ਪੂਤਿਨਸ਼ਾਹੀ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਜ ਸੰਸਾਰ ਦੇ ਚੋਟੀ ਦੇ ਲੀਡਰਾਂ ਵਿਚ ਸ਼ੁਮਾਰ ਹੁੰਦਾ ਹੈ। ਸਾਲ 2000 ਤੋਂ ਬਾਅਦ ਜਦੋਂ ਤੋਂ ਉਸ ਨੇ ਮੁਲਕ ਦੀ ਕਮਾਨ ਸੰਭਾਲੀ ਹੈ, ਕੁਝ ਲੀਹੋਂ ਪਾੜਵੀਆਂ ਗੱਲਾਂ ਕਰ ਕੇ ਡਿਗਦੇ-ਢਹਿੰਦੇ ਮੁਲਕ ਨੂੰ ਮੁੜ ਲੀਹਾਂ ‘ਤੇ ਪਾਇਆ। ਪੱਤਰਕਾਰ/ਕਹਾਣੀਕਾਰ ਸੁਕੀਰਤ ਨੇ ਇਸ ਸ਼ਖਸ ਦੇ ਸਫਰ ਬਾਰੇ ਟਿੱਪਣੀ ਆਪਣੇ ਇਸ ਲੇਖ ਵਿਚ ਕੀਤੀ ਹੈ। ਕਈ ਦਹਾਕੇ ਪਹਿਲਾਂ ਸੋਵੀਅਤ ਰੂਸ ਬਾਰੇ ਛਪੀ ਉਸ ਕਿਤਾਬ ‘ਬਾਤ ਇਕ ਬੀਤੇ ਦੀ’ ਸੋਵੀਅਤ ਰੂਸ ਬਾਰੇ ਵੱਖਰੀ ਤਰ੍ਹਾਂ ਦੀ ਕਿਤਾਬ ਸੀ।

-ਸੰਪਾਦਕ

ਸੁਕੀਰਤ

2024 ਵਿਚ ਖੇਤਰਫਲ ਪੱਖੋਂ ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਰੂਸ ਦੇ ਅਜੋਕੇ ਮੁਖੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਓਥੇ ਲਗਾਤਾਰ ਰਾਜ ਕਰਦਿਆਂ 25 ਵਰ੍ਹੇ ਹੋ ਜਾਣਗੇ। 1917 ਵਿਚ ਰੂਸ ਵਿਚ ਜ਼ਾਰਸ਼ਾਹੀ ਦਾ ਤਖਤਾ ਪਲਟਣ ਪਿਛੋਂ ਜੋਜ਼ਫ ਸਟਾਲਿਨ ਤੋਂ ਇਲਾਵਾ ਕੋਈ ਵੀ ਹੋਰ ਨੇਤਾ ਏਨਾ ਲੰਮਾ ਸਮਾਂ ਉਥੇ ਸਿਰਮੌਰ ਆਗੂ ਨਹੀਂ ਰਿਹਾ-ਨਾ ਸੋਵੀਅਤ ਸਮਿਆਂ ਵਿਚ, ਨਾ ਉਸ ਦੌਰ ਤੋਂ ਮਗਰੋਂ। ਛੋਟੇ ਮੋਟੇ ਦੇਸ਼ਾਂ ਵਿਚ ਏਨੇ ਲੰਮੇ ਸਮੇਂ ਤੋਂ ਰਾਜ-ਪ੍ਰਬੰਧ ਨੂੰ ਜੱਫਾ ਮਾਰੀ ਬੈਠੇ ਆਗੂਆਂ/ਤਾਨਾਸ਼ਾਹਾਂ ਦੀਆਂ ਮਿਸਾਲਾਂ ਭਾਵੇਂ ਹੋਰ ਵੀ ਲੱਭ ਜਾਂਦੀਆਂ ਹਨ, ਪਰ 21ਵੀਂ ਸਦੀ ਵਿਚ ਦੁਨੀਆਂ ਦੇ ਕਿਸੇ ਵੀ ਅਹਿਮ ਦੇਸ਼ ਵਿਚ ਏਨੇ ਸਾਲਾਂ ਤੋਂ ਲਗਾਤਾਰ ਸੱਤਾ ਉਤੇ ਕਾਬਜ਼ ਕਿਸੇ ਹੋਰ ਆਗੂ ਦੀ ਮਿਸਾਲ ਨਹੀਂ ਮਿਲਦੀ। ਪੂਤਿਨ ਅਜੋਕੇ ਦੌਰ ਦਾ ਇਕੋ ਇਕ ਆਗੂ ਹੈ, ਜਿਸ ਨੇ ਪੱਛਮ ਦੇ ਰਾਜਨੀਤੀ ਸ਼ਾਸਤਰੀਆਂ ਨੂੰ ‘ਪੂਤਿਨਵਾਦ’ ਨਾਂ ਦੀ ਨਵੀਂ ਕੈਟਗਰੀ ਘੜਨ ਵੱਲ ਧੱਕਿਆ ਹੈ। ‘ਪੂਤਿਨਵਾਦ’ ਯਾਨਿ ਰੂਸ ਵਿਚ ਪੂਤਿਨ ਦੀ ਅਗਵਾਈ ਹੇਠ ਸਥਾਪਤ ਹੋਇਆ ਨਵਾਂ ਸਿਆਸੀ ਤੰਤਰ, ਜੋ ਪ੍ਰਚਲਿਤ ਸਿਆਸੀ ਪ੍ਰਣਾਲੀਆਂ ਦੀ ਦਰਜਾਬੰਦੀ ਤੋਂ ਹੀ ਬਾਹਰਾ ਹੈ।
ਇਕ ਪਾਸੇ ਇਸ ਮਹੱਤਵ ਵਾਲੇ ਦੇਸ਼ ਦੇ ਸਭ ਤੋਂ ਅਹਿਮ ਆਗੂ ਨੂੰ ਤਾਨਾਸ਼ਾਹ ਤੋਂ ਲੈ ਕੇ ਡਕੈਤ ਤਕ ਗਰਦਾਨਣ ਵਾਲੇ ਸਿਆਸੀ ਸਮੀਖਿਆਕਾਰਾਂ ਦੀ ਵੀ ਘਾਟ ਨਹੀਂ, ਪਰ ਦੂਜੇ ਪਾਸੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਰਥਕ ਅਤੇ ਵਿਦਿਅਕ ਪੱਧਰ ਤੋਂ ਚੋਖੇ ਵਿਕਸਿਤ ਮੁਲਕ ਰੂਸ ਦੀ ਜਨਤਾ ਨੇ ਵਾਰ ਵਾਰ ਇਸੇ ਆਗੂ ਨੂੰ ਚੁਣਿਆ ਹੈ ਅਤੇ ਇਸ ਵੇਲੇ ਉਸ ਦਾ ਕੋਈ ਹੋਰ ਬਦਲ ਵੀ ਨਜ਼ਰ ਨਹੀਂ ਆਉਂਦਾ। ਕਿਹੜੇ ਕਾਰਨ ਹਨ, ਜੋ ਪੂਤਿਨ ਨੂੰ ਏਨੇ ਵਰ੍ਹਿਆਂ ਤੋਂ ਇਸ ਹੱਦ ਤਕ ਮਕਬੂਲ ਬਣਾਈ ਰੱਖਣ ਵਿਚ ਸਹਾਈ ਹੋਏ ਹਨ?
