ਕੈਪਟਨ ਸਰਕਾਰ ਨੇ ਲੌਕਡਾਊਨ ਆਸਰੇ ‘ਜਿੱਤੀ’ ਨਸ਼ਿਆਂ ਖਿਲਾਫ ਜੰਗ

ਚੰਡੀਗੜ੍ਹ: ਲੌਕਡਾਊਨ ਦੌਰਾਨ ਪੰਜਾਬ ਸਰਕਾਰ ਨੂੰ ਨਸ਼ਿਆਂ ਵਿਰੁੱਧ ਜੰਗ ‘ਚ ਵੱਡੀ ਸਫਲਤਾ ਮਿਲੀ ਹੈ। ਸਿਰਫ ਮਹੀਨੇ ‘ਚ ਸੂਬੇ ਭਰ ‘ਚੋਂ ਨਸ਼ੇ ਦੇ ਆਦੀ 86371 ਨਵੇਂ ਮਰੀਜ਼ 198 ਆਊਟਪੇਸ਼ੈਂਟ ਓਪੀਓਡ ਅਸਿਸਟੈਂਟ ਟ੍ਰੀਟਮੈਂਟ (ਓਓਏਟੀ) ਕਲੀਨਿਕਾਂ ਵਿਚ ਇਲਾਜ ਲਈ ਭਰਤੀ ਹੋਏ ਹਨ। ਸਰਕਾਰ ਦਾ ਦਾਅਵਾ ਹੈ ਕਿ ਨਸ਼ਿਆਂ ਵਿਰੁੱਧ ਜੰਗ ‘ਚ 6 ਮਈ 2020 ਤੱਕ ਓਟ, ਨਸ਼ਾ ਛੁਡਾਉ ਕੇਂਦਰਾਂ ਤੇ ਨਿੱਜੀ ਕੇਂਦਰਾਂ ਵਿਚ 5,00,552 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।

ਸਪੈਸ਼ਲ ਟਾਸਕ ਫੋਰਸ (ਐਸ਼ਟੀ.ਐਫ਼) ਦੇ ਚੀਫ-ਕਮ-ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਵਿਸ਼ਵ ਭਰ ਵਿਚ ਨਸ਼ਾ ਛੁਡਾਉਣ ਦੇ ਇਲਾਜ ਵਿਚ ‘ਓਟ’ ਕਲੀਨਿਕ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਅਤੇ ਸਭ ਤੋਂ ਪ੍ਰਮੁੱਖ ਕੋਸ਼ਿਸ਼ ਸਾਬਤ ਹੋਈ ਹੈ। ਓਟ ਕਲੀਨਿਕਾਂ ਵਿਚ ਰਜਿਸਟ੍ਰੇਸ਼ਨ ਵਿਚ ਵਾਧਾ ਹੋਣ ਕਰਕੇ, ਮਰੀਜ਼ਾਂ ਨੂੰ ਘਰਾਂ ਵਿਚ ਹੀ ਦਵਾਈ ਲੈਣ ਦੀ ਮਿਆਦ 21 ਦਿਨਾਂ ਤੱਕ ਵਧਾ ਦਿੱਤੀ ਗਈ ਜਿਸ ਨਾਲ ਮਰੀਜ਼ਾਂ ਅਤੇ ਸਟਾਫ ਨੂੰ ਵੱਡੀ ਰਾਹਤ ਮਿਲੀ । ਸ੍ਰੀ ਸਿੱਧੂ ਨੇ ਕਿਹਾ ਕਿ ਓਓਏਟੀ ਮਾਡਲ ਆਊਟਪੇਸ਼ੈਂਟ ਕਲੀਨਿਕ ਦਵਾਈ-ਸਲਾਹ-ਪੀਅਰ ਸਹਾਇਤਾ ਸੇਵਾਵਾਂ ਪ੍ਰਦਾਨ ਕਰਦਾ ਹੈ।
ਐਸ਼ਟੀ.ਐਫ਼ ਮੁੱਖੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਗਰਾਮ ਤਹਿਤ ਨਸ਼ਾ ਰੋਕੂ ਅਧਿਕਾਰੀ (ਡੈਪੋ) ਆਪਣੇ ਗੁਆਂਢੀ ਇਲਾਕਿਆਂ ਵਿਚ ਨਸ਼ਿਆਂ ਦੀ ਰੋਕਥਾਮ ਲਈ ਅਤੇ ਨਸ਼ਾ ਛੁਡਾਉ ਇਲਾਜ ਕੇਂਦਰਾਂ ਨਾਲ ਜੋੜਨ ਲਈ ਕਮਿਊਨਿਟੀ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਰੀਬ 5.43 ਲੱਖ ਡੈਪੋਜ਼ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 88710 ਅਧਿਕਾਰੀ ਹਨ ਅਤੇ 4,54,332 ਨਾਗਰਿਕ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਐਸ਼ਟੀ.ਐਫ਼ ਨੇ ‘ਡਰੱਗ ਦੀ ਵਰਤੋਂ ਖਿਲਾਫ ਵਿਆਪਕ ਕਾਰਵਾਈ’ (ਸੀ.ਏ.ਡੀ.ਏ.) ਰਣਨੀਤੀ ਤਿਆਰ ਕੀਤੀ ਹੈ ਜੋ ਇਨਫੋਰਸਮੈਂਟ-ਡੀਅਡਿਕਸ਼ਨ-ਪ੍ਰੀਵੈਂਸ਼ਨ (ਈ.ਡੀ.ਪੀ.) ਪਹੁੰਚ ਉਤੇ ਅਧਾਰਤ ਹੈ। ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੂਬੇ ਵਿਚ ਨਸ਼ਾਖੋਰੀ ਨੂੰ ਕਾਬੂ ਕਰਨ ਲਈ 360 ਡਿਗਰੀ ਪਹੁੰਚ ਹੈ ਅਤੇ ਨਸ਼ਾਖੋਰੀ ਦੀ ਰੋਕਥਾਮ ਲਈ ਸਾਰੇ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਸਮਾਜ ਦੇ ਸਾਰੇ ਵਰਗਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਂਦੀ ਹੈ।
ਉਨ੍ਹਾਂ ਦੱਸਿਆ ਕਿ 14,90,516 ਵਿਅਕਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ 2,05,619 ਨਸ਼ਾ ਪੀੜਤਾਂ ਨਾਲ ਸੰਪਰਕ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 98,278 ਪੀੜਤਾਂ ਨੂੰ ਨਸ਼ਾ ਛੁਡਾਉ / ਓ.ਓ.ਏ.ਟੀ. ਸੈਂਟਰਾਂ ਵਿੱਚ ਭੇਜਿਆ ਜਾ ਚੁੱਕਾ ਹੈ। ਐਸ਼ਟੀ.ਐਫ਼ ਦੇ ਮੁਖੀ ਨੇ ਅੱਗੇ ਦੱਸਿਆ ਕਿ ਫੋਰਸ ਵੱਲੋਂ ਸ਼ੁਰੂ ਕੀਤੇ ‘ਬੱਡੀ ਪ੍ਰੋਗਰਾਮ’ ਦਾ ਉਦੇਸ਼ ਸਕੂਲ ਦੇ ਬੱਚਿਆਂ, ਕਾਲਜ/ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ।
ਇਸ ਪਹਿਲਕਦਮੀ ਤਹਿਤ ਹੁਣ ਤੱਕ ਲਗਭਗ 15,976 ਵਿਦਿਅਕ ਸੰਸਥਾਵਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਜਿਸ ਵਿਚ 37,36,718 ਵਿਦਿਆਰਥੀਆਂ ਨੇ ਸਰਗਰਮ ਹਿੱਸਾ ਲਿਆ। ਇਸ ਤੋਂ ਇਲਾਵਾ 12,124 ਨੋਡਲ ਅਧਿਕਾਰੀਆਂ, 1,27,146 ਸੀਨੀਅਰ ਬੱਡੀਜ਼ ਅਤੇ 7,48,926 ਬੱਡੀ ਗਰੁੱਪ ਵੀ ਗਠਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 37,24,090 ਵਿਦਿਆਰਥੀਆਂ ਨੇ ਬੱਡੀ ਗਰੁੱਪ ਬਣਾਏ ਅਤੇ ਹੁਣ ਤੱਕ 6,28,606 ਪ੍ਰੋਗਰਾਮ/ਗਤੀਵਿਧੀਆਂ ਕਰਵਾਈਆਂ ਗਈਆਂ ਹਨ।
_______________________________________
ਨਸ਼ਾ ਤਸਕਰ ਰਣਜੀਤ ਚੀਤਾ ਤੇ ਉਸ ਦਾ ਭਰਾ ਗ੍ਰਿਫਤਾਰ
