ਸਫਰ ਦਾ ਸੰਦੇਸ਼ਨਾਮਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਉਨ੍ਹਾਂ ਖੁਦ ਤੋਂ ਖੁਦ ਤੀਕ ਦੀ ਦੂਰੀ ਨੂੰ ਖਤਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਸੀ, “ਸਮਾਜ ਵਿਚ ਬਹੁਤ ਸਾਰੇ ਮਸਲਿਆਂ ਦੀ ਜੜ੍ਹ ਇਹ ਦੂਰੀਆਂ ਹੀ ਹਨ।

ਦੂਰੀਆਂ ਕਾਰਨ ਹੀ ਮਨੁੱਖੀ ਸੋਚ ਵਿਚੋਂ ਹੈਂਕੜ, ਰੁਤਬੇ, ਹੰਕਾਰ ਜਿਹੀਆਂ ਅਲਾਮਤਾਂ ਜਨਮ ਲੈਂਦੀਆਂ; ਪਰ ਬਹੁਤੀ ਵਾਰ ਇਨ੍ਹਾਂ ਨੂੰ ਘਟਾਉਣ ਵਿਚੋਂ ਹੀ ਨਵੀਂ ਕਿਰਨ ਜੀਵਨ ਦੀਆਂ ਹਨੇਰੀਆਂ ਕੰਦਕਾਂ ਨੂੰ ਰੁਸ਼ਨਾ ਸਕਦੀ ਹੈ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਫਰ-ਏ-ਜ਼ਿੰਦਗੀ ਦੀ ਬਾਤ ਛੋਹੀ ਹੈ ਕਿ ਸਫਰ ਉਹ ਹੀ ਸੁਹੰਢਣਾ ਹੁੰਦੈ, ਜਿਸ ਵਿਚ ਸੂਰਜੀ ਸੋਚ ਨੂੰ ਪਛਾਣ ਮਿਲਦੀ, ਜਦ ਹਰਫਾਂ ਵਿਚ ਦੀਵਿਆਂ ਦੀ ਡਾਰ ਬਿਰਾਜਮਾਨ ਹੁੰਦੀ। ਉਨ੍ਹਾਂ ਦੀ ਨਸੀਹਤ ਹੈ, “ਹੁਸੀਨ ਸਫਰ ਦੇ ਹਰ ਪਲ ਨੂੰ ਜ਼ਿੰਦਾਦਿਲੀ ਨਾਲ ਇੰਜ ਜੀਓ, ਜਿਵੇਂ ਇਹ ਹੀ ਪਹਿਲਾਂ ਅਤੇ ਆਖਰੀ ਪਲ ਹੋਵੇ। ਇਸ ਦੀ ਰੰਗ-ਬਿਰੰਗਤਾ ਨੂੰ ਮਾਣੋ…ਕਿਉਂਕਿ ਸਫਰ, ਸਫਲਤਾ ਦਾ ਪੈਗਾਮ; ਪੈਰਾਂ ਦੀਆਂ ਤਲੀਆਂ ਨੂੰ ਮੰਜ਼ਿਲ ਮਿਲਣ ਦਾ ਇਲਹਾਮ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸਫਰ, ਸੋਚ ਵਿਚ ਸੂਹੇ ਸੂਰਜਾਂ ਦਾ ਉਗਣਾ। ਸਿਰੜ ਦੇ ਮੱਥੇ ‘ਤੇ ਨਵੀਆਂ ਪ੍ਰਾਪਤੀਆਂ ਦੇ ਸ਼ਿਲਾਲੇਖ ਉਕਰਨਾ, ਸੁਪਨੇ ਦੀ ਖੁੱਲ੍ਹਦੀ ਅੱਖ ਵਿਚ ਉਗ ਰਹੀ ਚਾਨਣੀ ਅਤੇ ਮੰਜ਼ਿਲ ਦੇ ਨਾਂਵੇਂ ਸੁਰਖ ਸਿਰਨਾਵਿਆਂ ਦੀ ਤਖਤੀ ਦਾ ਲਟਕਣਾ।
ਸਫਰ, ਜ਼ਿੰਦ ਦੀ ਤਲੀ ‘ਤੇ ਨਵੇਂ ਖੁਮਾਰਾਂ ਦੀ ਮਹਿੰਦੀ, ਨਵੇਂ ਰਾਹਾਂ ‘ਤੇ ਤੁਰਨ ਦੀ ਪ੍ਰੇਰਨਾ ਅਤੇ ਤਕਦੀਰਾਂ ਨੂੰ ਨਵੀਆਂ ਤਰਜ਼ੀਹਾਂ ਦਾ ਸਾਥ ਮਿਲਣਾ। ਸਫਰ, ਘਰ ਦੇ ਬਨੇਰਿਆਂ ‘ਤੇ ਉਤਰ ਰਹੀ ਧੁੱਪ ਦਾ ਵਿਹੜੇ ਨੂੰ ਚਮਕਾਉਣਾ, ਹਵਾਵਾਂ ਨੂੰ ਮਨ-ਬਗੀਚੀ ਵਿਚ ਲਹਿਰਾਉਣਾ ਅਤੇ ਪਾਣੀ ਤੇ ਤੇਲ ਸੰਗ ਘਰ ਦੇ ਦਰਾਂ ਨੂੰ ਭਿਉਣਾ।
ਸਫਰ, ਰਾਤ ਦੇ ਮੱਥੇ ‘ਤੇ ਸਰਘੀ ਦੀ ਭਾਹ, ਉਮੰਗਾਂ ਦੇ ਸੀਨੇ ‘ਚ ਪਨਪ ਰਿਹਾ ਉਮਾਹ, ਗੰਧਲੇ ਪਾਣੀਆਂ ਨੂੰ ਪਾਕੀਜ਼ਗੀ ਦੀ ਸਲਾਹ ਅਤੇ ਸੁਗੰਧ ਦਾ ਸਾਹਾਂ ਨੂੰ ਬੁੱਕਲ ਵਿਚ ਲੈਣ ਦਾ ਚਾਅ। ਸਫਰ, ਬਹੁਤ ਕਿਸਮਾਂ ਦਾ। ਬਹੁਤ ਪਰਤਾਂ ਨੇ ਹਰ ਸਫਰ ਦੀਆਂ ਅਤੇ ਹਰ ਪਰਤ ਦਾ ਆਪਣਾ ਰੰਗ, ਸੁਭਾਅ, ਤਰਬੀਅਤ, ਤਰਜ਼ੀਹ ਅਤੇ ਤਕਦੀਰ।
ਸਫਰ, ਕਦੇ ਸਾਹਾਂ ਦਾ, ਕਦੇ ਆਹਾਂ ਦਾ। ਕਦੇ ਪੈਰਾਂ ਦਾ, ਕਦੇ ਪੈੜਾਂ ਦਾ। ਕਦੇ ਹੰਭੇ-ਹਾਰਿਆਂ ਦਾ, ਕਦੇ ਕਰਮਾਂ ਮਾਰਿਆਂ ਦਾ। ਕਦੇ ਝੁੱਗੀ ਦਾ ਮਹਿਲ ਬਣਨ ਲਈ ਅਹੁਲਣਾ, ਕਦੇ ਗੁੰਮ ਚੁੱਪ ਦਾ ਮਨ-ਬੀਹੀ ਵਿਚ ਬੋਲਣਾ। ਕਦੇ ਅਰਥਹੀਣ ਸ਼ਬਦਾਂ ਵਿਚ ਅਰਥਾਂ ਨੂੰ ਮਿਲਣ ਵਾਲੀ ਪਨਾਹ, ਕਦੇ ਖਾਲੀ ਸਫਿਆਂ ਨੂੰ ਅੱਖਰਾਂ ਨਾਲ ਭਰੇ ਜਾਣ ਦਾ ਚਾਅ। ਕਦੇ ਬੋਲ-ਹੁੰਗਾਰਿਆਂ ਵਿਚਲੀ ਚੁੱਪ ਦਾ ਘੂਰ ਬਣਨਾ, ਕਦੇ ਸੁੰਨ ਸਮਾਧੀ ਵਿਚ ਮਨ ਦਾ ਚੰਦੋਆ ਤਣਨਾ। ਕਦੇ ਆਪਣੇ ਤੋਂ ਦੂਰ ਜਾਣ ਦੀ ਤਮੰਨਾ, ਕਦੇ ਦੂਰ ਜਾਂਦੀਆਂ ਪੈੜਾਂ ਨੂੰ ਵਾਪਸ ਪਰਤਣ ਦਾ ਸੁਝਾਅ। ਕਦੇ ਬੰਦੇ ਦਾ ਬਣ ਬੈਠਣਾ ਖੁਦਾ।
ਸਫਰ ਕਦੇ ਸੁਖਾਵਾਂ, ਕਦੇ ਪੀੜਾਂ ਮੱਲਿਆ ਰਾਹ। ਕਦੇ ਰਾਹਾਂ ‘ਤੇ ਤੁਰਨਾ, ਕਦੇ ਪੱਗਡੰਡੀਆਂ ਨੂੰ ਰਾਹ ਬਣਾਉਣ ਦਾ ਸ਼ੁਦਾਅ। ਕਦੇ ਪੈਰ ਧਰਨ ਤੋਂ ਤੋਬਾ, ਕਦੇ ਪੈੜਾਂ ਸਿਰਜਣ ਦੀ ਲੋਚਾ। ਕਦੇ ਰਾਹ ਦੀਆਂ ਮੁਸੀਬਤਾਂ ਨੂੰ ਹਰਾਉਣ ਦਾ ਹੱਠ ਅਤੇ ਕਦੇ ਸਾਹਾਂ-ਸਾਰੰਗੀ ਵਿਚ ਉਗਿਆ ਤਪ। ਕਦੇ ਪੱਧਰੇ ਰਾਹਾਂ ਦਾ ਸਾਥ, ਕਦੇ ਉਗੜ-ਦੁੱਗੜੇ ਰਾਹਾਂ ਦੀ ਨਿਸ਼ਾਨਦੇਹੀ। ਕਦੇ ਪਥਰੀਲਾ ਪੰਧ, ਕਦੇ ਧੁੰਦ ਵਿਚ ਲਿਪਟੇ ਜਾਣ ਦਾ ਤਹੱਈਆ। ਕਦੇ ਰਾਹਾਂ ਵਿਚ ਉਗੀਆਂ ਸੂਲਾਂ, ਕਦੇ ਪੱਬਾਂ ਹੇਠ ਫੁੱਲਾਂ ਦੀ ਵਿਛਾਈ। ਕਦੇ ਹਮਜੋਲਤਾ ਦੀ ਲਾਪ੍ਰਵਾਹੀ ਅਤੇ ਕਦੇ ਜੀਵਨ-ਰਾਹਾਂ ਦੀ ਤਨਹਾਈ। ਕਦੇ ਤੁਰਨ ਦਾ ਕਿਰਿਆ ਹੋਇਆ ਜੇਰਾ, ਕਦੇ ਪੈਰਾਂ ਵਿਚ ਉਗਦੇ ਸਫਰ ਨੂੰ ਸਲਾਮ।
ਸਫਰ, ਸਫਲਤਾ ਦਾ ਪੈਗਾਮ। ਪੈਰਾਂ ਦੀਆਂ ਤਲੀਆਂ ਨੂੰ ਮੰਜ਼ਿਲ ਮਿਲਣ ਦਾ ਇਲਹਾਮ। ਭੁੱਲੇ ਵਿਸਰੇ ਰਾਹਾਂ ਦਾ ਫਿਰ ਤੋਂ ਗਿਆਨ ਅਤੇ ਬਿਖਰੇ ਮਨ ਦਾ ਕੇਂਦ੍ਰਿਤ ਹੋਇਆ ਧਿਆਨ।
ਸਫਰ, ਕਦੇ ਰਿਸ਼ਤਿਆਂ ਦੀ ਉਧੇੜ-ਬੁਣ, ਕਦੇ ਸਬੰਧ-ਤ੍ਰੇੜ ਦੀ ਤਰਪਾਈ। ਕਦੇ ਨਵੀਆਂ ਸਕੀਰੀਆਂ ਨੂੰ ਗਲਵੱਕੜੀ, ਕਦੇ ਆਪਣਿਆਂ ਤੋਂ ਦੂਰ ਹੋਣ ਦੀ ਮਜ਼ਬੂਰੀ। ਕਦੇ ਸਮਾਜਕ ਦਾਇਰਿਆਂ ਦੀ ਮਜ਼ਬੂਤੀ, ਕਦੇ ਸਮਾਜਕ ਮਾਨਤਾਵਾਂ ਤੋਂ ਇਨਕਾਰ। ਕਦੇ ਕਦਰਾਂ-ਕੀਮਤਾਂ ਦਾ ਰੂਹੇ-ਅੰਦਾਜ਼, ਕਦੇ ਕਦਰਾਂ ਕੀਮਤਾਂ ਦਾ ਤਿੱੜਕਣ-ਰਿਆਜ਼। ਕਦੇ ਘਰ ਦਾ ਮਕਾਨ ਬਣਨ ਲਈ ਕਦਮ ਉਠਾਉਣਾ ਅਤੇ ਕਦੇ ਮਕਾਨ ਵਿਚੋਂ ਘਰ ਦਾ ਮੁਹਾਂਦਰਾ ਨਿਹਾਰਨਾ। ਕਦੇ ਕਮਰਿਆਂ ਲਈ ਕੰਧਾਂ ਦੀ ਤਾਮੀਰਦਾਰੀ, ਕਦੇ ਕਮਰਿਆਂ ਨੂੰ ਖੋਲੇ ਬਣਾਉਣ ਦੀ ਤਿਆਰੀ। ਕਦੇ ਕੁੱਲੀ ਨੂੰ ਕੋਠੀ ਬਣਾਉਣ ਦਾ ਸੁਪਨਾ ਅਤੇ ਕਦੇ ਕੋਠੀ ਦੀ ਘੁੱਟਵੀਂ ਫਿਜ਼ਾ ਵਿਚੋਂ ਨਿਕਲ ਕੇ ਤਾਜੇ ਸਾਹ ਲੈਣ ਦੀ ਤਾਂਘ।
