ਕਬੱਡੀ ਦਾ ਮਸੀਹਾ ਸੀ, ਕਾਲਾ ਸੰਘਿਆਂ ਵਾਲਾ ਮਹਿੰਦਰ ਮੌੜ

ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਕਬੱਡੀ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਮਹਿੰਦਰ ਮੌੜ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਦੁਨੀਆਂ ‘ਤੇ ਆਏ ਹਰ ਪ੍ਰਾਣੀ ਨੇ ਇਕ ਦਿਨ ਤੁਰ ਜਾਣਾ, ਪਰ ਅਜਿਹਾ ਇਨਸਾਨ ਲੱਭਣਾ ਬਹੁਤ ਔਖਾ ਹੈ, ਜੋ ਆਪਣੇ ਘਰੇਲੂ ਕੰਮਾਂ ਨੂੰ ਭੁੱਲ ਕੇ ਲੋੜਵੰਦਾਂ ਅਤੇ ਦੂਜਿਆਂ ਦੀਆਂ ਮੁਸ਼ਕਿਲਾਂ ਨੂੰ ਤਰਜੀਹ ਦੇਵੇ। ਉਹ ਦਿਲ ਦਾ ਬਾਦਸ਼ਾਹ ਸ਼ਾਹੀ ਫਕੀਰ ਬੰਦਾ ਸੀ, ਹਰ ਇਕ ਦੀ ਬਾਂਹ ਫੜਨ ਵਾਲਾ ਇਨਸਾਨ। ਉਹਦੀ ਦਰਿਆ-ਦਿਲੀ ਨੂੰ ਯਾਦ ਕਰ ਖਿਡਾਰੀ ਉਦਾਸ ਹਨ। ਹਰ ਇਕ ਦਾ ਦੁਖ ਸਮੇਟਣ ਵਾਲੇ ਦਲੇਰ ਦਾਨੀ ਇਨਸਾਨ ਮਹਿੰਦਰ ਮੌੜ ਦੀ ਜ਼ਿੰਦਗੀ ਦੇ ਖੱਟੇ-ਮਿੱਠੇ ਤਜ਼ਰਬਿਆਂ ਦੀ ਸਾਂਝ ਪਾਠਕਾਂ ਦੀ ਕਚਹਿਰੀ ‘ਚ ਸਨਮੁੱਖ ਕਰ ਰਿਹਾ ਹਾਂ।

ਆਪਣੇ ਸਮੇਂ ਦੇ ਸਟਾਰ ਖਿਡਾਰੀ ਪੱਤੜੀਏ ਬੋਲੇ ਦੇ ਸ਼ਬਦਾਂ ‘ਚ “ਮੌੜ ਵਰਗੇ ਘਰ ਘਰ ਨ੍ਹੀਂ ਜੰਮਣੇ, ਉਹ ਕਬੱਡੀ ਦਾ ਕਿਲਾ ਸੀ। ਉਸ ਨੇ ਨਫਾ-ਨੁਕਸਾਨ ਸੋਚੇ ਬਿਨਾ ਖਿਡਾਰੀਆਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ। ਸੈਂਕੜੇ ਕਬੱਡੀ ਖਿਡਾਰੀ ਇੰਗਲੈਂਡ ਸੱਦੇ, ਵਿਆਹ ਕੀਤੇ ਤੇ ਪੈਰਾਂ ਸਿਰ ਹੋਣ ‘ਚ ਮਦਦ ਕੀਤੀ। ਅਜਿਹੇ ਇਨਸਾਨ ਦੁਨੀਆਂ ‘ਚ ਬੜੇ ਘੱਟ ਮਿਲਦੇ ਨੇ।”
ਕੈਲੀਫੋਰਨੀਆ ਰਹਿੰਦੇ ਉਘੇ ਬਿਜਨਸਮੈਨ ਤੇ ਕਬੱਡੀ ਪ੍ਰੋਮੋਟਰ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਮਹਿੰਦਰ ਮੌੜ ਬੜਾ ਦਲੇਰ ਬੰਦਾ ਸੀ-ਇੰਗਲੈਂਡ ਵਿਚ ਕਬੱਡੀ ਦੀਆਂ ਜੜ੍ਹਾਂ ਲਾਉਣ ਵਾਲਾ, ਕਬੱਡੀ ਨੂੰ ਪਿਆਰ ਕਰਨ ਵਾਲਾ ਤੇ ਖਿਡਾਰੀਆਂ ਦੀ ਬਾਂਹ ਫੜਨ ਵਾਲਾ।
ਇੰਗਲੈਂਡ ‘ਚ ਮੌੜ ਨੂੰ ‘ਕਬੱਡੀ ਦਾ ਬਾਬਾ ਬੋਹੜ’ ਕਰਕੇ ਜਾਣਿਆ ਜਾਂਦੈ। ਉਨ੍ਹੇ ਖਿਡਾਰੀਆਂ ‘ਚ ਹਮੇਸ਼ਾ ਜੋਸ਼ ਤੇ ਜਜ਼ਬਾ ਭਰ ਕੇ ਰੱਖਿਆ। ਪੰਜਾਬੀਆਂ ਦੀ ਰੂਹ ਦੀ ਖੁਰਾਕ ਕਬੱਡੀ ਉਹਦੇ ਰੋਮ ਰੋਮ ‘ਚ ਵਸੀ ਹੋਈ ਸੀ। ਉਹ ਪੰਜਾਬ ਦੇ ਨਾਮੀ ਖਿਡਾਰੀਆਂ ਪਿਛੇ ਹਮੇਸ਼ਾ ਥੰਮ੍ਹ ਵਾਂਗ ਖੜ੍ਹਿਆ ਰਿਹਾ। ਮੁਲਕ ਦੀ ਵੰਡ ਪਿਛੋਂ ਤੋਖੀ, ਮਾਲੜੀ, ਬੱਲ ਤੇ ਪ੍ਰੀਤੇ ਜਿਹੇ ਖਿਡਾਰੀਆਂ ਨੇ ਭਾਰਤੀ ਪੰਜਾਬ ਦੇ ਲੋਕਾਂ ਦੀ ਰਗ ਨੂੰ ਪਛਾਣਿਆ ਅਤੇ ਉਨ੍ਹਾਂ ਵਾਂਗ ਕਬੱਡੀ ਨੂੰ ਹੱਸਦੀ ਵੱਸਦੀ ਵੇਖਣ ਤੇ ਬੁਲੰਦੀਆਂ ‘ਤੇ ਪਹੁੰਚਾਉਣ ਲਈ ਮਹਿੰਦਰ ਮੌੜ ਦਾ ਵੱਡਾ ਯੋਗਦਾਨ ਹੈ। ਘਰ ਫੂਕ ਤਮਾਸ਼ਾ ਵੇਖਣ ਵਾਂਗ ਸ਼ੌਕ ਪਾਲਣ ਲਈ ਜੇਬਾਂ ਖਾਲੀ ਕੀਤੀਆਂ ਤੇ ਜ਼ਮੀਨਾਂ ਦਾਅ ‘ਤੇ ਲਾਈਆਂ। ਗਰੀਬ ਖਿਡਾਰੀਆਂ ਦੀ ਬਾਂਹ ਫੜੀ ਅਤੇ ਕੱਚਿਆਂ ਤੋਂ ਪੱਕੇ ਕਰਵਾਏ। ਮਹਿੰਦਰ 89 ਕੁ ਸਾਲ ਦੀ ਉਮਰੇ ਸਰੀਰਕ ਤੌਰ ‘ਤੇ ਨਾਜ਼ੁਕ ਹਾਲਤਾਂ ‘ਚੋਂ ਗੁਜ਼ਰ ਰਿਹਾ ਸੀ ਤੇ ਇਲਾਜ ਚਲਦਾ ਸੀ। ਭਤੀਜੇ ਜੀਤੇ ਮੌੜ ਨੇ ਬਹੁਤ ਸੇਵਾ ਕੀਤੀ।
ਪਿਤਾ ਤੇ ਭਰਾ ਸਿੰਘਾਪੁਰ ਰਹਿੰਦੇ ਸਨ। 1957 ‘ਚ ਮੌੜ ਉਨ੍ਹਾਂ ਕੋਲ ਚਲਾ ਗਿਆ। ਸਾਢੇ ਛੇ ਫੁੱਟ ਦਰਸ਼ਨੀ ਜੁਆਨ ਵੱਡਾ ਭਾਈ ਪਰਗਣ ਸਿੰਘ ਸਿੰਘਾਪੁਰ ‘ਚ ਕੁਸ਼ਤੀਆਂ ਕਰਦਾ ਤੇ ਰੱਸਾ ਖਿਚਦਾ ਸੀ। ਡੇਢ ਕੁ ਸਾਲ ਮੌੜ ਉਨ੍ਹਾਂ ਕੋਲ ਰਿਹਾ। ਚੰਗੀ ਖੁਰਾਕ ਖਾਧੀ ਪਹਿਲਵਾਨੀ ਕੀਤੀ ਤੇ ਦਿਲ ਨਾ ਲੱਗਣ ਕਰਕੇ ਵਾਪਸ ਪਿੰਡ ਆ ਗਿਆ। ਕੁਝ ਮਹੀਨੇ ਪਿੰਡ ਰਿਹਾ, ਫਿਰ ਏਜੰਟ ਨਾਲ ਗੱਲ ਕਰਕੇ ਇੰਗਲੈਂਡ ਨੂੰ ਚਾਲੇ ਪਾ ਦਿੱਤੇ।
1959 ‘ਚ ਉਹ ਇੰਗਲੈਂਡ ਚਲਾ ਗਿਆ। ਉਥੇ ਉਹਨੂੰ ਕੋਈ ਨਹੀਂ ਸੀ ਜਾਣਦਾ। ਉਥੇ ਪੰਜਾਬੀ ਉਦੋਂ ਬੜੇ ਘੱਟ ਸਨ। ਪਹਿਲੀ ਰਾਤ ਉਨ੍ਹੇ ਵੁਲਵਹੈਂਮਟਨ ਦੇ ਸਟੇਸ਼ਨ ‘ਤੇ ਕੱਟੀ। ਫਿਰ ਉਹਨੂੰ ਅੱਪਰੇ ਲਾਗੇ ਦਾ ਕੋਈ ਪਰਿਵਾਰ ਮਿਲਿਆ। ਥੋੜ੍ਹੇ ਦਿਨ ਉਨ੍ਹਾਂ ਕੋਲ ਰਿਹਾ ਤੇ ਕੰਮ ਲੱਭ ਕੇ ਟਿਕਾਣਾ ਬਣਾ ਲਿਆ। ਕੁਸ਼ਤੀਆਂ ਕਰਦਾ ਹੋਣ ਕਰਕੇ ਇੰਗਲੈਂਡ ਜਾ ਕੇ ਕੁਸ਼ਤੀਆਂ ਕੀਤੀਆਂ ਤੇ ਕੇਬੋ, ਨਿੰਮਾ ਮੱਲੀਆਂ ਤੇ ਹੋਰ ਪਹਿਲਵਾਨਾਂ ਨਾਲ ਕੁਸ਼ਤੀਆਂ ਲੜੀਆਂ। ਫਿਰ ਕਬੱਡੀ ਦਾ ਜਨੂੰਨ ਸਿਰ ਚੜ੍ਹ ਬੋਲਣ ਲੱਗਾ। ਕੰਮ ਤੋਂ ਘਰ ਜਾ ਥੋੜ੍ਹਾ ਅਰਾਮ ਕਰਨਾ, ਫਿਰ ਵੈਨ ‘ਚ ਖਿਡਾਰੀਆਂ ਨੂੰ ਘਰੋਂ ਚੁੱਕ ਕੇ ਗਰਾਊਂਡ ਲਿਜਾਣਾ ਤੇ ਪ੍ਰੈਕਟਿਸ ਕਰਕੇ ਫਿਰ ਘਰੋ-ਘਰੀ ਛੱਡਣਾ, ਰੋਜ਼ ਦਾ ਕੰਮ ਸੀ।
1965 ‘ਚ ਇੰਗਲੈਂਡ ‘ਚ ਕਬੱਡੀ ਦੀ ਸ਼ੁਰੂਆਤ ਹੋਈ। 13 ਫਰਵਰੀ 1973 ਨੂੰ ਇੰਗਲੈਂਡ ਦੀ ਟੀਮ ਪਹਿਲੀ ਵਾਰ ਪੰਜਾਬ ਖੇਡਣ ਗਈ। ਇੰਗਲੈਂਡ ‘ਚ ਕਬੱਡੀ ਦਾ ਸ਼ੌਕ ਰੱਖਣ ਵਾਲੇ ਕਾਵੈਂਟਰੀ ਤੇ ਵੁਲਵਹੈਂਮਟਨ ਤੋਂ ਮਹਿੰਦਰ ਮੌੜ ਤੇ ਸੋਹਣ ਸਿੰਘ ਚੀਮਾ, ਬਰਮਿੰਘਮ ਤੋਂ ਪਿਆਰਾ ਸਿੰਘ ਉਪਲ ਤੇ ਜਰਨੈਲ ਸਿੰਘ ਹੇਅਰ, ਸਾਊਥਹਾਲ ਤੋਂ ਸੁਰਜਣ ਸਿੰਘ ਚੱਠਾ ਤੇ ਰੇਸ਼ਮ ਸਿੰਘ ਅਤੇ ਗਰੇਵਜੈਂਡ ਤੋਂ ਕਰਨੈਲ ਸਿੰਘ ਸਨ। ਇਨ੍ਹਾਂ ਪ੍ਰੋਮੋਟਰਾਂ ਨੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਖਿਡਾਰੀ ਚੁਣ ਚੁਣ ਕੇ ਪੰਜਾਬ ਖੇਡਣ ਲਈ ਭੇਜੇ। ਟੀਮ ਵਿਚ ਹਰਪਾਲ ਬਰਾੜ, ਜੀਤੀ ਖਹਿਰਾ, ਟਹਿਲ ਸਿੰਘ ਟਹਿਲਾ ਸੰਧਵਾਂ, ਹਿੰਮਤ ਸਿੰਘ, ਜਸਵੀਰ ਘੁੱਗੀ, ਲਹਿੰਬਰ ਲਿਤਰਾਂ, ਕੇਵਲ ਪਾਸਲਾ, ਦੇਬੀ ਕੋਟਲੀ ਥਾਨ ਸਿੰਘ, ਤੋਚੀ, ਬਾਬਾ ਕਰਨੈਲ ਘੁਰਲੀ, ਅਮਰੀਕ ਢਿਲਵਾਂ, ਸੋਹਣ ਬੋਪਾਰਾਏ, ਅਜੈਬ ਚੀਮਾ, ਜੀਤੀ ਹੁਸ਼ਿਆਰਪੁਰ, ਬਿੰਦਰ ਹੁਸ਼ਿਆਰਪੁਰ, ਪਰਮਜੀਤ ਲਾਖਾ, ਪਾਲੀ ਰਾਏਪੁਰ ਡੱਬਾ ਤੇ ਮੀਤਾ ਸੰਗ ਢੇਸੀਆਂ ਨਾਮੀ ਖਿਡਾਰੀ ਸਨ। ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦੇ ਜਲੰਧਰ, ਫਿਰੋਜ਼ਪੁਰ, ਮੋਰਾਂਵਾਲੀ ਤੇ ਕਿਲਾ ਰਾਏਪੁਰ ਮੈਚ ਖੇਡੇ।
