ਹਿਰਾਸਤੀ ਮੌਤਾਂ: 29 ਸਾਲਾਂ ਪਿੱਛੋਂ ਸੁਮੇਧ ਸੈਣੀ ਖਿਲਾਫ ਕੇਸ ਦਰਜ

ਮੁਹਾਲੀ: ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਖਿਲਾਫ ਮੁਹਾਲੀ ਦੇ ਮਟੌਰ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੈਣੀ ਉਤੇ 29 ਸਾਲ ਪਹਿਲਾਂ ਮੁਹਾਲੀ ‘ਚੋਂ ਸਾਬਕਾ ਆਈ. ਏ. ਐਸ਼ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ। ਇਸੇ ਦੌਰਾਨ ਮੁਹਾਲੀ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ ਅਤੇ ਕਿਹਾ ਹੈ ਕਿ ਉਹ ਹਫਤੇ ਦੇ ਅੰਦਰ ਅੰਦਰ ਜਾਂਚ ਅਧਿਕਾਰੀ ਕੋਲ ਪੇਸ਼ ਹੋ ਕੇ ਤਫਤੀਸ਼ ਵਿਚ ਸ਼ਾਮਲ ਹੋਵੇ।

ਇਸ ਨੌਜਵਾਨ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਉਸ ਸਮੇਂ ਸੁਮੇਧ ਸੈਣੀ ਚੰਡੀਗੜ੍ਹ ਵਿਚ ਐਸ਼ਐਸ਼ਪੀ. ਦੇ ਅਹੁਦੇ ਉਤੇ ਤਾਇਨਾਤ ਸਨ। ਪੀੜਤ ਪਰਿਵਾਰ ਨੇ ਇਨਸਾਫ ਪ੍ਰਾਪਤੀ ਲਈ ਵੱਡੇ ਪੱਧਰ ‘ਤੇ ਕਾਨੂੰਨੀ ਚਾਰਾਜੋਈ ਕੀਤੀ ਸੀ ਪਰ ਉਦੋਂ ਸੈਣੀ ਦੇ ਰੁਤਬੇ ਅੱਗੇ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ ਸੀ। ਹੁਣ ਮੁਹਾਲੀ ਦੇ ਮਟੌਰ ਥਾਣੇ ਵਿਚ ਸੈਣੀ ਸਮੇਤ ਅੱਠ ਹੋਰਾਂ ਖਿਲਾਫ ਧਾਰਾ 364, 201, 344, 330, 219 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ। ਇਹ ਕਾਰਵਾਈ ਮ੍ਰਿਤਕ ਨੌਜਵਾਨ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਸ ਮਾਮਲੇ ਵਿਚ ਐਸ਼ਪੀ. ਬਲਦੇਵ ਸਿੰਘ ਸੈਣੀ, ਸਤਵੀਰ ਸਿੰਘ, ਹਰ ਸਹਾਏ, ਜਗੀਰ ਸਿੰਘ, ਅਨੂਪ ਸਿੰਘ (ਸਾਰੇ ਸਬ ਇੰਸਪੈਕਟਰ), ਏ.ਐਸ਼ਆਈ. ਕੁਲਦੀਪ ਸਿੰਘ ਤੇ ਇਕ ਅਣਪਛਾਤੇ ਵਿਅਕਤੀ ਦਾ ਨਾਂ ਸ਼ਾਮਲ ਹੈ।
ਇਹ ਮਾਮਲਾ ਅਗਸਤ 1991 ਦਾ ਹੈ, ਜਦੋਂ ਚੰਡੀਗੜ੍ਹ ਦੇ ਤਤਕਾਲੀ ਐਸ਼ਐਸ਼ਪੀ. ਸੁਮੇਧ ਸੈਣੀ ‘ਤੇ ਹਮਲਾ ਹੋਇਆ ਸੀ। ਹਮਲੇ ‘ਚ ਸੈਣੀ ਜ਼ਖਮੀ ਹੋ ਗਿਆ ਸੀ ਜਦਕਿ ਤਿੰਨ ਪੁਲਿਸ ਕਰਮੀਆਂ ਦੀ ਮੌਤ ਹੋ ਗਈ ਸੀ। ਧਮਾਕੇ ਮਗਰੋਂ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸੈਣੀ ਅਤੇ ਉਸ ਦੇ ਵਫਾਦਾਰ ਅਧਿਕਾਰੀਆਂ ਦੀ ਟੀਮ ਨੇ ਕਥਿਤ ਤੌਰ ‘ਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਚੁੱਕ ਲਿਆ ਸੀ। ਚੰਡੀਗੜ੍ਹ ਪੁਲਿਸ ਨੇ ਦਵਿੰਦਰ ਸਿੰਘ ਭੁੱਲਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਸੀ। ਭੁੱਲਰ ਨਹੀਂ ਮਿਲਿਆ ਸੀ ਤਾਂ ਚੰਡੀਗੜ੍ਹ ਪੁਲਿਸ ਉਸ ਦੇ ਪਿਤਾ ਅਤੇ ਰਿਸ਼ਤੇਦਾਰ ਨੂੰ ਚੁੱਕ ਕੇ ਲੈ ਗਈ ਸੀ। ਵਧੀਕ ਸੈਸ਼ਨ ਜੱਜ ਨੇ ਉਸ ਨੂੰ ਅਤੇ ਦੋ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਯੂਟੀ ਨੇ ਫੈਸਲੇ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ ਜਿਸ ਮਗਰੋਂ ਪਤਾ ਲੱਗਾ ਕਿ ਕੁਝ ਮੁਲਜ਼ਮਾਂ ਨੂੰ ਭਗੌੜਾ (ਪੀ.ਓ.) ਕਰਾਰ ਦਿੱਤਾ ਗਿਆ ਹੈ। ਯੂਟੀ ਪੁਲਿਸ ਦੇ ਯਤਨਾਂ ਤੋਂ ਨਾਖੁਸ਼ ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਇਨ੍ਹਾਂ ਭਗੌੜਿਆਂ ਦਾ ਪਤਾ ਲਾਉਣ ਲਈ ਕਿਹਾ। ਇਸ ਦੌਰਾਨ ਸਾਬਕਾ ਆਈ.ਏ.ਐਸ਼ ਅਧਿਕਾਰੀ ਨੇ ਅਦਾਲਤ ਦਾ ਰੁਖ ਕਰਕੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਮਾਰ ਦਿੱਤਾ ਗਿਆ ਹੈ। ਇਕ ਹੋਰ ਕੇਸ ‘ਚ ਭੁੱਲਰ ਨੇ ਵੀ ਹਾਈ ਕੋਰਟ ‘ਚ ਦਰਖਾਸਤ ਦੇ ਕੇ ਕਿਹਾ ਕਿ ਉਸ ਦੇ ਪਿਤਾ ਅਤੇ ਰਿਸ਼ਤੇਦਾਰ ਨੂੰ ਤਸੀਹੇ ਦੇ ਕੇ ਮਾਰ ਮੁਕਾਇਆ ਗਿਆ ਹੈ। ਉਸ ਨੇ ਕਿਹਾ ਕਿ ਜਦੋਂ ਮੁਲਤਾਨੀ ਨੂੰ ਚੁੱਕਿਆ ਗਿਆ ਤਾਂ ਉਸ ਦੇ ਪਿਤਾ ਬਲਵੰਤ ਸਿੰਘ ਭੁੱਲਰ ਅਤੇ ਰਿਸ਼ਤੇਦਾਰ ਮਨਜੀਤ ਸਿੰਘ ਨੂੰ ਵੀ ਅਗਵਾ ਕੀਤਾ ਗਿਆ ਸੀ।
ਸੀ.ਬੀ.ਆਈ. ਨੇ ਬੰਬ ਹਮਲੇ ਸਬੰਧੀ ਬਲਵੰਤ ਸਿੰਘ ਮੁਲਤਾਨੀ ਅਤੇ ਬਲਵੰਤ ਸਿੰਘ ਭੁੱਲਰ ਨੂੰ ਤਸੀਹੇ ਦੇਣ ‘ਚ ਸੈਣੀ ਦੀ ਸ਼ਮੂਲੀਅਤ ਕਬੂਲੀ ਅਤੇ ਉਸ (ਸੈਣੀ) ਦੇ ਅਤੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਖਿਲਾਫ ਅਗਵਾ, ਗੈਰਕਾਨੂੰਨੀ ਹਿਰਾਸਤ ‘ਚ ਰੱਖਣ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਅਨੁਸਾਰ 11 ਦਸੰਬਰ 1991 ਨੂੰ ਸੈਣੀ ਦੇ ਹੁਕਮਾਂ ਉਤੇ ਡੀ.