ਗੁਰਬਾਣੀ ਦੇ ਅਰਥ ਅਤੇ ਗੁਰਬਾਣੀ ਵਿਆਕਰਣ

ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171
ਕਿਸੇ ਭਾਸ਼ਾ ਨੂੰ ਲਿਖਣ, ਪੜ੍ਹਨ ਅਤੇ ਬੋਲਣ ਦੀ ਨਿਸ਼ਚਿਤ ਕੀਤੀ ਨਿਯਮਾਵਲੀ ਨੂੰ ਵਿਆਕਰਣ ਕਿਹਾ ਜਾਂਦਾ ਹੈ। ਇਸ ਨਿਯਮਾਵਲੀ ਤੋਂ ਬਾਹਰ ਜਾ ਕੇ ਜੇ ਕੋਈ ਕਿਸੇ ਪੰਕਤੀ ਦੇ ਅਰਥ ਕਰਨ ਦਾ ਯਤਨ ਕਰਦਾ ਹੈ ਤਾਂ ਆਪ ਤਾਂ ਟਪਲਾ ਖਾ ਜਾਂਦਾ ਹੈ, ਪਰ ਪਾਠਕਾਂ ਲਈ ਮੁਸ਼ਕਿਲ ਖੜੀ ਹੋ ਜਾਂਦੀ ਹੈ। ਗੁਰਬਾਣੀ ਦਾ ਆਪਣਾ ਵਿਆਕਰਣ ਹੈ, ਜੋ ਅੱਜ ਦੀ ਪੰਜਾਬੀ ਭਾਸ਼ਾ ਦੇ ਵਿਆਕਰਣ ਨਾਲੋਂ ਭਿੰਨ ਹੈ। ਗੁਰਬਾਣੀ ਦੇ ਠੀਕ ਅਰਥ ਕਰਨ ਲਈ ਗੁਰਬਾਣੀ ਵਿਆਕਰਣ ਦੀ ਨਿਯਮਾਵਲੀ ਦੇ ਦਾਇਰੇ ਤੋਂ ਬਾਹਰ ਜਾ ਕੇ ਠੀਕ ਅਰਥ ਨਹੀਂ ਕੀਤੇ ਜਾ ਸਕਦੇ।

ਗੁਰਬਾਣੀ ਵਿਆਕਰਣ ਨੂੰ ਗੁਰਬਾਣੀ ਵਿਚੋਂ ਹੀ ਖੋਜਣ ਲਈ ਕੁਝ ਸੂਝਵਾਨ ਸਿੱਖ ਵਿਦਵਾਨਾਂ ਨੇ ਸਹਿਜ ਤੇ ਪ੍ਰੇਮ ਸਹਿਤ ਗੁਰੂ ਗ੍ਰੰਥ ਸਾਹਿਬ ਦੇ ਪਾਠ ਕੀਤੇ ਅਤੇ ਗੁਰਬਾਣੀ ਵਿਚ ਵਰਤੀਆਂ ਗਈਆਂ ਲਗਾਂ, ਮਾਤ੍ਰਾਂ ਦੇ ਗੁੱਝੇ ਭੇਦ ਲੱਭਣ ਲਈ ਯਤਨ ਕੀਤੇ। ਸਭ ਤੋਂ ਪਹਿਲਾਂ ਪ੍ਰਿੰ. ਤੇਜਾ ਸਿੰਘ ਨੇ ‘ਸ਼ਬਦਾਂਤਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਨਾਮੀ ਇੱਕ ਛੋਟੀ ਜਿਹੀ ਪੁਸਤਕ ਸੰਨ 1922-23 ਵਿਚ ਲਿਖੀ। ਫਿਰ ਪ੍ਰੋ. ਸਾਹਿਬ ਸਿੰਘ ਨੇ 13 ਸਾਲਾਂ ਦੀ ਮਿਹਨਤ ਨਾਲ ਅਕਤੂਬਰ 1932 ਵਿਚ ‘ਗੁਰਬਾਣੀ ਵਿਆਕਰਣ’ ਨਾਮੀ ਪੁਸਤਕ ਲਿਖੀ, ਜੋ 1939 ਵਿਚ ਪ੍ਰਕਾਸ਼ਿਤ ਹੋਈ, ਜਿਸ ਨੂੰ ਗੁਰਬਾਣੀ ਦੇ ਸ਼ਬਦ-ਜੋੜਾਂ ਦੇ ਅਰਥ ਸਮਝਣ ਲਈ ਮੀਲ ਪੱਥਰ ਮੰਨਿਆ ਜਾਂਦਾ ਹੈ। ਇਸ ਪਿੱਛੋਂ ਪੰਡਿਤ ਕਰਤਾਰ ਸਿੰਘ ਦਾਖਾ ਦੀ ‘ਸ਼੍ਰੀ ਗੁਰੁ ਵਿਆਕਰਨ ਪੰਚਾਇਣ’ ਨਾਮੀ ਪੁਸਤਕ 1944-45 ਵਿਚ ਸਾਹਮਣੇ ਆਈ। ਫਿਰ ਭਾਈ ਰਣਧੀਰ ਸਿੰਘ ਦੀ ਪੁਸਤਕ ‘ਗੁਰਬਾਣੀ ਲਗਾਂ ਮਾਤ੍ਰਾਂ ਦੀ ਵਿਲੱਖਣਤਾ’ ਨਵੰਬਰ 1954 ਵਿਚ ਪ੍ਰਕਾਸ਼ਿਤ ਹੋਈ। ਭਾਈ ਜੁਗਿੰਦਰ ਸਿੰਘ ਤਲਵਾੜਾ ਨੇ ਵੀ 1992 ਵਿਚ ‘ਗੁਰਬਾਣੀ ਉਚਾਰਣ: ਸ਼੍ਰੀ ਗੁਰੂ ਗ੍ਰੰਥ ਸਾਹਿਬ ਬੋਧ ਭਾਗ-2’ ਅਤੇ ਸੰਨ 2004 ਵਿਚ ‘ਗੁਰਬਾਣੀ ਦਾ ਸਰਲ ਵਿਆਕਰਣ’ ਦੋ ਭਾਗਾਂ ਵਿਚ ਲਿਖ ਕੇ ਇਸ ਕਾਰਜ ਨੂੰ ਅੱਗੇ ਤੋਰਿਆ। ਗੁਰਬਾਣੀ ਵਿਆਕਰਣ ਦੀ ਖੋਜ ਵਿਚ ਆਪੋ ਆਪਣਾ ਯੋਗਦਾਨ ਪਾਉਣ ਵਾਲੇ ਸਭ ਵਿਦਵਾਨਾਂ ਦੀ ਮਿਹਨਤ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਗੁਰਬਾਣੀ ਦੀ ਲਿਖਾਈ ਇੱਕ ਵਿਸ਼ੇਸ਼ ਨਿਯਮਾਵਲੀ ਅਧੀਨ ਹੋਈ ਹੈ, ਜਿਸ ਨੂੰ ਗੁਰਬਾਣੀ ਦੇ ਅਰਥ ਕਰਨ ਲੱਗਿਆਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਡਾ. ਗੋਬਿੰਦਰ ਸਿੰਘ ਸਮਰਾਓ ਵਲੋਂ ਅਧਿਆਤਮਵਾਦ ਨੂੰ ਰੱਦ ਕਰ ਕੇ ਤਰਕਸ਼ੀਲਤਾ ਦੀ ਸੋਚ ਨਾਲ ਮਾਦੇ (ੰਅਟਟeਰ) ਨੂੰ ਪ੍ਰਧਾਨ ਮੰਨ ਕੇ ਜਪੁ ਜੀ ਦੇ ਅਰਥਾਂ ਬਾਰੇ ‘ਪੰਜਾਬ ਟਾਈਮਜ਼’ ਵਿਚ ਇੱਕ ਲੇਖ ਲੜੀ ਸ਼ੁਰੂ ਕੀਤੀ ਗਈ ਹੈ। ਇਸ ਦੇ ਪ੍ਰਤੀਕਰਮ ਵਜੋਂ ਸਿੱਖ ਵਿਦਵਾਨ ਸੇਵਕ ਸਿੰਘ ਕੋਟਕਪੂਰਾ ਅਤੇ ਹਾਕਮ ਸਿੰਘ ਨੇ ਆਪੋ ਆਪਣੇ ਵਿਚਾਰ ‘ਪੰਜਾਬ ਟਾਈਮਜ਼’ ਵਿਚ ਦਿੱਤੇ ਸਨ, ਜੋ ਪਾਠਕਾਂ ਨਾਲ ਵਿਚਾਰ ਸਾਂਝੇ ਕਰਨ ਦਾ ਸ਼ਲਾਘਾਯੋਗ ਉਦਮ ਹੈ, ਕਿਉਂਕਿ ਗੁਰਬਾਣੀ ਸਮੁੱਚੀ ਸਿੱਖ ਕੌਮ ਦਾ ਸ਼ਾਨਦਾਰ ਵਿਰਸਾ ਹੈ ਅਤੇ ਕੋਈ ਇਕੱਲਾ ਵਿਅਕਤੀ ਜਨਤਕ ਤੌਰ ‘ਤੇ ਆਪਣੀ ਮਰਜ਼ੀ ਨਾਲ ਗੁਰਬਾਣੀ ਦੇ ਅਰਥ ਤੋੜ ਮਰੋੜ ਕੇ ਨਹੀਂ ਕਰ ਸਕਦਾ। ਉਮੀਦ ਹੈ, ਹੋਰ ਵਿਦਵਾਨ ਵੀ ਆਪਣੇ ਵਿਚਾਰ ਡਾ. ਸਮਰਾਓ ਦੀ ਲੇਖ ਲੜੀ ਬਾਰੇ ਦੇਣਗੇ, ਕਿਉਂਕਿ ਉਨ੍ਹਾਂ ਨੇ ਸਿੱਖ ਅਤੇ ਗੈਰ-ਸਿੱਖ ਵਿਦਵਾਨਾਂ ਵਲੋਂ ਹੁਣ ਤੱਕ ਹੋਏ ਜਪੁ ਜੀ ਦੇ ਸਾਰੇ ਟੀਕਿਆਂ ਨੂੰ ਰੱਦ ਕਰ ਦਿੱਤਾ ਹੈ। ਡਾ. ਸਮਰਾਓ ਵਲੋਂ ਕੁਝ ਪੰਕਤੀਆਂ ਦੇ ਕੀਤੇ ਅਰਥਾਂ ਨੂੰ ਗੁਰਬਾਣੀ ਵਿਆਕਰਣ ਦੀ ਕਸਵੱਟੀ ਉਤੇ ਪਰਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
(A) ਪਹਿਲੀ ਫਰਬਰੀ 2020 ਨੂੰ ਛਪੇ ਲੇਖ ਵਿਚ ਡਾ. ਸਮਰਾਓ ਨੇ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥’ ਪੰਕਤੀ ਵਿਚ ‘ਨਾਨਕ ਲਿਖਿਆ ਨਾਲਿ’ ਵਾਕ-ਅੰਸ਼ ਦੇ ਅਰਥ ਇਉਂ ਕੀਤੇ ਗਏ ਹਨ, ‘ਨਾਨਕ ਨਾਲ ਲਿਖਦਾ ਹੈ’ ਭਾਵ ‘ਨਾਨਕ ਉਪਰੋਕਤ ਨਾਲ ਲਿਖਦਾ (ਜੋੜਦਾ) ਹੈ’। ਡਾ. ਸਮਰਾਓ ਵਲੋਂ ਕੀਤੇ ਅਰਥਾਂ ਵਿਚ ‘ਨਾਨਕ’ ਸ਼ਬਦ ਨੂੰ ਕਰਤਾ ਕਾਰਕ (ਂੋਮਨਿਅਟਵਿe ਚਅਸe) ਵਿਚ ਮੰਨ ਲਿਆ ਗਿਆ ਹੈ, ਜੋ ਗੁਰਬਾਣੀ ਵਿਆਕਰਣ ਦੀ ਨਿਯਮਾਵਲੀ ਅਨੁਸਾਰ ਨਹੀਂ ਹੈ। ਗੁਰਬਾਣੀ ਵਿਆਕਰਣ ਅਨੁਸਾਰ ‘ਨਾਨਕ’ ਸ਼ਬਦ ਉਕਾਰਾਂਤ (ਨਾਨਕੁ) ਨਹੀਂ ਹੈ, ਜਿਸ ਕਾਰਨ ਇਹ ਸ਼ਬਦ ਕਰਤਾ ਕਾਰਕ ਵਿਚ ਨਹੀਂ ਅਰਥਾਇਆ ਜਾ ਸਕਦਾ। ‘ਨਾਨਕ’ ਸ਼ਬਦ ਇੱਥੇ ਸੰਬੋਧਨ ਕਾਰਕ (ੜੋਚਅਟਵਿe ਚਅਸe) ਵਿਚ ਵਰਤਿਆ ਗਿਆ ਹੈ, ਕਿਉਂਕਿ ‘ਨਾਨਕ’ ਸ਼ਬਦ ਤੋਂ ਬਾਅਦ ਕੋਈ ਸਬੰਧਕ ਗੁਪਤ ਜਾਂ ਪ੍ਰਗਟ ਵੀ ਨਹੀਂ ਹੈ, ਜੋ ‘ਨਾਨਕ’ ਸ਼ਬਦ ਨੂੰ ਸਬੰਧ ਕਾਰਕ ਵਿਚ ਵਰਤਿਆ ਵੀ ਬਣਾ ਸਕੇ। ਗੁਰਬਾਣੀ ਵਿਆਕਰਣ ਅਨੁਸਾਰ ‘ਨਾਨਕ’ ਸ਼ਬਦ ਦਾ ਠੀਕ ਅਰਥ ਬਣੇਗਾ, ਹੇ ਨਾਨਕ! ਆਖ ਅਤੇ ‘ਨਾਨਕ ਲਿਖਿਆ ਨਾਲਿ’ ਵਾਕ-ਅੰਸ਼ ਦਾ ਅਰਥ ਪੂਰੀ ਪੰਕਤੀ ਅਨੁਸਾਰ ਬਣੇਗਾ, ਹੇ ਨਾਨਕ! ਆਖ ਕਿ ਹੁਕਮ ਵਿਚ ਚੱਲਣ ਦੀ ਇਹ ਬਿਧੀ ਹਰ ਜੀਵ ਦੇ ਪੈਦਾ ਹੋਣ ਦੇ ਨਾਲ ਹੀ ਲਿਖੀ ਚੱਲੀ ਆ ਰਹੀ ਹੈ, ਜਦੋਂ ਤੋਂ ਦੁਨੀਆਂ ਬਣੀ ਹੈ। ‘ਨਾਨਕ’ ਸ਼ਬਦ ਦੀ ਗੁਰਬਾਣੀ ਵਿਚ ਵਰਤੋਂ ਦੇਖੀਏ ਤਾਂ ਇਹ 7 ਤਰ੍ਹਾਂ ਦੀ ਹੈ,
ਨਾਨਕ, ਨਾਨਕੁ, ਨਾਨਕਿ, ਨਾਨਕਾ, ਨਾਨਕੋ, ਨਾਨਕੈ ਅਤੇ ਨਾਨਕਹ। ਨਾਨਕ ਸ਼ਬਦ ਦੇ ਇਨ੍ਹਾਂ ਰੂਪਾਂ ਦੇ ਅਰਥ ਮਨਮਰਜ਼ੀ ਨਾਲ ਨਹੀਂ, ਸਗੋਂ ਕਾਰਕੀ ਚਿੰਨ੍ਹਾਂ ਦੀ ਵਰਤੋਂ ਅਨੁਸਾਰ ਹੁੰਦੇ ਹਨ। ਕਈ ਸਾਲ ਪਹਿਲਾਂ ‘ਨਾਨਕ’ ਸ਼ਬਦ ਦੀ ਕਾਰਕੀ ਵਰਤੋਂ ਉਤੇ ‘ਪੰਜਾਬ ਟਾਈਮਜ਼’ ਵਿਚ ਇੱਕ ਲੇਖ ਛਪਵਾਇਆ ਗਿਆ ਸੀ। ਗੁਰਬਾਣੀ ਵਿਚੋਂ ‘ਨਾਨਕ’ ਰੂਪ ਦੀਆਂ ਕੁਝ ਮਿਸਾਲਾਂ ਸਮਝਦੇ ਹਾਂ ਕਿ ਇਹ ਸ਼ਬਦ ਕਰਤਾ ਕਾਰਕ ਨਹੀਂ ਹੈ, ਜਿਵੇਂ ਕਿ ਡਾ. ਸਮਰਾਓ ਨੇ ਮੰਨਿਆ ਹੈ,
1. ਨਾਨਕ ਨਾਮੁ ਮਿਲੈ ਤਾ ਜੀਵਾ
ਤਨੁ ਮਨੁ ਥੀਵੈ ਹਰਿਆ॥ (ਪੰਨਾ 1429)
ਨਾਨਕ- {ਸੰਬੋਧਨ ਕਾਰਕ} ਹੇ ਨਾਨਕ! ਆਖ।
2. ਨਾਨਕ ਨਾਮੁ ਸਮਾਲ ਤੂੰ
ਬਧਾ ਛੁਟਹਿ ਜਿਤੁ॥ (ਪੰਨਾ 729)
ਨਾਨਕ- ਹੇ ਨਾਨਕ! ਆਖ।
3. ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ॥ (ਪੰਨਾ 752)
ਨਾਨਕ- {ਸਬੰਧ ਕਾਰਕ, ਇਸ ਨਾਲ ‘ਕੀ’ ਸ਼ਬਦ ਦੀ ਵਰਤੋਂ ਕਾਰਨ} ਨਾਨਕ ਕੀ ਅਰਦਾਸਿ ਦਾ ਅਰਥ- ਨਾਨਕ ਦੀ ਬੇਨਤੀ।
ਕਰਤਾ ਕਾਰਕ ‘ਨਾਨਕੁ’ ਸ਼ਬਦ ਦੀ ਵਰਤੋਂ,
1. ਜਿਸ ਕੀ ਓਟ ਤਿਸੈ ਕੀ ਆਸਾ॥
ਦੁਖੁ ਸੁਖੁ ਹਮਰਾ ਤਿਸ ਹੀ ਪਾਸਾ॥
ਰਾਖਿ ਲੀਨੋ ਸਭੁ ਜਨ ਕਾ ਪੜਦਾ॥
ਨਾਨਕੁ ਤਿਸ ਕੀ ਉਸਤਤਿ ਕਰਦਾ॥ (ਪੰਨਾ 1145)
ਨਾਨਕੁ- ਕਰਤਾ ਕਾਰਕ ਇੱਕ ਵਚਨ ਹੈ। ਨਾਨਕੁ ਕਰਦਾ- ਨਾਨਕ ਕਰਦਾ ਹੈ। ਨਾਨਕੁ ਤਿਸ ਕੀ- ਨਾਨਕ ਉਸ ਲਾਜ ਰੱਖਣ ਵਾਲੇ ਰੱਬ ਦੀ। ਨਾਨਕੁ ਤਿਸ ਕੀ ਉਸਤਤਿ ਕਰਦਾ- ਨਾਨਕ ਉਸ ਰੱਬ ਦੀ ਸਿਫਤਿ ਕਰਦਾ ਹੈ।
2. ਨਾਨਕੁ ਤਿਸ ਕਾ ਲਾਲਾ ਗੋਲਾ
ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ॥ (ਪੰਨਾ 1026)
ਨਾਨਕੁ- ਕਰਤਾ ਕਾਰਕ ਇੱਕ ਵਚਨ ਹੈ। ਨਾਨਕੁ ਲਾਲਾ ਗੋਲਾ- ਨਾਨਕ ਲਾਲਾ ਗੋਲਾ ਹੈ। ਨਾਨਕੁ ਤਿਸ ਕਾ- ਨਾਨਕ ਉਸ ਦਾ। ਕਿਸ ਦਾ? ਉਤਰ- ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ।
(ਅ) “ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥” (ਲੇਖ ਲੜੀ 29 ਫਰਬਰੀ 2020) ਜਪੁ ਜੀ ਦੀਆਂ ਇਨ੍ਹਾਂ ਦੋ ਪੰਕਤੀਆਂ ਦੀ ਵਿਆਖਿਆ ਕਰਦਿਆਂ ਡਾ. ਸਮਰਾਓ ਲਿਖਦੇ ਹਨ, “ਮੈਂ ਇਹ ਗੱਲ ਪੱਕੀ ਯਾਦ ਕਰ ਲਈ ਹੈ ਤਾਂ ਜੋ ਮੈਨੂੰ ਭੁੱਲ ਨਾ ਜਾਵੇ।”…”ਦਾਤਾ ਸਭ ਦਾ ਇੱਕੋ ਪ੍ਰਕ੍ਰਿਤੀ ਹੈ, ਜਿੱਥੋਂ ਸਭ ਨੂੰ ਨਿਯਮ ਅਨੁਸਾਰ ਸਭ ਕੁਝ ਮਿਲਦਾ ਹੈ।”
“ਇੰਨਾ ਦਸ ਕੇ ਗੁਰੂ ਸਾਹਿਬ ਕਹਿੰਦੇ ਹਨ, ‘ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥’ ਅਰਥਾਤ ਜੇ ਇਸ ਨੁਕਤੇ ਦੀ ਗੱਲ ਨੂੰ ਭਾਵ ਗੁਰ ਨੂੰ ਪਲੇ ਬੰਨ ਲਿਆ ਜਾਵੇ ਤਾਂ ਅਕਲ ਵਿਚ ਰਤਨ ਜਵਾਹਰ ਮਾਣਿਕ ਆਦਿ ਕੀਮਤੀ ਪੱਥਰ ਜੜੇ ਜਾਣਗੇ, ਭਾਵ ਇਸ ਗੁਰ ਨੂੰ ਸਮਝਣ ਨਾਲ ਸਮਝਦਾਰੀ ਵਿਚ ਹੀਰੇ ਜਵਾਹਰਾਤਾਂ ਜਿਹੀ ਵਡਮੁੱਲਤਾ ਆ ਜਾਵੇਗੀ।”
ਗੁਰਬਾਣੀ ਵਿਆਕਰਣ ਆਧਾਰਤ ਵਿਚਾਰ
ਡਾ. ਸਮਰਾਓ ਨੇ ‘ਗੁਰਾ’ ਸ਼ਬਦ ਦਾ ਅਰਥ ‘ਪੱਲੇ ਬੰਨ੍ਹਣ ਵਾਲਾ ਗੁਰ’ ਜਾਂ ‘ਨੁਕਤੇ ਦੀ ਗੱਲ’ ਲਿਖਿਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ‘ਗੁਰਾ’ ਸ਼ਬਦ ਨਾ ਤਾਂ ਕਰਤਾ ਕਾਰਕ ਵਿਚ ਹੈ, ਜਿਸ ਦਾ ਅਰਥ ‘ਪੱਲੇ ਬੰਨ੍ਹਣ ਵਾਲਾ ਗੁਰ’ ਹੋਵੇ ਅਤੇ ਨਾ ਹੀ ਸਬੰਧ ਕਾਰਕ ਵਿਚ ਹੈ, ਜਿਸ ਦਾ ਅਰਥ ‘ਨੁਕਤੇ ਦੀ ਗੱਲ’ ਕੀਤਾ ਜਾਵੇ। ਜੇ ਇਹ ਸ਼ਬਦ ਕਰਤਾ ਕਾਰਕ ਹੁੰਦਾ ਤਾਂ ਇਸ ਦਾ ਰੂਪ ‘ਗੁਰੁ’ ਹੋਣਾ ਸੀ ਅਤੇ ਜੇ ਸਬੰਧ ਕਾਰਕ ਹੁੰਦਾ ਤਾਂ ਇਸ ਦਾ ਰੂਪ ‘ਗੁਰ’ ਹੋਣਾ ਸੀ। ‘ਗੁਰਾ’ {ਨਾਂਵ ਕੰਨਾ ਅੰਤਕ} ਸ਼ਬਦ ਸੰਬੋਧਨ ਕਾਰਕ ਵਿਚ ਕਿਉਂ ਹੈ, ਗੁਰਬਾਣੀ ਵਿਚੋਂ ਕੁਝ ਪ੍ਰਮਾਣ ਦੇਖੋ,
1. ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥ (ਪੰਨਾ 858)
ਜਗਤ ਗੁਰਾ- ਸੰਬੋਧਨ ਕਾਰਕ ਵਿਚ ਹੈ। ਜਗਤ- ਸਬੰਧ ਕਾਰਕ ਵਿਚ ਹੈ। ਜਗਤ ਗੁਰਾ- ਹੇ ਜਗਤ ਦੇ ਗੁਰੂ!
2. ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ॥ (ਪੰਨਾ 39)
3. ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ॥- ਗਗਸ 40
4. ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ॥ (ਪੰਨਾ 439)
5. ਏ ਮਨ ਪਿਆਰਿਆ ਤੂੰ ਸਦਾ ਸਚੁ ਸਮਾਲੇ॥ (ਪੰਨਾ 918)
6. ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ॥ (ਪੰਨਾ 80)
7. ਹਰਿ ਕੇ ਜਨ ਸਤਿਗੁਰ ਸਤਿਪੁਰਖਾ
ਬਿਨਉ ਕਰਉ ਗੁਰ ਪਾਸਿ॥ (ਪੰਨਾ 10)
8. ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ॥ (ਪੰਨਾ 1171)
9. ਤੁਝ ਬਿਨੁ ਅਵਰੁ ਨਾ ਜਾਣਾ ਮੇਰੇ ਸਾਹਿਬਾ
ਗੁਣ ਗਾਵਾ ਨਿਤ ਤੇਰੇ॥ (ਪੰਨਾ 795)
ਉਪਰੋਕਤ ਪਾਵਨ ਪੰਕਤੀਆਂ ਵਿਚ ਹੇਠ ਲਿਖੇ ਕੰਨਾ ਅੰਤਕ ਸ਼ਬਦ ਸੰਬੋਧਨ ਕਾਰਕ ਵਿਚ ਹਨ, ਜਿਨ੍ਹਾਂ ਦੇ ਅਰਥ ਕਰਤਾ ਕਾਰਕ ਅਤੇ ਸਬੰਧ ਕਾਰਕ ਵਿਚ ਨਹੀਂ ਕੀਤੇ ਜਾ ਸਕਦੇ- ਗੁਰਾ (ਹੇ ਗੁਰੂ ਜੀ!), ਸਤਿਗੁਰਾ (ਹੇ ਸਤਿਗੁਰੂ ਜੀ!), ਪ੍ਰੀਤਮਾ (ਹੇ ਪ੍ਰੀਤਮ ਜੀ!), ਜੀਅੜਿਆ (ਹੇ ਜੀਅੜੇ!), ਪਰਦੇਸੀਆ (ਹੇ ਪਰਦੇਸ ਵਿਚ ਵਸਣ ਵਾਲੇ!), ਮਿਤ੍ਰਾ (ਹੇ ਮਿੱਤ੍ਰ ਜੀ!) ਅਤੇ ਸਤਿਪੁਰਖਾ (ਹੇ ਸਤਿਪੁਰਖ ਜੀ!)।
ਗੁਰਬਾਣੀ ਵਿਆਕਰਣ ਅਨੁਸਾਰ ਸਹੀ ਅਰਥ
ਪਹਿਲਾਂ ਦੇਖੋ ਡਾ. ਸਮਰਾਓ ਨੇ ‘ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਿਰਿ ਨ ਜਾਈ॥’ ਦਾ ਅਰਥ ਕੀਤਾ ਹੈ, ਮੈਂ ਇਹ ਗੱਲ ਪੱਕੀ ਯਾਦ ਕਰ ਕਈ ਹੈ ਤਾਂ ਜੋ ਮੈਨੂੰ ਭੁੱਲ ਨਾ ਜਾਵੇ। ਇਨ੍ਹਾਂ ਅਰਥਾਂ ਵਿਚ ਲੇਖਕ ਵਲੋਂ ਭੁੱਲ ਨਾ ਜਾਵੇ ਦਾ ਸਬੰਧ ਕਿਸੇ ‘ਗੱਲ’ ਨਾਲ ਜੋੜਿਆ ਗਿਆ ਹੈ, ਜਦੋਂ ਕਿ ਭੁੱਲ ਨਾ ਜਾਵੇ ਦਾ ਸਬੰਧ ‘ਦਾਤਾ’ ਸ਼ਬਦ ਦੇ ਨਾਲ ਹੈ।
ਗੁਰਬਾਣੀ ਵਿਆਕਰਣ ਅਨੁਸਾਰ ‘ਗੁਰਾ ਇਕ ਦੇਹਿ ਬੁਝਾਈ’ ਦਾ ਅਰਥ ਹੈ, ਹੇ ਗੁਰੂ ਜੀ! ਮੈਨੂੰ ਇੱਕ ਸੂਝ-ਬੂਝ ਬਖਸ਼ੋ। ਨੋਟ: ‘ਇਕ’ ਸ਼ਬਦ ‘ਗੁਰ’ ਜਾਂ ‘ਨੁਕਤੇ’ ਵਾਸਤੇ ਵੀ ਨਹੀਂ ਹੈ, ਕਿਉਂਕਿ ਇਹ ਉਕਾਰਾਂਤ ਨਹੀਂ। ਇਹ ਇਸਤਰੀ ਲਿੰਗ ਸ਼ਬਦ ਦਾ ਵਿਸ਼ੇਸ਼ਣ (Aਦਜeਚਟਵਿe) ਹੈ। ਇਸਤਰੀ ਲਿੰਗ ਸ਼ਬਦ ‘ਬੁਝਾਈ’ ਹੈ। ਇਕ ਬੁਝਾਈ ਤੋਂ ਭਾਵ, ਇੱਕ ਸੂਝ-ਬੂਝ। ‘ਦੇਹਿ’ ਸ਼ਬਦ ਮੰਗ ਵਾਸਤੇ ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ, ਦਿਓ ਜਾਂ ਬਖਸ਼ੋ। ਇਹ ਭੂਤ ਕਾਲ ਦੀ ਕਿਰਿਆ ਨਹੀਂ।
‘ਦੇਹਿ’ ਸ਼ਬਦ ਦਾ ਅਰਥ ਮੰਗ ਨਾਲ ਸਬੰਧਤ ਹੈ, ਜਿਸ ਦਾ ਪ੍ਰਮਾਣ ਜਪੁ ਜੀ ਵਿਚ ਹੀ ਇਉਂ ਹੈ,
ਆਖਹਿ ਮੰਗਹਿ ਦੇਹਿ ਦੇਹਿ
ਦਾਤਿ ਕਰੇ ਦਾਤਾਰੁ॥ (ਪੰਨਾ 2)
ਲੋਕ ਆਖਦੇ ਹਨ ਅਤੇ ‘ਦੇਹਿ ਦੇਹਿ’ ਕਹਿ ਕੇ ਮੰਗਦੇ ਹਨ। ਦਾਤਾਰ ਦਾਤਾਂ ਦਿੰਦਾ ਹੈ। ਦਾਤਾਰੁ- {ਕਰਤਾ ਕਾਰਕ ਇੱਕ ਵਚਨ ਹੈ} ਦਾਤਾ। ਦਾਤਿ- ਬਖਸ਼ਿਸ਼।