ਨਾਮੀ ਕਬੱਡੀ ਖਿਡਾਰੀ ਤੇ ਕੋਚ ਰਮੀਦੀ ਵਾਲੇ ਸਰਬਣ ਬੱਲ ਨੂੰ ਮੌੜ ਨੇ ਪਹਿਲੀ ਵਾਰ 1972 ‘ਚ ਇੰਗਲੈਂਡ ਸੱਦਿਆ। ਇੰਗਲੈਂਡ ਤੋਂ ਵਾਪਸ ਜਾ ਕੇ ਸ਼ ਬੱਲ ਨੇ ਗ੍ਰਾਮ ਸੇਵਕ ਭਜਨ ਸਿੰਘ ਸੰਘਾ ਅਤੇ ਪੰਚਾਇਤ ਅਫਸਰ ਤੇ ਖੇਡਾਂ ‘ਚ ਸ਼ੌਕ ਰੱਖਣ ਵਾਲੇ ਬੀ. ਡੀ. ਪੀ. ਓ. ਹਰਮਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਤੇ ਪੰਜਾਬ ਦੇ ਤਕੜੇ ਖਿਡਾਰੀਆਂ ਦੀ ਟੀਮ ਤਿਆਰ ਕਰਕੇ 1974 ‘ਚ ਇੰਗਲੈਂਡ ਖੇਡਣ ਗਏ। ਟੀਮ ਨਾਲ ਕੋਚ ਬੱਲ, ਹਰਮਿੰਦਰ ਸਿੰਘ ਭੁੱਲਰ, ਸਿਹਤ ਮੰਤਰੀ ਬਲਵੀਰ ਸਿੰਘ ਸ਼ੰਕਰ ਤੇ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਸਨ। ਤੋਖੀ ਐਟਮ ਬੰਬ ਤੇ ਅਜੀਤ ਸਿੰਘ ਮਾਲੜੀ ਮਹਿਮਾਨ ਵਜੋਂ ਨਾਲ ਗਏ। ਖਿਡਾਰੀਆਂ ‘ਚ ਪ੍ਰੀਤਾ (ਕਪਤਾਨ), ਦੇਵੀ ਦਿਆਲ (ਉਪ ਕਪਤਾਨ), ਸੱਤਾ ਅੰਮ੍ਰਿਤਸਰ, ਜੀਤਾ ਸਿਪਾਹੀ ਅੰਮ੍ਰਿਤਸਰ, ਰਸਾਲ ਸਿੰਘ ਰਸਾਲਾ, ਬੰਸਾ ਢੰਡੋਵਾਲ ਸ਼ਾਹਕੋਟ, ਭੱਜੀ ਖੁਰਦਪੁਰ ਤੇ ਜੱਗੀ ਰਸੂਲਪੁਰ ਰੇਡਰ ਸਨ ਅਤੇ ਜਾਫੀਆਂ ‘ਚ ਘੁੱਗਾ ਸ਼ੰਕਰ, ਦਰਸ਼ਨ ਮੰਗਲੀ ਲੁਧਿਆਣਾ, ਸੁਰਜੀਤ ਸੈਦੋਵਾਲ, ਬਿੰਦਰ ਘੱਲ ਕਲਾ ਤੇ ਮੋਹਣੀ ਜੰਡਿਆਲਾ (ਜਾਫੀ ਤੇ ਪਹਿਲਵਾਨ) ਖਿਡਾਰੀ ਸਨ। ਨਾਲ ਗਏ ਸ਼ ਭੁੱਲਰ ਨੂੰ ਸਟੇਜ ਦਾ ਧਨੀ ਤੇ ਗਜਬ ਦਾ ਕੁਮੈਂਟੇਟਰ ਐਲਾਨਿਆ ਗਿਆ।
ਮਹਿੰਦਰ ਮੌੜ 15-16 ਸਾਲਾਂ ਬਾਅਦ 1974-75 ‘ਚ ਪੰਜਾਬ ਗਏ ਤਾਂ ਫਸਲਾਂ ਦੇ ਰੰਗ ਤੇ ਕਬੱਡੀ ਮੈਚ ਵੇਖ ਕੇ ਗਦਗਦ ਹੋ ਗਏ। 1977 ‘ਚ ਪੰਜਾਬ ਦੀ ਟੀਮ ਦੂਜੀ ਵਾਰ ਫਿਰ ਇੰਗਲੈਂਡ ਖੇਡਣ ਗਈ। ਧਾਵੀਆਂ ‘ਚ ਪ੍ਰੀਤਾ, ਦੇਵੀ ਦਿਆਲ, ਪੱਤੜੀਆ ਬੋਲਾ, ਫਿੱਡੂ, ਅਰਜਣ ਕਾਉਂਕੇ ਤੇ ਦਿਲਬਾਗ ਬਾਘਾ ਬੇਗੋਵਾਲ ਸਨ ਅਤੇ ਜਾਫੀਆਂ ‘ਚ ਸ਼ਿਵਦੇਵ ਸਿੰਘ, ਮੱਖਣ ਪੁਆਦੜਾ, ਭੱਜੀ ਖੀਰਾਂਆਲੀ, ਦਰਬਾਰਾ ਬੋਲਾ ਤੇ ਬਲਤੇਜ ਘੱਲ ਕਲਾਂ ਸਨ। 1988 ‘ਚ ਮਹਿੰਦਰ ਮੌੜ ਤੇ ਸੋਹਣ ਸਿੰਘ ਚੀਮਾ ਇੰਗਲੈਂਡ ਦੀ ਟੀਮ ਫਿਰ ਪੰਜਾਬ ਲੈ ਕੇ ਗਏ। ਖਿਡਾਰੀਆਂ ‘ਚ ਰੇਡਰ ਜਸਵੀਰ ਘੁੱਗੀ, ਸਵਰਨਾ, ਪਾਲੀ, ਜੱਸਾ ਭੱਜੀ, ਮੋਹਣਾ ਸੰਧਵਾਂ, ਜੈਲਾ ਹੁਸ਼ਿਆਰਪੁਰ ਤੇ ਚੁੰਨੀ ਪੱਤੜ (ਪੱਤੜੀਏ ਬੋਲੇ ਦਾ ਚਚੇਰਾ ਭਰਾ) ਸਨ। ਇਸ ਪਿਛੋਂ ਹਰ ਸਾਲ ਇੰਗਲੈਂਡ ਦੀ ਟੀਮ ਪੰਜਾਬ ਖੇਡਣ ਜਾਣ ਲੱਗੀ।
1986 ‘ਚ ਮੁੜ ਇੰਗਲੈਂਡ ਤੋਂ ਪੰਜਾਬ ਖੇਡਣ ਗਈ ਸਿਰੇ ਦੀ ਟੀਮ ‘ਚ ਜਸਵੀਰ ਘੁੱਗੀ, ਕੇਵਲ ਪਾਸਲਾ, ਮੱਖਣ ਪੁਆਦੜਾ, ਬਲਵੀਰ ਵੀਰ੍ਹਾ ਚਮਿਆਰਾ, ਨਿੰਦੀ ਔਜਲਾ, ਸਵਰਨਾ ਲੁਧਿਆਣਾ, ਮੇਜੀ ਲੁਧਿਆਣਾ, ਦੀਪਾ ਮੌਲੀ, ਜੈਲਾ ਹੁਸ਼ਿਆਰਪੁਰ, ਬਲਵੀਰ ਦੁੱਗਰੀ, ਮਿੰਦੀ ਪਧਾਣਾ, ਸੁਲੱਖਣ ਖੈੜਾ ਦੋਨਾਂ ਤੇ ਬਰਮਿੰਘਮ ਦਾ ਭਲਵਾਨ। ਇਸ ਟੀਮ ਨੇ ਤਲਵੰਡੀ ਸਾਬੋ ਕੀ, ਦੋਰਾਹੇ, ਬੱਸੀ ਪਠਾਣਾਂ, ਛੋਟਾ ਰੁੜਕਾ ਅਤੇ ਚੰਡੀਗੜ੍ਹ ਲਾਗੇ ਕਾਲਕਾ (ਦੇਵੀ ਦਿਆਲ ਦੇ ਸ਼ਾਗਿਰਦ ਟੋਨੀ ਦੇ ਪਿੰਡ) ਮੈਚ ਖੇਡੇ। ਮਹੀਨਾ ਕੁ ਇਹ ਟੀਮ ਪੰਜਾਬ ਰਹੀ ਸੀ ਤੇ ਖਾੜਕੂਵਾਦ ਦੇ ਦਿਨ ਸਨ। ਕਾਵੈਂਟਰੀ ਵਾਲੇ ਸੀਤਲ ਸਿੰਘ ਜੌਹਲ ਤੇ ਸੋਹਣ ਸਿੰਘ ਚੀਮਾ ਇਸ ਟੀਮ ਦੀ ਅਗਵਾਈ ਕਰ ਰਹੇ ਸਨ। ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਦੀਆਂ ਆਪੋ-ਆਪਣੀਆਂ ਕਲੱਬਾਂ ਬਣ ਜਾਣ ਕਰਕੇ ਫਿਰ ਤਾਂ ਹਰ ਸਾਲ ਇੰਗਲੈਂਡ ਤੋਂ ਟੀਮ ਪੰਜਾਬ ਖੇਡਣ ਜਾਣ ਲੱਗੀ।
1979 ‘ਚ ਮਹਿੰਦਰ ਮੌੜ ਨੇ ‘ਮੌੜ ਡੇਅਰੀ’ ਪਾ ਲਈ ਤੇ ਲੋਕਾਂ ਦੇ ਘਰਾਂ ‘ਚ ਦੁੱਧ ਸਪਲਾਈ ਕਰਨ ਲਈ ਬੰਦੇ ਰੱਖ ਲਏ। ਲੁਧਿਆਣੇ ਵਾਲਾ ਮੇਜ਼ੀ ਤੇ ਕਾਲਾ ਸੰਘਿਆਂ ਵਾਲਾ ਮੋਹਣਾ ਵੀ ਲੋਕਾਂ ਦੇ ਘਰਾਂ ‘ਚ ਦੁੱਧ ਸਪਲਾਈ ਕਰਨ ਜਾਂਦੇ ਰਹੇ। ਮੌੜ ਦੀ ਪਾਰਖੂ ਅੱਖ ਹਮੇਸ਼ਾ ਚੰਗੇ ਖਿਡਾਰੀਆਂ ਨੂੰ ਲੱਭਦੀ ਰਹਿੰਦੀ। ਉਹ ਚੰਗੀ ਖੇਡ ਦੀ ਕਦਰ ਕਰਦਾ ਸੀ। ਇਕ ਵਾਰ ਮਹਿੰਦਰ ਮੌੜ ਕਿਤੇ ਮੈਚ ਵੇਖਣ ਗਿਆ, ਕੋਈ ਖਿਡਾਰੀ ਵਧੀਆ ਖੇਡ ਰਿਹਾ ਸੀ। ਮੈਚ ਮੁੱਕਣ ਪਿਛੋਂ ਮੌੜ ਉਹਦੇ ਕੋਲ ਗਿਆ ਤੇ ਕਿਹਾ, “ਜੁਆਨਾਂ ਇੰਗਲੈਂਡ ਖੇਡਣ ਜਾਣੈਂ? ਪਾਸਪੋਰਟ ਹੈ?” ਇੰਗਲੈਂਡ ਦਾ ਨਾਂ ਸੁਣ ਕੇ ਮੁੰਡਾ ਹੈਰਾਨ ਜਿਹਾ ਹੋ ਗਿਆ।
ਉਹਦਾ ਅਤਾ-ਪਤਾ ਕਰਕੇ ਦੂਜੇ ਦਿਨ ਮੌੜ ਉਹਦੇ ਘਰ ਚਲਾ ਗਿਆ। ਘਰ ਵੜਦੇ ਨੂੰ ਵਿਹੜੇ ‘ਚ ਬੱਕਰੀਆਂ ਬੰਨ੍ਹੀਆਂ ਹੋਈਆਂ ਸਨ ਤੇ ਬਾਪ ਹੁੱਕਾ ਪੀ ਰਿਹਾ ਸੀ। ਮੌੜ ਨੇ ਘਰ ਦੇ ਹਾਲਾਤ ਦਾ ਅੰਦਾਜ਼ਾ ਲਾ ਲਿਆ।
“ਬਜੁਰਗਾ ਮੁੰਡਾ ਇੰਗਲੈਂਡ ਲੈ ਕੇ ਜਾਣਾ ਖੇਡਣ ਲਈ, ਵਧੀਆ ਖੇਡਦੈ!”
“ਸਾਡੇ ਭਾਗਾਂ ‘ਚ ਇੰਗਲੈਂਡ ਕਿਥੇ ਜੀ?” ਇੰਗਲੈਂਡ ਦਾ ਨਾਂ ਸੁਣ ਕੇ ਬਾਪ ਸੁੰਨ ਜਿਹਾ ਹੋ ਗਿਆ।
“ਮੁੰਡਾ ਕਿਥੇ ਐ?”
“ਜੀ, ਉਹ ਬੱਕਰੀਆਂ ਚਾਰਨ ਗਿਆ ਹੋਇਐ।”
ਬਜੁਰਗ ਦੇ ਬੋਲਾਂ ਨੇ ਮੌੜ ਨੂੰ ਸੱਟ ਮਾਰੀ। ਪਤਾ ਕਰਕੇ ਮੌੜ ਬੱਕਰੀਆਂ ਚਾਰਨ ਗਏ ਮੁੰਡੇ ਦੇ ਮਗਰੇ ਚਲਾ ਗਿਆ। ਜਾ ਕੇ ਉਹਦੇ ਨਾਲ ਗੱਲਬਾਤ ਕੀਤੀ। ਘਰੋਂ ਜਾ ਕੇ ਪਾਸਪੋਰਟ ਲਿਆ। ਪਾਸਪੋਰਟ ਲੈ ਕੇ ਮੌੜ ਬਾਹਰ ਆ ਗਿਆ। ਸਾਰੇ ਪੇਪਰ ਆਪੇ ਤਿਆਰ ਕੀਤੇ। ਖਰਚਾ ਵੀ ਚੰਗਾ ਸੀ। ਕਲੱਬ ਦੇ ਖਾਤੇ ‘ਚੋਂ 4 ਹਜ਼ਾਰ ਪੌਂਡ ਲਿਆ ਤੇ 4 ਹਜ਼ਾਰ ਪੌਂਡ ਮੌੜ ਨੇ ਆਪਣੀ ਜੇਬ ‘ਚੋਂ ਪਾ ਕੇ ਉਸ ਮੁੰਡੇ ਨੂੰ ਵਾਇਆ ਜਰਮਨ ਇੰਗਲੈਂਡ ਸੱਦਿਆ। ਮੌੜ ਦੇ ਦੱਸਣ ਮੁਤਾਬਕ ਦੋ ਕੁ ਸਾਲ ਉਹ ਮੁੰਡਾ ਸਾਡੇ ਵਲੋਂ ਖੇਡਿਆ ਤੇ ਵੱਧ ਪੈਸਿਆਂ ਦੇ ਲਾਲਚ ਵਿਚ ਆ ਕੇ ਫਿਰ ਕਿਸੇ ਹੋਰ ਕਲੱਬ ਵਲੋਂ ਖੇਡਣ ਲੱਗ ਪਿਆ।
ਮੌੜ ਨੂੰ ਦੁੱਖ ਉਦੋਂ ਹੁੰਦਾ ਸੀ, ਜਦੋਂ ਖਿਡਾਰੀ ਪੰਜਾਬ ਤੋਂ ਲਿਆ ਕੇ ਖਿਡਾਏ ਤੇ ਸੈਟ ਕਰਾਏ ਹੁੰਦੇ ਅਤੇ ਉਹੀ ਮੌੜ ਨਾਲ ਧੋਖਾ ਕਰ ਜਾਂਦੇ ਜਾਂ ਦੂਜੀਆਂ ਟੀਮਾਂ ਵਿਚ ਖੇਡਣ ਲੱਗ ਜਾਂਦੇ। ਮੌੜ ਫਿਰ ਵੀ ‘ਚਲੋ ਕੋਈ ਨੀ’ ਕਹਿ ਦਿੰਦਾ, ਪਰ ਉਹ ਦੁੱਖ ਅੰਦਰੇ ਅੰਦਰ ਪੀ ਜਾਂਦਾ।
ਮੋਹਣਾ, ਜਸਵੀਰ ਘੁੱਗੀ, ਬਿੰਦਰ ਮਾਹਲ, ਰਾਜਨ, ਚੀਮਾ ਤੇ ਸ਼ਿੰਦਾ ਅਮਲੀ ਮੌੜ ਦੇ ਖਾਸ ਖਿਡਾਰੀ ਰਹੇ। ਮੌੜ ਦਾ ਭਤੀਜਾ ਘੁੱਗੀ ਤਕੜਾ ਤੇ ਤੇਜ-ਤਰਾਰ ਖਿਡਾਰੀ ਰਿਹੈ। ਘੁੱਗੀ ਨੂੰ ਹੋਰ ਤੇਜ਼ ਕਰਨ ਲਈ ਕੋਚ ਸਰਬਣ ਬੱਲ ਨੇ ਮੌੜ ਨਾਲ ਗੱਲ ਕਰਕੇ ਉਸ ਨੂੰ ਪੰਜਾਬ ਸੱਦ ਲਿਆ। ਸ਼ ਬੱਲ ਨੇ ਬੀ. ਡੀ. ਪੀ. ਓ. ਹਰਮਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਕਿ ਘੁੱਗੀ ਨੂੰ ਹੋਰ ਤਿੱਖਾ ਕਰਨੈ।
“ਇਹ ਨਿੱਕੇ ਜਿਹੇ ਨੇ ਕੀ ਖੇਡਣਾ?” ਘੁੱਗੀ ਦੇ ਛੋਟੇ ਕੱਦ ਵੱਲ ਵੇਖ ਸ਼ ਭੁੱਲਰ ਨੇ ਵਿਅੰਗ ਕੱਸਿਆ।
“ਜਰਾ ਮੌਕਾ ਦੇ ਕੇ ਤਾਂ ਵੇਖੋ, ਸ਼ੁਰਲੀ ਆ ਸ਼ੁਰਲੀ।” ਸ਼ ਬੱਲ ਨੇ ਬੜੇ ਠਰੰਮੇ ਨਾਲ ਕਿਹਾ।
ਫਿਰ ਕੀ ਸੀ, ਉਨ੍ਹਾਂ ਆਪਸ ਵਿਚ ਗੱਲ ਕਰਕੇ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਮੈਚ ਰੱਖ ਲਿਆ ਤੇ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਦੇ ਬਹਾਨੇ ਗਿਆਨੀ ਜੈਲ ਸਿੰਘ ਨੂੰ ਸੱਦ ਲਿਆ। ਉਸ ਮੈਚ ਦਾ ਗਿਆਨੀ ਜੈਲ ਸਿੰਘ ਨੇ ਵੀ ਅਨੰਦ ਮਾਣਿਆ। ਵਾਕਿਆ ਘੁੱਗੀ ਤਕੜਾ ਖੇਡਿਆ। ਜਾਫੀ ਤੇ ਧਾਵੀ-ਘੁੱਗੀ ਦੋਹਾਂ ਪਾਸੇ ਬੜਾ ਚੱਲਿਆ। ਟੀਮ ਦੇ ਦੂਜੇ ਪਾਸੇ ਜੋਤਾ, ਸੱਤਾ, ਜੀਤਾ ਸਿਪਾਹੀ ਤੇ ਹੋਰ ਤਕੜੇ ਖਿਡਾਰੀ ਖੇਡ ਰਹੇ ਸਨ। ਘੁੱਗੀ ਨੇ ਸ਼ ਭੁੱਲਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ। ਫਿਰ ਜਿਧਰ ਨੂੰ ਵੀ ਜੀਪ ‘ਚ ਜਾਣਾ ਘੁੱਗੀ ਨੂੰ ਨਾਲ ਹੀ ਰੱਖਿਆ।
ਬਹਾਦੁਰ ਸਿੰਘ ਸੰਘਾ, ਕੰਤਾ ਸੰਘਾ, ਗੁਰਦੇਵ ਪੱਪੂ ਪੰਛੀ, ਬਲਕਾਰ ਸਿੰਘ ਤੇ ਗੁਰਮੇਜਾ ਜਿਹੇ ਸੱਜਣਾਂ ਨੇ ਮੌੜ ਦਾ ਬੜਾ ਸਾਥ ਦਿੱਤਾ ਤੇ ਚੱਟਾਨ ਵਾਂਗ ਹਰ ਤਰ੍ਹਾਂ ਨਾਲ ਖੜ੍ਹਦੇ ਰਹੇ।
ਮੋੜ ਨੇ ਸਿਰਫ ਭਾਰਤੀ ਪੰਜਾਬ ਦੇ ਖਿਡਾਰੀਆਂ ਨੂੰ ਹੀ ਨਹੀਂ, ਸਗੋਂ ਪਾਕਿਸਤਾਨੀ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ। ਦੋ ਕੁ ਸਾਲ ਉਹ ਵੀ ਉਹਦੀ ਟੀਮ ‘ਚ ਖੇਡੇ। ਜਿਨ੍ਹਾਂ ‘ਚ ਆਮੀਨ ਜੱਟ, ਗੁਲ, ਰਿਆਜ਼ ਤੇ ਲਾਲਾ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ। ਮੌੜ ਦੇ ਭਤੀਜੇ ਜੀਤੇ ਮੌੜ ਨੇ ਉਸੇ ਸਾਲ 1993 ‘ਚ ਖੇਡਣਾ ਸ਼ੁਰੂ ਕੀਤਾ ਸੀ। ਜੀਤਾ ਕਈ ਸਾਲ ਤਕੜਾ ਖੇਡਿਆ। ਅੱਜ ਕੱਲ੍ਹ ਉਹ ਪਿੰਡ ਰਹਿੰਦੈ।
1990 ‘ਚ ਮਹਿੰਦਰ ਮੌੜ ਤੇ ਸੋਹਣ ਸਿੰਘ ਚੀਮਾ ਇੰਗਲੈਂਡ ਤੋਂ ਪਾਕਿਸਤਾਨ ਟੀਮ ਲੈ ਕੇ ਗਏ। ਜਾਫੀਆਂ ‘ਚ ਸਵਰਨਾ, ਪਾਲੀ, ਸ਼ਿੰਦਾ ਅਮਲੀ, ਨਿੰਦੀ ਔਜਲਾ ਤੇ ਮੱਖਣ ਬੈਂਸ ਸਨ, ਜਦਕਿ ਧਾਵੀਆਂ ‘ਚ ਵੀਰ੍ਹਾ ਚਮਿਆਰਾ, ਮੇਜਰ ਅਟਾਲਾਂ, ਪੱਪੂ ਖੱਬਾ ਤੇ ਮੋਹਣਾ ਸੰਘਾ ਸਨ, ਪਰ ਸੱਟ ਲੱਗਣ ਕਰਕੇ ਮੋਹਣਾ ਸੰਘਾ ਖੇਡ ਨਾ ਸਕਿਆ। ਇੰਗਲੈਂਡ ਦੀ ਟੀਮ ਨੇ ਤਕੜੇ ਮੈਚ ਖੇਡੇ। ਤਿੰਨ ਮੈਚ ਪਾਕਿਸਤਾਨ ਤੋਂ ਜਿੱਤੇ ਤੇ ਇਕ ਹਾਰਿਆ। ਕਬੱਡੀ ਦੇ ਪ੍ਰੋਮੋਟਰ ਖਵਾਜ਼ਾ ਅਹਿਮਦ ਅੱਬਾਸ ਨੇ ਮੌੜ ਨੂੰ ‘ਕਬੱਡੀ ਦੇ ਬਾਬਾ ਬੋਹੜ’ ਦਾ ਖਿਤਾਬ ਦਿੱਤਾ ਤੇ ਵਾਹਵਾ ਮਾਣ-ਤਾਣ ਕੀਤਾ।
