ਸਮਾਜ ਨੂੰ ‘ਉੱਤਮ ਖੇਤੀ’ ਦਾ ਮੰਤਰ ਹੀ ਬਚਾ ਸਕਦੈ

-ਜਤਿੰਦਰ ਪਨੂੰ
ਇਤਿਹਾਸ ਦਾ ਦੁਖਾਂਤ ਹੀ ਹੈ ਕਿ ਬੰਦਾ ਅੱਜ ਉਸ ਮੋੜ ‘ਤੇ ਆ ਪਹੁੰਚਿਆ ਹੈ, ਜਿੱਥੇ ਖੁਦ ਆਪਣੇ ਪ੍ਰਛਾਵੇਂ ਤੋਂ ਵੀ ਡਰ ਲੱਗਣ ਲੱਗ ਪਿਆ ਹੈ। ਆਪਣੇ ਬਹੁਤ ਨੇੜੇ ਦੀ ਸਾਂਝ ਵਾਲੇ ਲੋਕਾਂ ਨਾਲ ਮਿਲਣ ਵੇਲੇ ਵੀ ਹੱਥ ਮਿਲਾਉਣ ਦੀ ਹਿੰਮਤ ਨਹੀਂ ਪੈਂਦੀ ਤੇ ਦੂਰੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਤੇ ਕਹਿਣੀ ਪੈਂਦੀ ਹੈ। ਜੋ ਬੰਦਾ ਕੱਲ੍ਹ ਮਿਲਿਆ ਹੁੰਦਾ ਹੈ, ਅੱਜ ਉਸ ਨੂੰ ਮਿਲਣ ਵੇਲੇ ਮਨ ਵਿਚ ਇਹ ਸੋਚ ਆਉਂਦੀ ਹੈ ਕਿ ਇਹ ਕੱਲ੍ਹ ਕਿਸੇ ਹੋਰ ਨੂੰ ਮਿਲਿਆ ਹੋਇਆ ਤਾਂ ਪਤਾ ਨਹੀਂ ਕਿਸੇ ਕੋਲੋਂ ਬਿਮਾਰੀ ਦਾ ਗੱਫਾ ਨਾ ਲੈ ਆਇਆ ਹੋਵੇ। ਏਦਾਂ ਤਾਂ ਕਦੀ ਨਹੀਂ ਸੀ ਹੋਈ! ਮਾਨਸ ਜਾਤ ਇਸ ਵਕਤ ਉਸ ਔਝੜ ਵਿਚ ਪੈ ਗਈ ਹੈ, ਜਿਸ ਤੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ।

ਅਸਲੋਂ ਡਰਾਉਣੇ ਇਨ੍ਹਾਂ ਹਾਲਾਤ ਵਿਚ ਅਜੇ ਕੁਝ ਹੋਰ ਡਰਾਉਣ ਵਾਲਾ ਬਾਕੀ ਹੈ। ਸੰਸਾਰ ਭਰ ਦੇ ਆਰਥਕਤਾ ਦੇ ਮਾਹਰ ਕਹੀ ਜਾ ਰਹੇ ਹਨ ਕਿ ਪਹਿਲਾਂ ਇਸ ਬੀਮਾਰੀ ਨੇ ਬਹੁਤ ਬੁਰੀ ਤਰ੍ਹਾਂ ਝੰਜੋੜ ਦੇਣਾ ਹੈ ਤੇ ਫਿਰ ਇਸ ਦਾ ਕਾਰੋਬਾਰ ਤੇ ਰੁਜ਼ਗਾਰ ਨੂੰ ਏਦਾਂ ਦਾ ਝਟਕਾ ਲੱਗਣ ਵਾਲਾ ਹੈ ਕਿ ਸੋਚ ਕੇ ਤ੍ਰਾਹ ਨਿਕਲ ਜਾਂਦਾ ਹੈ। ਛੋਟੇ ਪੱਧਰ ਦਾ ਕਾਰੋਬਾਰ ਕਰਨ ਵਾਲੇ ਬਹੁਤ ਸਾਰੇ ਲੋਕਾਂ ਲਈ ਏਨੇ ਦਿਨਾਂ ਦਾ ਲੌਕਡਾਊਨ ਜਾਂ ਕਰਫਿਊ ਏਨਾ ਮਾਰੂ ਸਾਬਤ ਹੋਣ ਵਾਲਾ ਹੈ ਕਿ ਇਸ ਪਿਛੋਂ ਉਨ੍ਹਾਂ ਕੋਲੋਂ ਆਪਣਾ ਕੰਮ ਫਿਰ ਚਲਾਇਆ ਨਹੀਂ ਜਾ ਸਕਣਾ। ਭਾਰਤ ਦੀ ਮਾਰੂਤੀ ਕਾਰ ਕੰਪਨੀ ਇਹ ਮੰਗ ਕਰਨ ਵਾਲਿਆਂ ਵਿਚ ਸ਼ਾਮਲ ਸੀ ਕਿ ਉਨ੍ਹਾਂ ਨੂੰ ਕੰਮ ਚਲਾਉਣ ਦੀ ਆਗਿਆ ਦਿੱਤੀ ਜਾਵੇ, ਪਰ ਜਦੋਂ ਆਗਿਆ ਮਿਲੀ ਤਾਂ ਕੰਮ ਸ਼ੁਰੂ ਨਹੀਂ ਕਰ ਸਕੀ। ਪੈਸੇ ਦੀ ਉਸ ਕੋਲ ਕਮੀ ਨਹੀਂ, ਸਗੋਂ ਇਸ ਦਾ ਕਾਰਨ ਇਹ ਹੈ ਕਿ ਉਸ ਨਾਲ ਜੁੜਦੇ ਕਈ ਕੰਮ ਨਾਲ ਦੀਆਂ ਛੋਟੀਆਂ ਪ੍ਰਾਈਵੇਟ ਕੰਪਨੀਆਂ ਤੋਂ ਕਰਵਾਏ ਜਾਂਦੇ ਹਨ ਤੇ ਉਨ੍ਹਾਂ ਦੇ ਬਣਾਏ ਪੁਰਜ਼ੇ ਮਾਰੂਤੀ ਕਾਰਾਂ ਵਿਚ ਫਿੱਟ ਕੀਤੇ ਜਾਂਦੇ ਹਨ। ਉਹ ਛੋਟੀਆਂ ਕੰਪਨੀਆਂ ਏਨੇ ਲੰਮੇ ਬੰਦ ਪਿੱਛੋਂ ਕਾਰੋਬਾਰ ਚਲਾਉਣ ਜੋਗੀਆਂ ਹਾਲੇ ਨਹੀਂ ਹੋਈਆਂ ਅਤੇ ਨਤੀਜੇ ਵਜੋਂ ਮਾਰੂਤੀ ਦਾ ਕੰਮ ਵੀ ਠੱਪ ਜਿਹਾ ਹੈ। ਏਦਾਂ ਦੇ ਸਾਰੇ ਕਾਰੋਬਾਰਾਂ ਦੀ ਇੱਕ ਚੇਨ ਜਿਹੀ ਹੁੰਦੀ ਹੈ, ਉਸ ਲੜੀ ਦਾ ਇੱਕ ਕੁੰਡਾ ਵੀ ਜਦੋਂ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਬਾਕੀ ਸਾਰੀ ਚੇਨ ਉਤੇ ਅਜਿਹਾ ਅਸਰ ਪੈਂਦਾ ਹੈ ਕਿ ਉਹ ਅੱਗੇ ਨਹੀਂ ਤੁਰ ਸਕਦੀ। ਜੋ ਹਾਲਤ ਮਾਰੂਤੀ ਕੰਪਨੀ ਦੀ ਮੀਡੀਏ ਵਿਚ ਦੱਸੀ ਜਾ ਰਹੀ ਹੈ, ਦੁਨੀਆ ਦੇ ਕਈ ਦੇਸ਼ਾਂ ਵਿਚੋਂ ਏਸੇ ਤਰ੍ਹਾਂ ਦੀਆਂ ਰਿਪੋਰਟਾਂ ਕਈ ਵੱਡੀਆਂ-ਵੱਡੀਆਂ ਕਾਰਪੋਰੇਸ਼ਨਾਂ ਬਾਰੇ ਪੜ੍ਹਨ ਨੂੰ ਮਿਲ ਰਹੀਆਂ ਹਨ।
