ਦੂਰੀਆਂ ਦੀ ਦਾਸਤਾਨ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਉਨ੍ਹਾਂ ਬਾਪ ਦੇ ਸਦੀਵੀ ਵਿਛੋੜੇ ਪਿਛੋਂ ਮਨ-ਮਸਤਕ ਵਿਚ ਉਕਰੀਆਂ ਉਹਦੀਆਂ ਯਾਦਾਂ ਨੂੰ ਨਿਹਾਰਦਿਆਂ ਠੰਡਾ ਹਉਕਾ ਭਰਿਆ ਸੀ, “ਸਿਰ ‘ਤੇ ਬਾਪ ਦੀ ਛਾਂ ਦੇ ਕੀ ਅਰਥ ਹੁੰਦੇ ਨੇ, ਸਿਰਫ ਉਦੋਂ ਪਤਾ ਲੱਗਦਾ, ਜਦੋਂ ਬਾਪ ਦੀ ਛਾਂ ਖੁਸਦੀ ਏ।

…ਬਾਪ ਦੇ ਤੁਰ ਜਾਣ ਪਿਛੋਂ ਲੱਭਦੀ ਨਹੀਂ ਉਹ ਉਂਗਲ, ਜਿਸ ਨੂੰ ਫੜ ਕੇ ਤੁਰਨਾ ਸਿਖਿਆ ਸੀ ਅਤੇ ਜਿਸ ਨੇ ਜੀਵਨ-ਡੰਡੀ ਨੂੰ ਪਹੇ ਬਣਨਾ ਸਿਖਾਇਆ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਦੂਰੀਆਂ ਦੀ ਦਾਸਤਾਨ ਬਿਆਨਦਿਆਂ ਕਿਹਾ ਹੈ ਕਿ ਸਭ ਤੋਂ ਖਤਰਨਾਕ ਹੁੰਦੀ ਹੈ ਆਪਣੇ ਆਪ ਤੋਂ ਬਣਾਈ ਹੋਈ ਦੂਰੀ। ਉਨ੍ਹਾਂ ਖੁਦ ਤੋਂ ਖੁਦ ਤੀਕ ਦੀ ਦੂਰੀ ਨੂੰ ਖਤਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਹੈ, “ਸਮਾਜ ਵਿਚ ਬਹੁਤ ਸਾਰੇ ਮਸਲਿਆਂ ਦੀ ਜੜ੍ਹ ਇਹ ਦੂਰੀਆਂ ਹੀ ਹਨ-ਭਾਵੇਂ ਇਹ ਸਮਾਜਕ ਪੱਧਰ ਹੋਵੇ, ਪਰਿਵਾਰ ਦੇ ਵੱਖੋ-ਵੱਖ ਜੀਆਂ ਦੀ ਇਕ ਹੀ ਮਸਲੇ ਪ੍ਰਤੀ ਵੱਖ ਪਹੁੰਚ ਹੋਵੇ ਜਾਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਕਿਸੇ ਨੂੰ ਪੌੜੀ ਬਣਾ ਕੇ ਉਪਰ ਉਠਣ ਦੀ ਕੋਝੀ ਚਾਲ ਹੋਵੇ।…ਦੂਰੀਆਂ ਕਾਰਨ ਹੀ ਮਨੁੱਖੀ ਸੋਚ ਵਿਚ ਵੱਕਾਰ ਪੈਦਾ ਹੁੰਦਾ, ਜਿਸ ਵਿਚੋਂ ਹੈਂਕੜ, ਰੁਤਬੇ, ਹੰਕਾਰ ਜਿਹੀਆਂ ਅਲਾਮਤਾਂ ਜਨਮ ਲੈਂਦੀਆਂ; ਪਰ ਬਹੁਤੀ ਵਾਰ ਇਨ੍ਹਾਂ ਨੂੰ ਘਟਾਉਣ ਵਿਚੋਂ ਹੀ ਨਵੀਂ ਕਿਰਨ ਜੀਵਨ ਦੀਆਂ ਹਨੇਰੀਆਂ ਕੰਦਕਾਂ ਨੂੰ ਰੁਸ਼ਨਾ ਸਕਦੀ ਹੈ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਦੂਰੀਆਂ, ਫਾਸਲੇ, ਪਾੜਾ, ਫਰਕ ਜਾਂ ਵਖਰੇਵਾਂ ਆਦਿ ਸਮਾਨੰਤਰ ਅਰਥਾਂ ਵਾਲੇ ਸ਼ਬਦ ਹਨ, ਜਿਨ੍ਹਾਂ ਵਿਚੋਂ ਬਹੁਤ ਕੁਝ ਸਾਡੀ ਚੇਤਨਾ ਨੂੰ ਹਲੂਣਦਾ। ਚਿੰਤਨ ਨੂੰ ਫਿਕਰਮੰਦ ਵੀ ਕਰਦਾ ਅਤੇ ਇਸ ਵਿਚੋਂ ਸੁਚੇਤਨਾ ਵੀ ਪੈਦਾ ਹੁੰਦੀ।
ਦੂਰੀਆਂ ਬਹੁਤ ਸਾਰੀਆਂ ਪਰਤਾਂ, ਅਰਥ-ਸੀਮਾਵਾਂ ਅਤੇ ਰੰਗਾਂ ਸਮੇਤ ਜੀਵਨ ਦਰ ‘ਤੇ ਦਸਤਕ ਬਣਦੀਆਂ। ਇਨ੍ਹਾਂ ਨੂੰ ਕਿਸ ਰੂਪ ਵਿਚ ਸਮਝਣਾ ਅਤੇ ਇਨ੍ਹਾਂ ਨੂੰ ਮਿਟਾਉਣਾ ਜਾਂ ਵਧਾਉਣਾ, ਇਹ ਇਸ ‘ਤੇ ਨਿਰਭਰ ਕਰਦਾ ਕਿ ਇਹ ਦੂਰੀਆਂ ਕਿਸ ਕਾਰਨ ਨੇ? ਇਸ ਦੇ ਘਟਾਉਣ ਜਾਂ ਵਧਾਉਣ ਨਾਲ ਮਨੁੱਖੀ ਸੋਚ ਅਤੇ ਉਸ ਦੇ ਕਰਮ-ਧਰਮ ‘ਤੇ ਕੀ ਅਸਰ ਪੈਂਦਾ?
ਦੂਰੀਆਂ ਵਧਾਉਣਾ ਕਈ ਵਾਰ ਸਮੇਂ ਦੀ ਲੋੜ ਅਤੇ ਸੁ.ਭ-ਸੇਧ ਦਾ ਸਿਰਨਾਂਵਾਂ ਹੁੰਦਾ, ਪਰ ਬਹੁਤੀ ਵਾਰ ਇਨ੍ਹਾਂ ਨੂੰ ਘਟਾਉਣ ਵਿਚੋਂ ਹੀ ਨਵੀਂ ਕਿਰਨ, ਜੀਵਨ ਦੀਆਂ ਹਨੇਰੀਆਂ ਕੰਦਕਾਂ ਨੂੰ ਰੁਸ਼ਨਾ ਸਕਦੀ।
ਦੂਰੀਆਂ ਸਤਹੀ ਜਾਂ ਬਹੁਤ ਡੂੰਘੀਆਂ ਹੁੰਦੀਆਂ। ਇਨ੍ਹਾਂ ਦੀ ਡੂੰਘਾਈ ਇਹ ਨਿਰਧਾਰਤ ਕਰਦੀ ਕਿ ਦੂਰੀਆਂ ਦੇ ਕੀ ਕਾਰਨ ਹਨ ਅਤੇ ਇਸ ਦੀਆਂ ਤਹਿਆਂ ਵਿਚ ਕਿਹੜੇ ਦਿਸਦੇ ਜਾਂ ਅਣਦਿਸਦੇ ਸਬੱਬ ਹਨ?
