ਮੇਰੇ ਲਈ ਦਾਨੇ ਪਾਣੀਆਂ ਦਾ ਸ਼ਿਵ ਬਟਾਲਵੀ

ਗੁਲਜ਼ਾਰ ਸਿੰਘ ਸੰਧੂ
2020 ਦਾ ਮਈ ਮਹੀਨਾ ਮੇਰੇ ਲਈ ਭੁੱਲਾਂ ਬਖਸ਼ਾਉਣ ਦਾ ਮਹੀਨਾ ਹੈ। ਮਿਰਜ਼ਾ ਗਾਲਿਬ ਵਾਲੀ ਭੁੱਲ ਬਖਸ਼ਾ ਚੁਕਾ ਹਾਂ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ। ਮੇਰਾ ਮਿੱਤਰ ਇਸ ਮਹੀਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਮੇਰੀ ਸੁਣੋ।

ਮਈ 1973 ਵਿਚ ਮੈਂ ਚਾਰ ਕੁ ਹਫਤੇ ਲਈ ਅੰਡੇਮਾਨ ਗਿਆ ਸਾਂ। ਇੱਕ ਸ਼ਾਮ ਪੋਰਟ ਬਲੇਅਰ ਦੇ ਗੈਸਟ ਹਾਊਸ ਵਿਚ ਇਕੱਲਾ ਤੇ ਉਦਾਸ ਬੈਠਾ ਸਾਂ ਕਿ ਡਾਕੀਏ ਨੇ ਮੇਰੀ ਪਤਨੀ ਦੀ ਉਹ ਚਿੱਠੀ ਲਿਆ ਫੜਾਈ, ਜਿਸ ਵਿਚ ਸ਼ਿਵ ਕੁਮਾਰ ਬਟਾਲਵੀ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੀ ਖਬਰ ਸੀ। ਮੈਂ ਹੋਰ ਉਦਾਸ ਹੋ ਗਿਆ ਤੇ ਉਦਾਸੀ ਦੀ ਅਵਸਥਾ ਵਿਚ ਮੈਨੂੰ ਉਸੇ ਦਾ ਲਿਖਿਆ ਗੀਤ ਚੇਤਾ ਆ ਗਿਆ,
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ।
ਇਹ ਬੋਲ ਦੁਹਰਾਉਂਦਿਆਂ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੈਨੂੰ ਹੰਝੂਆਂ ਤੋਂ ਢਾਰਸ ਮਿਲ ਰਹੀ ਸੀ-ਇਕ ਤਰ੍ਹਾਂ ਦੀ ਮੁਕਤੀ, ਖਲਾਸੀ, ਕਰੁਣਾ। ਸ਼ਿਵ ਦੇ ਆਪਣੇ ਬੋਲਾਂ ਤੋਂ ਬਿਨਾ ਮੇਰੇ ਕੋਲ ਕੋਈ ਵੀ ਨਹੀਂ ਸੀ, ਜਿਸ ਨਾਲ ਮੈਂ ਉਸ ਵੇਲੇ ਦੀ ਆਪਣੇ ਮਨ ਦੀ ਅਵਸਥਾ ਸਾਂਝੀ ਕਰਦਾ।
ਜੋਬਨ ਰੁੱਤੇ ਮਰਨਾ ਸ਼ਿਵ ਕੁਮਾਰ ਦਾ ਸੰਕਲਪ ਸੀ ਜਾਂ ਭਰਮ? ਇਸ ਦਾ ਨਿਰਣਾ ਤਾਂ ਏਨਾ ਸੌਖਾ ਨਹੀਂ, ਪਰ ਇਸ ਭਰਮ ਜਾਂ ਸੰਕਲਪ ਵਾਲੇ ਲੋਕ ਸਦਾ ਵੱਡੀਆਂ ਪ੍ਰਾਪਤੀਆਂ ਦੇ ਇੱਛੁਕ ਹੁੰਦੇ ਹਨ। 31 ਸਾਲ ਦੀ ਉਮਰ ਵਿਚ ਭਾਰਤ ਦਾ ਸਾਹਿਤ ਅਕਾਦਮੀ ਦਾ ਪੁਰਸਕਾਰ ਹੀ ਨਹੀਂ, ਸਗੋਂ 37 ਵਰ੍ਹੇ ਦੀ ਅਲਪ ਉਮਰੇ ਸ਼ਿਵ ਨੂੰ ਪੰਜਾਬੀ ਜਗਤ ਨਾਲ ਸਬੰਧਤ ਹਰ ਤਰ੍ਹਾਂ ਦੇ ਸਨਮਾਨ ਪ੍ਰਾਪਤ ਹੋ ਚੁਕੇ ਸਨ। ਆਪਣੀ ਉਮਰ ਦਾ ਉਹ ਇਕੋ ਇਕ ਲੇਖਕ ਸੀ, ਜਿਸ ਦੀ ‘ਲੂਣਾ’ ਗਿਆਨਪੀਠ ਐਵਾਰਡ ਲਈ ਵੀ ਵਿਚਾਰੀ ਗਈ।
ਸ਼ਿਵ ਕੁਮਾਰ ਦੇ ਮਨ ਵਿਚ ਦੁਨੀਆਂ ਨੂੰ ਅਲਵਿਦਾ ਕਹਿਣ ਦੀ ਅੱਚਵੀ ਜਿਹੀ ਲੱਗੀ ਹੋਈ ਸੀ। ਸ਼ਾਇਦ ਇਹੀਓ ਕਾਰਨ ਹੈ ਕਿ 1960 ਵਿਚ ‘ਪੀੜਾਂ ਦਾ ਪਰਾਗਾ’ ਰਾਹੀਂ ਨਿਜੀ ਦਰਦ ਨੂੰ ਦਰਸਾਉਣ ਤੋਂ ਛੇਤੀ ਹੀ ਪਿੱਛੋਂ ਉਸ ਨੇ ‘ਲਾਜਵੰਤੀ’ (1961) ਰਾਹੀਂ ਨਿਜੀ ਔਕੜਾਂ ਰਾਹੀਂ ਅਣਸੁਖਾਵੀਆਂ ਸਮਾਜੀ ਕੀਮਤਾਂ ਉਤੇ ਖੂਬਸੂਰਤ ਟਿੱਪਣੀ ਕੀਤੀ ਸੀ। 1962 ਵਿਚ ਛਪਿਆ ‘ਆਟੇ ਦੀਆਂ ਚਿੜੀਆਂ’ ਕਾਵਿ ਸੰਗ੍ਰਿਹ ਵੀ ਉਸ ਦੇ ਮਨ ਉਤੇ ਹਾਵੀ ਗਮ ਦੀ ਹੀ ਇਕ ਝਲਕ ਹੀ ਪੇਸ਼ ਕਰਦਾ ਹੈ। 1963 ਵਿਚ ‘ਮੈਨੂੰ ਵਿਦਾ ਕਰੋ’ ਦੇ ਪ੍ਰਕਾਸ਼ਨ ਰਾਹੀਂ ਉਸ ਨੇ ਆਪਣੇ ਮਨ ਦੀ ਇਸੇ ਭਾਵਨਾ ਨੂੰ ਸਿੱਧੇ ਰੂਪ ਵਿਚ ਉਜਾਗਰ ਕੀਤਾ ਸੀ। 1960 ਤੋਂ 1963 ਤੱਕ ਚਾਰ ਸਾਲਾਂ ਵਿਚ ਚਾਰ ਸੰਗ੍ਰਿਹ, ਜਿਵੇਂ ਵਿਦਾ ਹੋਣ ਦੀ ਗਤੀ ਨੂੰ ਤੇਜ਼ ਕਰ ਰਿਹਾ ਹੋਵੇ।
ਵਿਦਾ ਮੰਗਣ ਪਿੱਛੋਂ 1964 ਵਿਚ ਦੋ ਕਾਵਿ ਸੰਗ੍ਰਿਹ ‘ਬਿਰਹਾ ਤੂੰ ਸੁਲਤਾਨ’ ਤੇ ‘ਦਰਦ ਮੰਦਾਂ ਦੀਆਂ ਆਹੀ’ ਪੰਜਾਬੀ ਜਗਤ ਦੀ ਝੋਲੀ ਵਿਚ ਉਸ ਨੇ ਇੰਜ ਸੁੱਟੇ, ਜਿਵੇਂ ਕੋਈ ਰੁਖਸਤ ਲੈਣ ਤੋਂ ਪਹਿਲਾਂ ਸਾਰੇ ਦੇ ਸਾਰੇ ਕੰਮ ਨਿਪਟਾਉਂਦਾ ਹੈ। 1965 ਵਿਚ ‘ਲੂਣਾ’ ਦੀ ਰਚਨਾ ਤੇ ਪ੍ਰਕਾਸ਼ਨ ਰਾਹੀਂ ਉਸ ਨੇ ਸਮਾਜ ਤੇ ਕਵਿਤਾ ਪ੍ਰਤੀ ਆਪਣੇ ਫਰਜ਼ ਨਿਭਾ ਦਿੱਤੇ ਜਾਪਦੇ ਸਨ ਤੇ ਹਿਜਰਾਂ ਦੀ ਪਰਿਕਰਮਾ ਕਰਕੇ ਭਰੇ ਭਰਾਏ ਮੁੜ ਜਾਣ ਦੀ ਤਿਆਰੀ ਕਰ ਲਈ ਸੀ। 1965 ਤੋਂ 1973 ਤੱਕ ਸ਼ਿਵ ਕੁਮਾਰ ਨੇ ਨਵੀਂ ਰਚਨਾ ਸਿਰਫ ‘ਮੈਂ ਤੇ ਮੈਂ’ ਹੀ ਦਿੱਤੀ। ਸਮੁੱਚੇ ਤੌਰ ‘ਤੇ ਉਸ ਨੇ ਪੁਰਾਣੀ ਰਚਨਾ ਨੂੰ ਹੀ ਗਾਇਆ ਤੇ ਮਾਣਿਆ। ਉਸ ਦੀ ਕਵਿਤਾ ਦਾ ਗੁਣ ਹੀ ਉਸ ਨੂੰ ਹਰ ਕਾਲ ਅਤੇ ਹਰ ਯੁੱਗ ਦਾ ਹਾਣੀ ਬਣਾਉਂਦਾ ਹੈ,
ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਵਾਣਾ।
ਕੱਤਕ ਸਾਹ ਇਹ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ।
ਕਾਲੀ ਰਾਤੇ ਸਰਕੜਿਆਂ ‘ਚੋਂ
ਪੌਣਾਂ ਦਾ ਲੰਘ ਜਾਣਾ।
ਇਹ ਮੇਰਾ ਗੀਤ ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ।