ਸਫਰ, ਕਿਸੇ ਲਈ ਸਮੁੱਚਾ ਜੀਵਨ ਜਿਉਣ ਦਾ ਹਰਫਨਾਮਾ, ਕਦੇ ਆਪਣੇ ਹਿੱਸੇ ਦੀ ਜਿੰ.ਦਗੀ ਨੂੰ ਜਿਉਣ ਦਾ ਹਲਫਨਾਮਾ। ਕਦੇ ਕਿਸੇ ਦੇ ਜੀਵਨ ਵਿਚ ਖਲਲ ਬਣਾਉਣ ਵਾਲੀ ਸੋਚ ਅਤੇ ਕਦੇ ਦੂਜਿਆਂ ਦੇ ਜੀਵਨ ਨੂੰ ਸੁਖਨ-ਬਖਸ਼ਣ ਵਾਲੀ ਲੋਚ। ਕਦੇ ਜੀਵਨ ਦੀਆਂ ਧਾਰਨਾਵਾਂ ਨੂੰ ਧਰਮ, ਦਯਾ, ਦਿੱਬ-ਦ੍ਰਿਸ਼ਟੀ ਦਾ ਨਿਸ਼ਾਨਾ ਮਿਥਣ ਦਾ ਹੀਆ, ਕਦੇ ਧਰਮ ਰਾਹੀਂ ਅਧਰਮਤਾ ਫੈਲਾਉਣ ਵਾਲਾ ਕੋਹਝ।
ਸਫਰ ਦਾ ਮੁਹਾਂਦਰਾ ਕਿਹੋ ਜਿਹਾ ਹੈ? ਰੂਪ-ਰੇਖਾ ਕੀ ਹੈ? ਕੀ ਨੇ ਸਰੋਕਾਰ ਅਤੇ ਕੀ ਨੇ ਇਸ ਦੀਆਂ ਤਰਜ਼ੀਹਾਂ? ਕਿਹੜੀਆਂ ਤਦਬੀਰਾਂ ਨੇ? ਸਫਰ-ਸਿਰਜਣਾ ਨੂੰ ਅੰਜਾਮ ਦੇਣਾ ਹੀ ਨਿਸ਼ਚਿਤ ਕਰਦਾ ਹੈ-ਸਫਰ ਦੀ ਸਮੁੱਚਤਾ, ਸੁੰਦਰਤਾ, ਸਦੀਵਤਾ ਅਤੇ ਸਾਰਥਕਤਾ ਦਾ ਸੰਦੇਸ਼। ਸਫਰ, ਸਮਿਆਂ ਦਾ ਵੀ ਹੁੰਦਾ ਅਤੇ ਸਾਹਾਂ ਦਾ ਵੀ। ਸ਼ਬਦਾਂ ਦਾ ਵੀ ਅਤੇ ਅਰਥਾਂ ਦਾ ਵੀ। ਸਦਭਾਵਨਾ, ਸਹਿਯੋਗਤਾ ਅਤੇ ਸ਼ਾਂਤੀ ਦਾ ਵੀ। ਸੁਗਮ-ਸੰਦੇਸ਼, ਸਾਰਥਕ-ਸੁਨੇਹਾ ਅਤੇ ਉਪਕਾਰੀ ਉਪਦੇਸ਼ ਦਾ ਵੀ ਹੁੰਦਾ।
ਸਫਰ ਕੋਹਝ ਦਾ ਵੀ ਤੇ ਸੁਹਜ ਦਾ ਵੀ। ਦੁੱਖ ਦਾ ਵੀ ਤੇ ਸੁਖ ਦਾ ਵੀ। ਹਾਰ ਦਾ ਵੀ ਤੇ ਜਿੱਤ ਦਾ ਵੀ। ਜਸ਼ਨ ਦਾ ਵੀ ਤੇ ਸੋਗ ਦਾ ਵੀ। ਮਿਲਾਪ ਦਾ ਵੀ ਤੇ ਵਿਛੋੜੇ ਦਾ ਵੀ। ਇਕੱਲ ਦਾ ਵੀ ਤੇ ਸੰਗਤਾਂ ਦਾ ਵੀ। ਸੰਜੋਗਾਂ ਦਾ ਵੀ ਤੇ ਵਿਜੋਗਾਂ ਦਾ ਵੀ। ਸਨਮਾਨ ਦਾ ਵੀ ਤੇ ਅਪਮਾਨ ਦਾ ਵੀ। ਹਿਰਖ-ਸੋਗ ਦਾ ਵੀ ਤੇ ਹਾਸੇ-ਠੱਠੇ ਦਾ ਵੀ। ਸਫਰ ਦੀ ਵਿਭਿੰਨਤਾ ਵਿਚੋਂ ਹੀ ਜੀਵਨ ਦੀ ਸਤਰੰਗੀ ਨੂੰ ਪਰਿਭਾਸ਼ਤ ਅਤੇ ਵਿਸਥਾਰਤ ਕੀਤਾ ਜਾ ਸਕਦਾ। ਇਕਸਾਰਤਾ, ਜ਼ਿੰਦਗੀ ਨਹੀਂ ਹੁੰਦੀ। ਰੰਗ-ਬਿਰੰਗਤਾ ਵਿਚੋਂ ਹੀ ਜੀਵਨੀ ਰੰਗਤਾ ਦਾ ਅਹਿਸਾਸ ਹੁੰਦਾ। ਅੱਕ ਜਾਂਦੀ ਇਕਪਾਸੜ ਜ਼ਿੰਦਗੀ ਅਤੇ ਚਾਹੁੰਦੀ ਏ ਕਿ ਹਰ ਦਿਨ, ਹਰ ਪਲ ਕੁਝ ਨਵਾਂ ਨਕੋਰ ਵਾਪਰੇ, ਜੋ ਜੀਵਨ ਨੂੰ ਹੋਰ ਚੰਗੇਰਾ ਤੇ ਭਰਪੂਰ ਬਣਾਉਣ ਵਿਚ ਯੋਗਦਾਨ ਪਾਵੇ।
