ਇਉਂ ਕਰੀਏ ਕਰੋਨਾ ਨਾਲ ਮੁਕਾਬਲਾ

ਡਰੋ ਨਾ, ਬੱਸ ਸੁਚੇਤ ਰਹੋ ਅਤੇ…
ਕਰੋਨਾ ਵਾਇਰਸ ਦਾ ਸਹਿਮ ਭਾਵੇਂ ਹੌਲੀ-ਹੌਲੀ ਘਟ ਰਿਹਾ ਹੈ, ਪਰ ਬਹੁਤ ਸਾਰੇ ਲੋਕ ਅਜੇ ਵੀ ਇਸ ਦੀ ਜਕੜ ਵਿਚ ਹਨ। ਇਸ ਪ੍ਰਸੰਗ ਵਿਚ ਨੰਦ ਸਿੰਘ ਬਰਾੜ ਦਾ ਇਹ ਲੇਖ ਵਿਚਾਰਨ ਵਾਲਾ ਹੈ। ਉਨ੍ਹਾਂ ਦਲੀਲ ਨਾਲ ਗੱਲ ਕਰਦਿਆਂ ਕਰੋਨਾ ਕੋਲੋਂ ਡਰਨ ਦੀ ਥਾਂ ਇਸ ਨਾਲ ਟਾਕਰੇ ਦੇ ਕੁਝ ਗੁਰ ਬਹੁਤ ਸੌਖੇ ਢੰਗ ਨਾਲ ਸਮਝਾਏ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਵਲੋਂ ਇਸ ਮਸਲੇ ਬਾਰੇ ਖੜ੍ਹੇ ਕੀਤੇ ਭਰਮ-ਭੁਲੇਖਿਆਂ ਨੂੰ ਵੀ ਲੰਮੇ ਹੱਥੀਂ ਲਿਆ ਹੈ।

-ਸੰਪਾਦਕ

ਨੰਦ ਸਿੰਘ ਬਰਾੜ
ਫੋਨ: 916-501-3974
ਨਅਨਦਸਬਰਅਰ@ਗਮਅਲਿ।ਚੋਮ

ਪਿਛਲੇ ਕੁਝ ਸਮੇਂ ਤੋਂ ਕਰੋਨਾ ਵਾਇਰਸ ਨਾਲ ਫੈਲਣ ਵਾਲੀ ਬਿਮਾਰੀ ਕੋਵਿਡ-19 ਨਾਲ ਸਮੁੱਚਾ ਸੰਸਾਰ ਸਹਿਮਿਆ ਹੋਇਆ ਹੈ| ਵਿਸ਼ਵ ਸਿਹਤ ਸੰਸਥਾ ਨੇ ਇਸ ਨੂੰ ਮਹਾਮਾਰੀ ਐਲਾਨਿਆ ਹੋਇਆ ਹੈ| ਇਹ ਸਮੁੱਚੇ ਸੰਸਾਰ ਭਾਵ ਹਰ ਦੇਸ਼, ਕੌਮ, ਰੰਗ, ਨਸਲ, ਜਾਤ, ਧਰਮ, ਹਰ ਵੱਡੇ ਛੋਟੇ ਸਭ ਦੀ ਸਾਂਝੀ ਦੁਸ਼ਮਣ ਹੈ| ਇਹ ਵੀ ਕਿ ਇਹ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ, ਇਸ ਨੂੰ ਫੈਲਾਉਣ ਵਾਲਾ ਦੁਸ਼ਮਣ ਦਿਸਦਾ ਵੀ ਨਹੀਂ ਹੈ ਅਤੇ ਨਾ ਹੀ ਸਾਡੇ ਕੋਲ ਇਸ ਦੀ ਰੋਕਥਾਮ ਵਾਸਤੇ ਫਿਲਹਾਲ ਕੋਈ ਦਵਾਈ ਹੈ| ਇਸ ਕਰਕੇ ਇਸ ਬਿਮਾਰੀ ਸਬੰਧੀ ਇਹ ਸਹਿਮ ਨਿਰਮੂਲ ਵੀ ਨਹੀਂ ਹੈ|
ਸਾਡੀ ਸਾਹ ਪ੍ਰਣਾਲੀ ਸਾਡੇ ਜਿਉਂਦੇ ਰਹਿਣ ਲਈ ਜ਼ਰੂਰੀ ਅਤੇ ਅਹਿਮ ਹੈ| ਕਰੋਨਾ ਵਾਇਰਸ ਸਾਡੀ ਸਾਹ ਪ੍ਰਣਾਲੀ ਵਿਚ ਦਾਖਲ ਹੋ ਕੇ ਇਸ ਦੀ ਕਾਰਜਸ਼ੈਲੀ ਨੂੰ ਵਿਗਾੜ ਦਿੰਦਾ ਹੈ| ਸਾਡੀ ਸਾਹ ਪ੍ਰਣਾਲੀ ਦੇ ਦੋ ਮੁਖ ਹਿੱਸੇ ਹਨ, ਉਪਰਲਾ ਅਤੇ ਹੇਠਲਾ| ਉਪਰਲੇ ਹਿੱਸੇ ਵਿਚ ਨੱਕ, ਗਲਾ, ਕੰਠ ਅਤੇ ਸਾਹ ਨਾਲੀਆਂ ਆਉਂਦੇ ਹਨ| ਇਹ ਵਾਇਰਸ ਪਹਿਲਾਂ ਇਸ ਹਿੱਸੇ ਉਪਰ ਹਮਲਾ ਕਰਦਾ ਹੈ ਜਿਸ ਦੀਆਂ ਨਿਸ਼ਾਨੀਆਂ ਗਲਾ ਖਰਾਬ ਹੋਣਾ ਅਤੇ ਸਾਹ ਨਲੀ ਵਿਚ ਕੁਝ ਕੁ ਸਾਂ-ਸਾਂ ਦੀ ਅਵਾਜ਼ ਆਉਣ ਲਗਦੀ ਹੈ| ਫਿਰ ਉਹ ਅੱਗੇ ਹੇਠਲੇ ਹਿੱਸੇ ‘ਤੇ ਲਾਗ ਕਰਨ ਲਗਦਾ ਹੈ, ਜਿਸ ਕਰ ਕੇ ਬਾਰੀਕ ਸਾਹ ਨਾਲੀਆਂ ਅਤੇ ਫੇਫੜਿਆਂ ਦੇ ਸੈਲ ਪ੍ਰਭਾਵਿਤ ਹੁੰਦੇ ਹਨ। ਇਸ ਨਾਲ ਸਾਹ ਕ੍ਰਿਆ ਵਿਚ ਰੁਕਾਵਟ ਪੈਣ ਲਗਦੀ ਹੈ ਅਤੇ ਇਹ ਸਾਡੇ ਜੀਵਨ ਲਈ ਘਾਤਕ ਹੋ ਸਕਦਾ ਹੈ| ਇਸ ਕਰ ਕੇ ਵੀ ਇਹ ਸਹਿਮ ਦਾ ਵੱਡਾ ਕਾਰਨ ਬਣੀ ਹੋਈ ਹੈ|