(e) ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (22 ਫਰਬਰੀ 2020)
ਡਾ. ਸਮਰਾਓ ਨੇ ਉਪਰੋਕਤ ਪੰਕਤੀ ਵਿਚ ‘ਮੋਖੁ ਦੁਆਰੁ’ ਦੇ ਅਰਥ ਕੀਤੇ ਹਨ, ਮੁੱਖ ਦੁਆਰ ਉਤੇ। ਇਸ ਲੇਖ ਵਿਚ ਉਹ ਲਿਖਦੇ ਹਨ, “ਜੋ ਦਿਸੇਗਾ ਬਸ ਸਵੇਰ ਦੇ ਘੁਸਮੁਸੇ ਵਾਂਗ ਦੂਰ ਉਸ ਦੇ ਮੁੱਖ ਦੁਆਰ ‘ਤੇ ਉਚੇ ਜਿਹੇ ਲਹਿਰਾਉਂਦਾ ਇਕ ਕੱਪੜਾ ਭਾਵ ਨਿਸ਼ਾਨ ਹੀ ਦਿਸੇਗਾ।…ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਇਨ੍ਹਾਂ ਕਰਮਾਂ ਨਾਲ ਭਾਵ ਕੁਦਰਤ ਦੀਆਂ ਵਡਿਆਈਆਂ ਵਿਚਾਰਨ ਨਾਲ ਹੀ ਕਰਤਾ ਪੁਰਖੁ ਦੇ ਦਰਬਾਰ ਦੇ ਮੁੱਖ ਦੁਆਰ ‘ਤੇ ਝੂਲਦਾ ਕਪੜਾ ਭਾਵ ਝੰਡਾ ਅਰਥਾਤ ਲਹਿਰਾਉਂਦਾ ਧਵਜ ਨਜਰੀਂ ਆਵੇਗਾ।”
ਡਾ. ਸਮਰਾਓ ਅਨੁਸਾਰ ਮੋਖੁ=ਮੁੱਖ ਅਤੇ ਦੁਆਰੁ=ਦੁਆਰ ਉਤੇ।
ਗੁਰਬਾਣੀ ਵਿਚੋਂ ‘ਮੋਖੁ’ ਸ਼ਬਦ ਦੇ ਅਰਥ ਬਾਰੇ ਵਿਚਾਰ ਕਰਦੇ ਹਾਂ। ਗੁਰਬਾਣੀ ਅਨੁਸਾਰ ‘ਮੋਖੁ’ ਸ਼ਬਦ ਭਾਵ ਵਾਚਕ ਨਾਂਵ (Aਬਸਟਰਅਚਟ ਂੁਨ) ਹੈ। ਇਹ ਸ਼ਬਦ ‘ਮੋਕਸ਼ੁ’ ਦਾ ਸੰਖੇਪ ਰੂਪ ਹੈ, ਜਿਸ ਦਾ ਅਰਥ ਹੈ-ਮੋਹ ਮਾਇਆ ਤੋਂ ਛੁਟਕਾਰਾ। ਗੁਰਬਾਣੀ ਵਿਚ ਬਿਆਨੇ ਚਾਰਿ ਪਦਾਰਥਾਂ ਵਿਚ ‘ਮੋਖੁ’ ਵੀ ਸ਼ਾਮਲ ਹੈ। ਚਾਰਿ ਪਦਾਰਥ ਹਨ-ਧਰਮ, ਅਰਥ, ਕਾਮ ਅਤੇ ਮੋਕਸ਼। ਜੇ ‘ਮੋਖੁ’ ਦਾ ਅਰਥ ‘ਮੁੱਖ’ ਕੀਤਾ ਜਾਵੇ, ਜਿਵੇਂ ਡਾ. ਸਮਰਾਓ ਨੇ ਕੀਤਾ ਹੈ ਤਾਂ ਇਹ ਸ਼ਬਦ ਵਿਆਕਰਣਕ ਤੌਰ ‘ਤੇ ਨਾਂਵ ਨਾ ਰਹਿ ਕੇ ‘ਵਿਸ਼ੇਸ਼ਣ’ ਬਣ ਜਾਂਦਾ ਹੈ, ਜਿਵੇਂ ਮੁੱਖ ਮੰਤਰੀ, ਮੁੱਖ ਸੇਵਾਦਾਰ, ਮੁੱਖ ਚੋਣ ਅਫਸਰ ਆਦਿਕ। ਅਰਥ ਕਰਨ ਲੱਗਿਆਂ ਡਾ. ਸਮਰਾਓ ਨੇ ‘ਮੋਖੁ’ ਸ਼ਬਦ ਵਿਚ ਵਰਤੇ ਹੋੜੇ ( ੋ) ਨੂੰ ਅੱਖੋਂ ਪਰੋਖੇ ਕੀਤਾ ਹੈ, ਜਿਸ ਨਾਲ ਅਸਲ ਸ਼ਬਦ ਦਾ ਅਰਥ ਬਦਲ ਗਿਆ ਹੈ। ਗੁਰਬਾਣੀ ਵਿਚੋਂ ‘ਮੋਖੁ’ ਸ਼ਬਦ ਦੇ ਪ੍ਰਮਾਣ ਜੋ ਜਪੁ ਜੀ ਵਿਚ ਹੀ ਦੋ ਵਾਰੀ ਵਰਤਿਆ ਹੋਇਆ ਹੈ,
1. ਪੂਰਬ ਲਿਖਿਆ ਸੁ ਮੇਟਣਾ ਨ ਜਾਏ॥
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ॥ (ਪੰਨਾ 88)
2. ਸੰਤ ਕੀ ਨਿੰਦਾ ਦੋਖ ਮਹਿ ਦੋਖੁ॥
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ॥ (ਪੰਨਾ 280)
3. ਨਿਤ ਨਿਤ ਜਾਗਰਣੁ ਕਰਹੁ
ਸਦਾ ਸਦਾ ਆਨੰਦੁ ਜਪਿ ਜਗਦੀਸੋਰਾ॥
ਮਨ ਇਛੇ ਫਲ ਪਾਵਹੁ ਸਭੈ
ਫਲ ਪਾਵਹੁ ਧਰਮੁ ਅਰਥੁ ਕਾਮੁ ਮੋਖੁ
ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ॥ (ਪੰਨਾ 1201)
4. ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ॥
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ
ਜਨ ਪੀਛੈ ਲਗਿ ਫਿਰਥਈ॥1॥ ਰਹਾਉ॥ (ਪੰਨਾ 1320)
ਗੁਰਬਾਣੀ ਵਿਆਕਰਣ ਆਧਾਰਤ ਵਿਚਾਰ
ਉਕਤ ਦਿੱਤੇ ਚਹੁੰਆਂ ਪ੍ਰਮਾਣਾਂ ਵਿਚ ਕਿਤੇ ਵੀ ‘ਮੋਖੁ’ ਸ਼ਬਦ ਦਾ ਅਰਥ ‘ਮੁੱਖ’ (ਵੱਡਾ) ਨਹੀਂ ਵਰਤਿਆ ਹੋਇਆ, ਕਿਉਂਕਿ ‘ਮੋਖੁ’ ਸ਼ਬਦ ਨਾਂਵ ਹੈ, ਨਾ ਕਿ ਵਿਸ਼ੇਸ਼ਣ।
