ਖਾਲਿਸਤਾਨ ਐਲਾਨਨਾਮਾ: ਸੌਖਾ ਨਹੀਂ ਨਵੀਂ ਸਟੇਟ ਦਾ ਜਨਮ

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
‘ਪੰਜਾਬ ਟਾਈਮਜ਼’ ਦੇ 9 ਮਈ ਦੇ ਅੰਕ ਵਿਚ ਖਾਲਿਸਤਾਨ ਐਲਾਨਨਾਮੇ ਬਾਰੇ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ਸਬੰਧੀ ਹਜਾਰਾ ਸਿੰਘ ਮਿਸੀਸਾਗਾ ਅਤੇ ਹਰਜੀਤ ਦਿਉਲ ਦੇ ਪ੍ਰਤੀਕਰਮ ਪੜ੍ਹੇ। ਲੇਖਕਾਂ ਨੇ ਜਿਵੇਂ ਕਰਮਜੀਤ ਸਿੰਘ ਦੇ ਲੇਖ ਵਿਚਲੇ ਵਿਚਾਰਾਂ ਨਾਲ ਡੂੰਘੀ ਅਸਹਿਮਤੀ ਪ੍ਰਗਟਾਈ ਹੈ, ਇਸ ਨਾਲ ਹਰ ਉਹ ਸਿੱਖ ਸਹਿਮਤ ਹੋਵੇਗਾ, ਜੋ ਸਿੱਖਾਂ ਨੂੰ ਅਤੇ ਸਿੱਖ ਧਰਮ ਨੂੰ ਸੰਸਾਰ ਵਿਚ ਪ੍ਰਫੁਲਿਤ ਹੁੰਦਾ ਵੇਖਣਾ ਲੋਚਦੇ ਹਨ। ਕੀ ਕਦੇ ਤਮਾਮ ਮਰਹੂਮ ਜਾਂ ਮੌਜੂਦਾ ਸਿੱਖ ਲੀਡਰਾਂ ਨੇ ਇਸ ਮੁੱਦੇ ‘ਤੇ ਵਿਚਾਰ ਕੀਤਾ ਹੈ ਕਿ ਪੁਰਾਤਨ ਵਿਸ਼ਾਲ ਸਿੱਖ ਸਮਰਾਜ ਅੱਜ ਦੇ ਨਿਗੁਣੇ ਜਿਹੇ ਪੰਜਾਬ (ਸੂਬੀ) ਵਿਚ ਕਿਵੇਂ ਤਬਦੀਲ ਹੋਇਆ?

ਸਭ ਧਰਮਾਂ ਨੇ ਬਹੁਤ ਤਰੱਕੀਆਂ ਕੀਤੀਆਂ। ਸਿੱਖ ਅਜੇ ਵੀ ਦੋ ਪ੍ਰਤੀਸ਼ਤ ਦਾ ਅੰਕੜਾ ਪਾਰ ਨਹੀਂ ਕਰ ਸਕੇ? ਪਰ ਹੈਰਾਨੀ ਦੀ ਗੱਲ ਹੈ ਕਿ ਕਈ ਅਖੌਤੀ ਧਾਰਮਿਕ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਕਰੋੜਾਂ ਵਿਚ ਹੈ, ਪਰ ਸਿੱਖ ਧਰਮ ਦਾ ਘੇਰਾ ਕਿੰਨਾ ਵਧਿਆ? ਸਿੱਖ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਵਿਚ ਕਿੰਨਾ ਵਾਧਾ ਹੋਇਆ? ਜੁਆਬ ਉਤਸ਼ਾਹਜਨਕ ਨਹੀਂ ਹਨ।
ਸਿੱਖਾਂ ਕੌਮ ਦੇ ਧਾਰਮਿਕ ਮੁਖੀਆਂ ਜਾਂ ਸਿਆਸੀ ਲੀਡਰਾਂ ਨੇ ਕਦੇ ਵੀ ਉਪਰੋਕਤ ਮੁੱਦੇ ‘ਤੇ ਆਤਮ ਚਿੰਤਨ ਨਹੀਂ ਕੀਤਾ। ਕਿਉਂ ਸਿੱਖੀ ਸਰੂਪ ਨਾਲ ਸਿੱਖ ਲੋਕ ਹੋਰਨਾਂ ਕੱਚ ਘਰੜ ਬਾਬਿਆਂ ਦੇ ਸ਼ਰਧਾਲੂ ਬਣਦੇ ਜਾ ਰਹੇ ਹਨ? ਸਿੱਖ ਧਾਰਮਿਕ ਆਗੂਆਂ ਨੇ ਸਿੱਖਾਂ ਵੱਲੋਂ ਵੱਡੀ ਗਿਣਤੀ ਵਿਚ ਹੋਰਨਾਂ ਧਾਰਮਿਕ ਫਿਰਕਿਆਂ ਵੱਲ ਜਾਣ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਲੀਡਰਾਂ ਦੀ ਤਾਂ ਗੱਲ ਛੱਡੋ, ਅਕਾਲ ਤਖਤ ਦੇ ਜਥੇਦਾਰਾਂ ਨੇ ਵੀ ਕਦੇ ਅਜਿਹੇ ਅਹਿਮ ਮੁੱਦੇ ‘ਤੇ ਵਿਚਾਰ ਨਹੀਂ ਕੀਤਾ। ਕੀਤਾ ਹੈ ਤਾਂ ਸਿਰਫ ਇਕ ਸਿਆਸੀ ਪਾਰਟੀ ਅਕਾਲੀ ਦਲ ਅਤੇ ਕਾਬਜਾਂ ਦੇ ਇਸ਼ਾਰਿਆਂ ‘ਤੇ ਸਿਆਸੀ ਵਿਰੋਧੀਆਂ ਤੇ ਸਿੱਖ ਸਕਾਲਰਾਂ ਨੂੰ ਪੰਥ ਵਿਚੋਂ ਛੇਕਣ ਦਾ।
ਇਕ ਕੰਮ ਹੋਰ ਜ਼ਰੂਰ ਹੋਇਆ ਕਿ ਕੁਝ ਸਿੱਖ ਕੱਟੜ ਜਥੇਬੰਦੀਆਂ ਨੇ ਸਿੱਖ ਧਰਮ ਦੀ ਰਾਖੀ ਦੇ ਨਾਂ ‘ਤੇ ਵਿਰੋਧੀ ਜਥੇਬੰਦੀਆਂ ਦੇ ਸਮਾਗਮਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਸ੍ਰੀ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਿਨ ਨਿਰੰਕਾਰੀ ਸਮਾਗਮ ਵਾਲੀ ਘਟਨਾ ਨੇ ਸਿੱਖਾਂ ਵੱਲੋਂ ਅਜੇ ਤੱਕ ਹੰਡਾਏ ਜਾ ਰਹੇ ਸੰਤਾਪ ਦੀ ਅਜਿਹੀ ਚਿਣਗ ਲਾਈ ਕਿ ਸਾਰੇ ਸੰਸਾਰ ਵਿਚ ਸਿੱਖ ਸਮਾਜ ਇਸ ਦਾ ਸੇਕ ਮਹਿਸੂਸ ਕਰ ਰਿਹਾ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਦੀਆਂ ਖਿੰਡੀਆਂ ਹੋਈਆਂ ਸਿੱਖ ਮਿਸਲਾਂ ਨੂੰ ਜਿੱਤ ਕੇ ਪਹਿਲੇ ਸਿੱਖ ਸਾਮਰਾਜ ਦੀ ਨੀਂਹ ਰੱਖੀ ਅਤੇ ਇਕ ਵਿਸ਼ਾਲ ਤੇ ਅਜਿਹੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ, ਜਿਸ ਨੇ ਅਫਗਾਨਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਚੜ੍ਹਾਈ ਕੀਤੀ, ਜਿੱਤਿਆ ਤੇ ਕਈ ਸਾਲ ਤੱਕ ਰਾਜ ਵੀ ਕੀਤਾ। ਇਹ ਕੌਮਾਂਤਰੀ ਇਤਿਹਾਸ ਸਿੱਖ ਰਾਜ ਵੱਲੋਂ ਸਥਾਪਿਤ ਇਕ ਅਜਿਹੀ ਮਿਸਾਲ ਹੈ ਕਿ ਕਈ ਸਦੀਆਂ ਬੀਤ ਜਾਣ ਪਿਛੋਂ ਅੱਜ ਤੱਕ ਕੋਈ ਵੀ ਸਾਮਰਾਜ ਇਸ ਦੀ ਬਰਾਬਰੀ ਨਹੀਂ ਕਰ ਸਕਿਆ। ਅੰਗਰੇਜ਼ ਸਾਮਰਾਜ ਨੇ ਵੀ ਆਪਣੇ ਜਿਉਂਦੇ ਜੀਅ ਸਿੱਖ ਸਾਮਰਾਜ ‘ਤੇ ਅੱਖ ਚੁੱਕਣ ਦਾ ਹੀਆ ਨਹੀਂ ਸੀ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਸਿੱਖ ਸਾਮਰਾਜ ਦਾ ਕੀ ਬਣਿਆ? ਸਿੱਖਾਂ ਦਿਆਂ ਲੀਡਰਾਂ ਨੇ ਸਿੱਖ ਸਾਮਰਾਜ ਦੀ ਕੀ ਹਾਲਤ ਕੀਤੀ, ਉਸ ਤੋਂ ਅਸੀਂ ਸਾਰੇ ਸਿੱਖ ਭਲੀਭਾਂਤ ਜਾਣੂੰ ਹਾਂ। ਸਿੱਖ ਸਰਦਾਰਾਂ ਨੇ ਪਹਿਲਾਂ ਅੰਗਰੇਜ਼ਾਂ ਸਾਹਮਣੇ ਸਿੱਖ ਰਾਜ ਦਾ ਆਤਮ ਸਮਰਪਣ ਕਰਵਾਇਆ ਤੇ ਇਵਜ਼ ਵਿਚ ਵੱਡੇ ਰਾਜਕੀ ਤੇ ਮਾਇਕ ਇਨਾਮ ਪ੍ਰਾਪਤ ਕੀਤੇ।
ਸਮਾਂ ਪੈ ਕੇ ਜਦੋਂ ਅੰਗਰੇਜ਼ੀ ਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਤਾਂ ਸਿੱਖਾਂ ਨੇ ਆਜ਼ਾਦੀ ਦੀ ਲੜਾਈ ਵਿਚ ਵਡਮੁੱਲਾ ਯੋਗਦਾਨ ਪਾਇਆ; ਪਰ ਅਫਸੋਸ! ਕੋਈ ਵੀ ਸਿੱਖ ਲੀਡਰ ਆਪਣਾ ਕੱਦ-ਕਾਠ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਮੌਲਾਨਾ ਆਜ਼ਾਦ ਆਦਿ ਜਿਹਾ ਨਹੀਂ ਬਣਾ ਸਕਿਆ। ਸਿੱਖ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਮੋਹਰੀ ਸਨ। ਸਿੱਖਾਂ ਨੇ ਆਜ਼ਾਦੀ ਦੀ ਲੜਾਈ ਬੜੀ ਸ਼ਿੱਦਤ ਨਾਲ ਅਣਗਿਣਤ ਕੁਰਬਾਨੀਆਂ ਦੇ ਕੇ ਲੜੀ, ਪਰ ਸਿੱਖ ਲੀਡਰਾਂ ਦਾ ਆਪਸ ਵਿਚ ਇਤਫਾਕ ਨਾ ਹੋਣ ਕਰਕੇ ਆਜ਼ਾਦੀ ਪਿਛੋਂ ਬਣੇ ਨਵੇਂ ਭਾਰਤ ਵਿਚ ਸਿੱਖਾਂ ਨੂੰ ਬਣਦਾ ਸਨਮਾਨ ਨਹੀਂ ਦੁਆ ਸਕੇ। ਇਹੋ ਕਾਰਨ ਹੈ ਕਿ ਸਿੱਖਾਂ ਦੇ ਸਨਮਾਨ ਅਤੇ ਹਿਤਾਂ ਦਾ ਉਚਿਤ ਧਿਆਨ ਨਹੀਂ ਰੱਖਿਆ ਗਿਆ।