ਪੂਤਿਨ ਦੇ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਸ ਦੇ ਜੀਵਨ-ਵੇਰਵੇ ਉਤੇ ਉਡਦੀ ਝਾਤ ਮਾਰਨੀ ਜ਼ਰੂਰੀ ਹੈ। ਉਸ ਦਾ ਜਨਮ 1952 ਵਿਚ ਲੈਨਿਨਗ੍ਰਾਦ (ਜੋ ਹੁਣ ਸੇਂਟ ਪੀਟਰਜ਼ਬਰਗ ਹੈ) ਵਿਚ ਆਮ ਮੱਧ ਵਰਗੀ ਸੋਵੀਅਤ ਸ਼ਹਿਰੀਆਂ ਦੇ ਘਰ ਹੋਇਆ। 1975 ਵਿਚ ਉਸ ਨੇ ਲੈਨਿਨਗ੍ਰਾਦ ਯੂਨੀਵਰਸਿਟੀ ਤੋਂ ਕਾਨੂੰਨ ਵਿਚ ਡਿਗਰੀ ਹਾਸਲ ਕੀਤੀ ਅਤੇ ਸੋਵੀਅਤ ਸਮਿਆਂ ਦੀ ਰਾਜ ਸੁਰੱਖਿਆ ਕਮੇਟੀ ਕੇ.ਜੀ.ਬੀ. ਵਿਚ ਭਰਤੀ ਹੋ ਗਿਆ। ਅਗਲੇ 16 ਸਾਲ ਤਕ ਉਹ ਇਸੇ ਸੰਸਥਾ ਵਿਚ ਰਿਹਾ ਅਤੇ ਇਸ ਦੌਰਾਨ 1985 ਤੋਂ 1990 ਤਕ ਉਸ ਨੇ ਬਤੌਰ ਵਿਦੇਸ਼ੀ ਖੁਫੀਆ ਅਧਿਕਾਰੀ ਪੂਰਬੀ ਜਰਮਨੀ ਵਿਚ ਲੰਮਾ ਸਮਾਂ ਕੰਮ ਕੀਤਾ। 1991 ਵਿਚ ਜਦੋਂ ਗਰਬਾਚੋਵ ਦੀ ਅਗਵਾਈ ਹੇਠਲਾ ਸੋਵੀਅਤ ਸੰਘ ਆਪਣੀ ਹੋਂਦ ਦੇ ਆਖਰੀ ਸਾਲ ਵਿਚ ਸੀ, ਉਸ ਨੇ ਕੇ. ਜੀ. ਬੀ. ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਲੈਨਿਨਗ੍ਰਾਦ ਵਿਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਉਹ ਉਥੋਂ ਦੇ ਵੇਲੇ ਦੇ ਮੇਅਰ ਅਨਾਤੋਲੀ ਸਬਚਾਕ ਦਾ ਪਹਿਲੋਂ ਸਹਾਇਕ ਅਤੇ 1994 ਤੋਂ ਮਗਰੋਂ ਉਸ ਦਾ ਡਿਪਟੀ ਵੀ ਰਿਹਾ। 1996 ਵਿਚ ਸਬਚਾਕ ਦੇ ਚੋਣ ਹਾਰ ਜਾਣ ਪਿਛੋਂ ਉਹ ਲੈਨਿਨਗ੍ਰਾਦ ਛੱਡ ਕੇ ਮਾਸਕੋ ਆ ਗਿਆ, ਜਿਥੇ 1998 ਵਿਚ ਉਸ ਨੂੰ ਸੋਵੀਅਤ ਵੇਲਿਆਂ ਵਾਲੀ ਸੰਸਥਾ ਕੇ. ਜੀ. ਬੀ. ਦੀ ਥਾਂ ਬਣਾਈ ਐਫ਼ ਐਸ਼ ਬੀ. (ਫੈਡਰਲ ਸੁਰੱਖਿਆ ਸੇਵਾ) ਦਾ ਡਾਇਰੈਕਟਰ ਥਾਪਿਆ ਗਿਆ।
ਅਗਸਤ 1999 ਵਿਚ ਰੂਸ ਦੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਨੇ ਆਪਣੇ ਅਧੀਨ ਕੰਮ ਕਰ ਰਹੇ ਪੂਤਿਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇ ਦਿੱਤਾ। ਇਸ ਤੋਂ ਕੁਝ ਹੀ ਮਹੀਨੇ ਪਿਛੋਂ 1999 ਦੇ ਅੰਤਲੇ ਦਿਨਾਂ ਵਿਚ ਬੋਰਿਸ ਯੇਲਤਸਿਨ ਨੇ ਅਚਾਨਕ ਅਸਤੀਫਾ ਦੇ ਦਿੱਤਾ ਤੇ ਨਾਲ ਹੀ ਪੂਤਿਨ ਨੂੰ ਕਾਰਜਕਾਰੀ ਰਾਸ਼ਟਰਪਤੀ ਥਾਪ ਦਿੱਤਾ। ਕਿਹਾ ਜਾ ਸਕਦਾ ਹੈ ਕਿ ਪੂਤਿਨ ਛੜੱਪੇ ਮਾਰ-ਮਾਰ ਕੇ ਸਿਆਸੀ ਅਹੁਦਿਆਂ ਦੀਆਂ ਪੌੜੀਆਂ ਚੜ੍ਹਦਾ ਰਿਹਾ। ਉਸ ਵੇਲੇ ਤਕ ਪੂਤਿਨ ਦੇ ਖੁਫੀਆ ਏਜੰਸੀਆਂ ਨਾਲ ਜੁੜੇ ਪਿਛੋਕੜ ਕਾਰਨ, ਉਸ ਦੇ ਪਿਛਲੇ ਜੀਵਨ ਬਾਰੇ ਕੋਈ ਖਾਸ ਜਾਣਕਾਰੀ ਵੀ ਨਹੀਂ ਸੀ ਲੱਭਦੀ ਅਤੇ ਨਾ ਹੀ ਬਾਹਰਲੀ ਦੁਨੀਆਂ ਵਿਚ ਬਹੁਤੇ ਲੋਕ ਉਸ ਨੂੰ ਜਾਣਦੇ ਸਨ। ਮਾਰਚ 2000 ਵਿਚ ਰਾਸ਼ਟਰਪਤੀ ਦੀ ਚੋਣ ਵਿਚ 11 ਉਮੀਦਵਾਰ ਖੜੋਤੇ ਪਰ 53% ਵੋਟਾਂ ਲੈ ਕੇ ਪੂਤਿਨ ਜੇਤੂ ਰਿਹਾ। ਯੇਲਤਸਿਨ ਦੇ ਰਾਜ ਕਾਲ ਦੇ ਦੌਰ ਵਿਚ ਸੋਵੀਅਤ ਸੰਘ ਦੇ ਟੁੱਟਣ ਪਿਛੋਂ ਤੇਜ਼ੀ ਨਾਲ ਉਭਰੀ ਧਨਾਢ-ਜੁੰਡਲੀ (ਔਲੀਗਾਰਕੀ) ਹੀ ਅਸਲੀ ਸੱਤਾਧਾਰੀ ਬਣੀ ਰਹੀ ਅਤੇ ਪੂਤਿਨ ਨੂੰ ਉਦੋਂ ਚੋਣਾਂ ਜਿਤਾਉਣ ਵਿਚ ਵੀ ਇਨ੍ਹਾਂ ਲੋਕਾਂ ਦਾ ਹੀ ਵੱਡਾ ਹੱਥ ਰਿਹਾ।
7 ਮਈ 2000 ਨੂੰ ਪੂਤਿਨ ਨੇ ਪਹਿਲੀ ਵਾਰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਇਨ੍ਹਾਂ ਪਹਿਲੇ ਸਾਲਾਂ ਵਿਚ ਰੂਸ ਦੀ ਸਭ ਤੋਂ ਵੱਡੀ ਪ੍ਰਾਈਵੇਟ ਤੇਲ ਕੰਪਨੀ ਯੂਕੋਸ ਦੀ ਪਿਛਲੀ ਕਾਰਗੁਜ਼ਾਰੀ ਦੀ ਪੜਤਾਲ ਸ਼ੁਰੂ ਕਰਾ ਕੇ ਧਨਾਢ-ਜੁੰਡਲੀ ਦੇ ਬਾਕੀ ਸਰਗਣਿਆਂ ਨੂੰ ਚਿਤਾਵਨੀ ਦੇ ਦਿੱਤੀ ਗਈ ਕਿ ਉਹ ਚੌਕੰਨੇ ਹੋ ਜਾਣ, ਕੱਲ੍ਹ ਨੂੰ ਸਰਕਾਰੀ ਦਖਲ-ਅੰਦਾਜ਼ੀ ਦੀ ਬਿਜਲੀ ਕਿਸੇ ‘ਤੇ ਵੀ ਡਿੱਗ ਸਕਦੀ ਹੈ। 2003 ਵਿਚ ਯੂਕੋਸ ਦੇ ਮਾਲਕ ਮਿਖਾਈਲ ਖਦਰਕੋਵਸਕੀ ਨੂੰ ਧੋਖਾਧੜੀ ਅਤੇ ਕਰ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ। ਖਦਰਕੋਵਸਕੀ ਉਸ ਵੇਲੇ ਰੂਸ ਦਾ ਸਭ ਤੋਂ ਅਮੀਰ ਆਦਮੀ ਹੀ ਨਹੀਂ ਸੀ, ਯੇਲਤਸਿਨ ਦੌਰ ਵਿਚ ਰਾਸ਼ਟਰਪਤੀ ਦਾ ਆਰਥਕ ਸਲਾਹਕਾਰ ਵੀ ਰਹਿ ਚੁਕਾ ਸੀ। ਚਾਰ ਸਾਲਾਂ ਦੇ ਇਸ ਪਹਿਲੇ ਦੌਰ ਵਿਚ ਪੂਤਿਨ ਨੇ ਇਸ ਜੁੰਡਲੀ ਦੇ ਕੁਝ ਲੋਕਾਂ ਨੂੰ ਗੁੱਠੇ ਲਾ ਦਿੱਤਾ ਅਤੇ ਕੁਝ ਹੋਰਨਾਂ ਨੂੰ ਪੱਕੀ ਤਰ੍ਹਾਂ ਆਪਣੇ ਨਾਲ ਜੋੜ ਲਿਆ।