1991 ‘ਚ ਸੋਹਣ ਚੀਮਾ ਤੇ ਹਰਪਾਲ ਬਰਾੜ ਦੀ ਦੇਖ-ਰੇਖ ਹੇਠ ਫਿਰ ਇੰਗਲੈਂਡ ਦੀ ਟੀਮ ਪਾਕਿਸਤਾਨ ਗਈ। ਛਾਂਟ ਛਾਂਟ ਕੇ ਚੁਣੇ ਖਿਡਾਰੀਆਂ ‘ਚ ਕੁਲਦੀਪ ਮੱਲ੍ਹਾ, ਮੋਹਣਾ ਸੰਧਵਾਂ, ਪੰਮਾ ਪਾਸਲਾ, ਅਰਜਣ ਕਾਉਂਕੇ ਤੇ ਭੋਲਾ ਮਾਹਲਾ ਰੇਡਰ ਅਤੇ ਜਾਫੀਆਂ ‘ਚ ਘੁੱਗੀ, ਚੁੰਨੀ ਪੱਤੜ, ਬਿੰਦਰ ਫਿਰੋਜ਼ਪੁਰ, ਬਿੱਟੂ ਸਾਊਥਹਾਲ ਤੇ ਸ਼ਿੰਦਾ ਅਮਲੀ ਸਨ।
ਕਬੱਡੀ ਦੇ ਪ੍ਰਸਿੱਧ ਕੋਚ ਮਦਨ ਲਾਲ ਗੋਗੀ ਦੀ ਟੀਮ ਮਹਿੰਦਰ ਮੌੜ ਦੀ ਮਿਹਰਬਾਨੀ ਸਦਕਾ ਤਿੰਨ ਸਾਲ ਇੰਗਲੈਂਡ ਖੇਡਣ ਜਾਂਦੀ ਰਹੀ। ਗੁਰਲਾਲ, ਬਿੱਟੂ ਦੁਗਾਲ, ਵੀਰ੍ਹਾ ਸਿਧਵਾਂ, ਜਾਦੂ ਤੇ ਫੰਤਾ ਖਿਡਾਰੀਆਂ ਨੇ ਤਿੰਨ ਸਾਲ ਫਸਵੇਂ ਮੈਚ ਖੇਡੇ ਤੇ ਤਿੰਨੇ ਸਾਲ ਜਿੱਤ ਦੇ ਕੱਪ ਚੁੱਕੇ। ਖਿਡਾਰੀਆਂ ਨੇ ਗੋਗੀ ਨੂੰ ਵਧੀਆ ਕੋਚ ਮੰਨਿਆ, ਉਹਦੀ ਦੇਖ-ਰੇਖ ਹੇਠ ਖਿਡਾਰੀ ਹਮੇਸ਼ਾ ਨਸ਼ਾ-ਰਹਿਤ ਖੇਡੇ।
1967 ‘ਚ ਮੌੜ ਦਾ ਭਤੀਜਾ ਜਸਵੀਰ ਸਿੰਘ ਘੁੱਗੀ (ਮੌੜ ਦੇ ਵੱਡੇ ਭਾਈ ਸਰਪੰਚ ਚੇਤਨ ਸਿੰਘ ਦਾ ਬੇਟਾ) 14 ਸਾਲਾਂ ਦਾ ਸੀ, ਜਦੋਂ ਉਹ ਇੰਗਲੈਂਡ ਚਲਾ ਗਿਆ। ਦੋ ਸਾਲ ਬਰਮਿੰਘਮ ਤੇ ਕਾਵੈਂਟਰੀ ਦੇ ਮੈਚ ਚਾਚੇ ਮੌੜ ਨਾਲ ਵੇਖਣ ਜਾਂਦਾ ਰਿਹੈ। ਆਮ ਤੌਰ ‘ਤੇ ਸਨੀ-ਐਤਵਾਰ ਹੁੰਦੇ ਮੈਚ ਕਦੇ ਮਿਸ ਨਾ ਕੀਤੇ। ਘੁੱਗੀ ਦਾ ਕਬੱਡੀ ਸ਼ੌਕ ਵਧਦਾ ਗਿਆ। 1969 ‘ਚ ਘੁੱਗੀ 16 ਸਾਲਾਂ ਦਾ ਹੋ ਗਿਆ। ਚਾਚੇ ਮੌੜ ਨੇ ਉਹਨੂੰ ਤੇ ਕੇਵਲ ਪਾਸਲਾ ਨੂੰ ਕਾਵੈਂਟਰੀ ਦੀ ‘ਬੀ’ ਟੀਮ ਵਲੋਂ ਖਿਡਾ ਕੇ ਵੇਖਿਆ। ਫਿਰ ਵੁਲਵਹੈਂਮਟਨ ਦੇ ਟੂਰਨਾਮੈਂਟ ‘ਚ ਖੇਡਿਆ। ਫਿਰ ਤਾਂ ਚੱਲ ਸੋ ਚੱਲ। ਘੁੱਗੀ ਦੀ ਖੇਡ ਨਿਖਰਦੀ ਗਈ। ਉਸ ਨੇ ਚਾਚੇ ਮੌੜ ਅਤੇ ਪਰਿਵਾਰ ਦਾ ਸਿਰ ਮਾਣ ਨਾਲ ਉਚਾ ਕੀਤਾ।
1975 ‘ਚ ਮਹਿੰਦਰ ਮੌੜ ਨੇ ‘ਪੰਜਾਬ ਯੂਨਾਈਟਿਡ ਸਪੋਰਟਸ ਕਲੱਬ, ਵੁਲਵਹੈਂਮਟਨ’ ਦੀ ਸਥਾਪਨਾ ਕੀਤੀ। ਪੰਜਾਬ ਤੋਂ ਖੇਡਣ ਗਈ ਪਹਿਲੀ ਟੀਮ ਦੇ ਕੁਝ ਖਿਡਾਰੀ ਮੌੜ ਨੇ ਰੱਖ ਲਏ ਸਨ ਤੇ ਕੁਝ ਆਪਣੇ ਪਾਲੇ ਹੋਏ ਖਿਡਾਰੀ ਪਾ ਕੇ ਕਲੱਬ ਦੀ ਤਕੜੀ ਟੀਮ ਬਣਾ ਲਈ। ਇਨ੍ਹਾਂ ‘ਚ ਸੁਰਜੀਤ ਗੱਛਾ ਸੈਦੋਵਾਲ, ਬਿੰਦਰ ਘੱਲ ਕਲਾਂ, ਬੰਸਾ ਸ਼ਾਹਕੋਟ, ਜਸਵੀਰ ਘੁੱਗੀ, ਜੱਸਾ ਨੱਥੂ ਚਾਹਲ, ਬਾਬਾ ਘੁਰਲੀ ਹੁਸ਼ਿਆਰਪੁਰ, ਪਰਮਜੀਤ ਲਾਖਾ, ਲਹਿੰਬਰ ਲਿਤਰਾਂ, ਨਿੰਦਰ ਮਝੈਲ, ਗੇਲੀ ਖਹਿਰਾ, ਸੁਰਿੰਦਰ ਬੈਸ ਟੀਮ ਦੇ ਖਿਡਾਰੀ ਸਨ। ਉਨ੍ਹਾਂ ਨੇ ਇੰਗਲੈਂਡ ‘ਚ ਤਕੜੇ ਮੈਚ ਖੇਡੇ ਤੇ 8-10 ਸਾਲ ਕੱਪ ਜਿੱਤ ਕੇ ਮਹਿੰਦਰ ਮੌੜ ਦੀ ਝੋਲੀ ਪਾਉਂਦੇ ਰਹੇ।
ਆਪਣੇ ਆਪ ਨੂੰ ਫਿੱਟ ਰੱਖਣ ਲਈ ਮੌੜ ਕੰਮ ਤੋਂ ਘਰ ਜਾ ਕੇ ਥੋੜ੍ਹਾ ਅਰਾਮ ਕਰਦਾ ਤੇ ਫਿਰ ਦੌੜ ਲਾਉਣ ਜਾਂਦਾ। ਪਹਿਲੀਆਂ ‘ਚ ਮੌੜ ਨੇ ਕਬੱਡੀ ਮੈਚ ਵੀ ਲਾਇਆ। ਸਾਊਥਹਾਲ ਇਕ ਵਾਰ ਮੈਚ ਵੇਖਣ ਗਿਆ ਤਾਂ ਖਿਡਾਰੀ ਘੱਟ ਸਨ। ਉਹ ਆਪ ਕੱਪੜੇ ਖੋਲ੍ਹ ਖੇਡਣ ਲੱਗ ਪਿਆ। ਜਸਵੀਰ ਘੁੱਗੀ, ਮੌੜ ਤੇ ਛੋਟਾ ਘੁੱਗੀ ਖਹਿਰਾ ਜਾਫੀ ਸਨ ਅਤੇ ਰੇਡਰਾਂ ‘ਚ ਬਾਬਾ ਘੁਰਲੀ, ਲਾਖਾ ਪਰਮਜੀਤ ਤੇ ਸੁਰਜੀਤ ਸਨ। ਇਹ ਗੱਲ 1970-71 ਦੀ ਹੈ।
ਮਹਿੰਦਰ ਮੌੜ ਗਰਾਊਂਡ ‘ਚ ਖਿਡਾਰੀਆਂ ਨਾਲ ਦੌੜ ਲਾਉਂਦਾ ਤਾਂ ਕਈ ਵਾਰ ਸੌ ਮੀਟਰ ਦੀ ਫਰਾਟਾ ਦੌੜ ਜਾਂ ਲੰਬੀ ਦੌੜ ਬਰਾਬਰ ਲਾ ਲੈਂਦਾ। ਵੀਰ੍ਹਾ ਚਮਿਆਰਾ, ਬੰਸਾ, ਸੁਰਜੀਤ, ਲਹਿੰਬਰ ਤੇ ਹੋਰ ਖਿਡਾਰੀਆਂ ਨਾਲ ਬਰਾਬਰ ਦੌੜਦੇ ਰਹੇ। ਘੁੱਗੀ ਤੇ ਅਰਜਣ ਕਾਉਂਕੇ ਦੀ ਖਾਸੀਅਤ ਇਹ ਸੀ ਕਿ ਜਿੰਨੀ ਤੇਜ਼ੀ ਨਾਲ ਉਹ ਅੱਗੇ ਨੂੰ ਦੌੜਦੇ ਸਨ, ਉਨੀ ਤੇਜ਼ੀ ਨਾਲ ਹੀ ਪਿਛਲ ਖੁਰੀਆਂ (ਪਿਛੇ ਨੂੰ) ਦੌੜ ਲੈਂਦੇ ਸਨ। ਜੀਤਾ, ਘੁੱਗੀ ਤੇ ਲਾਖਾ (ਮੌੜ ਦੇ ਭਤੀਜੇ), ਜੱਸਾ ਨੱਥੂ ਚਾਹਲ (ਮੌੜ ਦਾ ਸਾਲਾ) ਤੇ ਹੋਰ ਕਈ ਰਿਸ਼ਤੇਦਾਰ ਨਾਮੀ ਖਿਡਾਰੀ ਰਹੇ।
ਬਿੰਦਰ ਮਾਹਲ, ਕਾਟੋ ਤੇ ਪੱਪੂ ਗੁਰਦਾਸਪੁਰੀਏ ਨੂੰ ਮੌੜ ਨੇ ਪੇਪਰ ਭੇਜੇ। ਉਹ ਪੇਪਰ ਅੰਬੈਸੀ ਵਾਲਿਆਂ ਕਿਸੇ ਕਾਰਨ ਕਰਕੇ ਕੈਂਸਲ (ਰਿਫਿਊਜ਼) ਕਰ ਦਿੱਤੇ। ਫਿਰ ਰਾਹਦਾਰੀ (ਪੇਪਰ) ਲੈ ਕੇ ਖੁਦ ਮੌੜ ਗਿਆ ਤੇ ਉਨ੍ਹਾਂ ਨੂੰ ਨਾਲ ਲੈ ਕੇ ਇੰਗਲੈਂਡ ਗਿਆ। ਮੌੜ ਦੇ ਮਨ ਨੂੰ ਠੇਸ ਉਦੋਂ ਲੱਗਦੀ, ਜਦੋਂ ਖਿਡਾਰੀ ਬਹਾਨੇ ਨਾਲ ਪੈਸੇ ਲੈ ਲੈਂਦੇ। ਮੌੜ ਨੂੰ ਪਸੰਦ ਨਹੀਂ ਸੀ ਕਿ ਉਹਦੇ ਨਾਲ ਕੋਈ ਝੂਠ ਬੋਲੇ ਜਾਂ ਬੇਵਕੂਫ ਬਣਾਵੇ।
