ਕੇਂਦਰ ਦੇ ਭੇਜੇ ਰਾਸ਼ਨ ਨੂੰ ਲੈ ਕੇ ਉਲਝੀਆਂ ਪੰਜਾਬ ਦੀਆਂ ਸਿਆਸੀ ਧਿਰਾਂ

ਚੰਡੀਗੜ੍ਹ: ਕਰੋਨਾ ਕਾਰਨ ਕਾਰੋਬਾਰ ਠੱਪ ਹੋਣ ਕਰ ਕੇ ਬੇਰੁਜ਼ਗਾਰ ਹੋਏ ਦਿਹਾੜੀਦਾਰਾਂ ਦੇ ਪਰਿਵਾਰ ਭੁੱਖ ਨਾਲ ਜੂਝ ਰਹੇ ਹਨ ਪਰ ਸਿਆਸੀ ਆਗੂ ਇਕ-ਦੂਸਰੇ ਉਤੇ ਦੋਸ਼ ਮੜ੍ਹ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ। ਦੇਸ਼ ਵਿਚ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਕੈਪਟਨ ਸਰਕਾਰ ਉਤੇ ਲਗਾਤਾਰ ਇਹ ਦੋਸ਼ ਲਗਾ ਰਹੇ ਹਨ ਕਿ ਕੇਂਦਰ ਵਲੋਂ ਅਨਾਜ ਅਤੇ ਦਾਲਾਂ ਭੇਜਣ ਦੇ ਬਾਵਜੂਦ ਸੂਬਾ ਸਰਕਾਰ ਇਹ ਵਸਤਾਂ ਲੋੜਵੰਦਾਂ ਤੱਕ ਨਹੀਂ ਪਹੁੰਚਾ ਰਹੀ।

ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਵੀ ਵੱਖ-ਵੱਖ ਸੂਬਿਆਂ ਨੂੰ ਜਾਰੀ ਕੀਤੇ ਅਨਾਜ ਬਾਰੇ ਟਵੀਟ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਣਕ ਅਤੇ ਦਾਲ ਵੰਡਣ ਵਿਚ ਦੇਰੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਕਣਕ ਤਾਂ ਪੰਜਾਬ ਕੋਲ ਪਈ ਸੀ ਪਰ ਦਾਲਾਂ ਇਕ ਮਈ ਤੱਕ ਵੀ ਜ਼ਰੂਰਤ ਤੋਂ ਕਿਤੇ ਘੱਟ ਭੇਜੀਆਂ ਗਈਆਂ। ਕੇਂਦਰ ਨੇ 10,800 ਟਨ ਦਾਲਾਂ ਦੇਣ ਦਾ ਵਾਅਦਾ ਕੀਤਾ ਸੀ ਪਰ 2,500 ਟਨ ਦਾਲਾਂ ਹੀ ਮੁਹੱਈਆ ਕਰਵਾਈਆਂ ਗਈਆਂ।
ਮੁੱਖ ਮੰਤਰੀ ਨੇ ਇਕ ਮਈ ਤੋਂ ਸੂਬੇ ਦੇ 18 ਜ਼ਿਲ੍ਹਿਆਂ ਵਿਚ ਕਣਕ ਦੀ ਵੰਡ ਸ਼ੁਰੂ ਹੋਣ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਵਲੋਂ ਦਸ ਕਿੱਲੋ ਆਟਾ, ਦੋ ਕਿੱਲੋ ਦਾਲ ਅਤੇ 2 ਕਿੱਲੋ ਖੰਡ ਦੇ 15 ਲੱਖ ਪੈਕੇਟ ਸੂਬਾ ਸਰਕਾਰ ਵਲੋਂ ਦੇਣ ਦੇ ਅੰਕੜੇ ਵੀ ਪੇਸ਼ ਕੀਤੇ ਹਨ। ਖੁਰਾਕ ਸੁਰੱਖਿਆ ਕਾਨੂੰਨ ਅਨੁਸਾਰ ਇਸ ਕਾਨੂੰਨ ਦੇ ਦਾਇਰੇ ਵਿਚ ਆਉਣ ਵਾਲੇ ਪਰਿਵਾਰਾਂ ਦੇ ਹਰ ਜੀਅ ਨੂੰ ਪੰਜ ਕਿੱਲੋ ਪ੍ਰਤੀ ਮਹੀਨਾ ਕਣਕ ਦਿੱਤੀ ਜਾਂਦੀ ਹੈ। ਪੰਜਾਬ ਵਿਚ ਲਾਭਪਾਤਰੀਆਂ ਨੂੰ ਫਰਵਰੀ ਅਤੇ ਮਾਰਚ ਵਿਚ 30 ਕਿਲੋ ਕਣਕ ਦਿੱਤੀ ਗਈ। ਆਗੂਆਂ ਦੀ ਬਹਿਸ ਸਾਬਤ ਕਰਦੀ ਹੈ ਕਿ ਉਹ ਸੰਕਟ ਦੇ ਸਮੇਂ ਵੀ ਸੌੜੀ ਸਿਆਸਤ ਤੋਂ ਉਪਰ ਉਠਣ ਲਈ ਤਿਆਰ ਨਹੀਂ।
ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਹੈ ਕਿ ਕੇਂਦਰ ਵਲੋਂ ਅਪਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਲੋਕਾਂ ਵਿਚ ਨਹੀਂ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਭਾਵੇਂ ਮਈ ਮਹੀਨੇ ਲਈ ਕੇਂਦਰੀ ਰਾਹਤ, ਜਿਸ ਵਿਚ ਕਣਕ ਤੇ ਦਾਲਾਂ ਸ਼ਾਮਲ ਹਨ, ਪੰਜਾਬ ਵਿਚ ਪੁੱਜ ਚੁੱਕੀ ਹੈ ਪਰ ਅਜੇ ਤੱਕ ਪਿਛਲੇ ਮਹੀਨਾ ਦਾ ਰਾਸ਼ਨ ਵੀ ਲੋਕਾਂ ਵਿਚ ਨਹੀਂ ਵੰਡਿਆ ਗਿਆ। ਬੀਬੀ ਬਾਦਲ ਨੇ ਕਿਹਾ ਕਿ ਹੁਣ ਤੱਕ ਬਹੁਤ ਥੋੜ੍ਹਾ ਰਾਸ਼ਨ ਵੰਡਿਆ ਗਿਆ ਹੈ, ਜਦਕਿ ਹੁਣ ਤੱਕ ਕੇਂਦਰ ਵਲੋਂ ਸੂਬਾ ਸਰਕਾਰ ਨੂੰ ਪੰਜਾਬ ਦੀ ਅੱਧੀ ਆਬਾਦੀ ਭਾਵ 1.4 ਕਰੋੜ ਲੋਕਾਂ ਲਈ ਇਕ ਲੱਖ ਮੀਟਰਕ ਟਨ ਕਣਕ ਅਤੇ ਛੇ ਹਜ਼ਾਰ ਮੀਟਰਕ ਟਨ ਦਾਲਾਂ ਭੇਜੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਰਾਹਤ ਸਮੱਗਰੀ ਦੀ ਵੰਡ ਅਜੇ ਸਿਰਫ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਦੀ ਨੁਮਾਇੰਦਗੀ ਕ੍ਰਮਵਾਰ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਅਤੇ ਮੁੱਖ ਮੰਤਰੀ ਕਰਦੇ ਹਨ। ਇਸ ਤੋਂਂ ਇਲਾਵਾ ਰਾਹਤ ਸਮੱਗਰੀ ਵਾਰੀ ਅਨੁਸਾਰ ਵੰਡਣ ਦੀ ਥਾਂ ਕਾਂਗਰਸੀ ਆਗੂ ਸਭ ਤੋਂ ਪਹਿਲਾਂ ਆਪਣੇ ਸਮਰਥਕਾਂ ਵਿਚ ਵੰਡਣ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਉਤੇ ਕਥਿਤ ਦਬਾਅ ਪਾ ਰਹੇ ਹਨ। ਇਸ ਤੋਂ ਇਲਾਵਾ ਕਣਕ ਅਤੇ ਦਾਲਾਂ ਦੇ ਸਟੋਰਾਂ ਵਿਚ ਹੇਰਾ-ਫੇਰੀ ਦੀਆਂ ਵੀ ਰਿਪੋਰਟਾਂ ਆਈਆਂ ਹਨ। ਬੀਬੀ ਬਾਦਲ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਦੇ ਹੱਕਦਾਰ 1.4 ਕਰੋੜ ਲਾਭਾਪਾਤਰੀਆਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਉਨ੍ਹਾਂ ਨੂੰ ਇਹ ਲਾਭ ਕਿਉਂ ਨਹੀਂ ਦਿੱਤਾ ਗਿਆ।
