ਅੱਬਾਸ ਕਇਰੋਸਤਮੀ ਦੀਆਂ ਫਿਲਮਾਂ ‘ਚ ਧੜਕਦੀ ਜ਼ਿੰਦਗੀ

ਸਿਨੇਮਾ ਯਾਦਾਂ, ਚੇਤਿਆਂ ਅਤੇ ਸੁਪਨਿਆਂ ਨੂੰ ਪੁਨਰ-ਸੁਰਜੀਤ ਕਰਨ ਦੀ ਕਲਾ ਹੈ। ਕੈਮਰੇ ਦੀ ਅੱਖ ਨਾਲ ਵਾਹੀ ਕਹਾਣੀ ਇਕੋ ਸਮੇਂ ਬੰਦੇ ਦੇ ਸੋਚਣ-ਸਮਝਣ, ਦੇਖਣ, ਸੁਣਨ ਤੇ ਮਹਿਸੂਸ ਕਰਨ ਦੀ ਸਮਰੱਥਾ ਦਾ ਇਮਤਿਹਾਨ ਲੈਂਦੀ ਹੈ। ਸਾਰੀਆਂ ਕਲਾਵਾਂ ਵਿਚੋਂ ਸਿਨੇਮਾ ਇਸ ਲਈ ਵੀ ਖਾਸ ਹੈ ਕਿ ਇਸ ਦੀ ਆਪਣੀ ਜ਼ੁਬਾਨ ਹੈ। ਫਿਲਮ ਇਕੋ ਸਮੇਂ ਕਵਿਤਾ, ਕਹਾਣੀ, ਸੰਗੀਤ, ਚਿੱਤਰਕਾਰੀ, ਇਮਾਰਤਸਾਜ਼ੀ ਤੇ ਇਸ਼ਤਿਹਾਰਬਾਜ਼ੀ ਦੀਆਂ ਅਨੇਕਾਂ ਵੰਨਗੀਆਂ ਵਿਚ ਆਪਸੀ ਰਿਸ਼ਤੇਦਾਰੀਆਂ ਗੰਢਦੀ ਰਹਿੰਦੀ ਹੈ।

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾਉਣਗੇ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਇਸ ਲੇਖ ਵਿਚ ਇਰਾਨ ਦੇ ਫਿਲਮਸਾਜ਼ ਅੱਬਾਸ ਕਇਰੋਸਤਮੀ ਦੀਆਂ ਤਿੰਨ ਫਿਲਮਾਂ, ਜੋ ‘ਕੋਕਰ ਤ੍ਰੈਲੜੀ’ ਵਜੋਂ ਜਾਣੀਆਂ ਜਾਂਦੀਆਂ ਹਨ, ਉਤੇ ਝਾਤ ਪਾਈ ਗਈ ਹੈ। -ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਅੱਬਾਸ ਕਇਰੋਸਤਮੀ ਦੀ ਫਿਲਮ ‘ਵੇਅਰ ਇਜ਼ ਫਰੈਂਡਜ਼ ਹੋਮ’ (ਕਿਥੇ ਹੈ ਦੋਸਤ ਦਾ ਘਰ) ਤਿੰਨ ਫਿਲਮਾਂ ਦੀ ਉਸ ਲੜੀ ਦਾ ਹਿੱਸਾ ਹੈ ਜਿਸ ਨੂੰ ਬਣਾਉਣ ਲਈ ਉਸ ਨੇ ਕੋਕਰ ਨਾਮ ਦਾ ਪਿੰਡ ਚੁਣਿਆ। ਅੱਬਾਸ ਦਾ ਇਸ ਪਿੰਡ ਨੂੰ ਚੁਣਨ ਦਾ ਫੈਸਲਾ ਕਈ ਪੱਖਾਂ ਤੋਂ ਮਹਤੱਪੂਰਨ ਹੈ। ਅੱਬਾਸ ਦੀਆਂ ਫਿਲਮਾਂ ਦੀ ਸਿਨੇਮਈ ਵਿਆਕਰਨ ਬੇਸ਼ੱਕ ਬੇਹੱਦ ਖੂਬਸੂਰਤ ਅਤੇ ਸਾਦਗੀ ਭਰਪੂਰ ਹੈ ਪਰ ਉਸ ਦੇ ਸਿਨੇਮਾ ਦੀ ਸਿਆਸਤ, ਜ਼ਿੰਦਗੀ ਅਤੇ ਸੱਚ ਦੀ ਸਿਆਸਤ ਹੈ। ਉਸ ਦਾ ਸਿਨੇਮਾ ਇਰਾਨ ਦੀ ਤਹਿਜ਼ੀਬ, ਸਾਹਿਤ, ਸੰਗੀਤ, ਕਵਿਤਾ ਤੇ ਇਮਾਰਤਸਾਜ਼ੀ ਦੀਆਂ ਪਰੰਪਰਾਵਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਉਸ ਦੀਆਂ ਫਿਲਮਾਂ ਦੇ ਫਰੇਮਾਂ ਵਿਚੋਂ ਸੰਗੀਤ ਝਰਦਾ ਜਾਪਦਾ ਹੈ ਅਤੇ ਉਸ ਦੇ ਕਿਰਦਾਰ ਕਵਿਤਾ, ਇਮਾਰਤਾਂ, ਰਸਤਿਆਂ ਤੇ ਰਿਸ਼ਤਿਆਂ ਵਿਚ ਲਗਾਤਾਰ ਯਾਤਰਾ ਕਰੇ ਹਨ।
ਕੋਕਰ ਕਿੱਥੇ ਹੈ?
ਕੋਕਰ ਇਰਾਨ ਦਾ ਨਿੱਕਾ ਜਿਹਾ ਪਿੰਡ ਹੈ ਜਾਂ ਸੀ। ਇਸ ਪਿੰਡ ਦੀ ਕੋਈ ਇਤਿਹਾਸਕ ਮਹਤੱਤਾ ਨਹੀਂ। ਪਿੰਡ ਵਿਚ ਨਾ ਕੋਈ ਇਸ ਤਰ੍ਹਾਂ ਦਾ ਸਥਾਨ, ਨਦੀ ਜਾਂ ਇਮਾਰਤ ਹੈ ਜਿਹੜੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਸਕੇ ਅਤੇ ਨਾ ਹੀ ਇਸ ਪਿੰਡ ਦੇ ਬਾਸ਼ਿੰਦਿਆਂ ਨੇ ਅਜਿਹੀਆਂ ਦੁਨਿਆਵੀ ‘ਕਮਾਈਆਂ’ ਕੀਤੀਆਂ ਹਨ ਕਿ ਯਾਤਰੂ ਇਸ ਪਿੰਡ ਦਾ ਰਾਹ ਗਾਹੁਣ ਲਈ ਉਤਾਵਲੇ ਹੋਣ। ਇਸ ਪਿੰਡ ਦੀ ਸਾਧਾਰਨਤਾ ਹੀ ਇਸ ਦੀ ‘ਅਸਾਧਾਰਨਤਾ’ ਹੈ। ਅੱਬਾਸ ਦੀ ਸਿਨੇਮਾ ਸਿਰਜਣ ਦੀ ਕਲਾ ਇਹੀ ਸਵਾਲ ਵਾਰ-ਵਾਰ ਪੁੱਛਦੀ ਹੈ: ‘ਕੀ ਸਾਧਾਰਨ ਹੋਣਾ ਜਾਂ ਸਾਧਾਰਨ ਰਹਿ ਜਾਣਾ ਹੀ ਕਾਫੀ ਨਹੀਂ।’
ਬਹਰਹਾਲ, ਇਸ ਪਿੰਡ ਦੀ ਵੀ ਕਹਾਣੀ ਹੈ।
ਆਪਣੀ ‘ਕੋਕਰ ਤ੍ਰੈਲੜੀ’ ਦੀ ਪਹਿਲੀ ਫਿਲਮ ਵਿਚ ਅੱਬਾਸ ਕਇਰੋਸਤਮੀ ਆਪਣੇ ਮਨਪਸੰਦ ਕਵੀ ਸੋਹਰਾਬ ਸੁਪਹਿਰੀ ਦੀ ਕਵਿਤਾ ‘ਦੋਸਤ’ ਨੂੰ ਵਿਸਥਾਰ ਦਿੰਦਾ ਨਜ਼ਰ ਆਉਂਦਾ ਹੈ। ਫਿਲਮ ‘ਕਿੱਥੇ ਹੈ ਦੋਸਤ ਦਾ ਘਰ?’ ਵਿਚ ਸੱਤ-ਅੱਠ ਸਾਲ ਦਾ ਬੱਚਾ ਅਹਿਮਦ ਜਦੋਂ ਸ਼ਾਮ ਨੂੰ ਸਕੂਲ ਦਾ ਹੋਮਵਰਕ ਕਰਨ ਬੈਠਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਗਲਤੀ ਨਾਲ ਆਪਣੇ ਦੋਸਤ ਮੁਹੰਮਦ ਰਜ਼ਾ ਦੀ ਹੋਮਵਰਕ ਵਾਲੀ ਕਾਪੀ ਆਪਣੇ ਬਸਤੇ ਵਿਚ ਹੀ ਘਰ ਲੈ ਆਇਆ ਹੈ। ਦੋਵਾਂ ਦੀ ਜਿਲਦ ਇਕੋ ਜਿਹੀ ਜੋ ਸੀ। ਹੁਣ ਉਸ ਨੂੰ ਇਸ ਗੱਲ ਦਾ ਫਿਕਰ ਵੱਢ-ਵੱਢ ਖਾਂਦਾ ਹੈ ਕਿ ਕੱਲ੍ਹ ਸਵੇਰੇ ਸਕੂਲ ਦਾ ਮਾਸਟਰ ਉਸ ਦੇ ਦੋਸਤ ਦਾ ਹੋਮਵਰਕ ਮੁਕੰਮਲ ਨਾ ਹੋਣ ਕਾਰਨ ਬੇਇਜ਼ਤੀ ਕਰ ਸਕਦਾ ਹੈ। ਉਪਰੋਂ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੋਸਤ ਦਾ ਘਰ ਕਿਥੇ ਹੈ? ਉਸ ਦੀ ਕੰਮਾਂ-ਕਾਰਾਂ ਵਿਚ ਉਲਝੀ ਮਾਂ ਲਈ ਇਹ ਮਾਮਲਾ ਕੋਈ ਜ਼ਿਆਦਾ ਗੰਭੀਰ ਨਹੀਂ। ਉਹ ਆਪਣੇ ਪੁੱਤਰ ਨੂੰ ਅਗਲੇ ਦਿਨ ਸਕੂਲ ਵਿਚ ਕਾਪੀ ਵਾਪਸ ਕਰਨ ਲਈ ਆਖਦੀ ਹੈ ਪਰ ਅਹਿਮਦ ਨੂੰ ਆਪਣੇ ਦੋਸਤ ਦੀ ਚਿੰਤਾ ਵਿਚ ਖਾਣਾ-ਪੀਣਾ ਭੁੱਲ ਜਾਂਦਾ ਹੈ। ਉਹ ਮਾਂ ਤੋਂ ਅੱਖ ਬਚਾ ਕੇ ਘਰੋਂ ਨਿਕਲ ਜਾਂਦਾ ਹੈ ਅਤੇ ਪੂਰੀ ਦੁਪਹਿਰ ਤੇ ਸ਼ਾਮ ਆਪਣੇ ਪਿੰਡ ਕੋਕਰ ਤੋਂ ਪਸ਼ਤੋਂ ਜਾਣ ਲਈ ਲਗਾ ਦਿੰਦਾ ਹੈ। ਇਥੇ ਅੱਬਾਸ ਕਇਰੋਸਤਮੀ ਦੀ ਫਿਲਮ ਜਲਾਲ-ਉਦ-ਦੀਨ ਰੂਮੀ ਦੀ ਇਸ ਕਵਿਤਾ ਵਿਚ ਵੱਟ ਜਾਂਦੀ ਹੈ:
‘ਸੱਦਾ ਦੇਣ ਵਾਲੇ
ਤੇ ਸੱਦੇ ਜਾਣ ਵਾਲੇ ਨੂੰ ਭੁੱਲ ਜਾਉ,
ਸੱਦੇ ਵਿਚ ਘੁਲ ਜਾਉ’
ਅਹਿਮਦ ਅਤੇ ਰਜ਼ਾ ਦੀ ਇਸ ਕਹਾਣੀ ਰਾਹੀਂ ਅੱਬਾਸ ਕਇਰੋਸਤਮੀ ਦੁਨਿਆਵੀ ਕਸ਼ਮਕਸ਼ ਅਤੇ ਰੋਜ਼ਮੱਰਾ ਦੇ ਇਨਸਾਨੀ ਸੰਵੇਦਨਾ ਨੂੰ ਖੁੰਢਾ ਕਰ ਦੇਣ ਵਾਲੇ ਸਮਿਆਂ ਵਿਚ ਮੁਹੱਬਤ ਅਤੇ ਦੋਸਤੀ ਦੇ ਬੇਸ਼ਕੀਮਤੀ ਜਜ਼ਬਾਤ ਦੀ ਤਾਣੀ ਛੇੜਦਾ ਹੈ। ਉਸ ਦੇ ਪਾਤਰਾਂ ਲਈ ਪਿਆਰ ਕਰਨਾ ਸਾਹ ਲੈਣ ਵਾਂਗ ਸਹਿਜ ਹੈ। ਉਹ ਕੈਮਰੇ ਰਾਹੀ ਉਨ੍ਹਾਂ ਦੇ ਆਪਸੀ ਵਰਤੋਂ-ਵਿਹਾਰ ਨੂੰ ਨੀਝ ਨਾਲ ਤੱਕਦਾ ਅਤੇ ਫਿਰ ਅਗਲਾ ਕੰਮ ਦਰਸ਼ਕ ਨੂੰ ਸੌਂਪ ਦਿੰਦਾ ਹੈ। ਉਸ ਨੂੰ ਸਮਝ ਹੈ ਕਿ ਕਿਸੇ ਦ੍ਰਿਸ਼ ਨੂੰ ਜੇ ਵੀਹ ਅੱਖਾਂ ਦੇਖਦੀਆਂ ਹਨ ਤਾਂ ਉਹ ਦਸ ਦ੍ਰਿਸ਼ ਬਣ ਜਾਂਦੇ ਹਨ।
ਅੱਬਾਸ ਕਇਰੋਸਤਮੀ ਦੀਆਂ ਫਿਲਮਾਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬੰਦਿਆਂ ਦੇ ਖਾਸ ਸਪੇਸ ਅਤੇ ਸਮੇਂ ਵਿਚ ਇਕੱਠੇ ਵਿਚਰਨ ਕਾਰਨ ਪੈਦਾ ਹੋਏ ਹਾਲਾਤ, ਵਿਰੋਧਤਾਈਆਂ ਅਤੇ ਸੰਘਰਸ਼ਾਂ ਨਾਲ ਜੁੜੀਆਂ ਹਨ। ਇਨ੍ਹਾਂ ਫਿਲਮਾਂ ਵਿਚਲੇ ਸੰਘਰਸ਼ਾਂ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਅਜਨਬੀ ਦੀਆਂ ਅੱਖਾਂ ਵਿਚ ਲੋਅ ਦੇਖਣ ਜਾਂ ਉਸ ਦੇ ਚਿਹਰੇ ਉਤੇ ਮੁਸਕਾਨ ਲਿਆਉਣ ਵਰਗੇ ‘ਕੀਮਤੀ ਤੇ ਵੱਡਮੁੱਲੇ’ ਹੋ ਸਕਦੇ ਹਨ। ਇਸ ਫਿਲਮ ਵਿਚ ਬੱਚੇ ਕੋਲ ਆਪਣੇ ਦੋਸਤ ਦੇ ਰੋਣ ਦੀ ਯਾਦ ਹੈ, ਮਾਸਟਰ ਸਾਹਮਣੇ ਦੋਸਤ ਦੀ ਬੇਵਸੀ ਦਾ ਤਜਰਬਾ ਹੈ ਜਿਹੜਾ ਉਸ ਦੇ ਚਿੱਤ ਨੂੰ ਅਣਜਾਣ ਅਤੇ ਸੁੰਨੇ ਰਸਤਿਆਂ ‘ਤੇ ਲੈ ਤੁਰਦਾ ਹੈ। ਰਾਸਤੇ ਵਿਚ ਖੁੰਢਾਂ ‘ਤੇ ਬੈਠੇ ਬਜ਼ੁਰਗਾਂ ਲਈ ਉਸ ਦਾ ਇੰਜ ਸਿਖਰ ਦੁਪਹਿਰੇ ਰਸਤਿਆਂ ‘ਤੇ ਭਟਕਣਾ ਨਵੀਂ ਪੀੜ੍ਹੀ ਦੀ ਲਾਪਰਵਾਹ/ਬੇਪ੍ਰਵਾਹ ਰੌਂਅ ਦਾ ਪ੍ਰਤੀਕ ਹੈ ਪਰ ਅਹਿਮਦ ਨੂੰ ਜ਼ਿੰਦਗੀ ਆਪਣੇ ਸਕੂਲ ਵਿਚ ਨਵੀਂ ਇਬਾਰਤ ਪੜ੍ਹਾ ਰਹੀ ਹੈ। ਅੱਬਾਸ ਦਾ ਮਨਪਸੰਦ ਕਵੀ ਸੋਹਰਾਬ ਸੁਪਹਿਰੀ ਆਪਣੀ ਕਵਿਤਾ ‘ਪਾਣੀ’ ਵਿਚ ਲਿਖਦਾ ਹੈ:
ਆਪਾਂ ਪਾਣੀ ਨੂੰ ਗੰਧਲਾ ਨਾ ਕਰੀਏ,
ਸ਼ਾਇਦ ਕੁਝ ਦੂਰੀ ‘ਤੇ ਕੋਈ ਕਬੂਤਰ
ਪੀ ਰਿਹਾ ਇਹੀ ਪਾਣੀ।
ਕਿਸੇ ਨੰਨ੍ਹੀ ਚਿੜੀ ਨੇ ਝੁਰਮਟ ਉਹਲੇ
ਡੋਬਿਆ ਹੈ ਆਪਣਾ ਖੰਭ ਇਸ ਅੰਦਰ
ਕਿਤੇ ਕਿਸੇ ਪਿੰਡ ਘੜਾ ਭਰਿਆ ਜਾ ਰਿਹਾ ਇਸ ਵਿਚੋਂ।