ਆਜ਼ਾਦੀ ਪਿਛੋਂ ਪੰਜਾਬ ਵਿਚ ਕਾਂਗਰਸੀ ਸਿੱਖ ਲੀਡਰਸ਼ਿੱਪ ਮੂਹਰਲੀ ਕਤਾਰ ਵਿਚ ਆ ਗਈ। ਜ਼ਬਰਦਸਤ ਹਿੰਦੀ ਪ੍ਰੈਸ ਦੇ ਮੁਕਾਬਲੇ ਤਕੜੀ ਪੰਜਾਬੀ ਪ੍ਰੈਸ ਦੀ ਅਣਹੋਂਦ ਨੇ ਪੰਜਾਬੀ ਭਾਸ਼ਾ ਦੀ ਪ੍ਰਗਤੀ ਦੇ ਰਾਹ ਔਖੇ ਕਰ ਦਿੱਤੇ। ਹਿੰਦੀ ਪ੍ਰੈਸ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਨਫਰਤ ਦਾ ਮਾਹੌਲ ਸਿਰਜਿਆ ਗਿਆ। ਇਹ ਜੋ ਹੋਇਆ, ਠੀਕ ਨਹੀਂ ਸੀ। ਅਕਾਲੀ ਲੀਡਰਾਂ ਨੇ ਆਪਣੀ ਰਾਜਸੀ ਸੱਤਾ ਪ੍ਰਾਪਤ ਕਰਨ ਖਾਤਰ ਸਿੱਖਾਂ ਦੇ ਹਿਤਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਕੇ ਇੱਕ ਸੰਪੰਨ ਸਟੇਟ ਨੂੰ ਇਕ ਛੋਟੀ ਸੂਬੀ ਵਿਚ ਤਬਦੀਲ ਕਰ ਲਿਆ। ਇਨ੍ਹਾਂ ਘਟਨਾਵਾਂ ਦੇ ਸਮਾਨੰਤਰ ਕੁਝ ਸਿੱਖ ਲੀਡਰਾਂ ਤੇ ਨੌਕਰਸ਼ਾਹਾਂ, ਜਿਨ੍ਹਾਂ ਨੂੰ ਉਨ੍ਹਾਂ ਦੀ ਆਸ ਮੁਤਾਬਕ ਰਾਜਸੀ ਮਹੱਤਵ ਨਹੀਂ ਮਿਲਿਆ, ਵਲੋਂ ਵੱਖਰੇ ਸਿੱਖ ਰਾਜ ਦੀ ਮੰਗ ਕਰਨੀ ਆਦਿ ਕੁਝ ਕਾਰਨ ਹਨ, ਜਿਸ ‘ਤੇ ਸਿੱਖ ਕਦੇ ਵੀ ਪਾਰ ਨਹੀਂ ਪਾ ਸਕੇ।
ਪਰ ਗੁਰੂ ਨਾਨਕ ਦਿਆਂ ਸਿੱਖਾਂ ਨੇ ਇਕ ਸਰਬ ਪ੍ਰਵਾਨਿਤ ਸਿੱਖ ਲੀਡਰਸ਼ਿਪ ਦੀ ਅਣਹੋਂਦ ਦੇ ਬਾਵਜੂਦ ਆਪਣੇ ਨਿਜੀ ਯਤਨਾਂ ਨਾਲ ਜਿਸ ਕਿਸੇ ਵੀ ਰਾਜ ਵਿਚ ਉਹ ਵੱਸੇ, ਉਨ੍ਹਾਂ ਨੇ ਉਸੇ ਰਾਜ ਵਿਚ ਆਪਣੇ ਆਪ ਨੂੰ ਰਾਜਨੀਤਕ ਤੇ ਵਪਾਰਕ ਤੌਰ ‘ਤੇ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਭਾਰਤ ਵਿਚ ਹਰ ਸੂਬੇ ਵਿਚ ਸਿੱਖਾਂ ਨੇ ਰਾਜਨੀਤਕ ਤੇ ਵਪਾਰਕ ਖੇਤਰਾਂ ਵਿਚ ਬੜਾ ਨਾਮਣਾ ਖੱਟਿਆ। ਉਹ ਹੋਰ ਵਧੇਰੇ ਬੁਲੰਦੀਆਂ ਵੱਲ ਨੂੰ ਵੱਧ ਰਹੇ ਸਨ। ਹਰ ਥਾਂ ‘ਤੇ ਉਹ ‘ਸਰਦਾਰ ਜੀ’ ਵਜੋਂ ਸਤਿਕਾਰੇ ਜਾਂਦੇ ਸਨ, ਪਰ ਅਚਾਨਕ 80ਵਿਆਂ ਦੌਰਾਨ ਪੰਜਾਬ ਵਿਚ ਪੈਦਾ ਹੋਈ ਸਿਆਸੀ ਤੇ ਧਾਰਮਿਕ ਕੱਟੜਤਾ ਦੇ ਘੜਮੱਸ ਨੇ ਪੂਰੇ ਭਾਰਤ ਵਿਚ ਸਿੱਖਾਂ ਦੀ ਤਰੱਕੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਬੈਠੇ ਸਿੱਖ ਲੀਡਰਾਂ ਨੇ ਬਿਆਨ ਦੇਣ ਲੱਗਿਆਂ ਕਦੇ ਵੀ ਨਹੀਂ ਸੋਚਿਆ ਕਿ ਸਾਡੇ ਇਨ੍ਹਾਂ ਗੈਰ-ਜ਼ਿੰਮੇਵਾਰ ਬਿਆਨਾਂ ਦਾ ਭਾਰਤ ਦੇ ਦੂਜੇ ਸੂਬਿਆਂ ਵਿਚ ਵਸਦੇ ਸਿੱਖਾਂ ‘ਤੇ ਕੀ ਅਸਰ ਪਵੇਗਾ?
1980 ਤੋਂ ਬਾਅਦ ਪੰਜਾਬ ਦੀ ਰਾਜਨੀਤਕ ਰੱਸਾਕਸ਼ੀ, ਜਿਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਦਾਖਲਾ ਹੋ ਚੁਕਾ ਸੀ, ਨੇ ਮੌਕੇ ਦੀ ਅਕਾਲੀ ਲੀਡਰਸ਼ਿਪ ਨੂੰ ਹਾਸ਼ੀਏ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਸੀ। 1984 ਤੱਕ ਅਕਾਲੀ ਲੀਡਰਸ਼ਿਪ ਧਰਾਸ਼ਾਈ ਹੋ ਚੁਕੀ ਸੀ। ਕੇਂਦਰ ਦੀ ਕਾਂਗਰਸ ਸਰਕਾਰ ‘ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸੰਤ ਭਿੰਡਰਾਵਾਲੇ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਦੋਸ਼ ਲੱਗਾ। ਫਿਰ ਵਾਪਰਦਾ ਹੈ, ‘ਸਾਕਾ ਨੀਲਾ ਤਾਰਾ’ ਅਤੇ ਪੂਰੀ ਦੁਨੀਆਂ ਵਿਚ ਵੱਸਦੇ ਸਿੱਖ ਸਮਾਜ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ। ਫਿਰ ਉਸ ਤੋਂ ਕੁਝ ਮਹੀਨਿਆਂ ਪਿਛੋਂ ਜਦੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਦਾ ਉਸ ਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਕਤਲ ਕਰ ਦਿੱਤਾ ਤਾਂ ਸਾਰੇ ਸਿੱਖਾਂ ਨੂੰ ਦਿੱਲੀ ਸਮੇਤ ਪੂਰੇ ਭਾਰਤ ਵਿਚ ਵੱਡੀ ਗਿਣਤੀ ਵਿਚ ਜਾਨਾਂ ਗੁਆਉਣੀਆਂ ਪਈਆਂ। ਸਿੱਖਾਂ ਨੂੰ ਇਕ ਅਕਹਿ ਤੇ ਅਸਹਿ ਹਾਲਾਤ ਵਿਚੋਂ ਗੁਜ਼ਰਨਾ ਪਿਆ। ਦੁਖਦਾਈ ਹੈ, ਉਸ ਪਿਛੋਂ ਸ਼ੁਰੂ ਹੋਇਆ ਗੰਦੀ ਸਿਆਸਤ ਦਾ ਘਿਨਾਉਣਾ ਖੇਲ, ਜੋ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਬਾਦਸਤੂਰ ਜਾਰੀ ਹੈ। ਉਨ੍ਹਾਂ ਦੁਖਦਾਈ ਘਟਨਾਵਾਂ ਦੇ ਪੀੜਤਾਂ ਦੇ ਜਖਮਾਂ ‘ਤੇ ਮਰਹਮ ਲਾਉਣ ਦੀ ਥਾਂ ਸਿੱਖ ਲੀਡਰ ਇਨ੍ਹਾਂ ਘਟਨਾਵਾਂ ਦੇ ਨਾਮਕਰਨ ‘ਤੇ ਵਧੇਰੇ ਜ਼ੋਰ ਦਿੰਦੇ ਹਨ। ਹਰ ਲੀਡਰ ਆਪਣੀ ਸਿਆਸਤ ਅਨੁਸਾਰ ਕੋਈ ਇਸ ਨੂੰ ‘ਦੰਗੇ’ ਕਹਿੰਦਾ ਹੈ ਤੇ ਕੋਈ ‘ਨਸਲਕੁਸ਼ੀ’ ਦਾ ਨਾਂ ਦਿੰਦਾ ਹੈ। ਹਰ ਕਿਸੇ ਨੇ ਇਨ੍ਹਾਂ ਮੰਦਭਾਗੀ ਘਟਨਾਵਾਂ ਦਾ ਭਰਪੂਰ ਸਿਆਸੀ ਤੇ ਧਾਰਮਿਕ ਲਾਹਾ ਲਿਆ।
ਕਿਸੇ ਨੇ ਵੀ ਆਪਣੇ ਆਪ ਤੋਂ ਇਹ ਸਵਾਲ ਨਹੀਂ ਪੁੱਛਿਆ ਕਿ ਆਖਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਤਲੋ-ਗਾਰਤ ਲਈ ਜ਼ਿੰਮੇਵਾਰ ਧਿਰ ਕੌਣ ਹੈ? ਸਾਰੇ ਇਸ ਦੀ ਜ਼ਿੰਮੇਵਾਰੀ ਕਾਂਗਰਸ ‘ਤੇ ਸੁੱਟ ਕੇ ਆਪ ਪਾਕ ਸਾਫ ਨਿਕਲਦੇ ਬਣੇ। ਤਾੜੀ ਦੋ ਹੱਥਾਂ ਨਾਲ ਹੀ ਵੱਜਦੀ ਹੈ। ਕੀ ਸਮੇਂ ਦੀ ਸਿੱਖ ਲੀਡਰਸ਼ਿਪ ਵੀ ਤਾਂ ਇਸ ਘਟਨਾ ਲਈ ਪੂਰੀ ਜਾਂ ਕੁਝ ਹੱਦ ਤੱਕ ਜ਼ਿੰਮੇਵਾਰ ਤਾਂ ਨਹੀਂ? ਸਾਲ ਚੌਰਾਸੀ ਦੇ ਵਿਸਫੋਟਕ ਹਾਲਾਤ ਕਿਵੇਂ ਤਿਆਰ ਹੋਏ, ਜਿਨ੍ਹਾਂ ਲਈ ਪੂਰੇ ਭਾਰਤ ਵਿਚ ਵਸਦੇ ਸਿੱਖਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਆਖਰ ਉਨ੍ਹਾਂ ਮਾਸੂਮਾਂ ਦਾ ਕੀ ਦੋਸ਼ ਸੀ? ਫਿਰ ਉਨ੍ਹਾਂ ਦੀਆਂ ਲਾਸ਼ਾਂ ਦੇ ਅੰਬਾਰ ‘ਤੇ ਖਾਲਿਸਤਾਨ ਬਣਾਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਪਰ ਦਿੱਲੀ ਦੀ ਵਿਧਵਾ ਕਾਲੋਨੀ ਵਿਚ ਇਨ੍ਹਾਂ ਦੁਖਦਾਈ ਘਟਨਾਵਾਂ ਦਾ ਸੰਤਾਪ ਭੋਗ ਰਹੀਆਂ ਬੀਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨਿਤ ਵਸੇਬੇ ਬਾਰੇ ਦੁਨੀਆਂ ਦੀ ਸਿੱਖ ਲੀਡਰਸ਼ਿਪ ਨੇ ਕੁਝ ਵੀ ਨਹੀਂ ਕੀਤਾ। ਕੀ ਦੁਨੀਆਂ ਭਰ ਦੇ ਸਿੱਖਾਂ ਲਈ ਹਜ਼ਾਰਾਂ ਪਰਿਵਾਰਾਂ ਦਾ ਮੁੜ ਵਸੇਬਾ ਬਹੁਤ ਵੱਡਾ ਕੰਮ ਸੀ?
ਉਪਰੋਕਤ ਵਸੇਬੇ ਵਾਲਾ ਕੰਮ ਤਾਂ ਨਹੀਂ ਹੋਇਆ, ਪਰ ਦੇਸ਼ਾਂ ਵਿਦੇਸ਼ਾਂ ਵਿਚੋਂ ਪੀੜਤਾਂ ਦੇ ਨਾਂ ‘ਤੇ ਉਗਰਾਹੀਆਂ ਦਾ ਦੌਰ ਜ਼ਰੂਰ ਚੱਲਿਆ। ਬਹੁਤ ਲੋਕ ਕੱਖ ਤੋਂ ਲੱਖ ਬਣ ਗਏ। ਦੂਜਾ, ਚੌਰਾਸੀ ਦੀਆਂ ਘਟਨਾਵਾਂ ਨੇ ਖਾਲਿਸਤਾਨ ਲਹਿਰ ਨੂੰ ਬਹੁਤ ਬਲ ਦਿੱਤਾ। ਅਜਮੇਰ ਸਿੰਘ ਖਾਲਿਸਤਾਨ ਦਾ ਮੁੱਖ ਬੁਲਾਰਾ ਬਣ ਗਿਆ। ਉਹਨੇ ਕਿਤਾਬਾਂ ਵੀ ਲਿਖੀਆਂ ਤੇ ਲਹਿਰ ਦੇ ਵਹਾ ਵਿਚ ਵੇਚੀਆਂ। ਹੁਣ ਉਹ ਕਿੱਥੇ ਹੈ? ਹੁਣ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਵਾਰੀ ਹੈ। ਜੇ ਐਲਾਨਨਾਮਿਆਂ ਨਾਲ ਸੌਖਿਆਂ ਹੀ ਇਕ ਨਵੀਂ ਸਟੇਟ ਦਾ ਜਨਮ ਹੋ ਸਕਦਾ ਤਾਂ ਇਸਰਾਈਲ ਵਾਲਿਆਂ ਨੇ ਇੰਨਾ ਵੱਡਾ ਤੇ ਲੰਮਾ ਸੰਘਰਸ਼ ਕਿਉਂ ਕੀਤਾ? ਕੀ ਸਿੱਖਾਂ ਨੇ ਇਸਰਾਈਲ ਦੇਸ਼ ਦੇ ਗਠਨ ਦਾ ਇਤਿਹਾਸ ਪੜ੍ਹਿਆ ਹੈ?