ਇਹੀ ਨਹੀਂ, ਵੱਖ ਵੱਖ ਧਰਮਾਂ ਦੇ ਪੁਜਾਰੀ, ਜਿਨ੍ਹਾਂ ਤੋਂ ਲੋਕਾਂ ਨੂੰ ਮਾਨਸਿਕ ਆਸਰਾ ਅਤੇ ਹੌਂਸਲਾ ਮਿਲਣ ਬਾਰੇ ਆਮ ਤੌਰ ‘ਤੇ ਖੁਸ਼-ਫਹਿਮੀ ਰਹਿੰਦੀ ਹੈ, ਉਨ੍ਹਾਂ ਨੇ ਵੀ ਹਮੇਸ਼ਾ ਵਾਂਗ ਲੋਕਾਂ ਨੂੰ ਹੀ ਇਸ ਸਾਰੇ ਦਾ ਗੁਨਾਹਗਾਰ ਅਤੇ ਪਾਪੀ ਸਾਬਤ ਕਰਨ ਦੀ ਕੋਈ ਕਸਰ ਨਹੀਂ ਛੱਡੀ| ਇਹ ਭਾਵੇਂ ਠੀਕ ਹੈ ਕਿ ਪਿਛਲੀਆਂ ਮਹਾਮਾਰੀਆਂ ਦੇ ਉਲਟ ਜਿਨ੍ਹਾਂ ਵੇਲੇ ਹਰ ਧਰਮ ਦੇ ਪੁਜਾਰੀ ਅੰਧ-ਵਿਸ਼ਵਾਸ ਫੈਲਾ ਕੇ ਉਸ ਵੇਲੇ ਦੇ ਡਾਕਟਰਾਂ ਤੇ ਸਰਕਾਰਾਂ ਵਲੋਂ ਲੋਕ ਭਲਾਈ ਕਾਰਜਾਂ ਵਿਚ ਹਮੇਸ਼ਾਂ ਅੜਿੱਕੇ ਡਾਹੁੰਦੇ ਰਹੇ ਸਨ, ਇਸ ਵਾਰ ਇਸ ਭੇਦ-ਭਾਵ ਰਹਿਤ ਬਿਮਾਰੀ ਦੇ ਡਰ ਨੇ ਉਨ੍ਹਾਂ ਵਿਚ ਵਿਰੋਧ ਕਰਨ ਦਾ ਹੀਆ ਤਾਂ ਨਹੀਂ ਛੱਡਿਆ, ਫਿਰ ਵੀ ਉਨ੍ਹਾਂ ਆਪਣੀ ਕੋਝੀ ਨੀਤੀ ਨਾਲ ਲੋਕਾਂ ਨੂੰ ਪਾਪੀ, ਹੀਣੇ ਤੇ ਬੇਵਸ ਸਾਬਤ ਕਰਨ ‘ਤੇ ਪੂਰਾ ਵਾਹ ਲਾਇਆ ਹੋਇਆ ਹੈ| ਉਨ੍ਹਾਂ ਦੀ ਬੋਲੀ ਅਤੇ ਅੰਦਾਜ਼ ਤਾਂ ਭਾਵੇਂ ਵੱਖ-ਵੱਖ ਹੋਣ, ਪਰ ਅਰਥ ਲਗਭਗ ਇਕੋ ਜਿਹੇ ਹੀ ਦਿਸਣਗੇ; ਜਿਵੇਂ ਦੁਨੀਆਂ ‘ਤੇ ਪਾਪ ਬਹੁਤ ਵਧ ਗਏ ਹਨ, ਬੰਦਾ ਰੱਬ ਦਾ ਸ਼ਰੀਕ ਬਣ ਬੈਠਾ ਹੈ, ਉਹ ਸਰਬ ਸ਼ਕਤੀਮਾਨ ਨੂੰ ਭੁੱਲ ਕੇ ਮੈਂ-ਮੈਂ ਕਰਦਾ ਫਿਰਦਾ ਹੈ, ਉਹ ਖੁਦ ਨੂੰ ਖੁਦਾ ਸਮਝ ਕੇ ਸਾਰੀ ਕਾਇਨਾਤ ਨੂੰ ਆਪਣੇ ਅਧੀਨ ਕਰਨ ਤੁਰਿਆ ਹੈ, ਆਦਿ| ਨਾਲ ਹੀ ਉਹ ਆਪੋ-ਆਪਣੇ ਰੱਬਾਂ ਦੀ ਸ਼ਕਤੀ ਦਾ ਖੌਫ ਦਿਖਾਉਂਦੇ ਕਹਿਣਗੇ-ਦੇਖਿਆ ਫਿਰ, ਕਿਵੇਂ ਓਸ ਡਾਢੇ ਨੇ ਇੱਕ ਪਲ ਵਿਚ ਸਭ ਨੂੰ ਅੰਦਰ ਬੰਦ ਕਰਵਾ ਦਿੱਤਾ; ਕਿਵੇਂ ਉਸ ਨੇ ਵੱਡੇ-ਵੱਡੇ ਦੇਸ਼ਾਂ ਦੇ ਗੋਡੇ ਲਵਾ ਦਿਤੇ; ਹੁਣ ਸਾਰੀ ਦੁਨੀਆਂ ਦੇ ਸਾਰੇ ਕਾਲੇ-ਚਿੱਟੇ ਲੋਕ ਥਰ-ਥਰ ਕੰਬਦੇ ਬੰਦੇ ਦੇ ਪੁੱਤ ਬਣੇ ਬੈਠੇ ਹਨ; ਹੁਣ ਵੀ ਉਨ੍ਹਾਂ ਨੂੰ ਅਕਲ ਕਰਨੀ ਚਾਹੀਦੀ ਹੈ, ਆਦਿ| ਇਸ ਤੋਂ ਅਗਲਾ ਐਲਾਨ ਕਰਨਗੇ ਕਿ ਹੁਣ ਸਾਨੂੰ ਘਰਾਂ ਵਿਚ ਰਹਿ ਕੇ ਆਪੋ-ਆਪਣੇ ਪੂਜਾ ਪਾਠ ਕਰ ਕੇ ਉਸ ਸਰਬ ਸ਼ਕਤੀਮਾਨ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਸਾਡੀਆਂ ਭੁੱਲਾਂ ਬਖਸ਼ ਦੇਵੇ ਅਤੇ ਇਸ ਮਹਾਮਾਰੀ ਤੋਂ ਛੁਟਕਾਰਾ ਦੁਆਵੇ (ਉਨ੍ਹਾਂ ਦੇ ਅਜਿਹੇ ਕਾਰਨਾਮੇ ਉਨ੍ਹਾਂ ਨਿਰੰਕੁਸ਼ ਤੇ ਜ਼ੁਲਮੀ ਰਾਜਿਆਂ ਦੀ ਯਾਦ ਦਿਵਾਉਂਦੇ ਹਨ, ਜੋ ਕੁਝ ਇੱਕ ਵਲੋਂ ਕੀਤੇ ਕਿਸੇ ਕੰਮ ਤੋਂ ਗੁੱਸਾ ਕਰਕੇ ਸਮੁੱਚੀ ਪਰਜਾ ਨੂੰ ਜ਼ੁਲਮ ਦਾ ਸ਼ਿਕਾਰ ਬਣਾ ਦਿੰਦੇ ਸਨ ਤੇ ਪਰਜਾ ਦੇ ਲੇਲੜੀਆਂ ਕੱਢਣ ‘ਤੇ ਕੁਝ ਨਰਮ ਪੈਂਦੇ ਸਨ)।
ਅਸੀਂ ਜਾਣਦੇ ਹਾਂ ਕਿ ਹੇਠਲੇ ਦਰਜੇ ਦੇ ਗਰੀਬ, ਦਿਹਾੜੀਦਾਰ ਕਾਮੇ ਅਤੇ ਦੱਬੇ-ਕੁਚਲੇ ਲੋਕਾਂ ਉਪਰ ਬਿਆਨ ਕੀਤੇ ਪਾਪ ਆਦਿ ਕਰਨੇ ਤਾਂ ਦੂਰ, ਉਹ ਤਾਂ ਵਿਚਾਰੇ ਕਰਨ ਦੇ ਯੋਗ ਹੀ ਨਹੀਂ ਹੁੰਦੇ, ਪਰ ਬਹੁਤੇ ਦੁੱਖ ਉਨ੍ਹਾਂ ਦੇ ਪੱਲੇ ਹੀ ਪੈਂਦੇ ਹਨ| ਹੁਣ ਇਸ ਮਹਾਮਾਰੀ ਦੌਰਾਨ ਵੀ ਅਸੀਂ ਰੋਜ਼ ਦੇਖਦੇ ਹਾਂ ਕਿ ਕਰੋੜਾਂ ਗਰੀਬ ਲੋਕਾਂ ਦਾ ਬਿਮਾਰ ਹੋਏ ਤੋਂ ਬਿਨਾ ਵੀ ਉਨ੍ਹਾਂ ਦਾ ਜਿਊਣਾ ਦੁੱਰਭਰ ਹੋਇਆ ਪਿਆ ਹੈ| ਕੀ ਉਹ ਸਰਬ ਸ਼ਕਤੀਮਾਨ, ਜੇ ਹੈ ਤਾਂ, ਐਨਾ ਪੱਖਪਾਤੀ ਤੇ ਜ਼ਾਲਮ ਹੋ ਸਕਦਾ ਹੈ, ਜੋ ਐਨੇ ਜ਼ਿਆਦਾ ਨਿਰਦੋਸ਼ ਮਨੁੱਖਾਂ ‘ਤੇ ਅਣਮਨੁੱਖੀ ਕਹਿਰ ਬਰਸਾ ਦੇਵੇ! ਮੇਰਾ ਮੰਨਣਾ ਹੈ ਕਿ ਇਹ ਸਭ ਕੁਝ ਪੁਜਾਰੀਆਂ ਨੂੰ ਵੀ ਪਤਾ ਹੁੰਦਾ ਹੈ| ਫਿਰ ਵੀ ਉਹ ਸਰਬ ਸ਼ਕਤੀਮਾਨ ਨੂੰ ਪੱਖਪਾਤੀ ਤੇ ਜ਼ਾਲਮ ਕਹਿਣ ਤੋਂ ਖੌਫ ਨਹੀਂ ਖਾਂਦੇ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਰਬ ਸ਼ਕਤੀਮਾਨ ਕੋਈ ਹੁੰਦਾ ਨਹੀਂ, ਇਹਦਾ ਨਾਂ ਤਾਂ ਉਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਖੌਫ ਬਿਠਾਉਣ ਵਾਸਤੇ ਪੈਦਾ ਕੀਤਾ ਅਤੇ ਕਾਇਮ ਰਖਿਆ ਹੋਇਆ ਹੈ|
ਅਸੀਂ ਪੁਜਾਰੀਆਂ ਦੀ ਲੋੜ ਤੇ ਮਜਬੂਰੀ ਤਾਂ ਸਮਝ ਸਕਦੇ ਹਾਂ, ਪਰ ਲਿਖਾਰੀ, ਗੀਤਕਾਰ ਤੇ ਗਾਇਕ-ਜਿਨ੍ਹਾਂ ਤੋਂ ਮਨੁੱਖਤਾ ਨੂੰ ਅਗਵਾਈ ਦੀ ਉਮੀਦ ਹੁੰਦੀ ਹੈ, ਉਨ੍ਹਾਂ ਵਿਚੋਂ ਵੀ ਕੁਝ ਇਸ ਮਹਾਮਾਰੀ ਨੂੰ ਕਿਸੇ ਸਰਬ ਸ਼ਕਤੀਮਾਨ ਵਲੋਂ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਬਰਪਾਇਆ ਕਹਿਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ| ਕਈ ਤਾਂ ਇਸ ਬਿਮਾਰੀ ਨਾਲ ਮਨੁੱਖਤਾ ਦੇ ਅੰਤ ਹੋਣ ਤੱਕ ਦੀ ਭਵਿਖਵਾਣੀ ਕਰ ਕੇ ਪਤਾ ਨਹੀਂ ਆਪਣੀ ਕਿਸ ਵਿਦਵਤਾ ਦਾ ਦਿਖਾਵਾ ਕਰ ਰਹੇ ਹਨ! ਸਾਨੂੰ ਪਤਾ ਹੈ ਕਿ ਕੋਵਿਡ-19 ਨਾ ਤਾਂ ਕੋਈ ਪਹਿਲੀ ਮਹਾਮਾਰੀ ਹੈ, ਨਾ ਆਖਰੀ| ਪਿਛਲੇ ਸਮੇਂ ਦੌਰਾਨ ਕਿੰਨੀਆਂ ਮਹਾਮਾਰੀਆਂ ਆਈਆਂ ਤੇ ਗਈਆਂ| ਉਨ੍ਹਾਂ ਵਿਚੋਂ ਕਈਆਂ ਨੇ ਕੁਝ ਹਜ਼ਾਰ ਮਨੁੱਖ ਮਾਰੇ ਅਤੇ ਕਈਆਂ ਨੇ ਤਾਂ ਕਈ-ਕਈ ਕਰੋੜਾਂ ਤੱਕ ਦਾ ਘਾਣ ਕਰ ਦਿੱਤਾ, ਪਰ ਮਨੁੱਖ ਜਾਤੀ ਦਾ ਅੰਤ ਨਹੀਂ ਹੋਇਆ ਅਤੇ ਨਾ ਹੀ ਛੇਤੀ ਕੀਤੇ ਹੋਵੇਗਾ| ਇਸ ਲਈ ਸਾਨੂੰ ਅਜਿਹੇ ਖਿਆਲੀ ਖੌਫ ਵੱਲ ਧਿਆਨ ਦੇਣ ਦੀ ਥਾਂ ਉਨ੍ਹਾਂ ਵਿਦਵਾਨ ਵਿਗਿਆਨੀਆਂ ਤੇ ਡਾਕਟਰਾਂ ਨੂੰ ਸਲਾਮ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਤੇ ਲਗਨ ਨਾਲ ਤੇ ਕਈ ਵਾਰ ਜਾਨਾਂ ਤੱਕ ਵਾਰ ਕੇ ਅਜਿਹੀਆਂ ਮਹਾਮਾਰੀਆਂ ਦੇ ਇਲਾਜ ਲੱਭੇ| ਹੁਣ ਵੀ ਸਾਨੂੰ ਉਨ੍ਹਾਂ ਦੀ ਵਿਦਵਤਾ, ਮਿਹਨਤ ਤੇ ਲਗਨ ‘ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਪੂਰੀ ਉਮੀਦ ਕਰਨੀ ਚਾਹੀਦੀ ਹੈ ਕਿ ਉਹ ਇਸ ਮਹਾਮਾਰੀ ਦਾ ਤੋੜ ਜ਼ਰੂਰ ਹੀ ਲੱਭ ਲੈਣਗੇ|
ਅਜੇ ਭਾਵੇਂ ਸਾਡੇ ਕੋਲ ਇਸ ਦੇ ਇਲਾਜ ਦੀ ਕੋਈ ਸਟੀਕ ਦਵਾਈ ਨਹੀਂ ਹੈ, ਫਿਰ ਵੀ ਇਸ ਤੋਂ ਡਰਨ ਦੀ ਥਾਂ ਇਸ ਬਾਰੇ ਸੁਚੇਤ ਹੋ ਕੇ ਅਸੀਂ ਸਾਰੇ ਰਲ ਕੇ ਇਸ ਮਹਾਮਾਰੀ ‘ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ|
ਇਸ ਮਹਾਮਾਰੀ ਤੋਂ ਨਾ ਡਰਨ ਬਾਰੇ ਪਹਿਲੀ ਦਲੀਲ ਇਹ ਹੈ ਕਿ ਇਹ ਮਹਾਮਾਰੀ ਬਹੁਤੀ ਘਾਤਕ ਨਹੀਂ, ਭਾਵ ਇਸ ਬਿਮਾਰੀ ਦੀ ਮੌਤ ਦਰ ਥੋੜ੍ਹੀ ਹੈ| ਜੇ ਵਾਇਰਸ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਸਾਡੀ ਸਾਹ ਪ੍ਰਣਾਲੀ ਵਿਚ ਦਾਖਲ ਹੋ ਜਾਂਦਾ ਹੈ ਤਾਂ ਸਾਡੀ ਰਖਿਆ ਪ੍ਰਣਾਲੀ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ| ਇਹ ਕਿਸੇ ਵੀ ਬਾਹਰੋਂ ਆਈ ਚੀਜ਼ ਨੂੰ ਸੁਸਤ ਜਾਂ ਬੇਹਰਕਤ ਅਤੇ ਫੇਰ ਨਸ਼ਟ ਕਰਨ ਵਾਸਤੇ ਪੂਰਾ ਟਿੱਲ ਲਾ ਦਿੰਦੀ ਹੈ| ਜੇ ਸਾਡੀ ਰਖਿਆ ਪ੍ਰਣਾਲੀ ਕੁਝ ਕਮਜ਼ੋਰ ਪੈ ਜਾਂਦੀ ਹੈ ਤਾਂ ਇਹ ਸਭ ਤੋਂ ਪਹਿਲਾਂ ਸਾਹ ਪ੍ਰਣਾਲੀ ਦੇ ਉਪਰਲੇ ਹਿੱਸੇ ਨੱਕ, ਗਲਾ, ਕੰਠ ਤੇ ਸਾਹ ਨਾਲੀਆਂ ‘ਤੇ ਹਮਲਾ ਕਰਦਾ ਹੈ, ਜਿਸ ਨਾਲ ਆਮ ਜ਼ੁਕਾਮ ਵਰਗੀਆਂ ਨਿਸ਼ਾਨੀਆਂ ਪ੍ਰਗਟ ਹੋ ਜਾਂਦੀਆਂ ਹਨ| ਬਹੁਤੇ ਲੋਕਾਂ 80-81% ਵਿਚ ਇਹ ਬਿਮਾਰੀ ਇਸ ਤੋਂ ਅੱਗੇ ਨਹੀਂ ਵਧਦੀ ਅਤੇ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਲੋੜ ਵੀ ਨਹੀਂ ਪੈਂਦੀ, ਭਾਵ ਸਿਰਫ ਪੰਜਵਾਂ ਹਿੱਸਾ ਲੋਕਾਂ ਨੂੰ ਹੀ ਹਸਪਤਾਲ ਜਾਣਾ ਪੈ ਸਕਦਾ ਹੈ ਅਤੇ ਉਨ੍ਹਾਂ ਵਿਚੋਂ ਬਹੁਤੇ ਤੰਦਰੁਸਤ ਹੋ ਜਾਂਦੇ ਹਨ| ਸਿਰਫ 3-4% ਲੋਕ ਹੀ ਮੌਤ ਦਾ ਸ਼ਿਕਾਰ ਹੁੰਦੇ ਹਨ|
ਇਸ ਮਹਾਮਾਰੀ ਤੋਂ ਸੁਚੇਤ ਤਾਂ ਹੋਣਾ ਚਾਹੀਦਾ ਹੈ, ਪਰ ਡਰਨਾ ਨਹੀਂ ਚਾਹੀਦਾ, ਕਿਉਂਕਿ ਡਰਨ ਨਾਲ ਸਾਡੀ ਸੁਰਖਿਆ ਪ੍ਰਣਾਲੀ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ| ਇਸ ਨੂੰ ਸੌਖੀ ਤਰ੍ਹਾਂ ਸਮਝਣ ਵਾਸਤੇ ਅਸੀਂ ਦੇਸ਼ ਦੀ ਸੁਰਖਿਆ ਪ੍ਰਣਾਲੀ (ਫੌਜ) ਦੀ ਮਿਸਾਲ ਲੈ ਸਕਦੇ ਹਾਂ| ਮੰਨ ਲਉ, ਕਿਸੇ ਦੇਸ਼ ਨੇ ਹਮਲਾ ਕਰ ਦਿੱਤਾ ਹੈ| ਫੌਜ ਪੂਰੇ ਜੋਸ਼ ਨਾਲ ਦੁਸ਼ਮਣ ਦਾ ਟਾਕਰਾ ਕਰ ਰਹੀ ਹੈ| ਜੇ ਓਸੇ ਸਮੇਂ ਦੇਸ਼ ਵਿਚ ਅੰਦਰੂਨੀ ਗੜਬੜ ਸ਼ੁਰੂ ਹੋ ਜਾਵੇ ਤਾਂ ਅਜਿਹੀ ਹਾਲਤ ਵਿਚ ਫੌਜ ਦੁਸ਼ਮਣ ਦਾ ਟਾਕਰਾ ਉਸੇ ਮੁਸਤੈਦੀ ਨਾਲ ਨਹੀਂ ਕਰ ਸਕੇਗੀ| ਇਸੇ ਤਰ੍ਹਾਂ ਬਿਮਾਰੀ ਮੌਕੇ ਡਰਨ ਨਾਲ ਵੀ ਅਜਿਹਾ ਹੀ ਵਾਪਰਦਾ ਹੈ| ਡਰ ਇਕ ਦਿਮਾਗੀ ਗੜਬੜ ਹੈ, ਜਿਸ ਨੂੰ ਠੀਕ ਕਰਨ ਵਾਸਤੇ ਸਾਡੀ ਸੁਰਖਿਆ ਪ੍ਰਣਾਲੀ ਦਾ ਬਹੁਤਾ ਧਿਆਨ ਇਸ ਅੰਦਰੂਨੀ ਗੜਬੜ ਨੂੰ ਹੱਲ ਕਰਨ ਵੱਲ ਲੱਗ ਜਾਂਦਾ ਹੈ ਅਤੇ ਬਿਮਾਰੀ ਭਾਰੂ ਪੈ ਜਾਂਦੀ ਹੈ|
ਅਖਬਾਰਾਂ ਤੇ ਟੈਲੀਵਿਜ਼ਨ ਰਾਹੀਂ ਬਹੁਤ ਕੁਝ ਦੱਸਿਆ ਜਾ ਚੁਕਾ ਹੈ ਕਿ ਇਸ ਮਹਾਮਾਰੀ ਦੀ ਲਾਗ ਤੋਂ ਬਚਣ ਅਤੇ ਲਾਗ ਹੋਣ ਤੋਂ ਮਗਰੋਂ ਕੀ ਕਰਨਾ ਚਾਹੀਦਾ ਹੈ| ਇਹ ਬਿਮਾਰੀ ਸਾਡੀ ਸਾਹ ਪ੍ਰਣਾਲੀ ‘ਤੇ ਅਸਰ ਕਰਦੀ ਹੈ| ਇਸ ਲਈ ਇਥੇ ਮੈਂ ਸਾਹ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਵਾਸਤੇ ਸਾਧਾਰਨ ਕਸਰਤ ਬਾਰੇ ਹੀ ਲਿਖਾਂਗਾ| ਇਹ ਕਸਰਤ, ਸਾਹ ਲੈਣ ਦੀ ਆਮ ਕ੍ਰਿਆ ਹੀ ਹੈ, ਪਰ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ| ਫੇਫੜਿਆਂ ਨੂੰ ਸਿਹਤਮੰਦ ਅਤੇ ਪੂਰੀ ਤਰ੍ਹਾਂ ਕ੍ਰਿਆਸ਼ੀਲ ਰੱਖਣ ਵਾਸਤੇ ਪੂਰੇ ਫੇਫੜੇ ਭਰ ਕੇ ਸਾਹ ਲੈਣਾ ਜ਼ਰੂਰੀ ਹੁੰਦਾ ਹੈ| ਇਸ ਵਾਸਤੇ ਸਾਨੂੰ ਛਾਤੀ ਦੀ ਥਾਂ ਢਿੱਡ ਨਾਲ ਸਾਹ ਲੈਣ ਦੀ ਆਦਤ ਪਾਉਣੀ ਚਾਹੀਦੀ ਹੈ| ਜੇ ਕੁਝ ਬਿਮਾਰੀ ਦੇ ਲੱਛਣ ਆ ਵੀ ਜਾਣ ਤਾਂ ਸਾਨੂੰ ਸਾਹ ਕ੍ਰਿਆ ਤੇ ਹੋਰ ਧਿਆਨ ਦੇਣ ਦੀ ਲੋੜ ਹੈ| ਨੱਕ ਰਾਹੀਂ 15-20 ਵਾਰ ਪੂਰੇ ਲੰਮੇ ਸਾਹ ਲਵੋ| ਪੂਰੇ ਫੇਫੜੇ ਭਰਨ ਤੇ ਮੂੰਹ ਰਾਹੀਂ ਸਾਹ ਬਾਹਰ ਕੱਢੋ| ਇਹ ਕ੍ਰਿਆ ਦਿਨ ਵਿਚ ਤਿੰਨ ਤੋਂ ਚਾਰ ਵਾਰ ਦੁਹਰਾਓ| ਅਜਿਹਾ ਕਰਨ ਨਾਲ ਸਾਡੀ ਸਾਹ ਪ੍ਰਣਾਲੀ ਸਿਹਤਮੰਦ ਰਹੇਗੀ, ਜੋ ਬਿਮਾਰੀ ਹੋਣ ਨਹੀਂ ਦੇਵੇਗੀ ਅਤੇ ਜੇ ਬਿਮਾਰੀ ਦੇ ਕੋਈ ਲੱਛਣ ਆ ਵੀ ਗਏ ਤਾਂ ਬਿਮਾਰੀ ‘ਤੇ ਕਾਬੂ ਪਾ ਲਵੇਗੀ|
ਇਹ ਬਿਮਾਰੀ ਘਾਤਕ ਭਾਵੇਂ ਘੱਟ ਹੈ, ਪਰ ਇਸ ਦੀ ਫੈਲਣ ਦੀ ਸਮਰੱਥਾ ਬਹੁਤ ਜ਼ਿਆਦਾ ਹੈ| ਜੇ ਅਸੀਂ ਸੁਚੇਤ ਹੋ ਕੇ ਇਸ ਦੇ ਫੈਲਣ ‘ਤੇ ਰੋਕ ਨਾ ਲਾਈ ਤਾਂ ਇਸ ਦੀ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਵਧ ਸਕਦੀ ਹੈ ਕਿ ਹਸਪਤਾਲ ਮਰੀਜ਼ਾਂ (ਪੰਜਵੇਂ ਹਿੱਸੇ) ਨੂੰ ਵੀ ਸੰਭਾਲ ਨਹੀਂ ਸਕਣਗੇ| ਅਜਿਹੀ ਹਾਲਤ ਵਿਚ ਮੌਤਾਂ ਦੀ ਦਰ ਵੀ ਬਹੁਤ ਵਧ ਸਕਦੀ ਹੈ| ਇਸ ਕਰ ਕੇ ਇਸ ਦੀ ਲਾਗ ਰੋਕਣੀ ਜ਼ਰੂਰੀ ਹੈ| ਜਿਸ ਵਾਸਤੇ ਸਾਡਾ ਸੁਚੇਤ ਹੋ ਕੇ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ|
ਇੱਕ ਗੱਲ ਹੋਰ, ਇਸ ਬਿਮਾਰੀ ਦਾ ਸਾਡੇ ਸਾਰਿਆਂ ਦੀ ਸਾਂਝੀ ਦੁਸ਼ਮਣ ਹੋਣਾ ਸਾਡੇ ਲਈ ਆਸ ਦੀ ਕਿਰਨ ਸਾਬਤ ਹੋ ਸਕਦੀ ਹੈ, ਕਿਉਂਕਿ ਸਾਂਝੀ ਦੁਸ਼ਮਣ ਕਰ ਕੇ ਅਸੀਂ ਸਾਰੇ ਇਕੱਠੇ ਹੋ ਕੇ ਸਾਂਝੇ ਸਹਿਯੋਗ ਨਾਲ ਇਸ ‘ਤੇ ਜ਼ਰੂਰ ਫਤਿਹ ਪਾ ਲਵਾਂਗੇ| ਇੱਕ ਤਸੱਲੀ ਇਹ ਵੀ ਹੈ ਕਿ ਆਮ ਤੌਰ ‘ਤੇ ਇਹ ਬਿਮਾਰੀ ਮਾਂ ਦੇ ਅੰਦਰ ਪਲ ਰਹੇ ਬੱਚੇ ‘ਤੇ ਅਸਰ ਨਹੀਂ ਕਰਦੀ|