ਸ਼ਿਵ ਕੁਮਾਰ ਦੀ ਭਲਕ ਨੂੰ 47 ਸਾਲ ਹੋ ਚੁਕੇ ਹਨ। ਉਹ ਹਾਲੇ ਵੀ ਮਰਿਆ ਨਹੀਂ। ਕਵਿਤਾ ਦੇ ਬੋਲਾਂ ‘ਚ ਸਾਡੇ ਕੋਲ ਉਹਦਾ ਸ਼ਾਨੀ ਜੇ ਕੋਈ ਹੈ ਤਾਂ ਉਹ ਹੈ, ਸੁਰਜੀਤ ਪਾਤਰ। ਜਿੰਨੀ ਪੁੱਛ ਪ੍ਰਤੀਤ ਪਾਤਰ ਦੀ ਜਿਉਂਦੇ ਦੀ ਹੈ, ਮੇਰੇ ਸ਼ਿਵ ਕੁਮਾਰ ਦੀ ਉਸ ਤੋਂ ਵੱਧ ਹੈ। ਜਿਵੇਂ ਮਿਰਜ਼ਾ ਗਾਲਿਬ ਜਿਉਂਦੇ ਜੀਅ ਮੀਰ ਤਕੀ ਮੀਰ ਨੂੰ ਮੰਨਦਾ ਸੀ, ਪਾਤਰ ਵੀ ਸ਼ਿਵ ਨੂੰ ਉਸੇ ਤਰ੍ਹਾਂ ਮੰਨਦਾ ਹੈ। ਪਾਤਰ ਨੇ ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਵਾਰਿਸ ਸ਼ਾਹ ਦੀ ਵੰਡ ਕਿਹਾ ਸੀ ਅਤੇ ਖਾਲਿਸਤਾਨੀਆਂ ਵੱਲੋਂ ਚੁੱਕੀ ਪੰਜਾਬ ਦੀ ਵੰਡ ਨੂੰ ਸ਼ਿਵ ਕੁਮਾਰ ਦੀ,
ਪਹਿਲੋਂ ਵਾਰਿਸ ਸਾਹ ਨੂੰ ਵੰਡਿਆ ਸੀ
ਹੁਣ ਸ਼ਿਵ ਕੁਮਾਰ ਦੀ ਵਾਰੀ ਹੈ।
ਉਹ ਜਖਮ ਪੁਰਾਣੇ ਭੁੱਲ ਵੀ ਗਏ
ਨਵਿਆਂ ਦੀ ਹੋਰ ਤਿਆਰੀ ਹੈ।
ਹੁਣ ਤਾਂ ਉਸ ਹਨੇਰੀ ਨੂੰ ਖਤਮ ਹੋਇਆਂ ਵੀ 35-36 ਸਾਲ ਹੋ ਗਏ ਹਨ। ਵਾਰਿਸ ਸ਼ਾਹ ਦਾ ਪੰਜਾਬ ਵੰਡੇ ਜਾਣ ਨੂੰ ਵੀ 70 ਸਾਲ; ਪਰ ਸਾਹਿਤ ਰਸੀਆਂ ਵਿਚ ਵਾਰਿਸ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਸ਼ਿਵ ਨੂੰ ਮਾਰਨ ਵਾਲਾ ਵੀ ਕੋਈ ਨਹੀਂ ਜੰਮਿਆ। ਹੈ ਕੋਈ ਹੇਠ ਲਿਖੇ ਸ਼ਬਦਾਂ ਦਾ ਹਥਿਆਰਾ?
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ,
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ।
