ਮੰਨੈ ਪਾਵਹਿ ਮੋਖੁ ਦੁਆਰੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਕਈ ਵਿਦਵਾਨ ਕਹਿੰਦੇ ਕਿ ਜਪੁਜੀ ਔਖੀ ਬਾਣੀ ਹੈ। ਕਈ ਨਾਮੀ ਵਿਦਵਾਨਾਂ ਨੇ ਤਾਂ ਲਿਖ ਕੇ ਸਵੀਕਾਰ ਕੀਤਾ ਹੋਇਆ ਹੈ ਕਿ ਇਹ ਬਾਣੀ ਇਸ ਸੰਸਾਰ ਦੀ ਨਹੀਂ, ਸਗੋਂ ਕਿਸੇ ਉਤਲੇ ਸੰਸਾਰ ਨਾਲ ਸਬੰਧਤ ਹੈ। ਉਨ੍ਹਾਂ ਅਨੁਸਾਰ ਇਸ ਇਲਾਹੀ ਬਾਣੀ ਨੂੰ ਸਮਝਣਾ ਤੇ ਇਸ ਦੀ ਵਿਆਖਿਆ ਕਰਨਾ ਬੰਦੇ ਦੇ ਵੱਸ ਦੀ ਗੱਲ ਨਹੀਂ। ਕਈ ਲਿਖਦੇ ਕੁਝ ਨਹੀਂ, ਪਰ ਜਿਸ ਢੰਗ ਨਾਲ ਉਹ ਇਸ ਦੀ ਵਿਆਖਿਆ ਕਰਦੇ ਹਨ, ਉਸ ਤੋਂ ਸਾਫ ਜਾਹਰ ਹੈ ਕਿ ਉਨ੍ਹਾਂ ਨੂੰ ਸਮਝਣ ਵਿਚ ਭਾਰੀ ਕਠਿਨਾਈ ਹੋ ਰਹੀ ਹੈ।

ਕਈ ਬਿਰਤਾਂਤ ਦੇ ਝਮੇਲੇ ਵਿਚ ਨਹੀਂ ਪੈਂਦੇ, ਬਸ ਮੂਲ ਤੁਕਾਂ ਦੇ ਸ਼ਬਦਾਂ ਨੂੰ ਹੀ ਇੱਧਰ ਉਧਰ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੰਦੇ ਹਨ। ਜਿਸ ਰਫਤਾਰ ਨਾਲ ਇਹ ਵਿਦਵਾਨ ਵਿਆਖਿਆ ਵਿਚੋਂ ਭੱਜ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਉਸ ਤੋਂ ਪਤਾ ਚਲਦਾ ਹੈ ਕਿ ਇਹ ਕੰਮ ਉਨ੍ਹਾਂ ਲਈ ਸੱਚੀ ਮੁੱਚੀ ਦੁਸ਼ਵਾਰ ਹੈ।
ਇਨ੍ਹਾਂ ਵਿਦਵਾਨਾਂ ਨੇ ਭਰਮਾਊ ਵਿਆਖਿਆਵਾਂ ਲਿਖ ਕੇ ਸਿੱਖ ਸ਼ਰਧਾਲੂਆਂ ਨੂੰ ਹਨੇਰੇ ਵਿਚ ਧੱਕ ਰੱਖਿਆ ਹੈ। ਆਉਣ ਵਾਲੇ ਸਭ ਵਿਦਵਾਨ, ਅਧਿਆਪਕ, ਪਾਠਕ, ਪੁਜਾਰੀ ਤੇ ਪ੍ਰਚਾਰਕ ਉਨ੍ਹਾਂ ਨੂੰ ਧੁਰੰਦਰ ਗਿਆਨੀ ਸਮਝ ਕੇ ਉਨ੍ਹਾਂ ਦੀਆਂ ਲਿਖਤਾਂ ਨੂੰ ਵਿਸ਼ਵਾਸ ਨਾਲ ਪੜ੍ਹਦੇ ਹਨ ਤੇ ਉਨ੍ਹਾਂ ਜਿਹੀ ਧਾਰਨਾ ਵਿਚ ਉਲਝੇ ਰਹਿੰਦੇ ਹਨ। ਉਹ ਅੱਖ ਪੁਟ ਕੇ ਵੀ ਨਹੀਂ ਦੇਖਦੇ ਕਿ ਮੂਲ ਲਿਖਤ ਵਿਚ ਕੀ ਲਿਖਿਆ ਹੈ ਤੇ ਅਰਥ ਕੀ ਦੱਸੇ ਹੋਏ ਹਨ। ਇਹੀ ਕਾਰਨ ਹੈ ਕਿ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ’ ਦੀ ਜੋ ਸਮਸਿਆ ਗੁਰੂ ਨਾਨਕ ਵੇਲੇ ਸੀ, ਉਹੀ ਅਜੋਕੇ ਸਿੱਖ ਵਿਦਵਾਨਾਂ ਦੀ ਜਪੁਜੀ ਬਾਰੇ ਬਣੀ ਹੋਈ ਹੈ।
ਪਰ ਇਸ ਦੀ ਸਮਝ ਬਾਰੇ ਬਹੁਤੀਆਂ ਸਮੱਸਿਆਵਾਂ ਵਿਦਵਾਨਾਂ ਨੇ ਆਪ ਸਹੇੜੀਆਂ ਹੋਈਆਂ ਹਨ। ਕੋਈ ‘ਨਾਮ ਖੁਮਾਰੀ ਨਾਨਕਾ ਚੜ੍ਹ ਰਹੈ ਦਿਨੁ ਰਾਤਿ’ ਬੋਲ ਕੇ ਕਹਿੰਦਾ ਹੈ ਕਿ ਜਪੁਜੀ ਨੂੰ ਗੁਰੂ ਸਾਹਿਬ ਨੇ ਭਗਤੀ ਦੇ ਨਸ਼ੇ ਦੀ ਕਿਸੇ ਉਚੀ ਅਵਸਥਾ ਵਿਚ ਪਹੁੰਚ ਕੇ ਲਿਖਿਆ ਹੋਇਆ ਹੈ; ਪਰ ਕੱਚੀ ਬਾਣੀ ਦੀ ਇਹ ਤੁਕ ਗ੍ਰੰਥ ਸਾਹਿਬ ਵਿਚ ਕਿਤੇ ਲਿਖੀ ਹੀ ਨਹੀਂ। ਕਈ ਮੰਨੀ ਬੈਠੇ ਹਨ ਕਿ ਇਹ ਧੁਰ ਦੀ ਬਾਣੀ ਹੈ, ਇਸ ਲਈ ਪਰਮਾਤਮਾ ਵਲੋਂ ਲਿਖੀ ਆਈ ਹੈ। ਜੇ ਇੱਦਾਂ ਹੈ ਫਿਰ ਤਾਂ ਇਹ ਆਮ ਲੋਕਾਂ ਦੀ ਸਮਝ ਵਿਚ ਸਹਿਜ ਭਾ ਹੀ ਆਉਣੀ ਚਾਹੀਦੀ ਹੈ। ਕਈ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਗੂੜ੍ਹ ਗਿਆਨ ਦੀਆਂ ਗੱਲਾਂ ਨੂੰ ਆਮ ਆਦਮੀ ਤੀਕ ਪਹੁੰਚਾਉਣ ਲਈ ਲੋਕ ਭਾਸ਼ਾ ਵਿਚ ਲਿਖਿਆ ਹੈ। ਪਰ ਲੋਕ ਭਾਸ਼ਾ ਵਿਚ ਲਿਖੀ ਇਹ ਬਾਣੀ ਕੱਦਾਵਰ ਵਿਦਵਾਨਾਂ ਦੀ ਸਮਝ ਤੋਂ ਵੀ ਬਾਹਰ ਕਿਉਂ ਹੈ? ਕਈ ਹੋਰ ਹਨ, ਜੋ ਇਸ ਨੂੰ ਪਰਮਾਤਮਾ ਨਾਲ ਮਿਲਣ ਦਾ ਜ਼ਰੀਆ ਮੰਨਦੇ ਹਨ। ਇਸ ਤਰ੍ਹਾਂ ਦੇ ਮਿੱਥ ਪ੍ਰਚਾਰ ਬਾਰੇ ਤਾਂ ਕੁਝ ਨਾ ਕਹਿਣਾ ਹੀ ਚੰਗਾ ਹੈ।