ਦੂਜੇ ਪਾਸੇ, ਏਸੇ ਦੌਰ ਵਿਚ ਪੂਤਿਨ ਦੇ ਕੁਝ ਨੇੜਲੇ ਲੋਕ ਵੀ ਇਸ ਧਨਾਢ-ਜੁੰਡਲੀ ਵਿਚ ਆਣ ਜੁੜੇ। ਯੇਲਤਸਿਨ ਦੇ ਰਾਜ ਦੌਰਾਨ ਮੁਲਕ ਵਿਚ ਪਲਰਦੀ ਰਹੀ ਅਰਾਜਕਤਾ ਨੂੰ ਮੁਕਾਉਣ ਦੀਆਂ ਕੋਸ਼ਿਸ਼ਾਂ ਹਿਤ ਜ਼ਮੀਨ ਦੀ ਮਾਲਕੀ ਅਤੇ ਕਰ ਸਬੰਧਤ ਮਾਮਲਿਆਂ ਲਈ ਨਵੇਂ ਕਾਨੂੰਨ ਵੀ ਘੜੇ ਤੇ ਲਾਗੂ ਕੀਤੇ ਗਏ। ਨਾਲ ਦੀ ਨਾਲ ਪੂਤਿਨ ਨੇ ਰੂਸ ਦੀ ਕੇਂਦਰੀ ਸੱਤਾ ਨੂੰ ਪੱਕਿਆਂ ਕਰਨ ਅਤੇ ਫੈਡਰਲ ਢਾਂਚੇ ਨੂੰ ਲਾਗੂ ਕਰਨ ਲਈ ਇਕ ਡਿਕਰੀ ਰਾਹੀਂ ਸਾਰੇ ਦੇਸ਼ ਨੂੰ ਸੱਤ ਫੈਡਰਲ ਹਿੱਸਿਆਂ ਵਿਚ ਵੰਡ ਦਿੱਤਾ, ਜਿਨ੍ਹਾਂ ਦੇ ਨਿਗਰਾਨ ਰਾਸ਼ਟਰਪਤੀ ਦੇ ਥਾਪੇ ਨੁਮਾਇੰਦੇ ਹੋਣਗੇ। ਰੂਸ ਵਿਚ ਦ੍ਰਿੜ ਕੇਂਦਰੀ ਸਰਕਾਰ ਦੀ ਹੋਂਦ ਦਾ ਮਾਹੌਲ ਪੈਦਾ ਕੀਤਾ ਜਾ ਚੁਕਾ ਸੀ।
ਮਾਰਚ 2004 ਦੀਆਂ ਅਗਲੀਆਂ ਚੋਣਾਂ ਵਿਚ ਪੂਤਿਨ 71% ਵੋਟਾਂ ਲੈ ਕੇ ਦੂਜੀ ਵਾਰ ਰਾਸ਼ਟਰਪਤੀ ਚੁਣਿਆ ਗਿਆ।
ਇਸ ਕਾਰਜਕਾਲ ਵਿਚ ਹੋਈਆਂ ਕੁਝ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ। ਕਈ ਪੜਤਾਲਾਂ ਰਾਹੀਂ ਯੂਕੋਸ ਕੰਪਨੀ ਦੀਆਂ ਧਾਂਦਲੀਆਂ ਦਾ ਪਰਦਾਫਾਸ਼ ਕਰ ਕੇ ਇਸ ਕੰਪਨੀ ਨੂੰ ਨਿਲਾਮ ਕਰ ਦਿੱਤਾ ਗਿਆ। ਨਿਲਾਮੀ ਪਿੱਛੋਂ ਇਸ ਦੇ ਵੱਡੇ ਹਿੱਸੇ ਦੀ ਮਾਲਕੀ ਰੂਸ ਦੀ ਕੌਮੀ ਤੇਲ ਕੰਪਨੀ ਰੋਸਨੇਫਤ ਹੇਠ ਆ ਗਈ। ਇਸ ਨਾਲ ਸਰਕਾਰੀ ਆਮਦਨ ਦੇ ਵਸੀਲਿਆਂ ਵਿਚ ਚੋਖਾ ਵਾਧਾ ਹੋਇਆ। ਰੂਸ ਵਿਚ ਖੁੰਬਾਂ ਵਾਂਗ ਉਗ ਆਏ ਹੋਰ ਕਾਰਪੋਰੇਟਾਂ ਉਤੇ ਵੀ ਸ਼ਿਕੰਜਾ ਕੱਸਿਆ ਗਿਆ ਅਤੇ ਉਨ੍ਹਾਂ ਹੇਠਲੀਆਂ ਕੰਪਨੀਆਂ ਵਿਚ ਸਰਕਾਰੀ ਦਖਲਅੰਦਾਜ਼ੀ ਵਧਾ ਦਿੱਤੀ ਗਈ।
2005 ਤੋਂ ਰੂਸ ਵਿਚ ਸਿਹਤ ਸੇਵਾਵਾਂ, ਵਿਦਿਆ ਪ੍ਰਬੰਧ, ਲੋਕ-ਵਸੇਬੇ ਅਤੇ ਜ਼ਰਾਇਤੀ ਮਸਲਿਆਂ ਨੂੰ ਸੁਧਾਰਨ ਲਈ ਕੌਮੀ ਤਰਜੀਹ ਪ੍ਰਾਜੈਕਟ ਸ਼ੁਰੂ ਕੀਤੇ ਗਏ। 90ਵਿਆਂ ਦੇ ਯੇਲਤਸਿਨ ਦੌਰ ਵਿਚ ਇਨ੍ਹਾਂ ਸਾਰੇ ਖੇਤਰਾਂ ਵਿਚ ਚੋਖਾ ਨਿਘਾਰ ਆਇਆ ਸੀ ਅਤੇ ਸੋਵੀਅਤ ਸਮਿਆਂ ਦਾ ਪ੍ਰਬੰਧਕੀ ਢਾਂਚਾ ਉਦੋਂ ਤੀਕ ਤਹਿਸ ਨਹਿਸ ਹੋ ਚੁਕਾ ਸੀ। 2006 ਵਿਚ ਸਿਹਤ ਅਤੇ ਵਿਦਿਆ ਖੇਤਰਾਂ ਨਾਲ ਜੁੜੇ ਕਾਮਿਆਂ ਦੀਆਂ ਤਨਖਾਹਾਂ ਵਿਚ ਵੀ ਚੋਖਾ ਵਾਧਾ ਕੀਤਾ ਗਿਆ।
ਪਰ ਇਨ੍ਹਾਂ ਹੀ ਸਾਲਾਂ ਵਿਚ ਮੀਡੀਏ ਉਤੇ ਕਸਦੇ ਜਾ ਰਹੇ ਸ਼ਿਕੰਜੇ ਦੇ ਪਰਛਾਵੇਂ ਵੀ ਸੰਘਣੇ ਹੋਣ ਲੱਗੇ। ਮੀਡੀਏ ਨਾਲ ਜੁੜੀ ਉਸ ਦੌਰ ਦੀ ਸਭ ਤੋਂ ਚਰਚਿਤ ਘਟਨਾ ਅਕਤੂਬਰ 2006 ਵਿਚ ਆਨਾ ਪਲਿਤਕੋਵਸਕਾਇਆ ਦਾ ਕਤਲ ਸੀ, ਜੋ ਨਾ ਸਿਰਫ ਪੂਤਿਨ ਦੀ ਕਾਰਜ-ਸ਼ੈਲੀ ਦੀ ਤਿੱਖੀ ਆਲੋਚਕ ਸੀ, ਸਗੋਂ ਪੂਤਿਨ ਦੀ ਅਗਵਾਈ ਹੇਠ ਲੜੀ ਗਈ ਦੂਜੀ ਚੇਚਨੀਆ ਲੜਾਈ ਸਮੇਂ ਰੂਸੀ ਫੌਜ ਵਿਚਲੇ ਭ੍ਰਿਸ਼ਟਾਚਾਰ ਅਤੇ ਚੇਚਨੀਆ ਵਿਚ ਵਰਤੇ ਗਏ ਹਥਕੰਡਿਆਂ ਨੂੰ ਬੇਨਕਾਬ ਕਰਨ ਵਿਚ ਵੀ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ। ਪੂਤਿਨ ਦੀ ‘ਤਾਨਾਸ਼ਾਹੀ’ ਰਾਜ-ਸ਼ੈਲੀ ਕਾਰਨ ਰੂਸ ਵਿਚ ਕੁਝ ਹੋਰ ਵਿਰੋਧੀ ਸੁਰ ਵੀ ਉਭਰਨ ਲੱਗੇ, ਜਿਨ੍ਹਾਂ ਦਾ ਪ੍ਰਗਟਾਵਾ 2007 ਵਿਚ ਰੂਸ ਦੇ ਕਈ ਸ਼ਹਿਰਾਂ ਵਿਚ ‘ਅਸਹਿਮਤੀ ਮਾਰਚਾਂ’ ਰਾਹੀਂ ਹੋਇਆ।
ਸਤੰਬਰ 2007 ਵਿਚ ਪੂਤਿਨ ਨੇ ਸਰਕਾਰ ਭੰਗ ਕਰ ਦਿੱਤੀ। 2007 ਦੀਆਂ ਪਾਰਲੀਮਾਨੀ ਚੋਣਾਂ ਵਿਚ ਪੂਤਿਨ ਦੀ ਸਮਰਥਕ ‘ਸੰਯੁਕਤ ਰੂਸ’ ਪਾਰਟੀ 64% ਵੋਟਾਂ ਹਾਸਲ ਕਰਕੇ ਜੇਤੂ ਰਹੀ। ਪੂਤਿਨ ਦੇ ਆਪਹੁਦਰੇਪਣ ਕਾਰਨ ਉਸ ਦੇ ਆਲੋਚਕਾਂ ਦੀ ਤਾਦਾਦ ਵਧ ਰਹੀ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਰੂਸੀ ਅਰਥਚਾਰੇ ਦਾ ਮੁੜ ਹੋਇਆ ਵਿਕਾਸ ਪੂਤਿਨ ਦੀ ਲੋਕਪ੍ਰਿਯਤਾ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੋਇਆ। ਰੂਸੀ ਸੰਵਿਧਾਨ ਮੁਤਾਬਿਕ ਪੂਤਿਨ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਨਹੀਂ ਸੀ ਚੁਣਿਆ ਜਾ ਸਕਦਾ। ਮਈ 2008 ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਵਿਚ ਪੂਤਿਨ ਨੇ ਆਪਣੇ ਸਮਰਥਕ ਮੈਦਵੇਦੇਵ ਨੂੰ ਰਾਸ਼ਟਰਪਤੀ ਚੁਣਵਾ ਲਿਆ ਅਤੇ ਅਗਲੇ ਹੀ ਦਿਨ ਆਪ ਪ੍ਰਧਾਨ ਮੰਤਰੀ ਚੁਣਿਆ ਗਿਆ। ਰੂਸੀ ਸੰਵਿਧਾਨ ਮੁਤਾਬਿਕ ਉਚਤਮ ਅਤੇ ਅਸਲੀ ਤਾਕਤ ਵਾਲਾ ਅਹੁਦਾ ਭਾਵੇਂ ਰਾਸ਼ਟਰਪਤੀ ਦਾ ਹੈ, ਪਰ ਇਸ ਪੈਂਤੜੇ ਰਾਹੀਂ ਪੂਤਿਨ ਸੱਤਾ ‘ਤੇ ਫੇਰ ਵੀ ਕਾਬਜ਼ ਰਿਹਾ।
ਅਗਲਾ ਵਰ੍ਹਾ ਭਾਵ 2008 ਸੰਸਾਰ ਪੱਧਰ ‘ਤੇ ਆਰਥਕ ਮੰਦੀ ਸ਼ੁਰੂ ਹੋਣ ਦਾ ਸਾਲ ਸੀ ਪਰ ਪਿਛਲੇ ਕੁਝ ਵਰ੍ਹਿਆਂ ਵਿਚ ਤੇਲ ਕੀਮਤਾਂ ਵਿਚ ਵਾਧੇ ਦੌਰਾਨ ਤੇਲ ਦੇ ਵੱਡੇ ਉਤਪਾਦਕ ਦੇਸ਼ ਰੂਸ ਕੋਲ ਚੋਖੀ ਆਰਥਕ ਪੂੰਜੀ ਜਮ੍ਹਾਂ ਹੋ ਚੁਕੀ ਸੀ। ਇਸ ਧਨ ਰਾਸ਼ੀ ਅਤੇ ਦ੍ਰਿੜ੍ਹ ਪ੍ਰਬੰਧਕੀ ਕੰਟਰੋਲ ਦੀ ਬਦੌਲਤ ਰੂਸ ਦੀ ਆਰਥਕਤਾ ਅਤੇ ਰੂਸੀ ਜਨਤਾ ਨੂੰ ਬਹੁਤੀ ਮਾਰ ਨਾ ਸਹਿਣੀ ਪਈ ਅਤੇ 2009 ਦੇ ਮੱਧ ਤੋਂ ਆਰਥਕ ਵਿਕਾਸ ਨੇ ਮੁੜ ਰਫਤਾਰ ਫੜ ਲਈ। ਇਸੇ ਦੌਰ ਵਿਚ ਸੋਵੀਅਤ ਸਮਿਆਂ ਪਿਛੋਂ ਰੂਸ ਦੀ ਘਟਦੀ ਜਾਂਦੀ ਆਬਾਦੀ ਵਿਚ ਵੀ ਸਥਿਰਤਾ ਆਉਣ ਲੱਗੀ। 2011 ਵਿਚ ‘ਸੰਯੁਕਤ ਰੂਸ’ ਪਾਰਟੀ ਦੇ ਸਮਾਗਮ ਦੌਰਾਨ, ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਮੈਦਵੇਦੇਵ ਨੇ ਆਪ ਹੀ ਤਜਵੀਜ਼ ਰੱਖੀ ਕਿ 2012 ਵਿਚ ਪੂਤਿਨ ਹੀ ਰਾਸ਼ਟਰਪਤੀ ਪਦ ਦਾ ਉਮੀਦਵਾਰ ਹੋਵੇ।
ਇਸ ਤਜਵੀਜ਼ ਨੂੰ ਪੂਤਿਨ ਨੇ ਤਾਂ ਸਵੀਕਾਰ ਕਰ ਲਿਆ, ਪਰ ਚੋਣ ਪ੍ਰਚਾਰ ਦੌਰਾਨ ਉਸ ਵਿਰੁੱਧ ਮੁਜਾਹਰੇ ਜਾਰੀ ਰਹੇ, ਜਿਨ੍ਹਾਂ ਵਿਚੋਂ ਸਭ ਤੋਂ ਅਹਿਮ 21 ਫਰਵਰੀ ਨੂੰ ਹੋਇਆ। ਰੂਸ ਵਿਚ ਚੋਣ ਘਪਲਿਆਂ ਕਾਰਨ ਵਧ ਰਹੀ ਬੇਵਿਸਾਹੀ ਅਤੇ ਥਾਂ ਥਾਂ ਰੋਸ ਮੁਜਾਹਰਿਆਂ ਦੇ ਬਾਵਜੂਦ 63% ਵੋਟਾਂ ਲੈ ਕੇ ਮਾਰਚ 2012 ‘ਚ ਉਹ ਮੁੜ ਰਾਸ਼ਟਰਪਤੀ ਚੁਣਿਆ ਗਿਆ। 7 ਮਈ ਨੂੰ ਉਸ ਦੇ ਅਹੁਦਾ ਸੰਭਾਲਣ ਤੋਂ ਇਕ ਦਿਨ ਪਹਿਲਾਂ ਵੀ ਮਾਸਕੋ ਵਿਖੇ 12 ਤੋਂ 15 ਹਜ਼ਾਰ ਲੋਕਾਂ ਨੇ ਮੁਜਾਹਰਾ ਕੀਤਾ, ਜਿਸ ਵਿਚ 80 ਲੋਕ ਫੱਟੜ ਹੋਏ ਅਤੇ 600 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਪੂਤਿਨ ਨੇ ਬਤੌਰ ਰਾਸ਼ਟਰਪਤੀ 14 ਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ ਵਿਚ ਰੂਸ ਦੇ ਅਰਥਚਾਰੇ, ਵਿਦਿਅਕ ਪਸਾਰ, ਵਸੇਬੇ, ਮੁਹਾਰਤੀ ਕਾਮਿਆਂ ਦੀ ਸਿਖਲਾਈ ਅਤੇ ਯੂਰਪੀ ਯੂਨੀਅਨ ਨਾਲ ਸਬੰਧਾਂ ਦੀ ਸੇਧ ਉਲੀਕੀ ਗਈ। ਇਸੇ ਕਾਰਜ ਕਾਲ ਦੌਰਾਨ ਯੂਕਰੇਨ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਸਮੇਂ ਫਰਵਰੀ-ਮਾਰਚ 2014 ਵਿਚ ਰੂਸੀ ਫੌਜੀ ਕਾਰਵਾਈ ਰਾਹੀਂ ਕ੍ਰੀਮੀਆ ਦਾ ਇਲਾਕਾ ਯੂਕਰੇਨ ਕੋਲੋਂ ਹਥਿਆ ਲਿਆ। ਕੌਮਾਂਤਰੀ ਪਿੜ ਵਿਚ ਇਸ ਕਾਰਵਾਈ ਦੀ ਚੋਖੀ ਅਤੇ ਲਗਾਤਾਰ ਆਲੋਚਨਾ ਦੇ ਬਾਵਜੂਦ ਰੂਸ ਦੀ ਬਹੁਤੀ ਜਨਤਾ ਨੇ ਇਸ ਦਾ ਸਮਰਥਨ ਕੀਤਾ। ਇਨ੍ਹਾਂ ਵਰ੍ਹਿਆਂ ‘ਚ ਪੂਤਿਨ (ਤੇ ਰੂਸ) ਕੌਮਾਂਤਰੀ ਪਿੜ ਵਿਚ ਤਾਕਤਵਰ ਅਤੇ ਗੌਲਣਯੋਗ ਧਿਰ ਵਜੋਂ ਉਭਰੇ। ਸੀਰੀਆ ਵਿਚ ਜਾਰੀ ਘਰੇਲੂ ਜੰਗ ਦੇ ਮਾਮਲੇ ‘ਚ ਵੀ ਰੂਸ ਉਨ੍ਹਾਂ ਵਰ੍ਹਿਆਂ ਤੋਂ ਹੀ ਅਮਰੀਕਾ ਦੇ ਮੁਕਾਬਲੇ ਵਾਲੀ ਧਿਰ ਵਿਚ ਖੜੋਤਾ ਤੁਰਿਆ ਆ ਰਿਹਾ ਹੈ ਅਤੇ ਬਸ਼ਰ ਅਲ-ਅਸਦ ਦੀ ਹਕੂਮਤ ਦੇ ਨਾਲ ਹੈ।
ਮਾਰਚ 2018 ਦੀ ਚੋਣ ਪੂਤਿਨ ਨੇ ਆਜ਼ਾਦ ਉਮੀਦਵਾਰ ਵਜੋਂ ਲੜੀ, ਪਰ ਉਸ ਨੂੰ 14 ਦਲਾਂ ਦੀ ਹਮਾਇਤ ਪ੍ਰਾਪਤ ਸੀ। ਉਹ 76% ਵੋਟਾਂ ਲੈ ਕੇ ਚੌਥੀ ਵਾਰ ਰਾਸ਼ਟਰਪਤੀ ਚੁਣਿਆ ਗਿਆ। ਉਸ ਦਾ ਇਹ ਕਾਰਜਕਾਲ 2024 ਤਕ ਚਲਣਾ ਹੈ। ਦੇਖਿਆ ਜਾਵੇ ਤਾਂ ਹਰ ਨਵੀਂ ਚੋਣ ਨਾਲ ਪੂਤਿਨ ਦਾ ਸੱਤਾ ਉਤੇ ਗਲਬਾ ਪਕੇਰਾ ਹੁੰਦਾ ਗਿਆ ਹੈ ਤੇ ਪੱਛਮੀ ਸਿਆਸੀ ਸ਼ਬਦਾਵਲੀ ਵਿਚ ‘ਪੂਤਿਨਵਾਦ’ ਦਾ ਨਵਾਂ ਸ਼ਬਦ ਆਣ ਰਲਿਆ ਹੈ। ਪੂਤਿਨਵਾਦ ਨਾਂ ਰੂਸ ਵਿਚ ਸਥਾਪਤ ਹੋਏ ਉਸ ਸਿਆਸੀ ਪ੍ਰਬੰਧ ਨੂੰ ਦਿੱਤਾ ਗਿਆ ਹੈ, ਜਿਸ ਵਿਚ ਸਾਰੀ ਸਿਆਸੀ ਅਤੇ ਆਰਥਕ ਤਾਕਤ ਹੁਣ ਦੀਆਂ ਅਤੇ ਸਾਬਕਾ ਸੁਰੱਖਿਆ ਏਜੰਸੀਆਂ ਨਾਲ ਜੁੜੇ ਲੋਕਾਂ ਜਾਂ ‘ਸੀਲਾਵਿਕੀ’ ਦੇ ਹੱਥਾਂ ਵਿਚ ਕੇਂਦ੍ਰਿਤ ਹੈ। ਰੂਸੀ ਸ਼ਬਦ ‘ਸੀਲਾਵਿਕੀ’ ਦਾ ਸ਼ਾਬਦਕ ਅਰਥ ਤਾਕਤਵਰ ਲੋਕ ਹੈ, ਪਰ ਰੂਸੀ ਸਿਆਸੀ ਸ਼ਬਦਾਵਲੀ ‘ਚ ਇਹ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ, ਜੋ ਸਿਆਸਤ ਵਿਚ ਆਉਣ ਤੋਂ ਪਹਿਲਾਂ ਸੁਰੱਖਿਆ, ਫੌਜੀ ਜਾਂ ਖੁਫੀਆ ਏਜੰਸੀਆਂ ਵਿਚ ਕੰਮ ਕਰਦੇ ਰਹੇ (ਪੂਤਿਨ ਆਪ ਇਸ ਦੀ ਮਿਸਾਲ ਹੈ)। ਇਹ ਸਾਰੇ ਪਹਿਲਾਂ ਤੋਂ ਹੀ ਪੂਤਿਨ ਨਾਲ ਨੇੜਿਓਂ ਜੁੜੇ ਹੋਏ ਸਨ ਜਾਂ ਹੌਲੀ-ਹੌਲੀ ਜੁੜ ਚੁਕੇ ਹਨ। ਇਹ ਲੋਕ ਰੂਸ ਦੀ ਅਜਿਹੀ ਮੁੱਖ ਧਨਾਢ-ਜੁੰਡਲੀ ਹਨ, ਜਿਸ ਦੇ ਹੱਥਾਂ ਵਿਚ ਰੂਸੀ ਰਾਜ ਦੇ ਵਿੱਤੀ, ਪ੍ਰਬੰਧਕੀ ਅਤੇ ਮੀਡੀਆ ਸਰੋਤਾਂ ਦੀ ਕਮਾਨ ਹੈ। ਮੰਨਿਆ ਜਾਂਦਾ ਹੈ ਕਿ ਰੂਸ ਦੀ ਅਜੋਕੀ ਪ੍ਰਣਾਲੀ ਵਿਚ ਜਮਹੂਰੀ ਤੇ ਮਨੁੱਖੀ ਅਧਿਕਾਰ ਸੀਮਤ ਹੋ ਚੁਕੇ ਹਨ ਅਤੇ ਹੁਣ ਪੂਤਿਨ ਇਸ ਧਨਾਢ-ਜੁੰਡਲੀ ਦੀ ਮਦਦ ਰਾਹੀਂ ਮੁਲਕ ਉਤੇ ਪੂਰੀ ਤਰ੍ਹਾਂ ਕਾਬਜ਼ ਹੈ। ਬਹੁਤਾ ਕਰ ਕੇ ਇਹ ਲੋਕ ਚੰਗੀ ਵਿਦਿਆ ਪ੍ਰਾਪਤ ਅਤੇ ਵਣਜ ਮਾਮਲਿਆਂ ਵਿਚ ਤਜਰਬੇਕਾਰ ਹਨ, ਜੋ ਆਪਣੇ ਆਪ ਨੂੰ ਵਿਚਾਰਧਾਰਾ-ਮੁਕਤ ਦਰਸਾਉਂਦੇ ਹਨ, ਪਰ ਅਜਿਹੇ ਸ਼ਕਤੀਸ਼ਾਲੀ ਰੂਸੀ ਰਾਜ ਦੇ ਸਮਰਥਕ ਹਨ, ਜਿਸ ਵਿਚ ਅਰਾਜਕਤਾ ਦੀ ਕੋਈ ਗੁੰਜਾਇਸ਼ ਨਾ ਹੋਵੇ। ਇਨ੍ਹਾਂ ਗੱਲਾਂ ਦੇ ਆਧਾਰ ਉਤੇ ਕੁਝ ਟਿੱਪਣੀਕਾਰ ਕਹਿਣ ਲੱਗ ਪਏ ਹਨ ਕਿ ਰੂਸ ਹੁਣ ‘ਫੈਡਰਲ ਸੁਰੱਖਿਆ ਏਜੰਸੀ’ ਦੇ ਰਾਜ ਵਿਚ ਤਬਦੀਲ ਹੋ ਚੁਕਾ ਹੈ।
ਇਨ੍ਹਾਂ ਗੱਲਾਂ ਨੂੰ ਇਕ ਵੱਢਿਓਂ ਨਕਾਰਿਆ ਵੀ ਨਹੀਂ ਜਾ ਸਕਦਾ, ਪਰ ਪੂਤਿਨ ਦੇ ਵਰਤਾਰੇ ਜਾਂ ਲੰਮੇ ਸਮੇਂ ਤੋਂ ਰੂਸ ਜਿਹੇ ਵਿਸ਼ਾਲ ਦੇਸ਼ ਉਤੇ ਉਸ ਦੇ ਗਲਬੇ ਨੂੰ ਨਿਰੋਲ ਇਨ੍ਹਾਂ ਤੱਥਾਂ ਦੇ ਆਧਾਰ ਉਤੇ ਸਮਝਿਆ ਵੀ ਨਹੀਂ ਜਾ ਸਕਦਾ। ਸੰਭਵ ਹੈ ਕਿ ਰੂਸ ਵਿਚ ਚੋਣਾਂ ਸਮੇਂ ਥੋੜ੍ਹੀ-ਬਹੁਤ ਧਾਂਦਲੀ ਹੁੰਦੀ ਹੋਵੇ, ਪਰ ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਰੂਸੀ ਲੋਕਾਂ ਦੀ ਵੱਡੀ ਗਿਣਤੀ ਅਜੇ ਵੀ ਉਸ ਦੇ ਨਾਲ ਹੈ।
ਕਰੀਬ 100% ਸਾਖਰਤਾ ਹੀ ਨਹੀਂ, ਉਚੇਰੀ ਵਿਦਿਆ ਪ੍ਰਾਪਤ ਸ਼ਹਿਰੀਆਂ ਦੀ ਭਾਰੀ ਗਿਣਤੀ ਵਾਲੇ ਇਸ ਵਿਕਸਿਤ ਅਤੇ ਬਹੁ-ਕੌਮੀ ਦੇਸ਼ ਵਿਚ ਪੂਤਿਨ ਜਿਹੇ ਆਗੂ ਦੀ ਲੰਮੇ ਸਮੇਂ ਤੋਂ ਤੁਰੀ ਚੋਖੀ ਸਾਖ ਦਾ ਕੀ ਰਾਜ਼ ਹੈ? ਕਹਿੰਦੇ ਹਨ, ਕਿਸੇ ਵੀ ਦੇਸ਼ ਦੀ ਸਿਆਸਤ ਨੂੰ ਸਮਝਣ ਲਈ ਉਸ ਦੇ ਇਤਿਹਾਸ ‘ਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ, ਤੇ ਰੂਸ ਵੀ ਇਸ ਗੱਲ ਦਾ ਅਪਵਾਦ ਨਹੀਂ।
20ਵੀਂ ਸਦੀ ਵਿਚ ਰੂਸ ਜਿਹੇ ਵਿਸ਼ਾਲ ਦੇਸ਼ ਨੂੰ ਦੋ ਵਾਰ ਢਹਿ ਢੇਰੀ ਹੋ ਜਾਣ ਅਤੇ ਪ੍ਰਬੰਧ ਤੰਤਰ ਦੀ ਸੰਪੂਰਨ ਟੁੱਟ-ਭੱਜ ਵਿਚੋਂ ਲੰਘਣਾ ਪਿਆ। ਪਹਿਲੀ ਵਾਰ 1917 ਵਿਚ ਅਕਤੂਬਰ ਇਨਕਲਾਬ ਸਮੇਂ ਜ਼ਾਰਸ਼ਾਹੀ ਦਾ ਤਖਤਾ ਪਲਟਣ ਸਮੇਂ ਅਤੇ ਦੂਜੀ ਵਾਰ 1991 ਵਿਚ ਸੋਵੀਅਤ ਸੰਘ ਦੇ ਖੇਰੂੰ-ਖੇਰੂੰ ਹੋਣ ਸਮੇਂ। ਸਾਡੀਆਂ ਵਿਚਾਰਧਾਰਕ ਐਨਕਾਂ ਜਿਸ ਮਰਜ਼ੀ ਰੰਗ ਦੀਆਂ ਹੋਣ, ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਦੋਵੇਂ ਵਾਰ ਇਸ ਮੁਲਕ ਨੇ ਆਪਣੀ ਪਿਛਲੀ ‘ਪ੍ਰਭੂਸੱਤਾ’ ਗਵਾਈ ਅਤੇ ਵਿਸ਼ਵ ਪੱਧਰ ਉਤੇ ਉਸ ਦੀ ਵੇਲੇ ਦੀ ਬਣੀ ਹੋਈ ਸਾਖ ਵੀ ਲੱਖੋਂ ਕੱਖ ਹੋਈ, ਜਿਸ ਨੂੰ ਬਹਾਲ ਕਰਨ ‘ਚ ਦੋਵੇਂ ਵਾਰੀ ਹੀ ਕਈ ਵਰ੍ਹੇ ਲੰਘੇ। ਦੋਵੇਂ ਵਾਰ ਹੀ ਦੇਸ਼ ਦੀ ਜਨਤਾ ਨੂੰ ਡਾਢੀਆਂ ਦੁਸ਼ਵਾਰੀਆਂ ਵਿਚੋਂ ਲੰਘਣਾ ਪਿਆ, ਉਸ ਦੇ ਪਿਛਲੇ ਜੀਵਨ ਵਿਚ ਵੱਡੇ ਪੱਧਰ ‘ਤੇ ਉਥਲ-ਪੁਥਲ ਹੋਈ ਅਤੇ ਉਸ ਨੂੰ ਆਪਣਾ ਜੀਵਨ ਅਸਲੋਂ ਨਵੇਂ ਹਾਲਾਤ ਮੁਤਾਬਿਕ ਢਾਲਣਾ ਪਿਆ।
