ਨਸਲਕੁਸ਼ੀ ਦੀ ਰਾਜਨੀਤੀ, ਬਿਰਤਾਂਤਕ ਹਿੰਸਾ ਅਤੇ ਪੰਥ ਦਾ ਭਵਿੱਖ

ਪ੍ਰਭਸ਼ਰਨਬੀਰ ਸਿੰਘ ਸਿੱਖ ਮਸਲਿਆਂ ਬਾਰੇ ਅਕਸਰ ਟਿੱਪਣੀ ਦਿੰਦੇ ਰਹੇ ਹਨ। ਇਸ ਟਿੱਪਣੀ ਵਿਚ ਉਨ੍ਹਾਂ ਨਸਲਕੁਸ਼ੀ ਦੀ ਸਿਆਸਤ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਹਨ। ਇਸ ਲੇਖ ਵਿਚ ਉਨ੍ਹਾਂ ਦੀ ਕਲਮ ਦੀ ਧਾਰ ਦਾ ਇਕ ਹਿੱਸਾ ਖੱਬੇਪੱਖੀਆਂ ਨੂੰ ਨਿਸ਼ਾਨੇ ‘ਤੇ ਲੈਂਦਾ ਹੈ, ਹਾਲਾਂਕਿ ਇਸੇ ਲੇਖ ਵਿਚ ਉਹ ਇਹ ਵੀ ਮੰਨਦੇ ਹਨ ਕਿ ਸਿੱਖ, ਕਲਮ ਦੀ ਥਾਂ ਕਿਰਪਾਨ ਚਲਾਉਣ ਵਿਚ ਕਦੀ ਢਿੱਲ ਨਹੀਂ ਕਰਦੇ। ਇਹ ਵਿਚਾਰ-ਉਤੇਜਿਤ ਲੇਖ ਅਸੀਂ ਪਾਠਕਾਂ ਦੇ ਸਨਮੁਖ ਕਰ ਰਹੇ ਹਾਂ।

-ਸੰਪਾਦਕ

ਪ੍ਰਭਸ਼ਰਨਬੀਰ ਸਿੰਘ
ਫੋਨ: 1-778-242-2811

1903 ਵਿਚ ਰੂਸੀ ਬੋਲੀ ਵਿਚ ਕਿਤਾਬ ਪ੍ਰਕਾਸ਼ਿਤ ਹੋਈ ਸੀ, ‘ਦਿ ਪ੍ਰੋਟੋਕੋਲ ਆਫ ਦਿ ਐਲਡਰਜ਼ ਆਫ ਜ਼ਿਓਨ’ (ਠਹe ਫਰੋਟੋਚੋਲਸ ਾ ਟਹe ਓਲਦeਰਸ ਾ ਢਿਨ)। ਇਹ ਕਿਤਾਬ ਯਹੂਦੀਆਂ ਨੂੰ ਨਿਸ਼ਾਨਾ ਬਣਾ ਕੇ ਲਿਖੀ ਗਈ ਸੀ। ਮਕਸਦ ਇਹ ਸਾਬਤ ਕਰਨਾ ਸੀ ਕਿ ਪੱਛਮੀ ਮੁਲਕਾਂ ਦੀਆਂ ਸੱਭੇ ਸਮੱਸਿਆਵਾਂ ਦਾ ਕਾਰਨ ਯਹੂਦੀ ਹਨ ਅਤੇ ਯਹੂਦੀ ਸਾਰੀ ਦੁਨੀਆਂ ਉਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਫਿਰ ਇਸ ਕਿਤਾਬ ਦੇ ਅੰਗਰੇਜ਼ੀ ਸਮੇਤ ਹੋਰਨਾਂ ਬੋਲੀਆਂ ਵਿਚ ਉਲਥੇ ਕਰਵਾਏ ਗਏ। ਫੋਰਡ ਮੋਟਰ ਕੰਪਨੀ ਦੇ ਬਾਨੀ ਹੈਨਰੀ ਫੋਰਡ ਨੇ ਇਸ ਕਿਤਾਬ ਦੀਆਂ ਪੰਜ ਲੱਖ ਕਾਪੀਆਂ ਆਪਣੇ ਖਰਚੇ ਉਤੇ ਛਪਵਾ ਕੇ ਮੁਫਤ ਵੰਡੀਆਂ। ਸਿੱਟਾ ਇਹ ਨਿਕਲਿਆ ਕਿ ਯੂਰਪ ਵਿਚ ਯਹੂਦੀਆਂ ਪ੍ਰਤੀ ਨਫਰਤ ਹੋਰ ਵੀ ਵਧ ਗਈ। ਇਸੇ ਨਫਰਤ ਦੀ ਲਹਿਰ ‘ਤੇ ਸਵਾਰ ਹੋ ਕੇ ਹਿਟਲਰ ਨੇ ਜਰਮਨੀ ਦੀ ਸੱਤਾ ਉਤੇ ਕਬਜ਼ਾ ਕੀਤਾ। ਉਸ ਪਿਛੋਂ ਯਹੂਦੀਆਂ ਨਾਲ ਜੋ ਹੋਇਆ, ਉਹ ਸਾਨੂੰ ਸਭ ਨੂੰ ਪਤਾ ਹੀ ਹੈ।
ਨਸਲਕੁਸ਼ੀਆਂ ਖਲਾਅ ਵਿਚੋਂ ਪੈਦਾ ਨਹੀਂ ਹੁੰਦੀਆਂ। ਹਰ ਨਸਲਕੁਸ਼ੀ ਦੀ ਜੜ੍ਹ ਬਿਰਤਾਂਤਕ ਹਿੰਸਾ ਵਿਚ ਹੁੰਦੀ ਹੈ। ਪਹਿਲਾਂ ਬਿਰਤਾਂਤ ਸਿਰਜਿਆ ਜਾਂਦਾ ਹੈ, ਫਿਰ ਨਸਲਕੁਸ਼ੀ ਹੁੰਦੀ ਹੈ। ਬਿਨਾ ਬਿਰਤਾਂਤ ਤੋਂ ਕਦੇ ਨਸਲਕੁਸ਼ੀ ਹੋ ਹੀ ਨਹੀਂ ਸਕਦੀ। 1984 ਤੋਂ ਪਹਿਲਾਂ ਵੀ ਸਿੱਖਾਂ ਦੇ ਬਰਖਿਲਾਫ ਬਿਰਤਾਂਤ ਸਿਰਜਿਆ ਗਿਆ, ਜਿਸ ਦੀ ਉਸਾਰੀ ਭਾਰਤੀ ਸਰਕਾਰ ਅਤੇ ਖੱਬੇਪੱਖੀਆਂ ਨੇ ਮਿਲ ਕੇ ਕੀਤੀ। ਖੱਬੇਪੱਖੀਆਂ ਤੋਂ ਬਿਨਾ ਭਾਰਤ ਸਰਕਾਰ ਇਹ ਬਿਰਤਾਂਤ ਨਹੀਂ ਸੀ ਸਿਰਜ ਸਕਦੀ।
ਇਸ ਬਿਰਤਾਂਤ ਦਾ ਮੁੱਖ ਆਧਾਰ ਇਸ ਗੱਲ ਨੂੰ ਬਣਾਇਆ ਗਿਆ ਕਿ ਭਾਰਤ ‘ਚ ਸਿੱਖਾਂ ਖਿਲਾਫ ਕੋਈ ਸਾਜਿਸ਼ ਨਹੀਂ ਹੋ ਰਹੀ, ਸਿੱਖ ਐਵੇਂ ਹੀ ਰੌਲਾ ਪਾ ਰਹੇ ਹਨ। ਕਿਉਂਕਿ ਖੱਬੇਪੱਖੀਆਂ ਦਾ ਪੰਜਾਬ ਦੇ ਬੌਧਿਕ ਅਤੇ ਸਾਹਿਤਕ ਹਲਕਿਆਂ ਉਤੇ ਦਬਦਬਾ ਸੀ, ਇਸ ਲਈ ਸਿੱਖਾਂ ਤੋਂ ਇਸ ਝੂਠੇ ਬਿਰਤਾਂਤ ਦਾ ਢੁਕਵਾਂ ਜੁਆਬ ਨਹੀਂ ਦਿੱਤਾ ਗਿਆ।
ਨਤੀਜਾ ਇਹ ਨਿਕਲਿਆ ਕਿ ਸਰਕਾਰ ਨੇ ਸਿੱਖਾਂ ਦੇ ਪਾਵਨ ਅਸਥਾਨਾਂ ਉਤੇ ਹਮਲੇ ਕੀਤੇ, ਦਿੱਲੀ ਦੀਆਂ ਸੜਕਾਂ ਉਤੇ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜੇ ਗਏ, ਸਰੂਆਂ ਜਿਹੇ ਜੁਆਨ ਪੁੱਤ ਘਰਾਂ ਵਿਚੋਂ ਚੁੱਕ ਚੁੱਕ ਕੇ ਖਪਾ ਦਿੱਤੇ। ਇਹ ਸਭ ਕੁਝ ਕਰਕੇ ਵੀ ਸਰਕਾਰ ਨੇ ਆਪਣੇ ਆਪ ਨੂੰ ਸ਼ਾਂਤੀ ਦਾ ਮਸੀਹਾ ਗਰਦਾਨ ਲਿਆ।
ਕੋਈ ਵੀ ਸਰਕਾਰ ਅੱਜ ਤੱਕ ਅਜਿਹਾ ਮਾਅਰਕਾ ਨਹੀਂ ਮਾਰ ਸਕੀ। ਇਹ ਪੰਜਾਬ ਦੇ ਖੱਬੇਪੱਖੀਆਂ ਦੀ ਹੀ ਦੇਣ ਸੀ ਕਿ ਉਨ੍ਹਾਂ ਦੇ ਬਿਰਤਾਂਤ ਨੇ ਸਰਕਾਰ ਨੂੰ ਇਸ ਕਾਬਲ ਬਣਾਇਆ। ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਉਤੇ ਹੀ ਬੱਸ ਨਹੀਂ ਕੀਤੀ, ਇਸ ਤੋਂ ਵੀ ਅੱਗੇ ਜਾਂਦਿਆਂ ਸਿੱਖਾਂ ਨੂੰ ਇਸ ਸਭ ਲਈ ਜ਼ਿੰਮੇਵਾਰ ਵੀ ਠਹਿਰਾ ਦਿੱਤਾ। ਬੱਸ ਅਜੇ ਵੀ ਨਹੀਂ ਕੀਤੀ। ਹੁਣ ਅਗਲੀ ਨਸਲਕੁਸ਼ੀ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਹਨ। ਨਸਲਕੁਸ਼ੀ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਿੱਖਾਂ ਨੂੰ ਜਾਤੀਵਾਦੀ, ਫਿਰਕਾਪ੍ਰਸਤ ਅਤੇ ਬਲਾਤਕਾਰੀ ਸਿੱਧ ਕੀਤਾ ਜਾਵੇ। ਸਰਕਾਰ ਦੇ ਇਸ ਕੰਮ ਵਿਚ ਖੱਬੇਪੱਖੀ ਤੇ ਸੈਕੂਲਰ ਲਾਣਾ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ।
ਹਾਲ ਹੀ ਵਿਚ ਰਿਲੀਜ਼ ਹੋਏ ਅਮਾਜ਼ੋਨ ਪ੍ਰਾਈਮ ਦੇ ਨਾਟਕ ‘ਪਤਾਲ ਲੋਕ’ ਵਿਚ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੱਲ ਇਹ ਨਹੀਂ ਕਿ ਸਿੱਖਾਂ ਵਿਚ ਜਾਤ-ਪਾਤ ਹੈ ਜਾਂ ਨਹੀਂ; ਜਾਤ-ਪਾਤ ਤਾਂ ਦੱਖਣੀ ਏਸ਼ੀਆ ਦੇ ਸਾਰੇ ਖਿੱਤਿਆਂ ਅਤੇ ਕੌਮਾਂ ਵਿਚ ਵੀ ਹੈ, ਪਰ ਇਨ੍ਹਾਂ ਨੂੰ ਸਿਰਫ ਸਿੱਖਾਂ ਵਿਚ ਹੀ ਦਿਸਦਾ ਹੈ। ਤੁਸੀਂ ਕਦੇ ਸੁਣਿਆ ਹੈ ਕਿ ਪੰਜਾਬ ਦੀ ਕਿਸੇ ਖੱਬੇਪੱਖੀ ਧਿਰ ਨੇ ਪੰਜਾਬ ਦੇ ਬ੍ਰਾਹਮਣਾਂ ਵਿਚਲੇ ਜਾਤੀਵਾਦ ਵਿਰੁੱਧ ਕੋਈ ਜਨਤਕ ਲਹਿਰ ਚਲਾਈ ਹੋਵੇ? ਨਹੀਂ ਚਲਾਈ, ਕਿਉਂਕਿ ਇਸ ਕੰਮ ਵਿਚ ਸਿੱਖਾਂ ਨੂੰ ਭੰਡਣ ਲਈ ਦੋਵੇਂ ਇਕੱਠੇ ਹਨ।
ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਸਿੱਖਾਂ ਨੂੰ ਮਾਰਨ ਲਈ ਕੱਟੜ ਹਿੰਦੂਵਾਦੀ ਅਤੇ ਖੱਬੇਪੱਖੀ-ਦੋਵੇਂ ਇਕੱਠੇ ਹੋ ਜਾਂਦੇ ਹਨ। ਬੀ. ਜੇ. ਪੀ. ਹਿੰਦੂਤਵ ਦਾ ਸਿੱਧਾ ਰੂਪ ਹੈ ਅਤੇ ਕਾਂਗਰਸ ਤੇ ਹੋਰ ਸੈਕੂਲਰ ਧਿਰਾਂ ਲੁਕਵਾਂ ਰੂਪ ਹਨ। ਕਾਂਗਰਸ ਤੇ ਖੱਬੇਪੱਖੀ ਗੁਪਤ ਰੂਪ ਵਿਚ ਹਿੰਦੂਤਵ ਦੇ ਏਜੰਡੇ ਨੂੰ ਹੀ ਅੱਗੇ ਵਧਾਉਂਦੇ ਹਨ। ਇਨ੍ਹਾਂ ਦਾ ਹਿੰਦੂਤਵ ਮੋਹਨ ਦਾਸ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਵਾਲਾ ਹੈ। ਪੰਜਾਬ ਦੇ ਬੌਧਿਕ ਅਤੇ ਸਾਹਿਤਕ ਹਲਕਿਆਂ ਉਤੇ ਇਨ੍ਹਾਂ ਦੀ ਵੱਡੀ ਅਜਾਰੇਦਾਰੀ ਅਤੇ ਸਿੱਖਾਂ ਦੀ ਲਗਪਗ ਗੈਰਹਾਜ਼ਰੀ ਕਾਰਨ ਇਨ੍ਹਾਂ ਨੂੰ ਖੁੱਲ੍ਹੀ ਛੁੱਟੀ ਮਿਲੀ ਹੋਈ ਹੈ।
ਵੱਡਾ ਸੁਆਲ ਇਹ ਹੈ ਕਿ ਇਨ੍ਹਾਂ ਹਾਲਾਤ ਵਿਚ ਕੀਤਾ ਕੀ ਜਾ ਸਕਦਾ ਹੈ?
ਇਹ ਸਮਝਣ ਦੀ ਲੋੜ ਹੈ ਕਿ ਬਿਰਤਾਂਤ ਵੀ ਇੱਕ ਹਥਿਆਰ ਹੈ। ਅੱਜ ਇਸ ਹਥਿਆਰ ਦੀ ਵਰਤੋਂ ਬਿਨਾ ਕੋਈ ਵੀ ਲੜਾਈ ਨਹੀਂ ਜਿੱਤੀ ਜਾ ਸਕਦੀ। ਫੌਜੀ ਤਾਕਤ ਵਿਚ ਭਾਵੇਂ ਫਲਸਤੀਨੀ ਇਸਰਾਈਲ ਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਬਿਰਤਾਂਤ ਦੀ ਲੜਾਈ ਉਨ੍ਹਾਂ ਨੇ ਤਸੱਲੀ ਨਾਲ ਜਿੱਤੀ ਹੈ। ਇਸੇ ਲਈ ਜਦੋਂ ਸੰਯੁਕਤ ਰਾਸ਼ਟਰ ਵਿਚ ਫਲਸਤੀਨ ਦੇ ਮਸਲੇ ਉਤੇ ਵੋਟ ਪੈਂਦੀ ਹੈ ਤਾਂ 137 ਮੁਲਕ ਉਸ ਦੇ ਹੱਕ ਵਿਚ ਭੁਗਤਦੇ ਹਨ। ਇਸ ਬਿਰਤਾਂਤਕ ਜਿੱਤ ਦਾ ਅਸਲ ਕਾਰਨ ਮੁਸਲਿਮ ਵਿਦਵਾਨਾਂ ਦੀ ਬੌਧਿਕ ਕਾਬਲੀਅਤ ਹੈ। ਇਸ ਕਾਬਲੀਅਤ ਬਿਨਾ ਫਲਸਤੀਨ ਦਾ ਸੱਚ ਦੁਨੀਆਂ ਦੇ ਸਾਹਮਣੇ ਨਹੀਂ ਸੀ ਆਉਣਾ ਅਤੇ ਇਸਰਾਈਲ ਨੇ ਉਨ੍ਹਾਂ ਨੂੰ ਮਾਰਨਾ ਵੀ ਸੀ ਤੇ ਦੋਸ਼ੀ ਵੀ ਸਾਬਤ ਕਰਨਾ ਸੀ। ਪੰਜਾਬ ਵਿਚ ਇਹੀ ਹੋਇਆ ਹੈ।
ਦੂਜੀ ਮਿਸਾਲ ਕਸ਼ਮੀਰ ਦੀ ਲਈ ਜਾ ਸਕਦੀ ਹੈ। ਭਾਵੇਂ ਅੱਜ ਕਸ਼ਮੀਰ ਫੌਜੀ ਤੌਰ ‘ਤੇ ਲਿਤਾੜਿਆ ਜਾ ਰਿਹੈ, ਪਰ ਬਿਰਤਾਂਤ ਦੀ ਲੜਾਈ ਅਜੇ ਤੱਕ ਕਸ਼ਮੀਰੀਆਂ ਨੇ ਹੀ ਜਿੱਤੀ ਹੈ; ਕੱਲ੍ਹ ਦਾ ਪਤਾ ਨਹੀਂ। ਕਾਰਨ ਉਹੋ ਹੀ ਹੈ। ਕਸ਼ਮੀਰੀਆਂ ਦਾ ਪੱਛਮੀ ਤਰੀਕੇ ਦੀਆਂ ਸਿਖਿਆ ਸੰਸਥਾਵਾਂ ਵਿਚੋਂ ਸਿਖਿਅਤ ਵਰਗ ਕਸ਼ਮੀਰ ਦੀ ਆਜ਼ਾਦੀ ਦੀ ਹਮਾਇਤ ਕਰਦਾ ਹੈ; ਪਰ ਪੰਜਾਬ ਦਾ ਸਿਖਿਅਤ ਵਰਗ ਪੰਜਾਬ ਦੇ ਹਮੇਸ਼ਾ ਉਲਟ ਹੀ ਚਲਦਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਜੇ ਪੱਛਮੀ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਕੇ ਵੀ ਮੁਸਲਿਮ ਵਿਦਿਆਰਥੀ ਪੱਛਮੀ ਸਾਮਰਾਜਵਾਦ ਦਾ ਵਿਰੋਧ ਕਰਦੇ ਹਨ, ਇਸਰਾਈਲ ਦੇ ਵਿਰੋਧ ਵਿਚ ਖੜ੍ਹਦੇ ਹਨ ਤਾਂ ਸਿੱਖ ਅਜਿਹਾ ਕਿਉਂ ਨਹੀਂ ਕਰ ਸਕਦੇ? ਇਸ ਘੁੰਡੀ ਨੂੰ ਸਮਝਣ ਨਾਲ ਸਾਡੇ ਭਵਿੱਖ ਦੀ ਤੰਦ ਜੁੜੀ ਹੋਈ ਹੈ।
ਗੱਲ ਇਹ ਹੈ ਕਿ ਮਸਲਾ ਪੱਛਮੀ ਵਿੱਦਿਆ ਦਾ ਨਹੀਂ, ਮਸਲਾ ਉਸ ਵਿੱਦਿਆ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਪਰਪੱਕਤਾ ਦਾ ਹੈ। ਜੇ ਤਲਵਾਰ ਨੂੰ ਤਲਵਾਰ ਨਾਲ ਹੀ ਕੱਟਿਆ ਜਾ ਸਕਦੈ ਤਾਂ ਬਿਰਤਾਂਤ ਨੂੰ ਵੀ ਬਿਰਤਾਂਤ ਨਾਲ ਹੀ ਕੱਟਿਆ ਜਾ ਸਕਦੈ। ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਇਥੇ ਕਿਰਪਾਨ ਚਲਾਉਣ ਵਾਲਿਆਂ ਨੇ ਕਦੇ ਢਿੱਲ ਨਹੀਂ ਦਿਖਾਈ, ਪਰ ਬਿਰਤਾਂਤ ਸਿਰਜਣਾ ਦਾ ਅਮਲ ਅਜੇ ਬਹੁਤ ਪਿਛੇ ਹੈ। ਕਿਰਪਾਨ ਤੇ ਬਿਰਤਾਂਤ ਨਾ ਇੱਕ ਦੂਜੇ ਦੇ ਵਿਰੋਧੀ ਹਨ ਅਤੇ ਨਾ ਹੀ ਉਹ ਇੱਕ ਦੂਜੇ ਦੀ ਥਾਂ ਲੈ ਸਕਦੇ ਹਨ। ਉਹ ਇੱਕ ਦੂਜੇ ਦੇ ਪੂਰਕ ਹਨ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਜ਼ਫਰਨਾਮੇ ਦੀ ਸਿਰਜਣਾ ਕੀਤੇ ਜਾਣਾ ਵੀ ਇਸੇ ਰਮਜ਼ ਦੀ ਦੱਸ ਪਾਉਂਦਾ ਹੈ।
ਇਹ ਵੇਲਾ ਬਿਰਤਾਂਤਕ ਸ਼ਕਤੀ ਦੀ ਸਿਰਜਣਾ ਦਾ ਵੇਲਾ ਹੈ। ਇਸ ਸ਼ਕਤੀ ਤੋਂ ਬਿਨਾ ਸਾਡੇ ਸੰਘਰਸ਼ ਹਮੇਸ਼ਾ ਹਾਰਦੇ ਰਹਿਣਗੇ। ਇਹ ਸ਼ਕਤੀ ਪੈਦਾ ਕਰਨ ਲਈ ਕੀ ਕੀਤਾ ਜਾਵੇ?