ਦੂਰੀਆਂ ਸਮਾਜਕ, ਆਰਥਕ, ਮਾਨਸਿਕ, ਸਰੀਰਕ, ਧਾਰਮਿਕ ਆਦਿ ਬਹੁਤ ਰੂਪਾਂ ਵਿਚ ਸਮਾਜ ‘ਚ ਹਾਜ਼ਰ-ਨਾਜ਼ਰ। ਇਹ ਵਖਰੇਵਿਆਂ ਦੀ ਜਨਮਦਾਤੀ, ਵਿਭਿੰਨਤਾਵਾਂ ਦੀ ਭਰਮ-ਭੂਮੀ, ਸੋਚ-ਤਰੇੜਾਂ ਦੀ ਧਰਾਤਲ ਅਤੇ ਕਰਮ-ਧਰਮ ਵਿਚਲੇ ਉਪਜੇ ਪਾੜੇ ਦਾ ਵਿਸ਼ਲੇਸ਼ਣ।
ਸਮਾਜਕ ਦੂਰੀਆਂ ਕਾਰਨ ਹੀ ਪਰਿਵਾਰਾਂ ਦੇ ਅੱਡੋ-ਅੱਡਰੇ ਰਾਹ, ਸਮਾਜ ਵਿਚ ਪਈਆਂ ਵੰਡੀਆਂ, ਨਿੱਕੇ-ਨਿੱਕੇ ਫਿਰਕੇ ਅਤੇ ਆਪੋ-ਆਪਣੀ ਦੁਨੀਆਂ। ਇਸ ਤੋਂ ਬਾਹਰ ਝਾਕਣ ਅਤੇ ਵਖਰੇਵੇਂ ਦੀ ਮਨਾਹੀ ਦੂਰੀਆਂ ਨੂੰ ਹੋਰ ਪੱਕਾ ਕਰਦੀ। ਸਮਾਜ ਵਿਚ ਬਹੁਤ ਸਾਰੇ ਮਸਲਿਆਂ ਦੀ ਜੜ੍ਹ ਇਹ ਦੂਰੀਆਂ-ਭਾਵੇਂ ਇਹ ਸਮਾਜਕ ਪੱਧਰ ਹੋਵੇ, ਪਰਿਵਾਰ ਦੇ ਵੱਖੋ-ਵੱਖ ਜੀਆਂ ਦੀ ਇਕ ਹੀ ਮਸਲੇ ਪ੍ਰਤੀ ਵਿਭਿੰਨ ਪਹੁੰਚ ਹੋਵੇ ਜਾਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਕਿਸੇ ਨੂੰ ਪੌੜੀ ਬਣਾ ਕੇ ਉਪਰ ਉਠਣ ਦੀ ਕੋਝੀ ਚਾਲ ਹੋਵੇ। ਸਮਾਜਕ ਨਾ-ਬਰਾਬਰੀ, ਦੂਰੀਆਂ ਦੀ ਜੜ੍ਹ। ਇਸ ਨਾਲ ਹੀ ਉਲਝਦੇ ਨੇ ਜਾਤ-ਪਾਤ, ਰੰਗ, ਨਸਲ ਦੇ ਬਿਖੇੜੇ। ਅੰਤਰ-ਜਾਤੀ ਵਿਆਹਾਂ ਕਾਰਨ ਸ਼ੁਰੂ ਹੁੰਦੀ ਏ ਕਤਲਾਂ ਦੀ ਕਹਾਣੀ। ਦੁੱਖ ਇਸ ਗੱਲ ਦਾ ਕਿ ਇਸ ਦੂਰੀ ਨੂੰ ਮਿਟਾਉਣ ਵਾਲੀ ਸੋਚ ਹੀ ਇਸ ਦੀ ਮਾਰ ਹੇਠ ਆਈ, ਜਾਤਾਂ, ਨਸਲਾਂ ਆਦਿ ਵਿਚ ਉਲਝ ਕੇ ਸੂਹੀ ਸੋਚ ਦਾ ਮਰਸੀਆ ਪੜ੍ਹ ਰਹੀ ਏ।
ਦੂਰੀਆਂ ਤਾਂ ਹੁੰਦੀਆਂ ਨੇ ਅਮੀਰ ਤੇ ਗਰੀਬ ਵਿਚ, ਜ਼ਿਆਦਾ ਪੜ੍ਹੇ-ਲਿਖੇ ਤੇ ਘੱਟ ਪੜ੍ਹੇ-ਲਿਖੇ ਵਿਚ, ਅਗਿਆਨੀ ਤੇ ਅਨਪੜ੍ਹ ਵਿਚ, ਮੁਜ਼ਾਰੇ ਤੇ ਜਿਮੀਂਦਾਰ ਵਿਚ, ਬੇਰੁਜ਼ਗਾਰ ਤੇ ਕਮਾਊ ਵਿਚ, ਰਾਜੇ ਤੇ ਰੰਕ ਵਿਚ, ਮਹਿਲਾਂ ਤੇ ਝੁੱਗੀਆਂ ਵਿਚ, ਨੌਕਰ ਤੇ ਮਾਲਕ ਵਿਚ, ਵੱਡੇ ਤੇ ਛੋਟੇ ਵਿਚ ਅਤੇ ਹਾਕਮ ਤੇ ਅਰਦਲੀ ਵਿਚ। ਇਨ੍ਹਾਂ ਦੂਰੀਆਂ ਕਾਰਨ ਹੀ ਮਨੁੱਖੀ ਸੋਚ ਵਿਚ ਵੱਕਾਰ ਪੈਦਾ ਹੁੰਦਾ, ਜਿਸ ਵਿਚੋਂ ਹੈਂਕੜ, ਰੁਤਬੇ, ਹੰਕਾਰ ਜਿਹੀਆਂ ਅਲਾਮਤਾਂ ਜਨਮ ਲੈਂਦੀਆਂ। ਇਹ ਨਾ-ਬਰਾਬਰੀ ਕਈ ਵਾਰ ਹੜਤਾਲਾਂ, ਰੋਸ, ਧਰਨਿਆਂ, ਯੁੱਧਾਂ ਆਦਿ ਵਿਚ ਤਬਦੀਲ ਹੁੰਦੀ, ਹੱਕਾਂ ਲਈ ਅਜਿਹੇ ਸੰਘਰਸ਼ ਦਾ ਮੁੱਢ ਬੰਨਦੀ ਕਿ ਲੋਕ-ਏਕਤਾ ਸਾਹਵੇਂ ਢਹਿ ਢੇਰੀ ਹੋ ਜਾਂਦੀਆਂ ਜ਼ਾਬਰ ਸਲਤਨਤਾਂ। ਲੋੜ ਹੈ, ਅਜਿਹੀਆਂ ਦੂਰੀਆਂ ਨੂੰ ਘਟਾਉਣ ਵੰਨੀਂ ਮਨੁੱਖੀ ਸੋਚ ਨੂੰ ਪ੍ਰੇਰਤ ਕੀਤਾ ਜਾਵੇ, ਨਾ ਕਿ ਇਨ੍ਹਾਂ ਦੂਰੀਆਂ ਨੂੰ ਵਧਾਉਣ ਵਾਲੀਆਂ ਤਾਕਤਾਂ ਇਕ ਬਿੰਦੂ ‘ਤੇ ਹੀ ਕੇਂਦ੍ਰਿਤ ਹੋ ਜਾਣ।
ਕਈ ਵਾਰ ਫਾਸਲੇ ਬਹੁਤ ਹੁੰਦੇ, ਪਰ ਦੂਰੀਆਂ ਨਹੀਂ ਹੁੰਦੀਆਂ। ਇਹ ਫਾਸਲੇ ਨੇੜਤਾ ਤੇ ਨਿੱਘ ਦਾ ਨਾਮਕਰਨ ਹੁੰਦੇ, ਪਰ ਕਈ ਵਾਰ ਨੇੜੇ ਨੇੜੇ ਰਹਿਣ ਵਾਲਿਆਂ ਵਿਚ ਵੀ ਬਹੁਤ ਜ਼ਿਆਦਾ ਦੂਰੀਆਂ ਹੁੰਦੀਆਂ, ਜਿਨ੍ਹਾਂ ਨੂੰ ਪੂਰਦਿਆਂ ਹੀ ਜੀਵਨ ਵਿਹਾਜ ਜਾਂਦਾ।
ਦੂਰੀ ਤਾਂ ਕਰਮ ਤੇ ਧਰਮ ਦੀ, ਜੋਸ਼ ਤੇ ਹੋਸ਼ ਦੀ, ਸੁਪਨੇ ਤੇ ਸਫਲਤਾ ਦੀ, ਤੁਰਨ ਤੇ ਪਹੁੰਚਣ ਦੀ, ਸਲਾਹਾਂ ਕਰਨ ਤੇ ਤੁਰਨ ਵਿਚ, ਕਰਨੀ ਤੇ ਕਹਿਣੀ ਵਿਚ ਅਤੇ ਕੋਹਝ ਤੇ ਸੁਹੱਪਣ ਵਿਚ ਵੀ ਹੁੰਦੀ। ਸਭ ਤੋਂ ਪਹਿਲਾਂ ਅਜਿਹੀਆਂ ਦੂਰੀਆਂ ਨੂੰ ਸਮਝਣ ਦੀ ਲੋੜ। ਫਿਰ ਇਨ੍ਹਾਂ ਨੂੰ ਖਤਮ ਕਰਨ ਦੀ ਤਮੰਨਾ ਮਨ ਵਿਚ ਹੋਵੇ ਤਾਂ ਅਸੰਭਵ ਲੱਗਦਾ ਹਰ ਕੰਮ ਵੀ ਸੰਭਵ ਹੋ ਜਾਂਦਾ।
ਦੂਰੀ ਤਾਂ ਦੁੱਖ ਤੇ ਦਵਾ ਦੀ, ਦਰਦ ਤੇ ਦੁਆ ਦੀ, ਦੰਭ ਤੇ ਦਾਅਵਤ ਦੀ, ਦਰਦਵੰਤਾ ਤੇ ਦਰਦ-ਹਰਨ ਦੀ ਅਤੇ ਦੰਦੋੜਿਕੇ ਤੇ ਗੁਹਾਰ ਦੀ ਵੀ ਹੁੰਦੀ। ਇਨ੍ਹਾਂ ਦੂਰੀਆਂ ਨੂੰ ਮਿਟਾ ਕੇ, ਮੁੱਖ ‘ਤੇ ਸੁਖਨ ਦੀ ਇਬਾਰਤ ਪੜ੍ਹਨ ਦੀ ਜਾਚ ਜੇ ਮਨੁੱਖ ਨੂੰ ਆ ਜਾਵੇ ਤਾਂ ਇਹ ਦੂਰੀਆਂ ਕਦੇ ਪੈਦਾ ਹੀ ਨਾ ਹੋਣ।
ਸਭ ਤੋਂ ਖਤਰਨਾਕ ਹੁੰਦੀ ਹੈ ਆਪਣੇ ਆਪ ਤੋਂ ਬਣਾਈ ਹੋਈ ਦੂਰੀ। ਆਪਣੇ ਅੰਤਰੀਵ ਨੂੰ ਆਪਣੇ ਬਾਹਰਲੇ ਸਰੂਪ ਤੋਂ ਅਲੱਗ ਰੱਖਣਾ। ਸੰਵੇਦਨਾ ਨੂੰ ਖੋਲ ਵਿਚ ਬੰਦ ਕਰਨਾ। ਅਸਲੀਅਤ ਨੂੰ ਲੁਕਾ ਕੇ ਬਹੁਰੂਪੀਆ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋਣਾ। ਜਦ ਵਿਅਕਤੀ ਵਿਚੋਂ ਪਾਰਦਰਸ਼ਤਾ ਗੁੰਮ ਜਾਂਦੀ ਤਾਂ ਗੁੰਮ ਹੋ ਜਾਂਦਾ ਵਜੂਦ, ਮਰਸੀਆ ਬਣ ਜਾਂਦੀ ਔਕਾਤ, ਮਰ ਜਾਂਦੇ ਜਜ਼ਬਾਤ ਅਤੇ ਨੈਣਾਂ ਵਿਚ ਦਿਨ-ਦਿਹਾੜੇ ਹੀ ਪੈ ਜਾਂਦੀ ਰਾਤ। ਫਿਰ ਮੁਨਕਰ ਹੋ ਜਾਂਦੀ ਵਿਹੜੇ ਵਿਚ ਉਗਣ ਵਾਲੀ ਪ੍ਰਭਾਤ। ਸਾਰੀਆਂ ਦੂਰੀਆਂ ਨੂੰ ਮੇਟਿਆ ਜਾ ਸਕਦਾ, ਪਰ ਸਭ ਤੋਂ ਪਹਿਲਾਂ ਖੁਦ ਤੋਂ ਖੁਦ ਤੀਕ ਦੀ ਦੂਰੀ ਨੂੰ ਖਤਮ ਕਰਨਾ ਜਰੂਰੀ, ਤਾਂ ਹੀ ਮਨੁੱਖ ਇਨਸਾਨੀਅਤ ਦੇ ਰਾਹ ਦਾ ਮਾਰਗੀ ਹੋ ਸਕਦਾ।
ਦੂਰੀਆਂ ਵਿਚ ਅਹਿਮ ਹੈ, ਦਿਲ ਅਤੇ ਦਿਮਾਗ ਦੀ ਦੂਰੀ। 14 ਇੰਚ ਦੀ ਦੂਰੀ ਨੂੰ ਅਸੀਂ ਕਦੇ ਵੀ ਪੂਰਨ ਰੂਪ ਵਿਚ ਤੈਅ ਨਹੀਂ ਕਰਦੇ। ਕਦੇ ਦਿਲ ਦੇ ਆਖੇ ਲੱਗਦੇ ਹਾਂ ਅਤੇ ਕਦੇ ਦਿਮਾਗ ਦੇ। ਜਦ ਨਿਰੋਲ ਦਿਮਾਗ ਦੇ ਕਹਿਣੇ ‘ਚ ਹੁੰਦੇ ਹਾਂ ਤਾਂ ਸੇਕਦੇ ਹਾਂ ਭਾਵਨਾਵਾਂ ਦਾ ਸਿਵਾ, ਫਰੋਲਦੇ ਹਾਂ ਅਹਿਸਾਸਾਂ ਦੀ ਰਾਖ, ਮਾਸੂਮ ਅਤੇ ਕੋਮਲ ਸੁਪਨਿਆਂ ਦਾ ਹੁੰਦਾ ਏ ਕਤਲ, ਜਿਨ੍ਹਾਂ ਦੀਆਂ ਲਗਰਾਂ ਨੇ ਜੀਵਨ ਨੂੰ ਤਾਜਗੀ ਤੇ ਮਹਿਕ ਬਖਸ਼ਣੀ ਹੁੰਦੀ। ਨਫੇ-ਨੁਕਸਾਨ ਦਾ ਵਹੀ-ਖਾਤਾ ਹਜ਼ਮ ਜਾਂਦਾ ਹੈ ਸੋਨ-ਕਿਰਨਾਂ। ਅਸੀਂ ਹਨੇਰਾ ਢੋਣ ਜੋਗੇ ਰਹਿ ਜਾਂਦੇ ਹਾਂ। ਅੱਜ ਕੱਲ ਲੋਕ ਜ਼ਿਆਦਾ ਦਿਮਾਗ ਦੀ ਹੀ ਗੱਲ ਸੁਣਦੇ ਤੇ ਮੰਨਦੇ। ਉਨ੍ਹਾਂ ਲਈ ਦਿਲ ਦੀਆਂ ਬਾਤਾਂ ਦਾ ਹੁੰਗਾਰਾ ਭਰਨਾ, ਸਮੇਂ ਦੀ ਬਰਬਾਦੀ। ਦਿਲ ਵਿਚ ਪੁੰਗਰਦੇ ਕਾਵਿ-ਪ੍ਰਵਚਨਾਂ, ਕਲਾ-ਬਿਰਤੀਆਂ ਜਾਂ ਸੂਖਮ ਅਹਿਸਾਸਾਂ ਨੂੰ ਕਾਗਜ਼/ਕੈਨਵਸ ‘ਤੇ ਉਤਾਰਨਾ ਫਜ਼ੂਲ ਸਮਝਿਆ ਜਾਂਦਾ। ਅਜਿਹੇ ਲੋਕ ਕਿਸੇ ਮਾਇਕ ਲਾਭ, ਸਮਾਜਕ ਰੁਤਬੇ ਜਾਂ ਮਾਣ-ਸਨਮਾਨ ਦੀ ਝਾਕ ਵਿਚ ਮਨ-ਬਰੂਹਾਂ ਨੂੰ ਜੰਗਾਲੀ ਰੱਖਦੇ। ਉਹ ਕਦੇ ਵੀ ਦਿਲ-ਦਰਵਾਜੇ ‘ਤੇ ਪਾਣੀ ਡੋਲ੍ਹਣ ਅਤੇ ਤੇਲ ਚੋਣ ਦਾ ਤਰੱਦਦ ਨਹੀਂ ਕਰਦੇ।
ਦੂਰੀ ਬਣਾਓ, ਕੰਜੂਸੀ, ਕੋਝੇਪਣ, ਕੁਕਰਮ, ਕਮੀਨਗੀ, ਕੁਰਹਿਤ ਅਤੇ ਕੂੜ-ਵਪਾਰ ਤੋਂ, ਜੋ ਮਨੁੱਖੀ ਹਲੀਮੀ ਨੂੰ ਕਾਲਖੀ ਰੰਗਤ ਦੇ ਕੇ, ਇਸ ਦੀ ਹੋਂਦ ‘ਤੇ ਹੀ ਪ੍ਰਸ਼ਨ ਚਿੰਨ ਖੁਣ ਜਾਂਦੇ। ਇਨ੍ਹਾਂ ਅਲਾਮਤਾਂ ਦੀ ਨੇੜਤਾ ਹੰਢਾਉਂਦਾ ਮਨੁੱਖ ਕਦੇ ਵੀ ਮਨੁੱਖ ਕਹਾਉਣ ਦਾ ਹੱਕਦਾਰ ਨਹੀਂ ਹੁੰਦਾ।
ਨੇੜਤਾ ਮਾਣਨੀ ਹੈ ਤਾਂ ਸੁਹਜ, ਸੁੰਦਤਰਤਾ, ਸਾਦਗੀ, ਸਿਰੜ, ਸੁਚੇਤਨਤਾ ਤੇ ਸ਼ੁਭ-ਵਿਚਾਰਾਂ ਦੀ ਮਾਣੋ। ਇਨ੍ਹਾਂ ਨੂੰ ਕਲਾਵੇ ਵਿਚ ਲਓ, ਅਪਨਾਓ ਅਤੇ ਇਨ੍ਹਾਂ ਦੇ ਹੋ ਜਾਓ। ਤੁਸੀਂ ਮਾਨਵਤਾ ਦੇ ਵਿਹੜੇ ਵਿਚ ਅਜਿਹਾ ਟਿਮਟਮਾਉਂਦਾ ਤਾਰਾ ਹੋਵੋਗੇ, ਜੋ ਅੰਬਰ ਦੀ ਆਭਾ ਵਧਾਉਂਦਾ, ਸਮਾਜ ਲਈ ਫਖਰ ਅਤੇ ਮਾਣ ਬਣਦਾ।
ਆੜੀ ਬਣਾਓ, ਸੁਪਨੇ, ਸਾਧਨਾ, ਸਿਰਜਣਾ, ਸਮਰਪਣ ਅਤੇ ਸਫਲਤਾ ਨੂੰ। ਇਨ੍ਹਾਂ ਨੂੰ ਕਦੇ ਵੀ ਆਪਣੇ ਤੋਂ ਦੂਰ ਨਾ ਜਾਣ ਦਿਓ। ਇਨ੍ਹਾਂ ਦੀ ਸੰਗਤ ਵਿਚ ਬਖਸ਼ਿਸ਼ਾਂ ਦੀ ਬਰਸਾਤ। ਸਮੇਂ ਦੇ ਸ਼ਿਲਾਲੇਖ ‘ਤੇ ਅਜਿਹੀ ਇਬਾਰਤ ਖੁਣ ਜਾਵੋਗੇ, ਜੋ ਸਦੀਆਂ ਤੀਕ ਸਲਾਮਤ ਰਹਿੰਦੀ, ਨਵੀਆਂ ਨਸਲਾਂ ਦੇ ਨਾਵੇਂ ਸ਼ੁਭ-ਸੁਨੇਹੇ ਲਾਉਂਦੀ ਰਹੇਗੀ।
ਬਹੁਤ ਵੱਧ ਗਈਆਂ ਨੇ ਦੂਰੀਆਂ ਜਦ ਅਸੀਂ ਦਲਾਨ ਵਿਚ ਡਾਹੇ ਮੰਜਿਆਂ ਤੋਂ ਬੈਡ ਰੂਮਾਂ ਵਿਚਲੇ ਡਬਲ ਬੈਡਾਂ ‘ਤੇ ਸੌਣ ਲੱਗੇ ਹਾਂ। ਚੌਂਕੇ ਵਿਚ ਬਹਿ ਕੇ ਤਵੇ ਤੋਂ ਲੱਥਦੀਆਂ ਰੋਟੀਆਂ ਖਾਣ ਵਾਲੇ ਅਤੇ ਨਿੱਕੀਆਂ ਮਸ਼ਕਰੀਆਂ ਤੇ ਹਾਸੇ-ਠੱਠੇ ਵਿਚ ਲੋੜੋਂ ਵੱਧ ਰੋਟੀ ਖਾਣ ਵਾਲਾ ਪਰਿਵਾਰ ਹੁਣ ਡਾਇਨਿੰਗ ਟੇਬਲ ‘ਤੇ ਕੁਰਸੀਆਂ ਦੀ ਦੂਰੀ ਬਣ ਗਿਆ ਹੈ। ਨੇੜਤਾ ਦੀ ਤੌਫੀਕ ਅਤੇ ਧੰਨਤਾ ਭੁੱਲ ਗਈ ਹੈ। ਗੱਡੇ ‘ਤੇ ਬਹਿ ਕੇ ਮੇਲਾ ਜਾਂ ਮੱਸਿਆ ਜਾਣ ਵੇਲੇ ਮੇਲੀ ਹੁਣ ਆਪੋ-ਆਪਣੀ ਕਾਰ ਜਾਂ ਮੋਟਰ-ਸਾਈਕਲ ‘ਤੇ ਜਾਂਦੇ ਖੁਦ ਨੂੰ ਖੁਦਾ ਸਮਝਦੇ ਨੇ। ਵਾਢੀਆਂ ਦੌਰਾਨ ਪੈਣ ਵਾਲੀਆਂ ਮੰਗਾਂ ਵਿਚਲੀ ਇਕ-ਜੁੱਟਤਾ, ਮਸ਼ੀਨੀ ਯੁੱਗ ਦੀ ਆਮਦ ਦੀ ਘੁਟਣ ਕਾਰਨ ਸਿੱਸਕੀ ਹੀ ਬਣ ਗਈ। ਇਕ ਦੂਜੇ ਦੀ ਲੋੜ-ਪੂਰਤੀ ਵਿਚੋਂ ਜੀਵਨ-ਜਾਚ ਕਿਆਸਣ ਵਾਲੀ ਸੋਚ ਸਵੈ-ਨਿਰਭਰਤਾ ਵਿਚੋਂ ਹੀ ਆਪਣੀ ਔਕਾਤ ਨੂੰ ਪਛਾਣਨ ਦੇ ਰਾਹ ਤੁਰ ਪਈ ਏ। ਵਿਆਹਾਂ ‘ਤੇ ਮੰਜੇ, ਬਿਸਤਰੇ ਤੇ ਦੁੱਧ-ਲੱਸੀ ਇਕੱਠਾ ਕਰਨ ਵਾਲਾ ਭਰਾਤਰੀ ਭਾਵ, ਮੈਰਿਜ ਪੈਲੇਸਾਂ ਦੀ ਭੇਟ ਚੜ੍ਹ ਗਿਆ। ਜਰਾ ਸੋਚਣਾ! ਇਹ ਦੂਰੀਆਂ ਪੈਦਾ ਕਰਕੇ ਕੀ ਖੱਟਿਆ ਤੇ ਕੀ ਕਮਾਇਆ? ਸਮਾਜ ਵਿਚਲੇ ਦੁਫੇੜ ਅਤੇ ਉਗੀਆਂ ਤਰੇੜਾਂ ਦਾ ਕੀ ਕਾਰਨ ਏ? ਕੀ ਇਨ੍ਹਾਂ ਤਰੇੜਾਂ ਨੇ ਰਿਸ਼ਤਿਆਂ, ਸਾਝਾਂ ਅਤੇ ਦੋਸਤੀਆਂ ਨੂੰ ਸਿਰਫ ਨਿੱਜ ਤੀਕ ਹੀ ਸੀਮਤ ਨਹੀਂ ਕਰ ਦਿਤਾ? ਕੀ ਨਿਰ-ਸੁਆਰਥ ਸਾਂਝ, ਪਿਆਰ-ਪਾਕੀਜ਼ਗੀ ਅਤੇ ਭਰਾਤਰੀ ਭਾਵ ਦਫਨ ਤਾਂ ਨਹੀਂ ਹੋ ਗਿਆ? ਕੌਣ ਨੇ ਕਸੂਰਵਾਰ?
ਸਭ ਤੋਂ ਲੰਮੇਰੀਆਂ ਹੁੰਦੀਆਂ ਨੇ ਮਾਨਸਿਕ ਦੂਰੀਆਂ, ਜਦ ਨਾਲ-ਨਾਲ ਪਏ ਜੀਵਨ ਸਾਥੀਆਂ ਵਿਚ ਦਰਾੜ ਉਗਦੀ ਏ। ਇਸ ਦੂਰੀ ਕਾਰਨ ਬਹੁਤ ਕੁਝ ਤਿੜਕ ਜਾਂਦਾ ਏ; ਸੋਚ, ਸੁਖਨ ਅਤੇ ਸੰਤੁਸ਼ਟੀ ਗਵਾਚ ਜਾਂਦੇ। ਇਹ ਤਿੜਕਣ ਮਾਨਸਿਕ ਗੁੰਝਲਾਂ ਪੈਦਾ ਕਰਦੀ, ਕਈ ਅਲਾਮਤਾਂ ਦੀ ਨੀਂਹ ਬਣਦੀ। ਜਦ ਕੋਈ ਨਾਲ ਨਾਲ ਤੁਰਿਆ ਜਾਂਦਾ ਵੀ ਸਾਥੋਂ ਬਹੁਤ ਦੂਰ ਹੋ ਜਾਂਦਾ, ਸੋਚ ਵਿਚ ਫਰਕ ਪੈ ਜਾਂਦਾ ਤਾਂ ਫਿਰ ਵੱਖ ਵੱਖ ਰਾਹਾਂ ਹੋਣ, ਵੱਖੋ-ਵੱਖਰੀਆਂ ਮੰਜ਼ਿਲਾਂ ਮਿੱਥਣ ਅਤੇ ਆਪਣੀ ਹੀ ਦੁਨੀਆਂ ਵਸਾਉਣ ਵੱਲ ਮਨੁੱਖ ਉਲਾਰ ਹੋ ਜਾਂਦਾ। ਸ਼ਾਇਦ ਉਲਾਰਪੁਣੇ ਵਿਚੋਂ ਹੀ ਤਲਾਕਾਂ ਦੀ ਵੱਧ ਰਹੀ ਗਿਣਤੀ ਨੂੰ ਸਮਝਿਆ ਜਾ ਸਕਦਾ।
ਦੂਰੀ ਤਾਂ ਪਤੀ-ਪਤਨੀ, ਭੈਣ-ਭਰਾ, ਬਾਪ-ਬੇਟੇ, ਮਾਂ-ਧੀ, ਭਰਾ-ਭਰਾ, ਬਜੁਰਗਾਂ-ਬੱਚਿਆਂ, ਮਰਦ-ਔਰਤਾਂ, ਨੂੰਹਾਂ-ਸੱਸਾਂ ਅਤੇ ਦਰਾਣੀ-ਜੇਠਾਣੀ ਵਿਚ ਵੀ ਹੁੰਦੀ। ਜੇ ਇਨ੍ਹਾਂ ਦੂਰੀਆਂ ਨੂੰ ਸਿਆਣਪ, ਸਮਝਦਾਰੀ, ਸੂਖਮ-ਭਾਵੀ ਵਿਚਾਰ ਤੇ ਮੁਹੱਬਤੀ ਵਿਹਾਰ ਰਾਹੀਂ ਘਟਾਉਣ ਅਤੇ ਪਰਿਵਾਰਕ-ਰਾਹਾਂ ਵਿਚ ਫੁੱਲ ਬੀਜਣ ਤੇ ਅਤਰ-ਫੁਲੇਲ ਛਿੜਕਣ ਵੱਲ ਮੋੜਾ ਕੱਟ ਲਿਆ ਜਾਵੇ ਤਾਂ ਇਹ ਦੂਰੀਆਂ, ਦੂਰੀਆਂ ਨਹੀਂ ਰਹਿੰਦੀਆਂ। ਸਗੋਂ ਇਹ ਅਨੂਠਾ, ਅਗੰਮੀ ਤੇ ਇਲਾਹੀ ਸੰਗਮ ਸਾਬਤ ਹੁੰਦੀਆਂ, ਜੋ ਜੀਵਨ ਦੀਆਂ ਤਰਜ਼ੀਹਾਂ ਤੇ ਤਦਬੀਰਾਂ ਨੂੰ ਬਦਲ ਕੇ, ਤਕਦੀਰ ਨੂੰ ਨਵੀਂ ਦਿਸ਼ਾ ਅਤੇ ਜੀਵਨ ਨੂੰ ਨਵੀਨਤਮ ਬੁਲੰਦੀਆਂ ਦਾ ਸ਼ਰਫ ਬਣਾਉਂਦੀਆਂ।