ਨੱਬੇ ਕੁ ਸਾਲ ਪਹਿਲਾਂ ਜਦੋਂ ਸੰਸਾਰ ਪੱਧਰ ਦਾ ਮੰਦਾ ਆਇਆ ਸੀ ਤਾਂ ਉਸ ਦੀ ਇੱਕ ਕਹਾਣੀ ਚਰਚਿਤ ਹੋਣ ਪਿੱਛੋਂ ਅੱਜ ਤੱਕ ਸੂਝਵਾਨ ਲੋਕਾਂ ਵੱਲੋਂ ਯਾਦ ਕੀਤੀ ਜਾਂਦੀ ਹੈ। ਇੱਕ ਬੱਚਾ ਕੜਾਕੇ ਦੀ ਠੰਢ ਵਿਚ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਅੰਗੀਠੀ ਬਾਲ ਲਈਏ, ਪਰ ਮਾਂ ਕਹਿੰਦੀ ਹੈ ਕਿ ਸਾਡੇ ਘਰ ਕੋਲਾ ਨਹੀਂ ਹੈ। ਬੱਚਾ ਕੋਲਾ ਨਾ ਹੋਣ ਦਾ ਕਾਰਨ ਪੁੱਛਦਾ ਹੈ ਤਾਂ ਮਾਂ ਕਹਿੰਦੀ ਹੈ, ‘ਇਸ ਲਈ ਕਿ ਕੋਲਾ ਬਹੁਤਾ ਹੋ ਗਿਆ ਹੈ।’ ਬੱਚਾ ਸਮਝ ਨਹੀਂ ਸੀ ਸਕਿਆ। ਫਿਰ ਮਾਂ ਨੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਤੇਰਾ ਬਾਪ ਇੱਕ ਕੋਲੇ ਦੀ ਖਾਣ ਦਾ ਮਜ਼ਦੂਰ ਹੈ, ਉਸ ਖਾਣ ਵਿਚੋਂ ਕੋਲਾ ਬਹੁਤ ਜ਼ਿਆਦਾ ਕੱਢ ਲਿਆ ਜਾਣ ਪਿੱਛੋਂ ਵਿਕ ਨਹੀਂ ਰਿਹਾ ਅਤੇ ਇਸ ਲਈ ਤੇਰੇ ਬਾਪ ਨੂੰ ਕੰਮ ਨਹੀਂ ਮਿਲ ਰਿਹਾ। ਕਿਉਂਕਿ ਕੋਲਾ ਬਹੁਤਾ ਹੋਣ ਕਾਰਨ ਤੇਰੇ ਬਾਪ ਨੂੰ ਕੰਮ ਨਹੀਂ ਮਿਲਦਾ, ਇਸ ਲਈ ਘਰ ਵਿਚ ਪੈਸੇ ਨਹੀਂ ਤੇ ਜ਼ਿਆਦਾ ਕੋਲਾ ਕੱਢਣ ਵਾਲੇ ਸਾਡੇ ਜਿਹੇ ਮਜ਼ਦੂਰਾਂ ਦੇ ਪਰਿਵਾਰ ਆਪਣੀ ਅੰਗੀਠੀ ਭਖਾਉਣ ਜੋਗਾ ਕੋਲਾ ਵੀ ਨਹੀਂ ਖਰੀਦ ਸਕਦੇ।
ਉਦੋਂ ਸਥਿਤੀ ਵਧੇਰੇ ਮਾਲ ਬਣਨ ਦੇ ਬਾਅਦ ਵਿਕਰੀ ਦੇ ਮੰਦੇ ਦੀ ਸੀ, ਅੱਜ ਇਹ ਹੋ ਗਈ ਹੈ ਕਿ ਕਿਸੇ ਫੈਕਟਰੀ ਕੋਲ ਮਾਲ ਬਣਾਉਣ ਲਈ ਪਹਿਲਾਂ ਕੱਚਾ ਮਾਲ ਲੱਭਣਾ ਔਖਾ ਹੋ ਜਾਣਾ ਹੈ, ਕੱਚਾ ਮਾਲ ਮਿਲ ਗਿਆ ਤਾਂ ਅੱਗੇ ਆਮ ਆਦਮੀ ਦੀ ਖਰੀਦ ਸ਼ਕਤੀ ਏਨੀ ਨਹੀਂ ਰਹਿਣੀ ਕਿ ਉਸ ਮਾਲ ਨੂੰ ਧੜਾਧੜ ਖਰੀਦਣ ਵਾਲੇ ਗਾਹਕ ਭੱਜੇ ਆਉਣ। ਜਦੋਂ ਫੈਕਟਰੀਆਂ ਦਾ ਇਹ ਹਾਲ ਹੋਇਆ ਕਿ ਨਾ ਕੱਚਾ ਮਾਲ ਮਿਲਿਆ, ਤੇ ਨਾ ਬਣਿਆ ਮਾਲ ਵੇਚਣ ਲਈ ਗਾਹਕ ਮਿਲੇ, ਤਾਂ ਇਹ ਉਸ ਮੰਦੀ ਨਾਲੋਂ ਵੀ ਵੱਡੀ ਮੰਦੀ ਲਿਆਵੇਗਾ।
ਅਸੀਂ ਬਚਪਨ ਵਿਚ ਬਜੁਰਗਾਂ ਕੋਲੋਂ ‘ਉਤਮ ਖੇਤੀ, ਮੱਧਮ ਵਪਾਰ; ਨਖਿਧ ਚਾਕਰੀ, ਭੀਖ ਦੁਆਰ’ ਦਾ ਮੁਹਾਵਰਾ ਸੁਣਦੇ ਹੁੰਦੇ ਸਾਂ। ਫਿਰ ਹਾਲਾਤ ਬਦਲਦੇ ਗਏ। ਸਦੀਆਂ ਤੋਂ ਉਤਮ ਗਿਣੀ ਜਾਂਦੀ ਖੇਤੀ ਨਾਲੋਂ ਦੂਜੇ ਧੰਦਿਆਂ ਦਾ ਦਰਜਾ ਉਪਰ ਹੁੰਦਾ ਗਿਆ। ਪਹਿਲ ਸਰਕਾਰੀ ਨੌਕਰੀ ਨੂੰ ਦਿੱਤੀ ਜਾਣ ਲੱਗ ਪਈ ਤੇ ਜਿਨ੍ਹਾਂ ਦਾ ਆਪਣਾ ਕਾਰੋਬਾਰ ਸੀ, ਉਨ੍ਹਾਂ ਦੀ ਤਰੱਕੀ ਵੇਖ ਕੇ ਲੋਕ ਈਰਖਾ ਕਰਨ ਲੱਗ ਪਏ। ਹੈਸੀਅਤ ਵਿਖਾਉਣ ਦੀ ਮੁਕਾਬਲੇਬਾਜ਼ੀ ਵਿਚ ਕਿਸਾਨਾਂ ਦੇ ਪੁੱਤ ਵੀ ਉਨ੍ਹਾਂ ਚੀਜ਼ਾਂ ਦੀ ਖਰੀਦਾ-ਖਰਾਦੀ ਦੇ ਰਾਹ ਪੈ ਗਏ, ਜਿਨ੍ਹਾਂ ਦੇ ਬਿਨਾ ਸਰ ਸਕਦਾ ਸੀ ਤੇ ਇਸ ਖਿੱਚ ਦੇ ਖਿੱਚੇ ਕਿਸਾਨਾਂ ਨੂੰ ਬੈਂਕਾਂ ਵਾਲਿਆਂ ਨੇ ਇੱਕ-ਇੱਕ ਖੇਤ ਉਤੇ ਦੋ-ਤਿੰਨ ਥਾਂਈਂ ਕਰਜ਼ਾ ਦਿਵਾ ਕੇ ਹੋਰ ਨੀਵਾਣਾਂ ਦੇ ਰਾਹ ਪਾ ਦਿੱਤਾ। ਭਾਈਚਾਰੇ ਨਾਲ ਮਿਲ ਕੇ ਧੀਆਂ-ਭੈਣਾਂ ਦੇ ਵਿਆਹ ਕਰਨ ਦੀ ਥਾਂ ਮੈਰਿਜ ਪੈਲਿਸਾਂ ਵੱਲ ਤੁਰ ਪਏ ਅਤੇ ਮਾੜੇ ਤੋਂ ਮਾੜਾ ਕਿਸਾਨ ਵੀ ਆਪਣੇ ਨਾਲ ਪਰਵਾਸੀ ਕਾਮਾ ਰੱਖਣ ਲੱਗ ਪਿਆ। ਖੁਦਕੁਸ਼ੀਆਂ ਦੀ ਚਰਚਾ ਹੁੰਦੀ ਸੀ, ਪਰ ਕਿਸੇ ਕਿਸਾਨ ਜਥੇਬੰਦੀ ਨੇ ਇਹ ਹੋਕਾ ਨਹੀਂ ਸੀ ਦਿੱਤਾ ਕਿ ਚਾਦਰ ਵੇਖ ਕੇ ਪੈਰ ਪਸਾਰੀਏ ਤੇ ਭਾਈਚਾਰਕ ਸਾਂਝ ਦੀ ਪਿਰਤ ਫਿਰ ਆਪਣੇ ਸੱਭਿਆਚਾਰ ਦਾ ਅੰਗ ਬਣਾ ਲਈਏ ਤਾਂ ਸਾਡਾ ਬਚਾਅ ਹੋ ਸਕਦਾ ਹੈ। ਸਰਕਾਰਾਂ ਨੂੰ ਲੋਕਾਂ ਦੀ ਚਿੰਤਾ ਹੀ ਨਹੀਂ ਹੁੰਦੀ, ਹਾਕਮ ਤਾਂ ਸਿਰਫ ਰਾਜ ਕਰਨ ਲਈ ਅੱਗੇ ਆਉਂਦੇ ਹਨ ਤੇ ਆਪਣੇ ਨੇੜਲਿਆਂ ਤੇ ਚਹੇਤਿਆਂ ਨੂੰ ਮਲਾਈਦਾਰ ਅਹੁਦਿਆਂ ਦਾ ਗੱਫਾ ਵੰਡਣ ਤੋਂ ਅੱਗੇ ਵਧਣ ਦੀ ਲੋੜ ਹੀ ਘੱਟ ਸਮਝਦੇ ਹਨ। ਆਮ ਆਦਮੀ ਦਾ ਚੇਤਾ ਪੰਜ ਸਾਲਾਂ ਪਿੱਛੋਂ ਕੀਤਾ ਜਾਂਦਾ ਹੈ।
ਅਜੋਕਾ ਸਮਾਂ ਬਿਨਾ ਸ਼ੱਕ ਸਾਨੂੰ ਸਭ ਨੂੰ ਕਰੋਨਾ ਦੀ ਮਹਾਮਾਰੀ ਦਾ ਦੌਰ ਦਿੱਸਦਾ ਹੈ ਤੇ ਇਹ ਹੈ ਵੀ, ਪਰ ਇਸ ਦੇ ਨਾਲ ਅਗਲੇ ਦਿਨਾਂ ਵਿਚ ਆਰਥਕ ਮੰਦਵਾੜੇ ਤੇ ਬੇਰੁਜ਼ਗਾਰੀ ਦਾ ਜੋ ਦੈਂਤ ਰਾਹ ਰੋਕੀ ਖੜਾ ਦਿਸ ਰਿਹਾ ਹੈ, ਉਸ ਬਾਰੇ ਸੋਚਣ ਦਾ ਵੇਲਾ ਵੀ ਇਹੋ ਹੈ। ਦੁਨੀਆਂ ਦਾ ਤਜਰਬਾ ਦੱਸਦਾ ਹੈ ਕਿ ਜਦੋਂ ਸਾਰੇ ਰਾਹ ਬੰਦ ਹੁੰਦੇ ਦਿੱਸਦੇ ਹਨ, ਉਦੋਂ ਵੀ ਖੇਤੀ ਦਾ ਖੇਤਰ ਹਜ਼ਾਰ ਸੱਟਾਂ ਖਾਣ ਦੇ ਬਾਵਜੂਦ ਢਿੱਡ ਭਰਨ ਜੋਗਾ ਟਿਕਿਆ ਰਹਿੰਦਾ ਹੈ। ਅਸੀਂ ਅਫਗਾਨਿਸਤਾਨ ਦੀ ਵੀਹ ਤੋਂ ਵੱਧ ਸਾਲ ਰਾਤ-ਦਿਨ ਚੱਲਦੀ ਜੰਗ ਦਾ ਹਾਲ ਵੇਖਿਆ ਹੈ, ਕੋਈ ਫੈਕਟਰੀਆਂ ਚੱਲਣ ਦੀ ਖਬਰ ਨਹੀਂ ਆਉਂਦੀ, ਸਕੂਲ ਵੀ ਬੰਦ ਕੀਤੇ ਪਏ ਹਨ, ਪਰ ਏਨਾ ਲੰਮਾ ਸਮਾਂ ਉਥੋਂ ਦੇ ਪੇਂਡੂ ਲੋਕ ਆਪਣੇ ਖੇਤਾਂ ਵਿਚੋਂ ਲੋੜ ਜੋਗਾ ਅੰਨ ਪੈਦਾ ਕਰ ਕੇ ਜਿਊਣ ਦਾ ਜੁਗਾੜ ਕਰਦੇ ਰਹੇ ਹਨ। ਵੱਡੀਆਂ ਮਹਾਮਾਰੀਆਂ ਦੇ ਦੌਰ ਵਿਚ ਵੀ ਪਿੰਡਾਂ ਦੀ ਆਰਥਕਤਾ ਇਸ ਕਰ ਕੇ ਇੱਕ ਹੱਦ ਤੱਕ ਟਿਕੀ ਰਹਿੰਦੀ ਸੀ ਕਿ ਉਸ ਨੂੰ ਸ਼ਹਿਰੀ ਅਲਾਮਤਾਂ ਦੀ ਮਾਰ ਛੇਤੀ ਵਲ੍ਹੇਟੇ ਵਿਚ ਨਹੀਂ ਲੈ ਸਕਦੀ। ਜੰਗਲ ਨਾਲ ਜੁੜੀ ਆਦਿ ਵਾਸੀ ਆਬਾਦੀ ਦੀ ਬਹੁਤਾਤ ਵਾਲੇ ਝਾਰਖੰਡ, ਛੱਤੀਸਗੜ੍ਹ ਜਿਹੇ ਰਾਜਾਂ ਵਿਚ ਕਰੋਨਾ ਦੀ ਮਾਰ ਘੱਟ ਪੈ ਰਹੀ ਹੈ, ਖੁਸ਼ਹਾਲ ਗਿਣੇ ਜਾਂਦੇ ਮਹਾਰਾਸ਼ਟਰ ਅਤੇ ਗੁਜਰਾਤ ਜਿਹੇ ਰਾਜਾਂ ਦੀਆਂ ਸ਼ਹਿਰੀ ਬਸਤੀਆਂ ਵਿਚੋਂ ਮੌਤਾਂ ਅਤੇ ਚੀਕਾਂ ਦੀਆਂ ਕਹਾਣੀਆਂ ਦੀ ਗਿਣਤੀ ਕਰਨੀ ਵੀ ਔਖੀ ਹੋ ਜਾਂਦੀ ਹੈ। ਸਿਰਫ ਕੇਰਲਾ ਰਾਜ ਖੁਸ਼ਹਾਲੀ ਦੇ ਬਾਵਜੂਦ ਹਾਲੇ ਤੱਕ ਬਚਿਆ ਹੋਇਆ ਹੈ ਤਾਂ ਇਸ ਲਈ ਕਿ ਉਥੇ ਵਾਰੀ-ਵਾਰੀ ਰਾਜ ਕਰਦੀਆਂ ਦੋਹਾਂ ਮੁੱਖ ਸਿਆਸੀ ਧਿਰਾਂ ਨੇ ਵੱਖਰੀ ਕਿਸਮ ਦਾ ਮਾਹੌਲ ਬਣਾ ਰੱਖਿਆ ਹੈ, ਜਿਸ ਵਿਚ ਆਮ ਲੋਕ ਅਤੇ ਸਿਆਸੀ ਧਿਰਾਂ ਵਾਲੇ ਵੀ ਮੁਸ਼ਕਿਲ ਸਮੇਂ ‘ਚ ਇਕੱਠੇ ਹੋ ਜਾਂਦੇ ਹਨ ਤੇ ਲੀਡਰਾਂ ਵਿਚ ਵੀ ਭਾਰਤ ਦੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਹਾਲੇ ਦੇਸ਼ ਦੇ ਪੱਧਰ ਤੱਕ ਨਹੀਂ ਪਹੁੰਚੀ।