ਪ੍ਰੋ. ਪੂਰਨ ਸਿੰਘ ਅਨੁਸਾਰ ਇਹ ਸ਼ਕਤੀ ਕਲਾਧਾਰੀ ਹੋਇਆਂ ਹੀ ਪੈਦਾ ਹੋ ਸਕਦੀ ਹੈ। ਹਰ ਕਿਸੇ ਅੰਦਰ ਵਾਹਿਗੁਰੂ ਨੇ ਕੋਈ ਨਾ ਕੋਈ ਕਲਾ ਬਖਸ਼ਿਸ਼ ਕੀਤੀ ਹੈ। ਲੋੜ ਉਸ ਕਲਾ ਨੂੰ ਪਛਾਣ ਕੇ ਤਰਾਸ਼ਣ ਦੀ ਹੀ ਹੁੰਦੀ ਹੈ। ਕਿਸੇ ਅੰਦਰ ਗਾਉਣ ਦੀ ਕਲਾ ਹੈ, ਕਿਸੇ ਅੰਦਰ ਗੀਤ ਲਿਖਣ ਦੀ, ਕੋਈ ਚੰਗਾ ਬੁਲਾਰਾ ਹੋ ਸਕਦੈ ਤੇ ਕੋਈ ਹੋਰ ਚੰਗਾ ਪ੍ਰਬੰਧਕ। ਕਿਸੇ ਨੂੰ ਫਿਲਮ ਬਣਾਉਣੀ ਆਉਂਦੀ ਹੈ ਤੇ ਕਿਸੇ ਹੋਰ ਕੋਲ ਉਸ ਫਿਲਮ ਦੇ ਵਿਸ਼ੇ ਅਨੁਸਾਰ ਸੰਗੀਤ ਪੈਦਾ ਕਰਨ ਦੀ ਕਲਾ ਹੁੰਦੀ ਹੈ। ਆਪਣੀ ਆਪਣੀ ਕਲਾ ਦੇ ਖੇਤਰ ਵਿਚ ਉਤਮਤਾ ਹਾਸਲ ਕਰਕੇ ਹੀ ਕੋਈ ਯੋਗਦਾਨ ਪਾਇਆ ਜਾ ਸਕਦੈ। ਜਿੰਨੀ ਸਾਡੀ ਕਲਾ ਵਿਚ ਨਿਪੁੰਨਤਾ ਹੋਵੇਗੀ, ਓਨਾ ਹੀ ਵੱਡਾ ਅਸੀਂ ਕੁਝ ਪੇਸ਼ ਕਰ ਸਕਾਂਗੇ।
ਪਰ ਅਜਿਹੀ ਕਲਾ ਪ੍ਰਾਪਤ ਕਰਨ ਲਈ ਜ਼ਿੰਦਗੀ ਗਾਲਣੀ ਪੈਂਦੀ ਹੈ। ਇਹ ਦਿਨਾਂ ਵਿਚ ਨਹੀਂ ਆਉਂਦੀ। ਵਰ੍ਹਿਆਂ ਦੇ ਵਰ੍ਹੇ ਲੱਗ ਜਾਂਦੇ ਹਨ। ਸੀਰੀਅਨ ਫਿਲਮ ਨਿਰਦੇਸ਼ਕ ਮੁਸਤਫਾ ਅੱਕੜ ਨੇ ਲੀਬੀਆ ਦੀ ਜੰਗ-ਏ-ਆਜ਼ਾਦੀ ਬਾਰੇ 1981 ਵਿਚ ਫਿਲਮ ਬਣਾਈ ਸੀ ‘ਲਾਇਨ ਆਫ ਦਿ ਡੈਜ਼ਰਟ (ਇਹ ਫਿਲਮ ਉਮਰ ਮੁਖਤਾਰ ਵਜੋਂ ਵੀ ਮਸ਼ਹੂਰ ਹੋਈ)। ਅੱਜ ਤੱਕ ਇਸ ਫਿਲਮ ਨੂੰ ਲੀਬੀਆ ਦੀ ਜੰਗ-ਏ-ਆਜ਼ਾਦੀ ਦਾ ਪ੍ਰਮਾਣਿਕ ਦਸਤਾਵੇਜ਼ ਮੰਨਿਆ ਜਾਂਦਾ ਹੈ। ਜਦੋਂ ਬੰਦਾ ਫਿਲਮ ਵੇਖ ਕੇ ਹਟਦੈ ਤਾਂ ਉਸ ਦਾ ਮਨ ਉਸ ਜੰਗ ਦੇ ਆਗੂ ਉਮਰ ਮੁਖਤਾਰ ਲਈ ਕਿਸੇ ਡੂੰਘੇ ਸਤਿਕਾਰ ਨਾਲ ਭਰ ਜਾਂਦੈ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਫਿਲਮਾਂ ਦੇ ਨਾਂ ਲਏ ਜਾ ਸਕਦੇ ਹਨ। ਇਨ੍ਹਾਂ ਸਾਰੀਆਂ ਫਿਲਮਾਂ ਵਿਚ ਸਾਂਝੀ ਗੱਲ ਇਹੋ ਹੈ ਕਿ ਇਨ੍ਹਾਂ ਨੂੰ ਬਣਾਉਣ ਵਾਲਿਆਂ ਨੇ ਪਹਿਲਾਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਸ ਕਲਾ ਨੂੰ ਸਿੱਖਣ ਲਈ ਅਰਪਣ ਕੀਤਾ, ਫਿਰ ਜਾ ਕੇ ਫਿਲਮ ਬਣਾਈ।
ਸਾਡੇ ਉਲਟ ਹੈ। ਜੇ ਬੰਦੇ ਨੂੰ ਸੁੱਤੇ ਪਏ ਨੂੰ ਖਿਆਲ ਆ ਜਾਵੇ ਕਿ ਉਸ ਨੇ ਫਿਲਮ ਬਣਾਉਣੀ ਹੈ, ਜਾਂ ਗਾਇਕ ਬਣਨਾ ਹੈ ਜਾਂ ਪੱਤਰਕਾਰੀ ਕਰਨੀ ਹੈ ਤਾਂ ਉਹ ਅਗਲੇ ਹੀ ਦਿਨ ਉਸ ਕੰਮ ਵਿਚ ਜੁਟ ਜਾਂਦਾ ਹੈ। ਕੁਝ ਵੀ ਸਿੱਖਣ ਦੀ ਖੇਚਲ ਨਹੀਂ ਕਰਦਾ। ਇਸ ਅਮਲ ਵਿਚੋਂ ਜੋ ਕੁਝ ਸਾਹਮਣੇ ਆਉਂਦਾ ਹੈ, ਉਸ ਦਾ ਹਾਲ ਸਾਡੇ ਸਭ ਦੇ ਸਾਹਮਣੇ ਹੀ ਹੈ।
ਇਹ ਲੜਾਈ ਬਹੁਤ ਲੰਮੀ ਹੈ। ਇੱਕ ਵਾਰ ਮੈਂ ਡਾ. ਗੁਰਭਗਤ ਸਿੰਘ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਮੈਨੂੰ ਦੋ ਗੱਲਾਂ ਕਹੀਆਂ ਸਨ, ਜੋ ਮੈਨੂੰ ਕਦੇ ਵੀ ਨਹੀਂ ਭੁੱਲੀਆਂ। ਪਹਿਲੀ, ਅਜਿਹੇ ਸੰਘਰਸ਼ ਲਈ ਸਾਰੀ ਉਮਰ ਦੀ ਪ੍ਰਤੀਬੱਧਤਾ ਚਾਹੀਦੀ ਹੁੰਦੀ ਹੈ। ਜਦੋਂ ਕੋਈ ਸੰਘਰਸ਼ ਇੱਕ ਵਾਰ ਟੁੱਟ ਜਾਵੇ ਤਾਂ ਉਸ ਨੂੰ ਮੁੜ ਖੜ੍ਹਾ ਕਰਨ ਲਈ ਬਹੁਤ ਲੰਮੇ ਅਮਲ ਵਿਚੋਂ ਗੁਜ਼ਰਨਾ ਪੈਂਦਾ ਹੈ। ਇਸ ਲਈ ਕਾਹਲੀ ਤੋਂ ਨਹੀਂ, ਤਹੱਮਲ ਤੋਂ ਕੰਮ ਲਿਆ ਜਾਵੇ। ਦੂਜੀ ਇਹ ਦੱਸੀ ਕਿ ਜਿਸ ਰਾਹ ਤੁਰਨਾ ਹੈ ਤਾਂ ਸਿਰ ‘ਤੇ ਖੱਫਣ ਬੰਨ੍ਹ ਕੇ ਤੁਰੋ। ਜੇ ਇੱਕ ਵਾਰੀ ਤੁਰ ਪਏ ਤਾਂ ਪਿਛੇ ਹਟਣ, ਡਰਨ ਜਾਂ ਝੁਕਣ ਦਾ ਸੁਆਲ ਵੀ ਪੈਦਾ ਨਹੀਂ ਹੋਣਾ ਚਾਹੀਦਾ।