ਪਰ ਜੋ ਬੁਨਿਆਦੀ ਗੱਲ ਕਿਸੇ ਦੀ ਸਮਝ ਵਿਚ ਨਹੀਂ ਆਈ, ਉਹ ਇਹ ਹੈ ਕਿ ਇਹ ਬਾਣੀ ਆਮ ਆਦਮੀ ਲਈ ਲਿਖੀ ਹੀ ਨਹੀਂ ਗਈ। ਭਾਵੇਂ ਤਵੱਕੋ ਕੀਤੀ ਗਈ ਹੈ ਕਿ ਆਮ ਆਦਮੀ ਵੀ ਜਾਗਰੂਕ ਹੋ ਕੇ ਇਸ ਬਾਣੀ ਨੂੰ ਪੜ੍ਹੇਗਾ ਤੇ ਵਿਚਾਰਾਂ ਦੀ ਦੁਨੀਆਂ ਵਿਚ ਵਿਚਰਣ ਦੀ ਸੇਧ ਲਵੇਗਾ, ਪਰ ਜਿਨ੍ਹਾਂ ਲੋਕਾਂ ਨੂੰ ਮੁੱਖ ਰੱਖ ਕੇ ਜਪੁਜੀ ਦੀ ਬਾਣੀ ਲਿਖੀ ਗਈ ਸੀ, ਉਹ ਉਸ ਜਮਾਨੇ ਦੇ ਬੁਧੀਜੀਵੀ ਸਨ। ਹਿੰਦੂ ਪੰਡਿਤ, ਇਸਲਾਮਿਕ ਮੌਲਾਣੇ, ਨਾਥ ਜੋਗੀ, ਸੰਤ ਮਹਾਤਮਾ ਤੇ ਸਿੱਧ-ਪੁਰਖ ਭਾਵੇਂ ਕਿਸੇ ਫਿਰਕੇ ਦੇ ਹੋਣ, ਉਸ ਵੇਲੇ ਦੇ ਬੌਧਿਕ ਜਿਊੜੇ ਸਨ। ਉਨ੍ਹਾਂ ਨੇ ਕੁਝ ਪੜ੍ਹ ਲਿਖ ਕੇ ਆਪਣੇ ਜੀਵਨ ਨੂੰ ਚਿੰਤਨ ਦੇ ਲੇਖੇ ਲਾਇਆ ਸੀ ਤੇ ਉਹ ਫਿਲਾਸਫੇ ਦੀਆਂ ਘੁੰਤਰਾਂ ਜਾਣਦੇ ਸਨ। ਕਈ ਘਰ-ਬਾਰ ਛੱਡ ਕੇ ਪੱਕੇ ਸਾਧਾਂ ਸੰਤਾਂ ਦੀ ਸੰਗਤ ਵਿਚ ਚਲੇ ਗਏ ਸਨ ਤੇ ਗਿਆਨ ਪ੍ਰਾਪਤੀ ਲਈ ਕਠੋਰ ਮਿਹਨਤ ਕਰਦੇ ਸਨ। ਚਾਹੇ ਉਨ੍ਹਾਂ ਦੀ ਦਿਸ਼ਾ ਅਵੱਲੀ ਹੀ ਸੀ, ਪਰ ਉਹ ਆਪਣੀ ਧੁਨ ਦੇ ਮਾਹਰ ਸਨ। ਆਮ ਆਦਮੀ ਤਾਂ ਉਸ ਵੇਲੇ ਵੀ ਅੱਜ ਵਾਂਗ ਆਪਣੇ ਦੁਨਿਆਵੀ ਕੰਮਾਂ ਵਿਚ ਲੀਨ ਸਨ। ਉਹ ਤਾਂ ਦੂਜਿਆਂ ਦੀ ਦੇਖਾ ਦੇਖੀ ‘ਬਖਸ਼ਿਸ਼ਾਂ’ ਪ੍ਰਾਪਤੀ ਦੇ ਕਰਮ ਕਾਂਡ ਕਰਦੇ ਨਹੀਂ ਰੁਕਦੇ। ਉਨ੍ਹਾਂ ਦਾ ਬਾਣੀ ਨਾਲ ਸਬੰਧ ਉਸ ਵੇਲੇ ਵੀ ਅੱਜ ਵਾਂਗ ਸੱਤਹੀ ਤੇ ਕਾਰੋਬਾਰੀ ਹੀ ਸੀ। ਆਮ ਆਦਮੀ ਹੀ ਕਿਉਂ, ਵਿਸ਼ਵ ਵਿਦਿਆਲਿਆਂ ਦੇ ਪ੍ਰੋਫੈਸਰ, ਗੁਰਦੁਆਰਿਆਂ ਦੇ ਗ੍ਰੰਥੀ, ਪ੍ਰਬੰਧਕ, ਪ੍ਰਚਾਰਕ ਤੇ ਕਈ ਸ਼ੁਭ-ਚਿੰਤੇ ਵਿਦਵਾਨ ਅੱਜ ਵੀ ਗਿਆਨ ਦੇ ਕਾਰਜ ਵਿਚ ਆਪਣੇ ਮਾਯਾਵੀ ਹਿੱਤ ਪੂਰਨ ਜਿੰਨਾ ਹੀ ਖੁੱਭਦੇ ਹਨ। ਇਹ ਸਭ ਉਵੇਂ ਹੀ ਹੈ, ਜਿਵੇਂ ਗੁਰੂ ਸਾਹਿਬ ਦੇ ਬਹੁਤੇ ਮੁਢਲੇ ਸਿੱਖ ਉਨ੍ਹਾਂ ਨੂੰ ‘ਨਾਨਕ ਤਪਾ’ ਮੰਨ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਵਾਉਣ ਪਹੁੰਚਦੇ ਸਨ। ਉਹ ਕਹਿੰਦੇ ਤਾਂ ਇਹ ਸਨ ਕਿ ਇਹ ਪੀਰ ਖਰੀ ਗੱਲ ਕਰਦਾ ਹੈ, ਪਰ ਅੰਦਰੋਂ ਇਸ ਦਾ ਮਤਲਬ ਹੁੰਦਾ ਸੀ ਕਿ ਇਹ ਫਕੀਰ ਦਰਗਾਹੇ ਪਹੁੰਚ ਰੱਖਣ ਵਾਲਾ ਲਗਦਾ ਹੈ, ਜਿੰਨੀ ਗੱਲ ਕਹਿੰਦਾ ਹੈ, ਉਨੀ ਪਾਸ ਜਰੂਰ ਕਰਵਾ ਦਿੰਦਾ ਹੋਊ। ਸੋ ਗੁਰੂ ਸਾਹਿਬ ਨੇ ਜਪੁਜੀ ਜਿਹੀ ਸਿਧਾਂਤਕ ਬਾਣੀ ਇਸ ਆਮ ਆਦਮੀ ਨੂੰ ਸੰਬੋਧਨ ਕਰ ਕੇ ਨਹੀਂ ਸੀ ਲਿਖੀ।
ਚਾਹੇ ਇਹ ਗੱਲ ਓਪਰੀ ਲੱਗੇ, ਪਰ ਉਨ੍ਹਾਂ ਦੀ ਬਾਣੀ ਵਿਚ ਨਾਥ ਪਰੰਪਰਾ ਵਾਲੇ ਸ਼ਬਦਾਂ ਦੀ ਭਰਮਾਰ ਹੈ। ਇਹ ਇਸ ਗੱਲ ਦਾ ਚੰਗਾ ਖਾਸਾ ਸਬੂਤ ਹੈ ਕਿ ਜਪੁਜੀ ਦੇ ਸੰਵਾਦ ਸਿੱਧਾਂ ਤੇ ਨਾਥਾਂ ਲਈ ਰਚੇ ਗਏ ਸਨ। ਓਂਕਾਰ, ਨਿਰੰਕਾਰ, ਨਿਰੰਜਨ, ਈਸਰ, ਗੋਰਖ, ਬਰਮਾ, ਮਹੇਸ, ਜੋਗ, ਜੁਗਤਿ, ਧਿਆਨ, ਭਗਤ, ਮਗ, ਪੰਥ, ਭਵਹਿ, ਭਵਣ, ਭਿਖ, ਪਰਵਾਰ, ਜਪ, ਸੈਭੰ, ਤਪ, ਅਲਖ, ਉਦਾਸ, ਮੋਨ, ਲਿਵ, ਤਾਰ, ਨਾਦ, ਸਿਧ, ਸਮਾਧੀ, ਮੁੰਦਾ, ਸੰਤੋਖ, ਝੋਲੀ, ਬਿਭੂਤਿ, ਖਿੰਥਾ, ਡੰਡਾ, ਪੰਥੀ, ਜਮਾਤੀ, ਨਾਥ, ਆਦੇਸ, ਆਸਣ, ਸੁਰਤੀ, ਗਿਆਨ, ਭੰਡਾਰ, ਮੰਗਣਾ, ਦੇਣਾ, ਭਿਖ, ਖੰਡ, ਮੰਡਲ, ਵਰਮੰਡ ਆਦਿ ਸਿੱਧ ਡੇਰਿਆਂ ਦੀ ਫਿਲਾਸਫੀ ਨਾਲ ਜੁੜੇ ਅਲਫਾਜ਼ ਹਨ। ਅੱਜ ਕੱਲ ਵੀ ਜਿੱਥੇ ਕਿਤੇ ਇਹ ਡੇਰੇ ਹਨ, ਉਥੇ ਇਹੀ ਸ਼ਬਦ ਬੋਲੇ ਜਾਂਦੇ ਹਨ। ਇੱਥੋਂ ਤੀਕ ਕਿ ਉਨ੍ਹਾਂ ਨੇ ‘ਸੋ ਕਿਉ ਮੰਦਾ ਆਖੀਐ’ ਵਾਲਾ ਸ਼ਬਦ ਵੀ ਉਨ੍ਹਾਂ ਨੂੰ ਹੀ ਸੰਬੋਧਨ ਕਰ ਕੇ ਲਿਖਿਆ ਹੋਇਆ ਹੈ, ਕਿਉਂਕਿ ਉਹੀ ਔਰਤ ਨੂੰ ‘ਭੰਡ’ ਆਖਦੇ ਸਨ ਤੇ ਉਹੀ ਉਨ੍ਹਾਂ ਨੂੰ ਮਾੜਾ ਸਮਝ ਕੇ ਮੱਥੇ ਨਹੀਂ ਸਨ ਲਗਦੇ।
ਗੁਰੂ ਸਾਹਿਬ ਨੇ ਡੇਰੇਦਾਰਾਂ ਨਾਲ ਥਾਂ ਥਾਂ ਗੋਸ਼ਟੀਆਂ ਕੀਤੀਆਂ, ਤਰਕ-ਵਿਤਰਕ ਕੀਤੇ ਤੇ ਉਨ੍ਹਾਂ ਦੇ ਬਿਰਤਾਂਤ ਲਿਖੇ। ਗੁਰੂ ਸਾਹਿਬ ਨੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਉਨ੍ਹਾਂ ਦੀ ਭਾਸ਼ਾ ਵਿਚ ਦੇਣ ਲਈ ਉਨ੍ਹਾਂ ਦੇ ਸ਼ਬਦਾਂ ਨੂੰ ਹੀ ਵਰਤਿਆ। ਸਾਹਿਤ, ਵਿਗਿਆਨ, ਫਿਲਾਸਫੀ ਸਭ ਦੀ ਆਪਣੀ ਆਪਣੀ ਸ਼ਬਦਾਵਲੀ ਹੈ, ਜਿਸ ਸਿਰ ਉਹ ਉਸਰੇ ਹੁੰਦੇ ਹਨ। ‘ਅਖਰਾ ਸਿਰਿ ਸੰਜੋਗੁ ਵਖਾਣਿ’ ਦੇ ਮਹਾ ਵਾਕ ਅਨੁਸਾਰ ਇਸ ਸ਼ਬਦਾਵਲੀ ਨਾਲ ਹੀ ਇਕ ਵਿਚਾਰ ਦਾ ਦੂਜੇ ਨਾਲ ਸਬੰਧ ਬਣਿਆ ਹੁੰਦਾ ਹੈ। ਸ਼ਬਦਾਵਲੀ ਦੀ ਵਿਸ਼ੇਸ਼ ਜਾਣਕਾਰੀ ਤੋਂ ਬਿਨਾ ਕਿਸੇ ਇਲਮ ਦਾ ਗਿਆਨ ਅਸੰਭਵ ਹੈ, ਕਿਉਂਕਿ ਵਿਸ਼ੇ ਦੇ ਵਿਕਾਸ ਕਾਰਨ ਸੰਵਾਦ ਆਮ ਗੱਲਬਾਤ ਦੀ ਭਾਸ਼ਾ ਤੋਂ ਕਟ ਚੁਕਾ ਹੁੰਦਾ ਹੈ। ਆਮ ਆਦਮੀ ਨੂੰ ਸਮਝਾਉਣ ਲਈ ਤਾਂ ਫਿਰ ਮਿਸਾਲਾਂ, ਰੂਪਕਾਂ ਤੇ ਅਲੰਕਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਮੱਧ ਕਾਲੀ ਨਾਥ ਮੰਡਲਾਂ ਦੇ ਚਿੰਤਨ ਤੇ ਉਨ੍ਹਾਂ ਦੀ ਸ਼ਬਦਾਵਲੀ ਦੇ ਗਿਆਨ ਤੋਂ ਬਿਨਾ ਜਪੁਜੀ ਨੂੰ ਸਮਝਣਾ ਮੁਸ਼ਕਿਲ ਹੈ।
ਇਸ ਤੱਥ ਦਾ ਇਕ ਖਾਸ ਸਿੱਟਾ ਇਹ ਨਿਕਲਦਾ ਹੈ ਕਿ ਗੁਰਸਿੱਖਾਂ ਨੂੰ ਇਹ ਬਾਣੀ ਅਸਿੱਧੇ ਢੰਗ ਨਾਲ ਸਮਝਣੀ ਪੈਣੀ ਹੈ। ਭਾਵ ਜੋ ਕੁਝ ਗੁਰੂ ਸਾਹਿਬ ਨੇ ਨਾਥ ਜੋਗੀਆਂ ਆਦਿ ਨੂੰ ਸੰਬੋਧਨ ਕਰ ਕੇ ਲਿਖਿਆ ਹੈ, ਉਹੀ ਉਨ੍ਹਾਂ ਨੇ ਪਰਤ ਕੇ ਆਪਣੇ ‘ਤੇ ਵੀ ਲਾਗੂ ਕਰਨਾ ਹੈ; ਪਰ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ, ਪ੍ਰਚਾਰਕਾਂ ਤੇ ਵਿਆਖਿਆਕਾਰਾਂ ਨੇ ਇਸ ਨੂੰ ਆਪਣੇ ‘ਤੇ ਤਾਂ ਕੀ ਲਾਗੂ ਕਰਨਾ, ਉਹ ਤਾਂ ਸਿੱਧਾਂ ਤੇ ਨਾਥਾਂ ਨੂੰ ਵੀ ਇਸ ਤੋਂ ਮੁਕਤ ਕਰੀ ਬੈਠੇ ਹਨ। ਇਸ ਗੱਲ ਦਾ ਪ੍ਰਮਾਣ 15ਵੀਂ ਪਉੜੀ ਦੀ ਉਨ੍ਹਾਂ ਦੀ ਵਿਆਖਿਆ ਤੋਂ ਮਿਲਦਾ ਹੈ। ਪ੍ਰਸਿੱਧ ਵਿਦਵਾਨ ਰਜਨੀਸ਼ ‘ਓਸ਼ੋ’ ਦੇ ਇਸ ਸਮੁੱਚੀ ਪਉੜੀ ਦੇ ਟੀਕੇ ਦੇ ਅੰਸ਼ ਹੇਠ ਲਿਖੇ ਕੀਤੇ ਗਏ ਹਨ। ਪਉੜੀ ਹੈ,
ਮੰਨੈ ਪਾਵਹਿ ਮੋਖੁ ਦੁਆਰੁ॥
ਮੰਨੈ ਪਰਵਾਰੈ ਸਾਧਾਰੁ॥
ਮੰਨੈ ਤਰੈ ਤਾਰੇ ਗੁਰੁ ਸਿਖ॥
ਮੰਨੈ ਨਾਨਕ ਭਵਹਿ ਨ ਭਿਖ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥੧੫॥
ਇਸ ਪਉੜੀ ਦੀ ਵਿਆਖਿਆ ਕਰਦਾ ਰਜਨੀਸ਼ ਲਿਖਦਾ ਹੈ, “ਦੁਆਰ ਤੁਹਾਡੇ ਅੰਦਰ ਹੈ। ਭਟਕਣ ਤੁਹਾਡੇ ਅੰਦਰ ਹੈ। ਔਕੜਾਂ ਤੁਹਾਡੇ ਅੰਦਰ ਹਨ। ਰਾਹ ਤੁਹਾਡੇ ਅੰਦਰ ਹੈ। ਸਿਰਫ ਦੀਵਾ ਬਲ ਜਾਵੇ ਤਾਂ ਤੁਸੀਂ ਦੋਹਾਂ ਨੂੰ ਵੇਖ ਲਵੋਗੇ-ਕੀ ਹੈ ਸਤਯ, ਕੀ ਹੈ ਅਸਤਯ? ਤੁਸੀਂ ਵੇਖ ਲਵੋਗੇ-ਕਾਮਨਾ ਹੈ ਅਸਤਯ ਅਤੇ ਅਕਾਮਨਾ ਹੈ ਸਤਯ, ਅਤੇ ਅਕਾਮਨਾ ਹੈ ਮੋਖਸ਼ ਦਾ ਦੁਆਰ।”
ਇਹ ਵਿਦਵਾਨ ਅੱਗੇ ਲਿਖਦਾ ਹੈ, “ਨਾਨਕ ਕਹਿੰਦੇ ਹਨ ਕਿ ਮਨਨ ਨਾਲ ਹੀ ਮੋਖਸ਼-ਦੁਆਰ ਦੀ ਪ੍ਰਾਪਤੀ ਹੁੰਦੀ ਹੈ…ਨਾ ਮੰਗੋਗੇ ਨਾ ਬੱਝੋਗੇ; ਨਾ ਅਭਿਲਾਸਾ ਹੋਵੇਗੀ; ਨਾ ਬੰਧਨ ਹੋਏਗਾ ਨਾ ਚਾਹ ਹੋਵੇਗੀ, ਨਾ ਜੰਜੀਰਾਂ ਹੋਣਗੀਆਂ ਅਤੇ ਜਦ ਕੋਈ ਚਾਹ ਨਹੀਂ, ਮੁਕਤੀ ਦਾ ਦਰਵਾਜਾ ਖੁੱਲ੍ਹ ਗਿਆ। ਅ-ਚਾਹ ਮੁਕਤੀ ਦਾ ਦੁਆਰ ਹੈ।
ਉਹ ਕਹਿੰਦਾ ਹੈ, “ਮਨਨ ਨਾਲ ਪਰਿਵਾਰ ਨੂੰ ਬਚਾ ਲਿਆ ਜਾਂਦਾ ਹੈ। ਕਿਸ ਪਰਿਵਾਰ ਦੀ ਗੱਲ ਕਰਦੇ ਹਨ ਨਾਨਕ? ਯਕੀਨਨ ਉਸ ਪਰਿਵਾਰ ਦੀ ਤਾਂ ਨਹੀਂ ਕਰਦੇ ਹਨ-ਪਤਨੀ, ਬੱਚੇ, ਭਾਈ, ਭੈਣ; ਕਿਉਂਕਿ ਉਹ ਤਾਂ ਨਾਨਕ ਵੀ ਨਹੀਂ ਬਚਾ ਸਕਦੇ। ਉਹ ਤਾਂ ਕੋਈ ਵੀ ਨਹੀਂ ਬਚਾ ਸਕਿਆ, ਉਹ ਤਾਂ ਪਰਿਵਾਰ ਹੈ ਹੀ ਨਹੀਂ। ਇਕ ਹੋਰ ਪਰਿਵਾਰ ਹੈ-ਗੁਰੂ ਤੇ ਸ਼ਿੱਸ਼ ਦਾ ਪਰਿਵਾਰ। ਉਹ ਹੀ ਪਰਿਵਾਰ ਹੈ।”
ਉਹ ਅੱਗੇ ਲਿਖਦਾ ਹੈ, “ਮਨਨ ਨਾਲ ਹੀ ਭਿਖਿਆ ਲਈ ਭਟਕਣਾ ਨਹੀਂ ਪੈਂਦਾ। ਜਿਵੇਂ ਜਿਵੇਂ ਮਨਨ ਡੂੰਘਾ ਹੁੰਦਾ ਜਾਂਦਾ ਹੈ, ਮੰਗਣਾ ਛੁਟ ਜਾਂਦਾ ਹੈ। ਸੰਸਾਰ ਕੀ ਹੈ? ਭਿਖਿਆ ਦੇ ਲਈ ਭਟਕਣਾ ਹੈ। ਤੁਸੀਂ ਗੌਰ ਕਰੋ ਕਿ ਤੁਸੀਂ ਕੀ ਕਰ ਰਹੇ ਹੋ। ਤੁਸੀਂ ਮੰਗ ਰਹੇ ਹੋ। ਚੌਵੀ ਘੰਟੇ ਮੰਗ ਜਾਰੀ ਹੈ। ਤੁਸੀਂ ਭਿਖਾਰੀ ਹੋ। ਨਾਨਕ ਕਹਿੰਦੇ ਹਨ-ਮਨਨ ਨਾਲ ਹੀ ਭਿਖਿਆ ਲਈ ਭਟਕਣਾ ਨਹੀਂ ਪੈਂਦਾ। ਮਨਨ ਨਾਲ ਪਰਮਾਤਮਾ ਮਿਲ ਜਾਂਦਾ ਹੈ। ਸਮਾਧੀ ਮਿਲ ਗਈ, ਸਭ ਮਿਲ ਗਿਆ। ਉਹ ਨਾਉਂ ਨਿਰੰਜਨ ਹੀ ਇਹੋ ਜਿਹਾ ਹੈ ਕਿ ਜੋ ਮਨਨ ਕਰਦਾ ਹੈ, ਉਸ ਦਾ ਮਨ ਹੀ ਜਾਣਦਾ ਹੈ।”
ਰਜਨੀਸ਼ ‘ਓਸ਼ੋ’ ਦਾ ਵਿਖਿਆਨ ਕਾਫੀ ਲੰਮਾ ਹੈ। ਉਸ ਦਾ ਸੰਖੇਪ ਸਾਰ ਇਹ ਹੈ ਕਿ ਮਨੁੱਖ ਮਨਨ ਸਦਕਾ ਇੱਛਾਵਾਂ ਛੱਡ ਦਿੰਦਾ ਹੈ ਤੇ ਇਸ ਨਾਲ ਉਸ ਦੀ ਮੁਕਤੀ ਦਾ ਦਰਵਾਜਾ ਖੁਲ੍ਹ ਜਾਂਦਾ ਹੈ। ਫਿਰ ਉਹ ਦੁਨਿਆਵੀ ਰਿਸ਼ਤਿਆਂ ਵਾਲੇ ਛੋਟੇ ਪਰਿਵਾਰ ਨੂੰ ਤਿਆਗ ਦਿੰਦਾ ਹੈ ਤੇ ਘਰੋਂ ਨਿਕਲ ਕੇ ਬਾਹਰ ਗੁਰੂ-ਸ਼ਿੱਸ਼ ਵਾਲਾ ਵੱਡਾ ਪਰਿਵਾਰ ਸਥਾਪਤ ਕਰਦਾ ਹੈ। ਆਪਣਾ ਗਿਆਨ ਵੰਡ ਕੇ ਉਹ ਇਸ ਅਣਗਿਣਤ ਚੇਲਿਆਂ ਵਾਲੇ ਪਰਿਵਾਰ ਨੂੰ ਬਚਾਉਂਦਾ ਹੈ। ਇਸ ਤਰ੍ਹਾਂ ਉਹ ਆਪ ਤਾਂ ਤਰਦਾ ਹੀ ਹੈ, ਆਪਣੇ ਸ਼ਿੱਸ਼ਾਂ ਦੇ ਇਸ ਪਰਿਵਾਰ ਨੂੰ ਵੀ ਤਾਰਦਾ ਹੈ। ਉਹ ਕਹਿੰਦਾ ਹੈ, “ਮਨਨ ਦੀ ਸਮਾਧੀ ਅਜਿਹੀ ਹੈ ਕਿ ਇਸ ਵਿਚ ਮਨ ਹੀ ਮਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।”
ਓਸ਼ੋ 20ਵੀਂ ਸਦੀ ਦਾ ਭਾਰਤੀ ਮੂਲ ਦਾ ਫਿਲਾਸਫਰ ਤੇ ਪ੍ਰਚਾਰਕ ਸੀ। ਉਹ ਮੱਧ ਪ੍ਰਦੇਸ਼ ਦੀ ਇਕ ਯੂਨੀਵਰਸਿਟੀ ਵਿਚ ਫਿਲਾਸਫੀ ਦਾ ਪ੍ਰਫੈਸਰ ਸੀ, ਜਿਸ ਨੇ ਪਰਿਵਾਰਕ ਜੀਵਨ ਤੋਂ ਭਗੌੜਾ ਹੋ ਕੇ ਆਪਣਾ ਰਜਨੀਸ਼ ਆਸ਼ਰਮ ਸਥਾਪਤ ਕੀਤਾ। ਚੰਗੇ ਭਾਸ਼ਣਾਂ ਤੇ ਅਨੈਤਿਕ ਵਿਹਾਰ ਦੀਆਂ ਖੁੱਲ੍ਹਾਂ ਕਾਰਨ ਲੋਕ ਉਸ ਵੱਲ ਆਕਰਸ਼ਤ ਹੋਣ ਲੱਗੇ। ਇਸ ਕਾਰਨ ਉਸ ਨੂੰ ਕਈ ਅਦਾਰਿਆਂ ਵਿਚੋਂ ਕੱਢਿਆ ਵੀ ਗਿਆ ਤੇ ਉਸ ਦੀ ਨਿੰਦਾ ਵੀ ਹੋਈ; ਪਰ ਉਸ ਨੇ ਆਪਣੇ ਰਹੱਸਮਈ ਭਾਸ਼ਣਾਂ ਰਾਹੀ ਆਪਣਾ ਵੱਖਰਾ ਧਰਮ ਚਲਾਈ ਰੱਖਿਆ। ਆਪਣੀਆਂ ਸੈਂਕੜੇ ਪੁਸਤਕਾਂ ਤੇ ਹਜ਼ਾਰਾਂ ਭਾਸ਼ਣਾਂ ਤੋਂ ਇਲਾਵਾ ਉਸ ਨੇ ਗੁਰੂ ਨਾਨਕ ਦੇ ਜਪੁਜੀ ਦੀ ਵਿਆਖਿਆ ਵੀ ਕੀਤੀ ਤੇ ਗੁਰੂ ਸਾਹਿਬ ਦੀ ਫਿਲਾਸਫੀ ‘ਤੇ ਕਈ ਭਾਸ਼ਣ ਦਿੱਤੇ। ਇਸ ਕਾਰਨ ਉਹ ਸਿੱਖ ਜਗਤ ਵਿਚ ਵੀ ਕਾਫੀ ਪੜ੍ਹਿਆ ਜਾਣ ਲੱਗਾ ਹੈ।
ਆਪਣੀ ਉਪਰੋਕਤ ਵਿਆਖਿਆ ਵਿਚ ਰਜਨੀਸ਼ ਓਸ਼ੋ ਇਕ ਸ਼ਬਦ ਜਾਲ ਬੁਣਦਾ ਹੈ, ਜਿਸ ਨਾਲ ਉਹ ਆਪਣੇ ਮਨੋਰਥ ਦੀ ਸਿੱਧੀ ਕਰਦਾ ਹੈ। ਉਹ ਗੁਰੂ ਨਾਨਕ ਦੇ ਵਿਚਾਰਾਂ ਨੂੰ ਘੜ੍ਹ ਭੰਨ ਕੇ ਆਪਣੇ ਚਲਾਏ ਪ੍ਰੇਮ, ਸਮਾਧੀ ਤੇ ਅਨੰਦ ਦੇ ਪੰਥ ਦੀ ਪ੍ਰੋੜਤਾ ਲਈ ਵਰਤਦਾ ਹੈ। ਉਹ ਗੁਰੂ ਸਾਹਿਬ ਦੇ ਵਰਤੇ ਸ਼ਬਦ ‘ਮੰਨੇ’ ਦੇ ਅਰਥ ਮਨਨ ਤਾਂ ਸਹੀ ਕਰਦਾ ਹੈ, ਪਰ ਇਸ ਮਨਨ ਦਾ ਮੂੰਹ ਤਰਕ-ਵਿਸ਼ਲੇਸ਼ਣ ਤੋਂ ਰਹੱਸਵਾਦ ਵਲ ਮੋੜ ਕੇ ਮੁਹਾਰ ਆਪਣੇ ਹੱਥ ਵਿਚ ਲੈ ਲੈਂਦਾ ਹੈ। ਇਸ ਤਰ੍ਹਾਂ ਗੁਰਬਾਣੀ ਦੇ ਅਰਥ ਪ੍ਰਤੱਖ ਤੋਂ ਰਹੱਸਸਈ ਬਣਾ ਕੇ ਇਨ੍ਹਾਂ ਦਾ ਚੜ੍ਹਦੀ ਕਲਾ ਵਾਲਾ ਪ੍ਰਗਤੀਵਾਦੀ ਮਨੋਰਥ ਪੁੱਠਾ ਕਰ ਦਿੰਦਾ ਹੈ। ਉਹ ਆਪਣੇ ਸਰੋਤਿਆਂ ਨੂੰ ਦੱਸਦਾ ਹੈ ਕਿ ਉਨ੍ਹਾਂ ਦੀਆਂ ਅੰਦਰ ਤੇ ਬਾਹਰ ਦੀਆਂ ਸਭ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਆਪਣੇ ਅੰਦਰ ਹੈ। ਜੇ ਉਹ ਸੋਚਣ ਤਾਂ ਪਤਾ ਚਲੇਗਾ ਕਿ ਉਨ੍ਹਾਂ ਦੀਆਂ ਇੱਛਾਵਾਂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਹਨ। ਇੱਛਾਵਾਂ ਦਾ ਤਿਆਗ ਕਰਕੇ ਜਾਂ ਘਰ ਬਾਰ ਛੱਡ ਕੇ ਹੀ ਮੁਕਤੀ ਦਾ ਦੁਆਰ ਖੁੱਲ੍ਹ ਸਕਦਾ ਹੈ। ਇਸ ਨਾਲ ਉਹ ਆਪ ਮੁਕਤ ਹੋਣਗੇ ਤੇ ਆਪਣੇ ਬਾਹਰਲੇ ਭਾਵ ਵਿਚਾਰਧਾਰਕ ਪਰਿਵਾਰ ਨੂੰ ਮੁਕਤ ਕਰ ਦੇਣਗੇ। ਸਮਾਜਕ ਰਿਸਤਿਆਂ ਦੇ ਪਰਿਵਾਰ ਨੂੰ ਤਾਂ ਉਹ ਪਰਿਵਾਰ ਹੀ ਨਹੀਂ ਮੰਨਦਾ। ਇਸ ਲਈ ਉਸ ਦੇ ਤਰਨ-ਡੁੱਬਣ ਦਾ ਉਸ ਨੂੰ ਕੋਈ ਫਿਕਰ ਨਹੀਂ; ਕਿਉਂਕਿ ਉਸ ਦਾ ਆਪਣਾ ਕੋਈ ਪਰਿਵਾਰ ਨਹੀਂ ਹੈ, ਭਾਵ ਉਹ ਆਪ ਦੁਨੀਆਂ ਤੋਂ ਭਗੌੜਾ ਹੈ/ਸੀ, ਇਸ ਲਈ ਉਹ ਕਹਿੰਦਾ ਹੈ ਕਿ ਦੁਨਿਆਵੀ ਪਰਿਵਾਰ ਤਾਂ ਗੁਰੂ ਨਾਨਕ ਸਮੇਤ ਕੋਈ ਵੀ ਨਹੀਂ ਬਚਾ ਸਕਿਆ। ਉਹ ਕਹਿੰਦਾ ਹੈ ਕਿ ਮਨਨ ਨਾਲ ਸਮਾਧੀ ਮਿਲ ਜਾਂਦੀ ਹੈ, ਭਟਕਣ ਹਟ ਜਾਂਦੀ ਹੈ, ਤਮੰਨਾ ਮਿੱਟ ਜਾਂਦੀ ਹੈ ਤੇ ਮੰਗਣਾ ਛੁਟ ਜਾਂਦਾ ਹੈ। ਇਸ ਤਰ੍ਹਾਂ ਮਨਨ ਨਾਲ ਮਨੁੱਖ ਭਿਖਾਰੀ ਨਹੀਂ ਰਹਿੰਦਾ। ਮਨਨ ਨਾਲ ਉਸ ਨੂੰ ਮਨ ਹੀ ਮਨ ਪਰਮਾਤਮਾ ਮਿਲ ਜਾਂਦਾ ਹੈ।
ਓਸ਼ੋ ਗੁਰੂ ਸਾਹਿਬ ਦੀਆਂ ਸਿੱਧੀਆਂ ਸਾਦੀਆਂ ਤੁਕਾਂ ਵਿਚ ਖਿਆਲੀ ਰੰਗ ਭਰ ਕੇ ਅਜਿਹੀ ਸਤਰੰਗੀ ਪੀਂਘ ਬਣਾ ਦਿੰਦਾ ਹੈ/ਸੀ, ਜਿਸ ‘ਤੇ ਬੈਠ ਅਜੋਕਾ ਸਿੱਖ ਭਾਵੇਂ ਸਦੀਆਂ ਤੀਕ ਝੂਟਦਾ ਰਹੇ, ਉਸ ਦੇ ਪੈਰ ਜ਼ਮੀਨ ‘ਤੇ ਨਹੀਂ ਲੱਗਣਗੇ। ਪਰ ਸੋਚੋ! ਕਿਹੜੀਆਂ ਇੱਛਾਵਾਂ, ਕਿਹੜਾ ਇੱਛਾਵਾਂ ਦਾ ਨਾਸ਼ ਤੇ ਕਿਹੜਾ ਮੁਕਤੀ ਦਾ ਦੁਆਰ? ਆਮ ਆਦਮੀ ਦੀ ਰੋਟੀ ਰੋਜੀ ਦੀ ਭੱਜ ਦੌੜ ਨੂੰ ਉਹ ਇੱਛਾਵਾਂ ਦੱਸਦਾ ਹੈ ਤੇ ਆਪ ਆਮਦਨ ਕਰ ਵਿਭਾਗ ਦੇ ਛਾਪਿਆਂ ਤੋਂ ਭਗੌੜਾ ਹੋ ਅਮਰੀਕਾ ਆ ਵਸਦਾ ਹੈ। ਇੱਥੇ ਆ ਕੇ ਇਕ ਨਹੀਂ, ਦੋ ਨਹੀਂ, 64,000 ਏਕੜ ਦੀ ਭੂਮੀ ਤੇ ਆਲੀਸ਼ਾਨ ਆਸ਼ਰਮ ਬਣਾ ਕੇ ਐਸ਼ ਦਾ ਜੀਵਨ ਬਤੀਤ ਕਰਦਾ ਹੈ। ਜਿਸ ਬਾਹਰਲੇ ਪਰਿਵਾਰ ਨੂੰ ਉਹ ਤਾਰਨ ਦੀ ਗੱਲ ਕਰਦਾ ਹੈ, ਉਸ ਨੂੰ ਜੁਰਮ ਤੇ ਵਿਭਚਾਰ ਵਿਚ ਡਬੋ ਕੇ ਫਿਰ ਭਾਰਤ ਜਾ ਵੜਦਾ ਹੈ। ਗੁਰੂ ਨਾਨਕ ਨੂੰ ਬਦੋ ਬਦੀ ਪਰਿਵਾਰ ਵਿਰੋਧੀ ਦੱਸ ਕੇ ਦਲੀਲ ਆਪਣੇ ਹੱਕ ਵਿਚ ਭੁਗਤਾਉਂਦਾ ਹੈ। ਕਹਿਣੀ ਕਰਨੀ ਵਿਚ ਇੰਨਾ ਫਰਕ! ਉਸ ਦੇ ਆਤਮਾ ਤੇ ਪਰਮਾਤਮਾ ਦੇ ਦ੍ਰਿਸ਼ਟਾਂਤਾਂ ਵਿਚ ਕੋਈ ਯਥਾਰਥ ਨਹੀਂ। ਉਹ ਗੁਰਬਾਣੀ ਦੀ ਵਿਆਖਿਆ ਕਰਦਾ ਭਟਕ ਗਿਆ ਹੈ।
ਓਸ਼ੋ ਦੇ ਭਟਕਣ ਦਾ ਕਾਰਨ ਇਹ ਹੈ ਕਿ ਉਸ ਨੇ ਉਪਰੋਕਤ ਦੱਸੇ ਤਿੰਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਨੇ ਮੱਧ ਕਾਲੀਨ ਸਮਾਜ ਵਿਚ ਜਾ ਕੇ ਉਸ ਵੇਲੇ ਦੇ ਦਵੰਧ ਨਹੀਂ ਜਾਣੇ, ਉਸ ਨੇ ਇਸ ਪਉੜੀ ਦਾ ਨਾਥ ਜੋਗੀਆਂ ਵਾਲਾ ਸੰਦਰਭ ਨਹੀਂ ਸਮਝਿਆ ਤੇ ਉਸ ਨੇ ਨਾਥ ਜੋਗੀਆਂ ਨੂੰ ਸੰਬੋਧਿਤ ਬਾਣੀ ਦਾ ਮੁਹਾਂਦਰਾ ਆਪਣੇ ਵਲ ਨਹੀਂ ਮੋੜਿਆ, ਭਾਵ ਇਸ ਨੂੰ ਆਪਣੇ ਉਤੇ ਲਾਗੂ ਨਹੀਂ ਕੀਤਾ। ਜੇ ਉਹ ਇੱਦਾਂ ਕਰਦਾ ਤਾਂ ਧਰਤੀ ‘ਤੇ ਰਹਿੰਦਾ ਅਤੇ ਸਹੀ ਵਿਆਖਿਆ ਕਰਦਾ; ਪਰ ਇਸ ਵਿਚ ਇੱਕਲੇ ਓਸ਼ੋ ਦਾ ਕਸੂਰ ਨਹੀਂ-ਸਭ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਅਜਿਹੀਆਂ ਹੀ ਕੁਤਾਹੀਆਂ ਕਰਦੇ ਆ ਰਹੇ ਹਨ।
