ਖਾਲਿਸਤਾਨ ਐਲਾਨਨਾਮਾ: ਨਿਰਾ ਭਾਵੁਕ ਹੋ ਕੇ ਗੱਲਾਂ ਕਰਨਾ ਹੀ ਹੱਲ ਨਹੀਂ

ਸੰਪਾਦਕ ਜੀ,
ਅਖਬਾਰ ‘ਪੰਜਾਬ ਟਾਈਮਜ਼’ ਵਿਚ ਖਾਲਿਸਤਾਨ ਐਲਾਨਨਾਮੇ ਸਬੰਧੀ ਵਿਚਾਰ-ਚਰਚਾ ਰਾਹੀਂ ਮੁੱਦੇ ਦੀਆਂ ਪਰਤਾਂ ਨੂੰ ਜਿਵੇਂ ਬਾਦਲੀਲ ਢੰਗ ਨਾਲ ਸਾਹਮਣੇ ਲਿਆਂਦਾ ਗਿਆ ਹੈ, ਬਾਕਮਾਲ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਹਿਰਦਿਆਂ ਦੀਆਂ ਗਹਿਰਾਈਆਂ ਵਿਚ ਕਿਤੇ ਨਾ ਕਿਤੇ ਆਪਣੇ ਘਰ ਦਾ ਸੁਪਨਾ ਉਸਲਵੱਟੇ ਲੈਂਦਾ ਰਿਹਾ ਹੈ ਅਤੇ ਲੈਂਦਾ ਰਹੇਗਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਹੀ ਦੇਸ਼ ਵਿਚ ਸਾਡੇ ਨਾਲ ਹਰ ਗੱਲ ‘ਤੇ ਧੱਕਾ ਹੋਇਆ ਹੈ ਅਤੇ ਹੁਣ ਵੀ ਘਟਗਿਣਤੀਆਂ ਨੂੰ ਆਪਣੇ ਵਿਚ ਖਪਾਏ ਜਾਣ ਦੇ ਮਨਸੂਬੇ ਘੜੇ ਜਾ ਰਹੇ ਹਨ।

ਵਿਚਾਰਨ ਵਾਲਾ ਮੁੱਦਾ ਇਹ ਹੈ ਕਿ ਆਪਣੇ ਸੁਪਨਿਆਂ ਦੀ ਪੂਰਤੀ ਲਈ ਬਿਨਾ ਕਿਸੇ ਪਲੈਨਿੰਗ ਤੋਂ ਹਥਿਆਰਬੰਦ ਸੰਘਰਸ਼ ਅਸੀਂ ਕਰਕੇ ਵੇਖ ਲਿਆ ਹੈ ਅਤੇ ਉਸ ਦੇ ਨਤੀਜੇ ਵੀ ਭੁਗਤ ਲਏ ਹਨ। ਇਹ ਜ਼ਰੂਰੀ ਹੋ ਗਿਆ ਹੈ ਕਿ ਨਵੀਂ ਤਕਨਾਲੋਜੀ ਦੇ ਯੁੱਗ ਵਿਚ ਅਸੀਂ ਨਵੀਂ ਵਿਊਂਤਬੰਦੀ ਕਰੀਏ। ਸੰਸਾਰ ਵਿਚ ਖਿੰਡੀ ਪੁੰਡੀ ਪੰਥਕ ਸ਼ਕਤੀ ਨੂੰ ਕਿਸੇ ਇੱਕ ਝੰਡੇ ਥੱਲੇ ਯੋਜਨਾਬੱਧ ਤਰੀਕੇ ਨਾਲ ਇੱਕਸੁਰ ਕੀਤਾ ਜਾਏ। ਉਸ ਲਈ ਜ਼ਮੀਨੀ ਪੱਧਰ ਤੋਂ ਪ੍ਰੋਗਰਾਮ ਉਲੀਕੇ ਜਾਣ। ਯਹੂਦੀਆਂ ਵਾਂਗ ਸਿੱਖ ਬੱਚਿਆਂ ਨੂੰ ਹਾਈ ਐਜੂਕੇਸ਼ਨ ਦੇਣ ਦਾ ਪ੍ਰਬੰਧ ਹੋਵੇ। ਸਿੱਖੀ ਸਰੂਪ ਤੇ ਸਿੱਖ ਸਿਧਾਂਤਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਭਵਿੱਖ ਦੇ ਪ੍ਰੋਗਰਾਮ ਉਲੀਕੇ ਜਾਣ। ਕਿਸੇ ਪ੍ਰੋਗਰਾਮ ਤੋਂ ਬਿਨਾ ਨਿਰੇ ਭਾਵੁਕ ਹੋ ਕੇ ਗੱਲਾਂ ਕਰਨ ਨਾਲ ਕੁਝ ਨਹੀਂ ਹੋ ਸਕੇਗਾ, ਸਗੋਂ ਹੋਰ ਖੱਜਲ ਖੁਆਰੀ ਦਾ ਰਾਹ ਪੱਧਰਾ ਕਰ ਰਹੇ ਹੋਵਾਂਗੇ।
ਗੁਰੂ ਰਾਖਾ,
-ਓਅੰਕਾਰ ਸਿੰਘ