ਐਸ਼ਪੀ. ਬਲਦੇਵ ਸਿੰਘ ਸੈਣੀ ਦੀ ਅਗਵਾਈ ਵਾਲੀ ਟੀਮ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਜਬਰੀ ਚੁੱਕ ਕੇ ਸੈਕਟਰ-17 ਦੇ ਥਾਣੇ ਲੈ ਗਈ ਸੀ। ਚੰਡੀਗੜ੍ਹ ਪੁਲਿਸ ਮੁਲਤਾਨੀ ਤੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਟਿਕਾਣੇ ਬਾਰੇ ਪੁੱਛ ਰਹੀ ਸੀ ਜੋ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਮਗਰੋਂ ਪੁਲਿਸ ਨੇ ਫੇਜ਼-10 ਸਥਿਤ ਹਾਊਸਫੈੱਡ ਕੰਪਲੈਕਸ ਵਿਚ ਛਾਪਾ ਮਾਰ ਕੇ ਪਿਤਾ-ਪੁੱਤ ਨੂੰ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਸਾਰਿਆਂ ਉਤੇ ਅੰਨ੍ਹੇਵਾਹ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ ਅਤੇ ਮੁਲਤਾਨੀ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਪਰਿਵਾਰ ਨੂੰ ਉਸ ਦੀ ਕੋਈ ਸੂਹ ਨਹੀਂ ਦਿੱਤੀ ਗਈ ਅਤੇ ਬਾਅਦ ਵਿਚ ਇਹ ਗੱਲ ਉੱਡਾ ਦਿੱਤੀ ਕਿ ਬਲਵੰਤ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਹੈ।
ਇਸ ਮਗਰੋਂ ਸੁਮੇਧ ਸੈਣੀ ਸੁਪਰੀਮ ਕੋਰਟ ਦੀ ਸ਼ਰਨ ਵਿਚ ਚਲਾ ਗਿਆ ਸੀ। ਸੁਪਰੀਮ ਕੋਰਟ ਨੇ ਜੁਲਾਈ 2008 ‘ਚ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ ਸੀ। ਪਰਿਵਾਰ ਨੂੰ 14 ਦਸੰਬਰ 2015 ਨੂੰ ਇਕ ਮੈਗਜ਼ੀਨ ਵਿਚ ਖਬਰ ਪੜ੍ਹ ਕੇ ਪਤਾ ਲੱਗਾ ਕਿ ਬਲਵੰਤ ਮੁਲਤਾਨੀ ਦੀ ਮੌਤ ਹੋ ਗਈ ਹੈ ਕਿਉਂਕਿ ਮੈਗਜ਼ੀਨ ਵਿਚ ਸੈਣੀ ਦੇ ਖਾਸ ਸਮਝੇ ਜਾਂਦੇ ਇਕ ਸਾਬਕਾ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀ ਹੋਈ ਸੀ।
_____________________________________
ਸਿਆਸੀ ਦਖਲਅੰਦਾਜ਼ੀ ਨਹੀਂ ਕਰਾਂਗੇ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵਲੋਂ ਪੁਰਾਣੇ ਅਗਵਾ ਕੇਸ ਵਿਚ ਦਰਜ ਪੁਲਿਸ ਕੇਸ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋਣ ਦੇ ਲਾਏ ਇਲਜ਼ਾਮਾਂ ਨੂੰ ਮੂਲੋਂ ਖਾਰਜ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਸਿਆਸੀ ਦਖਲਅੰਦਾਜ਼ੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਪੁਲਿਸ ਨੂੰ ਪੂਰੇ ਮਾਮਲੇ ਦੀ ਡੂੰਘਾਈ ਨਾਲ ਨਿਰਪੱਖ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।