ਸਫਰ ਦੀਆਂ ਆਪਣੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਕਾਰਨ ਇਸ ਦੀਆਂ ਵੱਖਰੀਆਂ ਵੱਖਰੀਆਂ ਤਕਲੀਫਾਂ, ਘਾਲਣਾਵਾਂ ਅਤੇ ਕਠਿਨ ਪ੍ਰਸਥਿਤੀਆਂ ਹੁੰਦੀਆਂ। ਇਨ੍ਹਾਂ ਨੂੰ ਸਮਝਣਾ ਅਤੇ ਸੁਲਝਾਉਣਾ ਬੰਦੇ ਦੀ ਮਾਨਸਿਕ ਤੇ ਸਰੀਰਕ ਤਾਕਤ ‘ਤੇ ਨਿਰਭਰ।
ਸਫਰ ਤਾਂ ਕਈ ਵਾਰ ਜੜ੍ਹੋਂ ਉਖੜ ਕੇ ਫਿਰ ਤੋਂ ਜਿਉਣ-ਆਗਾਜ਼। ਤਿਲ੍ਹਕ ਕੇ ਮੁੜ ਤੋਂ ਸੰਭਲਣ ਅਤੇ ਸਫਰ ਜਾਰੀ ਰੱਖਣ ਦਾ ਅੰਦਾਜ਼। ਡਿੱਗ ਕੇ ਉਠਣ ਅਤੇ ਪੈਰਾਂ ਦੇ ਨਾਂਵੇਂ ਸਫਰ ਵਿਚ ਰਹਿਣ ਦਾ ਜੋਖਮ-ਜਰੀਆ। ਤਿੜਕੇ ਸੁਪਨਿਆਂ ਦੇ ਦੀਦਿਆਂ ਵਿਚ ਮੁੜ ਤੋਂ ਲਿਸ਼ਕ ਪੈਦਾ ਕਰਨਾ ਵੀ ਹੁੰਦਾ ਅਤੇ ਜਿਉਣ ਦੇ ਅਧਮੋਏ ਚਾਅ ਨੂੰ ਜ਼ਿੰਦਗੀ ਦੇ ਹਰ ਰੰਗ ਦਾ ਮਾਣਨ-ਮੇਲਾ ਹੁੰਦਾ।
ਸਫਰ ਤਾਂ ਉਹ ਵੀ ਹੁੰਦਾ, ਜਦ ਅਸੀਂ ਆਪਣੇ ਪਿਆਰਿਆਂ ਨੂੰ ਕਬਰ ਦੇ ਹਵਾਲੇ ਕਰਦੇ ਜਾਂ ਸਿਵਾ ਸੇਕਦੇ, ਸਾਹਾਂ ਵਿਚ ਸਿਸਕੀਆਂ ਅਤੇ ਮੁੱਖ ‘ਤੇ ਹੰਝੂਆਂ ਦੀਆਂ ਘਰਾਲਾਂ ਨਾਲ ਬੀਤੇ ਪਲਾਂ ਨੂੰ ਯਾਦ ਕਰਦੇ। ਉਨ੍ਹਾਂ ਦੇ ਨਾ-ਪਰਤਣ ਦਾ ਸੋਚ ਕੇ ਹੀ ਸੁੰਨਸਾਨ ਹੋ ਜਾਂਦੇ ਹਾਂ। ਇਹ ਸਫਰ ਸਦੀਆਂ ਜਿਹਾ ਲੱਗਦਾ, ਕਿਉਂਕਿ ਬਹੁਤ ਹੀ ਔਖਾ ਹੁੰਦਾ, ਜਦ ਕਿਸੇ ਨੂੰ ਸਦੀਵੀ ਅਲਵਿਦਾ ਕਹਿ ਕੇ ਪਰਤਦੇ ਹੋ, ਜਿਸ ਨੇ ਕਦੇ ਵੀ ਵਾਪਸ ਨਹੀਂ ਪਰਤਣਾ ਹੁੰਦਾ। ਆਪਣਿਆਂ ਦਾ ਸਿਵਾ ਸੇਕਣ ਜਾਂ ਕਬਰ ਦੇ ਹਵਾਲੇ ਕਰ, ਖਾਲੀ ਹੱਥ ਘਰਾਂ ਨੂੰ ਪਰਤਣਾ ਅਤੇ ਘਰ ਦੇ ਖਲਾਅ ਨੂੰ ਮੁਖਾਤਬ ਹੋਣਾ ਹੋਰ ਵੀ ਮੁਹਾਲ ਹੁੰਦਾ। ਹੱਥੀਂ ਤੋਰ ਕੇ ਆਪਣਿਆਂ ਨੂੰ ਅਤੇ ਪੱਲੇ ਵਿਚ ਬੰਨ ਕੇ ਹੰਝੂ, ਹੰਝੂ ਬਣ ਕੇ ਜਿਉਣਾ ਪੈਂਦਾ।
ਸਫਰ ਤਾਂ ਸਾਹਾਂ ਦਾ ਆਣ-ਜਾਣ ਵੀ ਹੁੰਦਾ, ਜਿਸ ਵਿਚ ਬਹੁਤ ਕੁਝ ਚਾਹਿਆ ਅਤੇ ਅਣਚਾਹਿਆ ਵਰਤਦਾ। ਕਈ ਹੋਣੀਆਂ-ਅਣਹੋਣੀਆਂ ਨੂੰ ਪਿੰਡੇ ‘ਤੇ ਹੰਢਾਉਣਾ ਪੈਂਦਾ। ਕਈ ਕਿਆਮਤਾਂ ਅਤੇ ਨਿਆਮਤਾਂ ਦੀ ਸੰਗਤਾ ਮਿਲਦੀ ਅਤੇ ਸੁਖਮ-ਸੋਚਾਂ ਨੂੰ ਅੰਗਦੀ, ਡੰਗਦੀ ਅਤੇ ਰੰਗਦੀ।
ਸਫਰ ਤਾਂ ਹੁੰਦਾ ਏ ਸਰਘ-ਸਵੇਰਿਆਂ ਦਾ, ਅਰਘ-ਬਨੇਰਿਆਂ ਦਾ, ਬੇਨੂਰ ਰਾਤਾਂ ਦਾ, ਚਾਨਣ ਅੰਗੀਆਂ ਪ੍ਰਭਾਤਾਂ ਦਾ, ਅਸਹਿ ਹੋ ਗਈਆਂ ਹਾਲਤਾਂ ਦਾ, ਝੋਲੀ ਵਿਚ ਪਈਆਂ ਸੁਗਾਤਾਂ ਦਾ ਅਤੇ ਆਪਣਿਆਂ ਨੇ ਮਨਫੀ ਕੀਤੀਆਂ ਕਰਾਮਾਤਾਂ ਦਾ।
ਸਫਰ ਦੇ ਪੈਂਡੇ ਬੜੇ ਬਿਖੜੇ। ਤੋਰ ਵਿਚ ਕਦੇ ਪੈ ਜਾਂਦੀ ਝੋਲ ਤਾਂ ਸਫਰ ਵੀ ਜਾਂਦਾ ਡੋਲ। ਕਦੇ ਅੱਖਾਂ ਵਿਚ ਪੈਦਾ ਹੁੰਦਾ ਧੁੰਦਲਕਾ ਤਾਂ ਰਾਹਾਂ ਦੀ ਨਿਸ਼ਾਨਦੇਹੀ ਬਹੁਤ ਔਖੀ ਹੁੰਦੀ; ਪਰ ਰਾਹੀ ਕਦੋਂ ਟਿਕ ਕੇ ਬਹਿੰਦੇ, ਜਿਨ੍ਹਾਂ ਦੇ ਪੈਰੀਂ ਸਫਰ ਹੁੰਦੇ। ਉਹ ਤਾਂ ਕੰਡਿਆਂ ‘ਤੇ ਵੀ ਤੁਰਦੇ। ਖੱਡੇ-ਖਾਈਆਂ, ਟੋਏ-ਟਿੱਬੇ, ਜੰਗਲ-ਬੇਲੇ ਜਾਂ ਪਰਬਤ-ਅਰੋਹੀਆਂ, ਰੱਕੜ-ਮਾਰੂਥਲ, ਝੱਖੜ-ਝੇੜੇ, ਮੀਂਹ-ਹਨੇਰੀ ਜਾਂ ਝੰਭ-ਚੋਅ ਕੋਈ ਰੁਕਾਵਟ ਨਹੀਂ ਹੁੰਦੇ। ਉਹ ਅਮਰੂ ਨਿਥਾਵੇਂ ਤੋਂ ਗੁਰੂ ਅਮਰ ਦਾਸ ਦੇ ਸਫਰ-ਸਿਰਜਾਣਹਾਰੇ ਹੁੰਦੇ। ਉਹ ਪਾਤਸ਼ਾਹ ਹੁੰਦੇ, ਜਿਨ੍ਹਾਂ ਨੂੰ ਬਾਦਸ਼ਾਹ ਵੀ ਸਲਾਮਾਂ ਕਰਦੇ।
ਸਫਰ ਇਸ ਲਈ ਅਹਿਮ ਹੁੰਦਾ ਕਿ ਸਫਰ ਵਿਚੋਂ ਕਿਹੜੇ ਸੁਨੇਹਿਆਂ ਨੂੰ ਸਰਜ਼ਮੀਂ ਮਿਲੀ, ਕਿਹੜੇ ਤਾਰਿਆਂ ਦੀ ਦੱਸ ਪਈ, ਕਿਹੜੇ ਅੰਬਰ ਨੂੰ ਕਲਾਵੇ ਵਿਚ ਲਿਆ ਜਾਂ ਕਿਹੜੇ ਦਿਸਹੱਦਿਆਂ ਤੀਕ ਪਹੁੰਚਣ ਦਾ ਦਾਈਆ ਕੀਤਾ।
ਸਫਰ ਉਹ ਹੀ ਸੁਹੰਢਣਾ ਹੁੰਦਾ, ਜਿਸ ਵਿਚ ਸੂਰਜੀ ਸੋਚ ਨੂੰ ਪਛਾਣ ਮਿਲਦੀ, ਜਦ ਹਰਫਾਂ ਵਿਚ ਦੀਵਿਆਂ ਦੀ ਡਾਰ ਬਿਰਾਜਮਾਨ ਹੁੰਦੀ। ਜਿਸ ਵਿਚ ਅਜਿਹੇ ਲੋਕਾਂ ਦੀ ਭੀੜ ਹੁੰਦੀ, ਜੋ ‘ਕੱਲਾ ‘ਕੱਲਾ ਕਾਫਲਿਆਂ ਦਾ ਨਾਮਕਰਨ ਹੁੰਦੇ, ਜਿਨ੍ਹਾਂ ਦੇ ਇਕ ਬੋਲ ਵਿਚੋਂ ਹੀ ਬਹੁ-ਪਰਤੀ ਮੰਤਵਾਂ ਨੂੰ ਮਕਸਦ ਮਿਲਦਾ, ਜਿਨ੍ਹਾਂ ਦੀ ਆਧਾਰਸ਼ਿਲਾ ‘ਤੇ ਨਵੇਂ ਕੀਰਤੀਮਾਨਾਂ ਨੂੰ ਮਾਣਮੱਤਾ ਅਹਿਸਾਸ ਹੁੰਦਾ।
ਸਫਰ ਅਕੀਦਤਯੋਗ ਹੁੰਦੇ, ਜਿਨ੍ਹਾਂ ਨੂੰ ਅਸੀਂ ਪੂਜਦੇ ਅਤੇ ਜਿਨ੍ਹਾਂ ‘ਤੇ ਤੁਰਨ ਦੀ ਤਾਂਘ ਮਨ ਵਿਚ ਪੈਦਾ ਹੁੰਦੀ। ਮਹਾਨ ਵਿਅਕਤੀਆਂ ਦੀਆਂ ਪੈੜਾਂ ਵਿਚ ਤੁਰਨ ਅਤੇ ਫਿਰ ਕੁਝ ਅਲੱਗ ਸਿਰਜਣ ਦਾ ਵਿਸ਼ਵਾਸ ਤੇ ਆਸ, ਅਸੀਂ ਉਨ੍ਹਾਂ ਦੇ ਪੈੜ-ਸਿਰਨਾਵਿਆਂ ਤੋਂ ਹੀ ਸਿੱਖਦੇ ਹਾਂ। ਇਸੇ ਲਈ ਉਨ੍ਹਾਂ ਦੀਆਂ ਫੋਟੋਆਂ, ਅੱਖਰ-ਬੋਧ, ਪੈਗਾਮ ਅਤੇ ਕਲਾ-ਕਿਰਤਾਂ ਨੂੰ ਆਪਣੇ ਕਮਰਿਆਂ ਵਿਚ ਸਜਾਉਂਦੇ ਹਾਂ।
ਸਫਰ, ਸੁਪਨੇ ਤੋਂ ਸਮਰਪਣ, ਸਾਧਨਾ, ਸਿਰੜ ਅਤੇ ਸਫਲਤਾ ਵੰਨੀਂ ਜਾਂਦਾ ਤਾਂ ਸਫਰ ਦੇ ਸਿਰ ‘ਤੇ ਸਫਲਤਾਵਾਂ ਦਾ ਤਾਜ ਸਜਦਾ। ਚੰਗਾ ਲੱਗਦਾ ਸਫਰ ਨੂੰ ਆਪਣਾ ਸਫਰ ਕਹਿਣਾ, ਇਸ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਅਤੇ ਇਸ ‘ਚੋਂ ਨਵੇ ਸੋਚ-ਪੁੰਗਾਰਿਆਂ ਨੂੰ ਫੁੱਟਣ, ਮੌਲਣ ਅਤੇ ਸੋਚ-ਸ਼ਾਖਾਵਾਂ ਨੂੰ ਮਨ-ਮਸਤਕ ਵਿਚ ਵਿਸਗਣ ਲਈ ਪ੍ਰੇਰਨਾ ਸਰੋਤ ਬਣਨਾ।
ਸਫਰ ਤਾਂ ਸਾਦਗੀ, ਸਹਿਜ, ਸੁਖਨਤਾ, ਸੰਜ਼ੀਦਗੀ ਅਤੇ ਸੁੰਨਤਾ ਦਾ ਵੀ ਹੁੰਦਾ, ਜੋ ਸਭ ਤੋਂ ਅਜ਼ੀਜ਼, ਅਦੀਬ, ਅੰਤਰੀਵੀ, ਇਲਾਹੀ, ਅਗੰਮੀ ਅਤੇ ਆਤਮਕਤਾ ਭਰਪੂਰ ਹੁੰਦਾ। ਕਦੇ ਇਸ ਸਫਰ ਨੂੰ ਆਪਣਾ ਇਸ਼ਟ ਬਣਾਉਣਾ, ਸਫਰ ਦੀ ਸੁੱਚਮਤਾ ਅਤੇ ਉਚਮਤਾ ਦਾ ਅਹਿਸਾਸ ਹੋਵੇਗਾ।
ਸਫਰ ਤਾਂ ਸਮਝ, ਸੰਤੋਖ, ਸਿਆਣਪ ਅਤੇ ਸੁਘੜਤਾ ਦਾ ਵੀ ਹੁੰਦਾ, ਜੋ ਜ਼ਿੰਦਗੀ ਦਾ ਸੁਚਾਰੂ ਅਤੇ ਉਸਾਰੂ ਪੱਖ ਉਜਗਾਰ ਕਰਦਾ, ਹਨੇਰੇ ਪੱਖਾਂ ਨੂੰ ਚਿੱਤ-ਚੇਤਿਆਂ ਵਿਚੋਂ ਸਦਾ ਲਈ ਮਿਟਾਉਣ ਲਈ ਉਕਸਾਉਂਦਾ। ਇਸ ਸਫਰ ਵੰਨੀ ਅਗੇਤ-ਪਛੇਤ ਝਾਤ ਜਰੂਰ ਮਾਰਨੀ।
ਸਫਰ, ‘ਕੇਰਾਂ ਉਖੜ ਜਾਣਾ ਅਤੇ ਮੁੜ ਤੋਂ ਆਪਣੀ ਜੜ੍ਹ-ਸਥਾਪਤੀ ਦਾ ਪਰਚਮ ਲਹਿਰਾਣਾ ਬਹੁਤ ਹੀ ਔਖਾ ਹੁੰਦਾ, ਪਰ ਅਸੰਭਵ ਨਹੀਂ। ਵੰਡ ਵੇਲੇ ਪੰਜਾਬੀਆਂ ਦੇ ਪਿੰਡੇ ‘ਤੇ ਲੱਗੇ ਜਖਮਾਂ ਦੀ ਭਰਪਾਈ, 1984 ਦੇ ਦੰਗਿਆਂ ਵਿਚ ਲੁੱਟ-ਪੁੱਟੇ ਗਏ ਸਿੱਖਾਂ ਦੀ ਪੀੜ-ਹੰਢਾਈ ਜਾਂ ਪਰਵਾਸ ਨੂੰ ਆਪਣੇ ਤਨ ਤੇ ਹੰਢਾ ਕੇ ਬਿਗਾਨੀ ਧਰਤ ਅਤੇ ਤਹਿਜ਼ੀਬ ਵਿਚ ਬੁਲੰਦੀਆਂ ਨੂੰ ਛੋਹਣਾ, ਸਫਰ-ਮਾਣ ਹੀ ਹੈ, ਜੋ ਇਤਿਹਾਸ ਦਾ ਸੁਨਹਿਰੀ ਵਰਕਾ ਹੈ। ਇਸ ਵਰਕੇ ਨੇ ਹੀ ਆਉਣ ਵਾਲੀਆਂ ਪੀੜ੍ਹੀਆਂ ਦੇ ਨੈਣਾਂ ਵਿਚ ਆਪਣੇ ਬਜੁਰਗਾਂ ਦੀਆਂ ਮਹਾਨ ਕੀਰਤੀਆਂ ਨੂੰ ਸਦਾ ਜਿਉਂਦੇ ਰੱਖਣਾ।
ਸਫਰ ਤਾਂ ਬਚਪਨੇ ਦਾ, ਬਚਕਾਨੇਪਣ ਦਾ, ਜਵਾਨੀ ਦਾ, ਮਰਦਾਨਗੀ ਦਾ, ਬਜੁਰਗੀ ਦਾ, ਬੇਲਾਗਤਾ ਦਾ, ਸਰਬੱਤ ਦੇ ਭਲੇ ਦਾ, ਨਿੱਜਤਾ ਦਾ, ਲੋਕ-ਭਲਾਈ ਦਾ ਜਾਂ ਸੀਮਤ ਸਰੋਕਾਰਾਂ ਦਾ ਵੀ ਹੁੰਦਾ; ਪਰ ਸਫਰ ਉਹੀ ਚਿਰੰਜੀਵ ਰਹਿੰਦਾ, ਜੋ ਭਲਾਈ, ਬੰਦਿਆਈ ਅਤੇ ਲੋਕਾਈ ਨੂੰ ਧਰਮ-ਧਾਰਨਾ ਬਣਾਉਣ ਦਾ ਹਾਮੀ ਹੋਵੇ। ਕਦੇ ਵੀ ਢੀਠਤਾ, ਬੇਸ਼ਰਮੀ, ਕਮੀਨਗੀ, ਕਰੂਰਤਾ ਅਤੇ ਕੂੜ ਦਾ ਸਫਰ ਨਾ ਕਰੋ। ਇਤਿਹਾਸ ਦੇ ਪੰਨਿਆਂ ਵਿਚੋਂ ਗੁੰਮ ਨੇ ਮਿਲਖਾਂ ਤੇ ਜਗੀਰਾਂ ਵਾਲੇ, ਸ਼ਹਿਨਸ਼ਾਹ ਅਤੇ ਸਰਬਰਾਹ; ਪਰ ਸਿਰਫ ਉਹੀ ਲੋਕ ਦੀਵਿਆਂ ਵਾਂਗ ਜਗਦੇ ਨੇ, ਜਿਨ੍ਹਾਂ ਦੀ ਸੋਚ ਵਿਚ ਮਨੁੱਖਤਾ ਜਿਉਂਦੀ ਸੀ, ਜਿਨ੍ਹਾਂ ਨੇ ਆਪਣਾ ਜੀਵਨ ਮਾਨਵਤਾ ਨੂੰ ਜੀਵੰਤ ਰੱਖਣ ਲਈ ਅਰਪਿਤ ਕੀਤਾ। ਜ਼ਿੰਦਗੀ ਦੀ ਜੋਤ ਨੂੰ ਜਗਦਾ ਰੱਖਣ ਲਈ ਨਿੱਗਰ ਯੋਗਦਾਨ ਪਾਇਆ।
