ਮਾਰਦਾ ਦਮਾਮੇ…

ਠਾਕਰ ਸਿੰਘ ਬਸਾਤੀ
ਫੋਨ: 847-736-6092
ਵਿਸਾਖ ਦਾ ਮਹੀਨਾ ਪੰਜਾਬੀਆਂ ਲਈ ਬਹੁਤ ਅਹਿਮ ਹੈ ਤੇ ਵਿਸਾਖੀ ਸਿੱਖਾਂ ਲਈ ਪਾਕਿ ਪਵਿਤਰ ਦਿਹਾੜਾ, ਪਰ ਪਰਦੇਸਾਂ ਵਿਚ ਵਿਸਾਖੀ ਸਿਰਫ ਰੰਗਾ-ਰੰਗ ਪ੍ਰੋਗਰਾਮ ਜਾਂ ਗੁਰਦੁਆਰਿਆਂ ਵਿਚ ਅਖੰਡ ਪਾਠ ਦੇ ਭੋਗਾਂ ਤੱਕ ਹੀ ਸੀਮਤ ਹੈ। ਜੱਟ ਦਮਾਮੇ ਮਾਰਦਾ ਮੇਲੇ ਕਿਵੇਂ ਆਉਂਦਾ ਹੈ, ਇਸ ਦੀ ਅਸਲੀਅਤ ਸਿਰਫ ਉਨ੍ਹਾਂ ਨੂੰ ਹੀ ਪਤਾ ਹੈ, ਜਿਨ੍ਹਾਂ ਨੇ ਹੱਡਾਂ ‘ਤੇ ਹੰਢਾਈ ਹੈ। ਹਾੜ੍ਹੀ ਦੀ ਬਿਜਾਈ ਤੋਂ ਲੈ ਕੇ ਵਢਾਈ-ਗਹਾਈ ਤੱਕ ਜੱਟ ਦੀ ਜਾਨ ਕਿਵੇਂ ਸੂਲੀ ‘ਤੇ ਟੰਗੀ ਰਹਿੰਦੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਸੋ, ਹਾਜ਼ਰ ਹੈ ਮੇਰੀ ਵਿਸਾਖੀ ਤਕ ਦੀ ਦਾਸਤਾਨ।

ਮੇਰੇ ਪਿਓ ਹੋਰੀਂ ਤਿੰਨ ਭਰਾ ਸਨ। ਸਭ ਤੋਂ ਛੋਟੇ ਦਾ ਲੜਕਾ ਅਜੇ 6 ਕੁ ਮਹੀਨੇ ਦਾ ਸੀ, ਜਦੋਂ ਉਸ ਦੀ ਮੌਤ ਹੋ ਗਈ। ਉਹ ਬਹੁਤ ਸੁਨੱਖਾ ਤੇ ਨਿੱਡਰ ਸੀ। ਵਿਆਹ ਉਦੋਂ ਜਲਦੀ ਹੀ ਹੋ ਜਾਂਦੇ ਸਨ; ਸੋ, ਉਹ ਭਰ ਜਵਾਨੀ ਵਿਚ ਹੀ ਚਲਿਆ ਗਿਆ। ਉਸ ਪਿਛੋਂ ਮੇਰੇ ਪਿਤਾ ਜੀ ਅਤੇ ਉਨ੍ਹਾਂ ਦਾ ਛੋਟਾ ਭਰਾ ਹਮੇਸ਼ਾ ਇਕੱਠੇ ਰਹੇ। ਉਨ੍ਹਾਂ ਕੋਲ 300 ਵਿਘੇ ਜ਼ਮੀਨ ਸੀ। ਛੋਟੇ ਭਰਾ ਕੋਲ ਇਕ ਧੀ ਹੀ ਸੀ, ਪੁੱਤਰ ਨਹੀਂ ਬਚੇ ਸਨ; ਸੋ, ਉਨ੍ਹਾਂ ਸਾਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ। ਦੋ ਸਾਡੀਆਂ ਭੈਣਾਂ ਹਨ। ਸਾਡੇ ਪਿਤਾ ਜੀ ਜ਼ਿਆਦਾ ਨੰਬਰਦਾਰੀ ਹੀ ਕਰਦੇ ਅਤੇ ਖੇਤੀ ਦੀ ਜ਼ਿੰਮੇਵਾਰੀ ਛੋਟੇ ਦੇ ਸਿਰ ‘ਤੇ ਸੀ।
ਜ਼ਮੀਨ ਵੱਤ ਆਉਣ ‘ਤੇ ਬੀਜ ਤੋਲਣਾ ਪੈਂਦਾ। ਪਹਿਲਾਂ ਪੱਥਰ ਦੇ ਸੇਰ, ਪੰਸੇਰੇ, ਦੁਸੇਰੇ ਹੁੰਦੇ ਸਨ; ਫਿਰ ਕਿਲੋ ਦੇ ਵੱਟੇ ਆ ਗਏ। ਕਈ ਵਾਰ ਛੋਲੇ ਮਿਲਾ ਕੇ ਵੇਰੜਾ ਬੀਜਿਆ ਜਾਂਦਾ ਸੀ। ਸਾਡੇ ਪਾਣੀ ਦਾ ਸਾਧਨ ਸਿਰਫ ਇਕ ਪਾਸੇ ਬਰਸਾਤੀ ਨਾਲਾ ਸੀ, ਦੋ ਪਾਸੇ ਬਿਰਾਨੀ ਸੀ, ਮਤਲਬ ਰੱਬ ਆਸਰੇ। ਮੀਂਹ ਵਕਤ ਸਿਰ ਪੈ ਗਿਆ ਤਾਂ ਪੌਂ ਬਾਰਾਂ, ਨਹੀਂ ਅੱਲਾ-ਅੱਲਾ ਖੈਰ ਸੱਲਾ! ਜੇ ਕਿਤੇ ਪੱਕਣ ਨੇੜੇ ਆ ਕੇ ਵਾਧੂ ਮੀਂਹ, ਗੜੇ ਪੈ ਗਏ ਤਾਂ ਵੀ ਹੱਥ ਧੋਣੇ ਪੈ ਜਾਂਦੇ ਸਨ। ਬਿਰਾਨੀ ਹੋਣ ਕਰਕੇ ਮਸਰ, ਮਾਂਹ, ਕਾਲੇ ਛੋਲੇ, ਸਰੋਂ ਵੀ ਹੁੰਦੀ ਸੀ। ਸਾਡੇ ਦੋ ਹਲਾਂ ਦੀ ਖੇਤੀ ਸੀ, ਮਤਲਬ ਘੱਟੋ-ਘੱਟ 4 ਬਲਦ; ਸੋ, ਦੋ ਸਾਂਝੀ, ਇਕ ਨੌਕਰ ਖੇਤੀ ਲਈ ਅਤੇ ਇਕ ਨੌਕਰ ਡੰਗਰਾਂ ਲਈ ਰੱਖਿਆ ਸੀ। ਘਰੇ 4 ਕੁ ਮੱਝਾਂ, ਦੋ ਗਾਵਾਂ ਤੇ ਕੱਟਰੂ-ਬੱਛਰੂ ਸਨ।
ਇਹ ਟਰੈਕਟਰ ਆਉਣ ਤੋਂ ਪਹਿਲਾਂ ਦੀਆਂ ਗੱਲਾਂ ਹਨ। ਸਵੇਰੇ ਢਾਈ-ਤਿੰਨ ਵਜੇ ਪਹਿਲਾ ਮੁਰਗਾ ਬੋਲਣ ‘ਤੇ ਜਾਂ ਵੱਡਾ ਤਾਰਾ ਦੇਖ ਕੇ ਮਰਦ ਲੋਕ (ਬਜੁਰਗ) ਔਰਤਾਂ ਨੂੰ ਅਵਾਜ਼ ਮਾਰ ਜਗਾ ਲੈਂਦੇ। ਇਕੱਠਾ ਪਰਿਵਾਰ ਹੋਣ ਕਰ ਕੇ ਮਰਦ ਮਕਾਨ ਦੇ ਅਗਲੇ ਪਾਸੇ ਅਤੇ ਔਰਤਾਂ ਤੇ ਬੱਚੇ ਅੰਦਰ ਸੌਂਦੇ ਸਨ। ਸਾਡਾ ਵਿਹੜਾ ਕਾਫੀ ਖੁੱਲ੍ਹਾ ਸੀ। ਚੰਦ ਤਾਰਿਆਂ ਦੀ ਛਾਂਵੇਂ ਸੌਣਾ ਅੱਛਾ ਲਗਦਾ ਸੀ। ਮੱਠੀ-ਮੱਠੀ ਠੰਢ ਹੁੰਦੀ। ਇਕ-ਇਕ ਮੰਜੀ ‘ਤੇ ਦੋ-ਦੋ ਜਣੇ ਪੈ ਜਾਂਦੇ ਸਾਂ। ਜੇ ਕਿਤੇ ਰਾਤੀਂ ਬਾਰਿਸ਼ ਆ ਜਾਂਦੀ ਤਾਂ ਭਾਜੜ ਪੈ ਜਾਂਦੀ। ਆਲੇ ਦੁਆਲੇ ‘ਵਾਖਰੂ-ਵਾਖਰੂ’ ਦੀਆਂ ਅਵਾਜ਼ਾਂ ਆਉਣ ਲੱਗ ਜਾਂਦੀਆਂ। ਪਿੰਡਾਂ ਵਾਲੇ ਵਾਹਿਗੁਰੂ ਨੂੰ ਵਾਖਰੂ ਹੀ ਕਹਿੰਦੇ ਸਨ।
ਰਾਤ ਦਾ ਕੀਤਾ ਟੋਕਾ, ਤੂੜੀ ਨਾਲ ਰਲਾ ਕੇ ਟੋਕਰੇ ਭਰ-ਭਰ ਕੇ ਡੰਗਰਾਂ ਨੂੰ ਪਾ ਦਿੰਦੇ। ਕੁਝ ਡੰਗਰ ਖੌਰੂ ਪਾਉਂਦੇ ਤਾਂ ਝਿੜਕਾਂ ਪੈਂਦੀਆਂ। ਕੋਈ ਕਿੱਲੇ ਤੋਂ ਰੱਸਾ ਤੁੜਾ ਕੇ ਦੂਜੇ ਦੀ ਖੁਰਲੀ ਵਿਚ ਮੂੰਹ ਮਾਰਦਾ। ਤਾਈ (ਅਸਲ ਵਿਚ ਚਾਚੀ) ਨੌਕਰ ਨੂੰ ਲੈ ਕੇ ਧਾਰ ਕੱਢਣ ਤੁਰ ਪੈਂਦੀ। ਬਾਲਟੀਆਂ ਖੜਕਣ ਦੀਆਂ ਅਵਾਜ਼ਾਂ ਆਉਣੀਆਂ। ਧਾਰ ਕੱਢ ਕੇ ਚਾਹ ਬਣਾ ਦੇਣੀ। ਚਾਹ ਪੀ ਕੇ ਨੌਕਰ/ਸਾਂਝੀਆਂ ਨੇ ਹਲ ਜੋੜ ਕੇ ਖੇਤਾਂ ਨੂੰ ਲੈ ਜਾਣੇ। ਬੱਲਦਾਂ ਦੇ ਗਲਾਂ ਵਿਚ ਟੱਲੀਆਂ ਅਗੰਮੀ ਗੀਤ ਛੇੜਦੀਆਂ। ਜ਼ਮੀਨ ਵਾਹ ਕੇ ਤਿਆਰ ਕਰ ਲਈ ਜਾਂਦੀ। ਫਿਰ ਕਣਕ ਬੀਜਣ ਲਈ ਹਲ ਮਗਰੇ ਬੋਰ ਬੰਨ੍ਹ ਦਿੱਤੇ ਜਾਂਦੇ ਤਾਂ ਕਿ ਸਿਆੜ ਵਿਚ ਇਕ-ਇਕ ਕਰ ਕੇ ਦਾਣਾ ਡਿੱਗੇ। ਦਾਲਾਂ, ਛੋਲੇ ਛੱਟਾ ਦੇ ਕੇ ਬੀਜੇ ਜਾਂਦੇ। ਪਿੱਛੇ-ਪਿੱਛੇ ਚਿੜੀਆਂ ਗਟਾਰਾਂ ਦਾਣੇ ਲੱਭਦੀਆਂ ਫਿਰਦੀਆਂ। ਜੋ ਉਨ੍ਹਾਂ ਦੇ ਮੁਕੱਦਰ ਦੇ ਹੁੰਦੇ, ਉਹ ਉਤੇ ਰਹਿ ਜਾਂਦੇ ਅਤੇ ਬਾਕੀ ਡੂੰਘੇ ਸਿਆੜਾਂ ਅੰਦਰ ਜਾ ਛੁਪਦੇ।
ਕਣਕ ਥੋੜ੍ਹੀ ਵੱਡੀ ਹੁੰਦੀ ਤਾਂ ਨਾਲ ਹੀ ਕਬਾੜ ਉਗਣਾ ਸ਼ੁਰੂ ਹੋ ਜਾਂਦਾ। ਦਿਹਾੜੀਏ ਲਾ ਕੇ ਗੁਡਾਈ ਕਰਾਈ ਜਾਂਦੀ। ਗੁਡਾਵਿਆਂ ਲਈ ਸਵੇਰੇ ਚਾਹ, ਹਾਜ਼ਰੀ ਤੇ ਦੁਪਹਿਰ ਦੀ ਰੋਟੀ ਖੇਤ ਜਾਂਦੀ। ਵੇਰੜੇ ਦੀ ਰੋਟੀ ਉਤੇ ਅੰਬ ਦਾ ਅਚਾਰ ਅਤੇ ਨਾਲ ਚਾਟੀ ਦੀ ਲੱਸੀ ਪੀਣ ਨੂੰ ਘੱਲਦੇ। ਰਿਵਾਜ਼ ਇਹ ਸੀ ਕਿ ਅੱਠ ਗੁਡਾਵੇ ਲੱਗੇ ਹਨ ਤਾਂ ਦਸਾਂ ਦੀ ਰੋਟੀ ਜਾਵੇਗੀ ਤਾਂ ਕਿ ਆਉਂਦੇ ਜਾਂਦੇ ਰਾਹਗੀਰ ਨੂੰ ਅਵਾਜ਼ ਮਾਰ ਕੇ ਸਾਂਝੀ ਕੀਤੀ ਜਾ ਸਕੇ। ਰੋਟੀ ਖਾਣ ਲਈ ਜੇ ਹੱਥ ਧੋਣ ਨੂੰ ਪਾਣੀ ਮਿਲ ਗਿਆ ਤਾਂ ਠੀਕ ਨਹੀਂ ਹੱਥ ਝਾੜ ਕੇ ਸਾਫ ਕਰ ਲੈਣੇ। ਥੋੜ੍ਹੀ ਦੇਰ ਆਰਾਮ ਕਰਨਾ, ਫਿਰ ਡਟ ਜਾਣਾ। ਕਈ ਮੇਰੇ ਵਰਗੇ ਅਨਾੜੀ ਕਬਾੜ ਘੱਟ ਕੱਢਦੇ ਸਨ, ਕਣਕ ਬਹੁਤੀ ਪੁੱਟ ਦਿੰਦੇ। ਫਿਰ ਡਾਂਟ ਪੈਣੀ। ਕਈ ਵਾਰ ਉਨ੍ਹਾਂ ਆਖ ਵੀ ਦੇਣਾ, “ਜਾਓ ਤੁਸੀਂ, ਥੁਆਡੇ ਬਸ ਦਾ ਰੋਗ ਨਹੀਂ ਇਹੇ। ਘਰੇ ਜਾ ਕੇ ਕਾਪੀਆਂ ਕਾਲੀਆਂ ਕਰੋ।” ਫਿਰ ਦੁਪਹਿਰ ਨੂੰ ਰੋਟੀ ਲੈ ਕੇ ਪਰਤ ਆਉਣਾ। ਰੋਟੀ ਵਿਚ ਇਕੋ ਦਾਲ ਜਾਂ ਸਬਜ਼ੀ ਹੁੰਦੀ ਸੀ। ਕਦੇ-ਕਦੇ ਘਰ ਦਾ ਮੱਖਣ ਵੀ ਪਾ ਦਿੰਦੇ ਸਨ। ਰੋਟੀਆਂ ਕਣਕ ਜਾਂ ਮੱਕੀ ਦੀਆਂ ਹੁੰਦੀਆਂ। ਜੇ ਰੋਟੀਆਂ ਪੂਰੀਆਂ-ਪੂਰੀਆਂ ਆਉਂਦੀਆਂ ਤਾਂ ਘਰੇ ਆ ਕੇ ਔਰਤਾਂ ਦੀ ਸ਼ਾਮਤ ਆ ਜਾਂਦੀ ਕਿ ਰੋਟੀ ਬਚਣੀ ਚਾਹੀਦੀ ਹੈ ਤਾਂ ਕਿ ਕਿਸੇ ਕੁੱਤੇ ਜਾਂ ਜਨੌਰ ਨੂੰ ਪਾਈ ਜਾ ਸਕੇ। ਫਿਰ ਰੋਟੀ ਖਾ ਕੇ ਅੱਧਾ ਕੁ ਘੰਟਾ ਸੌਂ ਜਾਣਾ।
ਇਕ ਵਾਰ ਫਿਰ ਗੁਡਾਈ ਦੀ ਝੱਟ ਸ਼ੁਰੂ ਹੋ ਜਾਣੀ। ਕਈ ਵਾਰ ਪੁੱਟਿਆ ਘਾਹ, ਬਾਥੂ ਡੰਗਰਾਂ ਲਈ ਘਰੇ ਲੈ ਆਣਾ ਤਾਂ ਕਿ ਟੋਕੇ ਵਿਚ ਮਿਲਾ ਕੇ ਪਸੂਆਂ ਨੂੰ ਚਾਰਿਆ ਜਾ ਸਕੇ। ਉਦੋਂ ਯੂਰੀਆ ਖਾਦਾਂ ਜਾਂ ਕਬਾੜ ਰੋਕਣ ਲਈ ਦਵਾਈਆਂ ਨਹੀਂ ਸਨ ਵਰਤ ਹੁੰਦੀਆਂ। ਘਰ ਦੀ ਖਾਦ ਹੀ ਵਧੇਰੇ ਵਰਤੀ ਜਾਂਦੀ ਸੀ, ਸਮਝੋ ਔਰਗੈਨਿਕ। ਕਿਤੇ-ਕਿਤੇ ਸਰੋਂ ਦੇ ਖੇਤ ਪੀਲੇ ਫੁੱਲਾਂ ਨਾਲ ਭਰੇ ਹੁੰਦੇ। ਥੱਲੇ ਹਰੀਆਂ ਕਚੂਰ ਗੰਦਲਾਂ ਤੋੜ ਕੇ ਸਾਗ ਲਈ ਲੈ ਆਉਣੀਆਂ, ਵਿਚ ਛੋਲੇ ਬਾਥੂ ਆਦਿ ਮਿਲਾ ਲੈਣਾ। ਹਾਰਿਆਂ ਵਿਚ ਸਾਗ ਸਾਰਾ-ਸਾਰਾ ਦਿਨ ਧੁਆਂਖਦਾ ਰਹਿਣਾ। ਕਦੇ-ਕਦੇ ਜਾ ਕੇ ਤੌੜੀ ਵਿਚ ਲੱਕੜ ਦੀ ਬਣੀ ਕੜਛੀ ਮਾਰ ਆਉਣੀ। ਫਿਰ ਮਸਾਲਾ ਜਾਂ ਲਸਣ ਕੁੱਟ ਕੇ ਵਿਚੇ ਸਿੱਟ ਦੇਣਾ। ਦੂਜੇ ਦਿਨ ਘਿਉ ਨਾਲ ਤੜਕਾ ਲਾ ਕੇ ਮੱਖਣ ਜਾਂ ਦੇਸੀ ਘਿਓ ਪਾ ਕੇ ਮੱਕੀ ਦੀ ਰੋਟੀ, ਛੰਨਾ ਲੱਸੀ ਦਾ ਬਹਿਸ਼ਤ (ਸਵਰਗ) ਵਿਚ ਲੈ ਜਾਂਦਾ। ਜੱਟ ਆਰਾਮ ਨਾਲ ਘਰੇ ਬਹਿ ਕੇ ਕਣਕ ਵੱਡੀ ਹੋਣ ਦੀ ਉਡੀਕ ਕਰਦਾ। ਜਦੋਂ ਕਣਕਾਂ ਨਾੜ ਪਕੜਨ ਲਗਦੀਆਂ ਤਾਂ ਕਦੇ-ਕਦੇ ਪੜ੍ਹਾਕੂ ਬੱਚੇ ਕੱਚੀ ਨਾੜ ਕੱਟ ਕੇ ਪੀਪਨੀਆਂ ਬਣਾ ਲੈਂਦੇ। ਪਿਛੋਂ ਜਾ ਕੇ ਪਤਾ ਲੱਗਾ ਕਿ ਪੀਪਨੀਆਂ ਬਣਾਉਣ ਦਾ ਮਤਲਬ ਸੀ, ਤੁਸੀਂ ਇਕ ਬੱਲ ਖਰਾਬ ਕਰ ਦਿੱਤੀ। ਜੇ ਘਾਹ-ਫੂਸ ਥੋੜ੍ਹਾ ਵੱਧ ਹੁੰਦਾ ਤਾਂ ਮੁੜ ਗੋਡੀ ਕਰ ਦੇਣੀ। ਇਹੀ ਵੇਲਾ ਸੀ ਜਦੋਂ ਕਾਂਗਿਆਰੀ ਦਾ ਪਤਾ ਲਗਦਾ ਸੀ।
ਆਖਿਰ ਕਣਕਾਂ ਨਿਸਰਨ ਲਗਦੀਆਂ। ਕਣਕਾਂ ਨਿਸਰੀਆਂ ਧੀਆਂ ਕਿਉਂ ਵਿਸਰੀਆਂ ਨੀ ਮਾਏ…ਜੱਟ ਦੇਖ-ਦੇਖ ਮੁੱਛਾਂ ਨੂੰ ਮਰੋੜੇ ਦਿੰਦਾ। ਕਿਆਸ ਲਾਉਂਦਾ ਕਿ ਕਿੰਨੇ ਕੁ ਮਣ ਨਿਕਲ ਆਵੇਗੀ। ਕਿਹਦੇ-ਕਿਹਦੇ ਵਿਆਹ ‘ਤੇ ਕਿੰਨਾ-ਕਿੰਨਾ ਖਰਚ ਕਰਾਂਗੇ। ਕਿਹਦੀ-ਕਿਹਦੀ ਨਾਨਕ ਛੱਕ; ਨਿਉਂਦੇ ਕਿਨ੍ਹਾਂ ਦੇ ਪਾਉਣੇ ਹਨ, ਕਿਨ੍ਹਾਂ ਦੇ ਲਾਹੁਣੇ ਹਨ। ਮਾਲਵੇ ਵਿਚ ਤਾਂ ਡਾਗਾਂ ਗੰਡਾਸੀਆਂ ਵੀ ਤਿਆਰ ਕਰਨ ਲੱਗ ਪੈਂਦੇ ਸੀ ਕਿ ਕਣਕ ਵਾਹਵਾ ਹੈ, ਦੋ-ਚਾਰ ਤਾਂ ਸ਼ਰੀਕਾਂ ਦੇ ਠੋਕ ਹੀ ਦੇਣੀਆਂ, ਆਪੇ ਜ਼ਮਾਨਤ ਕਰਾ ਲਿਆਉਣਗੇ। ਜੇ ਕਿਤੇ ਰੱਬ ਦੀ ਮਾਰ ਪੈ ਜਾਂਦੀ; ਮੀਂਹ, ਝੱਖੜ, ਗੜੇ ਪੈ ਜਾਂਦੇ ਤੇ ਕਣਕਾਂ ਵਿਛ ਜਾਂਦੀਆਂ ਤਾਂ ਇਦਾਂ ਲੱਗਦਾ, ਜਿਵੇਂ ਕਿਸੇ ਨੇ ਜੱਟ ਦੇ ਮੱਥੇ ‘ਤੇ ਪੱਥਰ ਮਾਰ ਕੇ ਚਿੱਬ ਪਾ ਦਿੱਤਾ। ਜੇ ਰੱਬ ਮਿਹਰਬਾਨ ਹੁੰਦਾ ਤਾਂ ਰੱਬ ਦਾ ਨਾਂ ਧਿਆ ਕੇ ਵਾਢੀ ਸ਼ੁਰੂ ਕਰ ਦੇਣੀ। ਪਹਿਲਾਂ ਦਾਤੀਆਂ ਇਕੱਠੀਆਂ ਕਰਨੀਆਂ, ਲੁਹਾਰ ਤੋਂ ਉਨ੍ਹਾਂ ਦੇ ਦੰਦੇ ਕਢਵਾਉਣੇ। ਕਈ ਵਾਰ ਦੰਦੇ ਇੰਨੇ ਤੇਜ਼ ਹੁੰਦੇ ਕਿ ਖੱਬੇ ਹੱਥ ਦੀ ਮੁੱਠੀ, ਜਿਸ ਨਾਲ ਕਣਕ ਫੜੀਦੀ ਸੀ, ਉਂਗਲ ‘ਤੇ ਕੱਟ ਲਾ ਦਿੰਦੀ। ਚੀਚੀ ਉਂਗਲ ਤੇ ਪੱਟੀਆਂ ਬੱਧੀਆਂ ਅਕਸਰ ਮਿਲਦੀਆਂ ਸਨ। ਪੱਕੀਆਂ ਕਣਕਾਂ ਦਾ ਸੁਵੰਨਾ ਰੰਗ ਕੁਦਰਤ ਦੀ ਪੇਂਟਿੰਗ ਨਜ਼ਰ ਆਉਂਦੀ। ਸ਼ਾਇਦ ਤਾਂ ਹੀ ਮਸ਼ਹੂਰ ਹੈ, ਕਣਕ ਵੰਨਾ ਰੰਗ।
ਇਹੀ ਉਹ ਸਮਾਂ ਹੁੰਦਾ ਸੀ, ਜਦੋਂ ਜੱਟ ਨੂੰ ਫਿਕਰ ਰਹਿੰਦਾ ਸੀ ਕਿ ਜੇ ਲਸ਼ਕਦੀ ਬਿਜਲੀ ਜਾਂ ਬਿਜਲੀ ਦਾ ਸ਼ਾਰਟ ਸਰਕਟ ਜਾਂ ਕਿਸੇ ਸ਼ਰੀਕ ਨੇ ਬਰਬਾਦ ਕਰਨ ਲਈ ਤੀਲੀ ਬਾਲ ਕੇ ਸਿੱਟ ਨਾ ਦਿੱਤੀ ਤਾਂ ਸੁੱਕੀ ਕਣਕ ਹੋਣ ਕਰਕੇ ਅੱਗ ਰੋਕਣੀ ਬਹੁਤ ਮੁਸ਼ਕਿਲ ਹੁੰਦੀ ਹੈ। ਲਾਂਬੂ ਲਗ ਜਾਂਦੇ ਹਨ ਖੇਤ ਨੂੰ ਅਤੇ ਜਿਮੀਂਦਾਰ ਨੂੰ ਅੱਗ ਲਾਉਣੀ ਸੌਖੀ, ਬੁਝਾਉਣੀ ਬਹੁਤ ਔਖੀ। ਪੰਗਾ ਉਦੋਂ ਪੈਂਦਾ ਸੀ, ਜਦੋਂ ਕਿਤੇ ਕਸੁੰਭੜੀ ਹੱਥ ਵਿਚ ਆ ਜਾਵੇ। ਕਈ-ਕਈ ਦਿਨ ਖਾਰਸ਼ ਹੁੰਦੀ ਰਹਿੰਦੀ। ਸਰੋਂ ਦਾ ਤੇਲ ਹੀ ਥੋੜ੍ਹਾ ਆਰਾਮ ਦਿੰਦਾ ਸੀ।
