ਕਰੋਨਾ ਦੇ ਹੁੰਦਿਆਂ ਵੀ ਜਿਉਣ ਦਾ ਵੱਲ ਸਿੱਖਣਾ ਪੈ ਜਾਣੈ

-ਜਤਿੰਦਰ ਪਨੂੰ
ਸਾਨੂੰ ਸਭ ਨੂੰ ਇੱਕੀਵੀਂ ਸਦੀ ਦੇ ਚੜ੍ਹਨ ਦੀ ਬੜੀ ਤੀਬਰਤਾ ਨਾਲ ਉਡੀਕ ਸੀ। ਕਈ ਲੋਕ ਉਦੋਂ ਏਨੇ ਕਾਹਲੇ ਦਿਖਾਈ ਦਿੰਦੇ ਸਨ ਕਿ ਵੱਸ ਦੀ ਗੱਲ ਹੁੰਦੀ ਤਾਂ ਅੱਗਲਵਾਂਢੀ ਇੱਕੀਵੀਂ ਸਦੀ ਨੂੰ ਮਿਲਣ ਲਈ ਉਹ ਜੁੱਤੀ ਚੁੱਕ ਕੇ ਦੌੜਨ ਲੱਗ ਜਾਂਦੇ ਜਾਂ ਕੈਲੰਡਰ ਦੇ ਵਰਕੇ ਪਲਟ ਕੇ ਨਵੀਂ ਸਦੀ ਛੇਤੀ ਸ਼ੁਰੂ ਕਰਨ ਦੀ ਸੋਚ ਲੈਂਦੇ। ਇਹ ਕੁਝ ਸੰਭਵ ਨਹੀਂ ਸੀ ਤੇ ਇਹ ਗੱਲ ਵੀ ਕਿਸੇ ਨੇ ਨਹੀਂ ਸੀ ਸੋਚੀ ਕਿ ਨਵੀਂ ਸਦੀਂ ਸਾਡੇ ਇਸ ਸੰਸਾਰ ਲਈ ਕਿਹੋ ਜਿਹਾ ਸਮਾਂ ਲਿਆਵੇਗੀ। ਜੋ ਕਰੋਨਾ ਵਾਇਰਸ ਪਿਛਲੀ ਸਦੀ ਦੇ ਅੱਧ ਦੇ ਅੱਗੇ-ਪਿੱਛੇ ਬਣਿਆ ਅਤੇ ਪਛਾਣਿਆ ਦੱਸਿਆ ਜਾਂਦਾ ਸੀ,

ਨਵੀਂ ਸਦੀ ਵਿਚ ਉਹ ਪਹਿਲੇ ਵੀਹਾਂ ਸਾਲਾਂ ਵਿਚ ਤਿੰਨ ਵਾਰੀ ਆਪਣੇ ਡੰਗ ਦਾ ਅਹਿਸਾਸ ਕਰਵਾ ਚੁਕਾ ਹੈ। ਹਰ ਵਾਰੀ ਨਵੇਂ ਨਾਂ ਦੇ ਨਾਲ ਜਾਣਿਆ ਗਿਆ ਇਹ ਵਾਇਰਸ ਇਸ ਵਾਰੀ ਪਿਛਲੇ ਦਸੰਬਰ ਵਿਚ ਉਭਰਿਆ ਹੋਣ ਕਾਰਨ ਇਸ ਨੂੰ ‘ਕੋਵਿਡ-19’ ਦਾ ਨਾਂ ਦਿੱਤਾ ਗਿਆ। ਇਸ ਦੀ ਮਾਰ ਪਿਛਲੇ ਕਿਸੇ ਵੀ ਸਮੇਂ ਦੇ ਫਲੂ ਜਾਂ ਹੋਰ ਵਾਇਰਸ ਤੋਂ ਵੱਧ ਨਿਕਲੀ ਹੈ।
ਜਦੋਂ ਇਹ ਆਪਣੇ ਕਹਿਰ ਦਾ ਮੁਢਲਾ ਅਹਿਸਾਸ ਕਰਵਾਉਣ ਲੱਗਾ ਤਾਂ ਚੀਨ ਦੇ ਵੂਹਾਨ ਸ਼ਹਿਰ ਵਿਚ ਹਰ ਪਾਸਿਓਂ ਹਰ ਤਰ੍ਹਾਂ ਦਾ ਆਉਣ-ਜਾਣ ਰੋਕ ਕੇ ਲੌਕਡਾਊਨ ਕਰਨ ਦੀ ਕਾਰਵਾਈ ਬਾਕੀ ਸੰਸਾਰ ਲਈ ਹੈਰਾਨੀ ਵਾਲੀ ਸੀ। ਉਸ ਪਿਛੋਂ ਜਦੋਂ ਇਹ ਬਾਕੀ ਦੇਸ਼ਾਂ ਵਿਚ ਵੀ ਉਭਰਨ ਲੱਗਾ ਤਾਂ ਉਥੋਂ ਦੇ ਲੋਕਾਂ ਨੂੰ ਲੌਕਡਾਊਨ ਦੀ ਸਮਝ ਪਈ ਤੇ ਅਗਲੇ ਪੜਾਅ ਵਿਚ ਬਹੁਤੇ ਦੇਸ਼ਾਂ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਰਫਿਊ ਜਾਂ ਲੌਕਡਾਊਨ ਦਾ ਐਲਾਨ ਇਸ ਤਰ੍ਹਾਂ ਕਾਹਲੀ ਵਿਚ ਕਰਨਾ ਸ਼ੁਰੂ ਕੀਤਾ ਕਿ ਲੋਕ ਬੌਂਦਲ ਜਿਹੇ ਗਏ। ਬਹੁਤੇ ਲੋਕਾਂ ਨੂੰ ਇਹ ਕਦਮ ਠੀਕ ਜਾਪਦਾ ਸੀ, ਪਰ ਕੁਝ ਵਿਰੋਧੀ ਸੁਰਾਂ ਵੀ ਕੱਢਦੇ ਰਹੇ। ਉਹ ਕਹਿੰਦੇ ਸਨ ਕਿ ਇਸ ਤੋਂ ਬਿਨਾ ਵੀ ਕੋਈ ਰਾਹ ਨਿਕਲ ਸਕਦਾ ਹੈ। ਪਾਸੇ ਬੈਠੇ ਲੋਕ ਏਦਾਂ ਦੇ ਫਾਰਮੂਲੇ ਬਹੁਤ ਦੱਸ ਸਕਦੇ ਹਨ, ਪਰ ਜ਼ਿੰਮੇਵਾਰੀ ਨਿਭਾਉਣ ਵਾਲੇ ਦੀ ਨੁਕਤਾਚੀਨੀ ਕਰਨ ਦਾ ਹੱਕ ਸਿਰਫ ਸਾਡੇ ਕੋਲ ਨਹੀਂ ਹੁੰਦਾ, ਕੁਝ ਹੋਰ ਲੋਕ ਸਾਡੇ ਤੋਂ ਵੱਖਰੀ ਸੋਚ ਵਾਲੇ ਵੀ ਹੁੰਦੇ ਹਨ। ਵੱਖਰੀ ਸੋਚ ਵਾਲੇ ਉਨ੍ਹਾਂ ਲੋਕਾਂ ਨੇ ਫਿਰ ਇਹ ਕਹਿਣਾ ਸੀ ਕਿ ਸਰਕਾਰ ਚਲਾਉਣ ਵਾਲਿਆਂ ਨੇ ਲੌਕਡਾਊਨ ਲਾਉਣ ਦੀ ਅਕਲ ਨਹੀਂ ਕੀਤੀ ਅਤੇ ਮੁਲਕ ਦੇ ਲੋਕ ਮਰਵਾ ਦਿੱਤੇ ਹਨ। ਜ਼ਿੰਮੇਵਾਰੀ ਦੀ ਪੰਡ ਚੁੱਕਣ ਵਾਲੇ ਨੂੰ ਦੋਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ।
ਪਿਛਲੇ ਦੋ ਮਹੀਨਿਆਂ ਦਾ ਤਜਰਬਾ ਸਾਡੀ ਨਜ਼ਰ ਵਿਚ ਇਹ ਕਹਿੰਦਾ ਹੈ ਕਿ ਉਸ ਵੇਲੇ ਅਚਾਨਕ ਪਈ ਔਕੜ ਬਾਰੇ ਲੋਕਾਂ ਨੂੰ ਸਮਝ ਵੀ ਨਹੀਂ ਸੀ ਤੇ ਜੇ ਉਦਾਂ ਇਹ ਕਿਹਾ ਜਾਂਦਾ ਕਿ ਆਹ ਸਾਵਧਾਨੀਆਂ ਵਰਤਣੀਆਂ ਹਨ ਤਾਂ ਲੋਕਾਂ ਨੇ ਉਹ ਛੇਤੀ ਮੰਨਣੀਆਂ ਵੀ ਨਹੀਂ ਸਨ। ਆਮ ਲੋਕ ਅਜੇ ਤੱਕ ਵੀ ਜ਼ਰਾ ਕੁ ਮੌਕਾ ਮਿਲੇ ਤਾਂ ਮਜਬੂਰੀ ਵਿਚ ਜਾਂ ਮਨ ਦੀ ਮੌਜ ਵਿਚ ਵੀ ਕਈ ਥਾਂ ਭੀੜਾਂ ਜੋੜਨ ਤੋਂ ਨਹੀਂ ਹਟਦੇ। ਸਰਕਾਰੀ ਡੰਡੇ ਦੇ ਡਰ ਨਾਲ ਵਿਆਹ ਜ਼ਰੂਰ ਥੋੜ੍ਹੇ ਬੰਦਿਆਂ ਨਾਲ ਹੋਣ ਲੱਗ ਪਏ ਹਨ, ਬਾਕੀ ਗੱਲਾਂ ਵਿਚ ਅਜੇ ਵੀ ਸਾਡੇ ਲੋਕ ਹਰ ਪਾਸੇ ਭੀੜ ਕਰੀ ਜਾਂਦੇ ਹਨ। ਉਂਜ ਕੁਝ ਹੱਦ ਤੱਕ ਇਹ ਗੱਲ ਆਮ ਲੋਕਾਂ ਦੀ ਸਮਝ ਦਾ ਹਿੱਸਾ ਬਣਨ ਲੱਗ ਪਈ ਹੈ ਕਿ ਇੱਕ ਦੂਜੇ ਤੋਂ ਫਾਸਲਾ ਰੱਖਣਾ ਸਾਡੇ ਸਭ ਦੇ ਆਪਣੇ ਹੀ ਭਲੇ ਵਿਚ ਹੈ। ਕਿਉਂਕਿ ਸਦਾ ਲਈ ਲੌਕਡਾਊਨ ਲਾ ਕੇ ਨਹੀਂ ਸਾਰਿਆ ਜਾ ਸਕਦਾ, ਇਸ ਲਈ ਅਗਲੇ ਦਿਨਾਂ ਵਿਚ ਲੋਕਾਂ ਦੀ ਅਜਿਹੀ ਸਮਝਦਾਰੀ ਹੀ ਸਮਾਜ ਨੂੰ ਕਰੋਨਾ ਵਾਇਰਸ ਦੀ ਇਸ ਮਹਾਮਾਰੀ ਤੋਂ ਬਚਾ ਸਕਦੀ ਹੈ।
ਅਸੀਂ ਇਹ ਗੱਲ ਕੋਈ ਦੋ ਹਫਤੇ ਪਹਿਲਾਂ ਕਹਿ ਦਿੱਤੀ ਸੀ ਤੇ ਕਈ ਲੋਕਾਂ ਨੂੰ ਗਲਤ ਵੀ ਲੱਗੀ ਸੀ ਕਿ ਏਡਜ਼ ਦੀ ਬਿਮਾਰੀ ਉੱਠੀ ਤਾਂ ਕਿਹਾ ਗਿਆ ਸੀ ਕਿ ਇਹ ਮਨੁੱਖਤਾ ਨੂੰ ਮਾਰ ਦੇਵੇਗੀ, ਪਰ ਉਹ ਮਾਰ ਨਹੀਂ ਸੀ ਸਕੀ। ਇਸ ਦੀ ਥਾਂ ਬਹੁਤ ਸਾਰੇ ਲੋਕਾਂ ਨੇ ਐਚ. ਆਈ. ਵੀ. ਪਾਜ਼ੇਟਿਵ ਹੁੰਦਿਆਂ ਵੀ ਜਿਉਣਾ ਸਿੱਖ ਲਿਆ ਸੀ। ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਹੁੰਦਿਆਂ ਵੀ ਲੋਕਾਂ ਨੇ ਜਿਉਣ ਦਾ ਕੁਝ ਵੱਲ ਸਿੱਖ ਹੀ ਲੈਣਾ ਹੈ। ਅਸੀਂ ਇਸ ਮੌਕੇ ਇੱਕ ਵਿਅਕਤੀ ਬਾਰੇ ਦੱਸਣ ਦੀ ਲੋੜ ਸਮਝਦੇ ਹਾਂ, ਜੋ ਏਡਜ਼ ਰੋਗ ਨਾਲ ਅੱਜ ਤੱਕ ਸਭ ਤੋਂ ਵੱਧ ਸਮੇਂ ਤੋਂ ਜਿੰਦਾ ਹੈ। ਪੁਰਤਗਾਲ ਦੇ ਵਸਨੀਕ, ਜਿਸ ਦਾ ਅਸਲ ਨਾਂ ਦੱਸਣ ਦੀ ਮਨਾਹੀ ਹੈ ਅਤੇ ਉਸ ਨੂੰ ‘ਲਿਸਬਨ ਪੇਸ਼ੈਂਟ’ ਕਿਹਾ ਜਾਂਦਾ ਹੈ, ਨੂੰ ਸੋਲਾਂ ਕੁ ਸਾਲ ਪਹਿਲਾਂ ਕਿਸੇ ਕਾਰਨ ਹਸਪਤਾਲ ਜਾਣਾ ਪਿਆ ਤਾਂ ਉਥੇ ਜਾਣ ਤੱਕ ਉਹ ਠੀਕ ਸੀ, ਪਰ ਅਗਲੇ ਦਿਨ ਟੈਸਟ ਰਿਪੋਰਟਾਂ ਵਿਚ ਉਹ ਏਡਜ਼ ਦੀ ਇਨਫੈਕਸ਼ਨ ਵਾਲਾ ਮਰੀਜ਼ ਐਚ. ਆਈ. ਵੀ. ਪਾਜ਼ੇਟਿਵ ਬਣ ਗਿਆ। ਉਦੋਂ ਉਹ ਚੁਰਾਸੀ ਸਾਲਾਂ ਦਾ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਉਸ ਨੂੰ ਸਿਹਤ ਸੰਭਾਲ ਲਈ ਹਰ ਕਿਸਮ ਦੀ ਸਲਾਹ ਦੇਣ ਤੱਕ ਦੀ ਡਾਕਟਰੀ ਮਦਦ ਵੀ ਮਿਲਦੀ ਰਹੀ। ਏਨੀ ਉਮਰ ਦੇ ਲੋਕ ਹੌਸਲਾ ਛੱਡ ਬੈਠਦੇ ਹਨ, ਪਰ ਇਸ ਕੇਸ ਵਾਲੇ ਚੁਰਾਸੀ ਸਾਲ ਉਮਰ ਦੇ ਵਿਅਕਤੀ ਨੇ ਹੌਸਲਾ ਨਹੀਂ ਛੱਡਿਆ ਅਤੇ ਨਤੀਜਾ ਇਹ ਹੋਇਆ ਕਿ ਪਿਛਲੇ ਸਾਲ ਸਤੰਬਰ ਦੀ 19 ਤਰੀਕ ਨੂੰ ਉਸ ਨੇ ਆਪਣਾ ਸੌਵਾਂ ਸਾਲ ਪੂਰਾ ਕਰ ਲਿਆ ਹੈ। ਏਡਜ਼ ਦੇ ਵਿਸ਼ਾਣੂੰ ਐਚ. ਆਈ. ਵੀ. ਤੋਂ ਪਾਜ਼ੇਟਿਵ ਸਾਬਤ ਹੋਣ ਪਿਛੋਂ ਸਭ ਤੋਂ ਵੱਧ ਸਮਾਂ ਜਿਉਣ ਦਾ ਰਿਕਾਰਡ ਅੱਜ ਉਸ ਬਜੁਰਗ ਦੇ ਨਾਂ ਹੈ। ਉਹ ਬਾਕੀ ਲੋਕਾਂ ਲਈ ਇੱਕ ਮਿਸਾਲ ਬਣ ਗਿਆ ਹੈ। ਏਡਜ਼ ਦੀ ਬਿਮਾਰੀ ਦੇ ਨਾਲ ਜੇ ਉਹ ਏਨਾ ਲੰਮਾ ਸਮਾਂ ਜਿੰਦਾ ਰਹਿ ਸਕਦਾ ਹੈ ਤਾਂ ਸਾਨੂੰ ਵੀ ਕਰੋਨਾ ਨਾਲ ਰਹਿਣ ਦਾ ਵੱਲ ਸਿੱਖਣਾ ਪਵੇਗਾ।
ਕਰੋਨਾ ਵਾਇਰਸ ਦੇ ਨਾਲ ਜਿਉਣ ਦਾ ਵੱਲ ਸਿੱਖਣ ਦੀ ਗੱਲ ਅਸੀਂ ਇਸ ਲਈ ਕਹੀ ਹੈ ਕਿ ਪਹਿਲਾਂ ਜਦੋਂ ਏਡਜ਼ ਦੇ ਹੁੰਦਿਆਂ ਜਿੰਦਾ ਰਹਿਣ ਵਾਲੀ ਗੱਲ ਅਸੀਂ ਦੱਸੀ ਤਾਂ ਕਈ ਲੋਕਾਂ ਨੂੰ ਗਲਤ ਲੱਗਾ ਸੀ। ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਸੰਸਾਰ ਸਿਹਤ ਸੰਗਠਨ (ਡਬਲਿਊ. ਐਚ. ਓ.) ਵਾਲੇ ਲੋਕ ਵੀ ਇਹੋ ਕਹਿ ਰਹੇ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲੰਘੀ 13 ਮਈ ਨੂੰ ਆਪਣੇ ਦੇਸ਼ ਵਿਚ ਲੌਕਡਾਊਨ ਵਿਚ ਢਿੱਲਾਂ ਦਾ ਐਲਾਨ ਕਰਦੇ ਸਮੇਂ ਕਿਹਾ ਹੈ, ਆਸ ਹੈ ਕਿ ਕਰੋਨਾ ਵਾਇਰਸ ਦਾ ਇਲਾਜ ਲੱਭ ਪਵੇਗਾ, ਪਰ ਇਹ ਵੀ ਹੋ ਸਕਦਾ ਹੈ ਕਿ ਇਹ ਇਲਾਜ ਕਦੇ ਲੱਭੇ ਹੀ ਨਾ, ਫਿਰ ਵੀ ਜ਼ਿੰਦਗੀ ਨੇ ਚੱਲਦੇ ਰਹਿਣਾ ਹੈ। ਉਸ ਨੇ ਕਿਹਾ ਕਿ ਅਸੀਂ ਇਲਾਜ ਦਾ ਕੋਈ ਟੀਕਾ ਲੱਭਣ ਦੀ ਆਸ ਵਿਚ ਬੈਠੇ ਨਹੀਂ ਰਹਿ ਸਕਦੇ, ਲੋਕਾਂ ਨੂੰ ਕੁਝ ਢਿੱਲਾਂ ਦੇਣੀਆਂ ਪੈਣੀਆਂ ਹਨ।
