ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇ ਬਾਰੇ ਭੰਬਲਭੂਸਾ ਬਰਕਰਾਰ

ਅੰਮ੍ਰਿਤਸਰ: ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਹਾਈਵੇ ਪ੍ਰੋਜੈਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸ ਪ੍ਰੋਜੈਕਟ ਵਿਚੋਂ ਅੰਮ੍ਰਿਤਸਰ ਨੂੰ ਬਾਹਰ ਕਰ ਦੇਣ ਸਬੰਧੀ ਚੱਲੀ ਚਰਚਾ ਤੋਂ ਬਾਅਦ ਇਸ ਨਗਰੀ ਨੂੰ ਇਸ ਪ੍ਰੋਜੈਕਟ ਨਾਲ ਜੋੜਨ ਲਈ ਸਥਾਨਕ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਗਿਆ ਸੀ।

ਇਸ ਉਪਰੰਤ ਇਸ ਪ੍ਰੋਜੈਕਟ ‘ਚ ਅੰਮ੍ਰਿਤਸਰ ਨੂੰ ਰੱਖਣ ਲਈ ਸਥਾਨਕ ਕਈ ਹੋਰ ਸਿਆਸੀ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਆਪਣੀ ਪਹੁੰਚ ਤੱਕ ਹੱਥ ਪੈਰ ਮਾਰੇ ਗਏ ਪਰ ਇਸ ਪ੍ਰੋਜੈਕਟ ਬਾਰੇ ਸਥਿਤੀ ਅਜੇ ਵੀ ਭੰਬਲਭੂਸੇ ਵਾਲੀ ਹੈ। ਪ੍ਰੋਜੈਕਟ ਨੂੰ ਲੈ ਕੇ ਕੇਂਦਰ ‘ਤੇ ਕਾਬਜ਼ ਪਾਰਟੀ ਦੇ ਆਗੂਆਂ ਵਲੋਂ ਵੀ ਇਸ ਬਾਰੇ ਵੱਖਰੇ-ਵੱਖਰੇ ਦਾਅਵੇ ਕੀਤੇ ਜਾ ਰਹੇ ਹਨ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵਲੋਂ ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਤੇ ਨੈਸ਼ਨਲ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ‘ਚੋਂ ਅੰਮ੍ਰਿਤਸਰ ਨੂੰ ਬਾਹਰ ਨਹੀਂ ਰੱਖਿਆ ਗਿਆ। ਸ੍ਰੀ ਜੋਸ਼ੀ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਹਾਈਵੇ ਪ੍ਰੋਜੈਕਟ ਵਿਚੋਂ ਅੰਮ੍ਰਿਤਸਰ ਨੂੰ ਬਾਹਰ ਕੀਤੇ ਜਾਣ ਸਬੰਧੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਇਸ ਮੁੱਦੇ ਵੱਲ ਲਿਆਂਦਾ ਸੀ। ਸ੍ਰੀ ਜੋਸ਼ੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਡਾ. ਜਤਿੰਦਰ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਰਾਜ ਮੰਤਰੀ ਨੇ ਭਾਰਤ ਸਰਕਾਰ ਦੀ ਕੌਮੀ ਹਾਈਵੇ ਅਥਾਰਿਟੀ ਨਾਲ ਗੱਲਬਾਤ ਕਰਕੇ ਇਨ੍ਹਾਂ ਚਰਚਾਵਾਂ ਨੂੰ ਬੇਬੁਨਿਆਦ ਤੇ ਅਫਵਾਹਾਂ ਦੱਸਦੇ ਹੋਏ ਭਰੋਸਾ ਦਿੱਤਾ ਹੈ ਕਿ ਇਹ ਪ੍ਰੋਜੈਕਟ ਉਨ੍ਹਾਂ ਦਾ ਸੁਪਨਾ ਪ੍ਰੋਜੈਕਟ ਹੈ, ਜਿਸ ਦਾ ਐਲਾਨ ਉਹ 2018 ‘ਚ ਅੰਮ੍ਰਿਤਸਰ ‘ਚ ਕਰਕੇ ਗਏ ਸਨ ਤੇ ਇਸ ਸਬੰਧੀ ਫੈਲਾਈਆਂ ਜਾਣ ਵਾਲੀਆਂ ਅਫਵਾਹਾਂ ‘ਤੇ ਭਰੋਸਾ ਨਾ ਕੀਤਾ ਜਾਵੇ।
ਦੂਜੇ ਪਾਸੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਇਹ ਮਾਮਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਧਿਆਨ ‘ਚ ਲਿਆਉਣ ਤੇ ਕੇਂਦਰੀ ਮੰਤਰੀ ਵਲੋਂ ਇਸ ਪ੍ਰੋਜੈਕਟ ਉਤੇ ਮੁੜ ਚਰਚਾ ਕਰਨ ਤੇ ਅੰਮ੍ਰਿਤਸਰ ਨੂੰ ਸ਼ਾਮਲ ਕਰਨ ਦਾ ਭਰੋਸਾ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸ੍ਰੀ ਮਲਿਕ ਇਸ ਪ੍ਰੋਜੈਕਟ ਨੂੰ ਅੰਮ੍ਰਿਤਸਰ ਹੱਥੋਂ ਨਿਕਲਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਪੂਰੇ ਮਾਝਾ ਖੇਤਰ ਨੂੰ ਇਸ ਹਾਈਵੇ ਦੀ ਬਹੁਤ ਲੋੜ ਹੈ ਪਰ ਨਿੱਜੀ ਸਵਾਰਥਾਂ ਲਈ ਪੰਜਾਬ ਸਰਕਾਰ ਵਲੋਂ ਕਥਿਤ ਤੌਰ ‘ਤੇ ਯੋਜਨਾ ਤਹਿਤ ਇਹ ਸੁਗਾਤ ਮਾਝੇ ਦੇ ਲੋਕਾਂ ਤੋਂ ਖੋਹੀ ਹੈ। ਉਨ੍ਹਾਂ ਕਿਹਾ ਕਿ ਇਸ ਹਾਈਵੇ ਦੇ ਬਣਨ ਨਾਲ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸੁਲਤਾਨਪੁਰ ਲੋਧੀ, ਸ੍ਰੀ ਗੋਇੰਦਵਾਲ ਸਾਹਿਬ, ਸੀ ਖਡੂਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਕਰਤਾਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ, ਭਗਵਾਨ ਵਾਲਮੀਕਿ ਤੀਰਥ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਅਤੇ ਜਲ੍ਹਿਆਂਵਾਲਾ ਬਾਗ ਅਤੇ ਅਟਾਰੀ ਸਰਹੱਦ ‘ਤੇ ਝੰਡੇ ਦੀ ਰਸਮ ਦੇਖਣ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ।