ਖਾਲਿਸਤਾਨ, ਖਾਲਸਾ ਰਾਜ ਤੇ ਸਿੱਖ ਕੌਮ

‘ਪੰਜਾਬ ਟਾਈਮਜ਼’ ਦੇ 2 ਮਈ 2020 ਦੇ ਅੰਕ ਵਿਚ ਅਸੀਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਛਾਪੀ ਸੀ। ਪਿਛਲੇ ਅੰਕ (9 ਮਈ) ਵਿਚ ਇਸ ਲਿਖਤ ਦੇ ਪ੍ਰਤੀਕਰਮ ਵਜੋਂ ਹਜ਼ਾਰਾ ਸਿੰਘ ਮਿਸੀਸਾਗਾ ਅਤੇ ਹਰਜੀਤ ਦਿਓਲ, ਬਰੈਂਪਟਨ ਦੀਆਂ ਟਿੱਪਣੀਆਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਸਨ, ਜਿਸ ਵਿਚ ਉਨ੍ਹਾਂ ਉਸ ਵਕਤ ਦੇ ਹਾਲਾਤ ਬਾਰੇ ਕੁਝ ਅਹਿਮ ਤੱਥ ਪਾਠਕਾਂ ਨਾਲ ਸਾਂਝੇ ਕੀਤੇ ਸਨ। ਇਸ ਵਾਰ ਅਸੀਂ ਉਘੇ ਚਿੰਤਕ ਗੁਰਬਚਨ ਸਿੰਘ ਦੇ ਵਿਚਾਰ ਛਾਪ ਰਹੇ ਹਾਂ,

ਜਿਸ ਵਿਚ ਉਨ੍ਹਾਂ ਕੌਮੀ ਰਾਜ (ਂਅਟਿਨ ੰਟਅਟe), ਪੰਜਾਬ ਦੀ ਪੰਥਕ ਅਤੇ ਸਿੱਖ ਸਿਆਸਤ ਬਾਰੇ ਅਹਿਮ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸੇ ਪ੍ਰਸੰਗ ਵਿਚ ਅਗਲੇ ਅੰਕ ਵਿਚ ਸਿੱਖ ਚਿੰਤਕ ਡਾ. ਬਲਕਾਰ ਸਿੰਘ ਦੇ ਵਿਚਾਰ ਪਾਠਕਾਂ ਦੇ ਰੂ-ਬ-ਰੂ ਕੀਤੇ ਜਾਣਗੇ। ‘ਪੰਜਾਬ ਟਾਈਮਜ਼’ ਦੇ ਪੰਨਿਆਂ ‘ਤੇ ਪਹਿਲਾਂ ਵੀ ਵੱਖ-ਵੱਖ ਮਸਲਿਆਂ ਬਾਰੇ ਵਿਚਾਰ-ਚਰਚਾ ਦੇ ਜੋੜ ਜੁੜਦੇ ਰਹੇ ਹਨ। ਇਹੀ ਬੇਨਤੀ ਹੈ ਕਿ ਵਿਚਾਰ-ਚਰਚਾ ਦੌਰਾਨ ਤਹੱਮਲ ਤੇ ਸਬਰ ਦਾ ਪੱਲਾ ਫੜ ਕੇ ਰੱਖਿਆ ਜਾਵੇ ਅਤੇ ਗੱਲਾਂ ਸਬੰਧਤ ਮਸਲੇ ਦੇ ਇਰਦ-ਗਿਰਦ ਹੀ ਕੀਤੀਆਂ ਜਾਣ। -ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98451

ਸੀਨੀਅਰ ਪੱਤਰਕਾਰ ਸ਼ ਕਰਮਜੀਤ ਸਿੰਘ ਦੀ 29 ਅਪਰੈਲ 1986 ਨੂੰ ਖਾਲਿਸਤਾਨ ਦੇ ਕੀਤੇ ਗਏ ਇਤਿਹਾਸਕ ਐਲਾਨਨਾਮੇ ਬਾਰੇ ਇਕ ਲਿਖਤ ਛਪੀ ਹੈ, ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ।’ ਸ਼ ਕਰਮਜੀਤ ਸਿੰਘ ਦਾ ਮੰਨਣਾ ਹੈ ਕਿ ‘ਇਸ ਘਟਨਾ ਨੂੰ ਇਤਿਹਾਸਕ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ, ਕਿਉਂਕਿ ਇਤਿਹਾਸ ਸਿਰਫ ਬੀਤੇ ਦੀਆਂ ਘਟਨਾਵਾਂ ਦੀ ਵਿਆਖਿਆ ਹੀ ਨਹੀਂ ਕਰਦਾ, ਸਗੋਂ ਇਹ ਵਰਤਮਾਨ ਤੇ ਭਵਿਖ ਲਈ ਰੌਸ਼ਨੀ ਵੀ ਵਿਖਾਉਂਦਾ ਹੈ’ ਅਤੇ ‘ਖਾਲਿਸਤਾਨ ਬਾਰੇ ਇਤਿਹਾਸਕ ਐਲਾਨਨਾਮਾ ਅਸਲ ਵਿਚ ਪ੍ਰਚੰਡ ਚੇਤਨਾ ਦੀ ਨਵੀਂ ਪ੍ਰਭਾਤ ਸੀ।’
ਲਿਖਤ ਉਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ਉਨ੍ਹਾਂ ਵਲੋਂ ਉਠਾਏ ਗਏ ਇਕ ਅਹਿਮ ਨੁਕਤੇ ਨੂੰ ਸਪਸ਼ਟ ਕਰਨ ਦੀ ਲੋੜ ਜਰੂਰੀ ਸਮਝਦੇ ਹਾਂ। ਉਨ੍ਹਾਂ ਦਾ ਕਹਿਣਾ ਹੈ, “ਇਕ ਅਜਿਹੀ ਸੋਚ ਵੀ ਉਭਰ ਕੇ ਸਾਹਮਣੇ ਆਈ ਹੈ, ਜੋ ਪੂਰਨ ਪ੍ਰਭੂਸਤਾ ਸੰਪੰਨ ਖਾਲਿਸਤਾਨ ਦੀ ਸਥਾਪਨਾ ਦੇ ਪੰਥਕ ਨਿਸ਼ਾਨੇ ਨੂੰ ਦੁਨੀਆਂ ਦੇ ਕੁਝ ਕੌਮੀ ਰਾਜਾਂ (ਂਅਟਿਨ ੰਟਅਟe) ਵਲੋਂ ਲੋਕਾਂ ਉਤੇ ਢਾਹੇ ਗਏ ਜ਼ੁਲਮਾਂ ਦੀਆਂ ਮਿਸਾਲਾਂ ਦੇ ਕੇ ਗਲਤ ਸਾਬਤ ਕਰਨ ਲਈ ਖੰਭ ਫੜਕ ਰਹੀ ਹੈ।”…”ਕਿਸੇ ਜ਼ਾਲਮ ਬਾਦਸ਼ਾਹ ਦਾ ਜ਼ੁਲਮੀ ਰਾਜ ਨਾ ਤਾਂ ਕੌਮੀ ਰਾਜ (ਂਅਟਿਨ ੰਟਅਟe) ਹੀ ਹੁੰਦਾ ਹੈ ਅਤੇ ਨਾ ਦੁਨੀਆਂ ਵਿਚਲੇ ਲੋਕਾਂ ਉਤੇ ਕਹਿਰ ਵਰ੍ਹਾਉਣ ਵਾਲੇ ਅਜਿਹੇ ਕਿਸੇ ਰਾਜ ਨੂੰ ਕੌਮੀ ਰਾਜ ਕਰਾਰ ਦੇ ਕੇ ਉਸ ਵਲੋਂ ਲੋਕਾਂ ‘ਤੇ ਇਨਸਾਨੀ ਹੱਕਾਂ ਦੇ ਵਿਰੁਧ ਕੀਤੀਆਂ ਜ਼ਾਲਮਾਨਾ ਕਾਰਵਾਈਆਂ ਦੀਆਂ ਮਿਸਾਲਾਂ ਨਾਲ ‘ਪੂਰਨ ਪ੍ਰਭੂਸਤਾ ਸੰਪੰਨ ਖਾਲਿਸਤਾਨ’ ਦਾ ਸੰਕਲਪ ਰੱਦ ਕੀਤਾ ਜਾ ਸਕਦਾ ਹੈ।”
ਇਸੇ ਲਿਖਤ ਵਿਚ ਆਪਣਾ ਇਹ ਕਥਨ ਉਨ੍ਹਾਂ ਨੇ ਇਕ ਵਾਰ ਫਿਰ ਦੁਹਰਾਇਆ ਹੈ, “ਦੁਨੀਆਂ ਭਰ ਵਿਚ ਖਿਲਰੇ ਹੋਏ ਜੁਝਾਰੂ ਲਹਿਰ ਦੇ ਸਾਰੇ ਦਸਤਾਵੇਜ਼ਾਂ ਵਿਚ ਝਲਕਦੀ ਸੁਹਿਰਦਤਾ, ਇਮਾਨਦਾਰੀ, ਪ੍ਰਤੀਬਧਤਾ, ਲੋਕ ਪੱਖੀ ਵਿਚਾਰਧਾਰਾ, ਜੂਝ ਮਰਨ ਦਾ ਚਾਅ, ਮੰਜ਼ਿਲ ਸਰ ਕਰਨ ਦਾ ਜਜ਼ਬਾ ਤੇ ਲਗਨ ਨਾ ਸਿਰਫ ਤੁਹਮਤਾਂ ਤੇ ਦੂਸ਼ਣਬਾਜ਼ੀ ਦੇ ਰਾਹੀਂ ਆਪ ਸੱਚੀ ਬਣਨ ਅਤੇ ਜੁਝਾਰੂਆਂ ਨੂੰ ਝੂਠੇ ਆਖਣ ਤੇ ਬਦਨਾਮ ਕਰਨ ਲਈ ਯਤਨਸ਼ੀਲ ਭਾਰਤ ਸਰਕਾਰ, ਹਿੰਦੂਤਵੀ ਸੋਚ ਤੇ ਪੰਥ ਦੁਸ਼ਮਣ ਤਾਕਤਾਂ ਦੇ ਮੂੰਹ ਉਤੇ ਚਪੇੜ ਹੈ, ਸਗੋਂ ਉਸ ਸੋਚ ਲਈ ਵੀ ਕਰਾਰਾ ਜਵਾਬ ਹੈ, ਜੋ ਕੌਮੀ ਰਾਜ (ਂਅਟਿਨ ੰਟਅਟe) ਦਾ ਡਰ ਪੈਦਾ ਕਰਕੇ ਲੋਕਾਂ ਵਿਚ ਪੂਰਨ ਪ੍ਰਭੂਸਤਾ ਸੰਪਨ ਖਾਲਸਾ ਰਾਜ ਬਾਰੇ ਵੀ ਭੁਲੇਖੇ ਪਾ ਰਹੀ ਹੈ।”
ਇਥੇ ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਸਿੱਖ ਚਿੰਤਕਾਂ ਵੱਲ ਹੈ, ਜੋ ਖਾਲਿਸਤਾਨ ਦੀ ਸਿਰਜਣਾ ਨੂੰ ਕੌਮੀ ਰਾਜ (ਂਅਟਿਨ ੰਟਅਟe) ਨਾਲੋਂ ਵੱਖ ਕਰ ਕੇ ਵੇਖਦੇ ਹਨ। ਜੇ ਸਪਸ਼ਟ ਰੂਪ ਵਿਚ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਸਿੱਖ ਚਿੰਤਕਾਂ ਵੱਲ ਹੈ, ਜੋ ਸਿੱਖਾਂ ਨੂੰ ਇਕ ‘ਕੌਮ’ ਵਜੋਂ ਨਹੀਂ, ਸਗੋਂ ਇਕ ‘ਪੰਥ’ ਵਜੋਂ ਮਾਨਤਾ ਦਿੰਦੇ ਹਨ। ਇਸ ਪੱਖੋਂ ਸ਼ ਕਰਮਜੀਤ ਸਿੰਘ ਵੀ ਉਨ੍ਹਾਂ ਕੁਝ ਕੁ ਆਧੁਨਿਕ ਸਿੱਖ ਵਿਦਵਾਨਾਂ ਵਿਚ ਸ਼ਾਮਿਲ ਹਨ, ਜੋ ‘ਕੌਮ’ ਨੂੰ ‘ਪੰਥ’ ਨਾਲੋਂ ਵੱਡਾ ਸਮਝਦੇ ਹਨ ਅਤੇ ਜੋ ਹਾਲੇ ਤਕ ਵੀ ਇਸੇ ਕੱਟੜ ਪੱਛਮੀ ਸੋਚ ਦਾ ਸ਼ਿਕਾਰ ਹਨ ਕਿ ਜਿੰਨਾ ਚਿਰ ਸਿੱਖ ਦੁਨੀਆਂ ਭਰ ਦੇ ਰਾਜਸੀ ਹਲਕਿਆਂ ਵਿਚ ਆਪਣੇ ਆਪ ਨੂੰ ਇਕ ਕੌਮ ਵਜੋਂ ਸਥਾਪਤ ਨਹੀਂ ਕਰਦੇ, ਓਨਾ ਚਿਰ ਉਹ ‘ਪ੍ਰਭੂਸਤਾ ਸੰਪੰਨ ਖਾਲਿਸਤਾਨ’ ਦੀ ਮੰਗ ਕਰਨ ਦੇ ਹੱਕਦਾਰ ਨਹੀਂ ਬਣ ਸਕਦੇ। ਜਦੋਂ ਕਿ ਉਨ੍ਹਾਂ ਦੀ ਆਪਣੀ ਇਸੇ ਲਿਖਤ ਵਿਚ ਹੀ ਇਹ ਦਰਜ ਹੈ, “ਜਦ ਕਿ ਸਿੱਖ ਰਾਜ ਦੀ ਰੂਪ ਰੇਖਾ ਦੇ ਗੰਭੀਰ ਸੰਕੇਤ ਗੁਰੂ ਗ੍ਰੰਥ ਸਾਹਿਬ ਵਿਚ ਬਾਕਾਇਦਾ ਮਿਲਦੇ ਹਨ। ਦਸਮੇਸ਼ ਪਿਤਾ ਨੇ ਤਾਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਖਾਲਸੇ ਦੇ ਮਨ ਮੰਦਰ ਵਿਚ ਉਕਰਿਆ ਹੋਇਆ ਹੈ। ਹਰ ਸਿੱਖ ਦੋਨੋਂ ਵੇਲੇ ਦੀ ਅਰਦਾਸ ਵਿਚ ਇਸ ਦਾ ਬੁਲੰਦ ਅਵਾਜ਼ ਨਾਲ ਅਲਾਪ ਕਰਦਾ ਹੈ।”
ਹੁਣ ਖਾਲਸਾ ਰਾਜ ਦੇ ਗੰਭੀਰ ਸੰਕੇਤ ਜੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਅਤੇ ਦਸਮੇਸ਼ ਪਿਤਾ ਨੇ ‘ਰਾਜ ਕਰੇਗਾ ਖਾਲਸਾ’ ਦਾ ਸੰਕਲਪ ਖਾਲਸੇ ਦੇ ਮਨ ਮੰਦਰ ਵਿਚ ਉਕਰਿਆ ਹੋਇਆ ਹੈ ਤੇ ਹਰੇਕ ਸਿੱਖ ਦੋ ਵੇਲੇ ਦੀ ਅਰਦਾਸ ਵਿਚ ਇਸ ਦਾ ਬੁਲੰਦ ਅਵਾਜ਼ ਨਾਲ ਅਲਾਪ ਕਰਦਾ ਹੈ ਤਾਂ ਫਿਰ ਖਾਲਿਸਤਾਨ ਦੀ ਮੰਗ ਦਾ ਸਬੰਧ ‘ਕੌਮੀ ਰਾਜ’ ਨਾਲ ਕਿਵੇਂ ਆ ਜੁੜਦਾ ਹੈ? ਕੌਮੀ ਰਾਜ ਦਾ ਸੰਕਲਪ ਤਾਂ ਗੁਰੂ ਸਾਹਿਬ ਤੋਂ ਤਿੰਨ ਸੌ ਸਾਲ ਬਾਅਦ ਪੱਛਮੀ ਯੂਰਪ ਵਿਚ ਪੈਦਾ ਹੋਏ 18ਵੀਂ ਸਦੀ ਦੇ ਪੂੰਜੀਵਾਦ ਦੀ ਦੇਣ ਹੈ। ਗੁਰੂ ਸਾਹਿਬ ਵਲੋਂ ਸਿੱਖਾਂ ਨੂੰ ਹਲੇਮੀ ਰਾਜ ਦੇ ਰੂਪ ਵਿਚ ਦਿੱਤੇ ਗਏੇ ਸੰਕਲਪ ਨੂੰ ‘ਕੌਮੀ ਰਾਜ’ ਦੀ ਮੰਗ ਨਾਲ ਜੋੜ ਕੇ ਅਜਿਹੇ ਸਿੱਖ ਵਿਦਵਾਨ ਖੁਦ ਹੀ ਅਜਿਹੀ ਕਸੂਤੀ ਵਿਚਾਰਧਾਰਕ ਹਾਲਤ ਵਿਚ ਘਿਰ ਜਾਂਦੇ ਹਨ, ਜਿਥੇ ਉਨ੍ਹਾਂ ਨੂੰ ‘ਕੌਮੀ ਰਾਜਾਂ’ ਵਲੋਂ ਆਪਣੇ ਲੋਕਾਂ ਉਤੇ ਢਾਹੇ ਗਏ ਜਬਰ ਨੂੰ ਬਦੋਬਦੀ ਜਾਇਜ਼ ਠਹਿਰਾਉਣ ਦਾ ਜੋਖਮ ਉਠਾਉਣਾ ਪੈਂਦਾ ਹੈ।
ਇਸ ਖੇਤਰ ਵਿਚ ਕੌਮੀ ਰਾਜ ਦੇ ਝੰਡੇ ਥਲੇ ਉਸਰੇ ਦੋ ਮੁਲਕ ਹਿੰਦੁਸਤਾਨ ਤੇ ਪਾਕਿਸਤਾਨ ਸਭ ਦੇ ਸਾਹਮਣੇ ਹਨ। ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ‘ਧਰਮ ਨਿਰਪੱਖਤਾ’ ਦੇ ਦਾਅਵੇ ਕਰਨ ਵਾਲਾ ਹਿੰਦੁਸਤਾਨ ਆਪਣੇ ਜਨਮ ਤੋਂ ਹੀ ਸਿੱਖਾਂ ਉਤੇ ਜ਼ੁਲਮ ਢਾਹੁਣ ਲੱਗ ਪਿਆ ਸੀ, ਜਿਸ ਦੀ ਇਕ ਠੋਸ ਮਿਸਾਲ ਆਪਣੇ ਵੇਲੇ ਪੰਥ ਦੇ ਬੇਤਾਜ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀ ‘ਆਜ਼ਾਦ’ ਭਾਰਤ ਵਿਚ ਹੋਈ ਪਹਿਲੀ ਗ੍ਰਿਫਤਾਰੀ ਹੈ ਅਤੇ ਉਸ ਪਿਛੋਂ ਸਿੱਖਾਂ ਨਾਲ ਜੋ ਕੁਝ ਵਾਪਰਿਆ ਜਾਂ ਦਲਿਤਾਂ, ਮੁਸਲਮਾਨਾਂ, ਇਸਾਈਆਂ ਤੇ ਗਰੀਬ ਹਿੰਦੂਆਂ ਨਾਲ ਹੁਣ ਤਕ ਵਾਪਰਦਾ ਆ ਰਿਹਾ ਹੈ, ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਇਨਕਲਾਬੀ ਧਰਮ ਇਸਲਾਮ ਦੇ ਨਾਂ ਉਤੇ ਉਸਰੇ ਪਾਕਿਸਤਾਨ ਵਿਚ ਵੀ ਬਲੋਚੀਆਂ, ਸਿੰਧੀਆਂ ਤੇ ਗਰੀਬ ਮੁਸਲਮਾਨਾਂ ਨਾਲ ਇਹੀ ਕੁਝ ਵਾਪਰ ਰਿਹਾ ਹੈ। ਪੱਛਮੀ ਸਾਮਰਾਜੀ ਦੇਸ਼ਾਂ ਨੇ ਕੌਮੀ ਜਮਹੂਰੀ ਰਾਜ ਦੇ ਨਾਂ ਉਤੇ ਦੁਨੀਆਂ ਭਰ ਦੇ ਮਜ਼ਲੂਮ ਲੋਕਾਂ ਉਤੇ ਜੋ ਜਬਰ ਢਾਹੇ ਹਨ, ਉਹ ਇਤਿਹਾਸ ਦਾ ਇਕ ਅਟੁਟ ਹਿੱਸਾ ਹਨ।
ਦਰਅਸਲ ਜਿਸ ਵਿਸ਼ੇ ਉਤੇ ਸ਼ ਕਰਮਜੀਤ ਸਿੰਘ ਬਾਅਦ ਵਿਚ ਗੱਲ ਕਰਨ ਬਾਰੇ ਕਹਿੰਦੇ ਹਨ, ਉਸ ਵਿਸ਼ੇ ਉਤੇ ਸਭ ਤੋਂ ਪਹਿਲਾਂ ਗੱਲ ਕਰਨ ਦੀ ਲੋੜ ਹੈ। ਉਨ੍ਹਾਂ ਦੇ ਆਪਣੇ ਕਥਨ ਅਨੁਸਾਰ ਜੇ ਖਾਲਸਾ ਰਾਜ ਜਾਂ ਖਾਲਿਸਤਾਨ ਦੇ ਗੰਭੀਰ ਸੰਕੇਤ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ ਤਾਂ ਫਿਰ ਸਭ ਤੋਂ ਪਹਿਲਾਂ ਇਹ ਵੇਖਣ ਦੀ ਲੋੜ ਹੈ ਕਿ ਇਹ ਸੰਕੇਤ ਕੀ ਹਨ?
ਗੁਰੂ ਸਾਹਿਬ ਦਾ ਸਭ ਤੋਂ ਪਹਿਲਾ ਵੱਡਾ ਕਦਮ ਆਪਣੇ ਵੇਲੇ ਦੇ ਰਾਜਪ੍ਰਬੰਧ ਨੂੰ ਮੁਕੰਮਲ ਤੌਰ ‘ਤੇ ਰੱਦ ਕਰਨਾ ਸੀ। ਗੁਰੂ ਸਾਹਿਬ ਨੇ ਸਦੀਆਂ ਤੋਂ ਚਲੇ ਆ ਰਹੇ ਇਸ ਬ੍ਰਾਹਮਣੀ ਭਰਮ ਨੂੰ ਤੋੜਿਆ ਕਿ ਰਾਜੇ ਪਰਮਾਤਮਾ ਦੇ ਬਣਾਏ ਹੋਏ ਹਨ ਜਾਂ ਇਹ ਪਿਛਲੇ ਜਨਮਾਂ ਦੇ ਕਰਮ ਕਰਕੇ ਬਣੇ ਹਨ। ਇਨ੍ਹਾਂ ਰਾਜਿਆਂ ਦੀ ਲੋਕ ਮਨਾਂ ਵਿਚ ਬਣੀ ਹਸਤੀ ਦੇ ਭਰਮ ਨੂੰ ਤੋੜਨ ਲਈ ਗੁਰੂ ਸਾਹਿਬ ਨੇ ਪ੍ਰਚੰਡ ਐਲਾਨ ਕੀਤਾ,
ੜਾੜੇ ਰੂੜਾ ਹਰਿ ਜੀਉ ਸੋਈ॥
ਤਿਸੁ ਬਿਨ ਰਾਜਾ ਅਵਰ ਨਾ ਕੋਈ॥ (ਪੰਨਾ 936)
ਕੋਊ ਹਰਿ ਸਮਾਨ ਨਹੀਂ ਰਾਜਾ
ਏ ਭੂਪਤਿ ਸਭਿ ਦਿਵਸ ਚਾਰ ਕੈ
ਝੂਠੇ ਕਰਤ ਦਿਵਾਜਾ॥ (ਪੰਨਾ 856)
ਹਰਿ ਜੀਉ ਕੀ ਹੈ ਸਭ ਸਿਰਕਾਰਾ॥
ਏਹੁ ਜਮੁ ਕਿਆ ਕਰੇ ਵਿਚਾਰਾ॥
ਹੁਕਮੀ ਬੰਦਾ ਹੁਕਮੁ ਕਮਾਵੈ
ਹੁਕਮੇ ਕਢਦਾ ਸਾਹਾ ਹੇ॥ (ਪੰਨਾ 1054)
ਅਤੇ
ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤੁ॥ (ਪੰਨਾ 992)
ਤਖਤ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੋਈ॥
ਇਹ ਭੂਪਤਿ ਰਾਜੇ ਨਾ ਆਖੀਅਹਿ
ਦੂਜੇ ਭਾਇ ਦੁਖੁ ਹੋਈ॥ (ਪੰਨਾ 1088)
ਭਾਵ ਇਹ ਹਰਿ ਜੀਉ ਅਤਿ ਸੁੰਦਰ ਹੈ ਅਤੇ ਇਸ ਬਿਨਾ ਕਿਸੇ ਹੋਰ ਰਾਜੇ ਦੀ ਕੋਈ ਹੋਂਦ ਨਹੀਂ। ਸੁਆਲ ਹੈ ਕਿ ਇਹ ਹਰਿ ਜੀਉ ਕੌਣ ਹੈ? ਇਸ ਦੀ ਵਿਆਖਿਆ ਗੁਰੂ ਅਮਰ ਦਾਸ ਨੇ ਕੀਤੀ ਹੈ। ਉਨ੍ਹਾਂ ਦੇ ਬਚਨ ਹਨ, ਆਪਣੇ ਆਲੇ-ਦੁਆਲੇ ਚਾਰ-ਚੁਫੇਰੇ ਫੈਲਿਆ ਇਹ ਸੰਸਾਰ, ਜੋ ਤੂੰ ਵੇਖ ਰਿਹਾ ਹੈ, ਇਹੀ ਹਰਿ ਜੀਉ ਦਾ ਪ੍ਰਗਟ ਰੂਪ ਹੈ। ਇਸ ਦੇ ਬਰਾਬਰ ਕਿਸੇ ਹੋਰ ਰਾਜੇ ਦੀ ਕੋਈ ਹੋਂਦ ਨਹੀਂ। ਇਹ ਜੋ ਆਪਣੇ ਆਪ ਨੂੰ ਭੂਮੀ ਦੇ ਮਾਲਕ ਅਖਵਾਉਂਦੇ ਹਨ ਅਤੇ ਧਰਤੀ ਉਤੇ ਰਾਜ ਕਰਨ ਦਾ ਦਾਅਵਾ ਕਰਦੇ ਹਨ, ਇਹ ਖੁਦ ਆਪ ਚਾਰ ਦਿਨਾਂ ਦੇ ਪ੍ਰਾਹੁਣੇ ਹਨ। ਇਨ੍ਹਾਂ ਦੇ ਕੀਤੇ ਸਾਰੇ ਕਾਰਜ ਝੂਠੇ ਹਨ। ਗੁਰੂ ਸਾਹਿਬ ਦੇ ਬਚਨ ਹਨ ਕਿ ਇਹ ਰਾਜੇ ਸ਼ੀਹ ਅਤੇ ਇਨ੍ਹਾਂ ਦੇ ਸਾਰੇ ਅਹਿਲਕਾਰ ਕੁਤੇ ਹਨ, ਜੋ ਇਸ ਧਰਤੀ ਉਤੇ ਵਸਦੇ ਮਜ਼ਲੂਮ ਲੋਕਾਂ ਦਾ ਖੂਨ ਚੂਸ ਰਹੇ ਹਨ।
ਗੁਰੂ ਸਾਹਿਬ ਇਕ ਵਾਰ ਫਿਰ ਸਪਸ਼ਟ ਕਰਦੇ ਹਨ ਕਿ ਇਹ ਸਾਰੀ ਸਰਕਾਰ ‘ਹਰਿ ਜੀਉ’ ਦੀ ਹੈ। ਹਰੇਕ ਥਾਂ ਹਰਿ ਜੀਉ ਦਾ ਹੁਕਮ ਚਲਦਾ ਹੈ। ਕਹੇ ਜਾਂਦੇ ਵਿਚਾਰੇ ਜਮ ਦੀ ਕੀ ਔਕਾਤ ਹੈ ਕਿ ਉਹ ਹਰਿ ਜੀਉ ਦੇ ਹੁਕਮੁ (ਕੁਦਰਤੀ ਨੇਮ) ਵਿਚ ਕੋਈ ਦਖਲਅੰਦਾਜ਼ੀ ਕਰ ਸਕੇ! ਹੁਕਮ ਵਿਚ ਜੰਮਿਆ ਬੰਦਾ ਹੁਕਮੁ ਅਨੁਸਾਰ ਹੀ ਸਾਰੀ ਜ਼ਿੰਦਗੀ ਬਸਰ ਕਰਦਾ ਹੈ ਅਤੇ ਇਥੋਂ ਤਕ ਕਿ ਉਹ ਆਪਣਾ ਹਰੇਕ ਸਾਹ ਵੀ ਇਨ੍ਹਾਂ ਨੇਮਾਂ ਅਨੁਸਾਰ ਹੀ ਲੈਂਦਾ ਹੈ। ਸਭ ਤੋਂ ਵੱਡਾ ਰਾਜਾ ਅਕਾਲ ਪੁਰਖ ਆਪ ਹੈ, ਜੋ ਸਾਰੀ ਕਾਇਨਾਤ ਦਾ ਮਾਲਕ ਹੈ। ਗੁਰੂ ਸਾਹਿਬ ਨੇ ਪੁਰਾਣੇ ਰਾਜਪ੍ਰਬੰਧ ਨੂੰ ਸਿਰਫ ਨਿੰਦਿਆ ਹੀ ਨਹੀਂ, ਸਗੋਂ ਉਸ ਦੀ ਥਾਂ ਬਦਲਵੇਂ ਰਾਜਪ੍ਰਬੰਧ ਦੀ ਵਿਆਖਿਆ ਵੀ ਕੀਤੀ ਹੈ। ਉਨ੍ਹਾਂ ਨੇ ਬੁਲੰਦ ਐਲਾਨ ਕੀਤਾ ਹੈ ਕਿ ਤਖਤ ਦੇ ਯੋਗ ਸਿਰਫ ਓਹੀ ਰਾਜਾ ਹੈ, ਜੋ ਗੁਣੀ ਹੈ ਅਤੇ ਪੰਚਾਇਤੀ ਅਸੂਲਾਂ ਦਾ ਧਾਰਨੀ ਹੈ ਤੇ ਜੋ ਸਭ ਨਾਲ ਇਨਸਾਫ ਕਰਦਾ ਹੈ,
ਕੁਦਰਤਿ ਤਖਤੁ ਰਚਾਇਆ ਸਚਿ ਨਬੇੜਣਹਾਰੋ॥ (ਪੰਨਾ 580)
ਗੁਰੂ ਅੰਗਦ ਦੇਵ ਨੇ ਵਿਦਿਆ ਦਾ ਪਸਾਰ ਕਰ ਕੇ ਤੇ ਲੰਗਰ ਦੀ ਪਰੰਪਰਾ ਨੂੰ ਅੱਗੇ ਵਧਾ ਕੇ; ਗੁਰੂ ਅਮਰਦਾਸ ਨੇ ਸੰਗਤ ਤੇ ਪੰਗਤ ਦੀ ਪਰੰਪਰਾ ਦੀ ਸ਼ੁਰੂਆਤ ਕਰ ਕੇ; ਗੁਰੂ ਰਾਮਦਾਸ ਨੇ ਇਸ ਸੰਗਤ ਨੂੰ ਸਥਾਈ ਰੂਪ ਦੇਣ ਲਈ ਅੰਮ੍ਰਿਤਸਰ ਵਸਾ ਕੇ; ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸੰਗਤੀ ਪਰੰਪਰਾ ਨੂੰ ਹਥਿਆਰਬੰਦ ਕਰਕੇ ਛੋਟੀਆਂ-ਛੋਟੀਆਂ ਝੜਪਾਂ ਦੇ ਰੂਪ ਵਿਚ ਵੇਲੇ ਦੀ ਸਥਾਪਤੀ ਨਾਲ ਟਕਰਾਅ ਦੀ ਸ਼ੁਰੂਆਤ ਕੀਤੀ। ਗੁਰੂ ਗੋਬਿੰਦ ਸਿੰਘ ਨੇ ਇਸ ਫਿਲਾਸਫੀ ਨੂੰ ਅਮਲ ਵਿਚ ਢਾਲਣ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਨੇ ਕਰੀਬ ਡੇਢ ਦਹਾਕੇ ਦੀ ਹਥਿਆਰਬੰਦ ਜਦੋਜਹਿਦ ਪਿਛੋਂ ਪਹਿਲੀ ਵਾਰ ਇਸ ਖਿਤੇ ਵਿਚ ਖਾਲਸਾ ਰਾਜ ਭਾਵ ਸਿੱਖ ਪਾਤਸ਼ਾਹੀ ਦੀ ਸਥਾਪਨਾ ਕੀਤੀ। ਇਹ ਸਿੱਖ ਪਾਤਸ਼ਾਹੀ ਕਾਇਮ ਕਿਉਂ ਨਾ ਰਹਿ ਸਕੀ? ਇਸ ਦੇ ਕਾਰਨ ਲੱਭਣ ਦੀ ਲੋੜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਿੱਖ ਪਾਤਸ਼ਾਹੀ, ਬੇਗਮਪੁਰਾ, ਹਲੇਮੀ ਰਾਜ, ਰਾਜ ਕਰੇਗਾ ਖਾਲਸਾ, ਇਕ ਅਸਲੋਂ ਜਮਹੂਰੀ ਗਣਰਾਜ ਦੇ ਮੌਲਿਕ ਸੰਕਲਪ ਹਨ, ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪਹਿਲੀ ਵਾਰੀ ਪੰਜਾਬ ਅੰਦਰ ਅਮਲ ਵਿਚ ਢਾਲਣ ਦੇ ਯਤਨ ਕੀਤੇ ਗਏ। ਬੇਸ਼ਕ ਹੋਈ ਇਸ ਪ੍ਰਾਪਤੀ ਨੂੰ ਸਮੂਹ ਲੋਕਾਂ ਵਿਚ ਵੰਡਣ ਦੀ ਥਾਂ ਸਿੱਖਾਂ ਦੀ ਇਕ ਧਿਰ ਦੀ ਸੋਚ ਵਿਚ ਮਾਲਕੀ ਦਾ ਜਜ਼ਬਾ ਪੈਦਾ ਹੋ ਗਿਆ ਅਤੇ ਉਹ ਹੰਨੇ-ਹੰਨੇ ਮੀਰੀ ਦੇ ਜਮਹੂਰੀ ਸਮਾਜੀ ਪ੍ਰਬੰਧ ਨੂੰ ਸਥਾਪਤ ਕਰਨ ਦੀ ਥਾਂ ਬਾਦਸ਼ਾਹੀ ਦੀਆਂ ਜਗੀਰਾਂ ਲੈਣ ਵੱਲ ਰੁਚਿਤ ਹੋ ਗਈ। ਇਨ੍ਹਾਂ ਦੋ ਧਾਰਾਵਾਂ ਕਾਰਨ ਸਿੱਖ ਪੰਥ ਵਿਚ ਫੁਟ ਪੈ ਗਈ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਖਤਮ ਹੋ ਗਿਆ। ਉਸ ਪਿਛੋਂ ਭਾਵੇਂ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਤ ਹੋਇਆ, ਪਰ ਇਹ ਰਾਜ ਅਕਾਲ ਪੁਰਖੀ ਅਸੂਲਾਂ ਅਨੁਸਾਰੀ ਨਾ ਰਿਹਾ, ਜਿਸ ਕਰਕੇ ਇਸ ਦਾ ਪਤਨ ਹੋ ਗਿਆ ਅਤੇ ਸਿੱਖ ਇਕ ਵਾਰ ਫਿਰ 1849 ਵਿਚ ਅੰਗਰੇਜ਼ ਸਾਮਰਾਜ ਦੇ ਗੁਲਾਮ ਹੋ ਗਏ। ਸਿੱਖਾਂ ਦੀ ਇਹ ਗੁਲਾਮੀ ਅਤੇ ਪਾਤਸ਼ਾਹੀ ਪੱਖੀ ਤੇ ਬਾਦਸ਼ਾਹੀ ਪੱਖੀ ਧਿਰਾਂ ਵਿਚਾਲੇ ਪਈ ਇਹ ਵੰਡ ਹੁਣ ਤਕ ਤੁਰੀ ਆਉਂਦੀ ਹੈ। ਸਿੱਖਾਂ ਦੀ ਇਸੇ ਗੁਲਾਮੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਨੁਭਵ ਕੀਤਾ ਅਤੇ ਉਨ੍ਹਾਂ ਨੇ ਇਸ ਗੁਲਾਮੀ ਨੂੰ ਚੁਣੌਤੀ ਦਿਤੀ। ਸੰਤ ਭਿੰਡਰਾਂਵਾਲੇ ਵਲੋਂ ਦਿੱਤੀ ਗਈ ਇਸ ਚੁਣੌਤੀ ਕਾਰਨ ਹੀ ਅੱਜ ਸਿੱਖ ਪੰਥ ਖਾਲਿਸਤਾਨ, ਹਲੇਮੀ ਰਾਜ, ਬੇਗਮਪੁਰਾ ਜਾਂ ਸਿੱਖ ਪਾਤਸ਼ਾਹੀ ਦੇ ਲੋਕਰਾਜੀ ਤੇ ਜਮਹੂਰੀ ਸੰਕਲਪਾਂ ਦੀ ਵਿਆਖਿਆ ਕਰ ਰਿਹਾ ਹੈ।
20ਵੀਂ ਸਦੀ ਦੇ ਇਕ ਇਨਕਲਾਬੀ ਚਿੰਤਕ ਡਾ. ਅੰਬੇਡਕਰ (ਬ੍ਰਹਮ ਤੇ ਬ੍ਰਾਹਮਣਵਾਦ) ਦਾ ਕਥਨ ਹੈ, “ਲੋਕ ਰਾਜ ਜਾਂ ਜਮਹੂਰੀਅਤ ਦੀ ਇਹ ਕਹਿ ਕੇ ਹਮਾਇਤ ਕਰਨਾ ਕਿ ਅਸੀਂ ਸਾਰੇ ਇਕ ਪਰਮਾਤਮਾ ਦੇ ਪੁੱਤਰ ਹਾਂ, ਉਸ ਦਾ ਬਹੁਤ ਹੀ ਤੁੱਛ ਆਧਾਰ ਹੈ। ਜਦ ਉਸ ਦਾ ਇਹ ਆਧਾਰ ਮੰਨਿਆ ਜਾਂਦਾ ਹੈ, ਤਾਹੀਓਂ ਤਾਂ ਇਹ ਇੰਜ ਖਸਤਾ ਹਾਲ ਹੈ। ਇਸ ਗੱਲ ਨੂੰ ਮੰਨਣਾ ਅਤੇ ਮਹਿਸੂਸ ਕਰਨਾ ਕਿ ਤੁਸੀਂ ਅਤੇ ਅਸੀਂ ਸਾਰੇ ਇਕੋ ਬ੍ਰਹਮ (ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੰਨਾ 695) ਦਾ ਅੰਸ਼ ਹਾਂ, ਜਮਹੂਰੀਅਤ ਤੋਂ ਸਿਵਾਏ ਜੀਵਨ ਦੇ ਕਿਸੇ ਹੋਰ ਸਿਧਾਂਤ ਨੂੰ ਸਵੀਕਾਰਨ ਦੀ ਕੋਈ ਗੁਜਾਇੰਸ਼ ਹੀ ਨਹੀਂ ਛਡਦਾ। ਇਹ ਸਿਧਾਂਤ ਨਾ ਸਿਰਫ ਜਮਹੂਰੀਅਤ ਦਾ ਪ੍ਰਚਾਰ ਕਰਦਾ ਹੈ, ਸਗੋਂ ਇਹ ਸਾਰਿਆਂ ਨੂੰ ਇਸ ਵਾਸਤੇ ਵਚਨਬਧ ਕਰਦਾ ਹੈ। ਪੱਛਮੀ ਜਮਹੂਰੀਅਤ ਦੇ ਖੋਜੀਆਂ ਨੇ ਇਹ ਵਿਸ਼ਵਾਸ ਫੈਲਾ ਦਿਤਾ ਹੈ ਕਿ ਜਮਹੂਰੀਅਤ ਦਾ ਸੰਕਲਪ ਇਸਾਈਅਤ ਜਾਂ ਪਲੈਟੋ ਦੇ ਕਥਨਾਂ ਵਿਚੋਂ ਨਿਕਲਿਆ ਹੈ। ਉਨ੍ਹਾਂ ਤੋਂ ਇਲਾਵਾ ਜਮਹੂਰੀਅਤ ਦੀ ਪ੍ਰੇਰਨਾ ਵਾਸਤੇ ਹੋਰ ਕੋਈ ਵੀ ਸਰੋਤ ਨਹੀਂ ਹੈ। ਜੇ ਉਨ੍ਹਾਂ ਨੂੰ ਇਹ ਜਾਣਕਾਰੀ ਹੁੰਦੀ ਕਿ ਭਾਰਤ ਵਿਚ ‘ਬ੍ਰਹਮ’ ਦੇ ਸਿਧਾਂਤ ਨੂੰ ਪ੍ਰਗਟ ਕੀਤਾ ਗਿਆ ਹੈ, ਜੋ ਜਮਹੂਰੀਅਤ ਦਾ ਬਿਹਤਰ ਆਧਾਰ ਬਣਦਾ ਹੈ ਤਾਂ ਉਹ ਇਸ ਤਰ੍ਹਾਂ ਦੇ ਕੱਟੜਪੰਥੀ ਨਾ ਬਣਦੇ। ਇਹ ਗੱਲ ਲਾਜ਼ਮੀ ਮੰਨੀ ਜਾਣੀ ਚਾਹੀਦੀ ਹੈ ਕਿ ਭਾਰਤ ਨੇ ਜਮਹੂਰੀਅਤ ਦੇ ਸਿਧਾਂਤ ਦੀ ਸਿਰਜਣਾ ਵਿਚ ਆਪਣਾ ਹਿੱਸਾ ਪਾਇਆ ਹੈ।”
ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਦੇ ਗੁਰੂ ਸਾਹਿਬ ਵਲੋਂ ਨਿਸ਼ਚਿਤ ਕੀਤੇ ਗਏ ਅਸੂਲ ਇਸ ਬ੍ਰਹਿਮੰਡੀ ਜਮਹੂਰੀਅਤ ਦਾ ਮੁਖ ਆਧਾਰ ਹਨ। ਇਨ੍ਹਾਂ ਆਧਾਰਾਂ ਨੂੰ ਅਜੋਕੀ ਹਾਲਤ ਵਿਚ ਕਿਵੇਂ ਸਪਸ਼ਟ ਕਰਨਾ ਹੈ ਅਤੇ ਇਨ੍ਹਾਂ ਦਾ ਅਮਲੀ ਰੂਪ ਕੀ ਹੋਵੇ? ਇਹੀ ਅਜੋਕੇ ਸਿੱਖ ਚਿੰਤਕਾਂ ਦੀ ਬਹਿਸ ਦਾ ਆਧਾਰ ਬਣਨਾ ਚਾਹੀਦਾ ਹੈ। ਅਜਿਹੀ ਬਹਿਸ ਹੀ ਅਜੋਕੇ ਸਿੱਖ ਪੰਥ ਦੀ ਰਾਜਨੀਤਕ ਦਿਸ਼ਾ ਦਾ ਫੈਸਲਾ ਕਰੇਗੀ।
ਅੱਜ ਗੁਰੂ ਸਾਹਿਬ ਦੇ ਵੇਲੇ ਤੋਂ ਚਲਿਆ ਆ ਰਿਹਾ ਰਜਵਾੜਾਸ਼ਾਹੀ ਰਾਜਪ੍ਰਬੰਧ ਦਾ ਰੂਪ ਬਦਲ ਗਿਆ ਹੈ। ਅੱਜ ਵੱਡੇ-ਵੱਡੇ ਧਨਾਢਾਂ ਤੇ ਅਜਾਰੇਦਾਰਾਂ ਨੇ ਨਵੇਂ ਰਾਜਿਆਂ ਦਾ ਰੂਪ ਧਾਰ ਲਿਆ ਹੈ, ਜੋ ਸਮੁੱਚੀ ਮਨੁੱਖਤਾ ਨੂੰ ਲੁੱਟ ਕੇ ਅਤੇ ਕੁਦਰਤੀ ਸਾਧਨਾਂ ਉਤੇ ਕਾਬਜ ਹੋ ਕੇ ਨਵੀਂ ਕਿਸਮ ਦਾ ਵਹਿਸ਼ੀ ਲੁਟੇਰਾ ਰਾਜਪ੍ਰਬੰਧ ਚਲਾ ਰਹੇ ਹਨ। ਇਨ੍ਹਾਂ ਅੰਨ੍ਹੇ-ਬੋਲੇ ਵਹਿਸ਼ੀ ਧਨਾਢਾਂ ਦੀ ਮੁਨਾਫੇ ਦੀ ਹਵਸ ਨੇ ਅੱਜ ਕੁਦਰਤੀ ਚੌਗਿਰਦੇ ਦਾ ਨਾਸ ਮਾਰ ਦਿੱਤਾ ਹੈ, ਜਿਸ ਦਾ ਸਿੱਟਾ ਇਹ ਕਰੋਨਾ ਜਿਹੀਆਂ ਮਹਾਮਾਰੀਆਂ ਹਨ। ਇਨ੍ਹਾਂ ਧਨਾਢਾਂ ਨੂੰ ਅਜੋਕੀ ਸ਼ਬਾਦਵਲੀ ਵਿਚ ਪੂੰਜੀਪਤੀ ਤੇ ਸਾਮਰਾਜੀ ਕਿਹਾ ਜਾਂਦਾ ਹੈ। ਪਿਛਲੇ ਡੇਢ ਸੌ ਸਾਲ ਦੇ ਸਾਮਰਾਜੀ ਕੌਮੀ ਰਾਜਾਂ ਅਤੇ ਆਲਮੀ ਕਮਿਊਨਿਸਟ ਲਹਿਰ ਦੇ ਟਕਰਾਓ ਵਿਚੋਂ ਨਵੀਂ ਰਾਜਨੀਤਕ ਸ਼ਬਦਾਵਲੀ ਵਿਕਸਿਤ ਹੋਈ ਹੈ, ਜਿਸ ਦੀ ਵਰਤੋਂ ਅਜੋਕੇ ਰਾਜਪ੍ਰਬੰਧ ਤੇ ਅਰਥਚਾਰੇ ਨੂੰ ਸਮਝਣ ਲਈ ਜ਼ਰੂਰੀ ਹੈ। ਰਜਵਾੜਾਸ਼ਾਹੀ ਦੌਰ ਦੇ ਅਹਿਲਕਾਰਾਂ ਦੀ ਥਾਂ ਹੁਣ ਹਰੇਕ ਤਰ੍ਹਾਂ ਦੀ ਅਫਸਰਸ਼ਾਹੀ ਨੇ ਲੈ ਲਈ ਹੈ, ਜੋ ਹੁਣ ਰਾਜਪ੍ਰਬੰਧ ਉਤੇ ਪਹਿਲਾਂ ਨਾਲੋਂ ਵੀ ਵੱਧ ਭਾਰੂ ਹੈ।
ਸਾਡੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਬੰਦੇ ਨੂੰ ਸਾਮਰਾਜੀ ਮਸ਼ੀਨ ਦਾ ਮਹਿਜ ਇਕ ਪੁਰਜਾ ਬਣਾ ਦੇਣ ਵਾਲਾ ਮੌਜੂਦਾ ਤਕਨੀਕ ਪ੍ਰਧਾਨ ਰਾਜਪ੍ਰਬੰਧ ਸਿੱਖ ਅਸੂਲਾਂ ਦੇ ਅਨੁਸਾਰੀ ਹੈ? ਇਸ ਦਾ ਜੁਆਬ ਸਿਰਦਾਰ ਕਪੂਰ ਸਿੰਘ ਨੇ ਦਿੱਤਾ ਹੈ। ਉਨ੍ਹਾਂ ਦਾ ਕਥਨ ਹੈ, “ਖਾਲਸਾ ਕਦੇ ਵੀ, ਕਿਸੇ ਵੀ ਸੂਰਤ ਵਿਚ ਇਸ ਧਾਰਨਾ ਨੂੰ ਪ੍ਰਵਾਨ ਨਹੀਂ ਕਰੇਗਾ ਕਿ ਆਪਣੇ ਤੌਰ ਤਰੀਕਿਆਂ ਅਤੇ ਕਦਰਾਂ-ਕੀਮਤਾਂ ਸਮੇਤ ਤਕਨੀਕ ਇਕ ਭਰਵਾਂ ਸਭਿਆਚਾਰ ਹੈ ਜਾਂ ਸਨਅਤੀ ਪੈਦਾਵਾਰ ਤੇ ਆਰਥਕ ਟੀਚੇ ਹੀ ਜ਼ਿੰਦਗੀ ਦੇ ਸਾਰੇ ਮਨੁੱਖੀ ਸਰੋਕਾਰਾਂ ਨੂੰ ਸੰਤੁਸ਼ਟ ਕਰ ਸਕਦੇ ਹਨ ਅਤੇ ਮਨੁੱਖ ਦੇ ਸਭ ਤੋਂ ਉਤਮ ਸਰੋਕਾਰ ਧਰਮ ਦੀ ਥਾਂ ਲੈ ਸਕਦੇ ਹਨ। ਖਾਲਸਾ ਪੰਥ ਸਭਨਾਂ ਲਈ ਆਜ਼ਾਦੀ, ਸਹਿਣਸ਼ੀਲਤਾ, ਅਨੇਕਤਾਮੁਖੀ ਸਮਾਜਾਂ ਦੀ ਸਥਾਪਨਾ, ਸ਼ਾਂਤੀ ਤੇ ਆਪਸੀ ਭਾਈਚਾਰੇ ਦੇ ਝੰਡੇ ਨੂੰ ਹਮੇਸ਼ਾ ਬੁਲੰਦ ਰਖੇਗਾ ਤਾਂ ਕਿ ਸਮੁੱਚੀ ਮਨੁੱਖਤਾ, ਨਾ ਕਿ ਕੁਝ ਕੁ ਗਿਣਤੀ ਦੇ ਮਨੁੱਖ ਵਿਕਾਸ ਦੇ ਰਾਹ ਉਤੇ ਅੱਗੇ ਵਧਣ ਤੇ ਖੁਸ਼ਹਾਲ ਹੋਣ।”
ਮਨੁੱਖ ਨੂੰ ਮਹਿਜ ਖਾਣ-ਪੀਣ, ਹਗਣ ਤੇ ਲਿੰਗ ਤ੍ਰਿਪਤੀ ਤਕ ਸੀਮਤ ਇਕ ਪਸੂ ਵਜੋਂ ਮਸ਼ੀਨ ਸਮਝਣ ਵਾਲੇ ਇਸ ਤਕਨੀਕੀ ਤੇ ਖਪਤਕਾਰੀ ਸਭਿਆਚਾਰ ਦਾ ਸਭ ਤੋਂ ਵੱਡਾ ਮੁੱਦਈ ਅੱਜ ਕਲ੍ਹ ਅਮਰੀਕਾ ਬਣਿਆ ਹੋਇਆ ਹੈ। ਅੰਗਰੇਜ਼ ਸਾਮਰਾਜ ਤੇ ਪੱਛਮੀ ਦੇਸ਼ਾਂ ਦੇ ਗੁਟ ਦਾ ਆਗੂ ਬਣ ਕੇ ਅਮਰੀਕਾ ਸਾਰੀ ਦੁਨੀਆਂ ਵਿਚ ਇਹ ਵਹਿਸ਼ੀ ਸਭਿਆਚਾਰ ਫੈਲਾ ਰਿਹਾ ਹੈ। ਅਸਲ ਵਿਚ ਮਨੁੱਖੀ ਜਜ਼ਬਿਆਂ ਨੂੰ ਅਣਗੌਲਿਆ ਕਰਕੇ ਤਕਨੀਕ ਉਤੇ ਲੋੜੋਂ ਵੱਧ ਭਰੋਸਾ ਕਰਨਾ ਅਤੇ ‘ਖਪਤਕਾਰੀ ਦਾ ਅਮਰੀਕੀ ਝੱਲਪੁਣਾ’ ਸਾਮਰਾਜੀ ਵਹਿਸ਼ੀ ਸਭਿਆਚਾਰ ਦੇ ਮੁਖ ਲੱਛਣ ਹਨ। ਇਸ ਸਭਿਆਚਾਰ ਨੇ ਅੱਜ ਦੁਨੀਆਂ ਭਰ ਵਿਚ ਆਪਣਾ ਮੱਕੜਜਾਲ ਫੈਲਾ ਲਿਆ ਹੈ ਅਤੇ ਮੱਧਵਰਗੀ ਤੇ ਧਨਾਢ ਸਿੱਖਾਂ ਦੇ ਵੱਡੇ ਹਿੱਸੇ ਸਮੇਤ, ਪੰਜਾਬ ਦੇ ਲੋਕਾਂ ਦੀ ਇਕ ਵੱਡੀ ਗਿਣਤੀ ਇਸ ਸਭਿਆਚਾਰ ਦੀ ਲਪੇਟ ਵਿਚ ਆ ਚੁਕੀ ਹੈ। ਪੰਜਾਬ ਦੀ ਜਰਖੇਜ ਭੋਇੰ ਨੂੰ ਉਜਾੜ ਕੇ ਅੱਜ ਧੜਾਧੜ ਬਣ ਰਹੀਆਂ ਸੜਕਾਂ, ਇਨ੍ਹਾਂ ਸੜਕਾਂ ਉਤੇ ਦੌੜਦੀਆਂ ਕੀਮਤੀ ਕਾਰਾਂ, ਹੋਰ ਵਹੀਕਲ ਅਤੇ ਇਨ੍ਹਾਂ ਕਾਰਨ ਸੜਕਾਂ ਉਤੇ ਹੋ ਰਹੇ ਹਾਦਸੇ, ਗੁਰੂ ਕੀ ਨਗਰੀ ਅੰਮ੍ਰਿਤਸਰ ਸਮੇਤ ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਤੇ ਮੋਹਾਲੀ ਆਦਿ ਸ਼ਹਿਰਾਂ ਵਿਚ ਬਣ ਰਹੇ ਵੱਡੇ-ਵੱਡੇ ਹੋਟਲ, ਮਾਲ, ਨਾਈਟ ਕਲੱਬ, ਕੋਠੀਆਂ ਅਤੇ ਕਰੀਬ ਸਮੁੱਚੇ ਪੰਜਾਬ ਵਿਚ ਹੋ ਰਹੀ ਉਸਾਰੀ, ਖੁੱਲ੍ਹ ਰਹੇ ਵੱਡੇ-ਵੱਡੇ ਮਹਿੰਗੇ ਹਸਪਤਾਲ ਅਤੇ ਪੰਜਾਬ ਦੇ ਕਸਬਿਆਂ ਸ਼ਹਿਰਾਂ ਵਿਚ ਨਿਤ ਦਿਨ ਵਧ ਰਹੀ ਵੇਸਵਾਗਿਰੀ, ਨਸ਼ੇਖੋਰੀ, ਕੈਂਸਰ, ਏਡਜ਼ ਤੇ ਦਿਲ ਦੇ ਰੋਗੀ ਮਰੀਜ਼ਾਂ ਦੀ ਭਰਮਾਰ, ਟੁੱਟ ਰਹੇ ਸਮਾਜੀ, ਪਰਿਵਾਰਕ ਅਤੇ ਮਨੁੱਖੀ ਰਿਸ਼ਤੇ, ਬੜੀ ਤੇਜ਼ੀ ਨਾਲ ਵਧ ਰਹੀ ਤਲਾਕਾਂ ਦੀ ਦਰ, ਨੌਜਵਾਨਾਂ ਵਿਚ ਵਧ ਰਹੀ ਨਾਮਰਦੀ ਅਤੇ ਸਿੱਖਾਂ ਵਿਚ ਆ ਰਿਹਾ ਪਤਿਤਪੁਣਾ-ਸਭ ਇਸੇ ਸਾਮਰਾਜੀ ਖਪਤਕਾਰੀ ਸਭਿਆਚਾਰ ਦੀ ਦੇਣ ਹਨ। ਇਹ ਪੰਜਾਬ ਦਾ ਵਿਕਾਸ ਨਹੀਂ, ਸਗੋਂ ਵਿਨਾਸ਼ ਹੋ ਰਿਹਾ ਹੈ, ਜਿਸ ਨੇ ਪੰਜਾਬ ਦੀ ਧਰਤੀ, ਪਾਣੀ ਅਤੇ ਹਵਾ ਜ਼ਹਿਰੀ ਕਰ ਦਿਤੀ ਹੈ। ਇਸੇ ਕਾਰਨ ਅੱਜ ਪੰਜਾਬ ਵਿਚ ਪਰਵਾਸ ਤੇ ਅਵਾਸ ਦੀ ਸਮੱਸਿਆ ਪੈਦਾ ਹੋਈ ਹੈ। ਇਸ ਵਿਕਾਸ ਮਾਡਲ ਨੂੰ ਕਤੱਈ ਤੌਰ ‘ਤੇ ਰੱਦ ਕੀਤੇ ਅਤੇ ਬਦਲੇ ਬਗੈਰ ਗੁਰੂ ਸਾਹਿਬ ਦੇ ਕੁਦਰਤ ਨਾਲ ਇਕਸੁਰ ਸਹਿਜ ਵਿਕਾਸ ਮਾਡਲ, ਜਿਸ ਵਿਚ ਅਕਾਲ ਪੁਰਖ ਦਾ ਨਾਮ ਜਪਦਿਆਂ ਹੱਥੀਂ ਕਿਰਤ ਕਰਕੇ ਵੰਡ ਛਕਣ ਦਾ ਸਿਧਾਂਤ ਭਾਰੂ ਹੋਵੇ, ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।
ਸ਼ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ’29 ਅਪਰੈਲ ਦੇ ਐਲਾਨਨਾਮੇ ਨੂੰ ਸਮਝਣ ਲਈ ਰਤਾ ਕੁ ਪਿਛੇ ਜਾਣ ਦੀ ਲੋੜ ਹੈ। ਇਸ ਵਾਸਤੇ ਅਕਾਲੀ ਲਹਿਰ, ਗਦਰ ਪਾਰਟੀ ਲਹਿਰ, ਬੱਬਰ ਅਕਾਲੀ ਲਹਿਰ ਤੇ ਕੂਕਾ ਲਹਿਰ ਦਾ ਮੁਲੰਕਣ ਕਰਨ ਦੀ ਲੋੜ ਹੈ। ਵੀਹਵੀਂ ਸਦੀ ਵਿਚ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਨੇ ਵੀ ਹਥਿਆਰਬੰਦ ਜੰਗ ਸ਼ੁਰੂ ਕੀਤੀ ਸੀ ਅਤੇ ਇਸ ਲਹਿਰ ਦੇ ਕਈ ਅਨਮੋਲ ਹੀਰਿਆਂ ਨੇ ਜੈਕਾਰਿਆਂ ਦੀ ਗੂੰਜ ਵਿਚ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸੀ। ਇਸ ਤੋਂ ਪਹਿਲਾਂ ਗਦਰ ਪਾਰਟੀ ਲਹਿਰ ਦੇ ਸਿੱਖ ਸੂਰਬੀਰ ਵੀ ਜੈਕਾਰੇ ਗਜਾਉਂਦੇ ਹੀ ਫਾਂਸੀ ਉਤੇ ਚੜ੍ਹੇ ਸਨ, ਪਰ ਇਨ੍ਹਾਂ ਕੁਰਬਾਨੀਆਂ ਦੇ ਪਿਛੇ ਸਿੱਖਾਂ ਦੀ ਆਪਣੀ ਆਜ਼ਾਦੀ ਤੇ ਆਪਣੀ ਪ੍ਰਭੂਸਤਾ ਕਾਇਮ ਕਰਨ ਦਾ ਪੈਗਾਮ ਧੁੰਦਲਾ ਸੀ ਜਾਂ ਇਹ ਸਾਡੀ ਰਾਜਨੀਤਕ ਬਦਕਿਸਮਤੀ ਹੀ ਸੀ ਕਿ ਸਾਡੀ ਆਜ਼ਾਦੀ ਦਾ ਸੰਦੇਸ਼ ਇਨ੍ਹਾਂ ਕੁਰਬਾਨੀਆਂ ਵਿਚ ਸ਼ਾਮਿਲ ਨਹੀਂ ਸੀ। ਇਹ ਬੇਮਿਸਾਲ ਕੁਰਬਾਨੀਆਂ ਬ੍ਰਾਹਮਣਵਾਦੀ ਹਕੂਮਤ ਵਲੋਂ ਹਿੰਦੁਸਤਾਨ ਦੀ ਜੰਗੇ-ਆਜ਼ਾਦੀ ਲਈ ਵਰਤ ਲਈਆਂ ਗਈਆਂ।’
ਸੁਆਲ ਹੈ ਕਿ ਸਿੱਖਾਂ ਦੀਆਂ ਇਹ ਕੁਰਬਾਨੀਆਂ ਬ੍ਰਾਹਮਣਵਾਦੀ ਹਕੂਮਤ ਨੇ ਕਿਉਂ ਵਰਤ ਲਈਆ? ਇਸ ਦਾ ਕਾਰਨ ਫਿਰ ਇਹੀ ਹੈ ਕਿ ਸਿੱਖ ਅਜੇ ਤਕ ਵੀ ਗੁਰੂ ਸਾਹਿਬ ਵਲੋਂ ਉਨ੍ਹਾਂ ਨੂੰ ਬਖਸ਼ੀ ਪਾਤਸ਼ਾਹੀ ਅਤੇ ਦੁਨਿਆਵੀ ਬਾਦਸ਼ਾਹੀ ਵਿਚਾਲੇ ਨਿਖੇੜਾ ਨਹੀਂ ਕਰ ਸਕੇ। ਕੌਮੀ ਰਾਜ ਅਤੇ ਪੱਛਮੀ ਤਰਜ ਦੀ ਜਮਹੂਰੀਅਤ ਦੇ ਪੈਮਾਨਿਆਂ ਵਿਚ ਫਸੇ ਉਹ ਅਜੇ ਤਕ ਆਪਣੀ ਘਟਗਿਣਤੀ ਹੋਣ ਦੀ ਹੀਣ ਭਾਵਨਾ ਦੇ ਅਹਿਸਾਸ ਵਿਚੋਂ ਹੀ ਬਾਹਰ ਨਹੀਂ ਨਿਕਲ ਸਕੇ। ਉਹ ਅਜੇ ਤਕ ਵੀ ਇਸ ਗੱਲ ਦਾ ਭੇਦ ਨਹੀਂ ਪਾ ਸਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਤਮਿਕ ਗਿਆਨ ਦਾ ਕਿੱਡਾ ਵੱਡਾ ਖਜਾਨਾ ਬਖਸ਼ਿਆ ਹੈ। ਸਿੱਖਾਂ ਨੇ ਰਾਜ ਲੈਣਾ ਹੈ ਜਾਂ ਨਹੀਂ, ਇਥੇ ਇਹ ਬਹਿਸ ਦਾ ਵਿਸ਼ਾ ਹੀ ਨਹੀਂ ਹੈ। ਇਥੇ ਚਰਚਾ ਦਾ ਵਿਸ਼ਾ ਸਿਰਫ ਇਹ ਹੈ ਕਿ ਸਿੱਖਾਂ ਨੇ ਰਾਜ ਕਿਵੇਂ ਅਤੇ ਕਾਹਦੇ ਵਾਸਤੇ ਲੈਣਾ ਹੈ? ਸਿੱਖਾਂ ਨੇ ਰਾਜ ਕਾਹਦੇ ਵਾਸਤੇ ਲੈਣਾ ਹੈ, ਇਸ ਸੁਆਲ ਦਾ ਜੁਆਬ ਗੁਰਮਤਿ ਦਿੰਦੀ ਹੈ,
ਜਿਸ ਕਾ ਰਾਜ ਤਿਸੈ ਕਾ ਸੁਪਨਾ॥ (ਪੰਨਾ 179)
ਭਾਵ ਜੇ ਸਿੱਖਾਂ ਨੇ ਆਪਣੀ ਆਤਮਿਕ, ਮਾਨਸਿਕ ਅਤੇ ਸਭਿਆਚਾਰਕ ਆਜ਼ਾਦੀ ਮਾਣਨ ਦੇ ਸੁਪਨੇ ਨੂੰ ਪੂਰਾ ਕਰਨਾ ਹੈ ਤਾਂ ਉਨ੍ਹਾਂ ਲਈ ਰਾਜ ਲੈਣਾ ਲਾਜ਼ਮੀ ਹੈ। ਸਿੱਖਾਂ ਨੇ ਰਾਜ ਕਿਵੇਂ ਲੈਣਾ ਹੈ, ਇਸ ਸੁਆਲ ਦਾ ਜੁਆਬ ਅਜੋਕੇ ਇਤਿਹਾਸਕ ਪੜਾਅ ਉਤੇ ਲੋੜੀਂਦੀ ਰਾਜਨੀਤਕ ਦਿਸ਼ਾ ਨੇ ਦੇਣਾ ਹੈ।
ਅਸਲ ਵਿਚ ਹਰੇਕ ਫਿਲਾਸਫੀ ਸਮਾਜ ਨੂੰ ਆਪਣੇ ਅਨੁਸਾਰ ਨਵੇਂ ਸਿਰਿਓਂ ਜਥੇਬੰਦ ਕਰਨ ਲਈ ਰਾਜ ਦਾ ਸੰਕਲਪ ਆਪਣੇ ਨਾਲ ਲੈ ਕੇ ਆਉਂਦੀ ਹੈ। ਫਿਲਾਸਫੀ ਅਤੇ ਰਾਜਨੀਤੀ ਦਾ ਅਟੁੱਟ ਸਬੰਧ ਹੈ। ਇਹੀ ਗੱਲ ਕਾਰਲ ਮਾਰਕਸ ਨੇ ਦੱਸੀ ਹੈ। ਫਿਲਾਸਫੀ ਸਮੁੱਚੀ ਮਨੁੱਖ ਜਾਤੀ ਵਲੋਂ ਹੁਣ ਤਕ ਆਪਣੇ ਸਦੀਆਂ ਦੇ ਅਮਲ ਵਿਚ ਹੰਢਾਈ ਜ਼ਿੰਦਗੀ ਦਾ ਸਿਆਣਪ ਦੇ ਰੂਪ ਵਿਚ ਨਿਕਲਿਆ ਨਿਚੋੜ ਹੈ। ਇਸ ਸਿਆਣਪ ਤੋਂ ਅਗਵਾਈ ਲੈ ਕੇ ਘੜੀ ਰਾਜਨੀਤੀ ਹੀ ਮਨੁੱਖੀ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਇਸਾਈਅਤ ਤੇ ਇਸਲਾਮ ਦੇ ਆਧਾਰ ਉਤੇ ਵੱਡੀਆਂ ਪਾਤਸ਼ਾਹੀਆਂ ਕਾਇਮ ਹੋਈਆਂ ਹਨ। ਮੌਜੂਦਾ ਪੱਛਮੀ ਤਰਜ ਦੀ ਜਮਹੂਰੀਅਤ ਦਾ ਆਧਾਰ ਵੀ ਇਸਾਈਅਤ ਅਤੇ ਪਲੈਟੋ ਦੀ ਫਿਲਾਸਫੀ ਨੂੰ ਹੀ ਮੰਨਿਆ ਜਾਂਦਾ ਹੈ। ਪਿਛਲੀ ਸਦੀ ਵਿਚ ਮਾਰਕਸਵਾਦੀ ਵਿਚਾਰਧਾਰਾ ਦੇ ਆਧਾਰ ‘ਤੇ ਕਰੀਬ ਅੱਧੀ ਦੁਨੀਆਂ ਵਿਚ ਸਮਾਜਵਾਦੀ ਰਾਜ ਸਿਰਜਣ ਦੇ ਯਤਨ ਕੀਤੇ ਗਏ, ਪਰ ਇਹ ਵੱਖਰੀ ਗੱਲ ਹੈ ਕਿ ਇਉਂ ਕਰਦਿਆਂ ਮਾਰਕਸ ਦੀ ਭੌਤਿਕਵਾਦੀ ਫਿਲਾਸਫੀ ਨੂੰ ਅਣਗੌਲਿਆ ਕਰ ਦਿੱਤਾ ਗਿਆ, ਜਿਸ ਕਾਰਨ ਮਾਰਕਸ ਦਾ ਚਿਤਵਿਆ ਸਮਾਜਵਾਦੀ ਰਾਜ ਸਿਰਜਿਆ ਨਾ ਜਾ ਸਕਿਆ।
ਗੁਰਮਤਿ ਨੇ ਹਲੇਮੀ ਰਾਜ ਅਤੇ ਬੇਗਮਪੁਰਾ ਸਮਾਜ ਦੇ ਮੌਲਿਕ ਸੰਕਲਪ ਮਨੁੱਖ ਜਾਤੀ ਨੂੰ ਦਿੱਤੇ ਹਨ, ਪਰ ਇਨ੍ਹਾਂ ਸੰਕਲਪਾਂ ਨੂੰ ਹਾਲੇ ਤਕ ਅਜੋਕੀ ਰਾਜਸੀ ਬੋਲੀ ਵਿਚ ਸਪਸ਼ਟ ਨਹੀਂ ਕੀਤਾ ਗਿਆ।
ਗੁਰਮਤਿ ਸਪਸ਼ਟ ਐਲਾਨ ਕਰਦੀ ਹੈ,
ਹੁਣ ਹੁਕਮੁ ਹੋਆ ਮਿਹਰਵਾਣ ਦਾ
ਪੈ ਕੋਇ ਨ ਕਿਸੇ ਰਞਾਣ ਦਾ॥
ਸਭ ਸੁਖਾਲੀ ਵੁਠੀਆ ਇਹੁ
ਹੋਆ ਹਲੇਮੀ ਰਾਜੁ ਜੀਉ॥ (ਪੰਨਾ 74)
ਸਰਬਉਚ ਮਿਹਰਵਾਨ ਹਸਤੀ ਸੱਚੇ ਪਾਤਸ਼ਾਹ, ਕਰਤਾ ਪੁਰਖੁ, ਨਿਰੰਕਾਰ, ਹਰਿ ਜੀਉ ਦਾ ਹੁਕਮ ਹੋਇਆ ਹੈ ਕਿ ਹੁਣ ਇਸ ਧਰਤੀ ਉਤੇ ਕੋਈ ਵੀ ਮਨੁੱਖ ਕਿਸੇ ਦੂਜੇ ਮਨੁੱਖ ਨੂੰ ਦੁੱਖ ਨਾ ਦੇਵੇ, ਭਾਵ ਕਿਸੇ ਦੂਜੇ ਮਨੁੱਖ ਦੀ ਮਾਨਸਿਕ ਤੇ ਸਰੀਰਕ ਲੁਟ ਨਾ ਕਰੇ, ਕਿਉਂਕਿ ਹੁਣ ਸੱਚੇ ਪਾਤਸ਼ਾਹ ਨੇ ਇਸ ਧਰਤੀ ਉਤੇ ਹਲੇਮੀ ਰਾਜ ਦੀ ਸਿਰਜਣਾ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਸਾਰੇ ਲੋਕ ਸੁਖੀ ਵਸਣਗੇ। ਰਾਜ ਦਾ ਇਹ ਸੰਕਲਪ ਹੀ ਅਜੋਕੀ ਮਨੁੱਖ ਜਾਤੀ ਦਾ ਭਵਿਖ ਹੈ। ਖਾਲਿਸਤਾਨ ਦੀ ਰਾਜਨੀਤੀ ਨੂੰ ਸਪਸ਼ਟ ਕਰਨ ਲਈ ਇਸ ਸੰਕਲਪ ਨੂੰ ਅਜੋਕੀ ਰਾਜਨੀਤਕ ਭਾਸ਼ਾ ਵਿਚ ਢਾਲਣ ਦੀ ਲੋੜ ਹੈ।