ਦੂਰੀ ਤਾਂ ਕਿਰਤੀ ਤੇ ਕਮੀਨਾ, ਬੋਲ ਤੇ ਕੁ-ਬੋਲ, ਸਪੱਸ਼ਟਤਾ ਤੇ ਦੁਬਿਧਾ, ਬੰਦਗੀ ਤੇ ਬ੍ਰਾਹਮਣਵਾਦ, ਬੰਦਿਆਈ ਤੇ ਬੌਖਲਾਹਟ ਅਤੇ ਦਿੱਖ ਤੇ ਅਸਲੀਅਤ ਵਿਚ ਵੀ ਹੁੰਦੀ। ਇਸ ਦੂਰੀ ਨੂੰ ਕਿਵੇਂ ਮਿਟਾਉਣਾ ਅਤੇ ਇਸ ‘ਚੋਂ ਕਿਹੜੇ ਸੁੱਚਮ ਨੂੰ ਜਨਮ ਦੇਣਾ, ਇਹ ਮਨੁੱਖ ਦੀ ਕਾਬਲੀਅਤ ਅਤੇ ਉਸ ਦੀ ਧਰਮ-ਧਾਰਨਾ ‘ਤੇ ਨਿਰਭਰ।
ਫਾਸਲਾ ਤਾਂ ਸਪੱਸ਼ਟ ਤੌਰ ‘ਤੇ ਕਿੱਤੇ ਤੇ ਕਰਮਯੋਗਤਾ, ਹਰਫ ਦਾਨੀ ਤੇ ਹਰਫ ਵਣਜਾਰੇ, ਫੱਕਰ ਤੇ ਫਕੀਰੀ ਵੇਸ ਵਿਚ ਵੀ ਹੁੰਦਾ। ਇਸ ਫਾਸਲੇ ਨੂੰ ਆਪਣੀ ਸੂਝ, ਦਿਬ-ਦ੍ਰਿਸ਼ਟੀ ਅਤੇ ਭਵਿੱਖ-ਮੁਖੀ ਸੋਚ ਨਾਲ ਮਿਟਾਇਆ ਜਾਵੇ ਤਾਂ ਜੀਵਨ-ਮਾਰਗ ‘ਤੇ ਫੁੱਲ-ਬਗੀਚੀਆਂ ਦੀ ਵਰਣਮਾਲਾ ਉਗਦੀ ਏ।
ਮਾਪਿਆਂ, ਦੋਸਤਾਂ, ਮਿੱਤਰਾਂ, ਪੁਰਾਣੇ ਸਾਥੀਆਂ ਅਤੇ ਭੈਣ-ਭਰਾਵਾਂ ਵਿਚਾਲੇ ਦੂਰੀਆਂ ਪੈਦਾ ਕਰਨ ਤੋਂ ਬਚੋ। ਜੇ ਦੂਰੀਆਂ ਹਨ ਤਾਂ ਉਨ੍ਹਾਂ ਨੂੰ ਮਿਟਾਉਣ ਲਈ ਅਕਸਰ ਹੀ ਗੱਲਬਾਤ ਕਰਦੇ ਰਿਹਾ ਕਰੋ। ਕੁਝ ਸੁਣਿਆ ਕਰੋ, ਕੁਝ ਸੁਣਾਇਆ ਕਰੋ। ਕੁਝ ਕਿਹਾ ਕਰੋ, ਕੁਝ ਕਹਿਣ ਦਿਓ। ਕਦੇ ਉਨ੍ਹਾਂ ਨਾਲ ਖੁੱਲ੍ਹ ਕੇ ਹੱਸਿਆ ਕਰੋ। ਕਦੇ ਕਦਾਈਂ ਬੀਤੀਆਂ ਯਾਦਾਂ ਨੂੰ ਫਰੋਲਿਆ ਕਰੋ। ਦੁੱਖ-ਸੁੱਖ ਸਾਂਝਾ ਕੀਤਿਆਂ, ਮਨ ਹਲਕਾ ਹੋ ਜਾਵੇਗਾ। ਅਪਣੱਤ ਵਧੇਗੀ ਅਤੇ ਮੋਹ-ਮੁਹੱਬਤ ਦਾ ਪੌਦਾ ਮੌਲੇਗਾ, ਜਿਸ ਦੀ ਛਾਂ ਹੇਠ ਫਿਰ ਕਦੇ ਮਿਲ ਬੈਠਣ ਅਤੇ ਗਲਵੱਕੜੀਆਂ ਦੀ ਰੁੱਤ ਮਾਣਨ ਦਾ ਮੌਕਾ ਜ਼ਰੂਰ ਮਿਲੇਗਾ, ਕਿਉਂਕਿ,
ਜਦ ਸਾਹਾਂ ਜਿਹੇ ਸੱਜਣਾਂ ‘ਚ
ਉਗ ਪੈਂਦੀ ਦੂਰੀ,
ਤਾਂ ਸਾਹ ਨੂੰ ਸਾਹ ਕਹਿਣ ਦੀ
ਹੁੰਦੀ ਮਜ਼ਬੂਰੀ।
ਜਦ ਸੁਪਨੇ ਅਤੇ ਦੀਦਿਆਂ ‘ਚ
ਉਗਦੀ ਏ ਵਾਟ,
ਤਾਂ ਚਿਰਾਗ ਦੇ ਮਜ਼ਾਰੀਂ
ਬੁਝੇ ਜ਼ਿੰਦਗੀ ਦੀ ਲਾਟ।
ਜਦ ਸ਼ਬਦਾਂ ਤੇ ਅਰਥਾਂ ਦੀ ਦੂਰੀ
ਬਣੇ ਸਫਿਆਂ ਦਾ ਭਾਗ,
ਤਦ ਜ਼ਿੰਦਗੀ ਦਾ ਨਾਦ
ਬਣੇ ਸੋਗੀ ਜਿਹਾ ਰਾਗ।
ਜਦ ਵਧੀ ਜਾਵੇ ਹੱਥਾਂ
ਅਤੇ ਰੱਟਣਾਂ ਦਾ ਪਾੜਾ,
ਤਾਂ ਸੋਚਾਂ ਵਿਚੋਂ ਭੁੱਲ ਜਾਂਦਾ
ਜਿਉਣ ਦਾ ਪਹਾੜਾ।
ਕਿੰਜ ਧਰਤ ਅਤੇ ਅੰਬਰ ਦੇ
ਫਾਸਲੇ ਮਿਟਾਉਣੇ,
ਜਦ ਭੁੱਲ ਗਏ ਹਾਂ ਆਪਾਂ