ਮੇਰਾ ਮੰਨਣਾ ਹੈ ਕਿ ਸਿੱਖ ਕੌਮ ਵਿਚ ਇਸ ਵੇਲੇ ਸਭ ਤੋਂ ਵੱਧ ਅਨੁਸ਼ਾਸਨ ਹੀਣਤਾ ਦੀ ਸ਼ਿਕਾਰ ਹੈ। ਹਰ ਸਿੱਖ ਇਹੋ ਚਾਹੁੰਦਾ ਹੈ ਕਿ ਕਤਾਰ ਉਸ ਤੋਂ ਸ਼ੁਰੂ ਹੋਵੇ। ਕੋਈ ਵੀ ਦੂਜੇ ਦੇ ਪਿੱਛੇ ਨਹੀਂ ਲੱਗਦਾ ਚਾਹੁੰਦਾ। ਇਸ ਅਨੁਸ਼ਾਸਨ ਹੀਣਤਾ ਕਾਰਨ ਹੀ ਸਿੱਖਾਂ ਵਿਚ ਹਰ ਪੱਧਰ ‘ਤੇ ਵੰਡੀਆਂ ਪੈ ਰਹੀਆਂ ਹਨ। ਹਰ ਸਿੱਖ ਦੂਜੇ ਸਿੱਖ ‘ਤੇ ਭਾਰੂ ਹੋਣ ਦੀ ਮਾਨਸਿਕਤਾ ਪਾਲਣ ਲੱਗ ਪਿਆ ਹੈ, ਜੋ ਸਹੀ ਨਹੀਂ ਹੈ।
ਮੁਆਫ ਕਰਨਾ! ਹਕੀਕਤ ਇਹ ਹੋਈ ਪਈ ਹੈ ਕਿ ਸਿੱਖ ਕੌਮ ਤੂੜੀ ਦੀ ਇਕ ਪੰਡ ਵਾਂਗ ਹੈ, ਜਿਸ ਨੂੰ ਜਿੰਨਾ ਮਰਜ਼ੀ ਤਰੰਗਲੀ ਨਾਲ ਠੱਪ ਲਉ, ਇਸ ਨੇ ਕਿਰਨਾ ਹੀ ਹੈ! ਚੰਗਾ ਹੋਵੇ ਜੇ ਹਰ ਗੁਰੂ ਨਾਨਕ ਨਾਮ ਲੇਵਾ ਆਮ ਸਿੱਖ, ਉਹ ਭਾਵੇਂ ਜਿੱਥੇ ਕਿਤੇ ਵੀ ਵੱਸਦਾ ਹੋਵੇ, ਗੁਰੂ ਨਾਨਕ ਦੀ ਸਿੱਖਿਆ ‘ਤੇ ਚੱਲਦਾ ਭਾਵੇਂ ਛੋਟਾ ਜਿਹਾ ਹੀ ਕਿਉਂ ਨਾ ਹੋਵੇ, ਆਪਣੇ ਸ਼ੁਭ ਕਰਮਨ ਨਾਲ ਆਪਣਾ ਇਕ ਖੁਦ ਮੁਖਤਿਆਰ ‘ਖਾਲਿਸਤਾਨ’ ਬਣਾਵੇ। ਇੰਜ ਜਦੋਂ ਸਾਰੇ ਖਾਲਿਸਤਾਨਾਂ ਦੀ ਸ਼ੋਹਰਤ ਤੇ ਸ਼ੋਭਾ ਸਾਰੇ ਸੰਸਾਰ ਵਿਚ ਫੈਲੇ ਤਾਂ ਸਾਰਾ ਸੰਸਾਰ ਹੀ ਗੁਰੂ ਨਾਨਕ ਦੇ ਮੁਰੀਦਾਂ ਦਾ ‘ਖਾਲਿਸਤਾਨ’ ਲੱਗੇ।