ਬੇਨਤੀ ਇਹ ਹੈ ਕਿ ਜੇ ਤੁਸੀਂ ਪੰਜਾਬ ਅਤੇ ਪੰਥ ਲਈ ਫਿਕਰਮੰਦ ਹੋ ਅਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਆਪਣੀ ਕੋਈ ਦਿਸ਼ਾ ਬਣਾਓ ਅਤੇ ਫਿਰ ਉਸੇ ਦਿਸ਼ਾ ਵਿਚ ਆਪਣੇ ਅੰਦਰ ਕਲਾ ਪੈਦਾ ਕਰਨ ਲਈ ਸਾਰਾ ਕੁਝ ਝੋਕ ਦਿਓ। ਜੋ ਵੀ ਕੰਮ ਕਰੋ, ਸਿਰੇ ਦਾ ਹੀ ਕਰੋ। ਕੰਮ ਸਾਰੇ ਹੀ ਇੱਕੋ ਜਿਹੇ ਹਨ, ਕੋਈ ਊਚ ਨੀਚ ਨਹੀਂ, ਪਰ ਸਭ ਪਾਸੇ ਨਾ ਭੱਜੋ। ਆਪਣੀ ਦਿਸ਼ਾ ਨਿਰਧਾਰਤ ਕਰੋ।
ਜੇ ਤੁਹਾਨੂੰ ਫਿਲਮਾਂ ਬਣਾਉਣ ਦਾ ਸ਼ੌਕ ਹੈ ਤਾਂ ਫਿਲਮ ਬਣਾਉਣ ਤੋਂ ਪਹਿਲਾਂ ਘੱਟੋ ਘੱਟ ਪੰਜ-ਦਸ ਸਾਲ ਉਸ ਕੰਮ ਨੂੰ ਸਿੱਖਣ ਵਿਚ ਲਾਓ। ਫਿਰ ਅਜਿਹੀ ਫਿਲਮ ਬਣਾਓ ਕਿ ਵੇਖਣ ਵਾਲੇ ਦੇ ਤਾਰ ਅੰਦਰੋਂ ਬਾਹਰੋਂ ਹਿੱਲ ਜਾਣ। ਜੇ ਕਿਤਾਬਾਂ ਲਿਖਣ ਦਾ ਸ਼ੌਕ ਹੈ ਤਾਂ ਪਹਿਲਾਂ ਨਿੱਠ ਕੇ ਪੜ੍ਹੋ। ਜੇ ਗਾਉਣ ਦਾ ਸ਼ੌਕ ਹੈ ਤਾਂ ਗਾਉਣਾ ਸਿੱਖੋ। ਜੇ ਪੱਤਰਕਾਰੀ ਕਰਨੀ ਹੈ ਤਾਂ ਪੱਤਰਕਾਰੀ ਦੀ ਕਲਾ ਸਿੱਖੋ।
ਮੀਡੀਏ ਵਿਚ ਸਿੱਖ ਵਿਰੋਧੀ ਬਿਰਤਾਂਤ ਦਹਾਕਿਆਂ ਤੋਂ ਆ ਰਹੇ ਹਨ ਅਤੇ ਹੋਰ ਵੀ ਆਉਣੇ ਹਨ। ਇਨ੍ਹਾਂ ਦਾ ਵਿਰੋਧ ਕਰਨਾ ਬਹੁਤ ਵਧੀਆ ਗੱਲ ਹੈ। ਵੱਧ ਤੋਂ ਵੱਧ ਕਰਨਾ ਚਾਹੀਦਾ ਹੈ, ਪਰ ਇਕੱਲੇ ਵਿਰੋਧ ਨਾਲ ਗੱਲ ਨਹੀਂ ਬਣਨੀ। ਸਾਨੂੰ ਆਪਣਾ ਬਿਰਤਾਂਤ ਵੀ ਸਿਰਜਣਾ ਪੈਣਾ ਹੈ, ਪਰ ਬੇਨਤੀ ਹੈ ਕਿ ਕੱਚੇ ਪਿੱਲੇ ਬਿਰਤਾਂਤ ਨਾ ਸਿਰਜੋ। ਜੇ ਕੋਈ ਕੰਮ ਕਰਨਾ ਹੈ ਤਾਂ ਸਿਰੇ ਦਾ ਕਰੋ। ਉਸ ਨੂੰ ਪਹਿਲਾਂ ਸਿੱਖੋ। ਇਸ ਕੰਮ ਵਿਚ ਸਭ ਤੋਂ ਵੱਡਾ ਅੜਿੱਕਾ ਇਹ ਹੁੰਦੈ ਕਿ ਬੰਦੇ ਨੂੰ ਆਪਣੀ ਆਰਥਕ ਸੁਰੱਖਿਆ ਦਾਅ ‘ਤੇ ਲਾਉਣੀ ਪੈਂਦੀ ਹੈ, ਪਰ ਜੇ ਤੁਸੀਂ ਕੋਈ ਨਿੱਗਰ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਏਨਾ ਕੁ ਤਾਂ ਕਰਨਾ ਹੀ ਪੈਣਾ ਹੈ।
ਭੁੱਲ ਚੁੱਕ ਮਾਫ।