ਪੈਰੀਂ ਸਫਰ ਉਗਾਉਣੇ।
ਜਦ ਪੀੜਾ ਅਤੇ ਪਹਿਲ ਵਿਚ
ਛਾਈ ਰਹਿਣੀ ਰਾਤ,
ਕਿੰਜ ਪੂਰਬ ਤੋਂ ਉਗੂ
ਸੁਖਨ ਭਰੀ ਪ੍ਰਭਾਤ।
ਜਿਹੜੀ ਆਸ ਦੀ ਤਲੀ ਤੋਂ
ਰੁੱਸੀ ਰਹੇ ਮਹਿੰਦੀ,
ਉਹਦੀ ਸੁੰਨਤਾ ਵੀ ਬੋਲੇ
ਚੁੱਪ ਬੜਾ ਕੁਝ ਕਹਿੰਦੀ।
ਆਓ, ਸੋਚ ਨੂੰ ਸੰਭਾਵਨਾ ਦਾ
ਸੁਪਨਾ ਬਣਾਈਏ,
ਬੁਝੇ ਮੱਥਿਆਂ ‘ਤੇ ਟਿੱਕਾ
ਸੂਰਜਾਂ ਦਾ ਲਾਈਏ।
ਕੁਝ ਲੋਕ ਹਮੇਸ਼ਾ ਦੂਰੀਆਂ ਪੈਦਾ ਕਰਨ ਲਈ ਉਤਸੁੱਕ। ਫਾਸਲੇ ਪੈਦਾ ਕਰਨ ਲਈ ਉਚੇਚ ਕਰਦੇ। ਉਹ ਸਿਰਫ ਕੁੜਿਤਣ, ਨਫਰਤ ਅਤੇ ਹਿੰਸਾ ਵਿਚੋਂ ਹੀ ਆਪਣੀ ਹੋਂਦ ਨੂੰ ਗਵਾ, ਦੁਨੀਆਂ ਦੀ ਲਾਹਨਤ ਲੈ ਕੇ ਇਸ ਜਹਾਨ ਤੋ ਤੁਰ ਜਾਂਦੇ, ਪਰ ਕੁਝ ਲੋਕ ਦੂਰੀਆਂ ਨੂੰ ਘਟਾਉਣ ਤੇ ਪਿਆਰ ਉਪਜਾਉਣ ਲਈ ਲੋਕ-ਸੇਵਾ ਨੂੰ ਅਪਨਾਉਂਦੇ, ਲੋੜਵੰਦਾਂ ਦੀ ਮਦਦ ਕਰਦੇ, ਭੁੱਖਿਆਂ ਨੂੰ ਖਾਣਾ ਛਕਾਉਂਦੇ। ਕਿਸੇ ਦੇ ਤਨ ਦਾ ਲੰਗਾਰ ਢਕਦੇ ਜਾਂ ਕਿਸੇ ਦੇ ਸਿਰ ਦਾ ਦੁਪੱਟਾ ਵੀ ਬਣਦੇ। ਅਜਿਹੇ ਲੋਕ ਮੁਹੱਬਤ, ਪਰਿਵਾਰਕ ਸਾਂਝ, ਮਿਲਵਰਤਣ ਤੇ ਭਾਈਚਾਰਕ ਸਾਂਝ ਦੀ ਪਕਿਆਈ ਦਾ ਬਿੰਬ ਹੁੰਦੇ। ਕਦੇ ਅਜਿਹੀ ਸੋਚ ਮਨ ਵਿਚ ਜਰੂਰ ਪੈਦਾ ਕਰਨਾ, ਕਿਉਂਕਿ ਦੁਨੀਆਂ ਦਾ ਸਮੁੱਚਾ ਦਾਰੋ-ਮਦਾਰ ਤਾਂ ਅਜਿਹੇ ਲੋਕਾਂ ਦੇ ਸਿਰ ‘ਤੇ ਹੀ ਤਾਂ ਹੈ।
ਦੂਰੀ ਤਾਂ ਸਮਝਣੀ ਚਾਹੀਦੀ ਹੈ-ਅਡੰਬਰੀ ਤੇ ਅਲੰਬਰਦਾਰ ਵਿਚ, ਨਿਸ਼ਕਾਮ ਤੇ ਅਹਿਸਾਨ ਵਿਚ, ਪਾਪ ਤੇ ਪੁੰਨ ਅਤੇ ਪਾਕੀਜ਼ ਤੇ ਪਲੀਤ ਵਿਚ। ਇਸ ਦੂਰੀ ਨੂੰ ਵੀ ਤਾਂ ਅਸੀਂ ਹੀ ਖਤਮ ਕਰਨਾ ਅਤੇ ਨਵੀਂ ਸੋਚ ਨੂੰ ਸਮਾਜ ਦੇ ਨਾਵੇਂ ਕਰਨਾ ਤਾਂ ਕਿ ਹਰ ਬਨੇਰੇ ਤੋਂ ਉਤਰਦਾ ਸੂਰਜ ਵਿਹੜੇ ਨੂੰ ਰੁਸ਼ਨਾਵੇ।
ਦੂਰੀ ਤਾਂ ਹੁੰਦੀ ਹੀ ਹੈ-ਮਖੌਟੇ ਤੇ ਮਨੁੱਖ ਵਿਚ, ਮਾਣ ਤੇ ਅਭਿਮਾਨ ਵਿਚ, ਸ਼ਾਨ ਤੇ ਪਛਾਣ ਵਿਚ, ਅੱਥਰੂ ਤੇ ਅਜ਼ਾਨ ਵਿਚ ਅਤੇ ਆਲ੍ਹੇ ‘ਚ ਦੀਵਾ ਧਰਨ ਤੇ ਇਸ ਨੂੰ ਜਗਾਉਣ ਵਿਚ; ਪਰ ਸਾਡੀ ਹਿੰਮਤ ਨੇ ਹੀ ਇਨ੍ਹਾਂ ਪਾੜਿਆਂ ਦੀ ਪੂਰਤੀ ਲਈ ਪਹਿਲ ਕਰਨੀ। ਉਡੀਕ ਕਰਦਿਆਂ ਬਹੁਤ ਦੇਰ ਹੋ ਜਾਂਦੀ ਹੈ, ਦੇਰ ਨਾ ਕਰਨਾ।
ਬਹੁਤ ਦੂਰੀ ਹੁੰਦੀ ਹੈ-ਦਿਆਲਤਾ ਤੇ ਦਰਿੰਦਗੀ ਵਿਚ, ਸੁਖਨ ਤੇ ਦੁਖਨ ਵਿਚ, ਸੁੰਨ ਤੇ ਸਮਾਧੀ ਵਿਚ ਅਤੇ ਹੱਕ ਤੇ ਫਰਜ਼ ਵਿਚ। ਇਸ ਨੂੰ ਮਿਟਾ ਕੇ ਜੀਵਨ-ਜੋਤ ਨੂੰ ਜਗਦੀ ਰੱਖਿਆ ਜਾ ਸਕਦਾ।