ਬਲਵਿੰਦਰ ਫਿੱਡੂ ਵੀ ਮੌੜ ਦਾ ਮਨਪਸੰਦ ਖਿਡਾਰੀ ਰਿਹੈ। ਸੁਰਜਣ ਚੱਠਾ ਤੇ ਸੋਹਣ ਸਿੰਘ ਚੀਮਾ ਦੇ ਸੱਦੇ ‘ਤੇ ਫਿੱਡੂ ਇੰਗਲੈਂਡ ਖੇਡਣ ਆਉਂਦਾ ਰਿਹੈ। ਮੌੜ ਅਕਸਰ ਉਹਦੀ ਖੇਡ ਨੂੰ ਬੜਾ ਪਸੰਦ ਕਰਦਾ ਸੀ। ਮੌੜ ਦੀ ਇੱਛਾ ਹੁੰਦੀ ਸੀ ਕਿ ਤਕੜੇ ਤਕੜੇ ਖਿਡਾਰੀ ਉਹਦੀ ਕਲੱਬ ਵਲੋਂ ਖੇਡਣ। ਪੈਸੇ ਦੀ ਪ੍ਰਵਾਹ ਨਹੀਂ ਸੀ ਕਰਦਾ। ਇਕ ਵਾਰ ਉਸ ਵੇਲੇ ਦੇ ਨਾਮੀ ਕਬੱਡੀ ਖਿਡਾਰੀ ਨਾਲ ਮੌੜ ਦੀ ਗੱਲਬਾਤ ਹੋ ਗਈ। ਮੌੜ ਨੇ ਉਹਨੂੰ 2500 ਪੌਂਡ ਪਹਿਲਾਂ ਹੀ ਦੇ ਦਿੱਤਾ। ਅਗਲੇ ਸਾਲ ਉਹ ਖਿਡਾਰੀ ਪੰਜਾਬ ਤੋਂ ਖੇਡਣ ਆਇਆ ਤਾਂ ਇੰਗਲੈਂਡ ਪਹੁੰਚ ਕੇ ਮਨ ਬਦਲ ਲਿਆ ਤੇ ਹੋਰ ਕਲੱਬ ਵਲੋਂ ਖੇਡਣ ਦੀ ਤਿਆਰੀ ਕਰ ਲਈ। ਅਗਲੇ ਦਿਨ ਮੈਚ ਸ਼ੁਰੂ ਹੋਣ ਲੱਗਾ ਤਾਂ ਗਰਾਊਂਡ ਵਿਚ ਜਾ ਕੇ ਮੌੜ ਉਸ ਖਿਡਾਰੀ ਦੇ ਮੂਹਰੇ ਜਾ ਖੜ੍ਹਾ ਹੋਇਆ। ਮੌੜ ਨੂੰ ਵੇਖਦੇ ਹੀ ਉਸ ਖਿਡਾਰੀ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਇਸੇ ਤਰ੍ਹਾਂ ਹੀ ਖੁਸ਼ੀ ਦੁੱਗਾਂ, ਬਿੱਟੂ ਦੁਗਾਲ ਤੇ ਸੰਦੀਪ ਦਿੱੜਬਾ ਨਾਲ ਪੈਸਿਆਂ ਦਾ ਲੈਣ-ਦੇਣ ਕਰਕੇ ਅਗਲੇ ਸਾਲ ਉਸ ਦੇ ਕਲੱਬ ਵਲੋਂ ਖੇਡਣ ਦੀ ਗੱਲ ਕਰ ਲਈ ਜਾਂਦੀ ਸੀ।
ਮੋਹਣਾ ਸੰਘਾ ਤੇ ਕਿਸ਼ਨ ਚੱਕ ਢੱਡਾ 1984 ‘ਚ ਇੰਗਲੈਂਡ ਖੇਡਣ ਗਏ। ਮੋਹਣਾ ਸੰਘਾ 34-35 ਸਾਲ ਮੌੜ ਨਾਲ ਰਿਹਾ। ਸਿਧਵਾਂ ਵਾਲਾ ਲੱਡੂ ਵੀ ਮੌੜ ਸਦਕਾ ਇੰਗਲੈਂਡ ਖੇਡਣ ਗਿਆ ਸੀ। ਮੌੜ ਤੋਂ ਬਾਅਦ ਪਿੰਡ ਦੀ ਕਬੱਡੀ ਨੂੰ ਉਚਾ ਚੁੱਕਣ ਲਈ ਜਤਿੰਦਰ ਲਾਲੀ ਦੀ ਵੱਡੀ ਦੇਣ ਹੈ। ਲਾਲੀ ਵੀ ਵਧੀਆ ਕਬੱਡੀ ਖਿਡਾਰੀ ਰਿਹੈ। 1981 ‘ਚ ਉਹ ਆਪਣੇ ਮਾਤਾ-ਪਿਤਾ ਨਾਲ ਵੈਨਕੂਵਰ ਗਿਆ ਸੀ। 1981-82 ਦੋ ਸਾਲ ਉਸ ਨੇ ਵੈਨਕੂਵਰ ਦੇ ਮੈਚ ਖੇਡੇ। 1984 ‘ਚ ਲਾਲੀ ਨੇ ਕਬੱਡੀ ਟੀਮ ਕੈਨੇਡਾ ਸੱਦੀ। ਉਸ ਟੀਮ ਨੇ ਪਹਿਲਾਂ ਵੈਨਕੂਵਰ ਮੈਚ ਖੇਡੇ ਫਿਰ ਉਸੇ ਸਾਲ ਹੀ ਪਹਿਲੀ ਵਾਰ ਅਮਰੀਕਾ ਖੇਡਣ ਗਈ। ਟੀਮ ਦੇ ਦੋ ਖਿਡਾਰੀਆਂ-ਗਿਆਨੀ ਮੋਠਾ ਆਲੀਆ ਤੇ ਸੋਖਾ ਨਿੱਝਰ ਨੂੰ ਛੱਡ ਕੇ ਬਾਕੀ ਸਾਰੇ ਖਿਡਾਰੀ ‘ਕੱਲੇ ਪਿੰਡ ਕਾਲਾ ਸੰਘਿਆਂ ਦੇ ਸਨ। ਖਿਡਾਰੀਆਂ ‘ਚ ਮੱਖਣ, ਸੋਖਾ ਨਿੱਜਰ, ਬਲਵਿੰਦਰ ਤਾਊ, ਸੁਰਿੰਦਰ ਸਿੰਘ ਜਾਫੀ ਸਨ ਅਤੇ ਰੇਡਰਾਂ ‘ਚ ਗਿਆਨੀ ਮੋਠਾ ਆਲੀਆ, ਹਰਕੀਰਤ, ਅਮਰਜੀਤ ਪੱਪੂ, ਲੱਖੀ ਬੋਲਾ, ਦੀਪਾ, ਬਿਕਰ ਮਾਸਟਰ, ਬਿਕਰ, ਸਿਪਾਹੀ, ਚਰਨੀ, ਤਾਜ਼ਾ, ਗੀਤਾ, ਗੁਰਦੀਪ ਤੇ ਰੋਡਾ ਸਨ।
ਕੈਨੇਡਾ ਵਸਦੇ ਪਿੰਡ ਦੇ ਪੁਰਾਣੇ ਖਿਡਾਰੀ ਸ਼ ਭਜਨ ਸਿੰਘ ਸੰਘਾ ਨੂੰ ਮਾਣ ਹੈ, ਮਹਿੰਦਰ ਮੌੜ ਅਤੇ ਸਾਰੇ ਪਰਿਵਾਰ ‘ਤੇ। ਮਹਿੰਦਰ ਮੌੜ ਹੋਰੀਂ ਪੰਜ ਭਰਾ ਸਨ-ਅਰਜਣ ਸਿੰਘ, ਚੇਤਨ ਸਿੰਘ (ਜੋ ਕਈ ਸਾਲ ਪਿੰਡ ਦਾ ਸਰਪੰਚ ਵੀ ਰਿਹੈ) ਜੋਗਿੰਦਰ ਸਿੰਘ ਅਤੇ ਪਰਗਣ ਸਿੰਘ ਤੇ ਇਕ ਭੈਣ। ਛੇ-ਛੇ ਫੁੱਟ ਲੰਬੇ ਕੱਦ-ਕਾਠ। ਮਾਤਾ ਅਤੇ ਪਿਤਾ ਸ਼ ਬੁੱਕਣ ਸਿੰਘ ਵੀ ਉਚੇ-ਲੰਬੇ ਸਨ। ਪੰਜੇ ਭਰਾਵਾਂ ਨੂੰ ਭਲਵਾਨੀ ਤੇ ਹੋਰ ਖੇਡਾਂ ਦੇ ਸ਼ੌਕ ਤੋਂ ਇਲਾਵਾ ਹਲਟਾਂ ਦੀਆਂ ਦੌੜਾਂ ਦਾ ਵੀ ਸ਼ੌਕ ਸੀ। ਤਕੜੇ ਬਲਦਾਂ ਦੀਆਂ ਜੋੜੀਆਂ ਹਮੇਸ਼ਾ ਰਹੀਆਂ। ਮਹਿੰਦਰ ਮੌੜ ਦਾ ਭਰਾਵਾਂ ਨਾਲ ਦਸਤ-ਪੰਜਾ, ਮਜ਼ਬੂਤ ਪਕੜਾਂ-ਹੱਥ, ਪੈਰ ਤੇ ਸਰੀਰ ਦੀ ਤਾਕਤ ਨੇ ਬੜਾ ਸਾਥ ਦਿੱਤਾ। ਖੂਹ ‘ਤੇ ਬਣੇ ਅਖਾੜੇ ‘ਚ ਪੰਜੇ ਭਰਾ ਜ਼ੋਰ-ਅਜ਼ਮਾਈ ਕਰਦੇ।
ਇਕ ਵਾਰ ਸਾਰੇ ਭਰਾ ਜ਼ੋਰ ਕਰ ਰਹੇ ਸਨ ਤਾਂ ਕਿਸੇ ਮਰਗ ‘ਤੇ ਜਾਂਦੇ ਬਜੁਰਗ ਕੋਲ ਆ ਕੇ ਬੈਠ ਗਏ ਤੇ ਪੁਛਣ ਲੱਗੇ, “ਜੁਆਨੋ ਕਿਹੜਾ ਕਿਹੜਾ ਪਿੰਡ ਐ ਤੁਹਾਡਾ?”
“ਸਾਡਾ ਪਿੰਡ ਤਾਂ ਆਹੀ ਆ ਜੀ…ਅਸੀਂ ਸਾਰੇ ਸਕੇ ਭਰਾ ਆਂ!” ਭਲਵਾਨਾਂ ਨੇ ਜਵਾਬ ਦਿੱਤਾ।
“ਤੁਹਾਡੇ ਘਰ ਦੀਆਂ ਇੱਟਾਂ ਹੈਗੀਆਂ?”
“ਕੀ ਮਤਲਬ ਬਜੁਰਗੋ?”
“ਮਤਲਬ ਕਿ ਘਰ ਦੀਆਂ ਇੱਟਾਂ ਵਗੈਰਾ ਖਾ ਗਏ ਹੋਣੇ ਆ?”
“ਇੱਟਾਂ ਕੀ ਖਾਣੀਆਂ ਬਜੁਰਗੋ, ਘਰ ‘ਚ ਲਵੇਰਾ ਈ ਬਹੁਤ ਐ!”
“ਧੰਨ ਹੈ ਤੁਹਾਡੇ ਮਾਪੇ, ਜੋ ਅਜਿਹੇ ਸ਼ੇਰਾਂ ਨੂੰ ਪਾਲ ਰਹੇ ਨੇ!”
ਧਰਤੀ ਨੂੰ ਮੱਥਾ ਟੇਕਦੇ ਉਹ ਬਜੁਰਗ ਤੁਰ ਪਏ।
ਕਹਿੰਦੇ ਨੇ, ਉਨ੍ਹਾਂ ਦੀਆਂ ਖੁਰਾਕਾਂ ਬਹੁਤ ਹੁੰਦੀਆਂ ਸਨ। ਪਸੂਆਂ ਨੂੰ ਕਾੜ੍ਹਾ ਦੇਣ ਵਾਲੀ ‘ਨਾਲ’ ਨਾਲ ਘਿਓ ਪੀਂਦੇ ਸਨ। ਮੱਖਣ, ਦੁੱਧ, ਘਿਓ; ਰੋਟੀਆਂ ਦਾ ਤਾਂ ਕੋਈ ਹਿਸਾਬ ਈ ਨਹੀਂ ਸੀ ਹੁੰਦਾ।
ਉਸ ਵੇਲੇ ਦਾ ਡੀ. ਜੀ. ਪੀ. ਗੁਰਇਕਬਾਲ ਸਿੰਘ ਭੁੱਲਰ ਮੌੜ ਦੀ ਬੜੀ ਇੱਜਤ ਕਰਦਾ ਸੀ। ਮੌੜ ਜਦੋਂ ਪੰਜਾਬ ਗਿਆ, ਡੀ. ਜੀ. ਪੀ. ਭੁੱਲਰ ਨੇ ਉਹਦੇ ਘੁੰਮਣ-ਫਿਰਨ ਲਈ ਪਿੰਡ ਕਾਲਾ ਸੰਘਿਆਂ ਜੀਪ ਤੇ ਗੰਨਮੈਨ ਭੇਜ ਦਿੱਤੇ। ਮੌੜ ਜਲੰਧਰ ਜਾ ਕੇ ਡੀ. ਜੀ. ਪੀ. ਭੁੱਲਰ ਨੂੰ ਕਹਿਣ ਲੱਗਾ, “ਭੁੱਲਰ ਸਾਹਿਬ ਰੋਟੀ ਤਾਂ ਮੈਨੂੰ ਨ੍ਹੀਂ ਮਿਲਦੀ, ਉਨ੍ਹਾਂ ਨੂੰ ਕਿਥੋਂ ਖੁਆਊਂਗਾ?”
ਛੋਟਾ ਹੁੰਦਾ ਮਹਿੰਦਰ ਸਿੰਘ ਹੱਡਾਂ-ਪੈਰਾਂ ਤੇ ਸਰੀਰ ਦਾ ਖੁੱਲ੍ਹਾ-ਡੁੱਲ੍ਹਾ ਸੀ। ਘਰ ਵਾਲੇ ਪੰਜਾਬ ਦੇ ਲੋਕ ਗੀਤਾਂ ਦੇ ਨਾਇਕ ਜਿਉਣੇ ਮੌੜ ਵਾਂਗ ਦਲੇਰ ਬਹਾਦੁਰ ਵੇਖਣ ਲੱਗੇ। ਜਦੋਂ ਵੀ ਕੋਈ ਕੰਮਕਾਰ ਹੋਣਾ ਤਾਂ ਘਰਦਿਆਂ ਨੇ ਮੌੜ ਕਹਿ ਕੇ ਅਵਾਜ਼ ਮਾਰਨੀ। ਮੌੜਾ ਆਹ ਕਰੀਂ, ਮੌੜਾ ਅਹੁ ਕਰੀਂ। ਇਸ ਤਰ੍ਹਾਂ ਘਰਦਿਆਂ ਤੋਂ ਪਿੰਡ ਦੇ ਲੋਕਾਂ ‘ਚ ਅਤੇ ਪਿੰਡ ਦੇ ਲੋਕਾਂ ਤੋਂ ਇਲਾਕੇ ‘ਚ ਮੌੜ, ਮੌੜ ਹੋ ਗਈ। ਫਿਰ ਤਾਂ ਖੇਡ ਹਲਕਿਆਂ ‘ਚ ਮੌੜ ਨਾਂ ਦੀ ਚਰਚਾ ਹੋਣ ਲੱਗੀ। ਉਦੋਂ ਤੋਂ ਲੈ ਖੇਡ ਦੁਨੀਆਂ ‘ਚ ਮੌੜ ਦੀਆਂ ਧੁੰਮਾਂ ਪਈਆਂ ਰਹੀਆਂ। ਕਰੀਬ 82 ਸਾਲਾਂ ਦੇ ਹੋ ਚੁਕੇ ਸ਼ ਭਜਨ ਸਿੰਘ ਸੰਘਾ ਨੇ ਇਹ ਦਿਲਚਸਪ ਵਾਰਤਾ ਸਾਂਝੀ ਕੀਤੀ, ਜੋ ਸਰਬਣ ਬੱਲ, ਰਤਨ ਟਿੱਬਾ, ਅਜੀਤ ਸਠਿਆਲਾ ਤੇ ਅਮਰੀਕ ਗੜ੍ਹਦੀਵਾਲਾ ਨਾਲ ਖੇਡਦਾ ਰਿਹੈ। 1968 ‘ਚ ਭਜਨ ਸਿੰਘ ਦਾ ਕਬੱਡੀ ‘ਚ ਪੂਰਾ ਨਾਂ ਸੀ।
ਖੇਡਾਂ ਤੇ ਕੁਸ਼ਤੀਆਂ ‘ਚ ਸ਼ ਭਜਨ ਸਿੰਘ ਨੇ ਮੰਨਿਆ ਕਿ ਉਹਦੇ ਬਾਪ-ਦਾਦੇ ਤੋਂ ਪਹਿਲਾਂ ਦੀਆਂ ਕੁਸ਼ਤੀਆਂ ਹੋ ਰਹੀਆਂ ਨੇ, 100 ਸਾਲ ਦੇ ਲਗਪਗ। ਕਾਲਾ ਸੰਘਿਆਂ ਦੀ ਛਿੰਝ ਇਲਾਕੇ ਭਰ ‘ਚ ਮਸ਼ਹੂਰ ਹੈ ਤੇ ਇਥੇ ਸ਼ੰਕਰੀਏ ਗੁਰਦਾਵਰ ਤੇ ਮੇਹਰਦੀਨ ਜਿਹੇ ਕੁਸ਼ਤੀਆਂ ਲੜਨ ਆਉਂਦੇ ਰਹੇ ਹਨ। ਮਹਿੰਦਰ ਮੌੜ ਦੇ ਪਰਿਵਾਰ ਵਲੋਂ ਹਰ ਸਾਲ ਪਿੰਡ ਵਿਚ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਅਨੰਦਪੁਰ ਸਾਹਿਬ ਹੋਲੇ ਮਹੱਲੇ ‘ਤੇ ਕਬੱਡੀ ਮੈਚ ਕਰਾਏ ਜਾਂਦੇ ਹਨ, ਜੋ ਇੰਗਲੈਂਡ ਰਹਿੰਦੇ ਮੌੜ ਦੇ ਸ਼ਾਗਿਰਦ ਕਰਵਾਉਂਦੇ ਹਨ। ਉਨ੍ਹਾਂ ਮੈਚਾਂ ਵਿਚ ਮੌੜ ਦਾ ਵੱਡਾ ਯੋਗਦਾਨ ਰਿਹਾ। ਮੌੜ ਦੀ ਕਬੱਡੀ ਪ੍ਰਤੀ ਵੱਡੀ ਦੇਣ ਕਰਕੇ ਅਨੰਦਪੁਰ ਸਾਹਿਬ ਦੇ ਕਬੱਡੀ ਮੈਚਾਂ ‘ਚ ਇੰਗਲੈਂਡ ਰਹਿੰਦੇ ਸ਼ ਪਿਆਰਾ ਸਿੰਘ ਗੁਮਟਾਲਾ ਨੇ ਘੋੜੀ ਦਿੱਤੀ ਤੇ ਅਗਲੇ ਸਾਲ ਰਾਜਸਥਾਨ ਤੋਂ ਮੰਗਵਾ ਕੇ ਬੋਤੀ ਦਿੱਤੀ ਸੀ।
ਮੌੜ ਨੇ ਹਰ ਇਕ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ। ਉਹਦੀ ਘਰ ਵਾਲੀ ਨਸੀਬ ਕੌਰ ਨੇ ਵੀ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਰੱਖਿਆ। ਮਾਂਵਾਂ ਵਾਲੇ ਸਾਰੇ ਸ਼ਗਨ-ਵਿਹਾਰ ਕੀਤੇ। ਉਹਦੇ ਘਰ ਮਿਲਣੀਆਂ ਦੇ ਪਤਾ ਨਹੀਂ ਕਿੰਨੇ ਕੁ ਕੰਬਲ, ਸੋਨੇ ਦੀਆਂ ਮੁੰਦਰੀਆਂ ਤੇ ਕੜੇ ਪਏ ਹੁੰਦੇ। ਰਿਸ਼ਤਾ ਕਰਨ ਲੱਗੇ ਨੇ ਉਨ੍ਹੇ ਕਿਸੇ ਵੀ ਪਰਿਵਾਰ ਨੂੰ ਕਦੇ ਨਹੀਂ ਸੀ ਪੁਛਿਆ। ਬੱਸ ਅਗਲੇ ਨੂੰ ਦੱਸ ਦੇਣਾ ਕਿ ਉਹਦੇ ਮੁੰਡੇ ਜਾਂ ਕੁੜੀ ਦਾ ਰਿਸ਼ਤਾ ਕਰ ਦਿੱਤਾ ਹੈ। ਲੋਕਾਂ ਨੂੰ ਪੂਰਾ ਯਕੀਨ ਸੀ ਕਿ ਮੌੜ ਜੋ ਵੀ ਕਰਦਾ, ਚੰਗਾ ਤੇ ਭਲਾਈ ਲਈ ਹੀ ਕਰਦਾ। ਸੁਨਿਆਰੇ ਵੀ ਬੜੇ ਵਾਕਫ ਸਨ। ਜਦੋਂ ਕਿਸੇ ਦਾ ਵਿਆਹ ਹੋਣਾ ਤਾਂ ਸਾਈਜ਼ ਨਹੀਂ ਸੀ ਪਤਾ ਹੁੰਦਾ। ਮੌੜ ਨੇ ਕਹਿਣਾ 5-6 ਮੁੰਦੀਆਂ ਦੇ ਦੇ, ਜਿਹੜੀ ਮੇਚ ਆ’ਗੀ, ਰੱਖ ਲਾਂ’ਗੇ, ਬਾਕੀ ਵਾਪਸ ਕਰ ਦਿਆਂਗੇ। ਸੁਨਿਆਰਿਆਂ ਨੂੰ ਪੂਰਾ ਯਕੀਨ ਹੁੰਦਾ ਸੀ। ਕਦੇ ਪੈਸੇ ਨਹੀਂ ਸੀ ਪੁੱਛੇ।
1977 ‘ਚ ਕਬੱਡੀ ਦਾ ਪ੍ਰਸਿੱਧ ਖਿਡਾਰੀ ਪੱਤੜੀਆ ਬੋਲਾ ਇੰਗਲੈਂਡ ਖੇਡਣ ਗਿਆ ਤਾਂ ਮੌੜ ਦੀ ਕੋਸ਼ਿਸ਼ ਸੀ ਕਿ ਬੋਲੇ ਨੂੰ ਵਾਪਸ ਨਾ ਜਾਣ ਦਿੱਤਾ ਜਾਵੇ। ਰਾਤੋ-ਰਾਤ ਕਈ ਪਾਸੇ ਰਿਸ਼ਤਿਆਂ ਦੀ ਗੱਲ ਚਲਾਈ, ਪਰ ਕਿਸੇ ਕਾਰਨ ਕਰਕੇ ਵਾਪਸ ਜਾਣਾ ਪਿਆ। ਬੋਲਾ ਉਹਦੀ ਕੁਰਬਾਨੀ ਨੂੰ ਯਾਦ ਕਰਦਾ ਕਹਿੰਦਾ, “ਮੌੜ ਜ਼ਿੰਦਾ ਦਿਲ ਇਨਸਾਨ ਸੀ।” ਸ਼ਿੰਦੇ ਅਮਲੀ ਨੂੰ ਪੱਕਾ ਕਰਵਾਉਣ ਲਈ ਮੌੜ ਦਾ ਵੱਡਾ ਯੋਗਦਾਨ ਹੈ। ਮੈਚਾਂ ਦੌਰਾਨ ਮੌੜ ਨੇ ਅਨਾਊਂਸਮੈਂਟ ਕਰਵਾ ਦਿੱਤੀ ਸੀ ਕਿ ਜਿਹੜਾ ਕਲੱਬ ਸ਼ਿੰਦੇ ਨੂੰ ਪੱਕਾ ਕਰਵਾਊ, ਉਹ ਉਸੇ ਕਲੱਬ ਵਲੋਂ ਖੇਡੇਗਾ। ਸਭ ਨੇ ਬੜੀ ਨੱਠ-ਭੱਜ ਕੀਤੀ, ਕੋਈ ਗੱਲ ਨਾ ਬਣੀ। ਵੀਜ਼ੇ ਦੀ ਮਿਆਦ ਵੀ ਦੋ ਦਿਨ ਦੀ ਰਹਿ ਗਈ ਸੀ। ਫਿਰ ਕਮਾਨ ਮੌੜ ਨੇ ਸੰਭਾਲ ਲਈ। ਤੀਰ ਨਿਸ਼ਾਨੇ ‘ਤੇ ਜਾ ਲੱਗਾ। ਮੌੜ ਨੇ ਦੋ ਦਿਨਾਂ ‘ਚ ਰਿਸ਼ਤਾ ਲੱਭ ਲਿਆ। ਖੜੇ ਪੈਰ ਪੱਲਿਓਂ 2500 ਪੌਂਡ ਖਰਚ ਕੇ ਵਕੀਲ ਕੀਤਾ ਤੇ ਸ਼ਿੰਦੇ ਦਾ ਵਿਆਹ ਕਰਵਾਇਆ। ਅਫਸੋਸ! ਸ਼ਿੰਦਾ ਅੱਜ ਸਾਡੇ ਵਿਚਕਾਰ ਨਹੀਂ ਹੈ।
ਬਹੁਤੇ ਖਿਡਾਰੀਆਂ ਦੇ ਵਿਆਹ ਕਰਾਉਣ ਕਰਕੇ ਵੁਲਵਹੈਂਮਟਨ ਦਾ ਰਜਿਸਟਰਾਰ ਵੀ ਮੌੜ ਦਾ ਵਾਕਫ ਹੋ ਗਿਆ। ਰਜਿਸਟਰਾਰ ਨੂੰ ਸ਼ੱਕ ਜਿਹੀ ਹੋ ਗਈ ਕਿ ਇਹ ਕੋਈ ਗਲਤ ਕੰਮ ਕਰਦਾ ਹੋਊ। ਮੌੜ ਨੂੰ ਕਹਿੰਦਾ, ਸਾਰਿਆਂ ਦਾ ਬਾਪ ਤੂੰ ਹੀ ਬਣਦੈਂ, ਕੋਈ ਹੋਰ ਕਿਉਂ ਨਹੀਂ? ਮੌੜ ਨੂੰ ਇੰਗਲਿਸ਼ ਬਹੁਤੀ ਤਾਂ ਸਮਝ ਨਾ ਲੱਗੀ, ਪਰ ਨਾਲ ਦੇ ਮੁੰਡੇ ਨੂੰ ਕਿਹਾ ਕਿ ਏਹਨੂੰ ਕਹਿ, ‘ਜਿਹਦੇ ਪਿੱਛੇ ਕੋਈ ਨਹੀਂ, ਉਹਦੇ ਪਿੱਛੇ ਮੌੜ ਖੜ੍ਹਦੈ।’
ਪੰਜਾਬ ਤੋਂ 8-8, 9-9 ਖਿਡਾਰੀ ਉਹਦੇ ਘਰ ਆਏ ਰਹਿੰਦੇ। ਹਰ ਇਕ ਦੇ ਰਹਿਣ, ਖਾਣ-ਪੀਣ ਦਾ ਪੂਰਾ ਖਿਆਲ ਰੱਖਦਾ। ਘਰੇ ਫਰੂਟਾਂ ਦੀਆਂ ਪੇਟੀਆਂ ਪਈਆਂ ਰਹਿੰਦੀਆਂ। ਮਾਤਾ ਨਸੀਬ ਕੌਰ ਦੀ ਮੌਤ ਪਿਛੋਂ ਉਹ ਖਿਡਾਰੀ ਬੜਾ ਰੋਏ, ਜਿਨ੍ਹਾਂ ਨੇ ਉਹਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਧੀਆਂ ਸਨ ਤੇ ਮਾਂਵਾਂ ਵਾਲਾ ਪਿਆਰ ਲਿਆ ਸੀ।
ਮਹਿੰਦਰ ਮੌੜ ਨੇ ਇਕ ਵਾਰ ‘ਪੈਨਮ ਏਅਰ-ਲਾਈਨ’ ਦੀ ਪੂਰੀ ਦੀ ਪੂਰੀ ਫਲਾਈਟ ਬੁੱਕ ਕਰਾ ਲਈ ਸੀ। ਵੈਨਕੂਵਰ ਕਾਮਰੇਡਾਂ ਦਾ ਟੂਰਨਾਮੈਂਟ ਸੀ ਤੇ ਫਲਾਈਟ ਸਿੱਧੀ ਸ਼ਾਇਦ ਨਹੀਂ ਸੀ ਮਿਲ ਰਹੀ। ਵਾਇਆ ਸਿਆਟਲ ਜਾਣਾ ਪਿਆ। ਸਾਰਾ ਜਹਾਜ ਕਬੱਡੀ, ਫੁੱਟਬਾਲ ਤੇ ਹਾਕੀ ਖਿਡਾਰੀਆਂ ਅਤੇ ਪਹਿਲਵਾਨਾਂ ਨਾਲ ਭਰਿਆ ਪਿਆ ਸੀ। ਸਿਆਟਲ ਤੋਂ ਕਾਰਾਂ, ਵੈਨਾਂ ਰਾਹੀਂ ਵੈਨਕੂਵਰ ਪਹੁੰਚੇ। ਸ਼ ਸੋਹਣ ਸਿੰਘ ਚੀਮਾ ਵੀ ਮੌੜ ਨਾਲ ਸੀ ਉਸ ਵੇਲੇ।
ਸਮੂਹ ਪਰਿਵਾਰ ਵਲੋਂ ਮੌੜ ਦਾ 75ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਨਮ ਦਿਨ ਦੀ ਪਾਰਟੀ ‘ਚ ਇੰਗਲੈਂਡ ਦੀਆਂ ਪ੍ਰਸਿੱਧ ਹਸਤੀਆਂ, ਪ੍ਰੋਮੋਟਰ, ਖਿਡਾਰੀ, ਖੇਡ ਪ੍ਰੇਮੀ ਤੇ ਯਾਰ-ਬੇਲੀ ਹਾਜ਼ਰ ਹੋਏ। ਕਿਸੇ ਨੇ ਕੜਾ, ਕਿਸੇ ਨੇ ਮੁੰਦੀ, ਕਿਸੇ ਨੇ ਚੇਨੀ ਪਾਈ-ਪਤਾ ਨਹੀਂ ਕਿੰਨਾ ਕੁ ਸੋਨਾ ‘ਕੱਠਾ ਹੋ ਗਿਆ ਹੋਵੇ।
ਮਹਿੰਦਰ ਮੌੜ ਇਕ ਵਾਰ ਲੁਧਿਆਣੇ ਮੈਚ ਵੇਖਣ ਗਿਆ ਤਾਂ ਸਟੇਜ ਤੋਂ ਹੇਠਾਂ ਹੀ ਕੁਰਸੀ ‘ਤੇ ਬੈਠ ਗਿਆ। ਉਸ ਨੂੰ ਸਟੇਜ ‘ਤੇ ਬੈਠਣ ਦੀ ਕਦੇ ਲਾਲਸਾ ਨਹੀਂ ਸੀ ਹੁੰਦੀ। ਕਿਸੇ ਨੇ ਪ੍ਰਬੰਧਕਾਂ ਨੂੰ ਦੱਸ ਦਿੱਤਾ ਕਿ ਮੌੜ ਮੈਚ ਵੇਖਣ ਆਇਆ ਹੋਇਐ। ਲੋਕ ਮੈਚ ਦੁਆਲਿਓਂ ਹਟ ਕੇ ਮੌੜ ਦੁਆਲੇ ‘ਕੱਠੇ ਹੋਣ ਲੱਗ ਪਏ ਕਿ ਵੇਖ ਤਾਂ ਲਈਏ, ਕਿਹੜਾ ਫਰਿਸ਼ਤਾ ਹੈ। ਮੌੜ ਲੁਧਿਆਣੇ ‘ਚੋਂ ਦੇਵੀ ਦਿਆਲ, ਦਰਬਾਰ ਬੋਲਾ, ਦਰਸ਼ਣ ਮੰਗਲੀ, ਸਵਰਨਾ, ਪਾਲੀ, ਗੋਲਾ ਤੇ ਮੇਜਰ ਸਿੰਘ ਜਿਹੇ ਅਨੇਕ ਖਿਡਾਰੀ ਇੰਗਲੈਂਡ ਲੈ ਕੇ ਗਿਆ ਸੀ। ਮੌੜ ਦੀ ਖਾਸੀਅਤ ਸੀ ਕਿ ਉਹ ਕਦੇ ਮੂਹਰੇ ਹੋ ਕੇ ਫੋਟੋ ਖਿਚਵਾਉਣ ਦਾ ਸ਼ੌਕੀਨ ਨਹੀਂ ਸੀ। ਉਹਦਾ ਕਥਨ ਸੀ ਕਿ ਹਮੇਸ਼ਾ ਚੰਗੇ ਕੰਮ ਕਰੋ ਤਾਂ ਜੋ ਲੋਕ ਤੁਹਾਨੂੰ ਮਾਣ ਨਾਲ ਆਪ ਮੂਹਰੇ ਲੈ ਕੇ ਜਾਣ।
ਇਸੇ ਸਾਲ ਫਰਵਰੀ ਮਹੀਨੇ ਇੰਗਲੈਂਡ ਰਹਿੰਦੇ ‘ਬਾਬਾ ਕਾਹਨ ਦਾਸ ਸਪੋਰਟਸ ਕਲੱਬ, ਕਾਲਾ ਸੰਘਿਆਂ’ ਦੇ ਪ੍ਰਧਾਨ ਗੁਰਦੇਵ ਸਿੰਘ ਉਰਫ ਪੰਛੀ ਪੱਪੂ ਨੇ ਪਿੰਡ ਦੇ ਟੂਰਨਾਮੈਂਟ ਵਿਚ ਮੌੜ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ। ਕਬੱਡੀ ਪ੍ਰਤੀ ਵੱਡੀ ਦੇਣ ਅਤੇ ਵਿਦੇਸ਼ਾਂ ‘ਚ ਪਿੰਡ ਦਾ ਨਾਂ ਉਚਾ ਕਰਨ ਕਰਕੇ ਮਾਣ ਬਖਸ਼ਿਆ। ਖੇਡਾਂ ਨੂੰ ਪ੍ਰੋਮੋਟ ਕਰਨ ਲਈ ਕਾਲਾ ਸੰਘਿਆਂ ਦਾ ਜਤਿੰਦਰ ਸਿੰਘ ਲਾਲੀ ਵੀ ਮੌੜ ਦੇ ਰਾਹਾਂ ‘ਤੇ ਚੱਲ ਰਿਹਾ ਹੈ।
ਪਿੰਡ ਦੇ ਪੁਰਾਣੇ ਤੇ ਨਵੇਂ ਖਿਡਾਰੀਆਂ ਵੱਲ ਵੀ ਝਾਤ ਮਾਰ ਲਈਏ। ਸ਼ ਭਜਨ ਸਿੰਘ ਤੇ ਪਾਲ ਸਿੰਘ (ਦੋਵੇਂ ਸਕੇ ਭਰਾ), ਪਰਮਜੀਤ ਲਾਖਾ ਤੇ ਜਸਵੀਰ ਘੁੱਗੀ (ਸਕੇ ਭਰਾ), ਮੋਹਣਾ ਤੇ ਪੱਪੂ ਖੱਬਾ (ਦੋਵੇਂ ਭਰਾ), ਜਤਿੰਦਰ ਲਾਲੀ, ਜੀਤਾ ਮੌੜ, ਬਿਕਰ ਮਾਸਟਰ, ਤਾਊ, ਮੱਖਣ, ਰੋਡਾ, ਲੱਖੀ, ਤੋਚੀ, ਦੀਪਾ, ਜਵਾਹਰਾ, ਚਰਨਜੀਤ, ਦੇਵ ਤੇ ਫੁੱਲ। ਮੌੜ ਪਿੰਡ ਦੇ ਜਦੋਂ ਕਿਸੇ ਗੱਭਰੂ ਵੱਲ ਨਿਗ੍ਹਾ ਮਾਰਦਾ ਤਾਂ ਥਾਪੜਾ ਦੇ ਕੇ ਕਹਿੰਦਾ, “ਜੁਆਨਾ ਮਿਹਨਤ ਕਰ, ਸਿਹਤ ਬਣਾ।”
