ਮਨ, ਮਾਸਕ ਤੇ ਮੂੰਹ!

ਨਿੰਦਰ ਘੁਗਿਆਣਵੀ
ਜਿਨ੍ਹਾਂ ਮੂੰਹਾਂ ਨੇ ਮਾਸਕਾਂ ਦੇ ਮੂੰਹ ਨਹੀਂ ਸਨ ਦੇਖੇ, ਉਨ੍ਹਾਂ ਨੂੰ ਅੱਜ ਕਲ ਮਾਸਕ ਚੰਬੜ ਗਏ, ਅਣਮਿਥੇ ਸਮੇਂ ਲਈ! ਪੇਂਡੂ ਤਬਕੇ ਦੇ ਬਹੁਤੇ ਲੋਕ ਅਜਿਹੇ ਹਨ, ਜਿਨ੍ਹਾਂ ਕਦੀ ‘ਮਾਸਕ’ ਦਾ ਨਾਂ ਵੀ ਨਹੀਂ ਸੁਣਿਆ ਹੋਣਾ। ਹੁਣ ਉਨ੍ਹਾਂ ਨੂੰ ਮਾਸਕ ਪਹਿਨਣੇ ਪੈ ਗਏ ਨੇ, ਤਾਂ ਬਹੁਤੇ ਲੋਕ ਆਪਣੇ ਆਪ ਨੂੰ ਸੱਚੀ-ਮੁੱਚੀ ਦਾ ‘ਬੀਮਾਰ’ ਮਹਿਸੂਸ ਕਰਨ ਲੱਗੇ ਨੇ। ਕੋਈ ਆਖਦਾ ਹੈ, ਮੇਰਾ ਸਾਹ ਘੁਟਦਾ ਐ ਮਾਸਕ ਨਾਲ। ਕੋਈ ਕਹਿੰਦਾ ਹੈ, ਮਾਸਕ ਲਾਏ ਤੋਂ ਘਬਰਾਹਟ ਹੁੰਦੀ ਐ ਤੇ ਦਿਲ ਵਧੇਰੇ ਧੜਕਣ ਲੱਗ ਪਿਆ ਹੈ।

ਵੰਨ-ਸੁਵੰਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਵੰਨ-ਸੁਵੰਨੀਆਂ ਨੇ, ਜੋ ਮਾਸਕ ਪਹਿਨਣ ਤੋਂ ਪੈਦਾ ਹੋਈਆਂ ਨੇ। ਇੱਕ ਦੋਸਤ ਨੇ ਆਖਿਆ ਕਿ ਜਦ ਮੈਂ ਮਾਸਕ ਪਾ ਕੇ ਘਰ ਵੜਦਾਂ ਤਾਂ ਮੇਰੇ ਤੋਂ ਘਰਦਿਆਂ ਨੂੰ ਜਿਵੇਂ ਭੈਅ ਆਉਂਦਾ ਹੈ। ਉਹ ਦਸਦਾ ਹੈ ਕਿ ਘਰ ਵੜਦੇ ਸਾਰ ਨਿਆਣਾ ਭੱਜ ਕੇ ਲੱਤਾਂ ਨੂੰ ਚੁੰਬੜਦਾ ਸੀ, ਤੇ ਹੁਣ ਡਰ ਕੇ ਪਰ੍ਹੇ ਨੂੰ ਭਜਦਾ ਹੈ।
ਕਈ ਬੰਦੇ ਮਾਸਕ ਲਾ ਕੇ ਗੱਲਾਂ ਕਰਦੇ ਨੇ ਤੇ ਕਹਿੰਦੇ ਨੇ ਕਿ ਗੱਲ ਕਰਨ ਦਾ ਉਕਾ ਹੀ ਸੁਆਦ ਨਹੀਂ ਆਉਂਦਾ, ਜਿੰਨਾ ਚਿਰ ਨੰਗੇ ਮੂੰਹੀਂ ਚੰਗੀ ਤਰ੍ਹਾਂ ਫਾੜ ਫਾੜ ਕੇ ਨਾ ਬੋਲੀਏ! ਇਸ ਲਈ ਗੱਲ ਕਰਨ ਤੋਂ ਪਹਿਲਾਂ ਕਈਆਂ ਨੂੰ ਭੋਰਾ ਕੁ ਬੁੱਲ੍ਹ ਨੰਗੇ ਕਰਨੇ ਪੈਂਦੇ ਨੇ। ਬਹੁਤਾ ਬੋਲਣ ਵਾਲਿਆਂ ਲਈ ਸਗੋਂ ਬਹੁਤ ਔਖਾ ਹੋ ਗਿਆ ਹੈ।
ਮੈਨੂੰ ਬਚਪਨ ਚੇਤੇ ਆਇਆ, ਸਾਡੇ ਘਰ ਇੱਕ ਮੱਝ ਹੁੰਦੀ ਸੀ, ਜੋ ਸਾਰਾ ਸਾਰਾ ਦਿਨ ਬਿਨਾ ਵਜ੍ਹਾ ਅੜਿੰਗਦੀ ਰਹਿੰਦੀ ਸੀ। ਮੇਰੇ ਪਿਤਾ ਨੇ ਛਿੱਕਲੀ ਬਣਾਈ, ਸਵੇਰੇ ਦੁੱਧ ਚੋਣ ਪਿਛੋਂ ਮੱਝ ਦੇ ਮੂੰਹ ‘ਤੇ ਚੜ੍ਹਾ ਦਿੰਦੇ ਤੇ ਕਦੇ ਕਦੇ ਖੋਲ੍ਹ ਵੀ ਦਿੰਦੇ, ਉਹ ਫਿਰ ਅੜਿੰਗਣ-ਰੰਭ੍ਹਣ ਲੱਗਦੀ। ਸੋ, ਕਈ ਬੰਦੇ ਕਹਿੰਦੇ ਹਨ ਕਿ ਸਾਨੂੰ ਵੀ ਮਾਸਕ ਰੂਪੀ ਛਿੱਕਲੀ ਪਾਉਣੀ ਪੈ ਗਈ ਹੈ।
ਇਹ ਸੱਚ ਹੈ ਕਿ ਮੈਨੂੰ ਵੀ ਮਾਸਕ ਦੀ ਥੋੜ੍ਹੀ-ਬਹੁਤੀ ਸਮਝ ਹੁਣੇ ਹੀ ਪਈ ਹੈ। ਮੇਰੇ ਹਮਦਰਦਾਂ ਨੇ ਮੇਰੇ ਸਿਰਹਾਣੇ ਮਾਸਕਾਂ ਦੀ ਭਰੀ ਥੱਬੀ ਧਰ ਦਿੱਤੀ। ਥੱਬੀ ਤੋਂ ਭੈਅ ਆਇਆ ਕਿ ਜਿਵੇਂ ਹੁਣ ਮੈਂ ਡਾਢਾ ਬੀਮਾਰ ਹੋ ਗਿਆ ਆਂ ਤੇ ਬਚਣਾ ਮੁਸ਼ਕਿਲ ਹੈ। ਮੇਰਾ ਮੰਜਾ ਮੈਨੂੰ ਕਿਸੇ ਹਸਤਪਾਲ ਦਾ ਮੰਜਾ ਜਾਪਣ ਲੱਗਾ ਤੇ ਮੈਂ ਛੇਤੀ ਹੀ ਮਾਸਕਾਂ ਦੀ ਥੱਬੀ ਲੋੜਵੰਦਾਂ ਨੂੰ ਜਾ ਫੜਾਈ, ਇੱਕ ਆਪਣੇ ਜੋਗਾ ਰੱਖ ਕੇ! ਇਹ ਸੱਚ ਹੈ ਕਿ ਦੇਸ਼-ਵਿਦੇਸ਼ ਗਾਹੁੰਦਿਆਂ ਕਿਸੇ ਏਅਰਪੋਰਟ ਉਤੇ ਕਦੇ ਕੋਈ ਗੋਰਾ ਦਿਸ ਜਾਂਦਾ ਸੀ, ਮਾਸਕ ਪਾਈ ਫਿਰਦਾ ਜਾਂ ਫਿਰ ਕਦੇ ਕਿਸੇ ਰੇਲਵੇ ਸਟੇਸ਼ਨ ਉਤੇ ਸੈਕੜਿਆਂ ਦੀ ਭੀੜ ‘ਚੋਂ ਕੋਈ ਵਿਰਲਾ ‘ਮਾਸਕੀ ਬੰਦਾ’ ਦਿਸਦਾ। ਵੱਡੇ ਹਸਤਪਾਲਾਂ ਵਿਚ ਨਰਸਾਂ ਤੇ ਤਾਕਟਰਾਂ ਦਾ ਮਾਸਕ ਪਾ ਕੇ ਫਿਰਨਾ ਮੈਨੂੰ ਨਿੱਕੇ ਹੁੰਦੇ ਤੋਂ ਹੀ ਡਰਾਉਣਾ ਡਰਾਉਣਾ ਜਿਹਾ ਲਗਦਾ ਰਿਹਾ ਹੈ, ਪਰ ਹੁਣ ਨਿੱਤ ਦਿਹਾੜੇ ਅਣਗਿਣਤ ਬੰਦੇ-ਬੁੜ੍ਹੀਆਂ ਨੂੰ ਮਾਸਕ ਪਹਿਨੀਂ ਫਿਰਦੇ ਦੇਖਦਾ ਹਾਂ ਤੇ ਸੋਚਦਾ ਹਾਂ ਕਿ ਕਦੋਂ ਛੁਟਕਾਰਾ ਮਿਲੇਗਾ ਇਨ੍ਹਾਂ ਮਾਸਕਾਂ ਤੋਂ? ਬੰਦਾ-ਬੁੜ੍ਹੀ ਤਾਂ ਨੰਗੇ ਮੂੰਹ ਹੀ ਸੋਭਦੇ ਨੇ ਭਾਈ! ਅਜ ਕਲ ਮਨ ਹੋਰ ਹੈ, ਮੂੰਹ ਉਹੀ ਹੈ, ਮਾਸਕ ਬਿਗਾਨਾ ਹੈ, ਇੱਕ ਦਮ ਜਿਵੇਂ ਮੱਲੋਮਲੀ ਮੂੰਹ ‘ਤੇ ਆਣ ਚੜ੍ਹਿਆ ਹੋਵੇ!
ਕੁਝ ਸੱਜਣ ਆਖਦੇ ਨੇ ਕਿ ਜਦੋਂ ਦੀ ਕਰੋਨਾ ਚੱਲੀ ਹੈ, ਮੰਦੇ ਸੁਪਨੇ ਡਰਾਉਂਦੇ ਨੇ। ਕੋਈ ਕਹਿੰਦਾ ਹੈ ਕਿ ਮੇਰੇ ‘ਤੇ ਕਰੋਧ ਹਾਵੀ ਹੋ ਗਿਆ ਹੈ। ਕਿਸੇ ਨੂੰ ਨੀਂਦ ਨਹੀਂ ਪੈਂਦੀ। ਮਨੋਰੋਗਾਂ ਦੇ ਡਾਕਟਰਾਂ ਦੀ ਪੁੱਛ-ਗਿੱਛ ਹੋਰ ਵੀ ਵਧ ਗਈ ਹੈ। ਮੇਰੀ ਡਾਇਰੀ ਵੀ ਡਰੀ ਡਰੀ ਜਿਹੀ ਹੈ, ਕਹਿੰਦੀ ਹੈ, ‘ਬਸ ਕਰ ਲੇਖਕਾ, ਬਾਤ ਦਾ ਬਤੰਗੜ ਨਾ ਬਣਾ, ਪੰਨਾ ਭਰ ਗਿਐ।’
ਮੈਂ ਡਾਇਰੀ ਦਾ ਆਖਾ ਮੰਨ ਲਿਆ ਹੈ। ਰੱਬ ਅੱਗੇ ਦੁਆ ਕਰਨ ਲਈ ਮਨ ਕਰ ਆਇਆ ਹੈ ਕਿ ਮਾਸਕਾਂ ਤੋਂ ਛੇਤੀ ਹੀ ਜਗਤ ਦਾ ਖਹਿੜਾ ਛੁਡਵਾ ਮੇਰੇ ਮਾਲਕਾ! ਲੋਕ ਨੰਗੇ ਮੂੰਹੀਂ ਛੇਤੀ ਗੱਲਾਂ ਕਰਨ ਲੱਗ ਪੈਣ। ਮਨਾਂ ਵਿਚ ਉਪਜਿਆ ਭੈਅ ਉਡ ਪੁੱਡ ਜਾਵੇ! ਬਥੇਰਾ ਕਹਿਰ ਢਾਹ ਲਿਆ ਹੈ ਕਰੋਨਾ ਨੇ। ਅੱਗੇ ਅੱਗੇ ਹੁਣ ਖੈਰ ਹੋਵੇ!