ਸਿਰਸਾ: ਪੰਜਾਬ ਦੀ ਅੰਮ੍ਰਿਤਸਰ ਪੁਲਿਸ, ਐਨ.ਆਈ.ਏ. ਤੇ ਹਰਿਆਣਾ ਪੁਲਿਸ ਦੀ ਸਾਂਝੀ ਟੀਮ ਨੇ 532 ਕਿਲੋ ਹੈਰੋਇਨ ਦੇ ਮਾਮਲੇ ਵਿਚ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਸਿਰਸਾ ਦੇ ਪਿੰਡ ਬੇਗੂ ਤੋਂ ਗ੍ਰਿਫਤਾਰ ਕੀਤਾ ਹੈ। ਰਣਜੀਤ ਤੇ ਉਸ ਦੇ ਭਰਾ ਨੂੰ ਸਿਰਸਾ ਵਿਚ ਪਨਾਹ ਦੇਣ ਵਾਲੇ ਪਿੰਡ ਵੈਦਵਾਲਾ ਦੇ ਗੁਰਮੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਰਣਜੀਤ ਉਸ ਚੀਤਾ ਦੇ ਹਿਜ਼ਬੁਲ ਮੁਜ਼ਾਹਦੀਨ ਨਾਲ ਸਬੰਧ ਹੋਣ ਦਾ ਪੁਲਿਸ ਵੱਲੋਂ ਦਾਆਵਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਪੁਲਿਸ ਤੇ ਐਨ.ਆਈ.ਏ. ਦੀ ਟੀਮ ਨੂੰ ਰਣਜੀਤ ਸਿੰਘ ਉਰਫ ਚੀਤਾ ਦੇ ਸਿਰਸਾ ਵਿਚ ਲੁਕੇ ਹੋਣ ਦੀ ਸੂਹ ਮਿਲੀ, ਜਿਸ ਮਗਰੋਂ ਪੁਲਿਸ ਨੇ ਸਿਰਸਾ ਦੇ ਪੁਲਿਸ ਨੇ ਸੰਪਰਕ ਕੀਤਾ ਤੇ ਤੜਕੇ ਵੱਖ-ਵੱਖ ਥਾਵਾਂ ਉਤੇ ਛਾਪਿਆਂ ਦੌਰਾਨ ਰਣਜੀਤ ਸਿੰਘ, ਉਸ ਦੇ ਭਰਾ ਗਗਨ ਅਤੇ ਪਿੰਡ ਵੈਦਵਾਲਾ ਦੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
____________________________________________
‘ਨਸ਼ਾ ਅਤਿਵਾਦ ਫੈਲਾਉਣ ਤੋਂ ਬਾਜ਼ ਆਵੇ ਪਾਕਿ’
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਨਸ਼ਾ ਅਤਿਵਾਦ ਫੈਲਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਵਿਰੁੱਧ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਦ੍ਰਿੜ੍ਹਤਾ ਜ਼ਾਹਿਰ ਕਰਦਿਆਂ ਆਖਿਆ ਕਿ ਕੋਵਿਡ ਦੇ ਸੰਕਟ ਦਰਮਿਆਨ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸਰਹੱਦ ਪਾਰ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਵਲੋਂ ਨਸ਼ਿਆਂ ਦੇ ਕਾਰੋਬਾਰ ‘ਚ ਵੱਡੀ ਮੱਛੀਆਂ ਨੂੰ ਕਾਬੂ ਕਰਨ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਭ ਕੁੱਝ ਦਿਸ ਰਿਹਾ ਹੈ ਕਿ ਪਾਕਿਸਤਾਨ ਕਰ ਕੀ ਰਿਹਾ ਹੈ।