ਕੋਵਿਡ-19 ਬਾਰੇ ਖਬਰਾਂ ਅਤੇ ਰਿਪੋਰਟਾਂ ਦੇ ਰੁਝਾਨ ਦੇਖ ਕੇ ਅਸੀਂ ਪੂਰੀ ਤਰ੍ਹਾਂ ਬੇਫਿਕਰ ਤਾਂ ਨਹੀਂ ਹੋ ਸਕਦੇ, ਫੇਰ ਵੀ ਆਸਵੰਦ ਹੋ ਸਕਦੇ ਹਾਂ ਕਿ ਇਸ ‘ਤੇ ਕਾਬੂ ਪਾ ਲਵਾਂਗੇ| ਇਸ ਮਹਾਮਾਰੀ ਤੋਂ ਮਗਰੋਂ ਫੈਲੇ ਸਹਿਮ ਕਰ ਕੇ ਸਾਡੇ ਸਮਾਜਕ ਜੀਵਨ ਵਿਚ ਅਗਲੀ ਸਮੱਸਿਆ ਹੋਰ ਵੀ ਡਰਾਉਣੀ ਲਗਦੀ ਹੈ| ਇਸ ਬਾਰੇ ਸਾਨੂੰ ਸਮਝਣ ਅਤੇ ਹੁਣੇ ਤੋਂ ਸੁਚੇਤ ਹੋਣ ਦੀ ਲੋੜ ਹੈ|
ਬਹੁਤ ਸਾਰੇ ਵਿਦਵਾਨ ਲੇਖਕ ਹਨ, ਜਿਨ੍ਹਾਂ ਦੀਆਂ ਲਿਖਤਾਂ ਅਖਬਾਰਾਂ ਵਿਚ ਆਮ ਛਪਦੀਆਂ ਹਨ| ਕੋਵਿਡ-19 ਮਹਾਮਾਰੀ ਬਾਰੇ ਉਨ੍ਹਾਂ ਥੋੜ੍ਹੇ ਬਹੁਤੇ ਫਰਕ ਨਾਲ ਇਕੋ ਜਿਹਾ ਹੀ ਲਿਖਿਆ ਹੈ ਕਿ ਮਨੁੱਖ ਆਪਣੀਆਂ ਗਲਤੀਆਂ ਦੇ ਨਤੀਜੇ ਭੁਗਤ ਰਿਹਾ ਹੈ| ਉਨ੍ਹਾਂ ਦਾ ਅਜਿਹਾ ਲਿਖਣ ਦਾ ਭਾਵ ਹੈ ਕਿ ਮਨੁੱਖ ਨੇ ਆਪਣੇ ਲਾਲਚ ਵਸ ਧਰਤੀ, ਹਵਾ, ਪਾਣੀ ਆਦਿ ਨੂੰ ਐਨਾ ਦੂਸ਼ਿਤ ਕਰ ਦਿੱਤਾ ਹੈ ਕਿ ਹੁਣ ਉਹ ਇਸ ਮਹਾਮਾਰੀ ਦਾ ਕਹਿਰ ਭੁਗਤ ਰਿਹਾ ਹੈ| ਮੈਂ ਉਨ੍ਹਾਂ ਦੀ ਵਿਦਵਤਾ ਤੋਂ ਬਹੁਤ ਪ੍ਰਭਾਵਿਤ ਹਾਂ, ਪਰ ਦੋ ਕਾਰਨਾਂ ਕਰ ਕੇ ਉਨ੍ਹਾਂ ਦੀ ਇਸ ਗੱਲ ਨਾਲ ਆਪਣੇ ਆਪ ਨੂੰ ਸਹਿਮਤ ਨਹੀਂ ਕਰ ਸਕਿਆ|
ਇਹ ਠੀਕ ਹੈ ਕਿ ਪ੍ਰਦੂਸ਼ਣ ਸਾਡੇ ਲਈ ਵੱਡੀ ਸਮੱਸਿਆ ਹੈ| ਇਸ ਪ੍ਰਦੂਸ਼ਣ ਦੇ ਵੱਡੇ ਜ਼ਿੰਮੇਵਾਰ ਕੁਝ ਧਨਾਢ ਪੁਰਸ਼ਾਂ ਦਾ ਲਾਲਚ ਅਤੇ ਸਰਕਾਰਾਂ ਦਾ ਭ੍ਰਿਸ਼ਟਾਚਾਰ ਤੇ ਗਲਤ ਨੀਤੀਆਂ ਹਨ, ਪਰ ਇਸ ਦਾ ਖਮਿਆਜ਼ਾ ਸਭ ਤੋਂ ਵੱਧ ਉਹ ਕਰੋੜਾਂ ਗਰੀਬ ਦਿਹਾੜੀਦਾਰ ਤੇ ਦੂਜੇ ਮਜ਼ਦੂਰ ਭੁਗਤ ਰਹੇ ਹਨ, ਜਿਨ੍ਹਾਂ ਦਾ ਇਸ ਪ੍ਰਦੂਸ਼ਣ ਦੀ ਪੈਦਾਇਸ਼ ਵਿਚ ਕਰੀਬ ਕੋਈ ਹਿੱਸਾ ਨਹੀਂ ਹੁੰਦਾ| ਇਹੀ ਨਹੀਂ, ਇਨ੍ਹਾਂ ਕਰੋੜਾਂ ਲੋਕਾਂ ਵਿਚੋਂ ਬਹੁਤੇ ਅਜਿਹੇ ਹਨ, ਜੋ ਇਸ ਬਿਮਾਰੀ ਤੋਂ ਵੀ ਪੀੜਤ ਨਹੀਂ, ਪਰ ਭੁੱਖ ਨਾਲ ਤੇ ਘਰੋਂ ਬੇਘਰ ਹੋ ਕੇ ਅਨੇਕਾਂ ਦੁੱਖ ਤੇ ਸੰਤਾਪ ਭੋਗ ਰਹੇ ਹਨ, ਜਿਸ ਦੀ ਅਸੀਂ ਸਹੀ-ਸਹੀ ਕਲਪਨਾ ਵੀ ਨਹੀਂ ਕਰ ਸਕਦੇ| ਜੇ ਅਸੀਂ ਫੇਰ ਵੀ ਇਸ ਸਾਰੇ ਕਹਿਰ ਨੂੰ ਪ੍ਰਦੂਸ਼ਣ ਸਬੰਧੀ ਮਨੁੱਖ ਦੀਆਂ ਗਲਤੀਆਂ ਦਾ ਨਤੀਜਾ ਦੱਸਾਂਗੇ ਤਾਂ ਪੰਜਾਬੀ ਦੇ ਅਖਾਣ ‘ਖਾਣ ਪੀਣ ਨੂੰ ਲੂੰਬੜੀ ਤੇ ਡੰਡੇ ਖਾਣ ਨੂੰ ਰਿੱਛ’ ਹੀ ਸਾਬਤ ਕਰ ਰਹੇ ਹੋਵਾਂਗੇ|
ਦੂਜਾ, ਅਸੀਂ ਪਹਿਲਾਂ ਹੋਈਆਂ ਮਹਾਮਾਰੀਆਂ ਦੀ ਮਿਸਾਲ ਲੈ ਸਕਦੇ ਹਾਂ| ਜ਼ਿਆਦਾ ਪੁਰਾਣੀਆਂ ਨੂੰ ਛੱਡੋ, ਸਿਰਫ ਵੀਹਵੀਂ ਸਦੀ ਦੀਆਂ ਦੋ ਮਹਾਮਾਰੀਆਂ ਦੀ ਗੱਲ ਕਰਦੇ ਹਾਂ-ਇੱਕ ਪਲੇਗ ਤੇ ਦੂਜੀ ਚੇਚਕ| ਪਲੇਗ ਵੀਹਵੀਂ ਸਦੀ ਦੇ ਕਰੀਬ ਸ਼ੁਰੂ ਵਿਚ ਫੈਲੀ ਸੀ ਅਤੇ ਚੇਚਕ ਸਦੀ ਦੇ ਅੱਧ ਵਿਚ| ਪਲੇਗ ਨਾਲ ਕੁਝ ਕਰੋੜ ਅਤੇ ਚੇਚਕ ਨਾਲ ਤੀਹ ਕਰੋੜ ਤੋਂ ਵੱਧ ਮੌਤਾਂ ਹੋਈਆਂ| ਉਸ ਵੇਲੇ ਤੱਕ ਅੱਜ ਜਾਣੇ ਜਾਂਦੇ ਪ੍ਰਦੂਸ਼ਣ ਬਾਰੇ ਸੁਣਿਆ ਵੀ ਨਹੀਂ ਸੀ ਹੋਇਆ|
ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪ੍ਰਦੂਸ਼ਣ ਭਾਵੇਂ ਗੰਭੀਰ ਸਮੱਸਿਆ ਹੈ, ਪਰ ਐਸ ਵੇਲੇ ਸਾਨੂੰ ਇਸ ਮਹਾਮਾਰੀ ਅਤੇ ਉਸ ਦੇ ਕਾਰਨ ਦੇਸੋਂ ਪਰਦੇਸ ਤੇ ਬੇਘਰ ਹੋਏ, ਭੁੱਖਮਰੀ ਦਾ ਸੰਤਾਪ ਭੋਗ ਰਹੇ ਕਰੋੜਾਂ ਲੋਕਾਂ ਦੇ ਹੱਲ ਵੱਲ ਧਿਆਨ ਦੇਣ ਦੀ ਲੋੜ ਹੈ| ਅਜਿਹੇ ਸਮੇਂ ਵੱਡੇ-ਵੱਡੇ ਧਨਾਢ ਅਤੇ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੀਆਂ ਸਰਕਾਰਾਂ ਗਰੀਬ ਮਜ਼ਦੂਰਾਂ ਦੀ ਇਸ ਬੇਵਸੀ ‘ਤੇ ਰਹਿਮ ਕਰਨ ਦੀ ਥਾਂ ਉਨ੍ਹਾਂ ਦਾ ਬਚਿਆ ਖੂਨ ਚੂਸਣ ਤੋਂ ਗੁਰੇਜ਼ ਨਹੀਂ ਕਰਦੇ| ਉਹ ਹਰ ਤਰ੍ਹਾਂ ਦੇ ਆਪਣੇ ਪੱਖੀ ਤੇ ਮਜ਼ਦੂਰ ਵਿਰੋਧੀ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਨੂੰ ਸਭ ਤੋਂ ਸੁਨਹਿਰੀ ਮੌਕਾ ਸਮਝਦੇ ਹਨ|
ਬਦਅਮਨੀ ਦੇ ਅਜਿਹੇ ਹਾਲਾਤ ਵਿਚ ਭੁੱਖੇ ਮਰਦੇ ਲੋਕ ਬਹੁਤ ਵਾਰ ਆਪ ਮੁਹਾਰੇ ਉਠਣ ਲਗਦੇ ਹਨ ਤੇ ਸਮੁਚਾ ਸਮਾਜ ਹਫੜਾ-ਦਫੜੀ ਦਾ ਸ਼ਿਕਾਰ ਹੋ ਜਾਂਦਾ ਹੈ| ਹਫੜਾ-ਦਫੜੀ ਦਾ ਇਹ ਮਾਹੌਲ ਗਰੀਬ ਅਤੇ ਆਮ ਲੋਕਾਂ ਦਾ ਹੀ ਨੁਕਸਾਨ ਕਰਦਾ ਹੈ| ਅਜਿਹੇ ਸਮੇਂ ਮਜ਼ਦੂਰਾਂ ਤੇ ਕਾਮਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਦਾ ਸਭ ਤੋਂ ਜ਼ਰੂਰੀ ਫਰਜ਼ ਬਣਦਾ ਹੈ ਕਿ ਉਹ ਆਪਣੇ ਸਿਆਸੀ ਵਖਰੇਵੇਂ ਭੁਲਾ ਕੇ ਆਪਣੀਆਂ ਇਖਲਾਕੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਮਜ਼ਦੂਰਾਂ ਤੇ ਕਾਮਿਆਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਜਥੇਬੰਦ ਕਰਨ ਅਤੇ ਇਕਮੁੱਠ ਹੋ ਕੇ ਲੋਕਤੰਤਰੀ ਢੰਗਾਂ ਨਾਲ ਜੂਝ ਕੇ ਆਪਣੇ ਹੱਕ ਲੈਣ ਵਾਸਤੇ ਤਿਆਰ ਕਰਨ|