1987 ਵਿਚ ਰਿਲੀਜ਼ ਹੋਈ ਇਸ ਫਿਲਮ ਨਾਲ ਅੱਬਾਸ ਕਇਰੋਸਤਮੀ ਦੀ ਕੌਮਾਂਤਰੀ ਹਲਕਿਆਂ ਵਿਚ ਕਾਫੀ ਚਰਚਾ ਹੋਈ। 1990 ਵਿਚ ਜਦੋਂ ਇਸ ਖਿੱਤੇ ਵਿਚ ਭੂਚਾਲ ਆਇਆ ਤਾਂ 37000 ਲੋਕ ਮੌਤ ਦੇ ਮੂੰਹ ਵਿਚ ਜਾ ਪਏ। ਉਸ ਵਕਤ ਅੱਬਾਸ ਕਇਰੋਸਤਮੀ ਨੂੰ ਆਪਣੇ ਕਿਰਦਾਰਾਂ ਦੀ ਚਿੰਤਾ ਹੋਈ। ਉਸ ਨੇ ਆਪਣੀ ਇਸ ਤਲਾਸ਼ ਅਤੇ ਚਿੰਤਾ ਨੂੰ ਨਾਮ ਦਿੱਤਾ- ‘ਜ਼ਿੰਦਗੀ… ਤੇ ਹੋਰ ਕੁਝ ਨਹੀਂ’ (ਲਾਈਫ਼.. ਐਂਡ ਨਥਿੰਗ ਮੋਰ)। ਇਹ ਫਿਲਮ ਕੋਕਰ ਦੇ ਪਥਰੀਲੇ ਅਤੇ ਟੇਢੇ-ਮੇਢੇ ਰਸਤਿਆਂ ਉਪਰ ਅਹਿਮਦ ਅਤੇ ਰਜ਼ਾ ਦੀ ਤਲਾਸ਼ ਦੀ ਫਿਲਮ ਹੈ। ਭੂਚਾਲ ਨੇ ਪਿੰਡ ਨੂੰ ਜਾਂਦੇ ਰਸਤੇ ਦਰੜ ਕੇ ਰੱਖ ਦਿੱਤੇ ਹਨ। ਪਿੰਡਾਂ ਦੀ ਪਛਾਣ ਰੁਲ ਗਈ ਹੈ ਅਤੇ ਰਸਤਿਆਂ ਦੀ ਸ਼ਨਾਖਤ ਅਸੰਭਵ ਹੋ ਚੁੱਕੀ ਹੈ। ਫਿਲਮ ਵਿਚ ਫਿਲਮਸ਼ਾਜ਼ ਅਤੇ ਉਸ ਦੇ ਮੁੰਡੇ ਦੁਆਰਾ ਕੀਤੀ ਜਾ ਰਹੀ ਆਪਣੇ ਅਦਾਕਾਰਾਂ ਦੀ ਭਾਲ ‘ਤਲਾਸ਼-ਦਰ-ਤਲਾਸ਼’ ਦੀ ਲੜੀ ਵਿਚ ਬਦਲ ਜਾਂਦੀ ਹੈ। ਹਰ ਕਿਸੇ ਦੇ ਘਰ ਦਾ ਕੋਈ ਨਾ ਕੋਈ ਜੀਅ ਗੁਆਚ ਗਿਆ ਹੈ। ਜਿਹੜੇ ਹਾਲੇ ਨਹੀਂ ਗੁਆਚੇ, ਉਨ੍ਹਾਂ ਵਿਚੋਂ ਵੀ ਬਹੁਤਿਆਂ ਨੂੰ ਯਾਦ ਨਹੀਂ ਕਿ ਉਹ ਭੂਚਾਲ ਆਉਣ ਤੋਂ ਪਹਿਲਾਂ ਕਿਸ ਤਰਾਂ੍ਹ ਦੇ ਸਨ। ਜਿਨ੍ਹਾਂ ਦੇ ਘਰ ਦੇ ਇਸ ਭੂਚਾਲ ਵਿਚ ਫੌਤ ਹੋ ਗਏ ਹਨ, ਉਨ੍ਹਾਂ ਨੂੰ ਥਾਵਾਂ-ਰਸਤਿਆਂ ਦੀ ਸ਼ਨਾਖਤ ਅਤੇ ਘਰਾਂ ਦੇ ਪਤੇ ਭੁੱਲ ਗਏ ਹਨ।
ਹਰ ਕਿਸੇ ਕੋਲ ਤਲਾਸ਼ ਦੀ ਆਪਣੀ ‘ਅਨੋਖੀ ਤੇ ਇਕੱਲੀ’ ਕਹਾਣੀ ਹੈ। ਇਹ ਕਹਾਣੀ ਸੁਣਾਉਣ ਲਈ ਅੱਬਾਸ ਡਾਕੂਮੈਂਟਰੀ-ਕਮ-ਡਾਕੂ-ਡਰਾਮਾ ਦੀ ਤਕਨੀਕ ਵਰਤਦਾ ਹੈ। ਫਿਲਮਸਾਜ਼ ਨੂੰ ਕੁਝ ਬੱਚੇ ਮਿਲਦੇ ਹਨ ਜਿਨ੍ਹਾਂ ਨੇ ਉਸ ਦੀ ਫਿਲਮ ‘ਕਿੱਥੇ ਹੈ ਦੋਸਤ ਦਾ ਘਰ?’ ਵਿਚ ਕੰਮ ਕੀਤਾ ਹੈ। ਉਹ ਆਪਣੇ ਮੁੰਡੇ ਨੂੰ ਉਨ੍ਹਾਂ ਨਾਲ ਇਕ ਆਰਜ਼ੀ ਰਿਲੀਫ ਕੈਂਪ ਵਿਚ ਛੱਡ ਕੇ ਉਸ ਨੂੰ ਉਨ੍ਹਾਂ ਨਾਲ ਬੈਠ ਕੇ ਫੁੱਟਬਾਲ ਮੈਚ ਦੇਖਣ ਦਾ ਮੌਕਾ ਦਿੰਦਾ ਹੈ। ਫੁੱਟਬਾਲ ਉਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿਚ ਉਮੀਦ ਦਾ ਮੈਟਾਫਰ ਹੈ। ਫਿਲਮ ਵਿਚ ਫਿਲਮਸਾਜ਼ ਦੀ ਮੁਲਾਕਾਤ ਅਜਿਹੇ ਪ੍ਰੇਮੀ ਜੋੜੇ ਤਾਹਿਰਾ ਅਤੇ ਹੁਸੈਨ ਨਾਲ ਹੁੰਦੀ ਹੈ ਜਿਨ੍ਹਾਂ ਦੇ ਘਰਾਂ ਦੇ ਕਈ ਜੀਆਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਹ ਭੂਚਾਲ ਦੇ ਮਹਿਜ਼ ਪੰਜ ਦਿਨਾਂ ਬਾਅਦ ਹੀ ਵਿਆਹ ਕਰਵਾਉਣ ਦਾ ਫੈਸਲਾ ਕਰਦੇ ਹਨ।
ਇਨ੍ਹਾਂ ਦੋਵਾਂ ਫਿਲਮਾਂ ਵਿਚ ਇਸ ਕਹਾਣੀ ਅਤੇ ਘਟਨਾਵਾਂ ਤੋਂ ਇਲਾਵਾ ਬਹੁਤ ਕੁਝ ਹੈ। ਗਲੀਆਂ ਵਿਚ ਲੜ ਰਹੇ ਕੁੱਕੜ ਹਨ, ਘੋੜਿਆਂ ਤੇ ਬੱਕਰੀਆਂ ਨੂੰ ਅੱਧੀ ਛੁੱਟੀ ਵੇਲੇ ਆਪਣਾ ਟਿਫਨ ਖੁਆਉਂਦੇ ਸਕੂਲਾਂ ਦੇ ਬੱਚੇ ਹਨ। ਦੁਪਹਿਰ ਵੇਲੇ ਬੰਦਿਆਂ ਦੇ ਸਿਰਾਂ ‘ਤੇ ਠੂੰਗਾਂ ਮਾਰਨ ਨੂੰ ਤਰਸੇ ਵਿਹਲੇ ਬੈਠੇ ਕਾਂ ਅਤੇ ਘੁੱਗੀਆਂ ਹਨ। ਪਿੰਡਾਂ ਦੀਆਂ ਗਲੀਆਂ ਵਿਚ ਕੱਚੇ ਮਕਾਨਾਂ ਦੇ ਖੂੰਜੇ ਭੋਰਦੀਆਂ ਗਿਟਾਰਾਂ ਹਨ। ਰਸਤਿਆਂ ‘ਤੇ ਬੇਪਰਵਾਹ ਘੁੰਮ ਰਹੀਆਂ ਕੁਕੜੀਆਂ ਤੇ ਬੱਤਖਾਂ ਹਨ। ਬਿੱਲੀਆਂ ਅਤੇ ਕੁੱਤਿਆਂ ਨਾਲ ਗੱਲਾਂ ਕਰਦੇ ਸਕੂਲਾਂ ਦੇ ਵਿਦਿਆਰਥੀ ਹਨ। ਗਲੀਆਂ ਅਤੇ ਘਰਾਂ ਦੇ ਕੰਮ-ਧੰਦਿਆਂ ਵਿਚ ਵਾਹੋ-ਦਾਹੀ ਊਰੀ ਵਾਂਗ ਘੁੰਮ ਰਹੀਆਂ ਮਾਵਾਂ ਹਨ। ਮੱਥਿਆਂ ਉਤੇ ਤਿਊੜੀਆਂ ਅਤੇ ਨਿਆਣਿਆਂ ਨੂੰ ਅੱਖਾਂ ਰਾਹੀਂ ਘੂਰਦੇ ਪਿਉ ਹਨ।
ਹਰ ਰਸਤਾ ਕੰਮ ਵਿਚ ਰੁਝੇ ਕਿਸੇ ਬੰਦੇ ਕੋਲ ਜਾ ਕੇ ਖਤਮ ਹੁੰਦਾ ਹੈ। ਫਿਲਮਸਾਜ਼ ਆਪਣੇ ਕਿਰਦਾਰਾਂ ਰਾਹੀਂ ਇਨ੍ਹਾਂ ਕਾਮਿਆਂ ਦੀ ਜੱਦੋਜਹਿਦ ਨੂੰ ਰਿਕਾਰਡ ਕਰਦਾ ਹੈ। ਇਨ੍ਹਾਂ ਸਾਰੇ ਦ੍ਰਿਸ਼ਾਂ ਨੂੰ ਜਿਹੜੀ ਤੰਦ ਜੋੜਦੀ ਹੈ, ਉਹ ਹਰ ਦੂਜੇ ਦ੍ਰਿਸ਼ ਵਿਚ ਫੁੱਲਾਂ ਦੀ ਮੌਜੂਦਗੀ ਹੈ। ਇਹ ਫੁੱਲ ਕਿਤੇ ਅਚਨਚੇਤ ਨਹੀਂ ਆਉਂਦੇ ਸਗੋਂ ਹਰ ਫਰੇਮ ਵਿਚ ਸਹਿਜ-ਸੁਭਾਅ ਹੀ ਦਿਸ ਜਾਂਦੇ ਹਨ। ਇਨ੍ਹਾਂ ਦੀ ਹੋਂਦ ਇਸ ਲਈ ਵੀ ਜ਼ਿਆਦਾ ਉਘੜਵੀਂ ਹੈ ਕਿਉਂਕਿ ਇਨ੍ਹਾਂ ਦੇ ਆਸ-ਪਾਸ ਸਿਰਫ ਫਿੱਕੇ ਰੰਗਾਂ ਦਾ ਪਸਾਰਾ ਹੈ। ਅੱਬਾਸ ਬਹੁਤ ਸਾਵਧਾਨੀ ਨਾਲ ਫੁੱਲਾਂ ਅਤੇ ਬੰਦਿਆਂ ਦੇ ਮੌਲਣ-ਵਿਗਸਣ ਦਾ ਫਲਸਫਾ ਸਕਰੀਨ ‘ਤੇ ਸਾਕਾਰ ਕਰਦਾ ਹੈ।
ਫਿਲਮ ‘ਜ਼ਿੰਦਗੀ… ਤੇ ਹੋਰ ਕੁਝ ਨਹੀਂ’ ਦਾ ਅੰਤ ਕਿਤੇ ਵੀ ਨਹੀਂ ਹੁੰਦਾ। ਭੂਚਾਲ ਨਾਲ ਹੋਈ ਤਬਾਹੀ ਦੇ ਨਿਸ਼ਾਨ ਡੂੰਘੇ ਵੀ ਹਨ ਤੇ ਅਣਦਿਸਦੇ ਵੀ। ਜ਼ਿੰਦਗੀ ਚਾਹ ਕੇ ਵੀ ਉਦਾਂ ਦੀ ਨਹੀਂ ਹੋ ਸਕਦੀ। ਇਸ ਲਈ ਫਿਲਮ ਦਾ ਮੁੱਖ ਕਿਰਦਾਰ ਰਜ਼ਾ ਅਤੇ ਅਹਿਮਦ ਨਾਲ ਮਿਲਦੇ-ਜੁਲਦੇ ਹਰ ਬੱਚੇ ਤੇ ਹਰ ਜੀਅ ਦੀ ਸਲਾਮਤੀ ਲਈ ਉਦਾਸ ਹੈ।
ਇਸ ਲੜੀ ਦੀ ਤੀਜੀ ਫਿਲਮ ‘ਜੈਤੂਨ ਦੇ ਦਰੱਖਤਾਂ ਵਿਚੋਂ (ਥਰੂ ਦਿ ਉਲਿਵ ਟਰੀਜ਼) ਵਿਚ ਅੱਬਾਸ, ਕੋਕਰ ਪਿੰਡ ਵਿਚ ਫਿਲਮ ਦੀ ਸ਼ੂਟਿੰਗ ਲਈ ਉਤਰੀ ਟੀਮ ਦੇ ਨਾਲ-ਨਾਲ ਪਿੰਡ ਦਾ ਜੁਗਰਾਫੀਆਂ ਅਤੇ ਸਮਾਜਿਕਤਾ ਪੜ੍ਹਨ ਦੀ ਕੋਸ਼ਿਸ ਕਰਦਾ ਹੈ। ਕੋਕਰ ਨੂੰ ਜਾਂਦਾ ਰਸਤਾ ਜੈਤੂਨ ਦੇ ਦਰੱਖਤਾਂ ਵਿਚੋਂ ਹੋ ਕੇ ਨਿਕਲਦਾ ਹੈ। ਇਸ ਫਿਲਮ ਵਿਚ ਇਕ ਨਵੀਂ ਫਿਲਮ ਫਿਲਮਾਈ ਜਾ ਰਹੀ ਹੈ। ਫਿਲਮ ਦੇ ਸ਼ੁਰੂ ਹੋਣ ਦੀ ਪਹਿਲੀ ਸਵੇਰ ਫਿਲਮਸਾਜ਼ ਅਤੇ ਉਸ ਦੇ ਦੋਸਤ ਵਿਚਕਾਰ ਪਿੰਡ ਬਾਰੇ ਗੱਲਬਾਤ ਹੁੰਦੀ ਹੈ। ਇਸ ਗੱਲਬਾਤ ਤੋਂ ਦਰਸ਼ਕਾਂ ਨੂੰ ਪਤਾ ਲੱਗਦਾ ਹੈ ਕਿ ਇਹ ਪਿੰਡ ਸਿਰਫ ‘ਸਵਾਗਤ’ ਦੀ ਗੂੰਜ ਦਾ ਜਵਾਬ ਦਿੰਦਾ ਹੈ। ਜੇ ਤੁਸੀਂ ਕਿਸੇ ਵੀ ਉਚੀ ਚੋਟੀ ‘ਤੇ ਖਲੋ ਕੇ ਜ਼ੋਰ ਨਾਲ ‘ਅਲਵਿਦਾ’ ਬੋਲੋ ਤਾਂ ਬਦਲੇ ਵਿਚ ਸਿਰਫ ਗਹਿਰੀ ਚੁੱਪ ਮਿਲਦੀ ਹੈ। ਪਿੰਡ ਸਦਾ ਦੇਣਾ ਜਾਣਦਾ ਹੈ, ਲੈਣਾ ਨਹੀਂ। ਪਿੰਡ ਨੂੰ ਖਿਲਰਿਆ ਬੰਦਾ ਸਾਂਭਣਾ ਆਉਂਦਾ ਹੈ। ਤਾਹਿਰਾ ਅਤੇ ਹੁਸੈਨ ਦੋਵੇਂ ਫਿਲਮ ਵਿਚ ਬਣਾਈ ਜਾ ਰਹੀ ਫਿਲਮ ਦੇ ਪਾਤਰ ਹਨ। ਤਾਹਿਰਾ ਦੇ ਦਿਲ ਦੀ ਥਾਹ ਪਾਉਣ ਦੀ ਕੋਸ਼ਿਸ ਵਿਚ ਹੁਸੈਨ ਵਾਰ-ਵਾਰ ਰੀਟੇਕ ਕਰਵਾਉਂਦਾ ਹੈ। ਉਸ ਲਈ ਤਾਹਿਰਾ ਦਾ ਬੋਲਣਾ ਸਭ ਤੋਂ ਮਹਤੱਵਪੂਰਨ ਹੋ ਜਾਂਦਾ ਹੈ ਪਰ ਤਾਹਿਰਾ ਤਾਂ ਫਿਲਮ ਦੀ ਟੀਮ ਵਲੋਂ ਦਿੱਤੇ ਡਾਇਲਾਗਾਂ ਤੋਂ ਬਿਨਾਂ ਕੁਝ ਨਹੀਂ ਬੋਲਦੀ। ਫਿਲਮ ਦੇ ਆਖਰੀ ਦ੍ਰਿਸ਼ਾਂ ਵਿਚ ਤਾਹਿਰਾ ਉਸੇ ਰਸਤੇ ਤੋਂ ਵਾਪਿਸ ਘਰ ਜਾ ਰਹੀ ਹੈ ਜਿਥੋਂ ਲੰਘ ਕੇ ਕਦੇ ਅਹਿਮਦ ਆਪਣੇ ਦੋਸਤ ਰਜ਼ਾ ਦੀ ਕਾਪੀ ਵਾਪਿਸ ਕਰਨ ਗਿਆ ਸੀ। ਇਸ ਰਾਸਤੇ ਨੇ ਇੱਦਾਂ ਹੀ ਸਦੀਆਂ ਤੱਕ ਵੱਗਦੇ ਰਹਿਣਾ ਹੈ। ਇਹ ਸਭ ਸ਼ਬਦਾਂ ਰਾਹੀਂ ਰਿਕਾਰਡ ਹੋਵੇ ਨਾ ਹੋਵੇ, ਇਸ ਨੂੰ ਕੈਮਰੇ ਦੀ ਅੱਖ ਦੇਖੇ ਨਾ ਦੇਖੇ… ਜ਼ਿੰਦਗੀ ਨੇ ਰੁਕਣਾ ਨਹੀਂ।