_________________________________________
ਕੇਂਦਰ ਨੇ ਪੂਰੀ ਮਾਤਰਾ ‘ਚ ਦਾਲ ਨਹੀਂ ਭੇਜੀ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ, ਜਿਨ੍ਹਾਂ ਵਿਚ ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਕੇਂਦਰੀ ਖੁਰਾਕ ਮੰਤਰੀ ਨੂੰ ਗੁਮਰਾਹ ਕੀਤਾ ਹੈ ਅਤੇ ਕੇਂਦਰੀ ਅਨਾਜ ਦੀ ਵੰਡ ਵਿਚ ਦੇਰੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਕੀਤੇ ਵਾਅਦੇ ਦੇ ਉਲਟ ਦਾਲ ਦੀ ਮਿਕਦਾਰ 50 ਫੀਸਦੀ ਘੱਟ ਮੁਹੱਈਆ ਕਰਵਾਈ ਗਈ ਹੈ, ਜਿਸ ਦੀ ਅਣਹੋਂਦ ਕਾਰਨ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੀ ਵੰਡ ਨਹੀਂ ਕੀਤੀ ਜਾ ਸਕੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਰਫਿਊ/ਲੌਕਡਾਊਨ ਦੌਰਾਨ ਯੋਗ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾਣੀ ਸੀ ਪਰ ਸਚਾਈ ਇਹ ਹੈ ਕਿ ਸੂਬੇ ਦੇ ਗੁਦਾਮਾਂ ਅੰਦਰ ਕਣਕ ਪਹਿਲਾਂ ਹੀ ਚੋਖੀ ਮਿਕਦਾਰ ਵਿਚ ਪਈ ਹੈ ਜਦਕਿ ਕੇਂਦਰ ਵਲੋਂ ਦਾਲਾਂ ਦੀ ਲੋੜੀਂਦੀ ਸਪਲਾਈ ਨਹੀਂ ਕੀਤੀ ਜਾ ਰਹੀ।
_____________________________________
ਕੈਪਟਨ ਨੂੰ ਸ਼ਰਾਬ ਦੀ ਵੱਧ ਫਿਕਰ: ਹਰਸਿਮਰਤ
ਲੰਬੀ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਸੂਬੇ ‘ਚ ਭੇਜਿਆ ਗਿਆ ਰਾਸ਼ਨ ਤੁਰਤ ਵੰਡਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵੱਡੀ ਤ੍ਰਾਸਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਕਰੋਨਾ ਜਿਹੇ ਵਿਸ਼ਵਵਿਆਪੀ ਸੰਕਟ ਮੌਕੇ ਪ੍ਰਭਾਵਿਤ ਲੋਕਾਂ ਤੱਕ ਸਿਹਤ ਸਹੂਲਤਾਂ ਅਤੇ ਢੁਕਵਾਂ ਰਾਸ਼ਨ ਪਹੁੰਚਾਉਣ ਦੀ ਥਾਂ ਘਰ-ਘਰ ਸ਼ਰਾਬ ਪਹੁੰਚਾਉਣ ਦੀ ਜ਼ਿਆਦਾ ਫਿਕਰ ਹੈ। ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਲੋਕ ਤਰਜੀਹਾਂ ਤੋਂ ਥਿੜਕੀ ਤੇ ਅੰਦਰੂਨੀ ਬੇਭਰੋਸਗੀ ਦੀ ਸ਼ਿਕਾਰ ਕਰਾਰ ਦਿੱਤਾ ਹੈ।