ਸਫਰ ਅਜਿਹਾ ਹੋਵੇ ਕਿ ਜਿਸ ਵਿਚ ਸੰਦਲੀ ਰਾਹਾਂ ਦੀ ਪੇਸ਼ੀਨਗੋਈ ਹੋਵੇ, ਜਿਸ ਦੀ ਧੂੜ ਵੀ ਸੁਰਮੇ ਜਿਹੀ ਹੋਵੇ, ਜਿਸ ਦੀ ਮਿੱਟੀ ਮੱਥੇ ਨੂੰ ਚੁੰਮ ਧੰਨਭਾਗ ਬਣ ਜਾਵੇ ਅਤੇ ਜੋ ਧੰਨਭਾਗਤਾ ਸਾਡੀ ਸੋਚ ਵਿਚ ਉਪਜਾਵੇ। ਅਜਿਹੇ ਰਾਹਾਂ ‘ਤੇ ਫੁੱਲ-ਬਗੀਚੀਆਂ ਹੁੰਦੀਆਂ, ਮਹਿਕਾਂ ਦੀ ਆਵਾਜਾਈ ਹੁੰਦੀ ਅਤੇ ਸ਼ੁਭ-ਚੇਤਨਾ ਦਾ ਅਦਾਨ-ਪ੍ਰਦਾਨ ਹੁੰਦਾ।
ਸਫਰ ਸਿਰਫ ਸਫਰ ਤੀਕ ਹੀ ਸੀਮਤ ਨਹੀਂ। ਸਫਰ ਦੀਆਂ ਅਸੀਮਤ ਸੀਮਾਵਾਂ, ਦੂਰ ਤੀਕ ਪਸਰ ਰਹੇ ਪਾਸਾਰ, ਆਲੇ-ਦੁਆਲੇ ਵਿਚ ਇਸ ਦਾ ਕੋਈ ਨਹੀਂ ਪਾਰਾਵਾਰ ਅਤੇ ਇਸ ਵਿਚੋਂ ਹੀ ਪੈਦਾ ਹੁੰਦਾ ਏ ਸਮਿਆਂ ਦਾ ਸ਼ਾਹ-ਅਸਵਾਰ।
ਸਫਰ ਕਿੰਨਾ ਵੀ ਲੰਮਾ ਹੋਵੇ ਜਾਂ ਛੋਟਾ, ਪਹਿਲਾ ਕਦਮ ਤਾਂ ਉਠਾਉਣ ਹੀ ਪੈਣਾ, ਕਿਉਂਕਿ ਕਦਮ ਉਠਾਉਣ ਦਾ ਨਾਮ ਹੀ ਸਫਰ ਹੁੰਦਾ ਅਤੇ ਫਿਰ ਹੀ ਕਦਮ-ਪੂਰਨਤਾ ਨੂੰ ਪਛਾਣ ਮਿਲਦੀ।
ਸਫਰ, ਜੀਵਨ ਰਾਹਾਂ ਵਿਚ ਆਈਆਂ ਸ਼ਕਲਾਂ ਦਾ ਸਾਹਮਣਾ ਹੀ ਨਹੀਂ, ਇਹ ਤਾਂ ਸਗੋਂ ਬਹੁਤ ਸਾਰੇ ਅਜਿਹੇ ਮੌਕਾ-ਮੇਲ, ਨਿੱਘ-ਮਿਲਣੀਆਂ, ਅਚਨਚੇਤੀ ਟੱਕਰਨਾ ਅਤੇ ਹੁਸੀਨ ਤੇ ਨਾ-ਭੁੱਲਣਯੋਗ ਤਜ਼ਰਬਿਆਂ ਦੀ ਪ੍ਰਯੋਗਸ਼ਾਲਾ ਵੀ ਹੁੰਦਾ। ਇਸ ਵਿਚੋਂ ਹੀ ਬਹੁਤ ਸਾਰੇ ਜ਼ਿਕਰਯੋਗ ਘਟਨਾਵਾਂ ਅਤੇ ਹਾਦਸੇ ਵੀ ਜਨਮ ਲੈਂਦੇ।
ਸਫਰ ‘ਤੇ ਤੁਰਨ ਵਾਲੇ ਲੋਕ ਹੀ ਜ਼ਿੰਦਗੀ ਦਾ ਸਿਰਨਾਵਾਂ ਹੁੰਦੇ। ਜਿਨ੍ਹਾਂ ਲੋਕਾਂ ਦੇ ਪੈਰਾਂ ਵਿਚ ਸਫਰ ਹੀ ਨਹੀਂ ਹੁੰਦਾ ਜਾਂ ਉਨ੍ਹਾਂ ਵਿਚ ਸਫਰ ਪੈਦਾ ਕਰਨ ਦੀ ਉਤੇਜਨਾ ਹੀ ਨਹੀਂ ਹੁੰਦੀ, ਉਨ੍ਹਾਂ ਨੂੰ ਜੀਵਨ-ਰਾਹੀ ਨਹੀਂ ਕਿਹਾ ਜਾ ਸਕਦਾ।
ਸਫਰ ਸੰਭਵ ਵੀ ਹੁੰਦਾ ਅਤੇ ਅਸੰਭਵ ਹੀ। ਸੰਭਵ ਰਾਹਾਂ ‘ਤੇ ਹਰ ਕੋਈ ਤੁਰਦਾ। ਸਿਰਫ ਅਸੰਭਵ ਦਿਸਦੇ ਕਾਰਜਾਂ ਨੂੰ ਜੀਵਨ-ਮਾਰਗ ਬਣਾਉਣ ਵਾਲੇ ਹੀ ਕੁਝ ਨਵਾਂ ਨਿਵੇਕਲਾ ਅਤੇ ਖਾਸ ਕਰਦੇ, ਜੋ ਸਦਾ ਲੋਕ-ਚੇਤਿਆਂ ਵਿਚ ਵੱਸਿਆ ਰਹਿੰਦਾ।
ਸਫਰ, ਨਿਰੰਤਰਤਾ ਦਾ ਨਾਮ, ਜਿਸ ਦਾ ਕੋਈ ਟਿਕਾਣਾ ਜਾਂ ਅੰਤ ਨਹੀਂ ਹੁੰਦਾ। ਸਿਰਫ ਸਦਾ ਸਫਰ ਵਿਚ ਰਹਿਣ ਵਾਲੇ ਲੋਕ ਕਦੇ ਵਿਸ਼ਰਾਮ ਨਹੀਂ ਕਰਦੇ। ਉਨ੍ਹਾਂ ਦਾ ਜੀਵਨ ਹੀ ਲੋਕ-ਧਾਰਾਈ ਤਸ਼ਬੀਹਾਂ ਬਣਦਾ।
ਸਫਰ ਉਹ ਵੀ, ਜੋ ਇਕੱਲਿਆਂ ਨੂੰ ਤੈਅ ਕਰਨਾ ਪੈਣਾ। ਕੋਈ ਕੁਝ ਕਦਮ ਹੀ ਨਾਲ ਤੁਰੇਗਾ। ਸਦੀਵੀ ਸਾਥ ਕੋਈ ਨਹੀਂ ਨਿਭਾਉਂਦਾ। ਸੋ ਤੁਰਨ ਤੋਂ ਪਹਿਲਾਂ ਮਨ ਦੀ ਪਕਿਆਈ ਅਤੇ ਸਰੀਰਕ ਤਕੜਾਈ ਨਾਲ ਸੰਦਲੀ ਰਾਹਾਂ ਦਾ ਤਸੱਵਰ ਕਰਕੇ ਹੀ ਪਹਿਲਾ ਕਦਮ ਉਠਾਉਣਾ।
ਸਫਰ ਕੋਈ ਦੌੜ ਨਹੀਂ, ਜੋ ਜਿੱਤਣਾ ਹੈ। ਸਫਰ-ਸਾਧਨਾ ਵਿਚੋਂ ਹੀ ਜੀਵਨ ਦੀ ਸਾਰਥਕਤਾ ਨੂੰ ਸੁਗੰਧਤ ਕਰਨਾ ਹੁੰਦਾ। ਇਹ ਸਫਰ ਕਿਸੇ ਲਈ ਨਹੀਂ, ਸਿਰਫ ਤੁਹਾਡਾ ਖੁਦ ਦਾ ਹੈ ਅਤੇ ਖੁਦ ਲਈ ਹੀ ਕਰਨਾ ਹੈ।
ਸਫਰ-ਏ-ਜ਼ਿੰਦਗੀ ਵੀ ਇਕ ਹੁਸੀਨ ਸਫਰ ਹੈ। ਇਸ ਦੇ ਹਰ ਪਲ ਨੂੰ ਜ਼ਿੰਦਾਦਿਲੀ ਨਾਲ ਇੰਜ ਜੀਓ, ਜਿਵੇਂ ਇਹ ਹੀ ਪਹਿਲਾਂ ਅਤੇ ਆਖਰੀ ਪਲ ਹੋਵੇ। ਇਸ ਦੀ ਰੰਗ-ਬਿਰੰਗਤਾ ਨੂੰ ਮਾਣੋ। ਇਸ ਦੀ ਸੰਗਤਾ ਵਿਚੋਂ ਖੁਦ ਨੂੰ ਪਛਾਣੋ।
ਸਫਰ ਤਾਂ ਬਹੁਤ ਹੁੰਦਾ। ਬਾਹਰ ਨੂੰ ਜਾਂਦੇ ਮਨ ਨੂੰ ਅੰਦਰ ਵੱਲ ਮੋੜਨਾ, ਭਟਕਦੀਆਂ ਇੱਛਾਵਾਂ ਨੂੰ ਸੰਤੁਸ਼ਟੀ ਦਾ ਅਹਿਸਾਸ ਕਰਵਾਉਣਾ ਅਤੇ ਅੰਤਰ-ਮਨ ਨਾਲ ਸੰਵਾਦ ਰਚਾਉਣਾ। ਬਾਹਰ ਨੂੰ ਤੁਰਨਾ ਤਾਂ ਬਹੁਤ ਅਸਾਨ ਹੁੰਦਾ, ਜਦੋਂ ਕਿ ਅੰਦਰ ਨੂੰ ਮੁੜਨਾ ਮੁਹਾਲ ਤਾਂ ਹੁੰਦਾ, ਪਰ ਅੰਦਰ ਵੱਲ ਨੂੰ ਮੁੜਨ ਵਾਲੇ ਹੀ ਖੁਦ ਦੀ ਸੋਝੀ ਪਾਉਂਦੇ।
ਸਫਰ ਵਿਚ ਰਹੋ। ਜ਼ਿੰਦਗੀ ਦੀਆਂ ਰਾਹਾਂ ‘ਤੇ ਮਟਕ ਨਾਲ ਤੁਰੋ। ਸ਼ਹਿਨਸ਼ਾਹੀ ਅੰਦਾਜ਼ ਤੁਹਾਡੀ ਚਾਲ ਵਿਚ ਪ੍ਰਗਟੇ। ਦਿੱਖ ਵਿਚ ਠਾਠ-ਬਾਠ ਨਜ਼ਰ ਆਵੇ। ਮਨ ਦੀ ਸ਼ਾਹੀਨਤਾ ਅਤੇ ਦਲੇਰੀ ਹਾਸਲ ਹੋਵੇ। ਫਕੀਰਾਨਾ ਲਿਬਾਸ ਵਿਚ ਬਾਦਸ਼ਾਹਤ ਦੇ ਦੀਦਾਰੇ ਹੋਣ। ਇਤਿਹਾਸ ਵਿਚ ਸਿਰਫ ਪਾਤਸ਼ਾਹ ਜਿਉਂਦੇ ਨੇ। ਬਾਦਸ਼ਾਹ ਤਾਂ ਬਹੁਤ ਜਲਦੀ ਹੀ ਜ਼ਰਜ਼ਰੀ ਵਰਕੇ ਬਣ ਜਾਂਦੇ ਨੇ।
ਸਫਰ, ਰੂਹਾਨੀ ਹੋਵੇ ਤਾਂ ਇਸ ਦੀ ਸੁੰਦਰਤਾ ਤੇ ਹੁਸੀਨਤਾ ਜੀਵਨ ਦੀਆਂ ਲੁਪਤ ਤਹਿਆਂ ਨੂੰ ਰੌਸ਼ਨੀ ਨਾਲ ਜਗਮਾਉਂਦੀ, ਜੋ ਕਿਰਨ-ਕਾਫਲਾ ਬਣ ਕੇ ਮਨ ਦੀ ਬੀਹੀ ਵਿਚ ਚਾਨਣ ਤ੍ਰੌਂਕਦੀ ਅਤੇ ਮੱਥੇ ‘ਤੇ ਪੁੰਨਿਆ ਦੇ ਚੰਦ ਦਾ ਟਿੱਕਾ ਲਾਉਂਦੀ।
ਸਫਰ, ਜ਼ਿੰਦਗੀ ਨੂੰ ਹੋਰ ਸੁੰਦਰ ਬਣਾਵੇ ਤਾਂ ਸਫਰ ਆਪਣੀ ਅਉਧ ਦਾ ਅਰਥ ਹੋ ਜਾਵੇ। ਸਫਰ ਜੇ ਪੱਬਾਂ ਨੂੰ ਆਪਣੀ ਤਾਸੀਰ ਦਾ ਹਾਣੀ ਬਣਾਵੇ ਤਾਂ ਸਫਰ ਨੂੰ ਆਪਣੀ ਸਦੀਵਤਾ ਦਾ ਅਹਿਸਾਸ ਹੋ ਜਾਵੇ। ਸਫਰ ਜੇ ਕਲਮ ਤੋਂ ਕਰਮ, ਗਿਆਨ-ਬੋਧ ਤੋਂ ਗਿਆਨ-ਗੋਦੜੀ, ਇਲਹਾਮ ਤੋਂ ਅਲੰਬਰਦਾਰਤਾ, ਕਥਨੀ ਤੋਂ ਕਰਨੀ ਅਤੇ ਸਮਝਾਉਣ ਤੋਂ ਸਮਝਣ ਵੱਲ ਦਾ ਹੋਵੇ ਤਾਂ ਸਫਰ ਸਮਿਆਂ ਦਾ ਸ਼ਰਫ ਹੁੰਦਾ।