ਇਹ ਬਿਆਨ ਉਸ ਬੋਰਿਸ ਜਾਨਸਨ ਨੇ ਦਿੱਤਾ ਹੈ, ਜੋ ਖੁਦ ਕੋਵਿਡ-19 ਦਾ ਮਰੀਜ਼ ਬਣਿਆ ਅਤੇ ਆਖਰੀ ਹੱਦ ਤੱਕ ਜਾ ਕੇ ਜਾਨ ਬਚੀ ਹੈ। ਉਸ ਨੇ ਖੁਦ ਦੱਸਿਆ ਕਿ ਇੱਕ ਵੇਲੇ ਤਾਂ ਉਸ ਦੀ ਮੌਤ ਦਾ ਐਲਾਨ ਕਰਨ ਦੀ ਤਿਆਰੀ ਵੀ ਹੋ ਗਈ ਸੀ। ਅਜਿਹਾ ਕੌੜਾ ਸੱਚ ਭੁਗਤ ਚੁਕਾ ਆਗੂ ਜਦੋਂ ਇਹ ਗੱਲ ਕਹਿੰਦਾ ਹੈ ਤਾਂ ਹਵਾਈ ਸ਼ੋਸ਼ਾ ਨਹੀਂ ਛੱਡ ਰਿਹਾ, ਉਹ ਜੀਵਨ ਦੀ ਹਕੀਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲ ਰਿਹਾ ਹੈ। ਸੱਚਾਈ ਵੀ ਇਹੋ ਹੈ ਕਿ ਇਲਾਜ ਪਤਾ ਨਹੀਂ ਲੱਭੇਗਾ ਕਿ ਨਾ, ਪਰ ਜ਼ਿੰਦਗੀ ਧੜਕਦੇ ਰਹਿਣਾ ਮੰਗਦੀ ਹੈ। ਇਸ ਨੂੰ ਧੜਕਦੇ ਰੱਖਣ ਦੀ ਹਿੰਮਤ ਕਰਨੀ ਪੈਣੀ ਹੈ।
ਸਾਰੀ ਦੁਨੀਆਂ ਇਸ ਵਾਇਰਸ ਦੇ ਨਾਲ-ਨਾਲ ਜਿਉਣ ਲਈ ਮਾਨਸਿਕ ਪੱਖੋਂ ਤਿਆਰ ਹੁੰਦੀ ਪਈ ਹੈ ਤਾਂ ਅਸੀਂ ਸਮਝਦੇ ਹਾਂ ਕਿ ਮਨੁੱਖੀ ਮਾਨਸਿਕਤਾ ਦੀ ਇਸ ਤਿਆਰੀ ਦੇ ਅਸਰ ਹੇਠ ਮਨੁੱਖੀ ਸਰੀਰ ਵੀ ਅੰਦਰੋ-ਅੰਦਰ ਇਸ ਵਾਇਰਸ ਨੂੰ ਆਪਣੇ ਕਿਸੇ ਖੂੰਜੇ ਵਿਚ ਟੰਗ ਕੇ ਆਪਣੇ ਅੰਦਰੋਂ ਹੀ ਇਸ ਨਾਲ ਲੜਨ ਦੀ ਸਮਰੱਥਾ ਦਾ ਨਵਾਂ ਰੂਪ ਵਿਕਸਿਤ ਕਰਨ ਲੱਗ ਜਾਣਗੇ। ਬਹੁਤ ਸਾਰੇ ਖਤਰਿਆਂ ਦੇ ਨਾਲ ਜੂਝਦੀ ਮਨੁੱਖਤਾ ਜੇ ਅੱਜ ਵਾਲੇ ਪੜਾਅ ਤੱਕ ਆ ਪਹੁੰਚੀ ਹੈ ਤਾਂ ਇਥੋਂ ਅੱਗੇ ਵੀ ਹਾਰ ਨਹੀਂ ਮੰਨਣ ਲੱਗੀ। ਜ਼ਿੰਦਗੀ ਹਾਰ ਨਹੀਂ ਮੰਨੇਗੀ।