ਦੋਸਤੀ ਦੇ ਚੁੰਮਣ ਵਿਚੋਂ ਦਿਨ ਚੜ੍ਹਦੇ ਦੀਆਂ ਕਿਰਨਾ ਦਾ ਨਸ਼ਾ ਪੈਦਾ ਕਰਨਾ ਤੇ ਉਸ ਨਸ਼ੇ ਵਿਚੋਂ ਕਿਸੇ ਛੀਂਬੇ ਸੱਪ ਦੇ ਡੰਗ ਵਰਗੀ ਚੋਭ ਪੈਦਾ ਕਰਨਾ ਸ਼ਿਵ ਦਾ ਹੀ ਕਮਾਲ ਸੀ। ਸੂਰਜ, ਸੱਪ, ਸੁਹੱਪਣ ਜਿਹੇ ਰੰਗ ਆਪਾ ਵਿਰੋਧੀ ਵੀ ਹਨ, ਆਕਰਸ਼ਕ ਵੀ ਤੇ ਮਨਭਾਉਂਦੇ ਵੀ। ਇਨ੍ਹਾਂ ਨੂੰ ਚਮਕ ਦੇਣ ਵਾਲੇ ਸ਼ਬਦ ਤੇ ਬੋਲਾਂ ਦਾ ਮਾਲਕ ਸਾਡਾ ਸ਼ਿਵ ਸੀ।
ਮੇਰੀ ਨਾਲਾਇਕੀ ਦਾ ਇਹ ਹਾਲ ਹੈ ਕਿ ਜਦੋਂ 5 ਮਈ ਨੂੰ ਕੈਲਗਰੀ (ਕੈਨੇਡਾ) ਤੋਂ ਸ਼ਿਵ ਦੀ ਵਿਧਵਾ ਅਰੁਣ ਦਾ ਫੋਨ ਆਇਆ, ਮੈਨੂੰ ਚੇਤਾ ਹੀ ਨਹੀਂ ਆਇਆ ਕਿ ਅਗਲੇ ਦਿਨ ਸ਼ਿਵ ਦੀ ਬਰਸੀ ਹੈ। ਅਸੀਂ ਸ਼ਿਵ ਨੂੰ ਚੇਤੇ ਤਾਂ ਕੀਤਾ, ਪਰ ਉਸ ਦੇ ਤੁਰ ਜਾਣ ਦੀ ਗੱਲ ਨਹੀਂ ਹੋਈ। ਉਹ ਆਪਣੇ ਬੇਟੇ ਮਿਹਰਬਾਨ ਕੋਲੋਂ ਟੈਲੀਫੋਨ ਕਰ ਰਹੀ ਸੀ। ਅੱਧਾ ਸਮਾਂ ਉਹਦੇ ਕੋਲ ਰਹਿੰਦੀ ਹੈ ਤੇ ਅੱਧਾ ਬੇਟੀ ਪੂਜਾ ਕੋਲ। ਅਗਲੇ ਦਿਨ ਅਖਬਾਰਾਂ ਵਿਚ ਅਰੁਣਾ (74) ਦੇ ਇੱਕ ਪਾਸੇ ਮਿਹਰਬਾਨ ਬਟਾਲਵੀ (53) ਤੇ ਪੂਜਾ ਜੈਦੇਵ (50) ਦੀ ਤਸਵੀਰ ਵੇਖੀ ਤਾਂ ਆਪਣੇ ਬੁਢਾਪੇ ਦਾ ਅਹਿਸਾਸ ਹੋਇਆ। ਚੇਤਾ ਖਿਸਕਣ ਲੱਗ ਪਿਆ ਹੈ। ਕੀ ਕਰਾਂ? ਕੁਝ ਕਰ ਹੀ ਨਹੀਂ ਸਕਦਾ। ਸ਼ਿਵ ਕੁਮਾਰ ਬਟਾਲਵੀ ਦੀ ਕਾਵਿਕ ਉਤਮਤਾ ਉਤੇ ਮੋਹਰ ਲਾ ਕੇ ਮੰਨ ਨੂੰ ਸਮਝਾ ਲਿਆ ਹੈ।
ਸ਼ਿਵ ਦੀ ਕਵਿਤਾ ਦਰਦ ਦੀ ਕਵਿਤਾ ਹੈ, ਬਿਰਹਾ ਤੇ ਪੀੜਾ ਦੀ। ਉਸ ਦੇ ਜਜ਼ਬੇ ਦੀ ਸ਼ਿੱਦਤ, ਵਲਵਲੇ ਦੀ ਤੀਬਰਤਾ ਅਤੇ ਪ੍ਰਗਟਾਓ ਦੀ ਰਵਾਨੀ ਉਸ ਦੇ ਪਾਠਕ ਨੂੰ, ਉਸ ਦੇ ਸਰੋਤੇ ਦੀ ਤਰ੍ਹਾਂ ਹੀ ਆਪਣੇ ਨਾਲ ਵਹਾਅ ਕੇ ਲੈ ਜਾਂਦੀ ਹੈ। ਪਾਠਕ ਉਸ ਦੀ ਕਵਿਤਾ ਨੂੰ ਪੜ੍ਹਦਾ ਵੀ ਹੈ, ਮਾਣਦਾ ਵੀ ਹੈ ਤੇ ਮਨ ਦੀ ਕਿਸੇ ਸੁਰ ਨਾਲ ਗਾਉਂਦਾ ਵੀ ਹੈ। ਇਸੇ ਗੁਣ ਕਰਕੇ ਹੀ ਉਸ ਦੀ ਕਵਿਤਾ ਵਿਸਮਾਦੀ ਹੋ ਨਿਬੜਦੀ ਹੈ-ਸੀਮਤ ਅਰਥਾਂ ਤੋਂ ਪਰ੍ਹੇ ਕਿਤੇ ਦੂਰ ਚਲੀ ਜਾਂਦੀ ਹੈ। ਸ਼ਿਵ ਦੀ ਕਵਿਤਾ ‘ਚ ਕੁਦਰਤ ਦੀ ਬਹੁਲਤਾ, ਪੰਜਾਬੀ ਸਭਿਆਚਾਰ ਦੀ ਵੰਨ-ਸੁਵੰਨਤਾ, ਆਧੁਨਿਕ-ਚੇਤਨਾ, ਨਾਰੀ-ਮਨ ਦੀ ਵੇਦਨਾ ਅਤੇ ਸਵੈ ਦਾ ਪਸਾਰ ਮਿਲ ਕੇ ਅਜਿਹਾ ਰਸਨਾਤਮਕ ਪ੍ਰਭਾਵ ਦਿੰਦੇ ਹਨ ਕਿ ਉਸ ਦੀ ਕਵਿਤਾ ਰਵਾਇਤੀ ‘ਰਸਾਂ’ ਤੋਂ ਵੱਖਰਾ ਕੋਈ ਅਗੰਮੀ ਪ੍ਰਭਾਵ ਪੈਦਾ ਕਰਦੀ ਹੈ।
ਮੈਂ ਦੱਸ ਚੁਕਾਂ ਕਿ ਸ਼ਿਵ ਕੁਮਾਰ ਦੇ ਇਸ ਦੁਨੀਆਂ ਤੋਂ ‘ਫੁੱਲ ਜਾਂ ਤਾਰਾ’ ਬਣਨ ਲਈ ਤੁਰਨ ਸਮੇਂ ਪੰਜਾਬ ਤੋਂ ਬਹੁਤ ਦੂਰ ਸਾਂ-ਅੰਡੇਮਾਨ ਉਰਫ ਕਾਲੇ ਪਾਣੀ ਦੇ ਸ਼ਹਿਰ ਪੋਰਟ ਬਲੇਅਰ ਵਿਚ। ਇਹ ਜਾਣਦਿਆਂ ਵੀ ਕਿ ਸ਼ਿਵ ਆਪਣੇ ਹੀ ਚੁਣੇ ਮਾਰਗ ਉਤੇ ਗਿਆ ਸੀ, ਮੇਰਾ ਮੰਨਣ ਨੂੰ ਮਨ ਨਹੀਂ ਸੀ ਮੰਨ ਰਿਹਾ।
ਉਂਜ ਵੀ ਮਹੀਨਾ ਭਰ ਅੰਡੇਮਾਨ ਦੀਆਂ ਇੱਕਲਵਾਂਝੀਆਂ ਥਾਂਵਾਂ ‘ਤੇ ਰਹਿ ਰਹਿ ਕੇ ਮੈਂ ਥੋੜ੍ਹਾ ਉਦਾਸ ਵੀ ਸਾਂ। ਥੋੜ੍ਹੇ ਕੀਤੇ ਮੈਂ ਨੇੜੇ ਤੋਂ ਨੇੜੇ ਦੇ ਰਿਸ਼ਤੇਦਾਰ ਜਾਂ ਦੋਸਤ ਦੀ ਮੌਤ ‘ਤੇ ਵੀ ਨਹੀਂ ਸੀ ਰੋਂਦਾ, ਪਰ ਜਦੋਂ ਸਹਿਜੇ ਸਹਿਜੇ ਮੇਰੇ ਮਨ ਨੇ ਸ਼ਿਵ ਦੀ ਮੌਤ ਦੀ ਸੱਚਾਈ ਨੂੰ ਪ੍ਰਵਾਨ ਕਰ ਲਿਆ ਤਾਂ ਮੈਂ ਉਸ ਦੀਆਂ ਤੁਕਾਂ ‘ਅਸਾਂ ਦਾ ਜੋਬਨ ਰੁੱਤੇ ਮਰਨਾ, ਮਰਨੇ ਦੀ ਰੁੱਤ ਸੋਈ’ ਗੁਣ ਗੁਣਾਉਂਦਾ ਰੋਣਹਾਕਾ ਹੋ ਗਿਆ ਸਾਂ ਤੇ ਉਸ ਦਿਨ ਮੈਂ ਖਾਣਾ ਵੀ ਨਹੀਂ ਸਾਂ ਖਾ ਸਕਿਆ।
ਇਹ ਉਦੋਂ ਦੀ ਗੱਲ ਹੈ। ਹੁਣ ਮੈਂ ਹੋਰ ਤਰ੍ਹਾਂ ਸੋਚਦਾ ਹਾਂ। ਜੋ ਬੰਦਾ ਆਪਣੇ ਲਈ ਆਪ ਚੁਣੇ ਮਾਰਗ ‘ਤੇ ਤੁਰਦਾ ਹੈ ਤੇ ਇਸ ਮਾਰਗ ਉਤੇ ਤੁਰਨ ਲਈ ਉਹ ਆਪਣੀ ਉਮਰ ਵੀ ਮਿੱਥ ਲੈਂਦਾ ਹੈ, ਉਸ ਨੂੰ ਉਸ ਦਾ ਇਹ ਚਿੰਤਨ ਮੁਬਾਰਕ ਹੋਣਾ ਚਾਹੀਦਾ ਹੈ ਅਤੇ ਇਹ ਗੱਲ ਉਨ੍ਹਾਂ ਸਭਨਾਂ ‘ਤੇ ਢੁੱਕਦੀ ਹੈ, ਜੋ ਆਪਣੀ ਮੰਜ਼ਿਲ ਆਪ ਮਿੱਥਦੇ ਤੇ ਉਸ ਮੰਜ਼ਿਲ ਵੱਲ ਆਪਣੇ ਹੀ ਢੰਗ ਨਾਲ ਵਧਦੇ ਹਨ। ਮੇਰੀਆਂ ਇਹ ਸਤਰਾਂ ਅਜਿਹੀ ਧਾਰਨਾ ਦੇ ਸਵਾਮੀਆਂ ਨੂੰ ਸਮਰਪਿਤ। ਸ਼ਿਵ ਨੇ ਦੁੱਖ ਦੇ ਸਰਾਪ ਨੂੰ ਵਰ ਸਮਝ ਕੇ ਹੰਢਾਇਆ। ਜੇ ਕੋਈ ਮੇਰੇ ਕੋਲੋਂ ਸ਼ਿਵ ਲਈ ਕੁਤਬਾ ਲਿਖਵਾਉਂਦਾ ਤਾਂ ਮੈਂ ਮੀਰ ਤਕੀ ਮੀਰ ਦਾ ਇਹ ਸ਼ਿਅਰ ਲਿਖਣਾ ਸੀ, ਮੀਰ ਦੀ ਥਾਂ ਸ਼ਿਵ ਲਿਖ ਕੇ,
ਸਿਰਹਾਨੇ ਮੀਰ ਕੇ ਆਹਿਸਤਾ ਬੋਲੋ,
ਟੁੱਕ, ਰੋਤੇ ਰੋਤੇ ਸੋ ਗਿਆ ਹੈ।
ਅੰਤਿਕਾ: ਫੈਜ਼ ਅਹਿਮਦ ਫੈਜ਼
ਜੋ ਮੁਝ ਪੇ ਗੁਜ਼ਰੀ ਸੋ ਗੁਜ਼ਰੀ ਮਗਰ ਸ਼ਬ-ਏ-ਹਿਜਰਾਂ
ਮੇਰੇ ਅਸ਼ਕ ਤੇਰੀ ਆਕਬਤ ਸੰਵਾਰ ਚਲੇ।