20ਵੀਂ ਸਦੀ ਦੇ ਆਖਰੀ ਦਹਾਕੇ ਦੇ ਸ਼ੁਰੂ, ਯਾਨਿ 1991 ਵਿਚ ਗਰਬਾਚੋਵ ਦੌਰ ਦੇ ਭੁਆਂਟਣੀਆਂ ਦਿੰਦੇ ਤਜਰਬਿਆਂ ਦੇ ਦੌਰ ਤੋਂ ਬਾਅਦ, ਜਦੋਂ ਸੋਵੀਅਤ ਸੰਘ ਟੋਟੇ-ਟੋਟੇ ਹੋ ਕੇ ਮੁੱਕਿਆ ਤਾਂ ਉਸ ਵੇਲੇ ਵੀ ਇਹ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਸੀ। ਇਸ ਕੋਲ ਵਿਸ਼ਾਲ ਕੁਦਰਤੀ ਭੰਡਾਰਾਂ ਤੋਂ ਇਲਾਵਾ ਸਨਅਤੀ ਅਤੇ ਸਮਾਜਕ ਅਦਾਰਿਆਂ ਦਾ ਤੰਤਰ ਜਾਲ ਸੀ, ਬਹੁਤ ਵੱਡੀ ਫੌਜ ਸੀ, ਉਚ ਵਿਦਿਆ ਪ੍ਰਾਪਤ ਮਾਹਰ ਲੋਕਾਂ ਦੀ ਵੱਡੀ ਗਿਣਤੀ ਸੀ ਅਤੇ ਦੋ-ਧੁਰੀ ਦੁਨੀਆਂ ਵਿਚ ਇਹ ਤਾਕਤ ਦੇ ਸੰਤੁਲਨ ਦਾ ਇਕ ਸਿਰਾ ਸੀ। ਆਪਣੇ ਆਖਰੀ ਦਿਨਾਂ ਤਕ ਇਹ ਮਹਾਸ਼ਕਤੀ ਵਜੋਂ ਜਾਣਿਆ ਜਾਂਦਾ ਸੀ।
ਜਦੋਂ ਤਕ ਇਹ ਦਹਾਕਾ ਮੁੱਕਿਆ ਅਤੇ ਦੁਨੀਆਂ 21ਵੀਂ ਸਦੀ ਵਿਚ ਪੈਰ ਧਰ ਰਹੀ ਸੀ, ਉਤਰ-ਸੋਵੀਅਤ ਸਮਿਆਂ ਵਿਚ ਰੂਸ ਦੇ ਪਹਿਲੇ ਰਾਸ਼ਟਰਪਤੀ ਯੇਲਤਸਿਨ ਦੀ ਅਗਵਾਈ ਹੇਠ, ਅਰਾਜਕਤਾ ਪੂਰੀ ਤਰ੍ਹਾਂ ਘਰ ਕਰ ਚੁਕੀ ਸੀ। ਯੇਲਤਸਿਨ ਨੇ ਆਪਣੇ ਕਾਰਜ ਕਾਲ ਵਿਚ ਰੂਸ ਦੇ ਪਿਛਲੇ ਇਤਿਹਾਸਕ ਨਿਜ਼ਾਮ (ਸੋਵੀਅਤ ਸੰਘ) ਉਤੇ ਵਾਰ-ਵਾਰ ਇਹੋ ਜਿਹੇ ਵਾਰ ਕੀਤੇ ਕਿ ਦਹਾਕਿਆਂ ਤੋਂ ਉਸਾਰੀ ਗਈ ਸੋਵੀਅਤ ਅਰਥ-ਵਿਵਸਥਾ ਦੇ ਪਰਖਚੇ ਉਡ ਗਏ। ਕ੍ਰੈਮਲਿਨ ਯਾਨਿ ਰੂਸੀ ਰਾਜ-ਸੱਤਾ ਦੀ ਗੱਦੀ ਨਾਲ ਨੇੜਿਓਂ ਜੁੜੇ ਗਿਣਤੀ ਦੇ ਧਨਾਢਾਂ ਨੇ ਉਨ੍ਹਾਂ ਸਾਲਾਂ ਵਿਚ ਅੰਨ੍ਹੀ ਲੁੱਟ ਮਚਾਈ। ਸਾਰੇ ਵੱਡੇ ਸਰਕਾਰੀ ਅਦਾਰੇ ਅਤੇ ਸਨਅਤਾਂ ਇਨ੍ਹਾਂ ਲੋਕਾਂ ਨੇ ਕੁਝ ਤਾਂ ਭੰਗ ਦੇ ਭਾੜੇ ਖਰੀਦ ਕੇ, ਤੇ ਕੁਝ ਨਿਰੋਲ ਧੋਖਾਧੜੀ ਰਾਹੀਂ ਆਪਣੇ ਕਬਜ਼ੇ ਹੇਠ ਕਰ ਲਈਆਂ। ਰੂਸ ਦੀ ਦੋ-ਤਿਹਾਈ ਜਨਤਾ ਗਰੀਬੀ ਅਤੇ ਦੁਰਦਸ਼ਾ ਵਲ ਧੱਕੀ ਗਈ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਉਹ ਲੋਕ ਵੀ ਸ਼ਾਮਲ ਸਨ, ਜੋ ਸੋਵੀਅਤ ਸਮਿਆਂ ਦਾ ਮੁਹਾਰਤ-ਸ਼ੁਦਾ, ਉਚ ਵਿਦਿਆ ਪ੍ਰਾਪਤ ਮੱਧ-ਵਰਗ ਸੀ। ਮੁਲਕ ਵਿਚ ਥਾਂ ਥਾਂ ਮਾਫੀਏ ਪੈਦਾ ਹੋ ਗਏ, ਫਿਰੌਤੀਆਂ ਅਤੇ ਦਿਨ ਦਿਹਾੜੇ ਕਤਲ ਹੋਣੇ ਆਮ ਵਰਤਾਰਾ ਹੋ ਗਿਆ। 1996 ਵਿਚ ਚੋਣਾਂ ਜਿੱਤਣ ਖਾਤਰ ਯੇਲਤਸਿਨ ਨੇ ਇਨ੍ਹਾਂ ਮਾਫੀਆ-ਨੁਮਾ ਧਨਾਢਾਂ ਦਾ ਹੀ ਸਹਾਰਾ ਲਿਆ। ਰੂਸ ਵਿਚ ਜਨਮ ਦਰ ਤੇਜ਼ੀ ਨਾਲ ਘਟਣੀ ਸ਼ੁਰੂ ਹੋਈ, ਨਿਰਾਸ਼ਾ ਦੇ ਮਾਰੇ ਹੁਨਰੀ ਨੌਜਵਾਨਾਂ-ਡਾਕਟਰਾਂ ਤੇ ਵਿਗਿਆਨੀਆਂ ਦੀਆਂ ਹੇੜ੍ਹਾਂ ਨੇ ਪੱਛਮੀ ਦੇਸ਼ਾਂ ਵੱਲ ਹਿਜਰਤ ਸ਼ੁਰੂ ਕਰ ਦਿੱਤੀ।
ਅਜਿਹੇ ਦੌਰ ਵਿਚ ਪੂਤਿਨ ਰੂਸ ਦੀ ਸਿਆਸੀ ਸਟੇਜ ‘ਤੇ ਦਾਖਲ ਹੋਇਆ। ਪਿੱਛਲਝਾਤ ਮਾਰਿਆਂ ਇਹ ਗੱਲ ਸਹਿਜੇ ਹੀ ਕਹੀ ਜਾ ਸਕਦੀ ਹੈ ਕਿ ਸੋਵੀਅਤ ਸਮਿਆਂ ਵਿਚ ਪ੍ਰਵਾਨ ਚੜ੍ਹੇ ਇਸ ਸਾਬਕਾ ਕੇ. ਜੀ. ਬੀ. ਅਫਸਰ ਦਾ ਤਜਰਬਾ ਅਤੇ ਸਿਖਲਾਈ ਵੀ ਉਸ ਦੇ ਕੰਮ ਆਏ। ਇਕ ਪਾਸੇ ਪੂਰਬੀ ਜਰਮਨੀ ਵਿਚ ਬਤੌਰ ਖੁਫੀਆ ਏਜੰਸੀ ਅਧਿਕਾਰੀ ਕੰਮ ਕਰਨ ਦੇ ਸਮੇਂ ਨੇ ਉਸ ਨੂੰ ਜਰਮਨ ਜ਼ਬਾਨ ਦੀ ਮੁਹਾਰਤ ਵੀ ਦਿੱਤੀ ਅਤੇ ਲੋੜੀਂਦਾ ਕੌਮਾਂਤਰੀ ਨਜ਼ਰੀਆ ਵੀ। ਦੂਜੇ ਪਾਸੇ ਮੱਧ ਵਰਗੀ ਸੋਵੀਅਤ ਪਰਿਵਾਰ ਵਿਚ ਪੈਦਾ ਹੋਏ ਪੂਤਿਨ ਕੋਲ ਸੋਵੀਅਤ ਜੀਵਨ ਦਾ ਜ਼ਾਤੀ ਤਜਰਬਾ ਵੀ ਸੀ ਅਤੇ ਆਪਣੇ ਮੁਲਕ ਦੇ ਇਤਿਹਾਸ ਬਾਰੇ ਤਿੱਖੀ ਸੂਝ ਵੀ।
ਮਿਸਾਲ ਵਜੋਂ ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਰੂਸ ਦੇ ਲੱਖਾਂ ਲੋਕ ਅਜੇ ਵੀ ਸੋਵੀਅਤ ਸਮਿਆਂ ਨੂੰ ਨਿੱਘ ਨਾਲ ਚੇਤੇ ਕਰਦੇ ਹਨ। ਉਸ ਨੇ ਕਈ ਵਾਰ ਸੋਵੀਅਤ ਸਮਿਆਂ ਦੀਆਂ ਵਧੀਕੀਆਂ ਅਤੇ ਉਸ ਦੇ ਪ੍ਰਬੰਧ ਵਿਚਲੇ ਵਿਕਾਰਾਂ ਦੀ ਆਲੋਚਨਾ ਕੀਤੀ ਹੈ; ਲੈਨਿਨ ਅਤੇ ਸਟਾਲਿਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ, ਪਰ ਸੋਵੀਅਤ ਸਮਿਆਂ ਵਿਚ ਵਿਗਸੀ ਆਪਣੀ ਪੀੜ੍ਹੀ ਦੇ ਬਹੁਤੇ ਲੋਕਾਂ ਵਾਂਗ ਪੂਤਿਨ ਦੀ ਸ਼ਖਸੀਅਤ ਦਾ ਇਕ ਹਿੱਸਾ ਅਜੇ ਵੀ ਸੋਵੀਅਤ ਖਾਸੇ ਵਾਲਾ ਹੈ। 