ਜਾਤਿ, ਗੋਤ, ਵਰਣ ਦੀ ਦੁਰਗੰਧ ਨ ਸੀ। ਉਦੋਂ ਦੀਨ, ਮਤ ਯਾ ਮਜ਼ਹਬ ਦੇ ਅਜ਼ੀਮ, ਬੇ ਨਜ਼ੀਰ ਗੁਲਸ਼ਨ ਵਿਚ, ਰੂਹਾਨੀ ਫੁੱਲਾਂ ਨੂੰ ਮਹਿਕਾਣ ਵਾਲੀ, ਨਸੀਮੇ ਸੁਬਹਾਨੀ ਤਾਂ ਜ਼ਰੂਰ ਚਲਦੀ ਸੀ, ਪਰ ਪਰਸਪਰ ਪ੍ਰੇਮ ਦੀਆਂ ਕੋਮਲ ਕਲੀਆਂ ਨੂੰ ਤੋੜ ਫੋੜ ਕੇ ਪੈਰਾਂ ਵਿਚ ਰੁਲਾਣ ਵਾਲੀ, ਇਨਸਾਨੀਅਤ ਦੀਆਂ ਨੂਰੀ ਅੱਖਾਂ ਵਿਚ ਫੋਕੀ ਜ਼ਿਦ ਦਾ ਘੱਟਾ ਪਾਣ ਵਾਲੀ, ਤੇ ਇਨਸਾਨ ਨੂੰ ਅੰਨ੍ਹੇ ਹੈਵਾਨ ਬਣਾਣ ਵਾਲੀ ਅਜੇ ਜ਼ਾਲਿਮ ਤਅੱਸੁਬ ਦੀ ਹਨੇਰੀ ਨ ਝੁਲੀ ਸੀ।”
ਸਿਆਸਤ ਬ੍ਰਾਹਮਣਵਾਦੀ ਹੋਵੇ, ਖਾਲਿਸਤਾਨੀ ਹੋਵੇ ਜਾਂ ਰਾਜ ਨਹੀਂ ਸੇਵਾ ਦਾ ਦੰਭ ਹੋਵੇ, ਨਤੀਜੇ ਉਪਰੋਕਤ ਟੂਕ ਵਾਲੇ ਹੀ ਕੱਢਦੀ ਹੈ। ਸਿਆਸਤ, ਆਮ ਬੰਦੇ ਲਈ ਗਲਘੋਟੂ ਸੱਚਾਈ ਹੋ ਜਾਵੇ ਤਾਂ ਨੈਤਿਕਤਾ ਉਸ ਵਿਚੋਂ ਮਨਫੀ ਹੋ ਜਾਂਦੀ ਹੈ। ਬਰਾਸਤਾ ਮਿਸਲਾਂ, ਅਕਾਲੀਆਂ ਤੋਂ ਖਾਲਿਸਤਾਨ ਤੱਕ ਪਹੁੰਚਦਿਆਂ ਪੰਥਕਤਾ ਦੀ ਸਿੱਖ ਸਿਆਸਤ ਨੇ ਗੁਰੂ-ਚਿੰਤਨ ਦੇ ਦਿੱਬ ਵਰਤਾਰਿਆਂ ਦੇ ਪ੍ਰਸੰਗ ਵਿਗਾੜ ਨੂੰ ਬਹੁਤ ਦੂਰ ਤੱਕ ਪਹੁੰਚਾ ਦਿੱਤਾ ਹੈ। ਜਿਸ ਨੂੰ ਕਰਮਜੀਤ ਸਿੰਘ ‘ਸਿਆਸੀ ਰੂਪ ਵਿਚ ਅਸਪਸ਼ਟਤਾ ਦੀ ਧੁੰਦ’ ਕਹਿ ਰਿਹਾ ਹੈ, ਉਹ ਅਸਲ ਵਿਚ ਜਜ਼ਬਾਤੀ ਅੰਧ ਦੀ ਕੱਟੜ ਸਿਆਸਤ ਹੈ। ਇਸ ਵਿਚ ਸੰਵਾਦੀ ਚੇਤਨਾ ਸੰਭਵ ਹੀ ਨਹੀਂ ਹੋ ਸਕਦੀ। ਜਿਹੜੇ ਹਵਾਲੇ ਨਾਲ ਗੱਲ ਕੀਤੀ ਜਾ ਰਹੀ ਹੈ, ਉਹ ਸਾਡਾ ਸਾਰਿਆਂ ਦਾ ਸਮਕਾਲ ਹੈ। ਇਸ ਵਿਚ ‘ਜਾਨ ਬਖਸ਼ੀ ਹੋਵੇ ਤਾਂ ਗੱਲ ਕਰੀਏ’ ਜਿਹੀਆਂ ਮਜਬੂਰੀਆਂ ਕਿਉਂ ਤੇ ਕਿਵੇਂ ਪੈਦਾ ਹੋਈਆਂ, ਵਿਚਾਰਿਆ ਜਾਣਾ ਚਾਹੀਦਾ ਹੈ। ਜਿਹੜੀ ਸਿਆਸਤ ਜ਼ਬਾਨ-ਬੰਦੀ ਵਲ ਸੇਧਤ ਹੋਵੇ, ਉਹ ਸਿੱਖ ਸਿਆਸਤ ਕਿਵੇਂ ਹੋ ਸਕਦੀ ਹੈ? ਕਿਸ ਨੂੰ ਨਹੀਂ ਪਤਾ ਕਿ ਘਰਾਂ ਦੀ ਨੈਤਿਕਤਾ ਦੇ ਘਾਣ ਨੂੰ ‘ਸਿੱਖ ਮਾਨਸਿਕਤਾ ਵਿਚ ਆਪਣਾ ਘਰ ਬਣਾ ਲਿਆ’ ਨਹੀਂ ਕਿਹਾ ਜਾ ਸਕਦਾ। ਜਿਹੜੀ ਆਸ ਕਰਮਜੀਤ ਸਿੰਘ ‘ਸੁਹਿਰਦ ਤੇ ਨਿਰਪੱਖ ਵਿਦਵਾਨਾਂ ਅਤੇ ਪੜ੍ਹੇ ਲਿਖੇ ਤੇ ਸੁਲਝੇ ਨੌਜਵਾਨਾਂ’ ਤੋਂ ਕਰ ਰਿਹਾ ਹੈ, ਇਸੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸੇ ਨਾਲ ਇਹ ਦੁਖਾਂਤ ਜੁੜਿਆ ਹੋਇਆ ਹੈ ਕਿ ਜੋ ਖਾਲਿਸਤਾਨ ਦੇ ਹੱਕ ਵਿਚ ਨਹੀਂ ਭੁਗਤਦਾ, ਉਹ ਕਰਮਜੀਤ ਸਿੰਘ ਨੂੰ ‘ਘ੍ਰਿਣਾ ਦੀ ਖੋਜ’ ਦਾ ਦੋਸ਼ੀ ਲੱਗਦਾ ਹੈ। ਲਹਿਰ ਦੀਆਂ ਕਮਜ਼ੋਰੀਆਂ ਨੂੰ ‘ਕੱਚੀ ਸੋਚ’ ਗਰਦਾਨਣ ਨਾਲ ਤਾਂ ਜੁਝਾਰੂਆਂ ਦੀ ‘ਸਿਆਸੀ ਥਿੜਕਣ’ ਨਾਲ ਜੁੜੀਆਂ ਹੋਈਆਂ ਸ਼ਰੀਕਾ ਰੰਜਿਸ਼ਾਂ ਅਤੇ ‘ਭਿਆਨਕ ਰਣਨੀਤਕ ਗਲਤੀਆਂ’ ਦੇ ਸੱਚ ਨੇ ਸਾਹਮਣੇ ਨਹੀਂ ਆਉਣਾ। ਇਹ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਲੋੜੀਂਦੇ ਖਾਲਿਸਤਾਨੀ ਸਿਆਸਤ ਦੇ ਸੱਚ ਤੱਕ ਪਹੁੰਚਣ ਦਾ ਰਾਹ, ਜਿਸ ਤਰ੍ਹਾਂ ਖਾੜਕੂ ਦਾਨਸ਼ਵਰਾਂ ਕਰ ਕੇ ਰੁਕਦਾ ਰਿਹਾ ਹੈ, ਉਸ ਤਰ੍ਹਾਂ ਕਥਿਤ ‘ਪੰਥ ਦੁਸ਼ਮਣ ਤਾਕਤਾਂ’ ਕਰ ਕੇ ਕਿਉਂ ਨਹੀਂ ਰੁਕਦਾ ਰਿਹਾ? ਅੱਜ ਵੀ ਖਾਲਿਸਤਾਨ ਬਾਰੇ ਜਿਸ ਤਰ੍ਹਾਂ ਖਾਲਿਸਤਾਨੀ ਦਾਨਸ਼ਵਰ ਖਾਲਿਸਤਾਨੀ ਸਿਆਸਤ ਵਾਸਤੇ ਤਹੂ ਲੱਗ ਰਹੇ ਹਨ, ਉਸ ਤਰ੍ਹਾਂ ਖਾਲਿਸਤਾਨ ਦੇ ਸਕਰਮਕ ਸਿਆਸੀ ਹਿਤੈਸ਼ੀ ਵੀ ਕਿਉਂ ਨਹੀਂ ਲੱਗ ਰਹੇ?
ਟਕਸਾਲੀ ਖਾਲਿਸਤਾਨੀਆਂ ਦਾ ਇਹ ਦੋਸ਼ ਵੀ ਸਾਹਮਣੇ ਆ ਚੁਕਾ ਹੈ ਕਿ ਖਾਲਿਸਤਾਨੀ ਦਾਨਸ਼ਵਰ, ਬਚੇ-ਖੁਚੇ ਅਸਲ ਖਾਲਿਸਤਾਨੀਆਂ ਨੂੰ ਨੰਗਾ ਕਰਨ ਦੀ ਸਿਆਸਤ ਕਰ ਰਹੇ ਹਨ। ਕੌਣ ਕਿਸ ਨੂੰ ਦੱਸੇ ਕਿ ਭਾਰਤ ਸਰਕਾਰ, ਹਿੰਦੂਤਵੀ ਜਮਾਤਾਂ ਅਤੇ ਪੰਥ ਦੁਸ਼ਮਣ ਤਾਕਤਾਂ ਵੀ ਉਸੇ ਤਰ੍ਹਾਂ ਆਪੋ-ਆਪਣੀ ਸਿਆਸਤ ਕਰ ਰਹੀਆਂ ਹਨ, ਜਿਵੇਂ ਪ੍ਰਚੰਡ ਜਜ਼ਬਿਆਂ ਦੀ ਸੂਹੀ ਸਵੇਰ ਦੇ ਮੁੱਦਈ ਸਿਆਸਤ ਕਰ ਰਹੇ ਹਨ। ਸਿਆਸਤ ਵਿਚ ਤਕਲੀਏ ਦਾ ਅਧਿਕਾਰ ਕੌਣ ਕਿਸ ਨੂੰ ਦਿੰਦਾ ਹੈ? ਸਿੱਖ ਸਿਆਸਤ ਦੀ ਪ੍ਰਗਟ ਹੋ ਚੁਕੀ ਖੇਡ ਵਿਚ ਜਦੋਂ ਕਰਮਜੀਤ ਸਿੰਘ ‘ਪੂਰਨ ਪ੍ਰਭੂਸਤਾ ਸੰਪੰਨ ਖਾਲਿਸਤਾਨ ਦੀ ਸਥਾਪਨਾ ਦੇ ਪੰਥਕ ਨਿਸ਼ਾਨੇ’ ਦੇ ਹੱਕ ਵਿਚ ‘ਸਿੱਖ ਰਾਜ ਦੀ ਰੂਪ ਰੇਖਾ ਦੇ ਗੰਭੀਰ ਸੰਕੇਤ ਗੁਰੂ ਗ੍ਰੰਥ ਸਾਹਿਬ ਵਿਚ ਬਾਕਾਇਦਾ ਮਿਲਦੇ ਹਨ’ ਨੂੰ ਦਲੀਲ ਵਜੋਂ ਪੇਸ਼ ਕਰਦਾ ਹੈ ਤਾਂ ਉਸ ਦੇ ਧਿਆਨ ਵਿਚ ਨਹੀਂ ਰਹਿੰਦਾ ਕਿ ਇਸ ਨਾਲ ਪੈਦਾ ਹੋਣ ਵਾਲੇ ਸੂਖਮ ਅਤੇ ਸਿਧਾਂਤਕ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਿਲ ਹੋ ਸਕਦੇ ਹਨ। ਇਹ ਵੀ ਕਿਸ ਨੂੰ ਕੌਣ ਦੱਸੇ ਕਿ ਘਟਗਿਣਤੀਆਂ ਵਲੋਂ ਬੰਦੂਕ ਦੀ ਗੋਲੀ ਵਿਚੋਂ ਤਾਕਤ ਕੱਢਣ ਦੀ ਸਿਆਸਤ ਕਦੇ ਵੀ ਘਟਗਿਣਤੀਆਂ ਦੇ ਹੱਕ ਵਿਚ ਨਹੀਂ ਭੁਗਤੀ। ਇਹ ਵੀ ਕੌਣ ਦੱਸੇਗਾ ਕਿ ਦੁਨੀਆਂ ਭਰ ਵਿਚ ਸ਼ਾਨਾਂਮੱਤੀਆਂ ਪ੍ਰਾਪਤੀਆਂ ਕਰ ਕੇ ਸਿੱਖਾਂ ਦੀ ਬਣੀ ਹੋਈ ਸਾਖ ਵਿਚ ਕਿਸੇ ਵੀ ਰੰਗ ਦੀ ਸਿੱਖ ਸਿਆਸਤ ਦੀ ਕੀ ਭੂਮਿਕਾ ਹੈ? ਸਿੱਖ ਸਾਹਿਤ ਵਿਚ ਪ੍ਰਾਪਤ ਇਸ ਟਿੱਪਣੀ ਨਾਲ ਆਪਣੀ ਗੱਲ ਨੂੰ ਚੱਲਦੀ ਰਹਿਣ ਵਾਸਤੇ ਖੁਲ੍ਹੀ ਛੱਡਦਾ ਹਾਂ,
ਜੰਗ ਨ ਭਲੋ ਸੁਧਾਸਰ ਮਾਹਿ।
ਆਵਹਿ ਤੁਰਕ ਅਦਬ ਰਹੇ ਨਾਹਿ। (ਗੁਰ ਬਿਲਾਸ)