ਮੈਨਪੁਰੀ ਕਾਂਸਪੀਰੇਸੀ ਕੇਸ

ਅਸ਼ਫਾਕ ਉਲਾ ਖਾਂ
ਪੇਸ਼ਕਸ਼: ਕਸ਼ਮੀਰ ਸਿੰਘ ਕਾਂਗਣਾ
ਫੋਨ: 661-331-5651
1918 ਨੂੰ ਮੈਂ ਮਿਸ਼ਨ ਸਕੂਲ ਦੀ ਸੱਤਵੀਂ ਜਮਾਤ ਵਿਚ ਪੜ੍ਹਦਾ ਸਾਂ। ਸਕੂਲ ਵਿਚ ਇਕ ਦਮ ਪੁਲਿਸ ਆ ਗਈ। ਮੈਂ ਮਿਸ਼ਨ ਸਕੂਲ ਦਾ ਛੋਟੀ ਕਲਾਸ ਦਾ ਵਿਦਿਆਰਥੀ ਸਾਂ, ਜਦੋਂ ਮੈਨਪੁਰੀ ਸਾਜ਼ਿਸ਼ ਕੇਸ ਦਾ ਮੁਕੱਦਮਾ ਸ਼ੁਰੂ ਹੋਇਆ। ਸਾਡੇ ਸਕੂਲ ਵਿਚ ਵੀ ਇਸ ਕੇਸ ਦਾ ਅਪਰੂਵਰ ਯਾਨਿ ਸਰਕਾਰੀ ਗਵਾਹ ਸ਼ਨਾਖਤ ਕਰਨ ਲਈ ਲਿਆਂਦਾ ਗਿਆ ਅਤੇ ਉਸ ਨੇ ਦਸਵੀਂ ਕਲਾਸ ਦੇ ਰਾਜਾ ਰਾਮ ਭਾਰਤੀ ਨੂੰ ਗ੍ਰਿਫਤਾਰ ਕਰਵਾਇਆ। ਇੱਕ ਦੋ ਹੋਰ ਲੜਕਿਆਂ ‘ਤੇ ਸ਼ੱਕ ਜਾਹਰ ਕਰਨ ‘ਤੇ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ।

ਉਹ ਦਿਨ ਹੀ ਬੜਾ ਅਜੀਬ ਦਿਨ ਸੀ। ਸਕੂਲ ਦੇ ਚਾਰੇ ਪਾਸੇ ਪੁਲਿਸ ਦੀਆਂ ਲਾਲ ਪੱਗਾਂ ਹੀ ਦਿਖਾਈ ਦਿੰਦੀਆਂ ਸਨ। ਗੱਲ ਕੀ, ਸਕੂਲ ਦੇ ਤਾਲਿਬੇ-ਇਲਮ ਇਸ ਤਰ੍ਹਾਂ ਗ੍ਰਿਫਤਾਰ ਕੀਤੇ ਗਏ। ਬੰਗਾਲ ਵਿਚ ਉਨ੍ਹੀਂ ਦਿਨੀਂ ਇਹ ਮਾਮੂਲੀ ਗੱਲ ਸੀ ਅਤੇ ਆਏ ਦਿਨ ਇਹ ਕੁਝ ਹੁੰਦਾ ਹੀ ਰਹਿੰਦਾ ਸੀ, ਪਰ ਯੂ. ਪੀ. ਵਿਚ ਇਹ ਗੱਲ ਨਹੀਂ ਸੀ। ਅਜੀਬ ਦਹਿਸ਼ਤ ਦਾ ਮਾਹੌਲ ਸਕੂਲ ‘ਤੇ ਛਾਇਆ ਹੋਇਆ ਸੀ ਅਤੇ ਹਰ ਇਕ ਲੜਕਾ ਆਪਣੀ ਜਾਨ ਦੀ ਖੈਰ ਮਨਾ ਰਿਹਾ ਸੀ।
ਮੈਂ ਉਸ ਦਿਨ ਜ਼ਰਾ ਦੇਰ ਨਾਲ ਸਕੂਲ ਗਿਆ ਸੀ। ਕੋਈ ਵੀ ਲੜਕਾ ਅੰਦਰੋਂ ਬਾਹਰ ਨਹੀਂ ਸੀ ਨਿਕਲ ਸਕਦਾ। ਸਕੂਲ ਦੀ ਹਰ ਜਮਾਤ ਵਿਚ ਸ਼ਨਾਖਤ ਹੋ ਰਹੀ ਸੀ। ਮੈਂ ਵੀ ਆਪਣੀ ਕਲਾਸ ਵਿਚ ਚੁਪ-ਚਾਪ ਜਾ ਬੈਠਾ। ਮੈਂ ਇਹ ਸਭ ਕੁਝ ਸਮਝਣ ਲਈ ਬੇਚੈਨ ਸਾਂ, ਜੋ ਮੇਰੇ ਸੁਭਾਅ ਦਾ ਹਿੱਸਾ ਸੀ, ਕਿਉਂਕਿ ਮੈਂ ਸਕੂਲ ਦਾ ਵਧੀਆ ਹਾਕੀ ਖਿਡਾਰੀ ਅਤੇ ਆਜ਼ਾਦ ਖਿਆਲਾਂ ਦਾ ਧਾਰਨੀ ਸਾਂ। ਮੈਂ ਸਕੂਲ ਦੇ ਮਾਸਟਰ ਸਾਹਿਬ ਨੂੰ ਪੁਛਣ ਲਈ ਝੁਕਿਆ, ਪਰ ਉਹ ਤਾਂ ਡਰਦੇ ਮਾਰੇ ਕੁਝ ਦੱਸਣ ਲਈ ਤਿਆਰ ਹੀ ਨਹੀਂ ਸੀ। ਇੱਕ ਲੜਕੇ ਨੇ ਕਿਹਾ ਕਿ ਰਾਜਾ ਰਾਮ ਨੇ ਕਿਤੇ ਡਾਕਾ ਮਾਰਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੋਰ ਕਈ ਲੜਕੇ ਵੀ ਫੜੇ ਗਏ ਹਨ। ਹੁਣ ਮੈਨੂੰ ਰਾਜਾ ਰਾਮ ਦੀ ਫਿਕਰ ਹੋਈ ਕਿ ਇਹ ਲੜਕਾ ਕੌਣ ਹੈ? ਰਾਜਾ ਰਾਮ ਤਾਂ ਸਿੱਧਾ ਸਾਦਾ ਮੁੰਡਾ ਸੀ। ਸਕੂਲ ਦਾ ਕੋਈ ਵੀ ਵਿਦਿਆਰਥੀ ਉਸ ਨੂੰ ਨਹੀਂ ਜਾਣਦਾ। ਉਹ ਅਲੱਗ-ਥਲੱਗ ਤੇ ਆਪਣੇ ਆਪ ਵਿਚ ਹੀ ਮਸਤ ਰਹਿੰਦਾ ਸੀ। ਕਿਸੇ ਨਾਲ ਘੁਲਦਾ ਮਿਲਦਾ ਨਹੀਂ ਸੀ। ਮੇਰੀ ਉਹਦੇ ਨਾਲ ਮੁਲਾਕਾਤ ਉਸ ਦੀ ਰਿਹਾਈ ਪਿਛੋਂ ਹੋਈ। ਮੈਨੂੰ ਤੇ ਯਕੀਨ ਹੀ ਨਹੀਂ ਸੀ ਆਉਂਦਾ ਕਿ ਏਨਾ ਭੋਲਾ ਭਾਲਾ ਲੜਕਾ ਰੈਵੋਲੂਸ਼ਨਰੀ ਵੀ ਹੋ ਸਕਦਾ ਹੈ।
ਉਨ੍ਹੀਂ ਦਿਨੀਂ ਸ਼ਾਹਜਹਾਨ ਪੁਰ ਵਿਚ ਵੀ ਤਲਾਸ਼ੀਆਂ ਸ਼ੁਰੂ ਹੋ ਗਈਆਂ ਸਨ। ਮੇਰੀ ਹੀ ਕਲਾਸ ਦੇ ਇਕ ਲੜਕੇ ਨੇ ਮੈਨੂੰ ਪਾਸੇ ਲਿਜਾ ਕੇ ਕਿਹਾ, “ਰਾਜਾ ਰਾਮ ਇਕ ਗੁਪਤ ਸੁਸਾਇਟੀ ਦਾ ਮੈਂਬਰ ਹੈ। ਉਹ ਕੋਈ ਡਾਕੂ ਜਾਂ ਕਾਤਲ ਨਹੀਂ ਹੈ।” ਮੈਂ ਉਸ ਨੂੰ ਹੱਸ ਕੇ ਕਿਹਾ ਕਿ ਤੂੰ ਵੀ ਮੈਨੂੰ ਉਹ ਹੀ ਲਗਦਾ ਹੈਂ। ਤੈਨੂੰ ਵੀ ਗ੍ਰਿਫਤਾਰ ਕਰਵਾ ਦਿਆਂਗਾ; ਪਰ ਉਸ ਨੇ ਬੜੀ ਬਹਾਦਰੀ ਨਾਲ ਕਿਹਾ, “ਮੈਂ ਆਪਣੇ ਦੇਸ਼ ਲਈ ਮਰਨ ਨੂੰ ਤਿਆਰ ਹਾਂ।” ਇਹ ਲਫਜ਼ ਉਸ ਨੇ ਏਨੀ ਮਾਨ, ਸ਼ਾਨ ਤੇ ਤਰਜ਼ ਨਾਲ ਕਹੇ ਕਿ ਉਸ ਨੂੰ ਕਦੀ ਵੀ ਨਾ ਭੁਲਾ ਸਕਿਆ।
ਹੁਣ ਸ਼ਹਿਰ ਦੇ ਚੰਡੂਖਾਨੇ ਦੀਆਂ ਖਬਰਾਂ ਉਡਣ ਲੱਗੀਆਂ, ਜਿਸ ਦਾ ਅੰਦਾਜ਼ਾ ਮੈਂ ਉਸ ਵਕਤ ਨਹੀਂ ਸੀ ਲਾ ਸਕਿਆ, ਪਰ ਹੁਣ ਇਹ ਸਭ ਕੁਝ ਮੇਰੇ ਉਪਰ ਆਇਆ ਤਾਂ ਮੈਨੂੰ ਸਮਝ ਪਈ ਕਿ ਐਵੇਂ ਗੱਪਾਂ ਮਾਰਨ ਵਾਲਿਆਂ ਸਾਹਮਣੇ ਕਿਸ ਤਰ੍ਹਾਂ ਰਾਈ ਦਾ ਪਹਾੜ ਬਣ ਜਾਂਦਾ ਹੈ। ਪਤਾ ਲੱਗਾ ਕਿ ਰਾਮ ਪ੍ਰਸਾਦ ਮਸ਼ਹੂਰ ਹੋ ਗਿਆ ਹੈ ਅਤੇ ਹੋਰ ਵੀ ਕਈ ਲੜਕੇ ਲਾਪਤਾ ਹੋ ਗਏ ਹਨ। ਸਾਡੀ ਟੀਮ ਦਾ ਇਕ ਖਿਡਾਰੀ ਮਿਸਟਰ ਕਾਲੀ ਚਰਨ ਵੀ ਪੰਡਿਤ ਕਾਲੀਚਰਨ ਦੇ ਭੁਲੇਖੇ ਵਿਚ ਬੁਲਾਏ ਗਏ। ਇਹ ਬੜੇ ਲੁਤਫ ਤੇ ਦਹਿਸ਼ਤ ਭਰੇ ਦਿਨ ਸਨ। ਲੁਤਫ ਤਾਂ ਉਨ੍ਹਾਂ ਲਈ ਸੀ, ਜੋ ਹਮੇਸ਼ਾ ਨਵੀਂ ਚੀਜ਼ ਚਾਹੁੰਦੇ ਸਨ, ਨਵੀਂ ਕਹਾਣੀ ਅਤੇ ਖੌਫ ਦੇ ਦਿਨ ਉਨ੍ਹਾਂ ਲਈ ਸਨ, ਜਿਨ੍ਹਾਂ ਦੀ ਮਾੜੀ ਮੋਟੀ ਗੱਲਬਾਤ ‘ਤੇ ਵੀ ਡਰਦੇ ਮਾਰਿਆਂ ਦੀ ਜਾਨ ਨਿਕਲਣ ਨੂੰ ਫਿਰਦੀ ਸੀ। ਉਹ ਉਸ ਹੀ ਪੁਰਾਣੇ ਸਿਸਟਮ ਨੂੰ ਪਸੰਦ ਕਰਦੇ ਸਨ, ਜਿਸ ਵਿਚ ਮਾੜਾ ਹੋਵੇ ਜਾਂ ਚੰਗਾ।