ਹੁਣ ‘ਦੁਆਰੁ’ ਸ਼ਬਦ ਬਾਰੇ ਵਿਆਕਰਣਕ ਵਿਚਾਰ ਕਰਦੇ ਹਾਂ। ‘ਦੁਆਰੁ’ ਸ਼ਬਦ ਗੁਰਬਾਣੀ ਵਿਆਕਰਣ ਅਨੁਸਾਰ ਕਰਤਾ ਕਾਰਕ ਇੱਕ ਵਚਨ ਨਾਂਵ ਹੈ, ਜਿਸ ਦਾ ਅਰਥ ਹੈ-ਦਰ। ‘ਦੁਆਰੁ’ ਸ਼ਬਦ ਦਾ ਅਰਥ ‘ਦੁਆਰ ਉਤੇ ਨਹੀਂ ਹੋ ਸਕਦਾ, ਜਿਵੇਂ ਕਿ ਡਾ. ਸਮਰਾਓ ਨੇ ਕੀਤਾ ਹੈ, ਕਿਉਂਕਿ ਇਸ ਅਰਥ ਵਿਚ ਇਸ ਦਾ ਰੂਪ ‘ਦੁਆਰਿ’ {ਅਧਿਕਰਣ ਕਾਰਕ-.ੋਚਅਟਵਿe ਛਅਸe ਸਨਿਗੁਲਅਰ} ਹੋਣਾ ਸੀ, ਜੋ ਨਹੀਂ ਹੈ। ਗੁਰਬਾਣੀ ਵਿਚੋਂ ‘ਦੁਆਰੁ’ {ਵਰਤੋਂ 45 ਵਾਰੀ} ਅਤੇ ‘ਦੁਆਰਿ’ {ਵਰਤੋਂ 29 ਵਾਰੀ} ਦੀ ਵਰਤੋਂ ਦੇ ਕੁਝ ਪ੍ਰਮਾਣ,
‘ਦੁਆਰਿ’ ਸ਼ਬਦ ਦੀ ਵਰਤੋਂ ਦੇਖੋ, ਜਿਸ ਦਾ ਅਰਥ ਹੈ-ਦੁਆਰ ਉਤੇ:
1. ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ
ਸੇਵ ਕਰਤ ਜਨ ਜਨ ਕੀ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ
ਨਹ ਸੁਧ ਰਾਮ ਭਜਨ ਕੀ॥1॥ (ਪੰਨਾ 411)
2. ਆਪਿ ਹੋਆ ਸਦਾ ਮੁਕਤੁ
ਸਭੁ ਕੁਲੁ ਨਿਸਤਾਰਿਆ॥
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ॥ (ਪੰਨਾ 86)
3. ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ
ਆਰਤ ਦੁਆਰਿ ਰਟਤ ਪਿੰਗੁਰੀਆ॥1॥ (ਪੰਨਾ 203)
4. ਰੰਗਿ ਰਤੇ ਨਿਰਬਾਣੁ ਸਚਾ ਗਾਵਹੀ॥
ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ॥2॥ (ਪੰਨਾ 322)
‘ਦੁਆਰੁ’ ਸ਼ਬਦ ਦੀ ਵਰਤੋਂ ਦੇਖੋ, ਜਿਸ ਦਾ ਅਰਥ ਹੈ-ਦਰ, ਨਾ ਕਿ ਦਰ ਉਤੇ:
1. ਪੰਡਿਤੁ ਪੜੈ ਬੰਧਨ ਮੋਹ ਬਾਧਾ
ਨਹ ਬੂਝੈ ਬਿਖਿਆ ਪਿਆਰਿ॥
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ
ਚਉਥੈ ਪਦਿ ਮੁਕਤਿ ਦੁਆਰੁ॥2॥ (ਪੰਨਾ 33)
2. ਗੁਰ ਤੇ ਗਿਆਨੁ ਪਾਏ ਜਨੁ ਕੋਇ॥
ਗੁਰ ਤੇ ਬੂਝੈ ਸੀਝੈ ਸੋਇ॥
ਗੁਰ ਤੇ ਸਹਜੁ ਸਾਚੁ ਬੀਚਾਰੁ॥
ਗੁਰ ਤੇ ਪਾਏ ਮੁਕਤਿ ਦੁਆਰੁ॥1॥ (ਪੰਨਾ 158)
3. ਨਉ ਦਰਵਾਜੇ ਦਸਵਾ ਦੁਆਰੁ॥
ਬੁਝੁ ਰੇ ਗਿਆਨੀ ਏਹੁ ਬੀਚਾਰੁ॥1॥ (ਪੰਨਾ 152)
(ਸ) ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ (22 ਫਰਬਰੀ 2020)
ਗੁਰਬਾਣੀ ਵਿਆਕਰਣ ਅਨੁਸਾਰ ਉਪਰੋਕਤ ਤੁਕ ਵਿਚ ਆਏ ਸ਼ਬਦਾਂ ਦੇ ਅਰਥ: ਨਾਨਕ-(ਸੰਬੋਧਨ ਕਾਰਕ) ਹੇ ਨਾਨਕ! ਆਖ। ਏਵੈ- ਏਵੈਂ, ਇਸ ਤਰ੍ਹਾਂ ਜਿਵੇਂ ਪਉੜੀ ਦੀਆਂ ਮਗਰਲੀਆਂ ਤਿੰਨ ਪੰਕਤੀਆਂ ਵਿਚ ਬਿਆਨ ਕੀਤਾ ਗਿਆ ਹੈ। ਜਾਣੀਐ- ਜਾਣ ਲਈਦਾ ਹੈ, ਜਾਣਿਆ ਜਾਂਦਾ ਹੈ। ਸਭੁ- ਪੁਲਿੰਗ ਇੱਕ ਵਚਨ ਵਿਸ਼ੇਸ਼ਣ (ਉਕਾਰਾਂਤ ਕਾਰਣ) ਹਰ ਥਾਂ। ਆਪੇ- ਆਪ ਹੀ। ਸਚਿਆਰੁ- ਇੱਕ ਵਚਨ (ਉਕਾਰਾਂਤ ਕਾਰਣ) ਹੋਂਦ ਦਾ ਘਰ ਜਾਂ ਹਸਤੀ ਦਾ ਮਾਲਕ। ਡਾਕਟਰ ਸਮਰਾਓ ਦੇ ‘ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥’ ਪੰਕਤੀ ਦੇ ਕੀਤੇ ਅਰਥ ਇਸ ਤਰ੍ਹਾਂ ਹਨ-