ਕਰੋਨਾ ਦਾ ਕਹਿਰ ਕਦੋਂ ਮੁੱਕੇਗਾ, ਇਸ ਬਾਰੇ ਅਜੇ ਤੱਕ ਦੁਨੀਆਂ ਦਾ ਕੋਈ ਮਾਹਰ ਹਿੱਕ ਠੋਕ ਕੇ ਦਾਅਵਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਫਿਰ ਵੀ ਆਸ ਹੈ ਕਿ ਕਦੇ ਨਾ ਕਦੇ ਤਾਂ ਇਹ ਦੌਰ ਮੁੱਕੇਗਾ ਹੀ। ਆਸ਼ਾਵਾਦੀ ਲੋਕਾਂ ਦੇ ਕੋਲ ਇੱਕੋ ਜ਼ੋਰਦਾਰ ਦਲੀਲ ਹੁੰਦੀ ਹੈ ਕਿ ਸਮੇਂ ਦਾ ਚੱਕਾ ਕਦੀ ਖੜੋਂਦਾ ਨਹੀਂ, ਇਹ ਚੱਲਦਾ ਰਹਿੰਦਾ ਹੈ, ਇਸ ਲਈ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣ ਲੱਗੇ। ਅਸੀਂ ਵੀ ਇਹ ਆਸ ਰੱਖਦੇ ਹਾਂ ਕਿ ਇਹ ਦੌਰ ਖਤਮ ਹੋ ਜਾਵੇਗਾ, ਪਰ ਕਦੋਂ ਕੁ ਤੱਕ ਹੋਵੇਗਾ, ਇਹ ਕਹਿਣਾ ਔਖਾ ਹੈ। ਜਦੋਂ ਵੀ ਇਸ ਦੌਰ ਤੋਂ ਖਹਿੜਾ ਛੁੱਟੇਗਾ, ਉਸ ਪਿਛੋਂ ਸਾਡੇ ਜੀਵਨ ਦਾ ਹਰ ਖੇਤਰ ਇਸ ਤੋਂ ਵਲੂੰਧਰਿਆ ਜਾਣ ਕਾਰਨ ਪੈਰਾਂ ਸਿਰ ਖੜੋਣ ਨੂੰ ਲੰਮਾ ਸਮਾਂ ਲਵੇਗਾ, ਪਰ ਇੱਕੋ ਕਿਸਾਨੀ ਖੇਤਰ ਹੈ, ਜਿਸ ਨਾਲ ਜੁੜੇ ਲੋਕ ਪੁਰਾਣੀ ਲੀਹ ‘ਤੇ ਛੇਤੀ ਆ ਸਕਦੇ ਹਨ। ਇੱਕ ਵਾਰ ਫਿਰ ਸਮੇਂ ਨੇ ‘ਉਤਮ ਖੇਤੀ’ ਦੇ ਅਖਾਣ ਨੂੰ ਸੱਚਾ ਸਾਬਤ ਕਰਨ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਇਹੀ ਵਕਤ ਹੈ ਕਿ ਸਰਕਾਰਾਂ ਅਤੇ ਸਮਾਜੀ ਜਥੇਬੰਦੀਆਂ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਖੇਤਰ ਵੱਲ ਧਿਆਨ ਦੇਣਾ ਚਾਹੀਦਾ ਹੈ। ਖੇਤੀ ਬਚਾਉਣ ਦੇ ਨਾਲ ਕਈ ਕੁਝ ਬਚ ਜਾਵੇਗਾ। ਸਾਨੂੰ ਇਸ ਦਾ ਯਕੀਨ ਹੈ ਕਿ ਅਚੇਤ ਜਾਂ ਸੁਚੇਤ ਤੌਰ ‘ਤੇ ਇਸ ਵੇਲੇ ਇਹੋ ਸੈਕਟਰ ਮਨੁੱਖਤਾ ਦੀ ਢਾਰਸ ਬਣ ਸਕਦਾ ਹੈ।