ਸਭ ਪਹਿਲੂਆਂ ਤੋਂ ਵਿਚਾਰ ਕੇ ਇਸ ਪਉੜੀ ਦੀ ਸਹੀ ਵਿਆਖਿਆ ਇਸ ਤਰ੍ਹਾਂ ਹੈ। ਗੁਰੂ ਸਾਹਿਬ ਨਾਥ-ਜੋਗੀ ਫਿਰਕਿਆਂ ਨੂੰ ਸੰਬੋਧਨ ਕਰ ਕੇ ਕਹਿੰਦੇ ਹਨ ਕਿ ਤੁਸੀਂ ਮੁਕਤੀ ਦੀ ਭਾਲ ਵਿਚ ਘਰ ਬਾਰ ਛੱਡ ਕੇ ਡੇਰਿਆਂ ਜਾਂ ਵਣਾਂ ਵਿਚ ਬੈਠੇ ਹੋ। ਜੇ ਤੁਸੀਂ ਮਨਨ ਕਰੋ ਭਾਵ ਸੋਚੋ ਤਾਂ ਓਹੀ ਮੁਕਤੀ ਤੁਹਾਨੂੰ ਸਹਿਜ ਨਾਲ ਮਿਲ ਸਕਦੀ ਹੈ। ਵਿਚਾਰ ਵਿਸ਼ਲੇਸ਼ਣ ਵਾਲੀ ਮੁਕਤੀ ਦਾ ਰਾਹ ਤੁਹਾਡੇ ਪਰਿਵਾਰ ਵਲ ਜਾਂਦਾ ਹੈ, ਭਾਵ ਪਰਿਵਾਰ ਤੋਂ ਵੱਡਾ ਕੋਈ ਸਵਰਗ ਨਹੀਂ ਹੈ। ਠੰਡੇ ਦਿਮਾਗ ਨਾਲ ਸੋਚੋਗੇ ਤਾਂ ਤੁਸੀਂ ਆਪਣੇ ਪਰਿਵਾਰਾਂ ਕੋਲ ਘਰ ਪਰਤ ਜਾਓਗੇ। ਇਸ ਤਰ੍ਹਾਂ ਤੁਸੀਂ ਆਪ ਤਾਂ ਤਰ ਹੀ ਜਾਓਗੇ, ਆਪਣੇ ਚੇਲਿਆਂ ਨੂੰ ਘਰ ਭੇਜ ਕੇ ਉਨ੍ਹਾਂ ਨੂੰ ਵੀ ਤਾਰ ਦਿਓਗੇ। ਇਹ ਮਨਨ ਕਰਨ ਦਾ ਹੀ ਸਿੱਟਾ ਹੋਵੇਗਾ ਕਿ ਤੁਸੀ ਪਰਿਵਾਰ ਵਿਚ ਬੈਠ ਕੇ ਰੁੱਖੀ ਮਿੱਸੀ ਖਾਉਗੇ ਤੇ ਲੋਕਾਂ ਘਰੀਂ ਭੀਖ ਮੰਗਦੇ ਨਹੀਂ ਫਿਰੋਗੇ। ਮਨਨ ਦੀ ਵਿਧੀ ਇੰਨੀ ਅਚੂਕ ਹੈ ਕਿ ਇਸ ਦੀ ਵਰਤੋਂ ਨਾਲ ਉਹ ਪਰਮ-ਸਤਿ, ਜਿਸ ਨੂੰ ਨਿਰੰਜਣ ਆਖਦੇ ਹਨ, ਵੀ ਸਮਝ ਵਿਚ ਆ ਜਾਵੇਗਾ, ਜੇ ਇਸ ਵਿਧੀ ਨੂੰ ਕੋਈ ਵਰਤੇਗੇ ਤਾਂ!
ਇਸ ਤਰ੍ਹਾਂ ਭਾਵੇਂ ਗੁਰੂ ਸਾਹਿਬ ਨੇ ਜਪੁਜੀ ਦੀ ਬਾਣੀ ਨੂੰ ਆਮ ਆਦਮੀ ਨੂੰ ਸੰਬੋਧਨ ਕਰ ਕੇ ਨਹੀਂ ਲਿਖਿਆ ਤਾਂ ਵੀ ਇਹ ਆਮ ਆਦਮੀ ਦੇ ਪਰਿਪੇਖ ਵਿਚ ਲਿਖੀ ਹੋਈ ਹੈ। ਭਾਵੇਂ ਉਨ੍ਹਾਂ ਨੇ ਨਾਥ ਜੋਗੀਆਂ ਨੂੰ ਸਮਝਾਉਣ ਲਈ ਉਨ੍ਹਾਂ ਦੇ ਪੱਧਰ ‘ਤੇ ਜਾ ਕੇ ਉਨ੍ਹਾਂ ਦੀ ਸਿਧਾਂਤਕ ਭਾਸ਼ਾ ਵਿਚ ਦਲੀਲ ਦਿੱਤੀ ਹੈ, ਪਰ ਉਹ ਰਾਹ ਤਾਂ ਉਨ੍ਹਾਂ ਨੂੰ ਲੋਕ ਜੀਵਨ ਦਾ ਹੀ ਦੱਸਦੇ ਹਨ। ਸਵਾਲ ਹੈ, ਕੋਈ ਵਿਦਵਾਨ ਉਨ੍ਹਾਂ ਦੀ ਇਸ ਗੱਲ ਨੂੰ ਸਿੱਧੀ ਵਿਆਖਿਆ ਰਾਹੀਂ ਜਨ ਸਾਧਾਰਨ ਤੀਕ ਲੈ ਕੇ ਕਿਉਂ ਨਹੀਂ ਗਿਆ? ਜੇ ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਰਜਨੀਸ਼ ਓਸ਼ੋ ਤੇ ਉਨ੍ਹਾਂ ਜਿਹੇ ਕਈ ਹੋਰ ‘ਮੰਨੇ’ ਦਾ ਅਰਥ ਮਨਨ ਕਰਦੇ ਹਨ ਤਾਂ ਉਹ ਸਭ ਅਤੇ ਸਾਰੇ ਅਜੋਕੇ ਸਿੱਖ ਵਿਦਵਾਨ, ਪੁਜਾਰੀ, ਸਾਧ ਸੰਤ ਤੇ ਪ੍ਰਚਾਰਕ ਇਸ ਨੂੰ ‘ਵਿਸ਼ਵਾਸ ਕਰਨਾ’ ਕਿਉਂ ਦੱਸੀ ਜਾਂਦੇ ਹਨ? ਉਹ ਸਪਸ਼ਟ ਕਰਨ ਕਿ ਮੰਨਣ ਨਾਲ ਭਾਵ ਵਿਸ਼ਵਾਸ ਕਰਨ ਨਾਲ ਮੁਕਤੀ ਦਾ ਕਿਹੜਾ ਦਰਵਾਜਾ ਖੁਲ੍ਹ ਜਾਂਦਾ ਹੈ। ਉਹ ਇਹ ਵੀ ਖੁਲ੍ਹ ਕੇ ਦੱਸਣ ਕਿ ਉਹ ਮੋਕਸ਼ ਚਾਹੁੰਦੇ ਕਿਸ ਤੋਂ ਹਨ ਤੇ ਕਾਹਦੇ ਲਈ ਹਨ? ਜੇ ਉਹ ਦੂਜਿਆਂ ਤੋਂ ਸੁਣ ਸੁਣਾ ਕੇ ਇਸ ਦੁਨੀਆਂ ਤੋਂ ਮੁਕਤੀ ਚਾਹੁੰਦੇ ਹਨ ਤਾਂ ਬੜੀ ਕਾਇਰਾਨਾ ਤੇ ਪਿੱਛਾਖੜ ਸੋਚ ਦੇ ਮਾਲਕ ਹਨ। ਪ੍ਰਕ੍ਰਿਤੀ ਦੀ ਇਸ ਸੁੰਦਰ ਕਲਾ ਕ੍ਰਿਤੀ ਨੂੰ, ਜਿਸ ਦਾ ਉਹ ਆਪ ਵੀ ਇਕ ਭਾਗ ਹਨ, ਬਾਰੇ ਅਲਗਾਵ ਦੀ ਭਾਵਨਾ ਪਾਲਣਾ ਤੇ ਇਸ ਨੂੰ ਛੱਡ ਕੇ ਭੱਜਣ ਦਾ ਵਿਚਾਰ ਰੱਖਣਾ ਮਨੁੱਖਤਾ ਅਤੇ ਕੁਦਰਤ ਵਿਚਾਲੇ ਪਾੜ ਪਾਉਣ ਵਾਲੀ ਗੱਲ ਹੈ।
ਜੇ ਸੰਸਾਰ ਰਹਿਣ ਵਾਲੀ ਥਾਂ ਨਹੀਂ ਤੇ ਇਸ ਨੂੰ ਤਜ ਕੇ ਭੱਜਣਾ ਹੀ ਮਨੁੱਖ ਦੀ ਹੋਣੀ ਹੈ ਤਾਂ ਫਿਰ ਦੁਨੀਆਂ ਜਲੇ ਭਾਵੇਂ ਸੜੇ, ਉਨ੍ਹਾਂ ਨੂੰ ਕੀ! ਫਿਰ ਤਾਂ ਵਿਸ਼ਵ-ਸ਼ਾਂਤੀ, ਮਾਰੂ ਹਥਿਆਰਾਂ ਦੀ ਰੋਕ ਥਾਮ ਤੇ ਸੁਚੱਜੇ ਜੀਵਨ ਲਈ ਵਿਕਾਸ ਕਾਰਜਾਂ ਦੀ ਕੋਈ ਲੋੜ ਹੀ ਨਹੀਂ। ਜਗਤ ਵਿਚ ਰਹਿ ਕੇ ਜਗਤ ਤੋਂ ਬੇਮੁਖ ਹੋਣ ਦੀ ਉਨ੍ਹਾਂ ਦੀ ਇਹ ਸੋਚ ਆਤਮ ਵਿਰੋਧੀ ਤੇ ਆਤਮ-ਗਿਲਾਨੀ ਵਾਲੀ ਹੈ। ਇਹ ਕੇਹੀ ਸਿੱਖੀ ਹੈ ਕਿ ਗੁਰੂ ਸਾਹਿਬ ਕੁਦਰਤ ਨੂੰ ਵੇਖ ਖੀਵੇ ਹੋਣ ਤੇ ਵਿਸਮਾਦੀ ਅਵਸਥਾ ਵਿਚ ਚਲੇ ਜਾਣ ਅਤੇ ਉਨ੍ਹਾਂ ਦੇ ਸਿੱਖ ਇਸ ਤੋਂ ਕਿਨਾਰਾ ਕਰਨ ਦੀ ਪੱਟੀ ਪੜ੍ਹਾਉਣ! ਕੁਦਰਤ ਚੜ੍ਹਦੀ ਕਲਾ ਵਰਤਾ ਕੇ ਸੰਸਾਰ ਦਾ ਵਿਕਾਸ ਕਰੇ ਤੇ ਇਹ ਵਿਦਵਾਨ ਇਸ ਤੋਂ ਮੁਕਤ ਹੋਣ ਦੀ ਲਾਲਸਾ ਦਾ ਪ੍ਰਚਾਰ ਕਰ ਕੇ ਕੁਦਰਤ ਦੇ ਮੂੰਹ ‘ਤੇ ਥੱਪੜ ਮਾਰਨ। ਕੋਈ ਸੋਚ ਵੀ ਨਹੀਂ ਸਕਦਾ ਕਿ ਆਪਣੀ ਅਧਿਆਤਮਵਾਦੀ ਸੋਚ ਨਾਲ ਅੱਜ ਦਾ ਵਿਦਵਾਨੀ ਤੇ ਪੁਜਾਰੀ ਲਾਣਾ ਗੁਰਬਾਣੀ ਦੀ ਵਿਆਖਿਆ ਕਰਦਾ ਗੁਰਬਾਣੀ ਨੂੰ ਹੀ ਇੰਨੀ ਵੱਡੀ ਢਾਅ ਲਾ ਰਿਹਾ ਹੋਵੇਗਾ।
ਗੁਰੂ ਸਾਹਿਬ ਦੀ ਲਿਖੀ ਇਸ ਵਡਮੁੱਲੇ ਲੱਖਣ ਵਾਲੀ ਪਉੜੀ ਨੂੰ ਪੜ੍ਹ ਕੇ ਇਹੀ ਸਮਝ ਆਉਂਦੀ ਹੈ ਕਿ ਅਕਲ ਦੇ ਇਸਤੇਮਾਲ ਅੱਗੇ ਮੋਕਸ਼ ਤੇ ਮੋਖ ਦੁਆਰ ਦੀਆਂ ਗੱਲਾਂ ਆਪੇ ਛਾਈ-ਮਾਈ ਹੋ ਜਾਣਗੀਆਂ। ਜੇ ਮਨੁੱਖ ਚੰਗੀ ਤਰ੍ਹਾਂ ਵਿਚਾਰੇ ਤਾਂ ਨਾ ਉਹ ਅਗਲੇ ਜਨਮ ਦੀ ਕਲਪਨਾ ਕਰੇ ਤੇ ਨਾ ਹੀ ਇਸ ਜਹਾਨ ਤੋਂ ਅਖੌਤੀ ਮੁਕਤੀ ਦਾ ਭਰਮ ਪਾਲੇ। ਜੇ ਉਹ ਇੰਨੀ ਗੱਲ ਸਮਝ ਲਵੇ ਤਾਂ ਉਹ ਘਰ-ਬਾਰ ਤਿਆਗ ਕੇ ਡੇਰਿਆਂ, ਟਿੱਲਿਆਂ ‘ਤੇ ਨਾ ਜਾਵੇ। ਫਿਰ ਉਹ ਆਪਣੇ ਘਰ ਵਿਚ ਬੈਠ ਕੇ ਪਰਿਵਾਰ ਨਾਲ ਦੁਖ-ਸੁਖ ਵੰਡਾਵੇ। ਸੱਚੀ ਕਿਰਤ ਦਾ ਭੋਜਨ ਕਰੇ ਤੇ ਭਿੱਖਿਆ ਲਈ ਦਰ ਦਰ ਨਾ ਭਟਕੇ। ਇਸ ਸਿੱਧੀ ਗੱਲ ਨੂੰ ਦੱਸਣ ਵਾਲਾ ‘ਗੁਰੂ’ ਵੀ ਤਰ ਜਾਵੇਗਾ ਤੇ ਪਿੱਛੇ ਲੱਗਣ ਵਾਲੇ ਚੇਲੇ ਵੀ ਤਰ ਜਾਣਗੇ। ਰਿਹਾ ਨਿਰੰਕਾਰ, ਉਸ ਦੀ ਤਾਲਾਸ਼ ਵੀ ਮਨਨ ਭਾਵ ਅਕਲ ਨਾਲ ਖੋਜ ਵਿਚਾਰ ਕਰਕੇ ਹੀ ਪੂਰੀ ਹੋਵੇਗੀ, ਉਹ ਕਰਨ ਤਾਂ ਸਹੀ।
ਵੱਡੀ ਗੱਲ ਇਹ ਕਿ ਗੁਰੂ ਸਾਹਿਬ ਦਾ ਜੋ ਉਪਦੇਸ਼ ਸਿੱਧਾਂ ਜੋਗੀਆਂ ਲਈ ਮਾਫਕ ਹੈ, ਉਹ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਲਈ ਵੀ ਢੁਕਵਾਂ ਹੈ। ਉਹ ਵੀ ਗੁਰਸਿੱਖਾਂ ਨੂੰ ਫੋਕੇ ਪੂਜਾ ਪਾਠਾਂ ਤੇ ਮੋਕਸ਼ਾਂ ਵਿਚ ਉਲਝਾਉਣ ਦੀ ਥਾਂ ਉਨ੍ਹਾਂ ਨੂੰ ਆਪਣੇ ਸਮਾਜਕ ਫਰਜਾਂ ਪ੍ਰਤੀ ਸੁਚੇਤ ਕਰਨ। ਉਹ ਆਪ ਵੀ ਗੋਲਕ ਸਹਾਰੇ ਜਿਉਣਾ ਛੱਡਣ ਤੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਹੱਥੀਂ ਘਾਲਣਾ ਕਰ ਕੇ ਟੱਬਰ ਦਾ ਨਿਰਬਾਹ ਕਰਨ। ਇਸ ਬਣਦੀ ਸਿੱਖਿਆ ਨਾਲ ਗੁਰਸਿਖਾਂ ਦੇ ਮਨੋਂ ਇਹ ਭਰਮ ਵੀ ਦੂਰ ਕਰਨ ਕਿ ਜਪੁਜੀ ਇਕ ‘ਔਖੀ’ ਬਾਣੀ ਹੈ।