ਮੌੜ ਨੇ ਨਡਾਲੇ ਵਾਲੇ ਪ੍ਰੀਤੇ ਤੋਂ ਲੈ ਕੇ ਸੰਦੀਪ ਲੁੱਧੜ ਤੱਕ ਦੇ ਖਿਡਾਰੀ ਖੇਡਣ ਲਈ ਇੰਗਲੈਂਡ ਸੱਦੇ ਯਾਨਿ 6 ਪੀੜ੍ਹੀਆਂ ਦੇ ਖਿਡਾਰੀਆਂ ਨੂੰ ਹੱਥੀਂ ਖਿਡਾਇਆ। ਪ੍ਰੀਤੇ ਨੇ ਮੌੜ ਨੂੰ ਖੁਲ੍ਹ-ਦਿਲਾ ਤੇ ਕਬੱਡੀ ਨੂੰ ਬੁਲੰਦੀਆਂ ‘ਤੇ ਲਿਜਾਣ ਵਾਲਾ ਇਨਸਾਨ ਮੰਨਿਆ। ਪ੍ਰੀਤੇ ਨੇ ਇਹ ਵੀ ਦੱਸਿਆ ਕਿ 1974 ‘ਚ ਜਦੋਂ ਉਹ ਪਹਿਲੀ ਵਾਰ ਟੀਮ ਨਾਲ ਖੇਡਣ ਗਿਆ ਸੀ ਤਾਂ ਮੌੜ ਨੇ ਉਹਦੀ ਖੇਡ ਨੂੰ ਬੜਾ ਪਸੰਦ ਕੀਤਾ ਸੀ। ਮੌੜ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਕਿ ਦੋ ਸਾਲ ਪਹਿਲਾਂ ਜਦੋਂ ਬੱਲ ਨੂੰ ਇੰਗਲੈਂਡ ਸੱਦਿਆ ਸੀ ਤਾਂ ਪ੍ਰੀਤੇ ਨੂੰ ਕਿਉਂ ਨ੍ਹੀਂ ਸੱਦਿਆ। ਮੌੜ ਪ੍ਰੀਤੇ ਦੀ ਖੇਡ ਦਾ ਦੀਵਾਨਾ ਤੇ ਵਧੀਆ ਮਿੱਤਰ ਸੀ।
1991 ‘ਚ ਮੌੜ, ਪ੍ਰੀਤਾ, ਬਲਕਾਰ ਸਿੰਘ ਤੇ ਪਾਕਿਸਤਾਨੀ ਖਿਡਾਰੀ ਅਮੀਨ ਜੱਟ ਕੈਨੇਡਾ ਵਰਲਡ ਕਬੱਡੀ ਕੱਪ ਵੇਖਣ ਗਏ। ਉਹ ਕੱਪ ਮੌੜ ਦੇ ਦਾਮਾਦ ਬਲਕਾਰ ਸਿੰਘ ਅਤੇ ਅਮੀਨ ਜੱਟ ਨੇ ਵੀ ਖੇਡਣਾ ਸੀ। ਸਾਰਾ ਸਟੇਡੀਅਮ ਖਚਾ-ਖਚ ਭਰਿਆ ਪਿਆ ਸੀ। ਮੌੜ ਤੇ ਪ੍ਰੀਤਾ ‘ਕੱਠੇ ਬੈਠੇ ਸਨ। ਸਟੇਡੀਅਮ ‘ਚ ਬੈਠੇ ਪ੍ਰੀਤੇ ਦਾ ਪਤਾ ਲੱਗ ਗਿਆ ਤੇ ਅਨਾਊਂਸਰ ਨੇ ਅਨਾਊਂਸ ਕਰ ਦਿੱਤਾ ਕਿ ਸਾਡੇ ਵਿਚ ਆਪਣੇ ਸਮੇਂ ਦਾ ਟਾਪ ਖਿਡਾਰੀ ‘ਆਇਆ ਪ੍ਰੀਤਾ, ਗਿਆ ਪ੍ਰੀਤਾ’ ਵੀ ਬਿਰਾਜਮਾਨ ਹੈ। ਸਭ ਦੀਆਂ ਨਜ਼ਰਾਂ ਪ੍ਰੀਤੇ ਵੱਲ ਹੋ ਤੁਰੀਆਂ। ਪਿਛੇ ਬੈਠਾ ਇਕ ਬਜੁਰਗ ਉਠ ਕੇ ਖੜ ਗਿਆ ਤੇ ਕਹਿਣ ਲੱਗਾ, “ਨਾਂ ਤਾਂ ਬੜਾ ਸੁਣਿਆ ਸੀ ਪ੍ਰੀਤੇ ਦਾ! ਆਇਆ ਪ੍ਰੀਤਾ ਗਿਆ ਪ੍ਰੀਤਾ! ਦਰਸ਼ਨ ਅੱਜ ਹੋਏ ਨੇ।”
“ਬਜੁਰਗਾ ਆ ਤਾਂ ਗਿਆਂ, ਹੁਣ ਜਾਣਾ ਨ੍ਹੀਂ।” ਪ੍ਰੀਤੇ ਨੇ ਹੱਸਦਿਆਂ ਬਜੁਰਗ ਨੂੰ ਜਵਾਬ ਦਿੱਤਾ।
ਜੇ ਮੌੜ ਨੇ ਪ੍ਰੀਤੇ ਦੀ ਕਬੱਡੀ ਨੂੰ ਪਸੰਦ ਕੀਤਾ ਸੀ ਤਾਂ ਪਹਿਲਵਾਨਾਂ ‘ਚੋਂ ਬੁੱਧੂ ਭਲਵਾਨ ਉਹਦਾ ਪਸੰਦੀਦਾ ਸੀ। ਵੈਨਕੂਵਰ ਕਾਮਰੇਡਾਂ ਦੇ ਮੈਚਾਂ ‘ਚ ਮੌੜ ਇੰਗਲੈਂਡ ਤੋਂ ਖਿਡਾਰੀਆਂ ਦੀ ਟੀਮਾਂ ਨਾਲ ਪਹਿਲਵਾਨ ਵੀ ਲੈ ਕੇ ਗਿਆ ਸੀ। ਭਾਰਤ ਦੀ ਪਹਿਲਵਾਨੀ ‘ਚ ਉਸ ਵੇਲੇ ਬੁੱਧੂ ਦਾ ਪੂਰਾ ਨਾਂ ਸੀ। ਮੌੜ ਦੀ ਟੀਮ ਦੇ ਪਹਿਲਵਾਨ ਕਹਿਣ ਕਿ ਬੁੱਧੂ ਨਾਲ ਪਹਿਲਾਂ ਮੈਂ ਘੁਲਣਾ, ਕੋਈ ਕਹੇ ਮੈਂ ਘੁਲਣਾ। ਮੌੜ ਚੁੱਪ-ਚਾਪ ਬੈਠਾ ਸੁਣੀ ਗਿਆ। ਬੁੱਧੂ ਮੌੜ ਨੂੰ ਕਹਿਣ ਲੱਗਾ, “ਅੰਕਲ ਜੀ, ਕੋਈ ਗੱਲ ਨ੍ਹੀਂ, ਵਾਰੀ ਵਾਰੀ ਸਭ ਨੂੰ ਆਉਣ ਦਿਓ।”
ਕੈਲੀਫੋਰਨੀਆ ਰਹਿੰਦਾ ਕਬੱਡੀ ਖਿਡਾਰੀ ਸਰਬਜੀਤ ਮਾਹਲ ਮੌੜ ਨੂੰ 1995-96-97 ‘ਚ ਟੋਰਾਂਟੋ ਤੇ ਵੈਨਕੂਵਰ (ਕੈਨੇਡਾ) ਕਬੱਡੀ ਕੱਪਾਂ ‘ਚ ਮਿਲਦਾ ਰਿਹਾ। ਦੋ ਵਾਰ ਇੰਗਲੈਂਡ ਅਤੇ ਇਕ ਵਾਰ ਨਿਊ ਯਾਰਕ ਦੇ ਕਬੱਡੀ ਮੇਲੇ ‘ਚ ਵੀ ਮਿਲਿਆ। ਟੋਰਾਂਟੋ ਰਹਿੰਦਾ ਕਬੱਡੀ ਖਿਡਾਰੀ ਜਰਮਨ ਚਾਹਲ ਵੀ ਮੌੜ ਜਿਹੇ ਚੰਗੇ ਇਨਸਾਨਾਂ ਦੀ ਕਦਰ ਕਰਦਾ ਹੈ, ਜਿਨ੍ਹਾਂ ਨੇ ਕਬੱਡੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਿਆ ਹੈ।
ਮਹਿੰਦਰ ਮੌੜ ਨੇ ਜ਼ਿੰਦਗੀ ਦਾ ਹਰ ਪੱਖ ਵੇਖਿਆ। ਪੰਜਾਬੀ ਭਾਈਚਾਰੇ ‘ਚ ਚੰਗੀਆਂ ਸੇਵਾਵਾਂ ਕਰਕੇ ਵੁਲਵਹੈਂਮਟਨ ਕੌਂਸਲ ਦੇ ਮੇਅਰ ਨੇ ਟਰਾਫੀ ਦੇ ਕੇ ਸਨਮਾਨ ਕੀਤਾ ਸੀ। ਐਮ. ਪੀ. ਸ਼ ਮੱਟੂ ਵੀ ਨਾਲ ਸਨ ਉਸ ਵੇਲੇ।
1963 ‘ਚ ਮੌੜ ਨੱਥੂ ਚਾਹਲ ਦੀ ਨਸੀਬ ਕੌਰ ਨਾਲ ਵਿਆਹਿਆ ਗਿਆ ਸੀ। ਉਹ ਪੰਜ ਬੱਚਿਆਂ ਦਾ ਬਾਪ ਬਣਿਆ। ਤਿੰਨ ਬੇਟੀਆਂ ਤੇ ਦੋ ਬੇਟੇ। ਵੱਡੀ ਬੇਟੀ ਕੁਲਵਿੰਦਰ ਕੌਰ ਪੀਐਚ. ਡੀ. ਹੈ, ਜੋ ਸੈਦੋਆਲ ਦੇ ਕਬੱਡੀ ਖਿਡਾਰੀ ਬਲਕਾਰ ਸਿੰਘ ਨਾਲ ਵਿਆਹੀ ਹੋਈ ਹੈ। ਦੂਜੀ ਬੇਟੀ ਸੁਖਵਿੰਦਰ ਕੌਰ ਸਰਕਾਰੀ ਨੌਕਰੀ ਕਰਦੀ ਹੈ ਤੇ ਤੀਜੀ ਬੇਟੀ ਸਤਿੰਦਰ ਕੌਰ ਕੰਪਿਊਟਰ ਇੰਜੀਨੀਅਰ ਹੈ। ਵੱਡਾ ਬੇਟਾ ਬਲਜੀਤ ਸਿੰਘ ਕਾਰੋਬਾਰ ਕਰ ਰਿਹੈ। ਛੋਟਾ ਬੇਟਾ ਬਲਵੀਰ ਸਿੰਘ ਭਰ ਜੁਆਨੀ ‘ਚ ਵਿਛੋੜਾ ਦੇ ਗਿਆ। ਮੌੜ ਨੇ ਰੱਬ ਦਾ ਭਾਣਾ ਮੰਨਦਿਆਂ ਹੌਸਲਾ ਨਾ ਛੱਡਿਆ।
ਬੜੇ ਲੋਕਾਂ ਨੇ ਮੌੜ ਬਣਨ ਦੀ ਕੋਸ਼ਿਸ਼ ਕੀਤੀ, ਉਹਦੇ ਰਾਹਾਂ ‘ਤੇ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮੌੜ ਜਿਹੀ ਕਿਸਮਤ ਕਿਸੇ ਭਾਗਾਂ ਵਾਲੇ ਦੀ ਹੁੰਦੀ ਹੈ। ਮੌੜ ਨੇ ਕਿਸੇ ਦਾ ਭਲਾ ਕਰ ਕੇ ਅਹਿਸਾਨ ਨਹੀਂ ਜਤਾਇਆ, ਸਗੋਂ ਬੇਧੜਕ ਤੇ ਬੇਖੌਫ ਹੋ ਕੇ ਫਰਜ਼ ਨਿਭਾਏ। ਧਨ ਸੀ ਮੌੜ!
ਖੇਡ ਮੈਦਾਨਾਂ ‘ਚ ਬੁੱਕਦੇ ਸਦਾ
ਪੰਜਾਬ ਦੇ ਬੱਬਰ ਸ਼ੇਰ ਆਏ।
ਜਾਨ ਨਿਛਾਵਰ ਕਰਦੇ ਦਿਲ ਦੇ ਬਾਦਸ਼ਾਹ
‘ਮੌੜ’ ਮਰਦ ਦਲੇਰ ਆਏ।
ਜਸ ਖੱਟ ਲੈ ਖਿਡਾਰੀਆਂ ਤੋਂ ‘ਇਕਬਾਲ ਸਿੰਹਾਂ’
ਜ਼ਿੰਦਗੀ ਪਤਾ ਨਹੀਂ ਕਦੋਂ ਫੇਰ ਆਏ?