ਹੁਣ ਗ੍ਰਿਫਤਾਰੀਆਂ ਤੇ ਗੁਪਤਵਾਸ ਪਿਛੋਂ ਕੇਸ ਮੈਨਪੁਰੀ ਡਿਸਟ੍ਰਿਕਟ ਵਿਚ ਚਲਾਇਆ ਗਿਆ ਅਤੇ ਅਖਬਾਰਾਂ ਵਾਲਿਆਂ ਦੀ ਕਿਸਮਤ ਵੀ ਜਾਗ ਪਈ। ਇਸ ਦੇ ਨਾਲ ਦੇਸ਼ ਵਾਲੀਆਂ ਨੂੰ ਵੀ ਪਤਾ ਲੱਗਾ ਕਿ ਦੇਸ਼ ਦੇ ਨੌਜਵਾਨ ਵੀ ਕੁਝ ਕਰਨਾ ਚਾਹੁੰਦੇ ਹਨ। ਇਹ ਦੇਸ਼ ਦੇ ਨੌਜਵਾਨਾਂ ਦਾ ਹੀ ਖੇਲ ਸੀ। ਬਿਨਾ ਕਿਸੇ ਸੇਧ ਆਪ ਮੁਹਾਰੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਬਰਤਾਨਵੀ ਸਰਕਾਰ ਨੂੰ ਟੋਪੀਦਾਰ ਬੰਦੂਕਾਂ ਜਾਂ ਬੰਬਾਂ ਦੇ ਗੋਲਿਆਂ ਨਾਲ ਹਿੰਦੋਸਤਾਨ ਵਿਚੋਂ ਬਾਹਰ ਕੱਢ ਸਕਦੇ ਹਨ; ਪਰ ਨੌਜਵਾਨ ਖੂਨ ਗਰਮ ਹੁੰਦਾ ਹੈ। ਇਨ੍ਹਾਂ ਸਾਹਮਣੇ ਹਰ ਮੁਸ਼ਕਿਲ ਕੰਮ ਅਤੇ ਪਹਾੜ ਜਿਹੀ ਬਰਤਾਨਵੀ ਸਰਕਾਰ ਨਾਲ ਟਕਰਾ ਜਾਣ ਦੀ ਦਲੇਰੀ ਤੇ ਜਜ਼ਬਾ ਸੀ। ਇਸੇ ਹੀ ਜਜ਼ਬੇ ਨੇ ਇਨ੍ਹਾਂ ਨੌਜਵਾਨਾਂ ਦਾ ਦਿਮਾਗ ਚਕਰਾ ਦਿੱਤਾ। ਇਹ ਆਪਣੇ ਦੇਸ਼ ਪ੍ਰੇਮ ਦੇ ਜਜ਼ਬਿਆਂ ‘ਚ ਗ੍ਰਸੇ ਵੇਗ ਨੂੰ ਠੱਲ੍ਹ ਨਾ ਸਕੇ ਅਤੇ ਸਿਰਾਂ ‘ਤੇ ਕਫਨ ਬੰਨ੍ਹ ਫਰੰਗੀ ਸਰਕਾਰ ਵਿਰੁੱਧ ਉਠ ਖੜ੍ਹੇ ਹੋਏ। ਮੈਂ ਉਨ੍ਹਾਂ ਦੇ ਜਜ਼ਬਾਤ, ਉਨ੍ਹਾਂ ਦੀ ਵਤਨਪ੍ਰਸਤੀ ਅਤੇ ਤਿਆਗ ਦਾ ਦਿਲੋਂ ਕਾਇਲ ਹਾਂ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਜੇ ਉਨ੍ਹਾਂ ਦੇ ਪਾਕ ਜਜ਼ਬਾਤ ਦਾ ਖੂਨ ਕਿਸੇ ਨਾ-ਦੂਰਅੰਦੇਸ਼ੀ ਦੇ ਹੱਥੋਂ ਹੋ ਗਿਆ ਸੀ। ਜੇ ਅਜਿਹੇ ਨੌਜਵਾਨ ਕਿਸੇ ਆਜ਼ਾਦ ਮੁਲਕ ਵਿਚ ਜੰਮੇ ਹੁੰਦੇ ਤਾਂ ਬਿਨਾ ਕਿਸੇ ਝਿਜਕ ਦੇ ਕਹਾਂਗਾ ਕਿ ਦੇਸ਼ ਦੇ ਉਸਰੱਈਆਂ ਦੀ ਫਹਿਰਿਸ਼ਤ ਵਿਚ ਇਨ੍ਹਾਂ ਦਾ ਨਾਂ ਜ਼ਰੂਰ ਹੁੰਦਾ। ਇਹ ਕੋਈ ਆਸਾਨ ਕੰਮ ਨਹੀਂ ਹੈ ਕਿ ਮੌਤ ਦਾ ਸਾਹਮਣਾ ਕਰਨਾ ਅਤੇ ਆਪਣੇ ਆਪ ਨੂੰ ਵਤਨ ਤੋਂ ਕੁਰਬਾਨ ਕਰਨ ਲਈ ਖੁਸ਼ੀ ਨਾਲ ਪੇਸ਼ ਕਰ ਦੇਣਾ।
“ਐ ਵਤਨ-ਇ-ਮਹੱਬਤ, ਤੇਰੀ ਅਦਾ ਵੀ ਨਿਰਾਲੀ ਅਤੇ ਅਨੋਖੀ ਹੈ।” ਇਕ ਪਾਸੇ ਤੂੰ ਨਪੋਲੀਅਨ ਬੋਨਾਪਾਰਟ ਨੂੰ ਸਰ-ਜ਼ਮੀਨੇ ਫਰਾਂਸ ਦਾ ਚਹੇਤਾ ਫਰਜ਼ੰਦ ਬਣਾ ਦਿੰਦੀ ਹੈਂ ਅਤੇ ਦੂਜੇ ਪਾਸੇ ਦੂਜਿਆਂ ਲਈ ਜਾਨ ਦਾ ਦੁਸ਼ਮਣ ਅਤੇ ਖੂਨ ਖਾਰ ਬਣਾ ਕੇ ਸੇਂਟ ਹੇਲਨਾ ਵਿਚ ਕੈਦ ਕਰ ਸੁੱਟਦੀ ਹੈਂ। ਇਕੋ ਹੀ ਸਮੇਂ ਇਕ ਲਈ ਸ਼ਹਿਦ ਤੇ ਦੂਜੇ ਲਈ ਜ਼ਹਿਰ। ਇਕ ਲਈ ਜੀਵਨ ਦਾਨ ਤੇ ਦੂਜੇ ਲਈ ਮੌਤ ਦਾ ਪੈਗਾਮ। ਮੁਹੱਬਤ ਵਤਨੀ! ਤੂੰ ਕਿੰਨੀ ਪਿਆਰੀ ਤੋਂ ਪਿਆਰੀ ਅਤੇ ਜ਼ਾਲਮ ਤੋਂ ਜ਼ਾਲਮ ਚੀਜ਼ ਹੈਂ। ਤੇਰੇ ਕਦਮਾਂ ਵਿਚ ਅਜਿਹੇ ਨੌਜਵਾਨਾਂ ਦੇ ਕਿੰਨੇ ਹੀ ਸਿਰ ਹੋਣਗੇ, ਜੋ ਕੱਟ ਕੇ ਚੜ੍ਹਾ ਦਿੱਤੇ ਗਏ ਨੇ। ਹੋਰ ਕਿੰਨੇ ਹੀ ਮਨਚਲੇ ਨੌਜਵਾਨ ਤੇਰੀ ਇਕ ਅਦਾ ‘ਤੇ ਹੱਸਦੇ-ਹੱਸਦੇ ਰਣਭੂਮੀ ਵਿਚ ਖਤਮ ਹੋ ਗਏ ਨੇ। ਸਪਾਰਟ ਦਾ ਹੀਰੋ ਤੇਰੇ ਹੀ ਨਾਂ ‘ਤੇ ਕੁਰਬਾਨ ਹੋ ਗਿਆ। ਜਪਾਨ ਦੇ ਤੁਲਬਾ ਨੇ ਤੇਰੀ ਇਸ ਮੁਸਕਰਾਹਟ ‘ਤੇ ਆਪਣੇ ਆਪ ਨੂੰ ਦਰਿਆ ਬੁਰਦ ਕਰ ਦਿੱਤਾ। ਹੋਰੇਸ਼ਮ ਫੌਜ ਦੇ ਮੁਕਾਬਲੇ ਇਕੱਲਾ ਹੀ ਡਟ ਗਿਆ ਤੇ ਆਪਣੇ ਖੂਨ ਵਿਚ ਨਹਾ ਕੇ ਸ਼ਹੀਦੀ ਪ੍ਰਾਪਤ ਕਰ ਗਿਆ। ਜਦੋਂ ਇਨ੍ਹਾਂ ਤਜਰਬੇਕਾਰ ਨੌਜਵਾਨਾਂ ਦੇ ਕਾਰਨਾਮੇ ਲੋਕਾਂ ਸਾਹਮਣੇ ਆਏ ਅਤੇ ਇਕ ਕਹਾਵਤ ਹੈ ਕਿ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਫੜਦਾ ਹੈ।
ਸਕੂਲ ਦੇ ਲੜਕਿਆਂ ਦਾ ਇਹ ਆਮ ਤਰੀਕਾ ਹੈ ਕਿ ਜਿਸ ਦਿਨ ਸਕੂਲ ਵਿਚ ਦਾਖਲ ਹੋਣ ਜਾਣਗੇ ਤਾਂ ਗਰੀਬ ਸਿਧੇ ਸਾਦੇ ਪੇਂਡੂ ਪੁਸ਼ਾਕ ਵਿਚ ਹੋਣ ਜਾਣਗੇ। ਫਿਰ ਇਕ ਸਾਲ ਦੇ ਅੰਦਰ-ਅੰਦਰ ਹੀ ਗਲ ਵਿਚ ਟਾਈ, ਪੈਰੀਂ ਬੂਟ ਹੋਣਗੇ, ਭਾਵੇਂ ਉਹ ਤੇਲੀਏ ਚਮੜੇ ਦੇ ਹੀ ਹੋਣ। ਇਕ ਕੋਟ ਪਤਲੂਣ ਦਾ ਰੋਹਬ ਵੀ ਜ਼ਰੂਰੀ ਹੈ। ਗੱਲ ਕੀ, ਗਪੌੜੀ ਕਿਸਮ ਦੇ ਲੋਕ ਸ਼ਿੰਗਾਰ ਸੰਵਾਰ ਕੇ ਗੱਲਾਂ ਬਣਾਉਂਦੇ ਸੀ।
ਮੈਂ ਵੀ ਨੌਜਵਾਨ ਸਾਂ ਅਤੇ ਖੂਬ ਮੋਟਾ ਤਾਜ਼ਾ, ਕਿਉਂਕਿ ਮੈਨੂੰ ਮੁੱਢ ਤੋਂ ਹੀ ਵਰਜਿਸ਼ ਕਰਨ ਦਾ ਸ਼ੌਕ ਸੀ (ਅਸਲ ਵਿਚ ਉਹ ਜਦੋਂ ਮੌਲਵੀ ਕੋਲ ਪੜ੍ਹਦੇ ਸਨ ਤਾਂ ਸ਼ਰਾਰਤਾਂ ਕਰਨ ‘ਤੇ ਮੌਲਵੀ ਸਾਹਿਬ ਸਜ਼ਾ ਵਜੋਂ ਬੈਠਕਾਂ ਕੱਢਣ ਲਾ ਦਿੰਦੇ ਸਨ। ਕਈ ਵਾਰ ਸਜ਼ਾ ਦੇ ਕੇ ਭੁੱਲ ਵੀ ਜਾਣ। ਬਸ ਇਸ ਤੋਂ ਹੀ ਵਰਜਿਸ਼ ਦਾ ਸ਼ੌਕ ਬਣਿਆ)। ਬਦਕਿਸਮਤੀ ਨਾਲ ਇਹ ਹੀ ਮੇਰੀ ਫਾਂਸੀ ਦਾ ਕਾਰਨ ਬਣਿਆ, ਕਿਉਂਕਿ ਸਾਡੇ ਦਿਆਲੂ ਜਨਾਬ ਮਿਸਟਰ ਖੈਰਾਤ ਨਭੀ ਨੂੰ ਪਬਲਿਕ ਪ੍ਰਾਸੀਕਿਊਟਰ ਨੇ ਆਪਣੀ ਬਹਿਸ ਵਿਚ ਮੇਰੇ ਮੋਟਾ ਤਾਜ਼ਾ ਹੋਣਾ ਜਾਹਰ ਕੀਤਾ ਸੀ। ਇਸ ਲਈ ਹੀ ਮੈਨੂੰ ਸਾਡੇ ਪੂਰੇ ਗਿਰੋਹ ਵਿਚ ਸਭ ਤੋਂ ਵੱਧ ਅਤੇ ਸਖਤ ਸਜ਼ਾ ਦਿੱਤੀ ਗਈ।
ਗੱਲ ਕੀ, ਮੈਨਪੁਰੀ ਕਾਂਸਪੀਰੇਸੀ ਕੇਸ ਪਿਛੋਂ ਮੇਰੇ ਵਿਚ ਬੜੀ ਵੱਡੀ ਤਬਦੀਲੀ ਆਈ। ਹੁਣ ਮੈਂ ਅੱਠਵੀਂ ਕਲਾਸ ਵਿਚੋਂ ਪਾਸ ਹੋ ਕੇ ਆਇਆ ਤਾਂ ਮੇਰੇ ਕੋਰਸ ਦੀ ਇੰਗਲਿਸ਼ ਦੀ ਕਿਤਾਬ ਵਿਚ ਦੋ ਸ਼ਬਦ ਸਨ:
1. ਲਵ ਆਫ ਕੰਟਰੀ (ਵਤਨ ਦੀ ਮੁਹੱਬਤ)। ਇਹ ਸੀ, ਸਰ ਵਾਲਟਰ ਸਕਾਟ ਦੀ ਲਿਖੀ ਹੋਈ ਨਜ਼ਮ।
2. ਦੂਜੀ, ਹੋਰੇਸ਼ਮ ਦੀ ਕਹਾਣੀ ਸੀ, ਜਿਸ ਵਿਚ ਇਸ ਨੇ ਸਪੀਚ ਦਿੱਤੀ ਸੀ ਜਦੋਂ ਮੁਲਕ ‘ਤੇ ਦੁਸ਼ਮਣ ਨੇ ਚੜ੍ਹਾਈ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜੇ ਪੁਲ ਤੋੜ ਦਿੱਤਾ ਜਾਵੇ ਤਾਂ ਟਾਈਬਰ ਨਦੀ ਨੂੰ ਪਾਰ ਕਰਕੇ ਫੌਜ ਨਹੀਂ ਆ ਸਕਦੀ। ਹੋਰ ਕੋਈ ਦੂਜਾ ਰਸਤਾ ਵੀ ਨਹੀਂ ਹੈ, ਜਿਥੋਂ ਦੀ ਉਹ ਆ ਸਕਣ। ਉਸ ਨੇ ਕਿਹਾ ਕਿ ਮੈਂ ਜਾਂਦਾ ਹਾਂ ਅਤੇ ਆਪਣੇ ਤਿੰਨ ਸਾਥੀਆਂ ਨਾਲ ਤੰਗ ਰਸਤੇ ‘ਤੇ ਜਾ ਕੇ ਲੜਾਂਗਾ, ਤੁਸੀਂ ਏਧਰ ਪੁਲ ਤੋੜ ਦੇਣਾ। ਇਸੇ ਤਰ੍ਹਾਂ ਹੀ ਹੋਇਆ, ਉਹ ਸ਼ਹੀਦ ਹੋ ਗਏ ਤੇ ਰੋਮ ਬਚ ਗਿਆ। ਮੇਰੇ ਮਾਸਟਰ ਜੀ ਨੇ ਇਹ ਸ਼ਬਦ ਏਨੇ ਜਜ਼ਬੇ ਨਾਲ ਪੜ੍ਹਾਏ ਕਿ ਮੇਰੇ ਤਨ ਬਦਨ ਨੂੰ ਅੱਗ ਲੱਗ ਉਠੀ।
ਇਸ ਨਜ਼ਮ ਦਾ ਉਹ ਹਿੱਸਾ ਮੈਨੂੰ ਹਾਲੇ ਤੱਕ ਜਿਉਂ ਦਾ ਤਿਉਂ ਯਾਦ ਹੈ,
ਠੋ ਓਵeਰੇ ਮਅਨ ੂਪੁਨ ਟਹe eਅਰਟਹ
ਧeਅਟਹ ਚੋਮeਟਹ ਸੋਨ ਅਸ ਲਅਟe।
ਠਹeਨ ਹੋੱ ਅ ਮਅਨ ਚਅਨ ਦਇ ੋਰ ਬeਟਟeਰ ਦeਅਟਹ।
ਠਹਅਨ ਾਅਚਨਿਗ ਾeਅਰੁਲ ੋਦਦਸ,
ਾਂੋਰ ਟਹe ਅਸਹeਸ ਾ ਹਸਿ ਾਅਟਹeਰਸ।
Aਨਦ ਟਹe ਟeਮਪਲeਸ ਾ ਹਸਿ ਗੋਦਸ।
ਮੇਰੀ ਵਤਨ ਦੀ ਮੁਹੱਬਤ ਦੀ ਬੁਨਿਆਦ ਇਸੇ ਹੀ ਸ਼ਬਦ ਨਾਲ ਰੱਖੀ ਗਈ। ਸੈਂਕੜੇ ਕਿਤਾਬਾਂ ਪੜ੍ਹੀਆਂ, ਬਹੁਤ ਸਾਰੇ ਭਾਸ਼ਨ ਵੀ ਸੁਣੇ, ਪਰ ਪਤਾ ਹੀ ਨਾ ਲੱਗਾ ਕਿ ਸਕੂਲ ਵਿਚ ਉਹ ਕਿਹੜੀ ਘੜੀ ਸੀ, ਜਿਸ ਦਿਨ ਮਾਸਟਰ ਜੀ ਨੇ ਇਹ ਸ਼ਬਦ ਪੜ੍ਹਾਇਆ। ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਬਹੁਤ ਰੋਇਆ। ਮੈਨੂੰ ਦੇਸ਼ ਭਗਤੀ ਦੇ ਪਲੈਟਫਾਰਮ ‘ਤੇ ਲਿਆਉਣ ਵਾਲੀ ਅਤੇ ਵਤਨ ਦੀ ਮੁਹੱਬਤ ਦੀ ਅੱਗ ਭੜਕਾਉਣ ਵਾਲੀ ਸਭ ਤੋਂ ਵਧੀਆ ਨਜ਼ਮ ਅਤੇ ਇਹ ਹੀ ਸ਼ਬਦ ਸਨ। ਇਸ ਪਿਛੋਂ ਮੇਰੇ ਇਕ ਮਾਸਟਰ ਸਾਹਿਬ ਜਿਨ੍ਹਾਂ ਦਾ ਨਾਮ ਮੈਂ ਖਾਸ ਕਾਰਨਾਂ ਕਰ ਕੇ ਨਹੀਂ ਲੈ ਰਿਹਾ, ਕਿਉਂਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਜਾਂ ਮੁਸ਼ਕਿਲ ਨਾ ਹੋਵੇ। ਉਨ੍ਹਾਂ ਮੈਨੂੰ ਇਕ ਹੋਰ ਕਿਤਾਬ ਪੜ੍ਹਨ ਲਈ ਇਹ ਕਹਿੰਦਿਆਂ ਦਿੱਤੀ ਕਿ ਤੂੰ ਇਸ ਨੂੰ ਪੜ੍ਹਨ ਦੇ ਕਾਬਲ ਹੈਂ। ਉਸ ਦਾ ਨਾਂ ਸੀ, ‘ਦੁਨੀਆਂ ਭਰ ਦੇ ਦੇਸ਼ਭਗਤ’ (ਫਅਟਰਿਟਸ ਾ ਟਹe ੱੋਰਲਦ)।
ਉਸ ਨੂੰ ਪੜ੍ਹਨ ਨਾਲ ਮੇਰੇ ਦਿਲ ‘ਤੇ ਇਹ ਅਸਰ ਹੋਇਆ ਕਿ ਵਤਨ ‘ਤੇ ਜੋ ਮਰ ਮਿਟਾ, ਉਸ ਨੂੰ ਜ਼ਿੰਦਗੀ-ਏ-ਜਾਵੇਦ ਮਿਲ ਗਈ। ਉਹ ਅਮਰ ਹੋ ਗਿਆ।
ਹੁਣ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਹੋਇਆ। ਆਪਣੀਆਂ ਗਲਤੀਆਂ ‘ਤੇ ਅਫਸੋਸ ਹੋਣਾ ਸ਼ੁਰੂ ਹੋ ਗਿਆ ਕਿ ਐਵੇਂ ਫਜ਼ੂਲ ਹੀ ਖੇਲਣ ਕੁਦਣ ਵਿਚ ਏਨੀ ਉਮਰ ਗਵਾ ਦਿੱਤੀ ਅਤੇ ਤਾਲੀਮ ਵਿਚ ਵੀ ਘਾਟ ਮਹਿਸੂਸ ਹੋਈ, ਕਿਉਂਕਿ ਬਹੁਤ ਪੜ੍ਹ-ਲਿਖ ਨਹੀਂ ਸਕਿਆ। ਦੇਸ਼ ਭਗਤੀ ਲਈ ਵੀ ਤਾਲੀਮ ਇਕ ਜ਼ਰੂਰੀ ਉਮਰ ਦੀ ਹੱਦ ਸੀ। ਜੇ ਦੇਸ਼ ਭਗਤੀ ਬੱਚਿਆਂ ਵਿਚ ਸ਼ੁਰੂ ਵਿਚ ਹੀ ਪੈਦਾ ਕੀਤੀ ਜਾਵੇ ਅਤੇ ਵੱਡੇ-ਵੱਡੇ ਕੁਰਬਾਨੀ ਵਾਲੇ ਲੋਕਾਂ ਦੀਆਂ ਜੀਵਨੀਆਂ ਪੜ੍ਹਾਈਆਂ ਜਾਣ ਤਾਂ ਬੱਚਿਆਂ ਨੂੰ ਪੜ੍ਹਨ ਦਾ ਹਮੇਸ਼ਾ ਸ਼ੌਕ ਰਹੇਗਾ ਅਤੇ ਉਹ ਵੱਡੇ ਹੋ ਕੇ ਵਿਗੜਨਗੇ ਨਹੀਂ। ਉਹ ਸਮਝਦਾਰੀ ਅਤੇ ਅਕਲ ਦੇ ਰਾਹ ਪੈਣਗੇ। ਗਲ ਕੀ, ਮੈਂ ਏਸੇ ਹੀ ਦੌੜ ਭੱਜ ਵਿਚ ਰਿਹਾ ਅਤੇ ਕਈ ਵਰ੍ਹੇ ਲੰਘ ਗਏ। ਹੁਣ ਮੈਂ ਕਾਫੀ ਜਵਾਨ ਹੋ ਗਿਆ ਸਾਂ ਅਤੇ ਤਾਲੀਮ ਵਿਚ ਕਾਫੀ ਪਛੜ ਗਿਆ ਸਾਂ। ਡਰਦੇ ਮਾਰੇ ਮੈਂ ਇਹ ਸੰਖੇਪ ਜਿਹਾ ਲਿਖ ਰਿਹਾ ਹਾਂ। ਮੇਰਾ ਇਰਾਦਾ ਅੱਗੇ ਚਲ ਕੇ ਬੱਚਿਆਂ ਨੂੰ ਨਸੀਹਤ ਕਰਨ ਦਾ ਹੈ।
ਬਨਾਰਸੀ ਦਾਸ ਅਪਰੂਵਰ ਮੈਨੂੰ ਮਿਲਿਆ ਕਰਦਾ ਸੀ। ਮੈਨੂੰ ਉਸ ਵਕਤ ਤੇ ਕੀ, ਕਈ ਸਾਲ ਪਿਛੋਂ ਵੀ ਪਤਾ ਨਾ ਲੱਗਾ ਕਿ ਉਹ ਕੌਣ ਹੈ ਅਤੇ ਉਸ ਦੀ ਗੁਜ਼ਸਤਾ ਜ਼ਿੰਦਗੀ (ਚਾਲੂ ਜ਼ਿੰਦਗੀ) ਕੀ ਹੈ। ਇਸ ਹਜ਼ਰਤ ਨੇ ਰਾਮਪ੍ਰਸਾਦ ਬਿਸਮਿਲ ਦਾ ਜ਼ਿਕਰ ਕੀਤਾ। ਰਾਜਾ ਰਾਮ ਭਾਰਤੀ ਇਹਦੇ ਹੀ ਘਰ ਵਿਚ ਰਹਿੰਦੇ ਸਨ। ਮੈਨੂੰ ਸ਼ੱਕ ਹੋਇਆ ਕਿ ਇਹ ਵੀ ਮੈਨਪੁਰੀ ਸਾਜ਼ਿਸ਼ ਕੇਸ ਦਾ ਮੈਂਬਰ ਹੈ। ਮੈਂ ਆਪਣੇ ਨਾਲੋਂ ਮੁਲਕ ਦਾ ਵੱਧ ਖੈਰ-ਖਵਾਹ ਸਮਝ ਕੇ ਇਸ ਮਹਾਪੁਰਸ਼ ਦੀ ਇੱਜਤ ਕਰਨ ਲੱਗਾ। ਉਸ ਵਕਤ ਜ਼ਿਆਦਾਤਰ ਮੀਟਿੰਗਾਂ ਏਸੇ ਦੇ ਘਰ ਹੀ ਹੁੰਦੀਆਂ ਸਨ। ਮੈਂ ਹੋਰ ਵੀ ਕਈ ਜਲਸਿਆਂ ਵਿਚ ਸ਼ਾਮਲ ਹੁੰਦਾ ਅਤੇ ਉਹ ਵੀ ਜਾਣਦਾ ਸੀ ਕਿ ਮੈਂ ਸੁਰਖ ਪਹਿਨਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਰਾਜਾ ਰਾਮ ਤੋਂ ਜੋ ਕਿੱਸਾ ਸੁਣਿਆ ਸੀ, ਸਾਰਾ ਕੁਝ ਮੈਨੂੰ ਸੁਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੇ ਆਪ ਨੂੰ ਪੱਕਾ ਦੇਸ਼ ਭਗਤ ਸਾਬਤ ਕਰ ਦਿੱਤਾ; ਜਿਹੋ ਜਿਹਾ ਅੱਜ ਕੱਲ੍ਹ ਫੈਸ਼ਨ ਹੈ ਕਿ ਆਪਣੇ ਆਪ ਨੂੰ ਇਨਕਲਾਬੀ ਦੱਸਿਆ ਜਾਵੇ। ਜਿਸ ਤਰ੍ਹਾਂ ਇਕ ਸਾਹਿਬ ਨੇ ਗੁਪਤ ਦਿਨਾਂ ਵਿਚ ਮੈਨੂੰ ਆਪਣੇ ਆਪ ਨੂੰ ਸਾਬਿਤ ਕਰ ਦਿਖਾਇਆ ਸੀ, ਜਿਸ ਦਾ ਮੈਂ ਮੌਕਾ ਆਉਣ ‘ਤੇ ਹਵਾਲਾ ਦੇਵਾਂਗਾ।
ਇਕ ਦਿਨ ਬਨਾਰਸੀ ਦਾਸ ਨੇ ਮੈਨੂੰ ਇਕ ਕਿਤਾਬ (ਅਨੰਦ ਮੱਠ), ਜੋ ਹਿੰਦੀ ਵਿਚ ਸੀ, ਸੁਣਾਈ। ਮੈਂ ਉਸ ਸਮੇਂ ਹਿੰਦੀ ਬਹੁਤ ਘੱਟ ਜਾਣਦਾ ਸਾਂ। ਫਿਰ ਬਨਾਰਸੀ ਦਾਸ ਨੇ ਕਿਹਾ ਕਿ ਖੁਫੀਆ ਜਥੇਬੰਦੀ ਇਹੋ ਜਿਹੀ ਹੈ। ਉਸ ਹੋ-ਹੱਲੇ ਵਿਚ ਕਾਂਸਪੀਰੇਸੀ ਦਾ ਕਾਇਲ ਤਾਂ ਮੈਂ ਉਸ ਨੂੰ ਮਿਲਣ ਤੋਂ ਪਹਿਲਾਂ ਹੀ ਹੋ ਗਿਆ ਸਾਂ। ਜਦੋਂ ਮੈਂ ਫਰਾਰ ਹੋਣ ਵਾਲਾ ਹੀ ਸਾਂ, ਇਕ ਸਾਹਿਬ ਨੇ ਮੈਨੂੰ ਰੋਕ ਦਿੱਤਾ ਤੇ ਕਿਹਾ ਕਿ ਤੂੰ ਹਿੰਦੋਸਤਾਨ ਵਿਚ ਰਹਿ ਕੇ ਬਹੁਤ ਕੁਝ ਕਰ ਸਕਦਾ ਹੈਂ। ਤੂੰ ਗੁਪਤ ਜਥੇਬੰਦੀ ਵਿਚ ਸ਼ਾਮਲ ਹੋ ਜਾ। ਹੁਣ ਮੇਰੇ ਇਨਕਲਾਬੀ ਬਣਨ ਦਾ ਵਕਤ ਆ ਗਿਆ ਸੀ ਅਤੇ ਮੈਂ ਵੀ ਰਾਜ਼ੀ ਹੋ ਗਿਆ। ਇਥੇ ਮੈਂ ਦੱਸ ਦਿਆਂ ਕਿ ਮੈਨੂੰ ਮੁਸਲਮਾਨ ਤਬਕੇ ਤੋਂ ਹਮੇਸ਼ਾ ਨਾਉਮੀਦੀ ਹੀ ਹੱਥ ਲੱਗੀ। ਇਸ ਰਾਹ ‘ਤੇ ਕੋਈ ਵੀ ਨਾ ਆਇਆ। ਮੈਂ ਹੀ ਇਕ ਲੱਲੂ ਸੀ, ਜੋ ਇਸ ਲਹਿਰ ਵਿਚ ਕੁੱਦ ਪਿਆ।
ਮੀਆਂ ਬਨਾਰਸੀ ਲਾਲ, ਜੋ ਮੈਨੂੰ ਹਮੇਸ਼ਾ ਗਮਗੀਨ ਹੀ ਨਜ਼ਰ ਆਉਂਦੇ ਸਨ, ਸ਼ਾਇਦ ਇਸ ਦਾ ਅਸਰ ਆਪਣੇ ਦੋਸਤਾਂ ਤੋਂ ਵਿਛੜ ਜਾਣ ਦਾ ਸੀ। ਇਸ ਤੋਂ ਬਿਨਾ ਇਹਦੇ ਕਾਂਗਰਸ ਵਾਲੇ, ਜੋ ਕੱਲ੍ਹ ਤੱਕ ਮਦਦ ਦਾ ਵਾਅਦਾ ਕਰਦੇ ਰਹੇ ਸੀ ਅਤੇ ਹੁਣ ਉਹ ਆਪਣੇ ਆਪਣੇ ਰਾਹ ਅਲੱਗ ਕਰ ਗਏ। ਇਸ ਤੋਂ ਇਲਾਵਾ ਉਹ ਉਸ ਨੂੰ ਉਲਟਾ ਬੇਵਕੂਫ ਵੀ ਕਹਿਣ ਲੱਗ ਪਏ ਸਨ। ਇਸ ਸਭ ਕੁਝ ਦਾ ਅਸਰ ਮੇਰੇ ‘ਤੇ ਏਦਾਂ ਹੋਇਆ ਕਿ ਮੈਂ ਬੇਚੈਨ ਹੋ ਗਿਆ, ਪਰ ਕਿਸ ਨੂੰ ਦੱਸਾਂ? ਨਾ ਕੋਈ ਸਾਥੀ, ਨਾ ਕੋਈ ਰਾਜ਼ਦਾਰ, ਜਿਸ ਨੂੰ ਆਪਣੇ ਗਮ ਦੀ ਦਾਸਤਾਨ ਸੁਣਾ ਸਕਾਂ। ਫਿਰ ਮੈਂ ਬਨਾਰਸੀ ਦਾਸ ਨੂੰ ਕਿਹਾ ਕਿ ਮੈਨੂੰ ਰਾਮ ਪ੍ਰਸਾਦ ਕੋਲ ਲੈ ਚੱਲ ਅਤੇ ਮੇਰੀ ਜਾਣ-ਪਛਾਣ ਕਰਾ ਦੇ। ਰਾਮ ਪ੍ਰਸਾਦ ਮੇਰੇ ਵੱਡੇ ਭਰਾ (ਰਿਆਸਤ ਖਾਂ) ਦੇ ਉਰਦੂ ਸਕੂਲ ਦੇ ਜਮਾਤੀ ਰਹਿ ਚੁਕੇ ਸਨ ਅਤੇ ਉਹ ਆਪਸ ਵਿਚ ਦੋਸਤ ਵੀ ਸਨ। ਇਸ ਤੋਂ ਇਲਾਵਾ ਉਹ ਮੇਰੇ ਸਕੂਲ ਦੇ ਵੀ ਵਿਦਿਆਰਥੀ ਰਹਿ ਚੁਕੇ ਸਨ, ਪਰ ਮੇਰੀ ਉਨ੍ਹਾਂ ਨਾਲ ਕੋਈ ਸੁਰ ਸਾਂਝ ਨਹੀਂ ਸੀ। ਰਾਮ ਪ੍ਰਸਾਦ ਬਿਸਮਿਲ ਸ਼ੁਰੂ ਤੋਂ ਹੀ ਚੰਗੀ ਖਾਸੀ ਸ਼ਖਸੀਅਤ ਦੇ ਇਨਸਾਨ ਸਨ। ਉਹ ਬਹੁਤ ਹੀ ਚੁਸਤ, ਹੁਸ਼ਿਆਰ ਤਾਲਿਬੇ-ਇਲਮ ਸਨ ਅਤੇ ਮਸ਼ਹੂਰ ਵੀ ਬਹੁਤ ਸਨ।
ਮੇਰਾ ਖਿਆਲ ਸੀ ਕਿ ਰਾਮ ਪ੍ਰਸਾਦ ਨੂੰ ਮਿਲੋ, ਸ਼ਾਇਦ ਉਥੋਂ ਕੋਈ ਦਵਾ ਮਿਲ ਜਾਏ ਤਾਂ ਜੋ ਮਨ ਨੂੰ ਤਸੱਲੀ ਤੇ ਚੈਨ ਮਿਲ ਸਕੇ। ਇਕ ਦਿਨ ਖਨੌਤ ਦੇ ਕਿਨਾਰੇ ਜਲਸਾ ਹੋਇਆ (ਖਨੌਤ ਨਦੀ ਹੈ, ਜੋ ਸ਼ਾਹਜਹਾਨ ਪੁਰ ਦੇ ਬਿਲਕੁਲ ਕੋਲ ਦੀ ਵਗਦੀ ਸੀ। ਅੱਜ ਕੱਲ੍ਹ ਤਾਂ ਉਸ ਤੋਂ ਪਾਰ ਵੀ ਕਾਫੀ ਆਬਾਦੀ ਹੈ)। ਰਾਮ ਪ੍ਰਸਾਦ ਨੇ ਉਥੇ ਸੰਖੇਪ ਜਿਹਾ ਭਾਸ਼ਨ ਦਿੱਤਾ ਅਤੇ ਸ਼ੁਰੂ ਵਿਚ ਸ਼ਿਅਰ ਪੜ੍ਹਿਆ,
ਬਹੇ ਬਹਰੇ-ਫਨਾ ਮੇਂ ਜਲਦ ਯਾਰਬ ਲਾਸ਼ ਬਿਸਮਿਲ ਕੀ,
ਕਿ ਭੂਖੀ ਮਛਲੀਆਂ ਹੈ ਜੌਹਰੇ ਸ਼ਮਸ਼ੀਰੇ ਕਾਤਿਲ ਕੀ।
ਜੋ ਮੈਨੂੰ ਹਾਲੇ ਤਕ ਯਾਦ ਹੈ। ਇਹਨੂੰ ਮੈਂ ਕੰਡੈਂਮਡ ਸੈਲ (ਚੋਨਦeਮਨeਦ ਚeਲਲ) ਵਿਚ ਮੁਲਾਕਾਤ ਦੇ ਵਕਤ ਪੜ੍ਹਿਆ ਸੀ। ਮੈਂ ਵੀ ਕੁਝ ਕਿਹਾ ਸੀ। ਮੁੱਕਦੀ ਗੱਲ, ਬਨਾਰਸੀ ਨੇ ਸਾਡੀ ਦੋਹਾਂ ਦੀ ਮੁਲਾਕਾਤ ਤੇ ਜਾਣ-ਪਛਾਣ ਕਰਵਾ ਦਿੱਤੀ। ਇਸ ਪਿਛੋਂ ਵੀ ਮੈਂ ਇੱਕ ਦਿਨ ਰਾਮ ਪ੍ਰਸਾਦ ਨੂੰ ਮਿਲਿਆ ਸਾਂ, ਪਰ ਉਸ ਦੀ ਮਿਲਣੀ ਵਿਚ ਬੜੀ ਹੀ ਬੇਰੁਖੀ ਸੀ, ਜਿਸ ਦਾ ਮੈਨੂੰ ਬਹੁਤ ਦੁੱਖ ਹੋਇਆ, ਜਿਸ ਦੀ ਬਾਅਦ ਵਿਚ ਉਹ ਹਮੇਸ਼ਾ ਮਾਫੀ ਮੰਗ ਲਿਆ ਕਰਦੇ ਸਨ, ਪਰ ਹੁਣ ਸਾਡੀ ਮੁਲਾਕਾਤ ਪੰਡਿਤ ਰਾਮ ਪ੍ਰਸਾਦ ‘ਬਿਸਮਿਲ’ ਕੰਡੈਂਮਡ ਸੈਲ ਕਾਕੋਰੀ ਕੇਸ ਵਿਚ ਫਿਰ ਹੋ ਗਈ।
-ਸ਼ਹੀਦ ਅਸ਼ਫਾਕ ਉਲਾ ਖਾਂ।

(ਨੋਟ: ਇਸ ਤੋਂ ਅੱਗੇ ਅਸ਼ਫਾਕ ਉਲਾ ਖਾਂ ਨੂੰ ਲਿਖਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਉਸ ਵਲੋਂ ਸ਼ੁਰੂ ਕੀਤੇ ਮੈਨਪੁਰੀ ਸਾਜ਼ਿਸ਼ ਕੇਸ ਦਾ ਕਿੱਸਾ ਪੂਰਾ ਨਹੀਂ ਹੋ ਸਕਿਆ।)