“ਅਖੀਰ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਨ੍ਹਾਂ ਨੂੰ ਭਾਵ (ਗੁਰੂ) ਨਾਨਕ ਨੂੰ ਤਾਂ ਇਵੇਂ ਈ ਪਤਾ ਹੈ, ਦੂਜੇ ਸਭ ਭਾਵੇਂ ਆਪਣੇ ਆਪ ਵਿਚ ਆਪ ਹੀ ਸਿਆਣੇ ਬਣੀ ਫਿਰਦੇ ਹਨ। ਇਨ੍ਹਾਂ ਦੀ ਨਿਜੀ ਲਾਭ ਵਾਲੀ ਸੋਚ ਉਨ੍ਹਾਂ ਨੂੰ ਬਾਹਰ ਨਿਕਲ ਕੇ ਨਿਰਪੱਖ ਵਿਚਾਰ ਕਰਨ ਦੀ ਖੁਲ੍ਹ ਨਹੀਂ ਦਿੰਦੀ, ਇਸ ਲਈ ਉਹ ਹਉਮੈ ਦਾ ਸ਼ਿਕਾਰ ਹੋ ਕੇ ਖੁਦ ਦੀ ਸਮਝ ਨੂੰ ਹੀ ਉਪਰ ਰੱਖਦੇ ਹਨ।”
ਡਾ. ਸਮਰਾਓ ਵਲੋਂ ਕੀਤੇ ਅਰਥਾਂ ਦਾ ਤਰਕ ਸੰਗਤ ਵਿਸ਼ਲੇਸ਼ਣ
‘ਨਾਨਕ’ ਸ਼ਬਦ ਦੇ ਅਰਥ ਸੰਬੋਧਨ ਕਾਰਕ ਵਿਚ ਨਹੀਂ ਕੀਤੇ। ‘ਨਾਨਕ’ ਸ਼ਬਦ ਦਾ ਅਰਥ ‘ਨਾਨਕ ਨੂੰ’ ਕੀਤਾ ਹੈ, ਜੋ ਸੰਬੋਧਨ ਕਾਰਕ ਵਿਚ ਨਹੀਂ ਹੈ ਅਤੇ ਢੁਕਵਾਂ ਨਹੀਂ ਹੈ।
‘ਜਾਣੀਐ’ ਸ਼ਬਦ ਦਾ ਅਰਥ ਕੀਤਾ ਹੈ-ਪਤਾ ਹੈ, ਪਰ ਇਹ ਅਰਥ ਤਾਂ ਹੋਣਾ ਸੀ, ਜੇ ‘ਜਾਣੀਐ’ ਦੀ ਥਾਂ ‘ਜਾਣਦਾ’ ਸ਼ਬਦ ਹੁੰਦਾ, ਜਿਵੇਂ ਮੈਨੂੰ ਪਤਾ ਹੈ ਜਾਂ ਮੈ ਜਾਣਦਾ ਹਾਂ। ‘ਜਾਣੀਐ’ ਸ਼ਬਦ ਕਰਮਨੀ ਵਾਚ (ਫਅਸਸਵਿe ੜੋਚਿe) ਵਿਚ ਹੈ। ‘ਸਭੁ’ ਸ਼ਬਦ ਇੱਕ ਵਚਨ ਸੀ, ਜਿਸ ਦਾ ਸਬੰਧ ਅਕਾਲ ਪੁਰਖ ਨਾਲ ਸੀ, ਜਿਸ ਨੂੰ ਬਹੁਵਚਨ ਮੰਨ ਕੇ ਬਾਣੀ ਦੇ ਟੀਕਾਕਾਰਾਂ ਨਾਲ ਜੋੜ ਦਿੱਤਾ ਗਿਆ ਹੈ। ‘ਸਚਿਆਰੁ’ ਸ਼ਬਦ ਇੱਕ ਵਚਨ ਸੀ, ਜਿਸ ਨੂੰ ਬਹੁਵਚਨ ਮੰਨ ਕੇ ‘ਸਿਆਣੇ ਬਣੀ ਫਿਰਦੇ ਹਨ’ ਲਿਖ ਕੇ ਜਪੁ ਜੀ ਦੇ ਹੋਰ ਟੀਕਾਕਾਰਾਂ ਨਾਲ ਜੋੜ ਦਿੱਤਾ ਗਿਆ ਹੈ। ਗੁਰਬਾਣੀ ਵਿਚ ਵਰਤੇ ਸ਼ਬਦਾਂ ਦੇ ਵਿਆਕਰਣਕ ਸਰੂਪ ਲਿਖਣ ਜਾਂ ਅਰਥ ਕਰਨ ਸਮੇਂ ਬਦਲੇ ਨਹੀਂ ਜਾ ਸਕਦੇ, ਕਿਉਂਕਿ ਇਸ ਤਰ੍ਹਾਂ ਬਾਣੀਕਾਰਾਂ ਵਲੋਂ ਵਰਤੀਆਂ ਸ਼ਬਦਾਂਤਕ ਲਗਾਂ ਮਾਤ੍ਰਾਂ ਨੂੰ ਵਰਤਣ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ।
ਗੁਰੂ ਗ੍ਰੰਥ ਸਾਹਿਬ ਵਿਚ ਜੇ ‘ਸਚਿਆਰੁ’ 15 ਵਾਰੀ, ‘ਸਚਿਆਰ’ 11 ਵਾਰੀ, ‘ਸਭ’ 1241 ਵਾਰੀ, ‘ਸਭਿ’ 738 ਵਾਰੀ ਅਤੇ ‘ਸਭੁ’ 990 ਵਾਰੀ ਵਰਤੇ ਗਏ ਹਨ ਤਾਂ ਇਨ੍ਹਾਂ ਸ਼ਬਦ-ਸਰੂਪਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਜਪੁ ਜੀ ਵਿਚ ਹੀ ‘ਸਚਿਆਰੁ’ ਸ਼ਬਦ ਇੱਕ ਵਚਨ ਰੂਪ ਵਿਚ 2 ਵਾਰੀ ਵਰਤਿਆ ਗਿਆ ਹੈ, ਜਿਸ ਨੂੰ ਬਹੁਵਚਨ ਵਿਚ ਨਹੀਂ ਵਰਤਿਆ ਜਾ ਸਕਦਾ, ਜਿਵੇਂ ਡਾ. ਸਮਰਾਓ ਨੇ ਵਰਤਿਆ ਹੈ। ਜਪੁ ਜੀ ਵਿਚ ਹੀ ‘ਸਭੁ’ 4 ਵਾਰੀ, ‘ਸਭਿ’ ਅਤੇ ‘ਸਭ’ 1 ਵਾਰੀ ਵਰਤੇ ਗਏ ਹਨ, ਜਿਨ੍ਹਾਂ ਦੇ ਅਰਥ ਨਿਸ਼ਚਿਤ ਹਨ ਅਤੇ ਇਨ੍ਹਾਂ ਨੂੰ ਧਿਆਨ ਨਾਲ ਵਾਚਣ ਦੀ ਲੋੜ ਹੈ। ‘ਸਭੁ’ ਪੁਲਿੰਗ ਇਕ ਵਚਨ ਹੈ, ‘ਸਭ’ ਇਸਤਰੀ ਲਿੰਗ ਇੱਕਵਚਨ ਹੈ ਅਤੇ ‘ਸਭਿ’ ਬਹੁਵਚਨ ਹੈ, ਜੋ ਪੁਲਿੰਗ ਤੇ ਇਸਤਰੀ ਲਿੰਗ-ਦੋਹਾਂ ਨਾਲ ਵਰਤਿਆ ਜਾਂਦਾ ਹੈ। ਗੁਰਬਾਣੀ ਵਿਆਕਰਣ ਦੇ ਇਨ੍ਹਾਂ ਤੱਥਾਂ ਅਤੇ ਸ਼ਬਦ-ਸਰੂਪਾਂ ਨੂੰ ਅਰਥ ਕਰਨ ਸਮੇਂ ਕਿਸੇ ਤਰਕ ਉਤੋਂ ਕੁਰਬਾਨ ਕਰ ਦੇਣਾ ਬਾਣੀਕਾਰਾਂ ਨਾਲ ਬੇਇਨਸਾਫੀ ਤਾਂ ਹੈ ਹੀ!