ਵਢਾਵੇ ਕਣਕ ਕੱਟ-ਕੱਟ ਕੇ ਤਹਿਆਂ ਵਿਛਾਈ ਜਾਂਦੇ। ਪਿਛੇ ਪਰਾਲੀ ਦੇ ਰੱਸੇ ਬਣਾ ਕੇ ਭਾਰ ਬੰਨ੍ਹਦੇ ਰਹਿੰਦੇ। ਇਹ ਖਿਆਲ ਰੱਖਣਾ ਪੈਂਦਾ ਕਿ ਭਾਰ ਸਹੀ ਹੋਵੇ। ਫਿਰ ਇਕ-ਇਕ ਕਰਕੇ ਭਾਰ ਗੱਡੇ ‘ਤੇ ਲੱਦਦੇ। ਪਹਿਲਾਂ ਗੱਡੇ ਨੂੰ ਤਿਆਰ ਕੀਤਾ ਜਾਂਦਾ। ਪਹੀਏ ਜੰਦਦੇ। ਸਣ ਲਪੇਟ ਕੇ ਉਤੇ ਘਿਓ ਜਾਂ ਗ੍ਰੀਸ ਲਾਇਆ ਜਾਂਦਾ ਤਾਂ ਕਿ ਪਹੀਏ ਅਸਾਨੀ ਨਾਲ ਘੁੰਮ ਸਕਣ। ਪਹੀਏ ਦੇ ਅੰਦਰ ਬਾਹਰ ਸਣ ਜਾਂ ਰੱਸੀ ਦੀ ਵਾਸ਼ਰ ਜਾਂਦੀ। ਪੰਜਾਲੇ ਨੂੰ ਰੱਸੇ ਨਾਲ ਕੱਸ ਕੇ ਬੰਨ੍ਹਿਆ ਜਾਂਦਾ। ਭਰੇ ਗੱਡੇ ਦਾ ਪੰਜਾਲਾ ਖੁੱਲ੍ਹ ਜਾਵੇ ਤਾਂ ਨੁਕਸਾਨ ਹੋ ਸਕਦਾ ਹੈ। ਇਕ-ਇਕ ਕਰਕੇ ਭਾਰਾਂ ਦੀ ਚੁਕਾਈ ਕੀਤੀ ਜਾਂਦੀ। ਹੱਥ ਨਾਲ ਗੱਡਾ ਚੁੱਕ ਕੇ ਪਰਖਦੇ ਕਿ ਕਿਤੇ ਲਾਲੂ (ਉਲਾਰੂ) ਤਾਂ ਨਹੀਂ; ਬਲਦਾਂ ਦੇ ਕੰਨ੍ਹਿਆਂ ਉਤੇ ਠੀਕ ਢੁੱਕੇਗਾ; ਨਹੀਂ ਤਾਂ ਬਲਦਾਂ ਦੇ ਗਲ ਘੁਟਣਗੇ। ਕਦੇ-ਕਦੇ ਸਾਨੂੰ ਭਾਰਾਂ ਉਤੇ ਝੂਟੇ ਲੈਣ ਦੀ ਇਜਾਜ਼ਤ ਮਿਲ ਜਾਂਦੀ, ਕਦੇ-ਕਦੇ ਬਲਦ ਹੱਕਣ ਦੀ ਵੀ। ਕਈ ਵਾਰ ਰੱਸਾ ਗਲਤ ਖਿੱਚ ਲੈਣਾ ਤੇ ਗੱਡਾ ਇਧਰ ਉਧਰ ਫਸਾ ਦੇਣਾ। ਝਿੜਕਾਂ ਪੈਣੀਆਂ ਤੇ ਫਿਰ ਮਜ਼ਾਕ ਬਣ ਜਾਣਾ। ਪਿੜ ਵਿਚ ਜਾ ਕੇ ਗੱਡਾ ਲਾਹੁਣਾ। ਬੱਸ ਮਖੌਲ-ਮਜ਼ਾਕ ਚਲਦੇ ਰਹਿਣੇ। ਦੌੜ-ਦੌੜ ਟੱਪ ਲਾ ਦੇਣੇ।
ਵਾਢੀ ਕਰਦਿਆਂ ਕਈ ਵਾਰ ਲੋਕੀ ਦੇਸੀ ਬੇਰ ਲੈ ਕੇ ਆ ਜਾਂਦੇ। ਭੁੱਖੇ ਢਿੱਡ ਛੋਲੇ ਵੀ ਬਦਾਮ! ਕੋਈ-ਕੋਈ ਪਕੌੜੇ ਲੈ ਕੇ ਆ ਜਾਂਦਾ। ਬਦਲੇ ਵਿਚ ਇਨ੍ਹਾਂ ਨੂੰ ਕਣਕ ਦੀਆਂ ਮੁੱਠੀਆਂ ਦੇ ਦਿੱਤੀਆਂ ਜਾਂਦੀਆਂ। ਝਿਊਰ ਵਹਿੰਗੀ ‘ਤੇ ਪਾਣੀ ਲੈ ਆਉਂਦਾ। ਕਈ ਵਾਰ ਉਹ ਪਿਆ ਕੇ ਚਲਾ ਜਾਂਦਾ; ਵੈਸੇ ਘੜੇ ਵੀ ਕੋਲ ਰੱਖਦੇ ਸੀ। ਅਮਰ ਨੂਰੀ ਦਾ ਪਿਓ ਰੋਸ਼ਨ ਸਾਗਰ ਕਦੇ-ਕਦੇ ਤੂੰਬਾ ਲੈ ਕੇ ਆ ਜਾਂਦਾ। ਦੋ-ਤਿੰਨ ਗਾਣੇ ਸੁਣਾ ਜਾਂਦਾ ਤੇ ਬਜੁਰਗ ਅਸ਼ੀਰਵਾਦ ਦੇ ਦਿੰਦੇ।
ਜਦੋਂ ਵਢਾਈ ਅਖੀਰ ‘ਤੇ ਆ ਜਾਂਦੀ ਤਾਂ ਇਕ ਖੂੰਜੇ ਵਿਚ ਮਰੂੰਡਾ ਛੱਡ ਦਿੱਤਾ ਜਾਂਦਾ। ਜਿਥੇ ਕਿਹਾ ਜਾਂਦਾ, ਚਿੜੀ ਜਨੌਰ ਦੇ ਨਾਂ, ਗਰੀਬ-ਗੁਰਬੇ ਦੇ ਨਾਂ। ਪਿੰਡ ਦੇ ਲੋੜਵੰਦਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਕਿ ਫਲਾਣੇ ਦੀ ਕਣਕ ਦੀ ਵਢਾਈ ਕੱਲ੍ਹ ਖਤਮ ਹੋ ਜਾਣੀ ਹੈ, ਉਹ ਦਾਤੀਆਂ ਲੈ ਕੇ ਪਹੁੰਚ ਜਾਂਦੇ। ਜਿਉਂ ਹੀ ਮਾਲਕ ਨੇ ਲਲਕਾਰਾ ਮਾਰਨਾ ਤਾਂ ਉਨ੍ਹਾਂ ਨੇ ਟੁੱਟ ਕੇ ਪੈ ਜਾਣਾ। ਜਿਹਦੇ ਜਿੰਨੀ ਹੱਥ ਆਈ, ਉਹ ਉਸ ਦੀ। ਸਕਤੇ ਦੀ ਸੱਤੀਂ ਵੀਹੀਂ ਸੌ!
