ਪੰਜਾਬ ਵਿਚ ਟਿੱਡੀ ਦਲ ਦੇ ਹਮਲੇ ਦੀ ਚਿਤਾਵਨੀ

ਚੰਡੀਗੜ੍ਹ: ਪੰਜਾਬ ਵਿਚ ਐਤਕੀਂ ਗਰਮੀਆਂ ‘ਚ ਫਸਲਾਂ ਉਤੇ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ, ਜਿਸ ਬਾਰੇ ਪੰਜਾਬ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਸਰਹੱਦੀ ਜ਼ਿਲ੍ਹਿਆਂ ‘ਚ ਇਹ ਸੰਭਾਵੀ ਹਮਲਾ ਵੱਡਾ ਨੁਕਸਾਨ ਕਰ ਸਕਦਾ ਹੈ। ਕੌਮਾਂਤਰੀ ਖੁਰਾਕ ਤੇ ਖੇਤੀਬਾੜੀ ਸੰਸਥਾ ਨੇ ਭਾਰਤ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਗਾਊਂ ਪ੍ਰਬੰਧ ਵਿੱਢ ਦਿੱਤੇ ਹਨ। ਅਬੋਹਰ ਦੇ ਪਿੰਡਾਂ ‘ਚ ਟਿੱਡੀ ਦਲ ਪੁੱਜਾ ਵੀ ਹੈ, ਜਿਸ ਨੂੰ ਲੋਕਾਂ ਨੇ ਮੌਕੇ ਉਤੇ ਛਿੜਕਾਅ ਕਰਕੇ ਢੇਰੀ ਕੀਤਾ ਹੈ।

ਅਬੋਹਰ ਦੇ ਪਿੰਡ ਦੀਵਾਨ ਖੇੜਾ ਵਿਚ ਟਿੱਡੀ ਦਲ ਵੇਖਿਆ ਗਿਆ। ਕੌਮਾਂਤਰੀ ਖੁਰਾਕ ਤੇ ਖੇਤੀਬਾੜੀ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਦੱਖਣੀ ਪੱਛਮੀ ਏਸ਼ੀਆ ‘ਚ ਟਿੱਡੀ ਦਲ ਹਮਲਾ ਕਰ ਸਕਦਾ ਹੈ। ਇਰਾਨ ਅਤੇ ਪਾਕਿਸਤਾਨ ਦੇ ਕੁਝ ਹਿੱਸਿਆ ਵਿਚ ਟਿੱਡੀ ਦਲ ਵੇਖਿਆ ਗਿਆ ਹੈ ਜਿਥੋਂ ਇਹ ਰੇਤਲੇ ਇਲਾਕਿਆਂ ਵਿਚ ਪੁੱਜ ਸਕਦਾ ਹੈ। ਸੰਸਥਾ ਨੇ ਭਾਰਤ ਪਾਕਿ ਸਰਹੱਦ ਦੇ ਦੋਵੇਂ ਪਾਸੇ ਟਿੱਡੀ ਦਲ ਦੇ ਹਮਲੇ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਸੰਸਥਾ ਦਾ ਕਹਿਣਾ ਹੈ ਕਿ ਜੂਨ ਮਹੀਨੇ ਵਿਚ ਚੌਕਸੀ ਵਰਤਣ ਦੀ ਲੋੜ ਹੈ।
ਕੇਂਦਰ ਸਰਕਾਰ ਨੇ ਇਸ ਸੰਭਾਵੀ ਹਮਲੇ ਦੇ ਮੱਦੇਨਜ਼ਰ ਵਿਆਪਕ ਪ੍ਰਬੰਧ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਟਿੱਡੀ ਦਲ ਦੇ ਸੰਭਾਵੀ ਹੱਲੇ ਤੋਂ ਜਾਣੂ ਕਰਾ ਦਿੱਤਾ ਹੈ। ਹਰ ਜ਼ਿਲ੍ਹਾ ਪੱਧਰ ਉਤੇ ਕੰਟਰੋਲ ਰੂਮ ਬਣਾਉਣ ਅਤੇ ਮਾਲ ਵਿਭਾਗ ਤੇ ਖੇਤੀ ਵਿਭਾਗ ਦੀਆਂ ਟੀਮਾਂ ਸਰਵੇ ਟੀਮਾਂ ਬਣਾਉਣ ਲਈ ਕਿਹਾ ਗਿਆ ਹੈ। ਪੰਚਾਇਤਾਂ ਨੂੰ ਇਸ ਤੋਂ ਜਾਣੂ ਕਰਾਉਣ ਦੀ ਹਦਾਇਤ ਕੀਤੀ ਗਈ ਹੈ। ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤ ਜਾਣਨ ਲਈ ਮੀਟਿੰਗਾਂ ਕਰਨ ਵਾਸਤੇ ਆਖਿਆ ਗਿਆ ਹੈ। ਕੌਮਾਂਤਰੀ ਸੀਮਾ ਕੋਲ ਟਿੱਡੀ ਦਲ ਦੇ ਸੰਭਾਵੀ ਹਮਲਿਆਂ ਨੂੰ ਲੈ ਕੇ ਖਿੱਤਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਸੀਮਾ ਸੁਰੱਖਿਆ ਬਲਾਂ ਨਾਲ ਤਾਲਮੇਲ ਬਣਾਉਣ ਲਈ ਕਿਹਾ ਗਿਆ ਹੈ। ਖੇਤੀ ਮਹਿਕਮੇ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਟਿੱਡੀ ਦਲ ਦਾ ਹਮਲਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਅਤੇ ਪਿੰਡ ਬਾਰੇਕਾ ਵਿਚ ਵਾਰ ਵਾਰ ਵੇਖਣ ਨੂੰ ਮਿਲਿਆ ਹੈ ਜਿਸ ਨੂੰ ਮੌਕੇ ‘ਤੇ ਖਤਮ ਕੀਤਾ ਗਿਆ ਸੀ। ਕਿਸਾਨ ਸੰਦੀਪ ਜਾਖੜ ਨੇ ਦੱਸਿਆ ਕਿ ਜਿਉਂ ਹੀ ਪਤਾ ਲੱਗਾ ਤਾਂ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਜਾਣੂ ਕਰਾ ਦਿੱਤਾ। ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਵੀ ਮੌਕੇ ‘ਤੇ ਪੁੱਜ ਗਈ ਸੀ। ਅਬੋਹਰ ਦੇ ਐਸ਼ਡੀ.ਐਮ. ਜਸਪਾਲ ਸਿੰਘ ਬਰਾੜ ਤੋਂ ਇਲਾਵਾ ਖੇਤੀ ਮਹਿਕਮੇ ਦੇ ਅਧਿਕਾਰੀ ਵੀ ਮੌਕੇ ਉਤੇ ਪੁੱਜ ਗਏ ਜਿਨ੍ਹਾਂ ਅਪਰੇਸ਼ਨ ਚਲਾ ਕੇ ਟਿੱਢੀ ਦਲ ਦਾ ਖਾਤਮਾ ਕੀਤਾ। ਦੱਸਣਯੋਗ ਹੈ ਕਿ ਪੰਜਾਬ ਤੋਂ ਇਲਾਵਾ ਗੁਜਰਾਤ ਤੇ ਰਾਜਸਥਾਨ ਵਿਚ ਟਿੱਡੀ ਦਲ ਦਾ ਖਤਰਾ ਬਣਿਆ ਹੋਇਆ ਹੈ।