2010 ਵਿਚ ਉਸ ਦੀ ਕਹੀ ਇਕ ਗੱਲ ਸਿਰਫ ਉਸ ਦੀ ਹੀ ਨਹੀਂ, ਅਜੋਕੇ ਰੂਸ ਦੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਉਸ ਨੇ ਕਿਹਾ ਸੀ, “ਜਿਸ ਕਿਸੇ ਨੂੰ ਸੋਵੀਅਤ ਸੰਘ ਦੇ ਟੁੱਟ ਜਾਣ ਦਾ ਦੁੱਖ ਨਹੀਂ, ਉਸ ਦੇ ਅੰਦਰ ਦਿਲ ਨਹੀਂ ਹੈ; ਤੇ ਜਿਹੜਾ ਵੀ ਇਸ ਦੇ ਪਹਿਲਾਂ ਵਾਲੇ ਹੀ ਰੂਪ ਵਿਚ ਇਸ ਦਾ ਪੁਨਰ ਜਨਮ ਲੋਚਦਾ ਹੈ, ਉਸ ਕੋਲ ਦਿਮਾਗ ਨਹੀਂ ਹੈ।” ਅਜਿਹੀ ਗੱਲ ਕਹਿਣ ਲਈ ਤੁਹਾਨੂੰ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਨਾਏ ਹੋਣ ਦੀ ਲੋੜ ਨਹੀਂ, ਸੋਵੀਅਤ ਸੰਘ ਪ੍ਰਤੀ ਸੰਵੇਦਨਸ਼ੀਲਤਾ ਹੀ ਕਾਫੀ ਹੈ।
ਬਤੌਰ ਰਾਸ਼ਟਰਪਤੀ ਪੂਤਿਨ ਦੇ ਪਹਿਲੇ ਕਾਰਜ ਕਾਲ ਵਿਚ ਰੂਸੀ ਅਰਥਚਾਰਾ ਪਹਿਲੇ 8 ਸਾਲ ਲਗਾਤਾਰ ਵਿਕਾਸ ਕਰਦਾ ਰਿਹਾ। ਲੋਕਾਂ ਦੀ ਖਰੀਦ-ਸ਼ਕਤੀ ਵਿਚ 72% ਵਾਧਾ ਹੋਇਆ। ਨਾਗਰਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ 2000 ਵਿਚ ਜਦੋਂ ਉਸ ਨੇ ਕਮਾਨ ਸੰਭਾਲੀ ਤਾਂ 75% ਰੂਸੀ ਗਰੀਬੀ ਦਾ ਜੀਵਨ ਜਿਊ ਰਹੇ ਸਨ। ਸੋਵੀਅਤ ਸਮਿਆਂ ਵਿਚ ਮਿਲਦੀਆਂ ਸਹੂਲਤਾਂ-ਮੁਫਤ ਸਿਹਤ ਤੇ ਵਿਦਿਆ ਪ੍ਰਬੰਧ, ਪੈਨਸ਼ਨਾਂ, ਉਨ੍ਹਾਂ ਵੇਲਿਆਂ ਦੀ ਜੁੜੀ ਹੋਈ ਨਿਗੂਣੀ ਪੂੰਜੀ, ਨੌਕਰੀਆਂ ਸਭ ਕੁਝ ਹਵਾ ਹੋ ਚੁਕਾ ਸੀ। ਮਰਦਾਂ ਦੀ ਔਸਤ ਉਮਰ 60 ਸਾਲ ਤੋਂ ਵੀ ਹੇਠਾਂ ਪਹੁੰਚ ਚੁਕੀ ਸੀ। ਰੂਬਲ ਦੀ ਕੀਮਤ ਰੋਜ਼ਾਨਾ ਡਿੱਗ ਰਹੀ ਸੀ ਅਤੇ ਲੋਕਾਂ ਦਾ ਦੇਸ਼ ਦੀ ਕਰੰਸੀ ਵਿਚ ਯਕੀਨ ਬਿਲਕੁਲ ਮੁੱਕ ਚੁਕਾ ਸੀ। ਦੁਕਾਨਾਂ ਵਿਚ ਕੀਮਤਾਂ ਤਕ ਡਾਲਰਾਂ ਵਿਚ ਲਿਖੀਆਂ ਜਾਂਦੀਆਂ ਸਨ। ਪੂਤਿਨ ਤੇ ਉਸ ਦੀ ਟੀਮ ਆਪਣੀਆਂ ਸੁਘੜ ਆਰਥਕ ਅਤੇ ਵਿੱਤੀ ਨੀਤੀਆਂ ਸਦਕਾ ਇਸ ਹਾਲਤ ਨੂੰ ਮੋੜਾ ਦੇਣ ਵਿਚ ਸਫਲ ਹੋਏ। ਦੇਸ਼ ਯੇਲਤਸਿਨ ਦੌਰ ਦੀ ਮੰਦੀ ਤੋਂ ਉਭਰਿਆ ਤੇ ਲੋਕਾਂ ਦੇ ਜੀਵਨ ਪੱਧਰ ਵਿਚ ਤਬਦੀਲੀ ਆਈ। ਰੂਸ ਵਿਚ ਆਰਥਕ ਨਿਵੇਸ਼ ਸ਼ੁਰੂ ਹੋਇਆ ਅਤੇ ਜਿਵੇਂ ਪਹਿਲੋਂ ਦੱਸਿਆ ਗਿਆ ਹੈ, ਉਨ੍ਹਾਂ ਸਾਲਾਂ ਵਿਚ ਤੇਲ ਦੀਆਂ ਵਧੀਆਂ ਕੀਮਤਾਂ ਨਾਲ ਰੂਸ ਕੋਲ ਅਜਿਹਾ ਵਿੱਤੀ ਜ਼ਖੀਰਾ ਵੀ ਕਾਇਮ ਹੋ ਗਿਆ ਕਿ 2008 ਦੀ ਵਿਸ਼ਵ ਆਰਥਕ ਮੰਦੀ ਤੋਂ ਉਠਣ ਲਈ ਉਸ ਨੂੰ ਬਹੁਤਾ ਸਮਾਂ ਨਾ ਲੱਗਾ।
ਦੂਜੇ ਪਾਸੇ, 1990ਵਿਆਂ ਵਿਚ ਯੇਲਤਸਿਨ ਦੇ ਚੇਚਨੀਆ ਨਾਲ ਜੰਗ ਵਿਚ ਕਈ ਸਾਲ ਖਰਾਬ ਕਰ ਲੈਣ ਪਿਛੋਂ ਪੂਤਿਨ ਦੇ ਕਾਰਜਕਾਲ ਦੇ ਪਹਿਲੇ ਦੌਰ ਵਿਚ ਚੇਚਨੀਆ ਨਾਲ ਦੂਜੀ ਜੰਗ ਜਿੱਤ ਲਏ ਜਾਣਾ, ਰੂਸੀ ਜਨਤਾ ਦੇ ਮਾਨਸਿਕ ਰੌਂ ਨੂੰ ਤਕੜਿਆਂ ਕਰਨ ਤੇ ਪੂਤਿਨ ਨੂੰ ਵੱਡਾ ਅਤੇ ਫੈਸਲਾਕੁਨ ਆਗੂ ਸਥਾਪਤ ਕਰਨ ਵਿਚ ਸਹਾਈ ਹੋਇਆ। ਰੂਸ ਵਿਚ ਤਾਕਤ ਹਮੇਸ਼ਾ ਤਕੜੀਆਂ ਸ਼ਖਸੀਅਤਾਂ ਦੇ ਹੱਥ ਦੇਖੀ ਅਤੇ ਸਮਝੀ ਜਾਂਦੀ ਰਹੀ ਹੈ, ਸੰਸਥਾਵਾਂ ਕਦੇ ਵੀ ਤਾਕਤ ਦਾ ਧੁਰਾ ਨਹੀਂ ਬਣੀਆਂ। ਪੂਤਿਨ ਦਾ ਆਪਣੇ ਦੇਸ਼ ਅਤੇ ਇਸ ਦੀ ਇਤਿਹਾਸਕ ਭੂਮਿਕਾ ਬਾਰੇ ਨਜ਼ਰੀਆ, ਸੋਵੀਅਤ ਸੰਘ ਦੇ ਟੁੱਟਣ ਪਿਛੋਂ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕਰਨ ਲੱਗੇ ਨਾਗਰਿਕਾਂ ਦਾ ਮਨੋਬਲ ਵਧਾਉਣ ਵਿਚ ਸਹਾਈ ਹੋਇਆ। ਪੂਤਿਨ ਦੇ ਰਾਸ਼ਟਰਪਤੀ ਵਜੋਂ ਹੁਣ ਦੇ ਦੂਜੇ ਦੌਰ ਵਿਚ ਫੌਜੀ ਕਾਰਵਾਈ ਰਾਹੀਂ ਯੂਕਰੇਨ ਦੇ ਅਧਿਕਾਰ ਹੇਠਲੇ ਕ੍ਰੀਮੀਆ ਇਲਾਕੇ ਨੂੰ ਮੁੜ ਰੂਸ ਨਾਲ ਜੋੜ ਲੈਣ ਅਤੇ ਸੀਰੀਆ ਦੇ ਗ੍ਰਹਿ ਯੁੱਧ ਵਿਚ ਅਮਰੀਕਾ ਦੇ ਟਾਕਰੇ ਦੀ ਧਿਰ ਬਣ ਕੇ ਹਿੱਸਾ ਲੈਣ ਦੇ ਅਹਿਮ ਪਰ ਜੋਖਮ ਭਰਪੂਰ ਫੈਸਲਿਆਂ ਨੇ ਵੀ ਰੂਸੀ ਜਨਤਾ ਵਿਚ ਉਸ ਦੀ ਲੋਕਪ੍ਰਿਅਤਾ ਨੂੰ ਵਧਾਇਆ ਹੀ; ਬਾਕੀ ਦੁਨੀਆਂ ਵਿਚ ਇਨ੍ਹਾਂ ਕਾਰਵਾਈਆਂ ਕਾਰਨ ਹੋਈ ਤਿੱਖੀ ਆਲੋਚਨਾ ਦੇ ਬਾਵਜੂਦ ਘਟਾਇਆ ਨਾ।