ਕਈ ਵਾਰ ਸ਼ਾਮੀਂ ਜਾਂ ਸਵੇਰੇ ਭਾਰ ਖੋਲ੍ਹ ਕੇ ਗਾਹ ਪਾਇਆ ਜਾਂਦਾ। ਬਲਦ ਜੋੜ ਕੇ ਪਿਛੇ ਛਟੀਆਂ ਦਾ ਫਲ੍ਹਾ ਬਣਾਇਆ ਜਾਂਦਾ। ਖੜ੍ਹ ਕੇ ਬਲਦ ਹੱਕਣੇ, ਕਦੇ-ਕਦੇ ਝਟਕਾ ਲੱਗਣਾ ਤਾਂ ਲੱਤ ਫਲ੍ਹੇ ਅੱਗੇ ਆ ਜਾਣੀ। ਅਖਾਣ ਬਣਿਆ, ਫਲ੍ਹੇ ਵਿਚ ਲੱਤ ਡਾਹਣੀ। ਬਸ ਫਿਰ ਡਰਨਾ ਕਿ ਕਿਤੇ ਫਲ੍ਹੇ ਹੇਠ ਨਾ ਆ ਜਾਈਏ ਜਾਂ ਬਲਦ ਛੜ ਨਾ ਠੋਕ ਦੇਵੇ। ਝਰੀਟਾਂ ਤਾਂ ਜ਼ਰੂਰ ਹੀ ਲਗਦੀਆਂ ਸਨ। ਉਧਰ ਕਣਕ ਦੀ ਕੰਡ ਤੇ ਸੱਜਰੇ ਜ਼ਖਮ, ਬਸ ਦੰਦਾਂ ਵਿਚ ਜੀਭ ਦੇ ਕੇ ਬਹਾਦਰ ਬਣਦੇ ਰਹਿੰਦੇ। ਕਿਤੇ-ਕਿਤੇ ਪਿੜ ਵਿਚ ਮੰਜੇ ‘ਤੇ ਖੇਸ ਸੁੱਟ ਕੇ ਰਾਤੀਂ ਉਥੇ ਹੀ ਸੌਂ ਜਾਣਾ। ਕਿਤੇ-ਕਿਤੇ ਮੱਛਰ ਨੇ ਖਬਰ ਲੈਣੀ, ਪਰ ਨੀਂਦ ਦਾ ਉਹ ਠੌਂਕਾ ਸਮਝੋ ਸਵਰਗ ਸੀ। ਬੋਲੀਆਂ ਤੇ ਕਲੀਆਂ ਨਾਲ ਰਾਤ ਨਸ਼ੀਲੀ ਬਣੀ ਰਹਿੰਦੀ ਸੀ। ਕਿਤੇ-ਕਿਤੇ ਲਾਹਣ ਦੇ ਮੱਟ ਵੀ ਪਾਏ ਹੁੰਦੇ ਸੀ ਅਤੇ ਇਕ-ਦੋ ਜਣਿਆਂ ਨੇ ਖਿਸਕ ਕੇ ਪਹਿਲੇ ਤੋੜ ਦੀ ਕੱਢ ਲੈਣੀ।
ਬਲਦ ਹੱਕਦੇ ਵੇਲੇ ਵੱਡੀ ਚੁਣੌਤੀ ਹੁੰਦੀ ਸੀ, ਫਲ੍ਹੇ ਤੋਂ ਬਿਨਾ ਡਿੱਗੇ ਬਲਦਾਂ ਦਾ ਗੋਹਾ ਬੋਚਣਾ। ਕੋਸ਼ਿਸ਼ ਹੁੰਦੀ ਸੀ ਕਿ ਇਹ ਦਾਣਿਆਂ ਵਿਚ ਨਾ ਰਲੇ। ਇਹੀ ਵਕਤ ਹੁੰਦਾ ਸੀ ਕਿ ਲੱਤ ਫਲ੍ਹੇ ਤੋਂ ਸਲਿਪ ਹੋ ਕੇ ਫਲ੍ਹੇ ਅੱਗੇ ਆ ਜਾਣੀ, ਤੇ ਉਧਰ ਬਲਦਾਂ ਨੇ ਪੂਛ ਨਾਲ ਝਾਂਬੜ ਲਾ ਦੇਣੀ। ਗੋਹਾ ਬੋਚ ਕੇ ਨੇੜੇ ਕੁਰੜੀ ‘ਤੇ ਸੁੱਟਦੇ ਸਾਂ। ਨਾਲ ਦਾਣੇ ਵੀ ਚਲੇ ਜਾਂਦੇ ਸਨ। ਦਾਣੇ ਪਿੜ ਸੰਭਰਨ ਵੇਲੇ ਵੀ ਖਿਲਰੇ ਹੋਏ ਇਕੱਠੇ ਕਰ ਲਈਦੇ ਸਨ ਤੇ ਕੁਰੜੀ ‘ਤੇ ਸੁੱਟ ਦਿੰਦੇ ਸਾਂ। ਦਾਣੇ ਆ ਗਏ ਤਾਂ ਸਮਝੋ ਚੂਹੇ-ਚੂਹੀਆਂ ਆ ਗਏ। ਚੂਹੇ-ਚੂਹੀਆਂ ਆ ਗਏ ਤਾਂ ਸੱਪ, ਨਿਓਲਾ, ਬਿੱਲੀ, ਕੁੱਤੇ ਵੀ ਚੱਕਰ ਮਾਰਦੇ ਸਨ; ਸੋ ਸੋਟੀ ਖੜਕਦੀ ਰਹਿੰਦੀ। ਵਧੇਰੇ ਡਰ ਹਲਕੇ ਕੁੱਤੇ ਤੋਂ ਲਗਦਾ ਸੀ। ਇਕ ਤਾਂ ਉਹਦਾ ਇਹ ਪਤਾ ਨਹੀਂ ਸੀ ਲਗਦਾ ਕਿ ਇਹ ਜਾਵੇਗਾ ਕਿਧਰ ਨੂੰ; ਦੂਜੇ, ਜੇ ਵੱਢ ਲਵੇ ਤਾਂ ਟੀਕੇ ਪੇਟ ਵਿਚ ਲਗਦੇ ਸਨ, ਜਿਸ ਦੀ ਦਵਾਈ ਕਸੌਲੀ ਬਣਦੀ ਸੀ। ਕਸੌਲੀ ਦੀਆਂ ਲਾਈਟਾਂ ਪਿੰਡੋਂ ਦਿਸਦੀਆਂ ਹੁੰਦੀਆਂ ਸਨ।
ਉਧਰ, ਜਦੋਂ ਗਾਹ ਅੱਧਾ ਕੁ ਟੁੱਟ ਚੁਕਾ ਹੁੰਦਾ ਤਾਂ ਸਾਂਲਘੇ, ਤੰਗਲੀ ਨਾਲ ਗਾਹ ਪੁੱਟਣਾ। ਥੱਲਿਉਂ ਉਪਰ ਤੇ ਉਪਰਲਾ ਥੱਲੇ ਕਰਨਾ। ਫਿਰ ਫਲ੍ਹਾ ਜੋੜ ਦੇਣਾ। ਜਦੋਂ ਸਾਰੀ ਕਣਕ ਤੂੜੀ ਤੇ ਘੁੰਡੀਆਂ ਨਾਲੋਂ ਵੱਖ ਹੋ ਜਾਂਦੀ ਤਾਂ ਫੌਹੜੇ ਨਾਲ ਲੰਮੀ ਢੇਰੀ ਲਾ ਲੈਣੀ। ਦਾਲਾਂ ਅਤੇ ਛੋਲੇ ਅਲੱਗ ਮੋਗਰੀਆਂ ਨਾਲ ਹੀ ਕੁੱਟ ਲੈਂਦੇ ਸਨ। ਸਾਂਝੀਆਂ ਦੀ ਕੱਢ ਕੇ ਜਾਂ ਜੇ ਦਾਲਾਂ-ਛੋਲੇ ਬਟਾਈ ‘ਤੇ ਲੁਆਏ ਹੁੰਦੇ ਤਾਂ ਅੱਧੋ-ਅੱਧ ਕਰ ਲੈਣੀ। ਫਿਰ ਹਵਾ ਦਾ ਇੰਤਜ਼ਾਰ ਕਰਨਾ ਪੈਂਦਾ ਕਿ ਹਵਾ ਚੱਲੇ ਤਾਂ ਤੰਗਲੀਆਂ ਜਾਂ ਛੱਜ ਨਾਲ ਕਣਕ ਨਿਖਾਰਨੀ। ਛੱਜ ਦੀ ਅਜੀਬ ਆਦਤ ਹੈ ਕਿ ਚੰਗੀਆਂ ਚੀਜ਼ਾਂ ਆਪਣੇ ਕੋਲ ਰੱਖ ਲੈਂਦਾ ਹੈ ਤੇ ਘੁੰਡੀਆਂ, ਰੋੜ ਅਗਾਂਹ ਵਗਾਹ ਸੁੱਟਦਾ ਹੈ। ਕਣਕ ਨਿਖਾਰ ਕੇ ਬੋਹਲ ਬਣਾ ਲੈਣਾ। ਜੇ ਕਣਕ ਵਟਾਈ ‘ਤੇ ਹੈ ਤਾਂ ਸਾਂਝੀਆਂ ਦਾ ਹਿੱਸਾ ਤੋਲ ਕੇ ਜਾਂ ਪੀਪਿਆਂ ਨਾਲ ਵੰਡ ਲੈਣਾ।
ਕਈ ਵਾਰ ਗੱਡੇ ਲੱਦ ਕੇ ਸਿੱਧੇ ਮੰਡੀ ਲੈ ਜਾਣੇ। ਕਈ ਵਾਰ ਬੋਰੀਆਂ ਭਰ-ਭਰ, ਕਈ ਵਾਰ ਖੇਸ ਵਿਛਾ ਕੇ ਭਰ ਦੇਣੇ ਅਤੇ ਇਕ ਮਾਲਕ ਤੇ ਇਕ ਨੌਕਰ ਜਾਂ ਸਾਂਝੀ ਸਵੇਰੇ 4 ਵਜੇ ਚੰਡੀਗੜ੍ਹ ਮੰਡੀ ਨੂੰ ਤੁਰ ਪੈਂਦੇ। ਉਥੇ ਆੜ੍ਹਤੀ ਕਰੀਬ ਪੱਕੇ ਮਿੱਥੇ ਹੁੰਦੇ ਸਨ। ਪੱਲੇਦਾਰਾਂ ਨਾਲ ਵੀ ਜਾਣ-ਪਛਾਣ ਹੁੰਦੀ ਸੀ। ਉਨ੍ਹਾਂ ਨੇ ਜਗ੍ਹਾ ਦੇਖ ਕੇ ਕਣਕ ਉਤਰਵਾ ਲੈਣੀ, ਫਿਰ ਦਿਹਾੜੀਦਾਰਾਂ ਤੋਂ ਝਰਨਾ ਲਵਾ ਦੇਣਾ। ਨਿਕਲਦਾ ਤਾਂ ਕੁਝ ਨਹੀਂ ਸੀ, ਪਰ ਪੈਸੇ ਦੇਣੇ ਪੈਂਦੇ ਸਨ। ਫਿਰ ਹੁੰਦੀ ਸੀ ਕਿਸਾਨ ਦੀ ਕਿਸਮਤ ਦੀ ਅਜ਼ਮਾਇਸ਼। ਬੋਲੀ ਲਗਦੀ। ਕਿਸੇ ਕਿਸਾਨ ਦੇ ਚਿਹਰੇ ‘ਤੇ ਨਾਮੋਸ਼ੀ, ਕਿਸੇ ਦੀਆਂ ਵਰਾਛਾਂ ਖਿੜ ਪੈਂਦੀਆਂ। ਆੜ੍ਹਤੀ ਦੋਵੇਂ ਪਾਸੇ ਖੁਸ਼ ਹੁੰਦੇ। ਫਿਰ ਆੜ੍ਹਤੀਏ ਤੋਂ ਪੈਸੇ ਫੜ ਕੇ ਜਾਂ ਪਰਚੀ ਲੈ ਕੇ ਘਰ ਦਾ ਸਮਾਨ ਖਰੀਦਣ ਤੁਰ ਪੈਣਾ।
