ਹੰਭੀ ਸਰਕਾਰ ਨੇ ਕਰੋਨਾ ਨਾਲ ਲੜਨ ਦਾ ਭਾਰ ਲੋਕਾਂ ‘ਤੇ ਸੁੱਟਿਆ

ਚੰਡੀਗੜ੍ਹ: ਪੂਰੇ ਵਿਸ਼ਵ ਨੂੰ ਕਰੋਨਾ ਵਾਇਰਸ ਨਾਲ ਸਾਹਮਣਾ ਕਰਦਿਆਂ ਲਗਭਗ 4 ਮਹੀਨੇ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਇਸ ਲੜਾਈ ਦੀ ਸਮਾਪਤੀ ਹੋਣ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਦੀ ਇਕ ਰਿਪੋਰਟ ਨੇ ਚਿੰਤਾ ਦੀਆਂ ਰੇਖਾਵਾਂ ਨੂੰ ਹੋਰ ਸੰਘਣਾ ਕਰ ਦਿੱਤਾ ਹੈ। ਹੁਣ ਜਦੋਂ ਕਿ ਪੂਰਾ ਵਿਸ਼ਵ ਅਤੇ ਭਾਰਤ ਇਸ ਮਹਾਂਮਾਰੀ ਦੇ ਇਲਾਜ ਲਈ ਕਿਸੇ ਟੀਕੇ ਜਾਂ ਦਵਾਈ ਦੀ ਕਾਢ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਤਾਂ ‘ਏਮਜ਼’ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ ਮਹੀਨਿਆਂ ਦੌਰਾਨ ਦੇਸ਼ ਵਿਚ ਇਸ ਮਹਾਂਮਾਰੀ ਨਾਲ ਪੀੜਤ ਹੋਣ ਵਾਲਿਆਂ ਅਤੇ ਮੌਤਾਂ ਦੀ ਗਿਣਤੀ ਨੂੰ ਲੈ ਕੇ ਅੰਕੜੇ ਕਾਫੀ ਭਿਆਨਕ ਹੋ ਸਕਦੇ ਹਨ। ਇਹ ਵੀ ਕਿ ਇਨ੍ਹਾਂ ਦੋ ਮਹੀਨਿਆਂ ਵਿਚ ਕਰੋਨਾ ਵਾਇਰਸ ਦਾ ਪ੍ਰਕੋਪ ਵਧ ਸਕਦਾ ਹੈ।

ਦੂਜੇ ਪਾਸੇ ਅਮਰੀਕੀ ਵਿਗਿਆਨੀਆਂ ਵਲੋਂ ਜਾਰੀ ਕੀਤੀ ਇਕ ਹੋਰ ਰਿਪੋਰਟ ਵੀ ਚਿੰਤਾ ਵਧਾਉਣ ਵਾਲੀ ਹੈ। ਇਸ ਰਿਪੋਰਟ ਵਿਚ ਵੀ ਇਹ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਕਰੋਨਾ ਵਾਇਰਸ ਦੇ ਖਤਮ ਹੋਣ ਦੀ ਅਜੇ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ ਅਤੇ ਇਹ ਵੀ ਕਿ ਇਸ ਵਲੋਂ ਆਪਣਾ ਰੂਪ ਬਦਲ ਕੇ ਹੋਰ ਹਮਲਾਵਰ ਹੋ ਜਾਣ ਦਾ ਵੱਡਾ ਖਦਸ਼ਾ ਹੈ। ਇਸ ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਿਗਿਆਨੀਆਂ ਨੇ ਵਾਇਰਸ ਦੇ ਇਸ ਨਵੇਂ ਰੂਪ ਦੀ ਪਛਾਣ ਵੀ ਕਰ ਲਈ ਹੈ ਅਤੇ ਉਨ੍ਹਾਂ ਨੇ ਇਸ ਦਾ ਐਲਾਨ ਹੁਣ ਇਸ ਲਈ ਕਰ ਦਿੱਤਾ ਹੈ ਤਾਂ ਕਿ ਜਿਹੜੇ ਵਿਗਿਆਨੀ ਕੋਵਿਡ-19 ਦੇ ਲਈ ਕਿਸੇ ਦਵਾਈ ਜਾਂ ਟੀਕੇ ਦੀ ਖੋਜ ਕਰ ਰਹੇ ਹਨ, ਉਨ੍ਹਾਂ ਨੂੰ ਇਸ ਪਾਸੇ ਪ੍ਰੇਰਿਤ ਕੀਤਾ ਜਾ ਸਕੇ ਤਾਂ ਕਿ ਉਹ ਆਪਣੇ ਯਤਨਾਂ ਵਿਚ ਵਾਇਰਸ ਦੇ ਇਸ ਨਵੇਂ ਰੂਪ ਦੇ ਖਤਰੇ ਨੂੰ ਵੀ ਸ਼ਾਮਲ ਕਰ ਸਕਣ। ਇਸ ਰਿਪੋਰਟ ਦੇ ਅਨੁਸਾਰ ਇਹ ਨਵਾਂ ਰੂਪ ਵੁਹਾਨ ਵਾਲੇ ਜੀਵਾਣੂ ਤੋਂ ਵਧੇਰੇ ਖਤਰਨਾਕ ਵੀ ਹੋ ਸਕਦਾ ਹੈ।
ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ‘ਲੋਕਾਂ ਨੂੰ ਵਾਇਰਸ ਨਾਲ ਜਿਊਣ ਦਾ ਵਲ ਸਿੱਖਣਾ ਹੋਵੇਗਾ।’ ਸਰਕਾਰ ਨੇ ਕਿਹਾ ਕਿ ਸਾਨੂੰ ਇਨ੍ਹਾਂ ਸੇਧਾਂ ਨੂੰ ਰਵੱਈਏ ‘ਚ ਆਏ ਬਦਲਾਅ ਵਜੋਂ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੋਵੇਗਾ।
ਸਿਹਤ ਮੰਤਰਾਲੇ ‘ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਅਸੀਂ ਲੌਕਡਾਊਨ ‘ਚ ਛੋਟਾਂ ਅਤੇ ਪਰਵਾਸੀ ਕਾਮਿਆਂ ਦੇ ਆਪੋ ਆਪਣੇ ਘਰਾਂ ਨੂੰ ਮੁੜਨ ਦੀ ਗੱਲ ਤਾਂ ਕਰਦੇ ਹਾਂ, ਪਰ ਸਾਡੇ ਸਾਹਮਣੇ ਇਸ ਤੋਂ ਵੀ ਵੱਡੀ ਚੁਣੌਤੀ ਹੈ ਕਿ ਸਾਨੂੰ ਇਸ ਵਾਇਰਸ ਦੇ ਨਾਲ ਹੀ ਜਿਊਣ ਦਾ ਵਲ ਸਿੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵੱਡੀ ਚੁਣੌਤੀ ਹੈ ਤੇ ਸਰਕਾਰ ਨੂੰ ਇਸ ਲਈ ਭਾਈਚਾਰਕ ਸਹਿਯੋਗ ਦੀ ਲੋੜ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ 216 ਜ਼ਿਲ੍ਹਿਆਂ ਵਿਚ ਹੁਣ ਤਕ ਕੋਵਿਡ-19 ਦਾ ਇਕ ਵੀ ਕੇਸ ਰਿਪੋਰਟ ਨਹੀਂ ਹੋਇਆ। 42 ਜ਼ਿਲ੍ਹੇ ਅਜਿਹੇ ਹਨ ਜਿਥੇ ਪਿਛਲੇ 28 ਦਿਨਾਂ ਤੋਂ ਲਾਗ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਤੇ 28 ਜ਼ਿਲ੍ਹਿਆਂ ਵਿਚ ਲੰਘੇ ਤਿੰਨ ਹਫਤਿਆਂ ਤੋਂ ਕਰੋਨਾ ਵਾਇਰਸ ਦਾ ਕੋਈ ਕੇਸ ਦਰਜ ਨਹੀਂ ਹੋਇਆ।
ਕੇਂਦਰੀ ਸਿਹਤ ਮੰਤਰਾਲੇ ਨੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਹਸਪਤਾਲ ਤੋਂ ਛੁੱਟੀ ਦੇਣ ਵਾਲੀ ਆਪਣੀ ਨੀਤੀ ‘ਚ ਬਦਲਾਅ ਕੀਤਾ ਹੈ। ਹੁਣ ਕਰੋਨਾ ਤੋਂ ਪੀੜਤ ਗੰਭੀਰ ਮਰੀਜ਼ਾਂ ਦਾ ਹਸਪਤਾਲ ‘ਚ ਛੁੱਟੀ ਤੋਂ ਪਹਿਲਾਂ ਆਰਟੀ-ਪੀ.ਸੀ.ਆਰ. ਟੈਸਟ ਹੋਵੇਗਾ ਅਤੇ ਇਸ ਦੇ ਨੈਗੇਟਿਵ ਆਉਣ ਦੀ ਸੂਰਤ ‘ਚ ਉਸ ਨੂੰ ਛੁੱਟੀ ਮਿਲੇਗੀ। ਨਵੀਂ ਨੀਤੀ ਤਹਿਤ ਕਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਛੁੱਟੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਨਹੀਂ ਕੀਤੇ ਜਾਣਗੇ। ਅਜਿਹੇ ਮਰੀਜ਼ਾਂ ਨੂੰ ਛੁੱਟੀ ਦੇਣ ਦੇ ਸਮੇਂ ਸਲਾਹ ਦਿੱਤੀ ਜਾਵੇਗੀ ਕਿ ਉਹ ਨਿਰਦੇਸ਼ਾਂ ਮੁਤਾਬਕ ਸੱਤ ਦਿਨ ਤੱਕ ਘਰਾਂ ਅੰਦਰ ਇਕਾਂਤਵਾਸ ‘ਚ ਹੀ ਰਹਿਣ। ਪਹਿਲਾਂ 14 ਦਿਨਾਂ ਮਗਰੋਂ ਜੇਕਰ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਂਦੀ ਸੀ ਤਾਂ ਦੁਬਾਰਾ 24 ਘੰਟਿਆਂ ਦੇ ਅੰਦਰ ਰਿਪੋਰਟ ਨੈਗੇਟਿਵ ਆਉਣ ਉਤੇ ਉਸ ਨੂੰ ਛੁੱਟੀ ਦਿੱਤੀ ਜਾਂਦੀ ਸੀ। ਛੁੱਟੀ ਤੋਂ ਮਗਰੋਂ ਜੇਕਰ ਕਿਸੇ ‘ਚ ਬੁਖਾਰ, ਖੰਘ ਜਾਂ ਸਾਹ ਲੈਣ ‘ਚ ਤਕਲੀਫ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਕੋਵਿਡ ਕੇਅਰ ਸੈਂਟਰ ਜਾਂ ਸੂਬਾ ਹੈਲਪਲਾਈਨ ਜਾਂ 1075 ਉਤੇ ਸੰਪਰਕ ਕਰ ਸਕਦੇ ਹਨ।
____________________________
ਜੂਨ-ਜੁਲਾਈ ‘ਚ ਸਿਖਰ ‘ਤੇ ਹੋਵੇਗਾ ਕਰੋਨਾ
ਨਵੀਂ ਦਿੱਲੀ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਕਿਹਾ ਕਿ ਜੂਨ-ਜੁਲਾਈ ਵਿਚ ਕਰੋਨਾ ਵਾਇਰਸ ਮਹਾਂਮਾਰੀ ਸਿਖਰ ‘ਤੇ ਪਹੁੰਚ ਜਾਵੇਗੀ ਤੇ ਅਜਿਹਾ ਬਿਲਕੁਲ ਨਹੀਂ ਹੈ ਕਿ ਇਹ ਬਿਮਾਰੀ ਇਕ ਵਾਰ ਵਿਚ ਹੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਸਾਨੂੰ ਕਰੋਨਾ ਦੇ ਨਾਲ ਜਿਉਣਾ ਹੋਵੇਗਾ। ਕਰੋਨਾ ਦੇ ਮਾਮਲਿਆਂ ਵਿਚ ਹੌਲੀ-ਹੌਲੀ ਕਮੀ ਆਵੇਗੀ, ਜਦੋਂ ਤੋਂ ਮਈ ਦਾ ਮਹੀਨਾ ਸ਼ੁਰੂ ਹੋਇਆ ਹੈ, ਕਰੋਨਾ ਦੇ ਮਾਮਲਿਆਂ ਦੀ ਰਫਤਾਰ ਤੇਜ਼ ਹੋ ਗਈ ਹੈ। ਪਹਿਲੇ ਕਿਹਾ ਜਾ ਰਿਹਾ ਸੀ ਕਿ ਮਈ-ਜੂਨ ਵਿਚ ਜਦੋਂ ਦੇਸ਼ ਵਿਚ ਗਰਮੀ ਵਧਣ ਲੱਗੇਗੀ ਤਾਂ ਕਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਆਵੇਗੀ ਪਰ ਫਿਲਹਾਲ ਅਜਿਹਾ ਕੁਝ ਨਹੀਂ ਦਿਸ ਰਿਹਾ। ਇਸ ਦੌਰਾਨ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਮਈ ‘ਚ ਮਾਮਲੇ ਵਧ ਰਹੇ ਹਨ ਤੇ ਜੂਨ ਵਿਚ ਇਹ ਸਿਖਰ ਉਤੇ ਪੁੱਜ ਜਾਣਗੇ।
____________________________
ਫਰਾਂਸੀਸੀ ਡਾਕਟਰਾਂ ਨੇ ਦਸੰਬਰ ‘ਚ ਦੇਖਿਆ ਸੀ ਵਾਇਰਸ ਦਾ ਪਹਿਲਾ ਕੇਸ
ਲੰਡਨ: ਫਰਾਂਸ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਿਛਲੇ ਸਾਲ ਦਸੰਬਰ ਵਿਚ ਨਵੇਂ ਕਰੋਨਾ ਵਾਇਰਸ ਦੇ ਸੰਭਾਵੀ ਕੇਸ ਦੀ ਪਛਾਣ ਕੀਤੀ ਸੀ ਜਦੋਂਕਿ ਯੂਰਪ ਵਿਚ ਪਹਿਲੇ ਅਧਿਕਾਰਤ ਕੇਸ ਦੀ ਪੁਸ਼ਟੀ ਇਕ ਮਹੀਨੇ ਮਗਰੋਂ ਜਨਵਰੀ ਵਿਚ ਹੋਈ ਸੀ। ਇੰਟਰਨੈਸ਼ਨਲ ਜਰਨਲ ਆਫ ਮਾਈਕਰੋਬੀਅਲ ਏਜੰਟਸ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ ਪੈਰਿਸ ਦੇ ਉਤਰ ਵਿਚ ਇਕ ਹਸਪਤਾਲ ਦੇ ਡਾਕਟਰਾਂ ਨੇ ਨਿਮੋਨੀਆ ਦੇ ਇਲਾਜ ਲਈ ਆਏ 14 ਮਰੀਜ਼ਾਂ ਦੇ ਨਮੂਨਿਆਂ ਦੀ ਜਾਂਚ ਦੌਰਾਨ ਅਲਜੀਰੀਆ ਨਾਲ ਸਬੰਧਤ ਮੱਛੀ ਵੇਚਣ ਵਾਲੇ 42 ਸਾਲਾ ਐਮੀਰੁਚ ਹੈਮਰ ਵਿਚ ਨਵੇਂ ਕਰੋਨਾ ਵਾਇਰਸ ਦੇ ਲੱਛਣ ਵੇਖੇ ਸਨ। ਹੈਮਰ ਪਿਛਲੇ ਕਈ ਸਾਲਾਂ ਤੋਂ ਫਰਾਂਸ ਵਿਚ ਰਹਿ ਰਿਹਾ ਸੀ ਤੇ ਉਸ ਨੇ ਹਾਲ ਹੀ ਵਿਚ ਕੋਈ ਵਿਦੇਸ਼ ਯਾਤਰਾ ਵੀ ਨਹੀਂ ਕੀਤੀ ਸੀ। ਹੈਮਰ ਨੂੰ ਛਾਤੀ ਵਿਚ ਦਰਦ, ਸਾਹ ਵਿਚ ਤਕਲੀਫ ਤੇ ਬੁਖਾਰ ਮਗਰੋਂ ਦਸੰਬਰ ‘ਚ ਹਸਪਤਾਲ ਲਿਆਂਦਾ ਗਿਆ ਸੀ।