ਬਹੁਤ ਫਰਕ ਹੁੰਦਾ-ਤਾਂਘ ਤੇ ਤਤਪਰਤਾ ਵਿਚ, ਹਾਂ-ਪੱਖੀ ਤੇ ਨਾਂਹ-ਪੱਖੀ ਪਹਿਲੂ ਵਿਚ, ਚੜ੍ਹਦੀ ਕਲਾ ਤੇ ਢਹਿੰਦੀ ਕਲਾ ਵਿਚ, ਜਾਣਨ ਤੇ ਕਰਨ ਵਿਚ, ਵਰਤਮਾਨ ਤੇ ਭਵਿੱਖ ਵਿਚ, ਮਹਿਸੂਸ ਕਰਨ ਤੇ ਮਹਿਸੂਸ ਕਰਵਾਉਣ ਵਿਚ, ਆਸ ਤੇ ਪ੍ਰਾਪਤੀ ਵਿਚ ਅਤੇ ਕਿਸੇ ਦੇ ਤਜ਼ਰਬਿਆਂ ਤੋਂ ਸਿੱਖਣ ਤੇ ਖੁਦ ਤਜਰਬੇ ਕਰਕੇ ਸਿੱਖਣ ਵਿਚ। ਇਸ ਫਰਕ ਨੂੰ ਤਾਂ ਮਿਟਾਉਣਾ ਹੀ ਪੈਣਾ ਜੇ ਅਸੀਂ ਜੀਵਨ ਦੇ ਸਿਖਰਲੇ ਡੰਡੇ ‘ਤੇ ਪਹੁੰਚਣਾ।
ਬੜਾ ਫਰਕ ਹੈ-ਬਜੁਰਗਾਂ ਅਤੇ ਬੱਚਿਆਂ ਦੀ ਸੋਚ ਵਿਚ, ਮਾਪਿਆਂ ਅਤੇ ਪੁੱਤਰ-ਧੀਆਂ ਦੀ ਦ੍ਰਿਸ਼ਟੀ ਵਿਚ। ਜੀਵਨ ਨੂੰ ਕਿਸ ਕੋਣ ਤੋਂ ਦੇਖਣਾ ਅਤੇ ਪਹਿਲਾਂ ਨੂੰ ਕਿੰਜ ਨਿਰਧਾਰਤ ਕਰਨਾ? ਜੀਵਨ ਵਿਚ ਕੀ ਕੁਝ ਅਹਿਮ ਹੈ? ਜੀਵਨ ਵਿਚੋਂ ਕੀ ਮਨਫੀ ਕੀਤਾ ਜਾ ਸਕਦਾ? ਇਹ ਵਖਰੇਵਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਆਧਾਰ ਹੈ। ਜਰੂਰੀ ਹੈ ਕਿ ਇਸ ਫਰਕ ਨੂੰ ਮਿਟਾਉਣ ਲਈ ਦੋਹਾਂ ਧਿਰਾਂ ਵਲੋਂ ਸੁਹਿਰਦਤਾ ਅਪਨਾਈ ਜਾਵੇ।
ਯਾਦ ਰੱਖੋ, ਵਖਰੇਵਾਂ ਵੀ ਕਈ ਵਾਰ ਜਰੂਰੀ ਹੁੰਦਾ। ਇਸ ਵਿਚੋਂ ਹੀ ਕਈ ਵਾਰ ਨਵੇਂ ਵਿਚਾਰ ਜਨਮ ਲੈਂਦੇ, ਪਰ ਇਹ ਵਖਰੇਵਾਂ ਕੁੜਿਤਣ ਨਹੀਂ, ਸਗੋਂ ਪਿਆਰ-ਤਰੌਂਕਾ ਹੋਵੇ। ਇਕ ਦੂਜੇ ਲਈ ਅਰਦਾਸ ਤੇ ਅਰਾਧਨਾ। ਖੈਰ-ਸੁੱਖ ਦੀ ਲੋਚਾ ਅਤੇ ਇਕ ਦੂਜੇ ਦੀਆਂ ਦੁਆਵਾਂ ਮੰਗਣ ਦੀ ਤੀਬਰਤਾ।
ਬਹੁਤ ਵੱਡਾ ਪਾੜਾ ਹੈ, ਜ਼ਿੰਦਗੀ ਅਤੇ ਸੁਪਨਿਆਂ ਦਾ। ਸੁਪਨੇ ਅਤੇ ਇਸ ਦੀ ਸੰਪੂਰਨਤਾ ਦੀ ਦੂਰੀ, ਪਰ ਜੇ ਸਿਰੜ-ਸਾਧਨਾ ਨੂੰ ਯਾਰ ਬਣਾਈਏ ਅਤੇ ਜ਼ਿੰਦਗੀ ਦਾਅ ‘ਤੇ ਲਾਈਏ ਤਾਂ ਸੁਪਨਿਆਂ ਨੂੰ ਸੱਚ ਪ੍ਰਤੱਖ ਹੁੰਦਾ, ਦੇਰੀ ਭਾਵੇਂ ਹੋ ਜਾਵੇ। ਵਿਦੇਸ਼ ਵਿਚ ਪੜ੍ਹਾਉਣ ਦੇ ਸੁਪਨੇ ਦੀ ਪੂਰਤੀ ਲਈ ਚਾਲੀ ਸਾਲ ਦੀ ਉਡੀਕ ਬਹੁਤ ਲੰਮੀ ਹੁੰਦੀ ਏ, ਪਰ ਆਖਰ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਸੁਪਨਾ ਪੂਰਾ ਹੋ ਹੀ ਜਾਂਦਾ। ਨਿਰੰਤਰਤਾ ਅਤੇ ਲਗਨ ਮਨੁੱਖ ਦਾ ਮੀਰੀ ਗੁਣ ਹੋਣਾ ਚਾਹੀਦਾ।
ਬਹੁਤ ਦੂਰੀ ਹੈ, ਅੰਬਰ ਤੇ ਧਰਤੀ ਵਿਚ ਵੀ, ਪਰ ਚਾਨਣ ਦੀਆਂ ਕਿਰਨਾਂ ਇਹ ਦੂਰੀ ਮੇਟਦੀਆਂ, ਅੰਬਰ ਤੇ ਧਰਤ ਦੀ ਮਿਲਣੀ ਦਾ ਸਬੱਬ ਸਿਰਜਦੀਆਂ। ਰਾਤ ਦੀ ਕੁੱਖ ਵਿਚ ਦਿਨ ਉਗਾ ਕੇ, ਜੀਵਨ-ਤੋਰ ਨੂੰ ਸੁਹੰਢਣਾ ਕਰਨ ਵਿਚ ਸਰਗਰਮ ਭੂਮਿਕਾ ਨਿਭਾ ਰਹੀਆਂ ਨੇ। ਮਨੁੱਖ ਤੋਂ ਵੀ ਅਜਿਹੀ ਆਸ ਕੀਤੀ ਜਾਂਦੀ ਹੈ ਕਿ ਉਹ ਵੀ ਰਿਸ਼ਮ ਬਣ ਕੇ ਦੂਰੀਆਂ ਦੇ ਮੱਥੇ ‘ਤੇ ਮਿਲਾਪ ਦਾ ਚਿਰਾਗ ਜਗਾਉਣ ਦਾ ਪਾਕ ਕਰਮ ਕਰੇ ਅਤੇ ਆਪਣੀਆਂ ਕੁਲਾਂ ਨੂੰ ਜਿਉਣ-ਜੋਗਾ ਕਰੇ।