ਕਦੇ-ਕਦੇ ਸਾਨੂੰ ਵੀ ਗੱਡੇ ਨਾਲ ਜਾਣ ਦਾ ਮੌਕਾ ਮਿਲ ਜਾਂਦਾ ਸੀ। ਉਥੇ ਢਾਬੇ ‘ਤੇ ਚਾਹ ਪੀਣ, ਨਾਸ਼ਤਾ ਜਾਂ ਦੁਪਹਿਰ ਦਾ ਖਾਣਾ ਖਾਣ ਦੀ ਬੜੀ ਟੌਹਰ ਹੁੰਦੀ। ਕਦੇ ਬਜੁਰਗ ਨੇ ਕਹਿ ਦੇਣਾ, ਚੱਲ ਮੱਠੀ ਜਾਂ ਬਿਸਕੁਟ ਵੀ ਲੈ ਲਓ। ਫਿਰ ਨੌਕਰ ਨੂੰ ਗੱਡਾ ਦੇ ਕੇ ਭੇਜ ਦੇਣਾ। ਕਈ ਬਲਦ ਤਾਂ ਐਨੇ ਸਿਆਣੇ ਹੁੰਦੇ ਸੀ ਕਿ ਇਸ਼ਾਰਾ ਕਰ ਦਿਉ, ਆਪੇ ਸੱਜੇ ਖੱਬੇ ਮੁੜ ਕੇ ਘਰੇ ਪਹੁੰਚਾ ਦਿੰਦੇ ਸਨ। ਸੜਕ ‘ਤੇ ਵੀ ਆਪਣੇ ਹੱਥ ਆਪ ਚਲਦੇ ਰਹਿਣਾ।
ਫਿਰ ਸ਼ਾਮੀਂ ਜਾਂ ਦੋ-ਚਾਰ ਦਿਨ ਪਿਛੋਂ ਜਾਂ ਕਈ ਵਾਰ ਕੁਝ ਹਫਤੇ ਬਾਅਦ ਪੈਸੇ ਦੀ ਅਦਾਇਗੀ ਹੰਦੀ। ਫਿਰ ਜਿਸ ਦਾ ਦੇਣਾ ਹੁੰਦਾ, ਹਿਸਾਬ ਨਿਬੇੜ ਦਿੱਤਾ ਜਾਂਦਾ। ਉਸ ਪਿਛੋਂ ਕਿਸੇ ਨੂੰ ਸੈਂਡਲ, ਕਿਸੇ ਨੂੰ ਧੌੜੀ ਦੀ ਜੁੱਤੀ ਤੇ ਕਿਸੇ ਨੂੰ ਕੁਰਮ ਦੀ, ਕਿਸੇ ਨੂੰ ਬੂਟ-ਜੁਰਾਬਾਂ, ਕਿਸੇ ਨੂੰ ਬੋਸਕੀ ਦੀ ਸੁੱਥਣ, ਕਿਸੇ ਨੂੰ ਅਚਕਣ ਦੇ ਸੂਟ, ਕਿਸੇ ਨੂੰ ਮਲਮਲ ਦਾ ਦੁਪੱਟਾ, ਕਾਂਟੇ ਜਾਂ ਸੁਨਹਿਰੀ ਪੱਗ ਖਰੀਦ ਦਿੰਦੇ। ਜਦੋਂ ਮੇਲੇ ਦੇ ਦਿਨ ਹੁੰਦੇ ਤਾਂ ਸਵੇਰੇ ਮੱਥਾ ਟੇਕ ਲੈਣਾ। ਦੁਪਹਿਰੇ ਘਰ ਦੀ ਕੱਢੀ ਦੇ ਇਕ-ਇਕ ਦੋ-ਦੋ ਪੈੱਗ ਲਾ ਕੇ ਬੋਲੀਆਂ ਪਾਂਦੇ ਮੇਲੇ ਜਾਣਾ। ਕਦੇ ਪੈਦਲ ਕਦੇ ਤਾਂਗੇ ਜਾਂ ਗੱਡੇ ‘ਤੇ। ਰਸਤੇ ਵਿਚ ਬਲਦਾਂ ਦੀਆਂ ਦੌੜਾਂ ਲਵਾਣੀਆਂ। ਮੇਲੇ ‘ਤੇ ਜਾ ਕੇ ਜਲੇਬੀਆਂ ਪਕੌੜੇ ਛਕਣੇ। ਕਿਤੇ-ਕਿਤੇ ਭੰਗ ਦੇ ਪਕੌੜੇ ਵੀ ਹੁੰਦੇ ਸਨ। ਕਿਸੇ ਨੂੰ ਵੰਗਾਂ ਖਰੀਦਣੀਆਂ। ਕਿਸੇ ਨੇ ਪੱਟਾਂ ਜਾਂ ਬਾਹਾਂ ‘ਤੇ ਮੋਰਨੀਆਂ ਪਵਾਉਣੀਆਂ।
ਬਸ ਇਹ ਹੁੰਦਾ ਸੀ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ! ਸਾਡੇ ਨੇੜਲੇ ਪਿੰਡ ਕੁੰਭੜੇ ਵਿਚ ਛਿੰਜ, ਨੰਡਿਆਲੀ ਸੀਤਲਾ ਮਾਤਾ ਦਾ ਮੇਲਾ, ਪੰਚਕੂਲੇ ਮਣਸਾ ਦੇਵੀ ਦਾ ਮੇਲਾ, ਪਿੰਜੌਰ ਦਾ ਮੇਲਾ, ਦਾਊਂ ਦਾ ਮੇਲਾ, ਲੰਬਿਆਂ ਦੀ ਸਭਾ, ਭੱਠਾ ਸਾਹਿਬ ਦਾ ਜੋੜ ਮੇਲ ਤੇ ਫਤਿਹਗੜ੍ਹ ਸਾਹਿਬ ਦੀ ਸਭਾ (ਸ਼ਹੀਦੀ ਜੋੜ ਮੇਲ) ਮਸ਼ਹੂਰ ਸੀ। ਹੁਣ ਸਭ ਬਦਲ ਗਿਆ। ਬਸ ਨਮੂਨੇ ਮਾਤਰ ਹੀ ਰਹਿ ਗਏ ਹਨ।