ਬਹੁਤੇ ਰੂਸੀ ਇਸ ਗੱਲੋਂ ਇਨਕਾਰੀ ਨਹੀਂ ਕਿ ਪੂਤਿਨ ਦਬਦਬੇ ਵਾਲਾ ਆਗੂ ਹੈ, ਜੋ ਕਿਸੇ ਕਿਸਮ ਦੀ ਵਿਰੋਧੀ ਧਿਰ ਨੂੰ ਸਿਰ ਨਹੀਂ ਚੁੱਕਣ ਦਿੰਦਾ ਅਤੇ ਅਜੋਕੇ ਰੂਸ ਵਿਚ ਉਸ ਦੇ ਨੇੜਲਿਆਂ ਦੀ ਧਨਾਢ-ਜੁੰਡਲੀ ਹੀ ਸਾਰੇ ਅਰਥਚਾਰੇ ਉਤੇ ਕਾਬਜ਼ ਹੈ। ਨਾਲ ਹੀ ਉਹ ਇਹ ਵੀ ਆਖਦੇ ਹਨ ਕਿ ਇਹ ਜੁੰਡਲੀ ‘ਭ੍ਰਿਸ਼ਟਾਚਾਰੀ’ ਤਾਂ ਹੋ ਸਕਦੀ ਹੈ, ਪਰ ਪੂਤਿਨ ਅਤੇ ਉਸ ਦੀ ਟੀਮ ਰੂਸ ਦੇ ਅਰਥਚਾਰੇ ਨੂੰ ਪੱਕੇ ਪੈਰੀਂ ਕਰਨ ਅਤੇ ਕਾਇਮ ਰੱਖਣ ਵਿਚ ਕਾਮਯਾਬ ਜ਼ਰੂਰ ਰਹੀ ਹੈ। ਅਜਿਹਾ ਪ੍ਰਬੰਧ ਤੰਤਰ ਪੂਤਿਨ ਨੇ ਨਹੀਂ, ਯੇਲਤਸਿਨ ਨੇ ਸ਼ੁਰੂ ਕੀਤਾ ਸੀ, ਪਰ ਯੇਲਤਸਿਨ ਦੇ ਸਮਿਆਂ ‘ਚ ਜੁੰਡਲੀ ਰਾਸ਼ਟਰਪਤੀ ਉਤੇ ਗਾਲਬ ਸੀ, ਜਦੋਂਕਿ ਹੁਣ ਫੈਸਲਾਕੁਨ ਰਾਸ਼ਟਰਪਤੀ ਇਸ ਜੁੰਡਲੀ ਉਤੇ ਗਾਲਬ ਹੈ ਤੇ ਉਨ੍ਹਾਂ ਨੂੰ ਮਨਮਾਨੀਆਂ ਨਹੀਂ ਕਰਨ ਦਿੰਦਾ, ਸਗੋਂ ਦੇਸ਼ ਦੇ ਹਿਤ ਵਿਚ ਵਰਤਦਾ ਹੈ।
ਪੂਤਿਨ ਦੀ ਅਗਵਾਈ ਹੇਠਲੇ ਅਜੋਕੇ ਰੂਸ ਦੇ ਕੁਝ ਖਾਸ ਲੱਛਣ ਇਹ ਕਹੇ ਜਾ ਸਕਦੇ ਹਨ: ਦੇਸ਼ ਦੇ ਵੱਕਾਰ ਜਾਂ ਪੁਰਾਣੀ ਪ੍ਰਭੂਸੱਤਾ ਦੀ ਬਹਾਲੀ ਉਤੇ ਜ਼ੋਰ, ਇਸ ਆਧਾਰ ਉਤੇ ਫੈਸਲਾਕੁਨ ਅਤੇ ਦੋ-ਟੁਕ ਗੱਲ ਕਰਨ ਵਾਲੇ ਆਗੂ ਦੀ ਲੋੜ ਉਤੇ ਜ਼ੋਰ, ਗਿਣਤੀ ਦੇ ਕਾਰਪੋਰੇਟਾਂ ਦਾ ਅਰਥਚਾਰੇ ਤੇ ਮੀਡੀਆ ‘ਤੇ ਕਬਜ਼ਾ, ਰਵਾਇਤੀ ਸਮਾਜਕ ਕਦਰਾਂ ਕੀਮਤਾਂ ਅਤੇ ਦੇਸ਼-ਭਗਤੀ ਆਧਾਰਿਤ ਲੱਫਾਜ਼ੀ ਉਤੇ ਜ਼ੋਰ ਅਤੇ ਆਗੂ ਦੇ ਵਿਰੋਧ ਨੂੰ ਦੇਸ਼-ਵਿਰੋਧੀ ਵਿਚਾਰਧਾਰਾ ਕਰਾਰ ਦੇਣ ਦੇ ਹਥਕੰਡੇ।
ਇਸ ਪੱਖੋਂ ਦੇਖਿਆ ਜਾਵੇ ਤਾਂ ਪੂਤਿਨ ਜਾਂ ਪੂਤਿਨਵਾਦ ਸਿਰਫ ਰੂਸ ਦੇ ਇਤਿਹਾਸਕ ਹਾਲਾਤ ਦੀ ਪੈਦਾਵਾਰ ਨਹੀਂ। ਸੰਸਾਰ ਪੱਧਰ ‘ਤੇ ਵੀ ਅਸੀਂ ਅਜਿਹੇ ਦੌਰ ਵਿਚੋਂ ਲੰਘ ਰਹੇ ਹਾਂ, ਜਦੋਂ ਪੂੰਜੀਵਾਦ ਅਜਿਹੇ ਪੜਾਅ ਉਤੇ ਆਣ ਖੜੋਤਾ ਹੈ ਕਿ ਪਿਛਲੇ ਨਿਜ਼ਾਮਾਂ ਦੀਆਂ ਵਧੀਕੀਆਂ ਜਾਂ ਕਮਜ਼ੋਰੀਆਂ ਨੇ ਆਮ ਜਨਤਾ ਨੂੰ ਇਹੋ ਜਿਹੇ ‘ਫੈਸਲਾਕੁਨ’ ਆਗੂਆਂ ਵੱਲ ਧੱਕਿਆ ਹੈ। ਅਮਰੀਕਾ ਵਿਚ ਟਰੰਪ ਹੋਵੇ ਜਾਂ ਬਰਤਾਨੀਆ ਵਿਚ ਬੋਰਿਸ ਜੌਨਸਨ, ਟਰਕੀ ਵਿਚ ਐਰਦੋਜਨ ਹੋਵੇ ਜਾਂ ਹੰਗਰੀ ਵਿਚ ਓਰਬਾਨ, ਤੇ ਜਾਂ ਫਿਰ ਸਾਡੇ ਆਪਣੇ ਦੇਸ਼ ਵਿਚ ਨਰਿੰਦਰ ਮੋਦੀ; ਸੰਸਾਰ ਦਾ ਸਿਆਸੀ ਪਿੜ ਅਜਿਹੇ ਘੱਟ ਜਾਂ ਵੱਧ ‘ਫੈਸਲਾਕੁਨ ਤੇ ਦੋ-ਟੁਕ ਗੱਲ ਕਰਨ ਵਾਲੇ’ ਅਤੇ ਆਪਣੇ ਦੇਸ਼ ਦੀ ਜਨਤਾ ਅੰਦਰਲੇ ਰੋਹ ਨੂੰ ਆਪਣੀ ਸੱਤਾ-ਕਾਇਮੀ ਲਈ ਮੋੜਾ ਦੇ ਸਕਣ ਵਾਲੇ ਆਗੂਆਂ ਨਾਲ ਇਸ ਵੇਲੇ ਅੱਟਿਆ ਪਿਆ ਹੈ। ਬੇਸ਼ਕ, ਹਰ ਦੇਸ਼ ਦੀਆਂ ਸਮੱਸਿਆਵਾਂ ਵੀ ਆਪੋ-ਆਪਣੀ ਕਿਸਮ ਦੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਆਗੂਆਂ ਦੀ ਸਮਰੱਥਾ ਵੀ; ਫਿਰ ਵੀ ਪੂਤਿਨ ਇਨ੍ਹਾਂ ਸਾਰਿਆਂ ਵਿਚੋਂ ਸਿਰਕੱਢ ਹੈ, ਆਪਣੇ ਸਭ ਤੋਂ ਲੰਮੇ ਰਾਜ ਕਾਲ ਅਤੇ ਸਭ ਤੋਂ ਵੱਧ ਸਮੱਸਿਆਵਾਂ ਨਾਲ ਸਫਲ ਰਹਿ ਕੇ ਸਿੱਝਣ ਦੇ ਹਾਲੇ ਤਕ ਦੇ ਇਤਿਹਾਸ ਕਾਰਨ।
ਉਸ ਦੇ ਮੌਜੂਦਾ ਕਾਰਜ ਕਾਲ ਦੇ ਚਾਰ ਸਾਲ ਅਜੇ ਵੀ ਬਾਕੀ ਹਨ। ਪਿਛਲੇ ਤਜਰਬੇ ਦੇ ਆਧਾਰ ਉਤੇ ਬਹੁਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਅਜੋਕੇ ਰੂਸੀ ਸੰਵਿਧਾਨ ਮੁਤਾਬਿਕ ਉਹ 2024 ਵਿਚ ਮੁੜ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਹੀਂ ਹੋ ਸਕਦਾ, ਉਹ ਇਸ ਦਾ ਵੀ ਕੋਈ ਨਾ ਕੋਈ ਹੱਲ ਲੱਭ ਹੀ ਲਵੇਗਾ। ਇਸ ਲਈ ਅਜੋਕੇ ਪੜਾਅ ਉਤੇ ਪੂਤਿਨ ਦੀ ਦੇਣ ਜਾਂ ਉਸ ਦੇ ਕਾਰਜਕਾਲ ਦੀ ਬਹੁ-ਪੱਖੀ ਅਤੇ ਨਿਗਰ ਪੜਚੋਲ ਕਰਨ ਦਾ ਸਮਾਂ ਅਜੇ ਭਵਿਖ ਦੀ ਕੁੱਖ ਵਿਚ ਹੈ। ਰੂਸੀ ਲੋਕਾਂ ਵਿਚ ਇਹ ਮੁਹਾਵਰਾ ਪ੍ਰਚਲਿਤ ਹੈ, ‘ਇਤਿਹਾਸ ਨੂੰ ਹੀ ਫੈਸਲਾ ਕਰਨ ਦਿਓ।’ ਸਿਰਫ ਰੂਸ ਹੀ ਨਹੀਂ, ਸੰਸਾਰ ਦੀ ਸਿਆਸੀ ਸਟੇਜ ਉਤੇ ਇਸ ਵੇਲੇ ਛਾਏ ਹੋਏ ਪੂਤਿਨ ਨਾਂ ਦੇ ਇਸ ਵਰਤਾਰੇ ਅਤੇ ਉਸ ਦੀ ਭੂਮਿਕਾ ਬਾਰੇ ਅੰਤਿਮ ਫੈਸਲਾ ਵੀ ਇਤਿਹਾਸ ਹੀ ਕਰੇਗਾ; ਇਸ ਵੇਲੇ ਤਾਂ ਉਸ ਦੇ ਲੰਮੇ ਸਮੇਂ ਤੋਂ ਤੁਰੇ ਆਉਂਦੇ ਜਬ੍ਹੇ ਦੇ ਆਧਾਰ ਨੂੰ ਸਮਝਣ ਦੀ ਕੋਸ਼ਿਸ਼ ਹੀ ਕੀਤੀ ਜਾ ਸਕਦੀ ਹੈ।